ਅਖੌਤੀ ਸੰਤ ਹਰੀ ਸਿੰਘ ਰੰਧਾਵੇ ਨੇ ੳਡਾਈਆਂ ਗੁਰਮਤਿ ਸਿਧਾਤਾਂ ਦੀਆਂ ਧੱਜੀਆਂ
ਹਰਨੇਕ ਸਿੰਘ ਨਿਊਜੀਲੈਂਡ
ਆਪੂੰ ਹੀ ਅਖੌਤੀ ਸੰਤ ਬਣੇ ਹਰੀ ਸਿੰਘ ਰੰਧਾਵੇ ਵਾਲੇ ਨੇ ਆਪਣੀ ਕਥਾ ਦੇ ਦੌਰਾਨ ਭਾਰਤੀ ਨਾਰੀ ਦੇ ਇਤਿਹਾਸ ਦੇ ਨਾਂ ਤੇ ਮਨਘੜਤ ਸਾਖੀ ਸੁਣਾ ਕੇ, ਇੱਕ ਪਾਸੇ ਤਾਂ ਕਿਸੇ ਦੇ ਮਨ ਦੇ ਫੁਰਨਿਆਂ ਨੂੰ ਗੁਰੁ ਸਾਹਿਬ ਦੁਆਰਾ ਪੂਰਾ ਕਰਵਾ ਕੇ ਗੁਰੁ ਪਾਤਸ਼ਾਹ ਤੇ ਊਜ ਲਾਈ ਹੈ ਅਤੇ ਨਾਲ ਹੀ ਅਨਮੱਤੀਆਂ ਦੇ ਪੁਨਰਜਨਮ ਦੇ ਸਿਧਾਂਤ ਨੂੰ ਸਿੱਖ ਮੱਤ ਉੱਪਰ ਠੂਸਣ ਦਾ ਕੋਝਾ ਯਤਨ ਕੀਤਾ ਹੈ, ਜਿਸ ਨਾਲ ਗੁਰਮਤਿ ਦੀ ਸੂਝ ਰੱਖਣ ਵਾਲਿਆਂ ਦੇ ਮਨ ਨੂੰ ਠੇਸ ਪੁੱਜੀ ਹੈ।ਸੰਤ ਸਮਾਜ ਦੇ ਮੁੱਖ ਬੁਲਾਰੇ ਅਤੇ ਇਨਾਂ ਦੀ ਯੂਨੀਅਨ ਵਿੱਚੋਂ ਸਭ ਤੋਂ ਸਿਆਣੇ ਗਿਣੇ ਜਾਣ ਵਾਲੇ ਦੀ ਸਿਆਣਪ ਤੋਂ ਕੋਈ ਵੀ ਇਹ ਅੰਦਾਜਾ ਭਲੀ-ਭਾਂਤ ਲਗਾ ਸਕਦਾ ਹੈ ਕਿ ਬਾਕੀਆ ਦਾ ਕੀ ਹਾਲ ਹੋਵੇਗ।ਜਿਨਾਂ ਸਿਧਾਤਾਂ ਦੀ ਇਸ ਭੱਦਰ ਪੁਰਸ਼ ਨੇ ਗੱਲ ਕੀਤੀ ਉਹ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਨਹੀਂ ਹਨ।ਪਤਾ ਨਹੀਂ ਕਿਥੋਂ-ਕਿਥੋਂ ਮਨਘੜਤ ਸਾਖੀਆਂ ਲੈ ਕੇ ਅਰਥ ਕੀਤੇ ਹਨ, ਲਗਦਾ ਹੈ ਕਿ ਇਹ ਵੀ ਭਨਿਆਰੇ ਵਾਲੇ ਦੀ ਤਰਾਂ ਆਪਣਾ ਹੀ ਗ੍ਰੰਥ ਲਿਖਣਗੇ।
ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਮੱਤ ਨੂੰ, ਜਿਹੜਾ ਕਿ ਹਰ ਸਮੇਂ,ਸਥਾਨ, ਜਾਤੀ ਅਤੇ ਲਿੰਗ ਉੱਪਰ ਬਗੈਰ ਕਿਸੇ ਭਿੰਨ-ਭੇਦ ਦੇ ਲਾਗੂ ਹੋ ਸਕਦਾ ਹੈ, ਇਹੋ ਜਿਹੇ ਢਕੌਂਸਲੇਬਾਜ ਕਿਵੇਂ ਤਹਿਸ਼-ਨਹਿਸ਼ ਕਰਨ ਤੇ ਤੁਲੇ ਹੋਏ ਹਨ ? ਆਪੋ-ਆਪਣੇ ਮਹਾਂਪੁਰਖਾਂ ਦੇ ਨਾਂ ਤੇ ਸਾਰੀ ਮਨਮੱਤ ਸਿੱਖਾਂ ਦੇ ਸਿਰ ਮੜ੍ਹ ਕੇ ਹੋਣ ਵਾਲੀ ਪ੍ਰਾਪਤੀ ਤੋਂ, ਇਹ ਬਦਬਖਤ ਕਿਸਮ ਦੇ ਇਨਸਾਨ ਕਿਸੇ ਲੁਕੀ-ਛਿਪੀ ਤਾਕਤ ਨੂੰ ਖੁਸ਼ ਕਰਨਾ ਚਾਹੁੰਦੇ ਹਨ ਜਾਂ ਸਾਡੇ ਗੁਰੁ ਪਾਤਸ਼ਾਹ ਤੋਂ ਕੋਈ ਬਦਲਾ ਲੈ ਰਹੇ ਹਨ, ਇਹ ਇੱਕ ਵਿਚਾਰ ਦਾ ਵਿਸ਼ਾ ਹੈ। ਸੰਗਤਾਂ ਦਾ ਧਾਨ ਅਤੇ ਡੇਰੇਦਾਰਾਂ ਦੀਆਂ ਥੈਲੀਆਂ ਲੈ-ਲੈ ਕੇ ਭ੍ਰਿਸ਼ਟ ਹੋਈ ਮੱਤ ਵਿੱਚੋਂ ਇਹੋ ਜਿਹੀਆਂ ਬੇਥਵੀਆਂ ਸੁਣਨ ਤੋਂ ਬਾਦ ਵੀ ਜੇ ਕਿਸੇ ਨੂੰ ਇਨਾਂ ਤੋਂ ਪੰਥ ਵਾਸਤੇ ਕੁਝ ਕਰ ਗੁਜਰਨ ਦੀ ਆਸ ਹੈ ਤਾਂ ਅਜਿਹੀ ਆਸ ਰੱਖਣ ਵਾਲਿਆਂ ਤੇ ਵੀ ਤਰਸ ਹੀ ਕਰਨਾ ਬਣਦਾ ਹੈ।ਇਨਾਂ ਖੁਦਗਰਜ ਮੌਕਾ-ਪ੍ਰਸਤ ਅਤੇ ਚਾਪਲੂਸ ਕਿਸਮ ਦੇ ਇਨਸਾਨਾਂ ਨੂੰ ਨਾਸਮਝ ਕਹੀਏ ਜਾਂ ਬੇਈਮਾਨ । ਹੋ ਸਕਦਾ ਹੈ ਕਿ ਇਹ ਜਾਣਦੇ ਹੋਏ ਚੰਦ ਟੁਕੜਾਂ ਦੀ ਖਾਤਰ ਹੀ ਕਿਸੇ ਦੇ ਇਸ਼ਾਰੇ ਤੇ ਸਭ ਕੁਝ ਕਰਦੇ ਹੋਣ ਤੇ ਜਾਂ ਫਿਰ ਇਨਾਂ ਦੀ ਅਕਲ ਦਾ ਅੰਤ ਹੀ ਇੱਥੇ ਆ ਕੇ ਹੋ ਜਾਂਦਾ ਹੋਵੇ, ਦੋਵੇਂ ਹਾਲਤਾਂ ਵਿੱਚ ਇਹ ਗੁਰੁ-ਦੋਖੀ ਅਤੇ ਪੰਥ ਦੇ ਗੁਨਾਹਗਾਰ ਹਨ।
ਹੁਣ ਸਵਾਲ ਇਹ ਹੈ ਕਿ ਤਖਤਾਂ ਤੇ ਕਾਬਜ ਪੁਜਾਰੀ ਕਿਸਮ ਦੇ ਜਥੇਦਾਰਾਂ ਨੂੰ ਬਾਦਲਾਂ ਅਤੇ ਮੱਕੜਾਂ ਦੀਆਂ ਚੱਪਲਾਂ ਝਾੜਨ ਤੋਂ ਕਦੋਂ ਵਿਹਲ ਮਿਲੇਗੀ ਅਤੇ ਕਦੋਂ ਗੁਰੁ ਪਾਤਸ਼ਾਹ ਨਾਲ ਕਮਾਏ ਜਾ ਰਹੇ ਧ੍ਰੋਹ ਦੇ ਦੋਸ਼ੀਆਂ ਨੂੰ ਆਪਣੇ ਸਕੱਤਰੇਤ ਵਿੱਚ ਤਲਬ ਕਰਨਗੇ? ਜਥੇਦਾਰਾਂ ਨੂੰ ਚਾਹੀਦਾ ਹੈ ਕਿ ਹਿੰਮਤ ਕਰਕੇ ਹਰੀ ਸਿੰਘ ਵਰਗਿਆਂ ਦੇ ਪ੍ਰੋਗਰਾਮਾਂ ਤੇ ਪਾਬੰਦੀਆਂ ਲਾਉਣ, ਪਰ ਨਹੀਂ ਕਿਉਂਕਿ ਇਹੋ-ਜਿਹੇ ਸਾਨ੍ਹਾਂ ਨੇ ਹੀ ਸੋਨੇ ਦੇ ਖੰਡੇ ਦੇ-ਦੇ ਕੇ ਅਤੇ ਜੇਬਾਂ ਵਿੱਚ ਨੋਟਾਂ ਦੀਆਂ ਥੈਲੀਆਂ ਪਾ ਕੇ ਇਨਾਂ ਨੂੰ ਖੇਡੇ ਜੁ ਪਾਇਆ ਹੋਇਆ ਹੈ। ਨਾਲ ਹੀ ਨਾਲ ਇਹ ਵੀ ਹੋ ਸਕਦਾ ਹੈ ਕਿ ਸਿੱਖਾਂ ਦੇ ਅੰਦਰੋਂ ਪੂਰੀ ਤਰਾਂ ਅਣਖ ਮਰ ਜਾਣ ਤੱਕ ਇਸੇ ਤਰਾਂ ਕਾਰਵਾਈ ਜਾਰੀ ਰੱਖਣ ਦੀ ਵੀ ਹਦਾਇਤ ਹੋਵੇ।ਇਨਾਂ ਦੀ ਨੀਅਤ ਉੱਪਰ ਹੁਣ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ।
ਪ੍ਰੋ ਦਰਸ਼ਨ ਸਿੰਘ ਜੀ ਵਰਗੇ ਸੂਝਵਾਨ ਵਿਦਵਾਨ ਨੂੰ ਪੰਥ ਚੋਂ ਛੇਕਣ ਅਤੇ ਉਨਾਂ ਦੇ ਪ੍ਰੋਗਰਾਮਾਂ ਤੇ ਪਾਬੰਦੀਆਂ ਆਦਿਕ ਲਾਉਣ ਵਰਗੇ ਸਿਲਸਿਲੇ ਤੋਂ ਲਗਦਾ ਹੈ ਕਿ ਇਹ ਲੋਕ ਚਾਹੁੰਦੇ ਹਨ ਕਿ ਅਕਲ ਦੀ ਗੱਲ ਕਰਨ ਵਾਲੇ ਪ੍ਰਚਾਰਕ ਦਾ ਪ੍ਰਚਾਰ ਬੰਦ ਕਰਕੇ ਸਿੱਖਾਂ ਨੂੰ ਹੌਸਲਾ-ਹੀਣ ਕਰੋ ਤਾਂ ਕਿ ਇਨਾਂ ਦੀਆਂ ਰਾਜਗੱਦੀਆਂ ਪੱਕੀਆਂ ਹੋ ਜਾਣ।ਜਾਗਰੂਕ ਸਿੱਖਾਂ ਨੂੰ ਅਪੀਲ ਹੈ ਕਿ ਗੁਰਬਾਣੀ ਦੀ ਵਿਚਾਰ ਕਰਨ ਅਤੇ ਪ੍ਰਚਾਰਕਾਂ ਤੇ ਨਿਰਭਰ ਨਾ ਹੋ ਕੇ ਆਪ ਖੁਦ ਗਿਆਨਵਾਨ ਹੋਣ ਤਾਂ ਕਿ ਜੇ ਪੰਥ ਚੋਂ ਛੇਕਣ ਦੀ ਗੱਲ ਹੋਵੇ ਤਾਂ ਗਿਆਨੀ ਦਿੱਤ ਸਿੰਘ, ਗੁਰਮੁਖ ਸਿੰਘ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਪ੍ਰੋ ਦਰਸ਼ਨ ਸਿੰਘ ਹੁਰਾਂ ਵਰਗਿਆਂ ਦੀ ਲੰਬੀ ਕਤਾਰ ਹੋਵੇ ਤੇ ਪੰਥ ਨੂੰ ਕੋਈ ਵੀ ਕਮੀ ਮਹਿਸੂਸ ਨਾ ਹੋਵੇ।