ਸ਼ਾਤਰ ਸਾਧ (ਦਲਜੀਤ ਸਿੰਘ ਸ਼ਿਕਾਗੋ) ਨੂੰ ਸੰਗਤਾਂ ਨੇ ਗੁਰਦੁਆਰਾ ਗੁਰਜੋਤ ਪ੍ਰਕਾਸ਼ ਦੇ ਪ੍ਰਬੰਧਾਂ ਤੋਂ ਲਾਂਭੇ ਕੀਤਾ
ਅੰਮ੍ਰਿਤਸਰ ਟਾਈਮਜ਼
ਨਵੀਂ ਕਮੇਟੀ ਚੁਣ ਕੇ ਪ੍ਰਸ਼ਾਸ਼ਨ ਨੂੰ ਕੀਤਾ ਸੂਚਿਤ
ਬਾਬੇ ਵਲੋਂ ਗੁਰੂ ਘਰ ਨੂੰ ਲਾਏ ਜਿੰਦਰੇ ਪੁਲੀਸ ਨੇ ਖੁਲ੍ਹਵਾਏ, ਦੀਵਾਨ ਹਾਲ ਦੀ ਬਿਜਲੀ ਬੰਦ ਕਰਨ ਵਿਰੁਧ ਕੀਤੀ ਤਾੜਨਾ
ਅਪਣੇ ਗੈਰ ਧਾਰਮਿਕ ਕਾਰਨਾਮਿਆਂ ਕਾਰਨ ਸਿੱਖ ਸੰਗਤਾਂ ਵਿੱਚ ‘ਬਦਨਾਮ’ ਹੋ ਚੁਕੇ ਬਾਬਾ ਦਲਜੀਤ ਸਿੰਘ ਨੂੰ ਉਸ ਵਲੋਂ ਨਿੱਜੀ ਡੇਰਾ ਬਣਾ ਕੇ ਰੱਖੇ ਇਥੋਂ ਦੇ ਗੁਰਦੁਆਰਾ ਗੁਰਜੋਤ ਪ੍ਰਕਾਸ਼ `ਚੋਂ ਬਾਹਰ ਕੱਢ ਦੇਣ ਦੇ ਯਤਨਾਂ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਿੱਖ ਸੰਗਤ ਨੇ ਮੰਗਲਵਾਰ 27 ਜੁਲਾਈ 2010 ਨੂੰ ਗੁਰੂ ਘਰ `ਚ ਦਾਖ਼ਲ ਹੋਕੇ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕਰਕੇ ‘ਬੂਬਨੇ ਸਾਧ’ ਨੂੰ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਲਾਂਭੇ ਕਰ ਦਿੱਤਾ।
ਪ੍ਰਾਪਤ ਸੂਚਨਾ ਅਨੁਸਾਰ ਮੰਗਲਵਾਰ ਦੁਪਹਿਰ ਵੇਲੇ ਲਗਭਗ 150 ਕੁ ਦੀ ਗਿਣਤੀ ਵਿਚ ਆਈਆਂ ਸੰਗਤਾਂ ਜੈਕਾਰਿਆਂ ਦੀ ਗੂੰਜ ਵਿਚ ਦੀਵਾਨ ਹਾਲ ਵਿੱਚ ਪੁੱਜੀਆਂ ਅਤੇ ਸੰਗਤੀ ਮਰਿਯਾਦਾ ਅਨੁਸਾਰ ਗੁਰੂ ਘਰ ਲਈ ਨਵੀਂ ਕਮੇਟੀ ਚੁਣਨ ਦੀ ਪ੍ਰਵਾਨਗੀ ਦੇ ਦਿੱਤੀ। ਗੁਰਦੁਆਰਾ ਸਾਹਿਬ ਦੇ ਬਾਈਲਾਅਜ਼ ਅਤੇ ਸਿੱਖ ਸਿਧਾਂਤਾਂ ਅਨੁਸਾਰ ਸੰਗਤ ਵਲੋਂ ਸਰਬਸੰਮਤੀ ਨਾਲ ਨਵੇਂ ਚੁਣੇ ਗਏ ਅਹੁਦੇਦਾਰ ਇਸ ਤਰ੍ਹਾਂ ਹਨ : ਜਗਦੀਸ਼ ਸਿੰਘ ਸੰਧੂ (ਪ੍ਰਧਾਨ), ਕੁਲਵਿੰਦਰ ਸਿੰਘ ਸੰਧੂ (ਮੈਂਬਰ), ਮੱਖਣ ਸਿੰਘ ਕਲੇਰ (ਮੈਂਬਰ), ਬੀਬੀ ਰਸ਼ਵਿੰਦਰ ਕੌਰ (ਮੈਂਬਰ) ਅਤੇ ਹਰਜੀਤ ਸਿੰਘ ਗਿੱਲ (ਮੈਂਬਰ)।
ਉੱਸ ਵੇਲੇ ਸਥਿੱਤੀ ਬੜੀ ਦਿਲਚਸਪ ਅਤੇ ਕਿਸੇ ਹੱਦ ਤੱਕ ਤਣਾਅਪੂਰਨ ਰੱੁਖ ਵੀ ਅਖ਼ਤਿਆਰ ਕਰ ਗਈ ਜਦੋਂ ਸੰਗਤ ਦੇ ਫੈਸਲੇ ਤੋਂ ਚਿੜ੍ਹ ਕੇ ਬਾਬਾ ਦਲਜੀਤ ਸਿੰਘ ਗੁਰਦੁਆਰਾ ਸਾਹਿਬ ਨੇੜ੍ਹਲੇ ਅਪਣੇ ਰੈਸਟ ਹਾਊਸਨੁਮਾ ਘਰ ਵਿੱਚੋਂ ਭੱਜਾ ਭੱਜਾ ਆਇਆ ਅਤੇ ਸੰਗਤਾਂ ਨੂੰ ਬੁਰਾ ਭਲਾ ਕਹਿਣ ਲੱਗਾ। ਬੁਖ਼ਲਾਏ ਹੋਏ ਸਾਧ ਨੇ ਗੁਰੂ ਘਰ ਨੂੰ ਜੰਦਰੇ ਮਾਰ ਕੇ ਬਿਜਲੀ ਤੱਕ ਬੰਦ ਕਰ ਦਿੱਤੀ। ਉਸ ਵੇਲੇ ਸੰਗਤ ਦੇ ਕਾਫ਼ੀ ਮੈਂਬਰ, ਜਿਨ੍ਹਾਂ ਵਿੱਚ ਬੀਬੀਆਂ ਅਤੇ ਬੱਚੇ ਸ਼ਾਮਲ ਸਨ, ਦੀਵਾਨ ਹਾਲ ਵਿੱਚ ਹਾਜ਼ਰ ਸਨ।
ਦੂਜੇ ਪਾਸੇ ਉੱਥੇ ਹਾਜ਼ਰ ਪੁਲੀਸ, ਜਿਸਨੂੰ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਣੋਂ ਰੋਕਣ ਲਈ ਸੰਗਤ ਦੇ ਮੋਹਰੀਆਂ ਨੇ ਅਗਾਊ ਸੂਚਿਤ ਕੀਤਾ ਹੋਇਆ ਸੀ, ਨੇ ਬਾਬੇ ਨੂੰ ਅਜਿਹਾ ਕਰਨ ਰੋਕਿਆ। ਬਾਬੇ ਵਲੋਆਨਾਕਾਨੀ ਅਤੇ ਅੜੀ ਕਰਨ ਦੀ ਸੂਰਤ ਵਿੱਚ ਪੁਲੀਸ ਨੇ ਜਦੋਂ ਤੱਥਾਂ ਦੀ ਘੋਖ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਤਾਂ ਨਿੰਮੋਝੂਣੇ ਹੋਏ ਦਲਜੀਤ ਸਿੰਘ ਨੇ ਜੰਦਰੇ ਖੋਲ੍ਹ ਦਿੱਤੇ ਅਤੇ ਬਿਜਲੀ ਵੀ ਚਾਲੂ ਕਰ ਦਿੱਤੀ।
ਬਾਬਾ ਦਲਜੀਤ ਸਿੰਘ ਕਹਿ ਰਿਹਾ ਸੀ ਕਿ ਇਹ ਲੋਕ ਧੱਕੇ ਨਾਲ ਮੇਰੇ ਗੁਰਦੁਆਰੇ ਉੱਤੇ ਕਬਜ਼ਾ ਕਰ ਰਹੇ ਹਨ ਜਦੋਂ ਕਿ ਸੰਗਤ ਦਾ ਕਹਿਣਾ ਸੀ ਕਿ ਗੁਰੂ ਘਰ ਦੇ ਬਾਈਲਾਅਜ਼ ਅਨੁਸਾਰ ਉੱਹ ਸੰਗਤ ਦੇ ਮੈਂਬਰ ਹਨ। ਉਨ੍ਹਾਂ ਨੂੰ ਭਾਰੀ ਬਹੁਗਿਣਤੀ ਅਤੇ ਸਰਬਸੰਮਤੀ ਨਾਲ ਨਵੇਂ ਅਹੁਦੇਦਾਰ ਚੁਨਣ ਦਾ ਕਾਨੂੰਨਣ ਹੱਕ ਹੈ।
ਪੁਲੀਸ ਵਾਲਿਆਂ ਨੇ ਦੋਵਾਂ ਧਿਰਾਂ ਦਾ ਪੱਖ ਸੁਨਣ ਬਾਅਦ ਕਿਹਾ ਕਿ ਇਹ ਮਾਮਲਾ ਭਲਕੇ ਸਟੇਟ ਅਟਾਰਨੀ ਦੇ ਸਪੁਰਦ ਕਰਨ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ਦੀ ਸੂਰਤ ਵਿੱਚ ਬਾਬਾ ਦਲਜੀਤ ਸਿੰਘ ਖ਼ਿਲਾਫ਼ ਕੇਸ ਚਲਾਉਣ ਲਈ ਸੈਕਟਰੀ ਆਫ਼ ਸਟੇਟ ਤੱਕ ਪਹੁੰਚ ਕੀਤੇ ਜਾਣ ਦੀਆਂ ਭਾਰੀ ਸੰਭਾਵਨਾਵਾਂ ਹਨ।

ਲਗਪਗ ਡੇਢ ਸੌ ਸੰਗਤਾਂ ਦੇ ਦਸਤਖ਼ਤਾਂ ਵਾਲੇ ਮਤੇ ਵਿੱਚ ਕਿਹਾ ਗਿਆ ਹੈ ਕਿ ਗੁਰੂ ਨਾਨਕ ਸਿੱਖ ਮਿਸ਼ਨ ਆਫ਼ ਅਮਰੀਕਾ ਇੰਕ ਦੇ ਮੈਂਬਰਾਂ ਵਲੋਂ ਪਾਸ ਕੀਤੇ ਮਤੇ ਮੁਤਾਬਕ ਮੌਜੂਦਾ ਬੋਰਡ ਆਫ਼ ਡਾਇਰੈਕਟਰਜ਼ ਨੂੰ ਹਟਾ ਕੇ ਨਵੇਂ ਆਰਜ਼ੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਇਸ ਮਤੇ ਉੱਤੇ ਗੁਰੂ ਘਰ ਦੇ ਦੀਵਾਨ ਹਾਲ ਵਿੱਚ ਹਾਜ਼ਰ ਸੰਗਤ ਦੇ ਮੈਂਬਰਾਂ ਦੇ ਨਾਂਅ, ਅਡਰੈੱਸ ਅਤੇ ਦਸਤਖ਼ਤ ਹਨ।
ਪਾਸ ਮਤਿਆਂ ਵਿੱਚ ਕਿਹਾ ਗਿਆ ਹੈ ਅਗਾਂਹ ਤੋਂ ਗੁਰੂ ਘਰ ਦੇ ਪ੍ਰਬੰਧ ਬਕਾਇਦਾ ਬਾਈਲਆਜ਼ ਦੇ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਚਲਾਏ ਜਾਣਗੇ। ਹਿਸਾਬ ਕਿਤਾਬ ਦਾ ਸਾਰਾ ਰਿਕਾਰਡ ਲਿਖਤੀ ਰੂਕ ਰੱਖਿਆ ਅਤੇ ਸੰਗਤਾਂ ਸਾਹਮਣੇ ਪੇਸ਼ ਕੀਤਾ ਜਾਿੲਆ ਕਰੇਗਾ।
ਗੁਰੂ ਘਰ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਬਕਾਇਦਾ ਚੋਣ ਮੌਜੂਦਾ ਮਾਲੀ ਸਾਲ ਦੇ ਖ਼ਾਤਮੇ ਉੱਤੇ ਪਹਿਲੀ ਜਨਵਰੀ 2011 ਨੂੰ ਗੁਰੂ ਘਰ ਵਿਖੇ ਕੀਤੀ ਜਾਵੇਗੀ।
ਗੁਰਦੁਆਰਾ ਸਾਹਿਬ ਗੁਰਜੋਤ ਪ੍ਰਕਾਸ਼ ਵਿਖੇ ਸਾਰੇ ਧਾਰਮਿਕ ਸਮਾਰੋਹ ਅਤੇ ਕਾਰਵਾਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਪ੍ਰਵਾਨਿਤ ਮਰਿਯਾਦਾ ਅਨੁਸਾਰ ਨਿਭਾਈਆਂ ਜਾਇਆ ਕਰਨਗੀਆਂ।
ਬੜੀ ਸੋਝੀ ਸਮਝੀ ਸਕੀਮ ਅਧੀਨ ਸੰਗਤ ਦੇ ਮੈਂਬਰ ਸ਼ਾਂਤ ਚਿੱਤ ਹੋ ਕੇ ਗੁਰਦੁਆਰਾ ਸਾਹਿਬ ਪਹੁੰਚੇ। ਉਨ੍ਹਾਂ ਨੇ ਅਪਣੇ ਅਟਾਰਨੀ ਸਮੇਤ ਪਹਿਲਾਂ ਹੀ ਸਾਰੇ ਮਾਮਲੇ ਤੋਂ ਪੁਲੀਸ ਨੂੰ ਜਾਣੂੰ ਕਰਾਇਆ ਹੋਇਆ ਸੀ। ਦੀਵਾਨ ਹਾਲ ਵਿੱਚ ਸੰਗਤ ਦੇ ਜੁੜਣ ਮੌਕੇ ਅਟਾਰਨੀ ਦੀ ਹਾਜ਼ਰ ਦਸਿਆ ਜਾਦਾ ਹੈ। ਸੰਗਤਾਂ ਨੇ ਨਵੀਂ ਕਮੇਟੀ ਦੀ ਚੋਣ ਦੀ ਸਾਰੀ ਕਾਰਵਾਈ ਬਕਾਇਦਾ ਰਜਿਸਟਰ ਕਰਵਾਈ। ਸੰਗਤ ਨੇ ਚੋਣ ਦੀ ਕਾਰਵਾਈ ਨਿਯਮਾਂ ਅਨੁਸਾਰ ਸੰਪੂਰਨ ਕਰਨ ਬਾਅਦ ਸਾਰੀ ਕਾਰਵਾਈ ਦੀ ਲਿਖਤੀ ਰਿਪੋਰਟ ਪੁਲੀਸ ਥਾਣੇ ਜਾ ਕੇ ਦਿੱਤੀ।
ਬਾਬੇ ਨੂੰ ਗੁਰੂ ਘਰ ਦੇ ਪ੍ਰਬੰਧਾਂ ਤੋਂ ਤੁਰੰਤ ਲਾਂਭੇ ਕਰਕੇ ਚਾਬੀਆਂ ਨਵੀਂ ਕਮੇਟੀ ਨੂੰ ਸੌਂਪੇ ਜਾਣ ਸਬੰਧੀ ਸੰਗਤ ਵਲੋਂ ਕੀਤੀ ਮੰਗ ਦੇ ਜਵਾਬ ਵਿੱਚ ਪੁਲੀਸ ਦਾ ਕਹਿਣਾ ਸੀ ਕਿ ਕਿਉਂਕਿ ਗੁਰਦੁਆਰੇ ਦਾ Mailing ਅਡਰੈਸ ਬਾਬੇ ਦਾ ਨਾਲ ਲਘਦਾ ਘਰ ਹੋਣ ਕਾਰਨ ਮਾਮਲਾ ਵਾਦਵਿਵਾਦ ਵਾਲਾ ਹੈ। ਇਸ ਲਈ ਅਗਲੀ ਕਾਰਵਾਈ ਅਟਾਰਨੀ ਦੀ ਕਨੂੰਨੀ ਰਾਇ ਬਾਅਦ ਹੀ ਸੰਭਵ ਹੋਵੇਗੀ।
ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਬਾਈਲਾਅਜ਼ ਦੀ ਉਲੰਘਣਾ ਕਰਨ ਅਤੇ ਅਪਣੀ ਮਨਮਰਜੀ ਨਾਲ ਟਰੱਸਟ ਦੇ ਮੈਂਬਰ ਹਟਾਉਣ/ਬਣਾਉਣ, ਗੁਰੂ ਘਰ ਦਾ ਕੋਈ ਹਿਸਾਬ ਕਿਤਾਬ ਨਾ ਰੱਖਣ, ਸੰਗਤ ਦੀ ਮਾਇਆ ਦੀ ਦੁਰਵਰਤੋਂ ਕਰਨ, ਗੁਰੂ ਘਰ ਦੇ ਪ੍ਰੇਮੀਆਂ ਨੂੰ ਗੁਰਦੁਆਰਾ ਸਾਹਿਬ ਨਾ ਆਉਣ ਦੇਣ ਅਤੇ ਹੋਰ ਮਾਮਲਿਆਂ ਦੇ ਸਬੰਧ ਵਿੱਚ ਬਾਬੇ ਵਿਰੁਧ ਇੱਕ ਕੇਸ ਸਰਕਟ ਕੋਰਟ ਆਫ਼ ਮਕੈਨਰੇ ਇਲਿਨਾਇ ਵਿੱਚ ਚੱਲ ਰਿਹਾ ਹੈ।
ਗੁਰੂ ਨਾਨਕ ਮਿਸ਼ਨ ਆਫ਼ ਅਮੈਰਿਕਾ ਦਾ ਗੁਰੂ ਘਰ ਸਥਾਪਤ ਕਰਨ ਮੌਕੇ ਬਾਬਾ ਦਲਜੀਤ ਸਿੰਘ ਦੀ ਸੱਜੀ ਬਾਂਹ ਸਮਝੇ ਜਾਂਦੇ ਹਰਮਿੰਦਰ ਸਿੰਘ ਖਹਿਰਾ ਵਲੋਂ ਜਨਵਰੀ 2009 ਵਿੱਚ ਦਾਇਰ ਕੀਤੇ ਅਦਾਲਤੀ ਕੇਸ ਵਿੱਚ ਬਾਬੇ ਵਲੋਂ ਇਸ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਿੱਚ ਕੀਤੀਆਂ ਜਾਂਦੀਆਂ ਬੇਨਿਯਮੀਆਂ ਅਤੇ ਬਾਈਲਾਅਜ਼ ਦੀ ਸ਼ਰੇਆਮ ਉਲੰਘਣਾ ਕਰਨ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦਿਆਂ ਦਲਜੀਤ ਸਿੰਘ ਨੂੰ ਗੁਰਦੁਆਰੇ ਦੇ ਪ੍ਰਬੰਧਾਂ ਤੋਂ ਲਾਂਭੇ ਕਰਕੇ ਸੰਗਤ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਉਸ ਵਲੋਂ ਇਸ ਕੇਸ ਵਿੱਚ ਗੁਰੂ ਨਾਨਕ ਸਿੱਖ ਮਿਸ਼ਨ ਦੇ ਪ੍ਰਧਾਨ ਬਾਬਾ ਦਲਜੀਤ ਸਿੰਘ ਅਤੇ ਇਸਦੇ ਦੂਸਰੇ ਡਾਇਰੈਕਟਰਾਂ ਨੂੰ ਵੀ ਧਿਰ ਬਣਾਇਆ ਗਿਆ ਹੈ।
ਗੁਰੂ ਨਾਨਕ ਸਿੱਖ ਮਿਸ਼ਨ ਆਫ਼ ਅਮੈਰਿਕਾ ਇੰਕ ਦੇ 1996 ਇਲਿਨਾਇ ਸਟੇਟ ਵਿਚ ਨਾਨ ਪਰਾਫਿਟ ਸੰਸਥਾ ਵਜੋਂ ਰਜਿਸਟਰ ਹੋਣ ਤੋਂ ਮੁਢਲੇ ਡਾਇਰੈਕਟਰਾਂ ਵਿੱਚੋਂ ਇੱਕ ਹਰਮਿੰਦਰ ਸਿੰਘ ਖਹਿਰਾ ਵਲੋਂ ਸਰਕਟ ਕੋਰਟ ਆਫ਼ ਮਕੈਨਰੇ ਇਲਿਨਾਇ ਵਿੱਚ ਦਾਇਰ ਇਸ ਕੇਸ ਦੀ ਸੁਣਵਾਈ ਅੰਤਮ ਪੜ੍ਹਾਅ ਵਿੱਚ ਦੱਸੀ ਜਾਂਦੀ ਹੈ ।
ਪਤਾ ਲੱਗਾ ਹੈ ਕਿ ਕੇਸ ਦੀ ਸੁਣਵਾਈ ਸਮੇਂ ਬਾਬੇ ਨੇ ਮੁੱਦਈ ਧਿਰ ਦੇ ਵਕੀਲ ਵਲੋਂ ਕੀਤੇ ਕਾਨੂੰਨੀ ਸਵਾਲਾਂ ਦੇ ਊਟ ਪਟਾਂਗ ਜਿਹੇ ਜਵਾਬ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੰਵਿਧਾਨ, ਬਾਈਲਾਅਜ਼, ਮੀਟਿੰਗਾਂ ਕਰਨ, ਚੋਣ ਪ੍ਰਕਿਰਿਆ ਅਤੇ ਹਿਸਾਬ ਕਿਤਾਬ ਬਾਰੇ ਕੋਈ ਠੋਸ ਲਿਖਤੀ ਦਸਤਾਵੇਜ ਜਾਂ ਰਿਕਾਰਡ ਪੇਸ਼ ਨਹੀਂ ਕੀਤਾ।
ਚੋਣ ਸਬੰਧੀ ਬਾਬੇ ਵਲੋਂ ਕਿਹਾ ਦਸਿਆ ਜਾਂਦਾ ਹੈ ਕਿ ਸਾਨੂੰ ਪਿਛਲੇ ਕਈ ਵਰ੍ਹਿਆਂ ਤੋਂ ਚੋਣ ਦੀ ਲੋੜ ਨਹੀਂ ਪਈ। ਉਸਨੇ ਇਹ ਵੀ ਕਿਹਾ ਕਿ ਗੁਰੂ ਘਰ ਉਸਦੀ ਜਾਂ ਕਿਸੇ ਹੋਰ ਦੀ ਨਿੱਜੀ ਮਲਕੀਅਤ ਨਹੀਂ ਸੰਗਤ ਜਿਸਨੂੰ ਚਾਹੇ ਹਟਾ ਅਤੇ ਚੁਣ ਸਕਦੀ ਹੈ। ਉਸਨੇ ਕਿਹਾ ਕਿ ਹਿਸਾਬ ਕਿਤਾਬ ਰੱਖਣ ਦੀ ਕਦੇ ਲੋੜ ਹੀ ਨਹੀਂ ਪਈ।
ਬਾਬੇ ਵਲੋਂ ਅਦਾਲਤ ਦਿੱਤੇ ਦੱਸੇ ਜਾਂਦੇ ਉੱਕਤ ਬਿਆਨਾਂ, ਜਿਸਦੇ ਲਿਖਤੀ ਸਬੂਤ ਅਦਾਲਤ ਵਿੱਚੋਂ ਪ੍ਰਾਪਤ ਨਹੀਂ, ਨੂੰ ਧਿਆਨ ਵਿੱਚ ਰਖਦਿਆਂ ਹੀ ਸੰਗਤ ਦੇ ਸਰਗਰਮ ਮੈਂਬਰਾਂ ਨੇ ਬਾਬੇ ਨੂੰ ਗੁਰੂ ਘਰ ਦੇ ਪ੍ਰਬੰਧਾਂ ਤੋਂ ਲੋਕ ਰਾਜੀ ਕਾਰਵਾਈ ਰਾਹੀਂ ਰਾਹੀਂ ਲਾਂਭੇ ਕਰ ਦੇਣ ਦਾ ਢੰਗ ਅਪਣਾਇਆ।
ਦਿਲਚਸਪ ਗੱਲ ਇਹ ਹੈ ਕਿ ਬਾਬਾ ਦਲਜੀਤ ਸਿੰਘ ਵਲੋਂ ਬਣਾਏ ਟਰੱਸਟ ਦਾ ਕੋਈ ਵੀ ਮੈਂਬਰ ਜਾਂ ਉਸਦੇ ਹਮਾਇਤੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਜਾਂ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਉਸਦੇ ਹੱਕ ਵਿੱਚ ਨਹੀਂ ਨਿਤਰੇ।
ਦਸਿਆ ਜਾਦਾ ਹੈ ਕਿ ਪੁਲੀਸ ਥਾਣੇ ਵਿੱਚ ਕੁਝ ਵਿਅਕਤੀਆਂ, ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ ਹਨ, ਨੇ ਬਾਬਾ ਦਲਜੀਤ ਸਿੰਘ ਦੇ ਪੱਖ ਵਿੱਚ ਭੁਗਤਣ ਦਾ ਯਤਨ ਕੀਤਾ। ਉਨ੍ਹਾਂ ਨੇ ਅਪਣੇ ਆਪ ਨੂੰ ਸੰਗਤ ਦੇ ਮੈਂਬਰ ਦਸਦਿਆਂ ਕਿਹਾ ਕਿ ਨਵੀਂ ਚੋਣ ਗੈਰ ਸੰਵਿਧਾਨਕ ਹੈ। ਸਾਡਾ ਬਾਬਾ ਹੀ ਅਸਲ ਚੇਅਰਮੈਨ /ਪ੍ਰਧਾਨ ਰਹਿਣ ਦਾ ਹੱਕਦਾਰ ਹੈ। ਪਰ ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਇਲਾਵਾ ਕੁਝ ਕਰਨੋਂ ਨਾਂਹ ਕੀਤੀ।
ਮੰਗਲਵਾਰ ਨੂੰ ਸੰਗਤ ਵਲੋਂ ਕੀਤੀ ਕਾਰਵਾਈ ਚਿਰਾਂ ਤੋਂ ਬਾਬੇ ਦੀਆਂ ਵਧੀਕੀਆਂ ਦਾ ਸ਼ਿਕਾਰ ਖਹਿਰਾ ਪਰਿਵਾਰ ਲਈ ਵੱਡੀ ਨੈਤਿਕ ਜਿੱਤ ਕਹੀ ਜਾ ਸਕਦੀ ਹੈ। ਭਾਵੇਂ ਕਿ ਅਦਾਲਤ ਵਿੱਚ ਕੇਸ ਚਲਦਾ ਹੋਣ ਕਾਰਨ ਖਹਿਰਾ ਪਰਿਵਾਰ ਇਸ ਕਾਰਵਾਈ ਵਿੱਚ ਸਿੱਧੇ ਰੂਪ ਵਿੱਚ ਭਾਗ ਲੈਣ ਤੋਂ ਪਾਸੇ ਹੀ ਰਿਹਾ।
ਵਰਣਨਯੋਗ ਹੈ ਕਿ ਕੁਝ ਸਾਲ ਪਹਿਲਾਂ ਬਾਬਾ ਦਲਜੀਤ ਸਿੰਘ ਇੱਕ ਔਰਤ ਨਾਲ ਰਾਤ ਨੂੰ ਇੱਕ ਮੋਟਲ ਦੇ ਕਮਰੇ ਵਿਚ ਪੁਲਿਸ ਵਲੋਂ ਫੜੇ ਜਾਣ ਬਾਅਦ ਚਰਚਾ ਵਿੱਚ ਆਇਆ ਸੀ। ਇਸ ਦੋਸ਼ ਵਿਚ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਵੀ ਲਗਾਈ ਗਈ ਸੀ। ਪਰ ਉਸਨੇ ਉਹ ਸਜ਼ਾ ਕਦੋਂ ਅਤੇ ਕਿੱਥੇ ਪੂਰੀ ਕੀਤੀ ਅਤੇ ਅਕਾਲ ਤਖ਼ਤ ਉੱਤੇ ਮੁੜ ਪੇਸ਼ ਹੋ ਕੇ ਕਦੋਂ ਭੱੁਲ ਬਖ਼ਸਾਈ, ਇਹ ਇੱਕ ਬੁਝਾਰਤ ਹੈ। ਹਾਲਾਂ ਕਿ ਸਿੱਖ ਭਾਈਚਾਰੇ ਵਿੱਚ ਜਦੋਂ ਵੀ ਕੋਈ ਵਿਅਕਤੀ ਸਜ਼ਾ ਦਾ ਭਾਗੀ ਬਣਦਾ ਹੈ ਤਾਂ ਉਹ ਚੋਰੀਂਓ ਨਹੀਂ ਬਲਕਿ ਕਿਸੇ ਉਚ ਧਾਰਮਿਕ ਸਥਾਨ ਉੱਤੇ ਸਿੱਖ ਸੰਗਤ ਦੇ ਸਾਹਮਣੇ ਅਪਣੀ ਸਜ਼ਾ ਪੂਰੀ ਕਰਦਾ ਹੈ।
ਬਾਬੇ ਵਲੋਂ ਪਰਾਈ ਔਰਤ ਨਾਲ ਸਬੰਧ ਰੱਖਣ ਦੀ ਘਟਨਾ ਤੋਂ ਪਹਿਲਾਂ ਵੀ ਅਤੇ ਹੁਣ ਬਾਅਦ ਵਿਚ ਵੀ, ਉਕਤ ਸਜ਼ਾ ਨੂੰ ਸਾਜ਼ਿਸ਼ੀ ਢੰਗ ਨਾਲ ਪੂਰਿਆਂ ਕਰਨ ਜਾਂ ਨਾ ਕਰਨ ਦੇ ਬਾਵਜੂਦ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਬਾਬੇ ਦੇ ਡੇਰੇ ਉੱਤੇ ਆਮ ਆਉਣਾ ਜਾਣਾ, ਇਥੋਂ ਦੀਆਂ ਸੰਗਤਾਂ ਵਿਚ ਹੈਰਾਨੀ ਦਾ ਮਾਮਲਾ ਬਣਿਆ ਹੋਇਆ ਹੈ।
ਹੋਰ ਜਾਣਕਾਰੀ ਲਈ ਗੁਰੂ ਘਰ ਦੀ ਨਵੀਂ ਕਮੇਟੀ ਦੇ ਮੈਂਬਰ ਮੱਖਣ ਸਿੰਘ ਨਾਲ ਫੋਨ ਨੰਬਰ 630-827-9752 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
28 ਜੁਲਾਈ 2010