ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਲਿਫਾਫਾ ਪ੍ਰਧਾਨ ਦਾ ਫੌਜਦਾਰੀ ਮੁਕੱਦਮਾ ਸਿਆਸਤ ਤੋਂ ਪ੍ਰਭਾਵਤ

ਸਿੰਘ ਸਭਾ ਇੰਟਰਨੈਸ਼ਨਲ



ਸਪੋਕਸਮੈਨ ਜਦੋਂ ਅਖਬਾਰ ਦੇ ਰੂਪ ਵਿਚ ਨਹੀਂ ਛੱਪਦਾ ਸੀ, ਸਗੋਂ ਇਕ ਮੈਗਜ਼ੀਨ ਦੇ ਰੂਪ ਵਿਚ ਹੀ ਲੋਕਾਂ ਦੇ ਹੱਥਾਂ ਤਕ ਅੱਪੜਦਾ ਸੀ, ਇਹ ਅਖਬਾਰ ਉਦੋਂ ਵੀ ਸਿੱਖਾਂ ਨੂੰ ਜਗਾਉਣ ਦੀ ਗੱਲ ਕਰਦਾ ਸੀ ਤੇ ਸਪੋਕਸਮੈਨ ਦੀ ਪਿਛਲੇ ਪੰਜਾਂ ਛਿਆਂ ਸਾਲਾਂ ਦੀ ਇਹ ਘਾਲਣਾ ਅਵਾਮ ਵਿਚ ਜਾਗਰੁਕਤਾ ਲਿਆਈ ਹੈ ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਹਾਂ ਜਿਨ੍ਹਾਂ ਪੁਜਾਰੀਆਂ ਅਤੇ ਲੋਕਾਂ ਨੇ ਲੋਕਾਂ ਦੀ ਲੁੱਟ ਕਰਨੀ ਹੈ ਅਤੇ ਅੰਧਿਵਿਸ਼ਵਾਸ਼ ਫੈਲਾਉਣਾ ਹੈ ਉਨ੍ਹਾਂ ਨੂੰ ਇਹ ਜਾਗਰੁਕਤਾ  ਕਦੋਂ ਮਾਫਕ ਆ ਸਕਦੀ ਹੈ। ਜੇਬਾਂ ਵਿਚੋਂ ਨਿਕਲਣ ਵਾਲੇ ਪ੍ਰਧਾਨਾਂ ਤੇ ਜੱਥੇਦਾਰਾਂ ਨੂੰ ਇਹ ਹੱਕ-ਸੱਚ ਦੀ ਅਵਾਜ਼ ਪਸੰਦ ਕਿਵੇਂ ਆ ਸਕਦੀ ਹੈ? ਤੋਲਦੇ ਕੁਫਰ ਹਨ ਤੇ ਫਿਰ ਵੀ ਇਹ ਲੋਕ ਆਪਣੇ ਆਪ ਨੂੰ ਬਾਬੇ ਨਾਨਕ ਦੇ ‘ਨਿਰਮਲ ਪੰਥ’ ਦੇ ਵਾਰਸ ਅਖਵਾਉਂਦੇ ਹਨ। ਪਰ ਇਹ ਕੰਮ ਤਾਂ ਮਹੰਤ ਨਰੈਣੂ ਵੀ ਕਰਦਾ ਸੀ ਜਦੋਂ ਉਹ ਬਾਬੇ ਦੇ ਜਨਮ ਅਸਥਾਨ ਦੀ ਸੇਵਾ ਸੰਭਾਲ ਕਰਨ ਦਾ ਹੋਕਾ ਦਿੰਦਾ ਸੀ। ਅਕਾਲ ਪੁਰਖ ਦੇ ‘ਅਕਾਲ ਤਖਤ’ ਤੇ ਅਤੇ ਇਸਦੇ ਆਸ-ਪਾਸ ਕਿਤਨਾ ਕੁਫਰ ਤੋਲਿਆ ਜਾ ਰਿਹਾ ਹੈ ਇਸਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਕੀ ਲੰਗਰ ਦੇ ਜੱਥੇਦਾਰ ਦੀ ਗੱਲ ਕਰੀਏ, ਕੀ ਕੜਹਾ ਪ੍ਰਸ਼ਾਦਿ ਦੀ ਗੱਲ ਕਰੀਏ, ਕੀ ਪ੍ਰਕਰਮਾ ਦੀ ਸੇਵਾ ਸੰਭਾਲ ਅਤੇ ਪੱਥਰ ਲਗਾਉਣ ਵਾਲੇ ਸੇਵਕ ਦੀ ਗੱਲ ਕਰੀਏ, ਕੀ ਅਖੰਡ-ਪਾਠ ਬੁੱਕ ਕਰਨ ਵਾਲੇ ਸੇਵਾਦਾਰ ਦੀ ਗੱਲ ਕਰੀਏ, ਕੀ ਕਿਤਬਾਂ ਦੀ ਛਪਾਈ ਵਾਲੇ ਦੀ ਗੱਲ ਕਰੀਏ ਤੇ ਕੀ ਪ੍ਰਿਸ ਵਾਸਤੇ ਪੇਪਰ ਖਰੀਦਣ ਵਾਲੇ ਦੀ ਗੱਲ ਕਰੀਏ, ਕੀ ਚਾਨਣੀ ਤੇ ਰੁਮਾਲਿਆਂ ਵਾਲਿਆਂ ਦੀ ਗੱਲ ਕਰੀਏ ਇਹ ਸਾਰੇ ਇੱਕੋ ਹੱਟੀ ਦੇ ਚੱਟੇ-ਵੱਟੇ ਹਨ।
ਜੱਥੇਦਾਰੋ ਤੇ ਪ੍ਰਧਾਨੋ! ਕੁੱਝ ਅਕਲ ਤੋਂ ਕੰਮ ਲਓ। ਨਾਦਰਸ਼ਾਹੀ ਫੁਰਮਾਨ ਕਰਕੇ ਤੁਸੀਂ ਵੇਖ ਲਏ, ਇੱਧਰ ਦਮਦਮੀ ਟਕਸਾਲ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ‘ਸਿੱਖ ਲਹਿਰ’ ਗੁਰਦਵਾਰੇ ਦੇ ਪ੍ਰਬੰਧਕਾਂ ਤੇ ਕਿਰਪਾਨਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਵੀ ਤੁਸੀਂ ਸ਼ਾਬਾਸ਼ ਦੇ ਕੇ ਆਪਣਾ ਚਾਓ ਪੂਰਾ ਕਰ ਲਿਆ, ਇਹ ਜਾਗਰੁਕਤਾ ਵਾਲੀ ਲਹਿਰ ਹੁਣ ਰੁਕਣ ਵਾਲੀ ਨਹੀਂ। ਮਹੰਤ ਨਰੈਣੂ ਤਾਂ ਇਕ ਅਸਥਾਨ ਤੇ ਕਾਬਜ਼ ਸੀ ਪਰ ਹੁਣ ਤਾਂ ਤੁਸੀਂ ਹਰ ਇਕ ਗੁਰਦਵਾਰੇ ਵਿਚ ਕਬਜ਼ਾ ਕਰੀ ਬੈਠੇ ਹੋ। ਇਸ ਕਰਕੇ 150-180 ਸਹੀਦੀਆਂ ਨਾਲ ਇਹ ਕੰਮ ਨਹੀਂ ਬਣਨਾ ਹੁਣ ਤਾਂ ਸਾਰੀ ਸਿੱਖ ਕੌਮ ਨੂੰ ਹੀ ਸ਼ਹੀਦ ਬਣਨਾ ਪੈਣਾ ਹੈ।
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੀ ਵੱਖਰੇ ਵੱਖਰੇ ਸਹਿਰਾਂ ਵਿਚ ਅੱਜ 10 ਮਾਰਚ ਨੂੰ ਮੀਟਿੰਗ ਹੋਈ ਤੇ ਲਿਫਾਫਾ ਪ੍ਰਧਾਨ ‘ਮੱਕੜ’ ਵਲੋਂ ਸਪੋਕਿਸਮੈਨ ਦੇ ਵਿਰੁਧ ਜੋ ਫੌਜ਼ਦਾਰੀ ਮੁਕੱਦਮਾ, ਧਾਰਾ 295-ਏ ਦੇ ਤਹਿਤ ਦਰਜ਼ ਕੀਤਾ ਗਿਆ ਹੈ, ਦੀ ਨਿਖੇਦੀ ਕੀਤੀ ਅਤੇ ਉਸਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਦੀ ਅਪੀਲ ਕੀਤੀ। ਤਾਂ ਹੀ ਤਾਂ ਪ੍ਰੈਸ ਦੀ ਅਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕਦਾ। ਮੀਟਿੰਗ ਦੀ ਸਮਾਪਤੀ ਤੇ ਸਪੋਕਿਸਮੈਨ ਅਖਬਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ।
ਗੁਰੂ ਦੇ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ: ਬਰੈਂਪਟਨ ਵਿੰਗ ਦੇ ਸੁਖਦੇਵ ਸਿੰਘ ਸੇਖੋਂ, ਹਰਜੀਤ ਸਿੰਘ ਭੁੱਲਰ, ਮਨਦੀਪ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ ਘੋਲੀਆ, ਕੁਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਗੁਰਪ੍ਰੀਤ ਸਿੰਘ ਪੰਜਗਰਾਈਂ, ਚਰਨਜੀਤ ਸਿੰਘ ਅਤੇ ਗੁਰਚਰਨ ਸਿੰਘ ਜਿਉਣਵਾਲਾ।
ਵਿਨੀਪੈਗ ਵਿੰਗ:- ਬਲਜੀਤ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ ਸੰਧੂ, ਜੋਗਿੰਦਰ ਸਿੰਘ ਧਾਮੀ
ਵਿਕਟੋਰੀਆ ਤੋਂ ਭਾਈ ਅਮਰਜੀਤ ਸਿੰਘ
ਅਤੇ ਵੈਨਕੂਵਰ ਤੋਂ ਭਾਈ ਬਚਿਤ੍ਰ ਸਿੰਘ, ਹਰਕਵਲ ਸਿੰਘ ਅਤੇ ਸਵਰਨ ਸਿੰਘ ਹੋਰਾਂ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ।