ਸਤਸੰਗਤਿ ਕੈਸੀ ਜਾਣੀਐ
ਗੁਰਬਖਸ਼ ਸਿੰਘ
ਸੰਗਤਿ ਕੈਸੀ ਜਾਣੀਐ ।। ਜਿਥੈ ਏਕੋ ਨਾਮੁ ਵਖਾਣੀਐ ।।ਅੰਕ 72।।
ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਇਸ ਸੰਸਾਰ ਅਦੰਰ ਸੁਖੀ, ਸ਼ਾਂਤਮਈ ਇਕਸੁਰਤਾ ਵਾਲਾ ਸੱਚਾ ਜੀਵਨ ਜੀਊਣ ਲਈ ਦੋ ਅੱਖਰ ਦੱਸੇ ਹਨ-ਇਕ ਸ਼ਬਦ ਅਤੇ ਦੂਜਾ ਸਤਸੰਗਤਿ । ਜਦੋਂ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਪਹਾੜਾਂ ਉਤੇ ਮਿਲੇ ਤਾਂ ਉਨ੍ਹਾਂ ਇਹੀ ਪੁਛਿਆ ਸੀ ਕਿ ਤੁਸੀ ਇਥੇ ਕਿਸ ਤਰ੍ਹਾਂ ਆਏ ਹੋ , ਇਥੇ ਆਉਣਾ ਤਾਂ ਬੜਾ ਮੁਸ਼ਕਲ ਹੈ ਗੁਰੂ ਨਾਨਕ ਸਾਹਿਬ ਦਾ ਜਵਾਬ ਸੀ, “ਸ਼ਬਦ ਅਤੇ ਸਤਸੰਗਤਿ ਅਬਿਨਸ਼ੀ ਹਨ ਅਤੇ ਅਸੀ ਨਾਸ਼ਵਾਨ ਦਾ ਆਸਰਾ ਨਹੀ ਤਕਦੇ । ਸ਼ਬਦ ਤੇ ਸਤਸੰਗਤਿ ਦੇ ਆਸਰੇ ਨਾਲ ਹੀ ਅਸੀ ਇਥੇ ਪੁੱਜੇ ਹਾਂ । ਇਹ ਦੋਵੇਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ 1430 ਪੰਨਿਆਂ ਤੇ ਅੰਕਤ ਹਨ । ਪਰ 20ਵੀ ਸਦੀ ਦਾ ਕੋਈ ਵਿਰਲਾ ਸਿੱਖ ਹੋਵੇਗਾ ਜਿਸ ਨੂੰ ਇਨ੍ਹਾਂ ਦੋਵਾਂ ਬਚਨਾਂ ਬਾਰੇ ਪੂਰਾ ਗਿਆਨ ਹੋਵੇ । ਗੁਰੂ ਨਾਨਕ ਸਾਹਿਬ ਨੇ ਇਹ ਵੀ ਦਸ ਦਿਤਾ ਸੀ ਕਿ ਇਹ ਦੋਵੇਂ ਸ਼ਬਦ ਅਤੇ ਸਤਸੰਗਤਿ ਤੁਹਾਡੇ ਅੰਦਰ ਹਨ ਤੇ ਅੰਦਰੋ ਹੀ ਤੁਹਨੂੰ ਗੁਰਬਾਣੀ ਰਾਹੀ ਦੱਸੇ ਗੁਰਮਤਿ ਜੀਵਨ ਜੀਊਣ ਨਾਲ ਮਿਲ ਸਕਦੇ ਹਨ । ਗੁਰਸਿੱਖਾਂ ਦੀ ਬਹੁਗਿਣਤੀ ਇਨ੍ਹਾਂ ਦੋਵਾਂ ਗੱਲਾਂ ਤੇ ਪੂਰਾ ਯਕੀਨ ਨਹੀ ਕਰਦੀ । ਕਾਰਣ ਇਹ ਹੈ ਕਿ ਅਸੀ ਗੁਰਬਾਣੀ ਦੀ ਵਿਚਾਰ 5 ਫੀ ਸਦੀ ਵੀ ਗੁਰੂ ਘਰਾਂ ਅੰਦਰ ਨਹੀ ਕਰਦੇ । ਵਿਚਾਰ ਕਰਨ ਤੇ ਸਾਨੂੰ ਪਤਾ ਲਗਣਾ ਸੀ ਕਿ ਉਦੋਂ ਤਕ ਕਿਸੇ ਵੀ ਵਿਅਕਤੀ (ਮਹਾਂਪੁਰਸ਼) ਦੇ ਸਰੀਰ ਦੇ ਦਰਸ਼ਨ ਕਰਨ ਨਾਲ ਹੀ ਗੱਲ ਨਹੀ ਬਣਦੀ ਜਦੋਂ ਤਕ ਉਸ ਵਲੋਂ ਦਿਤੇ ਉਪਦੇਸ਼ ਨੂੰ ਵਿਚਾਰ ਕੇ ਅਮਲੀ ਜੀਵਨ ਜੀਊਣਾ ਨਹੀ ਸਿਖਦੇ ।
ਅਮਲੀ ਜੀਵਨ ਜੀਊਣ ਨਾਲ ਪਤਾ ਚਲਦਾ ਹੈ ਕਿ ਅੰਦਰੋਂ ਸ਼ਬਦ ਕਿਸ ਅਵੱਸਥਾ ਤੇ ਪੁੰਚ ਕੇ ਪ੍ਰਾਪਤ ਹੁੰਦਾ ਹੈ । ਗੁਰੁ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1250 ਉਪਰ ਗੁਰੁ ਸਾਹਿਬ ਫੁਰਮਾਉਂਦੇ ਹਨ ਜੀਆਂ ਅੰਦਰ ਜੀਉ ਸ਼ਬਦ ਹੈ ।। ਜਿਤ ਸਹਿ ਮਲਾਵਾ ਹੋਇ ।। ਇਸ ਸ਼ਬਦ ਨਾਲ ਅਸੀ ਸੰਗ ਕਰਨਾ ਹੈ । ਗੁਰੁ ਗ੍ਰੰਥ ਸਾਹਿਬ ਦੇ ਪੰਨਾ ਨੰ.394 ਤੇ ਗੁਰੁ ਸਾਹਿਬ ਫੁਰਮਾਉਦੇ ਹਨ ਗੁਰੁ ਮੇਰੇ ਸੰਗ ਸਦਾ ਹੈ ਨਾਲੋ ।। ਇਸੇ ਤਰ੍ਹਾਂ ਪੰਨਾ ਨੰ.720 ਤੇ ਗੁਰ ਫੁਰਮਾਨ ਹੈ ਕਿ ਉਹ ਸਤਿ ਸਰੂਪ , ਵਾਹਿਗੁਰੂ ਕਾਇਆ ਨਗਰ ਅੰਦਰ ਵਸਦਾ ਹੈ ਅਤੇ ਨਿਰਭਉ , ਨਿਰਵੈਰ , ਨਿਰੰਕਾਰ ਹੈ । ਗੁਰਸਿੱਖ ਅਮਲੀ ਜੀਵਨ ਜੀਊਣ ਨਾਲ ਅੰਦਰਂੋ ਨਿਰਭਉ ਨਿਰਵੈਰਤਾ ਵਾਲੇ ਸਰੂਪ ਦਾ ਅਨੁਭਵ ਕਰਦਾ ਹੈ । ਉਦੋਂ ਉਸ ਨੂੰ ਪਤਾ ਲਗਦਾ ਜੈ ਕਿ ਸਤਿਸੰਗਤ ਕੀ ਹੈ । ਗੁਰੁ ਨਾਨਕ ਸਾਹਿਬ ਅਨੁਸਾਰ ਕਾਇਆ ਰੂਪੀ ਨਗਰ ਅੰਦਰ ਗੜ੍ਹ (ਕਿਲ੍ਹਾ) ਗਗਨੰਦਰ ਹੈ ਜਿਥੇ ਸੱਚੇ ਵਾਹਿਗੁਰੂ ਦਾ ਵਾਸਾ ਹੈ ਅਤੇ ਉਹ ਅਸਥਾਨ ਨਾਸ਼ਵਾਨ ਨਹੀ ਤੇ ਸਦਾ ਨਿਰਮਲ ਹੈ ਅਤੇ ਉਸ ਦਾ ਆਪਣਾ ਪੈਦਾ ਕੀਤਾ ਹੋਇਆ ਹੈ। ਇਹ ਸਰੀਰ ਦਾ ਹਿੱਸਾ ਨਹੀ, ਕਿਉ ਕਿ ਸਰੀਰ ਦੇ ਹਿੱਸੇ ਨਾਸ਼ਵਾਨ ਹਨ । ਗੁਰੂੁ ਨਾਨਕ ਸਾਹਿਬ ਵਲੋਂ ਦਿਤੀ ਸਤਿਸੰਗਤ ਦੀ ਪ੍ਰੀਭਾਸ਼ਾ ਵੀ ਉਪ੍ਰੋਕਤ ਵਿਚਾਰ ਦੀ ਪ੍ਰੋੜ੍ਹਤਾ ਕਰਦੀ ਹੈ ਕਿ ਸਤਸੰਗਤਿ ਉਸ ਨੂੰ ਕਹਿੰਦੇ ਹਨ ਜਿਥੇ ਕੇਵਲ ਅਬਿਨਾਸੀ , ਨਾਮ , ਨਾਮੀ ਦੇ ਗੁਣ , ਨਿੰਰਕਾਰ ਦੇ ਭੇਦ , ਪਰਮ ਤੱਤ ਅਤੇ ਹੋਰ ਸੂਖਮ ਵਿਚਾਰਾਂ ਹੁੰਦੀਆਂ ਹਨ । ਅੱਜ ਅਸੀ ਨਜ਼ਰ ਮਾਰ ਕੇ ਵੇਖੀਏ ਕਿ ਪੰਜਾਬ ਅੰਦਰ ਜਿੰਨੇ ਸਤਿਸੰਗ ਹੁੰਦੇ ਹਨ ਸ਼ਾਇਦ ਸਾਰੇ ਹਿੰਦੁਸਤਾਨ ਵਿਚ ਨਾ ਹੁੰਦੇ ਹੋਣ । ਇਥੇ ਗੁਜਰਾਤ , ਬਿਹਾਰ ਅਤੇ ਹੋਰ ਥਾਵਾਂ ਤੋ ਆ ਕੇ ਅਖੌਤੀ ਗੁਰੂਆਂ ਨੇ ਸਤਿਸੰਗ ਦੇ ਡੇਰੇ ਬਣਾਏ ਹੋਏ ਹਨ । ਪੰਜਾਬ ਦੇ ਅਖੌਤੀ ਸਾਧਾਂ-ਸੰਤਾਂ, ਬਾਬਆਂਿ ਨੇ ਵੀ ਬਹੁਤ ਸਾਰੇ ਡੇਰੇ ਬਣਾਏ ਹੋਏ ਹਨ ਜੋ ਲੋਕਾਂ ਦੀ ਬੁਹੁਗਿਣਤੀ ਨੂੰ ਦੀਵਾਨਾਂ (ਭਾਰੀ ਇਕੱਠਾਂ ) ਅਤੇ ਸਤਿਸੰਗਾਂ ਰਾਹੀ ਜੋ ਉਪਦੇਸ਼ ਦੇਂਦੇ ਹਨ, ਉਸ ਨਾਲ ਸਾਡਾ ਇਕ ਅਬਿਨਾਸ਼ੀ ਸੱਤ (ਸੱਚ) ਤੇ ਭਰੋਸਾ ਨਹੀ ਬੱਝ ਸਕਿਆ । ਉਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਨੇ ਆਪ ਵੀ ਸਤਿਸੰਗਤ ਅਤੇ ਸ਼ਬਦ ਨੂੰ ਜਾਣਿਆ ਨਹੀ ਜਿਸ ਕਾਰਨ ਇਨ੍ਹਾਂ ਅੰਦਰ ਨਿਰਭਉ ਅਤੇ ਨਿਰਵੈਰਤਾ ਵਾਲੇ ਗੁਣ ਪੈਦਾ ਨਹੀ ਹੋ ਸਕੇ । ਇਹ ਸਤਿਸੰਗ ਕਰਵਾਉਣ ਵਾਲੇ ਅਨੇਕਾਂ ਤਰ੍ਹਾਂ ਦੇ ਡਰਾਂ ਅੰਦਰ ਜ਼ਿਦਗੀ ਬਤੀਤ ਕਰਦੇ ਹਨ । ਇਹ ਗੱਲ ਸਾਨੂੰ ਇਨ੍ਹਾਂ ਵਲੋ ਪਰਮਾਤਮਾ ਤੇ ਭਰੋਸਾ ਨਾ ਰਖਦੇ ਹੋਇਆਂ , ਸਰਕਾਰ ਕੋਲੋਂ ਅਪਣੀ ਸੁਰੱਖਿਆ ਵਾਸਤੇ ਕੀਤੀ ਜਾਂਦੀ ਮੰਗ ਤੋ ਪਤਾ ਲਗਦੀ ਹੈ । ਸੱਚਾ ਸਾਧ ਜਾਂ ਸੰਤ ਕਦੇ ਵੀ, ਪਰਮਾਤਮਾ ਤੋਂ ਬਿਨਾਂ , ਸਰਕਾਰ ਤੋ ਅਪਣੀ ਸੁਰੱਖਿਆ ਨਹੀ ਮੰਗਦਾ ।
ਲੰਮੀ ਨਜ਼ਰ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਦੂਜੇ ਸੂਬੇ ਸਨਅਤਕਾਰਾਂ ਨੂੰ ਸੱਦਾ ਦੇਂਦੇ ਹਨ ਕਿ ਸਾਡੇ ਸੂਬੇ ਵਿਚ ਆ ਕੇ ਸਨਅਤਾਂ ਲਾਉ । ਅਸੀ ਤੂਹਾਨੂੰ ਕਰਜ਼ਾ, ਬਿਜਲੀ, ਜ਼ਮੀਨ ਵਗੈਰਾ ਹੋਰ ਸਹੂਲਤਾਂ ਵੀ ਦਿਆਂਗੇ । ਪਰ ਪੰਜਾਬ ਸਰਕਾਰ ਦੀ ਨੀਤੀ ਸ਼ਾਇਦ ਇਹ ਹੈ ਕਿ ਇਥੇ ਕੋਈ ਆ ਕੇ ਅਖੌਤੀ ‘ਰੱਬ’ ਬਣ ਕੇ ਡੇਰਾ ਬਣਾਏ , ਅਸੀ ਉਸ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ । ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਸਾਡੀ ਪੰਥਕ ਸਰਕਾਰ ਨੂੰ ਕਿੰਨਾ ਵੱਡਾ ਸੁਪਨਾ ਆਇਆ ਤੇ ਸ੍ਰੀ ਚੰਦ ਨੂੰ ਵੀ ਭਗਵਾਨ ਬਣਾ ਕੇ, ਉਸ ਦੇ ਨਾਂ ਦੀ ਸਰਕਾਰੀ ਛੁੱਟੀ ਕਰ ਦਿਤੀ । ਪਹਿਲਾਂ ਵੀ ਤਿੰਨ-ਚਾਰ ਪੰਥਕ ਸਰਕਾਰਾਂ ਆਈਆਂ ਪਰ ਉਨ੍ਹਾਂ ਨੂੰ ਤਾਂ ਇਹੋ ਜਿਹਾ ਕੋਈ ਸੁਪਨਾ ਨਾ ਆਇਆ ।ਇਸ ਤੋਂ ਇਲਾਵਾ ਪਿਛਲੀਆਂ ਪੰਜ ਸਦੀਆਂ ਵਿਚ ਚੰਗੇ ਤੋ ਚੰਗੇ ਗੁਰਸਿੱਖ ਨੂੰ ਵੀ ਸ੍ਰੀ ਚੰਦ ਦਾ ਖਿਆਲ ਨਹੀ ਸੀ ਆਈਆ । ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਚੰਦ ਨੂੰ ਖੋਟੇ ਦਿਲ ਵਾਲਾ ਅਤੇ ਆਕੀ ਹੋਇਆ , ਗੁਰੂ ਦੇ ਬਚਨਾਂ ਨੂੰ ਨਾ ਮੰਨਣ ਵਾਲਾ ਆਖਦੇ ਹਨ । ਜੋ ਗੁਰੂ ਦੇ ਬਚਨਾਂ ਨੂੰ ਨਹੀ ਮੰਨਦਾ , ਉਹ ਪੰਜਾਬ ਸਰਕਾਰ ਨੂੰ ਕਿੰਨਾ ਚੰਗਾ ਲੱਗਾ ? ਇਹੋ ਜਹੀਆਂ ਘਟਨਾਵਾਂ ਕਿਸ-ਕਿਸ ਪਾਸੇ ਵਲ ਇਸ਼ਾਰਾ ਕਰਦੀਆਂ ਹਨ ।
ਗੁਰਸਿੱਖਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਗੁਰਬਾਣੀ ਦੀ ਵਿਚਾਰ ਦਾ ਕੰਮ ਉਤਸ਼ਾਹ ਨਾਲ ਕਰਨ ਦੀ ਲੋੜ ਹੈ ਕਿ ਇਹੋ ਜਹੇ ਡੇਰੇ ਸਾਡੇ ਤੇ ਆਪਣਾ ਪ੍ਰਭਾਵ ਨਾ ਪਾ ਸਕਣ ।
ਗੁਰਸਿੱਖਾਂ ਦੇ ਸੰਗ ਦੀ ਅਰਦਾਸ ਇਸ ਵਾਸਤੇ ਕੀਤੀ ਜਾਂਦੀ ਹੈ ਕਿ ਉਹ ਆਤਮਕ ਅਵੱਸਥਾ ਦੇ ਜਾਣੂ ਹੁੰਦੇ ਹਨ । ਆਮ ਗੁਰਸਿੱਖ ਜਦੋਂ ਇਸ ਮਾਰਗ ਤੇ ਚਲਦੇ ਹਨ , ਉਨ੍ਹਾਂ ਨੂੰ ਅੰਦਰੋਂ ਜੋ ਨਵਾਂ ਅਨੁਭਵ ਹੁੰਦਾ ਹੈ, ਉਨ੍ਹਾਂ ਨੂੰ ਗੁਰਮੁਖਾਂ ਨਾਲ ਜਦੋਂ ਸਾਂਝਾ ਕਰਦੇ ਹਨ ਤਾਂ ਸਾਨੂੰ ਪਤਾ ਲਗਦਾ ਹੈ ਕਿ ਸਾਡਾ ਅਨੁਭਵ ਠੀਕ ਹੈ ਜਾਂ ਨਹੀਂ । ਗੁਰਮੁਖਾਂ ਦੀ ਸੰਗਤ ਇਸ ਵਾਸਤੇ ਕੀਤੀ ਜਾਂਦੀ ਹੈ।
ਸ਼ਬਦ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਬਹੁਤ ਹੀ ਵਧੀਆ ਜੁਗਤੀਆਂ ਸਮਝਾਉਂਦੀ ਹੈ ਕਿ ਪਹਿਲਾਂ ਗੁਰ-ਗਿਆਨ ਨਾਲ ਮਨ ਨੂੰ ਇਕਮਿਕ ਕਰਨਾ ਹੈ ਅਤੇ ਬਾਣੀ ਪ੍ਰਤੀ ਕੋਈ ਸ਼ੰਕਾ ਹੋਵੇ , ਉਸ ਨੂੰ ਗੁਰਮੁਖਾਂ ਦੀ ਸੰਗਤ ਵਿਚ ਨਵਿਰਤ ਕਰਨਾ, ਉਪ੍ਰੰਤ ਮਨ ਨੂੰ ਅਪਣੇ ਨਿੱਜ-ਘਰ ਵਿਚ ਲਿਆਉਣਾ ।ਨਿੱਜ-ਘਰ ਆਏ ਮਨ ਦੀ ਨਿਸ਼ਾਨੀ ਇਹ ਹੈ ਕਿ ਉਹ ਅਪਣੀਆਂ ਇੰਦਰੀਆਂ ਤੇ ਕਾਬੂ ਪਾ ਲੈਂਦਾ ਹੈ ।
ਮਨ ਦਾ ਬਾਹਰ ਜਾਣਾ ਜਦੋਂ ਰੁਕ ਜਾਦਾ ਹੈ ਤਾਂ ਸਾਡੇ ਅੰਦਰੋ ਆਤਮਕ ਗਿਆਨ, ਜੋ ਗੁਰਬਾਣੀ ਦੇ ਭਾਵਾਂ ਨਾਲ ਇਕਮਿਕ ਹੈ, ਪੈਦਾ ਹੋਣਾ ਸ਼ੁਰੂ ਹੋ ਜਾਦਾ ਹੈ ਇਸ ਤੋਂ ਅੱਗੇ ਅਨਹਦ-ਨਾਦ, ਜੋ ਘਟ-ਘਟ ਅੰਦਰ ਵਜ ਰਿਹਾ ਹੈ, ਦੀ ਬਖ਼ਸ਼ਿਸ਼ ਹੁੰਦੀ ਹੈ । ਇਸ ਨੂੰ ਸੁਣਨ ਵਾਲੇ ਗੁਰਸਿੱਖ ਨੂੰਂ ‘ਅਨੰਦ ਸਾਹਿਬ’ ਦੀ ਆਖ਼ਰੀ ਪਾਉੜੀ ਵਿਚ ‘ਵਡਭਾਗੀ’ ਕਿਹਾ ਹੈ ਤੇ ਉਸ ਦੇ ਸਗਲ ਮਨੋਰਥ ਪੂਰੇ ਹੁੰਦੇ ਦੱਸੇ ਹਨ । ਪਿਆਰੇ ਗੁਰਸਿੱਖੋ ! ਤੁਸੀ ਸੱਚੇ ਦਿਲੋਂ ਵਿਚਾਰ ਕੇ ਦੱਸੋ । ਜੇ ਇਸ ਅਖੌਤੀ ਸਤਿਸੰਗ ਵਿਚ ਜੁੜਨ ਨਾਲੋਂ ਸਹੀ ਸਤਿ ਦੇ ਸੰਗ ਨਾਲ ਜੁੜਿਆ ਜਾਂਦਾ ਤਾਂ ਸਾਡੇ ਦੇਸ਼ ਵਿਚ ਕੋਈ ਵੀ ਨਕਲੀ ਦਵਾਈ, ਨਕਲੀ ਘਿਉ, ਦੁੱਧ, ਝੂਠ-ਫਰੇਬ , ਬਲਾਤਕਾਰ ਆਦਿ ਸਮਾਜਕ ਬੁਰਾਈਆਂ ਵੇਖਣ-ਸੁਣਨ ਨੂੰ ਨਾ ਮਿਲਦੀਆਂ ਤੇ ਨਾ ਹੀ ਸਾਡੇ ਅੰਦਰ ਨਗਾਂ ਵਾਲੀਆਂ ਮੁੰਦਰੀਆਂ, ਥਿੱਤਾਂ-ਵਾਰਾਂ, ਮੜ੍ਹੀਆਂ-ਮਸਾਣਾਂ, ਧਾਗੇ-ਤਵੀਤ, ਸ਼ਨੀ, ਮੰਗਲ ਆਦਿ ਗ੍ਰਹਿਆਂ, ਵਾਸਤੂ ਸ਼ਾਸਤਰ ਆਦਿ ਤੇ ਵਿਸ਼ਵਾਸ ਪੈਦਾ ਹੋਣਾ ਸੀ । ਪਰ ਅੱਜ ਅਖੌਤੀ ਸੰਗਤ ਕਰਨ ਵਾਲਿਆਂ ਅੰਦਰ ਇਹੋ ਜਿਹੇ ਵਿਸ਼ਵਾਸ ਆਮ ਵੇਖਣ ਨੂੰ ਮਿਲਦੇ ਹਨ । ਇਹ ਅਖੌਤੀ ਸਤਿਸੰਗ ਕਰਵਾਉਣ ਵਾਲੇ ਆਪੋ-ਆਪਣੇ ਧਰਮਾਂ ਦਾ ਹੀ ਪ੍ਰਚਾਰ ਕਰਦੇ ਹਨ ਜਿਸ ਕਾਰਨ ਸਾਡੇ ਅੰਦਰ ਪਰਾਈ ਤਾਤ, ਨਫ਼ਰਤ, ਭੇਦ-ਭਾਵ ਨਹੀ ਖ਼ਤਮ ਹੁੰਦੇ ਜੋ ਲੜਾਈ-ਝਗੜਿਆਂ ਦਾ ਕਾਰਨ ਬਣ ਜਾਂਦੇ ਹਨ । ਨਿਰੋਲ ਸਤਿ ਦੀ ਸੰਗਤ ਨਾਲ ਇਹ ਦੋਸ਼ ਜੜ੍ਹੋਂ ਹੀ ਖ਼ਤਮ ਹੋ ਜਾਂਦੇ ਹਨ । ਅੰਤ ਵਿਚ ਬੇਨਤੀ ਹੈ ਕਿ ਗੁਰਸਿੱਖ ਦਾ ਗੁਰੂ ਜੀਊਂਦਾ ਹੈ । ਗੁਰੂ ਦੀ ਬਾਣੀ ਦੀ ਵਿਚਾਰ ਅਤੇ ਉਸ ਵਿਚਾਰ ਅਨੁਸਾਰ ਜੀਵਨ ਜੀਊਣ ਦੀ ਲੋੜ ਹੈ । ਇਸ ਕੰਮ ਵਲ ਹਿੰਮਤ , ਭਰੋਸਾ ਅਤੇ ਦ੍ਰਿੜ੍ਹਤਾ ਨਾਲ ਜੁੜੀਏ ਤਾਂ ਸਾਡਾ ਗੁਰੂ ਵਾਲਾ ਜੀਵਨ ਬਣ ਜਾਂਦਾ ਹੈ ਜੋ ਮਨੁੱਖ ਦਾ ਮੌਲਿਕ ਅਧਿਕਾਰ ਹੈ ।
ਗੁਰਬਖ਼ਸ਼ ਸਿੰਘ
9417231762