ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਮਾਘੀ ਮੇਲਾ (ਲੋਹੜੀ) ਦੇ ਲੇਖਕ ਗਿਆਨੀ ਮਨਜੀਤ ਸਿੰਘ ਦੇ ਝੂਠਾਂ ਦਾ ਮੁਲਅੰਕਣ

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਮਾਘੀ ਦੇ ਮੇਲੇ ਨੂੰ ਮੁਕਤਸਰ (ਖਦਰਣੇ ਦੀ ਢਾਬ) ਦੀ ਜੰਗ ਨਾਲ ਜੋੜ ਦੇਣਾ ਹੀ ਇੱਕ ਝੂਠੀ ਕਹਾਣੀ ਹੈ। ਇਸ ਗੱਲ ਤੋਂ ਸਾਰੇ ਹੀ ਵਾਕਿਫ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ ਦੇ ਅਖੀਰਲੇ ਹਫਤੇ ਅਨੰਦ ਪੁਰ ਨੂੰ ਛੱਡਣ ਦਾ ਫੈਸਲਾ ਕੀਤਾ। ਦੋ ਦਿਨ ਬਾਅਦ ਹੀ ਚਮਕੌਰ ਦੀ ਜੰਗ ਲੜੀ ਗਈ ਤੇ ਚਾਰ ਪੰਜ ਦਿਨ ਬਾਅਦ ਹੀ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨੇੜੇ, ਅੱਜ ਫਤਿਹ ਗੜ੍ਹ, ਵਿਚ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਇਸ ਤਰ੍ਹਾਂ ਵੱਡੇ ਸਾਬਿਜ਼ਾਦਿਆਂ ਦਾ ਸ਼ਹੀਦੀ ਦਿਵਸ ੨੧ ਦਸੰਬਰ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ੨੬ ਦਸੰਬਰ ਨੂੰ ਮਨਾਇਆ ਜਾਂਦਾ ਹੈ। ਚਮਕੌਰ ਦੀ ਗੜੀ ਵਿਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿਚ ਦੀ ਹੁੰਦੇ ਹੋਏ, ਗਨੀ ਖਾਂ ਤੇ ਨਬੀ ਖਾਂ ਦੀ ਮੱਦਦ ਨਾਲ ਕੋਟਲਾ ਨਿਹੰਗ ਖਾਂ ਕੋਲ ਤੇ ਫਿਰ ਕੱਲ੍ਹਾ ਰਾਇ ਕੋਲ ਪਹੁੰਚਦਿਆਂ ਪਹੁੰਚਦਿਆਂ ਕੱਝ ਦਿਨ ਜ਼ਰੂਰ ਲੱਗੇ ਹੋਣਗੇ ਕਿਉਂਕਿ ਵਧੀਆ ਸਕੀਮ ਬਨਾਉਣ ਤੋਂ ਬਗੈਰ ਗੁਰੂ ਜੀ ਨੂੰ ਸ਼ਾਹੀ ਫੋਜਾਂ ਦੇ ਕੋਲੋਂ ਦੀ ਬਚਾ ਕੇ ਸੁਰੱਖਿਅੱਤ ਜਗ੍ਹਾ ਤੇ ਪਹੁੰਚਾਉਣਾ ਮੁਮਕਿਨ ਨਹੀ ਸੀ। ਇਸ ਤੋਂ ਬਾਅਦ ਦੀਨੇ ਕਾਂਗੜ ਦੇ ਪਿੰਡ ਦਾ ਇਤਹਾਸ ਦੱਸਦਾ ਹੈ ਕਿ ਗੁਰੂ ਜੀ ਦੋ ਮਹੀਨੇ ਤੇ ੧੯ ਦਿਨ ਇਨ੍ਹਾ ਪਿੰਡਾ ਵਿਚ ਰਹਿ ਕੇ ਪੇਂਡੂ ਲੋਕਾਂ ਨੂੰ ਜੰਗ ਦੀ ਤਿਆਰੀ ਕਰਵਾਉਂਦੇ ਰਹੇ ਹਨ।ਫਿਰ ਬਰਾੜਾਂ ਦੀਆ ਫੋਜਾਂ ਨੂੰ ਨਾਲ ਲੈ ਕੇ ਕੋਟ- ਕਪੂਰੇ ਵੱਲ ਨੂੰ ਚਾਲੇ ਪਾਉਂਦੇ ਹਨ। ਕੋਟਕਪੂਰੇ ਤੋਂ ਪਹਿਲਾਂ ਢਿਲਵਾਂ ਪਿੰਡ ਵਿਚ ਗੁਰੂ ਜੀ ਨੂੰ ਕੋਈ ਮਲਵਈ ਚਾਦਰਾ ਭੇਂਟ ਕਰਦਾ ਹੈ ਤੇ ਗੁਰੂ ਜੀ ਚਾਦਰ ਬੰਨ ਲੈਂਦੇ ਹਨ ਤੇ ਸਿੰਘਾਂ ਦੇ ਪੁਛਣ ਤੇ ਜਵਾਬ ਦਿੰਦੇ ਹਨ ਕਿ ‘ਭਾਈ ਜੈਸਾ ਦੇਸ ਵੈਸਾ ਭੇਸ’। ਇਸ ਪਿੰਡ ਵਿਚ ਵੀ ਗੁਰੂ ਜੀ ਰਾਤ ਗੁਜਾਰਦੇ ਹਨ। ਇਹ ਸਾਰਾ ਸਮਾ ਲੱਗ ਪੱਗ ਤਿੰਨ ਕੁ ਮਹੀਨਿਆਂ ਦਾ ਤਾਂ ਬਣਦਾ ਹੀ ਹੈ। ਇਸ ਕਰਕੇ ਇਹ ਲੜਾਈ ਅਪਰੈਲ ਮਈ ਦੇ ਮਹੀਨਿਆ ਤੋਂ ਪਹਿਲਾਂ ਹੋਈ ਨਹੀ ਜਾਪਦੀ। ਬਾਕੀ ਜੇ ਦੂਸਰੀ ਗੱਲ ਵੱਲ ਦਿਆਨ ਦੇਈਏ ਕਿ ਸਰਕਾਰੀ ਫੋਜ਼ਾਂ ਕੁੱਝ ਮਾਰੀਆਂ ਗਈਆਂ ਤੇ ਕੁੱਝ ਪਾਣੀ ਦੀ ਪਿਆਸ ਨਾ ਸਹਾਰਦੀਆਂ ਹੋਈਆਂ ਪਿਛਾਂਹ ਨੂੰ ਭੱਜ ਗਈਆਂ ਤਾਂ ਸਾਨੂੰ ਲੜਾਈ ਦਾ ਸਮਾਂ ਮਈ ਜੂਨ ਦਾ ਹੋਣ ਦਾ ਖਦਸਾ ਪ੍ਰਗਟ ਕਰਦਾ ਹੈ।ਇਸ ਕਰਕੇ ਗਿਆਨੀ ਮਨਜੀਤ ਸਿੰਘ ਜੀ ਕਿਸੇ ਕਿਤਾਬ ਵਿਚੋਂ ਕਿਸੇ ਦੇ ਲਿਖੇ ਲਿਖਾਏ ਨੂੰ ਆਪਣੇ ਨਾਮ ਹੇਠ ਲਿਖ ਦੇਣ ਨਾਲ ਕੋਈ ਸਿਆਣਾ ਲਿਖਾਰੀ ਨਹੀ ਬਣ ਜਾਂਦਾ। ਭਗਤ ਰਵੀਦਾਸ ਜੀ ਬਾਰੇ ਲਿਖੀ ਤੁਹਾਡੀ ਲਿਖਤ ਹੂ-ਬਹੂ ਪਿਛਲੇ ਹਫਤੇ ਦੇ ਅਜੀਤ (੩੧ ਜਨਵਰੀ) ਵਿਚ ਕਿਸੇ ਸਰਵਜੀਤ ਚੋਪੜਾ ਦੇ ਨਾਮ ਹੇਠ ਵੀ ਛਪੀ ਹੈ। ਦੋ ਵੱਖਰੇ ਵੱਖਰੇ ਲਿਖਾਰੀ ਲਿਖਤ ਇਕੋ, ਇਹ ਕਿਵੇਂ?

ਜਿਹੜਾ ਸਿੱਖ ਗੁਰੂ ਵਾਸਤੇ ਆਪਣੀ ਜਾਨ ਤਲੀ ਤੇ ਰੱਖ ਕੇ ਅਨੰਦਪੁਰ ਸਾਹਿਬ ਜ਼ਾਂਦਾ ਹੈ ਉਸਨੂੰ ਭੁੱਖ ਕਿਵੇਂ ਤੰਗ ਕਰ ਸਕਦੀ ਹੈ? ਉੱਹ ਤਾਂ ਗਿਆ ਹੀ ਮਰਨ ਵਾਸਤੇ ਹੈ। ਕੀ ਉੱਹ ਦੁਨੀਆਂ ਦੀ ਸ਼ਹੁਰਤ ਕਮਾਊਣ ਵਾਸਤੇ ਅਨੰਦਪੁਰ ਸਾਹਿਬ ਗਏ ਸਨ? ਕੀ ਉੱਹ ਸਿੱਖ ਦੁਨੀਆਂ ਦੇ ਸੁਖ ਅਰਾਮ ਤੇ ਪੈਸਾ ਕਮਾਊਣ ਵਾਸਤੇ ਅਨੰਦਪੁਰ ਸਾਹਿਬ ਗਏ ਸਨ? ਉੱਤਰ ਹੈ ਨਹੀ। ਜੇ ਸਿੱਖ ਚਰਖੜੀ ਤੇ ਚੜ੍ਹ ਸਕਦਾ ਹੈ, ਜੇ ਸਿੱਖ ਉਬਲਦੀ ਦੇਗ ਵਿਚ ਬੈਠ ਸਕਦਾ ਹੈ, ਜੇ ਸਿੱਖ ਆਰੇ ਨਾਲ ਚੀਰਿਆ ਜਾ ਸਕਦਾ ਹੈ, ਜੇ ਸਿੱਖ ਤੱਤੀ ਤਵੀ ਤੇ ਬੈਠ ਸਕਦਾ ਹੈ, ਜੇ ਸਿੱਖ ਰੂੰ ਵਿਚ ਲਿਪਟ ਕੇ ਸੜ ਸਕਦਾ ਹੈ, ਜੇ ਸਿੱਖ ਦੀ ਔਰਤ ਆਪਣੇ ਬੱਚੇ ਦੇ ਟੋਟੇ ਟੋਟੇ ਕਰਵਾ ਕੇ ਗਲ ਵਿਚ ਪੁਆ ਸਕਦੀ ਹੈ ਪਰ ਧਰਮ ਨਹੀ ਹਾਰਦੀ, ਤਾਂ ਇਹ ਵੀ ਜ਼ਰੂਰੀ ਹੈ ਕਿ ਗੁਰੂ ਦਾ ਸਿੱਖ ਕਦੀ ਬੇਦਾਵਾ ਲਿਖ ਹੀ ਨਹੀ ਸਕਦਾ। ਓਹ ਜ਼ਰੂਰ ਕੋਈ ਹੋਰ ਸਨ ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ? ਜਾਂ ਫਿਰ ਇਹ ਸੋਚੀ ਸਮਝੀ ਹੋਈ ਚਾਲ ਮੁਤਾਬਕ ਗੁਰੁ ਗੋਬਿੰਦ ਸਿੰਘ ਜੀ ਦੇ ਅਕਸ ਨੂੰ ਧੁੰਦਲਾ ਕਰਨ ਵਾਸਤੇ ਇਹ ਗੱਲ ਫੈਲਾਈ ਗਈ ਹੈ ਕਿ ਗੁਰੁ ਜੀ ਦੇ ਸਿੱਖ ਤਾਂ ਹੁਣ ਗੁਰੁ ਨੂੰ ਬੇਦਾਵਾ ਲਿਖ ਲਿਖ ਕੇ ਛੱਡ ਕੇ ਭੱਜ ਰਹੇ ਹਨ। ਪਰ ਕੁਦਰਤ ਦੀ ਮਰਜੀ ਕੁੱਝ ਹੋਰ ਸੀ। ਜਿਨ੍ਹਾਂ ਨੇ ਬੇਦਾਵਾ ਲਿਖਿਆ ਉਹ ਮੁੜ ਕੇ ਵਾਪਸ ਹੀ ਨਹੀ ਆਏ ਤੇ ਗੁਰੁ ਜੀ ਦੇ ਅਕਸ ਨੂੰ ਧੁੰਦਲਾ ਨਹੀ ਕਰ ਪਾਏ। ਇਹ ਵੀ ਲੱਗਦਾ ਹੈ ਕਿ ਸੁਖਮਨੀ ਸਾਹਿਬ ਦੀ ਇਸ ਪੰਗਤੀ, “ ਟੁਟੀ ਗਾਢਨਹਾਰ ਗੋੁਪਾਲ” ਮੁਤਾਬਕ ਵੀ ਇਹ ਕਾਹਣੀ ਪ੍ਰਚੱਲਤ ਕਰ ਦਿੱਤੀ ਗਈ ਹੋਵੇ।

ਗੁਰੁ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਜੋ ਲੋਕ ਤਨੋ ਮਨੋ ਸਿੱਖ ਸਜੇ ਹੋਏ ਸਨ ਉਹਨਾਂ ਨੂੰ ਭੁੱਖ ਦਾ ਦੁੱਖ ਪੋਹ ਹੀ ਨਹੀ ਸਕਦਾ।

ਪਿਛਲੇ ਕੋਈ ੧੦-੧੫ ਸਾਲਾਂ ਤੋਂ, ਜਦੋਂ ਤੋਂ ਸਿੱਖ ਧਰਮ ਬਾਰੇ ਪੜ੍ਹਨ ਦਾ ਸ਼ੌਕ ਮਨ ਵਿੱਚ ਜਾਗਿਆ ਹੈ, ਤਦ ਤੋਂ ਹੀ ਮਨ ਵਿੱਚ ਖਿਆਲ ਆਊਂਦਾ ਕਿ ਜੇ ਕਰ ਵਾਕਿਆ ਹੀ ਭੁੱਖ ਦੇ ਦੁੱਖ ਤੋਂ ਤੰਗ ਆਕੇ ਗੁਰੁ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬੇਦਾਵਾ ਲਿਖਿਆ ਸੀ ਤਾਂ ਮਾਝੇ ਦੇ ਉੱਹ ੪੦ ਸਿੰਘ ਕਿਲ੍ਹੇ ਵਿੱਚੋਂ ਬਾਹਰ ਕਿਹੜੇ ਰਸਤੇ ਨਿਕਲ ਕੇ ਆਪਣੇ ਆਪਣੇ ਘਰਾਂ ਨੂੰ ਗਏ ਕਿਉਂਕਿ ਕਿਲ੍ਹੇ ਦੇ ਬਾਹਰ ਚਾਰੇ ਪਾਸੇ ਤਾਂ ਹਜ਼ਾਰਾਂ ਦੀ ਤੈਦਾਦ ਵਿੱਚ ਫੌਜ ਬੈਠੀ ਸੀ। ਉੱਸ ਵਕਤ ਐਸਾ ਯੂ. ਐਨ. ਓ. ਦਾ ਕੋਈ ਨਿਯਮ ਤਾਂ ਹੁੰਦਾ ਹੀ ਨਹੀ ਸੀ ਕਿ ਜੋ ਚਿੱਟਾ ਝੰਡਾ ਲਹਰਾ ਦੇਵੇ ਉੱਸ ਨੂੰ ਕੁੱਝ ਨਹੀ ਕਿਹਾ ਜਾਵੇਗਾ ਪਰ ਫਿਰ ਵੀ ਉਨ੍ਹਾਂ ਨੂੰ ਕੈਦ ਤਾਂ ਕੀਤਾ ਹੀ ਜਾਣਾ ਸੀ ਜੇ ਮਾਰਿਆ ਨਾ ਵੀ ਜਾਂਦਾ ਤਾਂ। ਬਾਹਰ ਜਾਨੀ ਦੁਸ਼ਮਨ ਪਿਛਲੇ ਕੋਈ ਛੇ ਮਹੀਨਿਆਂ ਤੋਂ ਤਾਕ ਵਿੱਚ ਬੈਠਾ ਹੋਵੇ ਤੇ ਸਿਰਫ ੪੦ ਸਿੰਘ ਬਾਹਰ ਆਉਣ ਤੇ ਉੱਹ ੨੦੦ ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਸਹੀ ਸਲਾਮਤ ਘਰ ਪਹੁੰਚ ਜਾਣ, ਦੀ ਗੱਲ ਨੂੰ ਮਨ ਮੰਨਦਾ ਨਹੀ।

ਦੂਸਰਾ ਸਵਾਲ ਇੱਹ ਪੈਦਾ ਹੁੰਦਾ ਹੈ ਕਿ ਗੁਰੁ ਸਾਹਿਬ ਤੋਂ ਐਸਾ ਵਰ/ ਅਸੀਸ, “ ਮੁਕਤਿਆਂ ਦਾ ਵਰ” ਪ੍ਰਾਪਤ ਕਰਨ ਲਈ ਕੀ ਪਹਿਲਾਂ ਗੁਰੂ ਤੋਂ ਬੇਮੁੱਖ ਹੋਣਾ ਪਵੇਗਾ ਮਤਲਬ ਬੇਦਾਵਾ ਲਿਖ ਕੇ ਦੇਣਾ ਪਵੇਗਾ, ਫਿਰ ਗੁਰੁ ਸਾਹਿਬਾਨ ਵਾਸਤੇ ਜ਼ਾਂ ਸਿੱਖੀ ਵਾਸਤੇ ਜਾਨ ਦੇਣੀ ਪਵੇਗੀ, ਫਿਰ ਗੁਰੁ ਸਾਹਿਬ ਮੁਕਤੀ ਬਖਸ਼ਣਗੇ? ਐਸੀਆਂ ਸ਼ਹੀਦੀਆਂ, ਜਿਨ੍ਹਾਂ ਵਰਗੀ ਮਿਸਾਲ ਦੁਨੀਆਂ ਦੇ ਤਖਤੇ ਤੇ ਕਿਧਰੇ ਨਹੀ ਮਿਲਦੀ ਤੇ ਗੁਰੂ ਸਾਹਿਬਾਨ ਦੇ ਅੱਖਾਂ ਦੇ ਸਾਹਮਣੇ ਹੋਰ ਕਿਨ੍ਹੇ ਹਜ਼ਾਰਾਂ ਸਿੰਘਾਂ ਸ਼ਹੀਦ ਹੋਏ ਹਨ ਉਹਨਾਂ ਨੂੰ ਗੁਰੂ ਸਾਹਿਬਾਨ ਨੇ ਕੋਈ ਅਸੀਸ ਕਿਉਂ ਨਹੀ ਦਿੱਤੀ? ਕਿਉਂਕਿ ਗੁਰਬਾਣੀ ਵਰ-ਸਰਾਪ ਨੂੰ ਮੰਨਦੀ ਹੀ ਨਹੀ ਇਸ ਕਰਕੇ ਗੁਰੂ ਜੀ ਕਿਸੇ ਨੂੰ ਵਰ ਨਹੀ ਦਿੰਦੇ। ਜਿਸ ਸਿੰਘ ਨੂੰ ਚਮਕੌਰ ਦੀ ਗੜੀ ਵਿਚੋਂ ਨਿਲਣ ਸਮੇਂ ਗੁਰੁ ਸਾਹਿਬ ਆਪਣੇ ਹੱਥੀਂ ਆਪਣੇ ਬਸਤਰ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਬਾਹਰ ਨਿਕਲੇ ਉੱਸ ਦਾ ਨਾਮ ਸੰਤ ਸਿੰਘ ਸੀ ਤੇ ਇੱਸ ਦੀ ਨੁਹਾਰ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਜੁਲਦੀ ਹੀ ਸੀ ਉੱਸ ਨੂੰ ਗੁਰੂ ਸਾਹਿਬਾਨ ਐਸਾ ਕੋਈ ਵਰ/ ਅਸੀਸ ਕਿਊਂ ਨਹੀ ਦਿੱਤਾ? ਸੰਤ ਸਿੰਘ ਦਾ ਦੂਸਰਾ ਸਾਥੀ ਸੰਗਤ ਸਿੰਘ ਸੀ। ਇਹ ਦੋਵੇਂ ਸਿੰਘ ਅਗਲੇ ਦਿੱਨ ਚਮਕੌਰ ਦੀ ਗੜੀ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ।ਕੀ ਗੁਰੂ ਸਾਹਿਬਾਨ ਦਾ ਪਿਆਰ ਇਹਨਾਂ ਸਿੰਘਾਂ ਨਾਲ ਕਿਸੇ ਹੋਰ ਨਾਲੋਂ ਘੱਟ ਹੋਵੇਗਾ?

ਫਿਰ ਮਨ ਵਿੱਚ ਇੱਕ ਹੋਰ ਖਿਆਲ ਆਉਂਦਾ ਹੈ ਕਿ ਜੇ ਇਹ ਬਦਾਵਾ ਅਨੰਦਪੁਰ ਵਿਚ ਹੀ ਲਿਖਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਹ ਬਦਾਵਾ ਅਗਲੇ ਦੋ ਮਹੀਨੇ ਸਾਂਭ ਕੇ ਕਿਵੇਂ ਰੱਖਿਆ? ਜਦੋਂ ਕੇ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਜ਼ਾਂ ਹਿੰਦੂ-ਮਿਥਹਾਸ ਦੇ ਉਤਾਰੇ ਸਰਸਾ ਨਦੀ ਦੀ ਭੇਂਟ ਚੜ੍ਹ ਗਏ। ਉਨ੍ਹਾਂ ਦੀ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬ-ਜ਼ਾਦੇ ਉਹਨਾਂ ਤੋਂ ਵਿਛੜ ਕੇ ਮੁਗਲੀਆ ਸਰਕਾਰ ਦੀ ਤਲਵਾਰ ਦੀ ਭੇਂਟ ਚੜ੍ਹ ਗਏ। ਜੋ ਧਨ ਦੌਲਤ ਸੀ ਉਹ ਵੀ ਸਰਸਾ ਨਦੀ ਵਿੱਚ ਰੁੜ ਗਿਆ। ਆਪਣੀ ਜਾਨ ਤੋਂ ਵੱਧ ਪਿਆਰੇ ਸਿੰਘ ਸਰਸਾ ਨਦੀ ਵਿੱਚ ਕਾਲ ਨੂੰ ਪਿਆਰੇ ਹੋ ਗਏ। ਅਨੰਦਪੁਰ ਸਾਹਿਬ ਤੋਂ ਮੁਕਤਸਰ ਤਕ ਕੀ ਗੁਰੂ ਸਾਹਿਬਾਨ ਕੋਲ ਸਾਂਭਣ ਲਈ ਬੇਦਾਵਾ ਹੀ ਬਚਿਆ ਸੀ? ਕਦੀ ਕਦੀ ਸਟੇਜ਼ ਤੋਂ ਟਕਸਾਲੀ ਸਿੰਘਾਂ ਦੇ ਮੂੰਹ ਤੋਂ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਗੁਰੂ ਸਾਹਿਬਾਂ ਨੇ ਕਮਰ-ਕਸਾ ਹੀ ਇੱਥੇ ਆ ਕੇ ਖੋਲਿਆ ਸੀ। ਉੱਹ ਜਾਣੀ ਜਾਣ ਸਨ। ਉਹਨਾਂ ਨੂੰ ਪਤਾ ਸੀ ਕਿ ਬਦਾਵੇ ਦੀ ਮੁਕਤਸਰ ਲੋੜ ਪੈਣੀ ਹੈ। ਇੱਸ ਗੱਲ ਤੋਂ ਇੱਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਸਾਹਿਬ ਹਰ ਰੋਜ਼ ਨਹਾਉਂਦੇ ਨਹੀ ਸਨ ਜ਼ਦੋਂ ਕਿ ਹਰ ਸਿੱਖ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਨ ਦੀ ਹਦਾਇਤ ਹੈ। ਇੱਤਹਾਸ ਤੋਂ ਨਾਵਾਕਫ ਫਿਰਕਿਆਂ ਨੇ ਆਪਣੀਆਂ ਆਪਣੀਆਂ ਕਹਾਣੀਆਂ ਘੜ ਲਈਆਂ ਤੇ ਅਸੀਂ ਅੰਧਵਿਸ਼ਵਾਸ਼ ਦੀ ਪੱਟੀ ਬੰਨ ਕੇ ਇਹਨਾਂ ਗੋਲ ਪੱਗਾਂ ਵਾਲਿਆਂ ਦੀਆਂ ਝੂਠੀਆਂ ਕਹਣੀਆਂ ਨੂੰ ਸੱਚੀਆਂ ਮੰਨਣ ਲੱਗ ਪਏ ਜਿਹਨਾਂ ਤੋਂ ਅੱਜ ਪਿਛਾ ਛੁਡਵਾਊਣਾ ਮੁਸ਼ਕਲ ਹੀ ਨਹੀ ਲੱਗ ਰਿਹਾ ਬਲਕਿ ਨਾ ਮੁਮਕਿਨ ਜਾਪਦਾ ਹੈ। ਇਹਨਾਂ ਗੋਲ ਪੱਗਾਂ ਵਾਲਿਆਂ ਦੀ ਜੇ ਇੱਸ ਗੱਲ ਤੇ ਇੱਤਬਾਰ ਕਰ ਵੀ ਲਇਆ ਜਾਵੇ ਕਿ ਗੁਰੂ ਸਾਹਿਬ ਜਾਣੀ-ਜਾਣ ਸਨ ਤਾਂ ਫਿਰ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹਾਲੇ ਮਿਸ਼ਨ ਪੂਰਾ ਨਹੀ ਸੀ ਹੋਇਆ ਤੇ ਉਮਰ ਵੀ ਉਹਨਾਂ ਦੀ ਕੋਈ ੪੩-੪੪ ਸਾਲ ਦੀ ਹੀ ਸੀ ਤਾਂ ਗੁਰੂ ਸਾਹਿਬਾਨ ਨੂੰ ਨਦੇੜ ਦੇ ਅਸਥਾਨ ਤੇ ਜਮਸ਼ੈਦ ਖਾਨ ਦੇ ਵਾਰ ਤੋਂ ਬਚਣਾ ਚਾਹੀਦਾ ਸੀ ਆਪਣਾ ਮਿਸ਼ਨ ਪੂਰਾ ਕਰਨ ਲਈ। ਭਾਵ ਗੁਰੂ ਜੀ ਜਾਣੀ ਜਾਣ ਸਨ ਤਾਂ ਉਨ੍ਹਾਂ ਨੂੰ ਇਹ ਨਹੀ ਪਤਾ ਚੱਲਿਆ ਕਿ ਅੱਜ ਜਮਸ਼ੈਦ ਖਾਨ ਨੇ ਉਨ੍ਹਾਂ ਤੇ ਜਾਨੀ ਹਮਲਾ ਕਰਨਾ ਹੈ?

ਕੁੱਝ ਦਿਨ ਪਹਿਲਾਂ ਸਰਹਿੰਦ ਵਿਚ ਨੀਂਹਾਂ ਵਿਚ ਚਿਣ ਕੇ ਸਹੀਦ ਕੀਤੇ ਬੱਚਿਆ ਬਾਰੇ ਪਤਾ ਕਰਨ ਲਈ ਵੀ ਗੁਰੂ ਜੀ ਨੂੰ ਨੂਰੇ ਮਾਹੀ ਨੂੰ ਭੇਜਣ ਦੀ ਕੀ ਲੋੜ ਸੀ? ਕਿਉਂਕਿ ਗੁਰੂ ਜੀ ਤਾਂ ਜਾਣੀ ਜਾਣ ਸਨ?

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਸਲੋਕ ਵਾਰਾਂ ਤੇ ਵਧੀਕ॥ ਮਹਲਾ੧॥ਪੰਨਾ੧੪੧੨

ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਨੂੰ ਅਧਾਰ ਬਣਾ ਕੇ ਬਾਬਾ ਦੀਪ ਸਿੰਘ ਜੀ ਵਾਲੀ ਕਹਾਣੀ ਘੜ ਲਈ ਗਈ ਕਿ ਸਿੰਘ ਦੀ ਅਰਦਾਸ ਤੇ ਮੌਤ ਦਾ ਜੋਰ ਵੀ ਨਹੀ ਚੱਲਦਾ। ਕਿਉਂਕਿ ਬਾਬਾ ਦੀਪ ਸਿੰਘ ਜੀ ਸਿਰ ਤਲੀ ਤੇ ਰੱਖ ਕੇ ਲੜਦੇ ਰਹੇ ਹਨ ਇਸ ਕਰਕੇ ਸਾਨੁੰ ਦੂਸਰਿਆਂ ਸ਼ਹੀਦਾਂ ਦੇ ਮੁਕਾਬਲੇ ਤੇ ਬਾਬਾ ਦੀਪ ਸਿੰਘ ਜੀ ਵੱਡੇ ਸ਼ਹੀਦ ਪ੍ਰਤੀਤ ਹੁੰਦੇ ਹਨ। ਇਸੇ ਕਰਕੇ ਹੀ ਟਕਸਾਲੀਆਂ ਨੇ ੧੯੭੬ ਤੋਂ ਬਾਅਦ ਆਪਣੀ ਟਕਸਾਲ ਨੂੰ ਬਾਬਾ ਦੀਪ ਸਿੰਘ ਜੀ ਤੋਂ ਵਰੋਸਾਈ ਹੋਣਾ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਜਮਾਤੀ ਬਾਬਾ ਮੱਖਣ ਸਿੰਘ, ਸੱਤੋ ਦੀ ਗਲੀ ਵਾਲਿਆਂ, ਨੇ ਆਪਣੀ ਟਕਸਾਲ ਨੂੰ ਭਾਈ ਮਨੀ ਸਿੰਘ ਜੀ ਨਾਲ ਜੋੜ ਲਿਆ।

ਵਾਹ ਮੇਰੇ ਗੁਰੂ ਦੇ ਸਿਖੋ!! ਆਪਣੀ ਆਪਣੀ ਪਸੰਦ ਦੇ ਸ਼ਹੀਦ ਚੁਣ ਕੇ ਆਪਣੇ ਆਪ ਨੂੰ ਅਸੀਂ ਉਸਦੇ ਸਿੱਖ ਹੋਣਾ ਪਸੰਦ ਕਰਦੇ ਹਾਂ। ਕੀ ਕੋਈ ਇਹ ਦੱਸ ਸਕਦਾ ਹੈ ਕਿ ਚਰਖੜੀਆਂ ਤੇ ਚੜ੍ਹਨ ਵਾਲਿਆ ਨਾਲੋਂ, ਆਰੇ ਨਾਲ ਚੀਰੇ ਜਾਣ ਵਾਲੇ ਨਾਲੋਂ, ਦੇਗ ਵਿਚ ਉਬਾਲੇ ਜਾਣ ਵਾਲੇ ਨਾਲੋਂ, ਰੂਂ ਵਿਚ ਲਪੇਟ ਕੇ ਸਾੜੇ ਜਾਣ ਵਾਲੇ ਨਾਲੋਂ, ਖੋਪਰੀ ਉਤਾਰ ਕੇ ਸਹੀਦ ਕੀਤੇ ਜਾਣ ਵਾਲੇ ਨਾਲੋਂ ਤੇ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤੇ ਜਾਣ ਵਾਲੇ ਭਾਈ ਮਨੀ ਸਿੰਘ ਜੀ ਨਾਲੋਂ ਬਾਬਾ ਦੀਪ ਸਿੰਘ ਜੀ ਕਿਵੇਂ ਜ਼ਿਆਦਾ ਤਕੜੇ ਸਹੀਦ ਹਨ?

ਗਿਆਨੀ ਮਨਜੀਤ ਸਿੰਘ ਜੀ ਗੁਰਬਾਣੀ ਦਾ ਰੱਬ ਜਰੇ ਜਰੇ ਵਿਚ ਮੌਜੂਦ ਹੈ ਇਸ ਕਰਕੇ ਬਾਬਾ ਜੀ ਦਾ ਸੀਸ ਜਿਸ ਵੀ ਜਗ੍ਹਾ ਤੇ ਉਤਰ ਗਿਆ ਉਹ ਗੁਰੂ ਚਰਨਾਂ ਵਿਚ ਲੱਗ ਗਿਆ। ਜੇ ਗੁਰੂ ਰਾਮਦਾਸ ਜੀ ਦੇ ਚਰਨ ਸਿਰਫ ਦਰਬਾਰ ਸਾਹਿਬ ਵਿਚ ਹੀ ਹਨ ਤਾਂ ਮੁਸਲਮਾਨਾਂ ਦਾ ਅੱਲ੍ਹਾ ਤਾਲਾ ਮੱਕੇ ਵਿਚ ਕਿਉਂ ਨਹੀ ਹੋ ਸਕਦਾ? ਇਹੀ ਅਸੂਲ਼ ਤਾਂ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਨੂੰ ਸਮਜਾਉਣ ਵਾਸਤੇ ਮੱਕੇ ਵਿਚ ਗਏ ਸਨ ਕਿ ਅੱਲਾ ਤਾਲਾ ਹਰ ਥਾਂ ਮੌਜੂਦ ਹੈ।

ਮੇਰੇ ਮਨ, ਹਰਿ ਭਜੁ ਸਦਾ ਇਕ ਰੰਗਿ॥ ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ਰਹਾਉ॥ ਪੰਨਾ ੪੮॥

ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ॥ ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ॥੧॥ ਪੰਨਾ ੪੩੮॥

ਇਨ੍ਹਾਂ ਗੁਰੂ ਫੁਰਮਾਣਾਂ ਮੁਤਾਬਕ ਰੱਬ ਜੀ ਹਰ ਥਾਂ ਮੌਜੂਦ ਹਨ। ਮੌਤ ਵੀ ਕਿਸੇ ਰੱਬੀ ਨਿਯਮ ਮੁਤਾਬਕ ਹੀ ਹੁੰਦੀ ਹੈ ਤੇ ਹਰ ਕੁਰਦਤੀ ਨਿਯਮ ਦੀ ਪਾਲਣਾ ਕਰਨਾ ਹੀ ਸਿੱਖ ਧਰਮ ਹੈ। ਬਾਬਾ ਜੀ ਨੇ ਆਪਣੇ ਧਰਮ ਵਾਸਤੇ ਜਾਨ ਵਾਰਨ ਦਾ ਵਾਹਦਾ ਪੂਰਾ ਕੀਤਾ, ਉਨ੍ਹਾਂ ਨੇ ਸਹੀਦੀ ਪ੍ਰਾਪੱਤ ਕੀਤੀ ਤੇ ਧੰਨਤਾ ਦੇ ਯੋਗ ਹਨ। ਅਕਾਲ ਤਖਤ ਤੇ ਜਦੋਂ ਸ਼ਾਮ ਨੂੰ ਸ਼ੱਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਤਾਂ ਇਹ ਕਿਹਾ ਜਾਂਦਾ ਹੈ “ਇਹ ਖੰਡਾ ਬਾਬਾ ਗੁਰਬਖਸ਼ ਸਿੰਘ ਦਾ ਹੈ, ਇਸਦਾ ਵਜਨ ਪੰਜ ਸੇਰ ਹੈ ਜੋ ਅੱਜ ਤਕ ਦਾ ਸੱਭ ਤੋਂ ਭਾਰਾ ਖੰਡਾ ਹੈ”। ਗਿਆਨੀ ਮਨਜੀਤ ਸਿੰਘ ਜੀ ਦੱਸ ਸਕਦੇ ਹਨ ਕਿ ੧੮ ਕਿਲੋ ਦਾ ਖੰਡਾ ਵਾਹਿਆ ਵੀ ਜਾ ਸਕਦਾ ਹੈ ਜਾਂ ਬਾਬਾ ਜੀ ਨੂੰ ਵੱਡਾ ਸ਼ਹੀਦ ਬਨਾਉਣ ਲਈ ਹੀ ਖੰਡੇ ਦਾ ਭਾਰ ਵਧਾਇਆ ਗਿਆ ਹੈ? ਪਰ ਸਿੱਖ ਧਰਮ ਵਿਚ ਪ੍ਰਾਭੋਤਕ ਕਹਾਣੀਆਂ ਨੂੰ ਵਾੜਨ ਵਾਲੇ ਸਿੱਖਾਂ ਨਾਲੋਂ ਚਲਾਕ ਹਨ ਇਸ ਕਰਕੇ ਉਹ ਆਪਣਾ ਕੰਮ ਕਰੀ ਜਾ ਰਹੇ ਹਨ, ਗਿਆਨੀ ਮਨਜੀਤ ਸਿੰਘ ਜੀ ਸਿੱਖ ਧਰਮ ਦੇ ਉਲਟ ਕੰਮ ਕਰੀ ਜਾ ਰਹੇ ਹਨ, ਸਿੱਖ ਲੋਕ ਸੁਤੇ ਪਏ ਹਨ। ਜਦੋਂ ਜਾਗਣਗੇ ਤਦੋਂ ਇਨ੍ਹਾਂ ਸੰਤਾਂ, ਬ੍ਰਹਮਗਿਆਨੀਆਂ ਤੇ ਗਿਆਨੀਆਂ ੧੦੮ ਤੇ ੧੦੦੮ ਤੋਂ ਜਰੂਰ ਲੇਖਾ ਜੋਖਾ ਮੰਗਣਗੇ। ਪੰਜਾਬੀ ਪਰੈਸ ਨੂੰ ਇਹ ਚਾਹੀਦਾ ਹੈ ਕਿ ਜੋ ਲਿਖਤ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰੀ ਨਹੀ ਉਤਰਦੀ ਉਹ ਅਖਬਾਰ ਵਿਚ ਨਾ ਪਾਈ ਜਾਵੇ। ਗਿਆਨੀ ਮਨਜੀਤ ਸਿੰਘ ਜੀ ਸਿਰ ਕਟੇ ਜਾਣ ਤੋਂ ਬਾਅਦ ਕੋਈ ਸਹੀਦ ਫਿਰ ਵੀ ਬੋਲ ਸਕਦਾ ਹੈ, ਤੁਰ ਸਕਦਾ ਹੈ, ਲੜ ਸਕਦਾ ਹੈ ਆਦਿ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਪੰਗਤੀ ਨਾਲ ਕਰੋ ਜੀ।

ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ।