ਜੱਥੇਦਾਰ ਜੀ, ਘਰ ਵਾਪਸ ਆ ਜਾਓ
ਸਿੰਘ ਸਭਾ ਇੰਟਰਨੈਸ਼ਨਲ
ਅਖੌਤੀ ਜੱਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਬਾਬਾ ਮੱਖਣਸ਼ਾਹ ਲਬਾਣਾ ਗੁਰਦਵਾਰੇ ਵਿਚ ਵੀ ਨਹੀਂ ਬੋਲਣ ਦਿੱਤਾ ਗਿਆ।
ਜੱਥੇਦਾਰ ਜੀ! ਜੋ ਇਹ ਜਾਗ੍ਰਤੀ ਦੀ ਲਹਿਰ ਚੱਲ ਚੁੱਕੀ ਹੈ ਹੁਣ ਉਸ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਬਹੁਤ ਅਸੰਭਵ ਹੋ ਚੁਕਿਆ ਹੈ। ਕ੍ਰਿਪਾ ਕਰੋ ਤੇ ਲਾਲਚ ਨੂੰ ਤਿਆਗ ਕੇ ਆਪਣੇ ਘਰ ਵਾਪਸ ਆ ਜਾਓ, ਇਸੇ ਵਿਚ ਹੀ ਤੁਹਾਡੀ ਭਲਾਈ ਹੈ। 16 ਅਪਰੈਲ 2010 ਨੂੰ ਜੱਥੇਦਾਰ ਅਕਾਲ ਤਖਤ ਨੇ ਮੰਨੂੰਵਾਦੀ ਕੈਲੰਡਰ, ਜੋ ਹੁਣੇ ਹੁਣੇ ਧੁੰਮਾ ਅਤੇ ਮੱਕੜ ਜੁੰਡਲੀ ਨੇ ਨਾਨਸ਼ਾਹੀ ਕੈਲੰਡਰ ਨੂੰ ਵਿਗਾੜ ਕੇ ਤਿਆਰ ਕੀਤਾ ਸੀ, ਰਲੀਜ਼ ਕਰਨਾ ਸੀ। ਇਸੇ ਸਬੰਧ ਵਿਚ ਗਿਆਨੀ ਗੁਰਬਚਨ ਸਿੰਘ ਅਕਾਲ ਤਖਤ ਵਾਲੇ 15 ਅਪਰੈਲ ਨੂੰ ਨਿਊਯਾਰਕ ਪਹੁੰਚੇ ਸਨ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਈਟੀ ਨਿਊਯਾਰਕ, ਅਮੈਰਕਨ ਸਿੱਖ ਓਰਗਾਨਾਈਜੇਸਨ ਨਿਊਯਾਰਕ ਅਤੇ ਸਾਲਾਹਨ ਵੈਲਫੇਅਰ ਸੋਸਾਈਟੀ ਨਿਊਯਾਰਕ ਦੇ ਉਦਮ ਨਾਲ 100ਕੁ ਸਿੱਘਾਂ ਦਾ ਕਾਫਲਾ ਬਾਬਾ ਮੱਖਣ ਸਾਹ ਲਬਾਣਾ ਗੁਰਦਵਾਰਾ ਸਾਹਿਬ ਵਿਚ ਪਹੁੰਚ ਗਿਆ। ਇਸ ਗੁਰਦਵਾਰੇ ਦੇ ਪ੍ਰਧਾਨ ਅਤੇ ਮਾਸਟਰ ਮੁਹਿੰਦਰ ਸਿੰਘ ਜੀ ਨਾਲ ਇਨ੍ਹਾਂ ਸਿੰਘਾਂ ਨੇ ਇਹੀ ਗੱਲ ਕੀਤੀ ਕਿ ਇਸ ਅਖੌਤੀ ਜੱਥੇਦਾਰ ਨਾਲ ਸਾਡੀ ਗੱਲ ਕਰਵਾਓ। ਜੇਕਰ ਇਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਤਾਂ ਇਸ ਨੂੰ ਅਸੀਂ ਬੋਲਣ ਨਹੀਂ ਦੇਵਾਂਗੇ। ਜੇ ਕਰ ਇਹ ਜੱਥੇਦਾਰ ਸਾਡੇ ਸਵਾਲਾਂ ਦਾ ਤਸੱਲੀ ਬਖਸ਼ ਜਵਾਬ ਦੇ ਦਿੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਇਹ ਸਟੇਜ਼ ਤੇ ਖੜ ਕੇ ਜੋ ਮਰਜ਼ੀ ਕਹੇ ਜਾਂ ਜਿਹੜੇ ਮਰਜ਼ੀ ਕੈਲੰਡਰ ਨੂੰ ਰਲੀਜ਼ ਕਰੇ।
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥2॥ {ਪੰਨਾ 953} ਓਹੀ ਹੋਇਆ ਜੋ ਗੁਰੂ ਦਾ ਫੁਰਮਾਣ ਹੈ। ਕੂੜ ਨੇ ਗੁਰਦਵਾਰੇ ਵਿਚ ਦਰਸ਼ਨ ਹੀ ਨਹੀਂ ਦਿੱਤੇ। ਇਹ ਵੀ ਪਤਾ ਚੱਲਿਆ ਹੈ ਕਿ ਅਖੌਤੀ ਜੱਥੇਦਾਰ ਜੀ ਇਸ ਤੋਂ ਅੱਗੇ ਕੈਲੇਫੋਰਨੀਆ ਵੱਲ ਨੂੰ ਚਾਲੇ ਪਾ ਗਏ ਹਨ। ਗੁਰਦਵਾਰੇ ਦੇ ਪ੍ਰਬੰਧਕਾਂ ਅਤੇ ਉਪਰ ਵਰਨਣ ਤਿੰਨ੍ਹਾਂ ਜੱਥੇਬੰਦੀਆਂ ਵਿਚਕਾਰ ਗੱਲਬਾਤ ਸ਼ਾਂਤੀ ਪੂਰਵਕ ਰਹੀ। ਕਿਸੇ ਕਿਸਮ ਦਾ ਤਨਾਓ ਦੇਖਣ ਵਿਚ ਨਹੀਂ ਮਿਲਿਆ। ਆਖਰ ਨੂੰ ਸਿੰਘਾਂ ਦੇ ਜੱਥੇ ਜੱਥੇਦਾਰ ਤੋਂ ਬਗੈਰ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲਾਉਂਦੇ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ।
ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਬਲ ਕੈਨੇਡਾ