ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਭੂਤ ਪ੍ਰੇਤ ਅਤੇ ਗੈਬੀ ਰੂਹਾਂ

ਅਵਤਾਰ ਸਿੰਘ ਮਿਸ਼ਨਰੀ


ਭੂਤ-ਸੰਸਕ੍ਰਿਤ ਦਾ ਸ਼ਬਦ ਹੈ, ਜਿਸਦੇ ਪ੍ਰਕਰਣ ਅਨੁਸਾਰ ਵੱਖਰੇ ਵੱਖਰੇ ਅਰਥ ਹਨ।ਜਿਵੇਂ ਮਹਾਂਨ ਕੋਸ਼ ਅਨੁਸਾਰ ਭੂਤ-ਬੀਤਿਆ ਹੋਇਆ, ਗੁਜਰਿਆ ਹੋਇਆ, ਭੁਤ ਕਾਲ, ਭੂਤ=ਇੱਕ ਜੱਟ ਜਾਤਿ, ਭੂਤ=ਜੇਹਾ “ਸਾਰਭੂਤ ਸਤਿ ਹਰਿ ਕੋ ਨਾਉ” (ਸੁਖਮਨੀ) ਭੂਤ=ਪੰਚ ਦੂਤ ਕਰ ਭੂਤਵਸਿ (ਭਾ. ਗੁ.) ਭਾਵ ਪੰਚ ਵਿਕਾਰ ਵਸੀਭੂਤ ਕਰਕੇ-ਪੰਚ ਭੂਤ ਸਚਿ ਭੈ ਰਤੇ (ਸ੍ਰੀ ਰਾਗ ਮ:1), ਭੂਤ=ਪੰਜ ਤੱਤ ਪਾਣੀ, ਹਵਾ, ਅੱਗ, ਧਰਤੀ ਤੇ ਅਕਾਸ਼ “ਪੰਚ ਭੂਤ ਕਰ ਸਾਜੀ ਦੇਹ” (ਸੂਰਜ ਪ੍ਰਕਾਸ਼) ਭੂਤ-ਪੰਜ ਵਿਸ਼ੇ-ਸ਼ਬਦ, ਸ਼ਪਰਸ਼, ਰੂਪ, ਰਸ, ਗੰਧ “ਪੰਚ ਭੂਤ ਸਬਲ ਹੈ ਦੇਹੀ” (ਨਟ ਮ:4) ਭੂਤ=ਜੀਵ ਭਾਵ ਪ੍ਰਾਣੀ “ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ” (ਸੋਰਠ ਮ:5) ਭੂਤ=ਸ਼ਵ (ਮੁਰਦਾ ਸਰੀਰ) “ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉਂ ਦੀਆ” (ਸੋਰਠ ਕਬੀਰ ਜੀ) ਭੂਤ=ਸੰਸਾਰ, ਭੂਤ-ਇਨਸਾਫ, ਭੂਤ=ਤੱਤ, ਸਾਰ, ਨਿਚੋੜ, ਭੂਤ=ਸਤਯ, ਭੂਤ=ਮਹੀਨੇ ਦਾ ਹਨੇਰਾ ਪੱਖ, ਭੂਤ=ਭੂਤਨਾ-ਮਹਾਂਭਾਰਤ ਤੇ ਵਾਯੂਪੁਰਾਣ ਵਿੱਚ ਲਿਖਿਆ ਹੈ ਕਿ ਦਕਸ਼ ਦੀ ਪੁਤਰੀ ਕ੍ਰੋਧਾ ਦੇ ਉਦਰ ਤੋਂ ਕਸ਼ਯਪ ਦੀ ਉਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿੰਦੇ ਹਨ ਪਰ ਇਹ ਕਲਪਿਤ ਕਹਾਣੀ ਹੈ।

ਪ੍ਰੇਤ-ਇਹ ਵੀ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ-1. ਰਵਾਨਾ ਹੋਇਆ 2. ਮੋਇਆ ਹੋਇਆ 3. ਮੁਰਦਾ 4. ਭੂਤ ਜਿੰਨ “ਮਾਇਆ ਮੋਹੁ ਪਰੇਤੁ ਹੈ” (ਵਾਰ ਗੂਜਰੀ ਮ:3) 5. ਪ੍ਰੇਤਪੁਣਾ “ਖਿਨ ਮਹਿ ਬਿਨਸਿਓ ਮਹਾਂ ਪਰੇਤ” (ਭੈਰਉਂ ਮ:5)

ਗੈਬੀ ਰੂਹਾਂ-ਗੈਬ ਅਰਬੀ ਦਾ ਸ਼ਬਦ ਹੈ ਜਿਸ ਦਾ ਭਾਵ ਹੈ-ਗੁਪਤ, ਗੈਬੀ=ਗੁਪਤ ਰਹਿਣਵਾਲਾ। ਰੂਹ ਵੀ ਅਰਬੀ ਦਾ ਹੀ ਸ਼ਬਦ ਹੈ ਅਰਥ ਹੈ-ਜੀਵਆਤਮਾ (ਸਰੀਰ ਦੀ ਚੇਤਨ ਸਤਾ) “ਗਹਿਲਾ ਰੂਹ ਨਾ ਜਾਣਈ” (ਸਲੋਕ ਫਰੀਦ ਜੀ)

ਭੂਤ ਸ਼ਬਦ ਦੇ ਭਾਈ ਵੀਰ ਸਿੰਘ ਅਨੁਸਾਰ ਅਰਥ-ਇਹ ਸੰਸਕ੍ਰਿਤ ਦਾ ਸ਼ਬਦ ਹੈ ਭੂਤ-1 ਤੱਤ 2 ਮੁਰਦਾ-ਸਰੀਰ “ਭੂਤੁ ਰਹਿਣ ਕਿਉਂ ਦੀਆ” (654) 3 ਪ੍ਰੇਤ, ਭੂਤਨੇ “ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ” (1374) 4 ਕਾਮ ਆਦਿਕ ਖੋਟੇ ਭਾਵ “ਦੁੰਦਰ ਦੂਤ ਭੂਤ ਭੀਹਾਲੇ” (1031)

ਪ੍ਰੇਤ-ਇਹ ਵੀ ਸੰਸਕ੍ਰਿਤ ਦਾ ਸ਼ਬਦ ਹੈ, ਦੇ ਅਰਥ ਹਨ-ਪ੍ਰੇ=ਅੱਗੇ+ਇਤ=ਗਿਆ ਹੋਇਆ ਭਾਵ 1. ਮਰ ਗਿਆ ਹੋਇਆ, ਮੁਰਦਾ 2. ਭੂਤ=ਮਰੇ ਹੋਏ ਦੀ ਅਬਗਤ ਆਤਮਾਂ 3. ਜੂਨਾਂ ਵਿੱਚੋਂ ਪਹਿਲੀ ਜੂਨ ਜਿਸ ਵਿੱਚ ਆਤਮਾ, ਲਿੰਗ ਸਰੀਰ ਵਿੱਚ ਰਹਿ ਕੇ ਪਰਮ ਦੁਖੀ ਹੁੰਦੀ ਹੈ “ਪ੍ਰੇਤ ਪਿੰਜਰ ਮਹਿ ਦੂਖ ਘਨੇਰੇ” (1029)

ਗੈਬੀ ਰੂਹਾਂ-ਗੁਪਤ ਜੀਵਆਤਮਾਵਾਂ “ਬਹਿਸਨਿ ਰੂਹਾਂ ਮਲਿ” (1383) ਗੈਬੀ ਰੂਹਾਂ ਦਾ ਡਰ ਪ੍ਰਚਾਰ ਵੀ ਬੂਬਨੇ ਸਾਧ ਹੀ ਕਰਦੇ ਹਨ।ਜੋ ਖਾਸ ਕਰਕੇ ਔਰਤਾਂ ਨੂੰ ਗੁਗਲ ਦਾ ਧੂੰਆਂ ਨੱਕ ਨੂੰ ਚੜ੍ਹਾ ਕੇ ਵਾਲ ਖਿਲਾਰ ਕੇ ਖੇਡਣ ਲਾ ਦਿੰਦੇ ਹਨ ਤੇ ਕਹਿ ਦਿੰਦੇ ਹਨ ਇਸ ਵਿੱਚ ਫਲਾਨੇ ਦੀ ਰੂਹ ਪ੍ਰਵੇਸ਼ ਕਰ ਗਈ ਹੈ।ਕਦੇ ਚਮਟਿਆਂ ਨਾਲ ਕੁਟਦੇ ਹਨ ਕਦੇ ਕੋਈ ਦਵਈ ਖਵਾ ਕੇ ਪਾਗਲ ਕਰ ਦਿੰਦੇ ਹਨ।ਕਦੇ ਕਹਿੰਦੇ ਹਨ ਤੁਸੀਂ ਪਿਛਲੇ ਜਨਮ ਦੀਆਂ ਰੂਹਾਂ ਸਾਡੀਆਂ ਪਤਨੀਆਂ ਸੀ ਜੋ ਵਿਛੜ ਗਈਆਂ ਇਉਂ ਕਹਿ ਕੇ ਕਈ ਸਾਧ ਨੌ ਜਵਾਨ ਕੁੜੀਆਂ ਨੂੰ ਵਰਗਾ ਵੀ ਲੈਂਦੇ ਹਨ ਤੇ ਹਿਪਨੋਟਿਜਮ ਰਾਹੀਂ ਵੀ ਅਜਿਹਾ ਕਰਦੇ ਹਨ।

ਜਿੰਨ-ਭੂਤ-ਪ੍ਰੇਤ-ਬੇਤਾਲ-ਭਾਈ ਕਾਨ੍ਹ ਸਿੰਘ ਨ੍ਹਾਭਾ ਜੀ ਗੁਰਮਤਿ ਮਾਰਤੰਡ ਦੇ ਪੰਨਾ 508-509 ਤੇ ਲਿਖਦੇ ਹਨ ਕਿ ਪੰਜਾਂ ਤੱਤਾਂ ਦਾ ਨਾਮ ਭੂਤ ਹੈ ਪਰ ਭ੍ਰਮ ਗ੍ਰਸੇ ਅਗਿਆਨੀਆਂ ਨੇ ਮਰੇ ਹੋਏ ਜੀਵਾਂ ਦੀ ਆਤਮਾ ਦੇ ਕਈ ਨਾਮ ਰੱਖ ਕੇ ਅਡੰਬਰ ਰਚ ਰੱਖੇ ਹਨ।ਤਾਂਤ੍ਰਿਕਾਂ ਦੇ ਵੱਸ ਪਏ ਆਸੇਬ ਛਾਇਆ ਆਦਿਕ ਮੰਨ ਕੇ ਗੁਰਮਤਿ ਵਿਰੁੱਧ ਕਰਮ ਕਰਦੇ ਹਨ।ਵਾਸਤਵ ਵਿੱਚ ਕਰਤਾਰ ਤੋਂ ਬੇਮੁਖ ਕੁਕਰਮਾਂ ਦੇ ਪ੍ਰੇਮੀ ਦੁਖਦਾਈ ਲੋਕਾਂ ਦੀ ਭੂਤ-ਪ੍ਰੇਤ ਆਦਿ ਸੰਗਯਾ ਹੈ।ਇਹੀ ਤਾਮਸੀ ਜੀਵ ਗੁਰ ਉਪਦੇਸ਼ ਤੇ ਅਮਲ ਕਰਕੇ ਦੇਵ ਪਦਵੀ ਭਾਵ ਗਯਾਨ ਮੋਖਸ਼ ਦੀ ਅਵੱਸਥਾ ਨੂੰ ਪ੍ਰਾਪਤ ਕਰ ਸਕਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦਾ ਭੂਤਾਂ-ਪ੍ਰੇਤਾਂ ਬਾਰੇ ਉਪਦੇਸ਼-ਅੰਤਰਿ ਵਸਤੁ ਮੂੜਾ ਬਾਹਰੁ ਭਾਲੇ॥ਮਨਮੁਖ ਅੰਧੇ ਫਿਰਹਿ ਬੇਤਾਲੇ॥(117-ਮ:3) ਬੇਤਾਲ ਉਹ ਮੁਰਦਾ ਜਿਸ ਵਿੱਚ ਅਗਿਆਨ ਰੂਪ ਭੂਤ ਨੇ ਪ੍ਰਵੇਸ਼ ਕੀਤਾ ਹੈ ਪਰ ਹਿੰਦੂ ਮੱਤ ਦੇ ਗ੍ਰੰਥਾਂ ਅਨੁਸਾਰ ਉਹ ਮੁਰਦਾ ਜਿਸ ਵਿੱਚ ਭੁਤ ਆ ਵੜਿਆ ਹੈ।ਮਾਇਆ ਮੋਹੁ ਪਰੇਤ ਹੈ ਕਾਮੁ ਕ੍ਰੋਧੁ ਅਹੰਕਾਰਾ॥(513-ਮ:3) ਭਾਵ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਵੀ ਪ੍ਰੇਤ ਰੂਪ ਹਨ।ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬੇਤਾਲੇ ਰਾਮ॥(540-ਮ:4) ਜੋ ਦੁਨੀਆਂ ਦੀ ਮੋਹ ਮਾਇਆ ਵਿੱਚ ਜਕੜੇ ਪਏ ਹਨ ਅਸਲ ਵਿੱਚ ਉਹ ਹੀ ਬੇਤਾਲੇ=ਭੁਤ ਹਨ।ਹਰਿ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ॥(706-ਮ:5) ਹੇ ਨਾਨਕ ਜੋ ਪਭੂ ਭਗਤੀ ਤੋਂ ਵਿਹੂਣੇ ਤੇ ਉਸ ਨੂੰ ਵਿਸਾਰੀ ਬੈਠੇ ਹਨ ਉਹਨਾਂ ਦੀ ਸੰਗਿਆ ਹੀ ਪ੍ਰੇਤ ਹੈ।ਹਰਿ ਕੇ ਨਾਮ ਹੀਨ ਬੇਤਾਲ॥(1222-ਮ:5) ਪ੍ਰਭੂ ਨਾਮ ਤੋਂ ਖਾਲੀ ਭਾਵ ਉਸਦੀ ਯਾਦ ਵਿਸਾਰੀ ਬੈਠੇ ਹੀ ਭੂਤ ਹਨ।ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥(ਕਬੀਰ ਜੀ) ਕਬੀਰ ਜੀ ਫੁਰਮਾਂਦੇ ਹਨ ਕਿ ਜਿਨ੍ਹਾਂ ਘਰਾਂ ਵਿੱਚ ਕਦੇ ਸਤਸੰਗ, ਸੰਗਤ ਦੀ ਸੇਵਾ ਨਹੀ ਅਤੇ ਜੋ ਇੱਕ ਹਰੀ ਪ੍ਰਮਾਤਮਾਂ ਨੂੰ ਛੱਡ ਕੇ ਹੋਰਨਾਂ ਕਿਰਤਮ ਜੀਵਾਂ ਦੇਵੀ ਦੇਵਤਿਆਂ ਅਤੇ ਭੇਖੀ ਸਾਧਾਂ ਸੰਤਾਂ ਦੀ ਉਪਾਸ਼ਨਾ ਕਰਦੇ ਹਨ-ਉਨ੍ਹਾਂ ਦੇ ਘਰ ਹੀ ਮੜੀਆਂ ਮਸਾਣਾਂ ਵਰਗੇ ਹਨ ਅਤੇ ਉਨ੍ਹਾਂ ਘਰਾਂ ਵਿੱਚ ਵੱਸਣ ਵਾਲੇ ਹੀ ਭੂਤ ਹਨ ਭਾਵ ਜਿੰਦਾ ਮੁਰਦੇ ਹਨ।ਕਲਿ ਮਹਿ ਪ੍ਰੇਤ ਜਿਨ੍ਹੀ ਰਾਮ ਨਾ ਪਛਾਤਾ-ਰਮੇ ਹੋਏ ਰਾਮ ਨੂੰ ਨਾਂ ਪਛਾਨਣ ਵਾਲੇ ਹੀ ਅਸਲ ਪ੍ਰੇਤ ਹਨ।

ਸੋ ਉਰੋਕਤ ਪ੍ਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਮਿਰਤਕ ਸਰੀਰ ਦਾ ਨਾਮ ਹੀ ਭੂਤ ਪ੍ਰੇਤ ਹੈ ਅਤੇ ਪ੍ਰਭੂ ਨੂੰ ਭੁਲਣ ਵਾਲੇ ਹੀ ਭੂਤਨੇ ਤੇ ਪ੍ਰੇਤ ਹਨ।ਗਰਸਿੱਖ ਨੇ ਹਮੇਸ਼ਾਂ ਭੂਤ ਨੂੰ ਛੱਡ ਭਵਿੱਖ ਵੱਲ ਵਧਣਾ ਹੈ-ਅਗਾਹ ਕੂ ਤ੍ਰਾਂਗ ਪਿਛਾ ਫੇਰਿ ਨਾ ਮੋਹਡੜਾ (ਗੁਰੂ ਗ੍ਰੰਥ) ਤੇ ਵਰਤਮਾਨ ਵਿੱਚ ਵਰਤਨਾ ਹੈ।ਗੁਰਸਿੱਖ ਨੂੰ ਕਦੇ ਵੀ ਗੈਬੀ ਰੂਹਾਂ ਕਲਪਿਤ ਭੂਤਾਂ ਪ੍ਰੇਤਾਂ ਤੋਂ ਨਹੀਂ ਡਰਨਾ ਚਾਹੀਦਾ ਅਤੇ ਭੇਖੀ ਸਾਧਾਂ ਸੰਤਾਂ ਦੇ ਡੇਰਿਆਂ ਤੇ ਜਾ ਕੇ ਆਪਣਾ ਕੀਮਤੀ ਸਮਾਂ ਤੇ ਧੰਨ ਦੌਲਤ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਕਲਪਿਤ ਭੂਤਾਂ ਪ੍ਰੇਤਾਂ ਦੇ ਡਰ ਸਾਡੇ ਮਨ ਵਿੱਚ ਬਿਠਾ ਕੇ ਸਾਨੂੰ ਲੁਟਦੇ ਰਹਿੰਦੇ ਹਨ ਜਿਵੇਂ ਬਾਬਾ ਵਡਭਾਗ ਸਿੰਘ ਦੇ ਡੇਰੇ ਵਿੱਚ ਭੂਤ ਕੱਢਣ ਦਾ ਢੌਂਗ ਰਚਿਆ ਜਾਂਦਾ ਹੈ ਅਤੇ ਹੋਰ ਵੀ ਕਈ ਥਾਂਈ ਅਜਿਹਾ ਹੂੰਦਾ ਹੈ।ਅਜਿਹੇ ਭੇਖੀ ਸਾਧਾਂ ਨੇ ਸਾਡੇ ਗੁਰੂਆਂ ਭਗਤਾਂ ਨਾਲ ਵੀ ਭੂਤਾਂ ਪ੍ਰੇਤਾਂ ਦੀਆਂ ਕਲਪਿਤ ਕਹਾਣੀਆਂ ਜੋੜ ਰੱਖੀਆਂ ਹਨ ਜੋ ਸਰਾਸਰ ਝੂਠ ਹਨ।ਕਈ ਵਾਰ ਸੁਤੇ ਪਿਆਂ ਜੇ ਸਾਡੇ ਹੱਥ ਛਾਤੀ ਤੇ ਪਏ ਹੋਣ ਤਾਂ ਖੂਨ ਦਾ ਦਬਾਓ ਰੁਕਣ ਕਰਕੇ ਬਹੁਤ ਭਾਰ ਜਿਹਾ ਪੈਂਦਾ ਹੈ ਸਾਡਾ ਸਾਹ ਔਖਾ ਆਉਣ ਲੱਗ ਜਾਂਦਾ ਹੈ ਤੇ ਅਸੀਂ ਸਮਝਦੇ ਹਾਂ ਕਿ ਕੋਈ ਗੈਬੀ ਚੀਜ ਨੇ ਐਸਾ ਕੀਤਾ ਹੈ ਜੋ ਸਾਡੇ ਮਨ ਦਾ ਭੁਲੇਖਾ ਹੁੰਦਾ ਹੈ।

ਦਾਸ ਨਾਲ ਵੀ ਐਸਾ ਕਈ ਵਾਰ ਹੋਇਆ ਹੈ ਪਰ ਜਦ ਦਾ ਹੱਥ ਛਾਤੀ ਤੇ ਰੱਖ ਕੇ ਸਾਉਣਾ ਛੱਡਿਆ ਹੈ ਫਿਰ ਕਦੀ ਵੀ ਐਸਾ ਦੱਬਾ ਨਹੀਂ ਪਿਆ।ਆਮ ਮੰਨਿਆਂ ਜਾਂਦਾ ਹੈ ਕਿ ਮੜੀਆਂ ਮਸਾਣਾ ਕਬਰਾਂ ਆਦਿਕ ਥਾਵਾਂ ਤੇ ਭੂਤ ਪ੍ਰੇਤ ਹੁੰਦੇ ਹਨ।ਜੁਤੀਆਂ ਸਮੇਤ ਮੜੀਆਂ ਮਸਾਣਾ ਕਬਰਾਂ ਆਦਿਕ ਤੇ ਨਾਂ ਚੜ੍ਹੋ ਦਾਸ ਦੀ ਜਿੰਦਗੀ ਵਿੱਚ ਅਜਿਹੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ।ਮਮਦੋਟ ਪੰਜਾਬ ਦੇ ਇੱਕ ਪਿੰਡ ਵਿਖੇ ਨੌਂ ਗਜੇ ਪੀਰ ਦੀ ਕਬਰ ਬਣੀ ਹੋਈ ਸੀ ਤੇ ਉਹ ਹੀ ਮੇਨ ਰਸਤਾ ਪਿੰਡੋਂ ਬਾਹਰ ਨੂੰ ਜਾਣਦਾ ਸੀ ਪਿੰਡ ਵਾਸੀ ਉਧਰੋਂ ਲੰਘਣ ਤੋਂ ਬਹੁਤ ਡਰਦੇ ਸਨ।ਸਾਨੂੰ ਕੁਦਰਤੀ ਉਸ ਪਿੰਡ ਵਿੱਚ ਅਖੰਡ ਪਾਠ ਕਰਨ ਦਾ ਮੌਕਾ ਮਿਲਿਆ ਤੇ ਓੁਪਰੋਕਤ ਕਹਾਣੀ ਦਾ ਪਤਾ ਲੱਗਾ।ਭੋਗ ਤੇ ਕਥਾ ਕਰਦਿਆਂ ਅਸੀਂ ਪਿੰਡ ਵਾਸੀਆਂ ਨੂੰ ਸਮਝਾਇਆ ਗੁਰੂ ਸਾਹਿਬਾਨ ਦੀ ਸਿਖਿਆ ਤੇ ਚਲਦੇ ਹੋਏ ਅਜਿਹੇ ਵਹਿਮ ਭਰਮ ਛੱਡ ਦਿਓ ਪਰ ਉਹ ਨਾਂ ਮੰਨੇ ਤਾਂ ਅਸੀਂ ਕੀ ਕੀਤਾ ਕਿ ਉਸ ਪੀਰ ਦੀ ਕਬਰ ਤੋਂ ਕਪੜਾ ਲਾਹ ਲਿਆ ਅਤੇ ਲਾਗਲੇ ਪਿੰਡੋਂ ਉਸ ਕਪੜੇ ਦੇ ਕਛਹਿਰੇ ਤੇ ਫਤੂਹੀਆਂ ਸਵਾਂ ਕੇ ਪਾ ਲਈਆਂ ਤੇ ਫਿਰ ਉਸ ਪਿੰਡ ਵਾਪਿਸ ਆ ਕੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਦੇਖੋ ਸਾਡੇ ਤੇ ਪੀਰ ਦਾ ਕੋਈ ਅਸਰ ਨਹੀਂ ਹੈ। ਇਉਂ ਪਿੰਡ ਵਾਸੀਆਂ ਦਾ ਸਾਧਾਂ ਸੰਤਾਂ ਵਲੋਂ ਪਾਇਆ ਹੋਇਆ ਭਰਮ ਡਰ ਭੈ ਦੂਰ ਕੀਤਾ।

ਦੂਜੀ ਵਾਰ ਜਦੋਂ ਦਾਸ ਰੋਪੜ ਮਿਸ਼ਨਰੀ ਕਾਲਜ ਚੌਂਤੇ ਵਿਖੇ ਪੜ੍ਹਦਾ ਸੀ, ਨਹਿਰੋਂ ਪਾਰ ਸੁਰਤਾਪੁਰ ਪਿੰਡ ਦੀ ਜੂਹ ਵਿੱਚ ਸ਼ਮਸ਼ਾਨਘਾਟ ਸੀ ਲੋਕ ਭੂਤਾਂ ਪ੍ਰੇਤਾਂ ਤੇ ਗੈਬੀ ਰੁਹਾਂ ਤੋਂ ਬਚਣ ਤੇ ਆਪਣੇ ਵੱਡੇ ਵਡੇਰਿਆਂ ਪਿਤਰਾਂ ਦੀ ਪੂਜਾ ਕਰਦੇ ਹੋਏ ਦੀਵਾਲੀ, ਸਰਾਧ ਆਦਿਕ ਤਿਉਹਾਰਾਂ ਤੇ ਮਠਿਆਈਆਂ, ਸਰੋਂ ਦੇ ਤੇਲ ਦੀਆਂ ਕੈਨੀਆਂ ਤੇ ਬੋਤਲਾਂ ਅਤੇ ਨਵੇਂ ਬਰਤਨ ਚੜ੍ਹਾ ਜਾਂਦੇ ਸਨ।ਸਾਡਾ ਕਾਲਜ ਲਾਗੇ ਹੀ ਚੌਤੇ ਪਿੰਡ ਦੇ ਖੇਤਾਂ ਵਿੱਚ ਸੀ।ਅਸੀਂ ਮੂੰਹ ਹਨੇਰੇ ਜਾਣਾ ਤੇ ਮਠਿਆਈਆਂ, ਤੇਲ ਤੇ ਬਰਤਨ ਚੱਕ ਲਿਆਉਣੇ ਮਠਿਆਈਆਂ ਖਾ ਪੀ ਲੈਣੀਆਂ ਤੇਲ ਬਰਤਨ ਵੀ ਵਰਤ ਲੇਣੇ ਸਾਨੂੰ ਕਦੇ ਵੀ ਕਿਸੇ ਭੂਤ ਪ੍ਰੇਤ ਛਾਇਆ ਨੇ ਨਹੀਂ ਸੀ ਡਰਾਇਆ।

ਤੀਜੀ ਵਾਰ ਇਥੇ ਕੈਲੇਫੋਰਨੀਆਂ ਦੇ ਬੇ-ਏਰੀਏ ਦੇ ਸ਼ਹਿਰ ਲਿਵਰਮੋਰ ਵਿਖੇ ਜਿਥੇ ਇੱਕ ਖੇਤਾਂ ਵਿੱਚ ਘਰ ਦੀ ਸਕਿਉਰਟੀ ਦੀ ਜਾਬ ਦੀ ਸਾਈਟ ਸਾਡੀ ਕੰਪਨੀ ਕੋਲ ਸੀ।ਓਥੇ ਮੈਕਸੀਕਿਆਂ ਮਜਦੂਰਾਂ ਨੇ ਇਹ ਅਫਵਾਹ ਫੈਲਾ ਰੱਖੀ ਸੀ ਕਿ ਇੱਥੇ ਰਾਤ ਨੂੰ ਭੂਤ ਚੀਕਾਂ ਮਾਰ ਮਾਰ ਕੇ ਡਰਾਉਂਦੇ ਹਨ ਇਸ ਕਰਕੇ ਸਕਿਉਰਟੀ ਅਫੀਸਰ ਓਥੇ ਜਾਣ ਤੋਂ ਕੰਨੀ ਕਤਰਾਉਂਦੇ ਹਨ।ਕੁਝ ਦਿਨਾਂ ਬਾਅਦ ਦਾਸ ਦੀ ਡਿਊਟੀ ਵੀ ਓਥੇ ਲੱਗ ਗਈ ਮੈਨੂੰ ਵੀ ਓਥੇ ਜਾਬ ਕਰਨ ਵਾਲੇ ਸਕਿਉਰਟੀ ਆਫੀਸਰ ਨੇ ਦੱਸਿਆ ਕਿ ਕੇਅਰਫੁਲ ਰਹਿਣਾ ਇੱਥੇ ਰਾਤ ਨੂੰ ਭੂਤ ਚੀਕਾਂ ਮਾਰ ਕੇ ਡਰਾਉਂਦੇ ਹਨ।ਇੱਕ ਦੋ ਦਿਨ ਮੈਂ ਵੀ ਉਹ ਡਰਾਉਣੀਆਂ ਚੀਕਾਂ ਸੁਣੀਆਂ ਅਤੇ ਹੌਂਸਲਾ ਕਰਕੇ ਗੁਰਬਾਣੀ ਦਾ ਪਾਠ ਕਰਦਾ ਹੋਇਆ ਟਾਰਚ ਲੈ ਕੇ ਜਦ ਉਸ ਘਰ ਦੇ ਅੰਦਰ ਜਾ ਕੇ ਬੜੇ ਧਿਆਨ ਨਾਲ ਦੇਖ ਭਾਲ ਕੀਤੀ ਤਾਂ ਕੀ ਦੇਖਿਆ ਕਿ ਬੈਟਰੀ ਵਾਲੇ ਖਿਡਾਉਣਿਆਂ ਤੇ ਭੂਤਾਂ ਦੇ ਮੌਖੱਟੇ ਪਾ ਕੇ ਟਾਈਮ ਸੈੱਟ ਕਰਕੇ ਰੱਖੇ ਹੋਏ ਸਨ ਜਦ ਹਨੇਰਾਂ ਹੋ ਜਾਣਾ ਤਾਂ ਉਨ੍ਹਾਂ ਦੀਆਂ ਡਰਾਉਣੀਆਂ ਵਾਜਾਂ ਆਉਣੀਆਂ। ਮੈਂ ਇਹ ਸਾਰਾ ਕੁਝ ਰਾਤ ਦੀ ਰੀਪੋਰਟ ਵਿੱਚ ਲਿਖ ਦਿੱਤਾ ਤੇ ਸਕਿਉਰਟੀ ਆਫਿਸ ਵਿਖੇ ਫੋਨ ਵੀ ਕਰ ਦਿੱਤਾ ਤਾਂ ਫਿਰ ਕਦੇ ਵੀ ਓਥੇ ਗੈਬੀ ਚੀਕਾਂ ਨਹੀਂ ਸੀ ਆਈਆਂ।

ਸੋ ਸਾਨੂੰ ਕਲਪਿਤ ਭੂਤਾਂ ਪ੍ਰੇਤਾਂ ਪ੍ਰਤੀ ਸਾਧਾਂ ਸੰਤਾਂ ਤੇ ਵੱਡੇ ਵਡੇਰਿਆਂ ਦੇ ਪਾਏ ਹੋਏ ਭਰਮ ਭੁਲੇਆਿਂ ਤੇ ਭੂਤਾਂ ਦੇ ਛਲ ਫਰੇਬਾਂ ਤੋਂ ਨਹੀਂ ਡਰਨਾ ਚਾਹੀਦਾ।ਸਾਨੂੰ ਬ੍ਰਾਹਮਣ ਨੇ ਇਨ੍ਹਾਂ ਭੈ ਭੀਤ ਕੀਤਾ ਹੋਇਆ ਹੈ ਕਿ ਅਸੀਂ ਤਾਂ ਬਿਲੀ ਰਸਤਾ ਕੱਟ ਗਈ ਤਾਂ ਡਰ ਗਏ, ਕਿਸੇ ਨੇ ਤੁਰਨ ਵੇਲੇ ਛਿੱਕ ਮਾਰਤੀ ਤਾਂ ਡਰ ਗਏ, ਜੇ ਕਿਤੇ ਅਚਾਨਕ ਖੋਤਾ ਹੀਂਗ ਪਿਆ ਤਾਂ ਡਰ ਗਏ ਕਿਉਂਕਿ ਅਸੀਂ ਬਹੁਤੇ ਇਨ੍ਹਾਂ ਸਾਧਾਂ ਸੰਤਾਂ ਤੇ ਬ੍ਰਾਹਮਣਾਂ ਨੂੰ ਹੀ ਗੁਰੂ ਮੰਨ ਕੇ ਸਿਜਦੇ ਕਰੀ ਜਾ ਰਹੇ ਹਾਂ ਜੋ ਸਾਨੂੰ ਗੁਰਬਾਣੀ ਵਿਚਾਰ ਨਾਲੋਂ ਤੋੜ ਕੇ ਕੇਵਲ ਗੁਰਬਾਣੀ ਦੇ ਸੌ ਸੌ ਪਾਠ ਤੇ ਸਾਧਾਂ ਸੰਤਾਂ ਦੀ ਸੇਵਾ ਕਰਨ ਚ’ ਹੀ ਲਾ ਛਡਦੇ ਹਨ।

ਦਾਸ ਦਾਵੇ ਨਾਲ ਆਖਦਾ ਹੈ ਕਿ ਜੋ ਵੀ ਮਾਈ ਭਾਈ ਸ਼ਰਧਾ ਪਿਆਰ ਤੇ ਵਿਚਾਰ ਨਾਲ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦਾ ਹੈ ਉਹ ਅਖੌਤੀ ਭੂਤਾਂ ਪ੍ਰੇਤਾਂ ਨੂੰ ਨਾ ਮੰਨਦਾ ਤੇ ਨਾਂ ਹੀ ਇਨ੍ਹਾਂ ਤੋਂ ਡਰਦਾ ਹੈ।ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਰੂਹਾਂ ਗੈਬੀ ਨਹੀਂ ਹੁੰਦੀਆਂ ਸਗੋਂ ਜਦ ਸਾਡਾ ਸਰੀਰ ਭੂਤ ਹੋ ਜਾਂਦਾ ਹੈ ਭਾਵ ਮਰ ਜਾਂਦਾ ਹੈ ਤਾਂ ਇਹ ਪੰਜ ਤੱਤ (ਭੂਤ) ਬਿਖਰ ਕੇ-ਪਵਣੇ ਮਹਿ ਪਵਣ ਸਮਾਇਆ॥ਜੋਤੀ ਮਹਿ ਜੋਤਿ ਰਲ ਜਾਇਆ॥(ਗੁਰੂ ਗ੍ਰੰਥ) ਰਲ ਜਾਦੇ ਹਨ, ਇਹ ਸਭ ਕਰਤੇ ਦੀ ਖੇਡ ਹੈ ਇਸ ਖੇਡ ਨੂੰ ਗੁਰੂ ਗਿਆਨ ਦੁਆਰਾ ਸਮਝਣ ਦੀ ਲੋੜ ਹੈ ਨਾ ਕਿ ਇਧਰ-ਉਧਰ ਸਾਧਾਂ ਸੰਤਾਂ ਦੇ ਡੇਰਿਆਂ ਤੇ ਭੜਕਣ ਦੀ, ਜੋ ਅੱਜ ਤੱਕ ਭੂਤਾਂ ਪ੍ਰੇਤਾਂ ਤੇ ਗੈਬੀ ਰੂਹਾਂ ਦਾ ਡਰ ਨਹੀਂ ਦੂਰ ਕਰ ਸਕੇ ਸਗੋਂ ਡਰ ਪਾ ਕੇ ਅਗਿਆਨੀ ਜਨਤਾ ਨੂੰ ਦੋਹੀਂ ਹੱਥੀ ਲੁੱਟੀ ਜਾ ਰਹੇ ਹਨ।ਜੋ ਅਸੀਂ ਕਥਾਂ ਕਹਾਣੀਆਂ ਵਿੱਚ ਇਨ੍ਹਾਂ ਭੱਦਰ ਪੁਰਸ਼ਾ ਤੋਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ ਉਹ ਹੀ ਫਿਰ ਰਾਤ ਨੂੰ ਸੁਪਨੇ ਵਿੱਚ ਸਾਡੇ ਮਨ ਦੀ ਰੀਲ ਚੋਂ ਲੰਘਦੀਆਂ ਹਨ ਤੇ ਅਸੀਂ ਉਭੜਵਾਹੇ ਡਰ ਜਾਂਦੇ ਹਾਂ।ਸਾਨੂੰ ਕਦੇ ਵੀ ਬਚਿਆਂ ਨੂੰ ਭੂਤਾਂ ਪ੍ਰੇਤਾਂ ਦੀਆਂ ਕਲਪਿਤ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ ਜਿਨ੍ਹਾਂ ਕਰਕੇ ਰਾਤ ਨੂੰ ਸਪਨੇ ਵਿੱਚ ਬੱਚੇ ਡਰਨ।ਸਾਡਾ ਗੁਰੂ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਉਸ ਦੇ ਸਿੱਖ ਹਾਂ ਨਾ ਕਿ ਕਿਸੇ ਸਾਧ ਦੇ। ਸੋ ਅਸੀਂ ਹੁਕਮ ਵੀ ਗੁਰੂ ਦਾ ਹੀ ਮੰਨਣਾ ਹੈ ਨਾਂ ਕਿ ਕਿਸੇ ਹੋਰ ਦਾ।ਅੱਜ ਦੇ ਸਾਡੇ ਜਥੇਦਾਰ ਅਤੇ ਸਾਧ ਘਿਓ ਖਿਚੜੀ ਹੋਏ ਪਏ ਹਨ ਅਤੇ ਗੁਰਮਤਿ ਵਿਰੋਧੀ ਗ੍ਰੰਥਾਂ ਦੀ ਕਥਾ ਕਰਨ ਦੇ ਆਦੇਸ਼ ਦੇ ਰਹੇ ਹਨ, ਜਿਸ ਕਰਕੇ ਵਹਿਮ ਭਰਮ ਜੋਰਾਂ ਸ਼ੋਰਾਂ ਨਾਲ ਫੈਲ ਰਹੇ ਹਨ।ਸੋ ਅਸੀਂ ਕੇਵਲ ਤੇ ਕੇਵਲ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਭਾਵ ਗੁਰਬਾਣੀ ਨੂੰ ਅਰਥਾਂ ਸਮੇਤ ਸਮਝ ਕੇ ਅਤੇ ਉਸ ਉੱਪਰ ਅਮਲ ਕਰਕੇ ਹੀ ਭੂਤ ਪ੍ਰੇਤਾਂ ਦੇ ਪਾਏ ਡਰ ਤੋਂ ਬਚ ਸਕਦੇ ਹਾਂ।

ਦਾਸ ਦਾ ਇੱਕ ਗੁਰਭਾਈ ਵੀਰ ਸੁਖਦੇਵ ਸਿੰਘ ਜੀ ਸਿਖਿਆਰਥੀ ਜੋ ਇਨ੍ਹਾਂ ਸਾਧਾਂ ਰੂਪੀ ਭੂਤਾਂ ਦੇ ਚੱਕ੍ਰ ਵਿੱਚ ਫਸ ਗਿਆ ਸੀ ਅੱਜ ਜਦ ਗੁਰਬਾਣੀ ਰਾਹੀਂ ਸੋਝੀ ਆਈ ਹੈ ਤਾਂ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ਕਿ ਇਹ ਭੇਖੀ ਸਾਧ ਹੀ ਅਸਲ ਵਿੱਚ ਭੂਤ ਪ੍ਰੇਤ ਤੇ ਜੋਕਾਂ ਹਨ ਜੋ ਸਿੱਖ ਕੌਮ ਨੂੰ ਚਿੰਬੜ ਗਈਆਂ ਹਨ ਇਨ੍ਹਾਂ ਤੋਂ ਬਚਣ ਦੀ ਅਤਿਅੰਤ ਲੋੜ ਹੈ ਇਹ ਜਿੰਦਾ ਦਣ ਦਾਨੌਂਦੇ ਭੂਤ ਹਨ। ਲੋਕੋ ਬਚੋ ਇਨ੍ਹਾਂ ਤੋਂ! ਛੱਡੋ ਇਨ੍ਹਾਂ ਭੂਤਾਂ ਪ੍ਰੇਤਾਂ ਦਾ ਪ੍ਰਚਾਰ ਕਰਨ ਵਾਲੇ ਭੇਖੀਆਂ ਦਾ ਸਾਥ।ਗਰੂ ਭਲੀ ਕਰੇ, ਸਭ ਨੂੰ ਕਰਤਾਰ ਚਿੱਤ ਆਵੇ ਅਤੇ ਗੁਰੂ ਗਿਆਨ ਸਦਕਾ ਸਭ ਭਰਮ ਭੁਲੇਖੇ ਦੂਰ ਹੋ ਜਾਵਣ।