ਗੁਰਦੁਆਰੇ ਦੀ ਵਿਆਖਿਆ ਅਤੇ ਵਿਲੱਖਣਤਾ
ਅਵਤਾਰ ਸਿੰਘ ਮਿਸ਼ਨਰੀ

ਮਹਾਨ ਕੋਸ਼ ਅਨੁਸਾਰ ਗੁਰਦੁਆਰੇ ਦਾ ਅਰਥ ਹੈ-ਗੁਰੂ ਰਾਹੀਂ, ਗੁਰੂ ਦੀ ਮਾਰਫ਼ਤ, ਗੁਰੂ ਦੇ ਜ਼ਰੀਏ, ਗੁਰੂ ਦਾ ਘਰ, ਗੁਰ ਅਸਥਾਂਨ, ਧਰਮਮੰਦਰਿ, ਧਰਮਸ਼ਾਲਾ ਆਦਿਕ। ਭਾਈ ਕਾਨ੍ਹ ਸਿੰਘ ਜੀ ਨਾਭਾ ਅੱਗੇ ਹੋਰ ਲਿਖਦੇ ਹਨ ਕਿ ਗੁਰ ਅਸਥਾਂਨ ਜਿਸ ਨੂੰ ਦਸ ਸਤਿਗੁਰਾਂ ਵਿੱਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਂਮ, ਲੰਗਰ, ਵਿਦਿਆ ਅਤੇ ਕੀਰਤਨ ਕਥਾ ਆਦਿ ਦਾ ਗੁਰਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦਾ ਨਾਮ ਗੁਰਦੁਆਰਾ ਹੈ। ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਪਾਂਧੀਆਂ ਲਈ ਗਿਆਨ ਦਾ ਸੋਮਾਂ, ਰੋਗੀਆਂ ਲਈ ਸ਼ਫ਼ਾਖਾਨਾਂ (ਹਸਪਤਾਲ) ਭੁਖਿਆਂ ਲਈ ਅੰਨ ਭੰਡਾਰ, ਇਸਤਰੀ ਜਾਤ ਦੀ ਪਤਿ ਰੱਖਣ ਲਈ ਲੋਹਮਈ ਕਿਲ੍ਹਾ ਅਤੇ ਮੁਸਾਫ਼ਰਾਂ ਲਈ ਬਿਸ਼੍ਰਾਂਮ ਦਾ ਅਸਥਾਂਨ ਹੈ। ਜੇ ਗੁਰਦੁਆਰਿਆਂ ਵਿੱਚ ਅਜਿਹਾ ਪ੍ਰਬੰਧ ਹੋ ਜਾਵੇ ਤਾਂ ਸਿੱਖ ਧਰਮ ਦਾ ਪ੍ਰਚਾਰ, ਵਿਦਿਆ ਦਾਨ, ਅਨਾਥਾਂ ਦਾ ਪਾਲਨ ਅਤੇ ਅਨੇਕ ਪ੍ਰਕਾਰ ਦੀ ਦਸਤਕਾਰੀ ਆਦਿਕ ਉੱਤਮ ਕਰਮ ਬੜੀ ਅਸਾਨੀ ਨਾਲ ਪੂਰਨ ਹੋ ਸਕਦੇ ਹਨ ਕਿਉਂਕਿ ਗੁਰਦੁਆਰਾ ਗਿਆਨ ਦਾ ਘਰ ਹੈ-ਗੁਰੂ ਦੁਆਰੇ ਹੋਇ ਸੋਝੀ ਪਾਇਸੀ॥(730) ਸਤਿਗੁਰਾਂ ਅਤੇ ਬੁੱਢੇਦਲ ਵੇਲੇ ਇਸ ਵੱਲ ਖਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ ਗੁਰਮਤਿ ਵਿੱਚ ਪੱਕਾ ਅਤੇ ਉੱਚੇ ਅਚਾਰ ਵਾਲਾ ਹੁੰਦਾ ਪਰ ਮਹਾਂਰਾਜਾ ਰਣਜੀਤ ਸਿੰਘ ਵੇਲੇ ਗੁਰਦੁਆਰਿਆਂ ਦਾ ਪ੍ਰਬੰਧ ਭ੍ਰਿਸ਼ਟ ਮਹੰਤਾਂ ਕੋਲ ਆ ਜਾਣ ਕਰਕੇ ਸਾਰੀ ਮਰਯਾਦਾ ਅਤੇ ਪ੍ਰਬੰਧ ਉਲਟ-ਪੁਲਟ ਹੋ ਗਿਆ। ਗੁਰਦੁਆਰਿਆਂ ਨੂੰ ਆਪਣੀ ਮਲਕੀਅਤ ਬਣਾ ਲਿਆ ਗਿਆ ਅਤੇ ਉਹ ਕੰਮ ਹੋਣ ਲੱਗੇ ਜਿਨ੍ਹਾਂ ਦਾ ਜਿਕਰ ਕਰਦੇ ਸ਼ਰਮ ਆਉਂਦੀ ਹੈ। ਫਿਰ ਸਮੇਂ ਦੇ ਗੇੜ ਨਾਲ 30 ਅਪ੍ਰੈਲ ਸੰਨ 1921 ਨੂੰ ਰਲੇ ਮਿਲੇ ਗੁਰਮੁਖ ਪਿਆਰਿਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਭ੍ਰਿਸ਼ਟ ਮਹੰਤਾਂ ਅਤੇ ਪ੍ਰਬੰਧਕਾਂ ਤੋਂ ਗਰਦੁਆਰੇ ਅਜ਼ਾਦ ਕਰਵਾਏ ਅਤੇ ਗੁਰਦੁਆਰਿਆਂ ਵਿੱਚ ਗੁਰਮੁਖ ਵਿਦਵਾਨਾਂ ਰਾਹੀਂ ਧਰਮ ਪ੍ਰਚਾਰ ਹੋਣ ਲੱਗਾ।
ਗੁਰੂ ਨਾਨਕ ਜਿਥੇ ਵੀ ਜਾਂਦੇ ਸੰਗਤਾਂ ਕਾਇਮ ਕਰਦੇ, ਜਿਥੇ ਸੰਗਤ ਜੁੜਦੀ ਉਸ ਥਾਂ ਦਾ ਨਾਂ ਸੰਗਤ ਸਾਹਿਬ ਜਾਂ ਧਰਮਸਾਲਾ ਰੱਖਿਆ ਜਾਂਦਾ-ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ (ਭਾ.ਗੁ.) ਸੰਗਤ ਕਰਕੇ ਹੀ ਧਰਮਸਾਲ ਜਾਂ ਗੁਰਦੁਆਰਾ ਹੈ ਕਿਉਂਕਿ ਸੰਗਤ ਵਿੱਚ ਮਿਲ ਬੈਠਣ ਨਾਲ ਭਾਈਚਾਰਾ ਪ੍ਰਪੱਕ ਹੁੰਦਾ ਹੈ, ਪਰਸਪਰ ਪਿਆਰ ਅਤੇ ਵਿਚਾਰਾਂ ਦੀ ਸਾਂਝ ਵਧਦੀ ਹੈ, ਕਾਰਜਾਂ ਲਈ ਮਿਲਵਰਤਣ ਪੈਦਾ ਹੁੰਦਾ, ਸੇਵਾ ਦਾ ਮੌਕਾ ਅਤੇ ਸਿਦਕ ਨੂੰ ਤਕੜਾਈ ਮਿਲਦੀ ਹੈ। ਸੰਗਤ ਵਿੱਚ ਨਾਮ ਬਾਣੀ ਦਾ ਸੰਚਾਰ ਹੁੰਦਾ ਹੈ, ਪ੍ਰਭੂ ਦੀ ਯਾਦ ਵਿੱਚ ਮਨ ਜੁੜਦਾ ਅਤੇ ਦੁਬਿਧਾ ਦੂਰ ਹੁੰਦੀ ਹੈ-ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥(1185) ਸੰਗਤ ਵਿੱਚ ਗੁਰ ਗਿਆਨ ਮਿਲਦਾ, ਮਨ ਦੀ ਮੈਲ ਲੱਥਦੀ, ਆਤਮਾਂ ਸ਼ੁੱਧ ਹੁੰਦੀ, ਕਰਮਕਾਂਡਾਂ ਅਤੇ ਮੋਹ ਤੋਂ ਮੁਕਤੀ ਮਿਲਦੀ ਹੈ। ਭਾ. ਨੰਦ ਲਾਲ ਜੀ ਨੇ ਸਿੱਖ ਧਰਮ ਨੂੰ ਸਾਧ ਸੰਗਤ ਦਾ ਧਰਮ ਕਿਹਾ ਹੈ-“ਹਮ ਚੁਨਾਂ ਦਰ ਮਜ਼ਹਬੇ ਈਂ ਸਾਧ ਸੰਗ”
ਗੁਰਦੁਆਰੇ ਦਾ ਮੂਲ “ਗੁਰੂ ਗ੍ਰੰਥ ਸਾਹਿਬ” ਅਤੇ ਗੁਰੂ ਕੀ ਸੰਗਤ ਹੈ ਜਿਸ ਬਿਨਾਂ ਗੁਰਦੂਆਰਾ ਸਥਾਪਿਤ ਹੀ ਨਹੀਂ ਹੁੰਦਾ ਅਤੇ ਗਰਦੁਆਰੇ ਦੇ ਕਾਰਜਾਂ ਨੂੰ ਸੰਗਤ ਦੇ ਚੁਣੇ ਸਹੀ ਨੁਮਾਇਂੰਦੇ ਹੀ ਚਲਾ ਸਕਦੇ ਹਨ। ਇਸ ਕਰਕੇ ਪ੍ਰਬੰਧਕ ਗਿਆਨਵਾਨ ਅਤੇ ਗੁਰਮੁਖ ਹੋਣੇ ਚਾਹੀਦੇ ਹਨ। ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕੋਈ ਗ੍ਰੰਥ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਅੱਜ ਨਿਹੰਗ ਅਤੇ ਡੇਰੇਦਾਰ ਸੰਪ੍ਰਦਾਈ ਦਸਮ ਗ੍ਰੰਥ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਕਰੀਬ 50 ਸਾਲ ਬਾਅਦ ਹੋਂਦ ਵਿੱਚ ਆਇਆ ਦਾ ਕਰ ਰਹੇ ਹਨ। ਗੁਰਮਤਿ ਵਿਰੋਧੀ ਗ੍ਰੰਥਾਂ ਦੀ ਕਥਾ ਵੀ ਗੁਰੂ ਘਰਾਂ ਵਿੱਚ ਹੋ ਰਹੀ ਹੈ। ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਣਾ ਚਾਹੀਦਾ ਹੈ।
ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਵੀ ਝੂਲਦਾ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਉਹ ਸਥਾਂਨ ਹੈ ਜਿਥੇ ਦੁਨੀਆਂ ਦਾ ਹਰੇਕ ਇਨਸਾਨ ਗੁਰੂ ਗਿਆਨ ਰਾਹੀਂ ਮਨ ਦੀ ਭੁੱਖ, ਗੁਰੂ ਕੇ ਲੰਗਰ ਰਾਹੀਂ ਤਨ ਦੀ ਭੁੱਖ ਦੂਰ ਕਰ ਸਕਦਾ ਹੈ। ਰਾਹੀ ਪਾਂਧੀ ਅਥਿਤੀ ਇਥੇ ਵਿਸ਼ਰਾਂਮ ਕਰ ਸਕਦਾ ਹੈ। ਇਥੇ ਕਿਸੇ ਨੂੰ ਹੇਟ ਨਹੀਂ ਕੀਤਾ ਜਾਂਦਾ ਸਗੋਂ ਸਭ ਨੂੰ ਸਾਂਝਾ ਉਪਦੇਸ਼ ਮਿਲਦਾ ਹੈ-ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ॥(747) ਨਿਸ਼ਾਨ ਪੰਥ ਦੀ ਅਜ਼ਾਦ ਹਸਤੀ ਦਾ ਵੀ ਪ੍ਰਤੀਕ ਹੈ ਪਰ ਅੱਜ ਕੱਲ ਬਹੁਤੇ ਡੇਰੇਦਾਰ ਜਿਵੇਂ ਨਾਨਕਸਰੀਏ ਆਦਿਕ ਨਿਸ਼ਾਨ ਸਾਹਿਬ ਹੀ ਨਹੀਂ ਝੁਲਉਂਦੇ। ਅੱਜ ਗੁਰੂ ਘਰਾਂ ਵਿੱਚ ਵੀ ਨਿਸ਼ਾਨ ਦੀ ਮਹਾਂਨਤਾ ਨੂੰ ਵਿਸਾਰ ਕੇ ਕੇਵਲ ਧੂਫ ਵਟੀ, ਦੁੱਧ ਦਹੀਂ ਨਾਲ ਧੋਹਾ-ਧੁਆਈ, ਮੋਮ ਬੱਤੀਆਂ ਤੇ ਦੀਵੇ ਜਗਾਉਣੇ ਅਤੇ ਮੱਥੇ ਟੇਕਣਾ ਆਦਿਕ ਕਰਮਕਾਂਡ ਹੀ ਰਹਿ ਗਿਆ ਹੈ। ਨਗਾਰਾ ਦਿਵਾਨ ਦੀ ਸਮਾਪਤੀ, ਲੰਗਰ ਵਰਤਾਉਣ ਵੇਲੇ ਅਤੇ ਜੰਗਾਂ ਜੁੱਧਾਂ ਵਿੱਚ ਧਾਈ ਕਰਨ ਅਤੇ ਹੋਲੇ ਮਹੱਲੇ ਵੇਲੇ ਅਤੇ ਜੰਗ ਜਿੱਤਣ ਦੀ ਸੂਰਤ ਵਿੱਚ ਵਜਾਇਆ ਜਾਂਦਾ ਹੈ ਪਰ ਅੱਜ ਕਈ ਗੁਰਦੁਆਰਿਆਂ ਵਿੱਚ ਅਰਦਾਸ ਦੇ ਵਿੱਚ-ਵਿੱਚ ਬਿਨਾ ਵਜਾ ਹੀ ਵਜਾ ਕੇ ਸੰਗਤ ਦਾ ਧਿਆਨ ਖੰਡਤ ਕੀਤਾ ਜਾਂਦਾ ਹੈ ਜੋ ਅਰਦਾਸ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਜੁੜੀ ਹੁੰਦੀ ਹੈ।
ਗੁਰੂ ਘਰ ਵਿੱਚ ਪੜ੍ਹੇ ਲਿਖੇ ਵਿਦਵਾਨ ਤੇ ਗੁਰਮੁਖ ਰਾਗੀ-ਗੰ੍ਰਥੀ ਅਤੇ ਸੇਵਾਦਾਰ ਹੋਣੇ ਚਾਹੀਦੇ ਹਨ ਅਤੇ ਉਨ੍ਹਾ ਦਾ ਬਣਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ। ਪ੍ਰਬੰਧਕ ਆਪਣੇ ਆਪ ਨੂੰ ਕੇਵਲ ਬੰਦੋਬਸਤੀਏ ਸੇਵਾਦਾਰ ਸਮਝਣ ਮਾਲਕ ਨਹੀਂ। ਉਨ੍ਹਾਂ ਦਾ ਰਹਿਣ ਸਹਿਣ ਵੀ ਵਧੀਆ ਹੋਣਾ ਚਾਹੀਦਾ ਹੈ, ਵੇਖਣ ਵਿੱਚ ਆਉਂਦਾ ਹੈ ਕਿ ਗੁਰਦੁਆਰੇ ਦੀ ਬਿਲਡਿੰਗ ਤਾਂ ਆਲ੍ਹੀਸ਼ਾਨ ਬਣਾ ਲਈ ਜਾਂਦੀ ਹੈ ਪਰ ਗ੍ਰੰਥੀਆਂ ਰਾਗੀਆਂ ਅਤੇ ਕਥਾਵਾਚਕਾਂ ਦੀ ਰਹਾਇਸ਼ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੂੰ ਤਨਖਾਵਾਂ ਵੀ ਘੱਟ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਉਹ ਵਿਚਾਰੇ ਪਾਠਾਂ ਦੀਆਂ ਰੌਲਾਂ ਲਾ ਲਾ ਕੇ ਥੱਕ ਜਾਂਦੇ ਹਨ ਅਤੇ ਗੁਰਬਾਣੀ ਵਿਚਾਰ ਕਰ ਨਹੀਂ ਸਕਦੇ ਅਤੇ ਉਨ੍ਹਾਂ ਦਾ ਸਾਰਾ ਧਿਆਨ ਪ੍ਰਵਾਰ ਦੀ ਸੇਵਾ ਸੰਭਾਲ ਵੱਲ ਖਿਚਿਆ ਰਹਿੰਦਾ ਹੈ।
ਗੁਰਦੁਆਰੇ ਵਿੱਚ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਵਿਚਾਰ ਹੁੰਦੀ ਹੈ। ਜਿਥੇ ਵਿਦਵਾਨ ਪਾਠੀ, ਕੀਰਤਨੀਏ ਅਤੇ ਕਥਾਵਾਚਕ-ਪ੍ਰਚਾਰਕ ਸੰਗਤਾਂ ਨੂੰ ਗੁਰੂ ਗਿਆਨ ਨਾਲ ਜੋੜਦੇ ਹਨ। ਗੁਰੂ ਦਾ ਹਰੇਕ ਸਿੱਖ ਪਾਠ, ਕੀਰਤਨ, ਕਥਾ ਅਤੇ ਅਰਦਾਸ ਕਰ ਸਕਦਾ ਹੈ। ਗੁਰਬਾਣੀ ਪੜ੍ਹਨਾਂ ਵਿਚਾਰਨਾ ਅਤੇ ਧਾਰਨਾ ਹਰੇਕ ਸਿੱਖ ਦਾ ਫਰਜ ਹੈ। ਪਾਠਾਂ ਦੀਆਂ ਲੜੀਆਂ ਦੇ ਥਾਂ ਗੁਰਬਾਣੀ ਸੰਥਿਆ ਦੇ ਪ੍ਰਵਾਹ ਚਲਣੇ ਚਾਹੀਦੇ ਹਨ ਪਰ ਜਿਵੇਂ ਪੰਡਤਾਂ ਅਤੇ ਮੌਲਾਣਿਆਂ ਆਦਿਕ ਧਰਮ ਆਗੂਆਂ ਨੇ ਆਪਣੀ ਪੇਟ ਪੂਰਤੀ ਅਤੇ ਪੂਜਾ ਪ੍ਰਤਿਸ਼ਟਾ ਵਾਸਤੇ ਆਮ ਜਨਤਾ ਨੂੰ ਧਰਮ ਗ੍ਰੰਥਾਂ ਦੀ ਵੀਚਾਰ ਤੋਂ ਦੂਰ ਰੱਖਿਆ ਭਾਵ ਉਨ੍ਹਾਂ ਦੀ ਅਗਿਆਨਤਾ ਦਾ ਨਾਜਾਇਜ ਫਾਇਦਾ ਉਠਾਇਆ, ਇਵੇਂ ਹੀ ਅੱਜ ਗੁਰਦੁਆਰਿਆਂ ਵਿੱਚ ਸਾਡੇ ਧਾਰਮਿਕ ਆਗੂ ਸਾਧ-ਸੰਤ, ਰਾਗੀ-ਗ੍ਰੰਥੀ ਅਤੇ ਡੇਰਾਵਾਦੀ ਪ੍ਰਬੰਧਕ ਕਰ ਰਹੇ ਹਨ। ਇੱਕ ਕਮਰੇ ਵਿੱਚ ਕਈ ਕਈ ਅਖੰਡ ਪਾਠ ਰੱਖੇ ਜਾ ਰਹੇ ਹਨ ਜੋ ਗੁਰਮਤਿ ਅਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ। ਇਉਂ ਵੱਧ ਪੈਸਾ ਇਕੱਠਾ ਕਰਨ ਅਤੇ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਗੁਰੂ ਕੀ ਬਾਣੀ ਨਾਲ ਕੁੰਭ, ਨਾਰੀਅਲ ਅਤੇ ਜੋਤਾਂ ਜੋ ਬ੍ਰਾਹਮਣੀ ਕਰਮਕਾਂਡ ਹਨ ਕੀਤੇ ਜਾ ਰਹੇ ਹਨ ਜਦ ਕਿ ਇਹ ਸਭ ਪੰਡਿਤ ਮੁੱਲਾਂ ਦੀਆਂ ਚਲਾਈਆਂ ਬਿਪਰ ਰੀਤਾਂ ਹਨ। ਗੁਰਬਾਣੀ ਇਨ੍ਹਾਂ ਨੂੰ ਛੱਡਣ ਦਾ ਉਪਦੇਸ਼ ਦਿੰਦੀ ਹੈ-ਪੰਡਿਤ ਮੁਲਾਂ ਜੋ ਲਿਖਿ ਦੀਆ॥ਛਾਡਿ ਚਲੇ ਹਮ ਕਛੂ ਨ ਲੀਆ॥(1159) ਜੋ ਆਮ ਸੰਗਤ ਨੂੰ ਇਹ ਕਹਿ ਕੇ ਗੁਰੂ ਗ੍ਰੰਥ ਤੋਂ ਦੂਰ ਰੱਖ ਰਹੇ ਹਨ ਕਿ ਤੁਸੀਂ ਗਲਤ ਪਾਠ ਕਰਕੇ ਪਾਪਾਂ ਦੇ ਭਾਗੀ ਬਣੋਗੇ। ਜਰਾ ਸੋਚੋ ਇੱਕੇ ਦਿਨ ਕੋਈ ਵੀ ਆਲਮ ਫਾਜ਼ਲ ਨਹੀਂ ਬਣ ਜਾਂਦਾ, ਸਿੱਖਦੇ ਰਹਿਣ ਨਾਲ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਇਤਿਹਾਸ ਦਾ ਵਾਕਿਆ ਹੈ ਕਿ ਜਦ ਸੱਤਾ ਤੇ ਬਲਵੰਡ ਗੁਰੂ ਘਰ ਦੇ ਕੀਰਤਨੀਏਂ ਹੰਕਾਰੀ ਹੋ ਗਏ ਕਿ ਸਾਡੇ ਕਰਕੇ ਹੀ ਸੰਗਤਾਂ ਜੁੜਦੀਆਂ ਅਤੇ ਗੁਰੂ ਦਾ ਸਤਿਕਾਰ ਹੁੰਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਕਿਹਾ ਤੁਸੀਂ ਰਲ ਮਿਲ ਕੇ ਕੀਰਤਨ ਕਥਾ ਕਰ ਸਕਦੇ ਹੋ ਕਿਉਂਕਿ ਗੁਰੂ ਘਰ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ। ਗੁਰੂ ਸਾਹਿਬ ਜੀ ਨੇ ਸੰਗਤੀ ਕਥਾ ਕੀਰਤਨ ਦੀ ਰੀਤ ਚਲਾ ਦਿੱਤੀ ਜੋ ਅੱਜ ਇਨ੍ਹਾਂ ਧਾਰਮਿਕ ਆਗੂਆਂ ਤੇ ਪ੍ਰਬੰਧਕਾਂ ਨੇ ਬੰਦ ਕੀਤੀ ਹੋਈ ਹੈ। ਆਪ ਪਾਠ ਕਰਨ ਦੀ ਬਜਾਏ ਸੰਗਤਾਂ ਭਾੜੇ ਦੇ ਪਾਠ ਕਰਵਾ ਰਹੀਆਂ ਹਨ।
ਗੁਰਦੁਆਰੇ ਲੰਗਰ ਵੀ ਅਤੁੱਟ ਵਰਤਦਾ ਹੈ। ਆਦਰਸ਼ਕ ਤੌਰ ਤੇ ਗੁਰਦੁਆਰੇ ਵਿੱਚ ਆਏ ਗਏ “ਅਥਿਤੀ” ਲਈ ਹਰ ਵੇਲੇ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ।“ਅਥਿਤੀ” ਸ਼ਬਦ ਦੇ ਅਰਥ ਹਨ ਜਿਸ ਦੀ ਥਿਤੀ (ਤਾਰੀਖ਼) ਕੋਈ ਮੁਕਰਰ ਨਹੀਂ-ਚੂਕੇ ਸਮੇ ਅਥਿਤ ਜੋ ਆਵੈ।ਭਾਉ ਭਗਤ ਕਰਿ ਤ੍ਰਿਪਤ ਅਘਾਵੈ (ਗੁਰੂ ਹਰਿ ਰਾਏ ਜੀ) ਲੰਗਰ ਸਰਬ ਲਈ ਸਾਂਝਾ ਹੁੰਦਾ ਹੈ ਬਿਨਾ ਕਿਸੇ ਵਿਤਕਰੇ ਦੇ ਪੰਗਤ ਵਿੱਚ ਵਰਤਾਇਆ ਜਾਂਦਾ ਹੈ। ਪੰਗਤ ਤੱਪੜਾਂ ਅਤੇ ਕੁਰਸੀ ਮੇਜ਼ਾਂ ਦੋਨਾਂ ਤੇ ਹੀ ਹੋ ਸਕਦੀ ਹੈ, ਪੰਗਤ ਦਾ ਭਾਵ ਬਰਾਬਰਤਾ ਹੈ। ਪੰਗਤ ਜਾਤ-ਪਾਤ, ਛੂਆ-ਛਾਤ ਅਤੇ ਊਚ-ਨੀਚ ਦਾ ਭੇਦ ਮੇਟਦੀ ਹੈ। ਸਿਹਤ ਨੂੰ ਮੁੱਖ ਰੱਖਕੇ ਲੰਗਰ ਸਾਦਾ ਅਤੇ ਪੌਸ਼ਟਕ ਹੋਣਾ ਚਾਹੀਦਾ ਹੈ। ਇਹ ਨਾਂ ਹੋਵੇ ਕਿ ਲੂਣ ਮਸਾਲੇ, ਮਿੱਠਾ ਅਤੇ ਘਿਉ ਅਨ ਤਰਤੀਬੇ ਹੱਦੋਂ ਵੱਧ ਵਰਤੇ ਹੋਣ। ਗੁਰਦੁਆਰੇ ਵਿੱਚ ਹਰ ਦੀਵਾਨ ਦੀ ਸਮਾਪਤੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਅਰਦਾਸ ਉਪਰੰਤ (ਤੇਗ) ਕ੍ਰਿਪਾਨ ਭੇਟ ਕਰਕੇ ਵਰਤਾਈ ਜਾਂਦੀ ਹੈ। ਦੇਗ ਨੂੰ ਭੋਗ ਲੱਗੇ ਕਹਿਣਾ ਅਤੇ ਅਰਦਾਸ ਦੇ ਵਿੱਚੇ ਹੀ ਕ੍ਰਿਪਾਨ ਭੇਟ ਕਰਨਾ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ ਪਰ ਸੰਪ੍ਰਦਾਈ ਅਤੇ ਡੇਰੇਦਾਰ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਸ਼ਰੇਆਮ ਉਡਾ ਰਹੇ ਹਨ। ਤੇਗ ਸ਼ਸਤਰਧਾਰੀ ਹੋਣ ਦਾ ਪ੍ਰਤੀਕ ਹੈ ਪਰ ਇਸ ਨੂੰ ਅੱਜ ਬਹੁਤੇ ਧਾਗਿਆਂ ਵਿੱਚ ਪਾ ਕੇ ਜੰਜੂ ਦੀ ਤਰਾਂ ਗਲ਼ਾਂ ਵਿੱਚ ਲਟਕਾਈ ਫਿਰਦੇ ਹਨ। ਸ਼ਸਤਰ ਵਿਦਿਆ ਅਤੇ ਮਰਦਾਵੀਂ ਖੇਡਾਂ ਦਾ ਪ੍ਰਬੰਧ ਵੀ ਗੁਰੂ ਘਰਾਂ ਵਿੱਚ ਹੋਣਾ ਚਾਹੀਦਾ ਹੈ। ਗੁਰੂ ਅੰਗਦ ਦੇਵ ਜੀ ਨੇ ਮੱਲ਼ਾਂ ਅਖਾੜਾ ਰਚਿਆ ਅਤੇ ਛੇਵੇਂ ਅਤੇ ਦਸਵੇਂ ਗੁਰੂ ਜੀ ਨੇ ਤਾਂ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਤਨ ਦੀ ਲੋੜ ਵਾਸਤੇ ਜਿੱਥੇ ਅੰਨ ਦਾ ਲੰਗਰ ਜਰੂਰੀ ਹੈ ਓਥੇ ਮਨ ਆਤਮਾਂ ਦੀ ਲੌੜ ਵਾਸਤੇ ਗੁਰ ਗਿਆਨ ਸ਼ਬਦ-ਲੰਗਰ ਦੀ ਵੀ ਅਤਿਅੰਤ ਲੌੜ ਹੈ-ਲੰਗਰੁ ਚਲੈ ਗੁਰ ਸਬਦ ਹਰਿ ਤੋਟਿ ਨ ਆਵੀ ਖਟੀਐ॥(967) ਗੁਰ ਸ਼ਬਦ ਦਾ ਲੰਗਰ ਵੀ ਫਰੀ ਚਲਣਾ ਚਾਹੀਦਾ ਹੈ ਭਾਵ ਗੁਰਬਾਣੀ ਅਤੇ ਗੁਰ ਇਤਿਹਾਸ ਦਾ ਲਿਟ੍ਰੇਚਰ ਵੀ ਪੰਜਾਬੀ ਅਤੇ ਹੋਰਨਾਂ ਬੋਲੀਆਂ ਖਾਸ ਕਰਕੇ ਵਰਲਡ ਭਾਸ਼ਾ ਅੰਗ੍ਰੇਜੀ ਵਿੱਚ ਜਰੂਰ ਵੰਡਿਆ ਜਾਵੇ ਤਾਂ ਕਿ ਹੋਰ ਧਰਮ ਅਤੇ ਨਸਲਾਂ ਦੇ ਲੋਕ ਵੀ ਸਰਬਸਾਂਝੇ ਧਰਮ-ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ (266) ਤੋਂ ਜਾਣੂੰ ਹੋ ਕੇ ਗੁਰੂ ਨਾਨਕ ਦਾ ਸਰਬਸਾਂਝਾ ਉਪਦੇਸ਼ ਲੈ ਕੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਸੱਕਣ।
ਗੁਰਦੁਆਰਾ ਸਾਹਿਬ ਵਿਦਿਆ, ਪ੍ਰਚਾਰ ਅਤੇ ਕੰਮਪੈਰੇਟਿਵ ਸਟੱਡੀ ਦਾ ਸੋਮਾਂ ਹੈ, ਗੁਰਦੁਆਰੇ ਦੇ ਇਸ ਪਾਰਟ ਵਿੱਚ ਗੁਰਮੁੱਖੀ ਅੱਖਰਾਂ ਦਾ ਬੋਧ (ਗੁਰੂ ਅੰਗਦ ਦੇਵ ਜੀ ਆਪ ਗੁਰਮੁਖੀ ਅੱਖਰਾਂ ਦੇ ਬਾਲ ਬੋਧ ਲਿਖ-ਲਿਖ ਕੇ ਇਸ ਵਰਣਮਾਲਾ ਨੂੰ ਪ੍ਰਚਾਰਦੇ ਸਨ) ਗੁਰਬਾਣੀ ਦਾ ਪਾਠ ਅਤੇ ਅਰਥ ਵਿਚਾਰ ਸਿਖਾਏ ਜਾਂਦੇ ਹਨ। ਪਰ ਅੱਜ ਇਧਰ ਧਿਆਨ ਘੱਟ ਅਤੇ ਬਿਲਡਿੰਗਾਂ, ਸੰਗ ਮਰ ਮਰ, ਸੋਨੇ ਦੀਆਂ ਪਾਲਕੀਆਂ ਅਤੇ ਡੇਕੋਰੇਸ਼ਨਾਂ ਵੱਲ ਵੱਧ ਦਿੱਤਾ ਜਾ ਰਿਹਾ ਹੈ।
ਗੁਰਦੁਆਰੇ ਦੀ ਲਾਇਬ੍ਰੇਰੀ ਵਿੱਚ ਵੱਧੀਆ ਤੋਂ ਵਧੀਆ ਗਿਆਨ ਭਰਪੂਰ ਗ੍ਰੰਥ, ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਵਾਚ ਕੇ ਗਿਆਨ ਵਿੱਚ ਵਾਧਾ, ਬੁੱਧ ਉੱਜਲ ਹੁੰਦੀ ਹੈ ਅਤੇ ਦੂਜੇ ਧਰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਅੱਜ ਗੁਰਦੁਆਰੇ ਦੇ ਪ੍ਰਬੰਧਕ ਇਸ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ ਕੇਵਲ ਬਿਲਡਿੰਗਾਂ ਉਸਾਰਨ, ਪਾਠ ਪੂਜਾ ਕਰਨ ਕਰਾਉਣ ਅਤੇ ਅਖ਼ਬਾਰੀ ਇਸ਼ਤਿਹਾਰਬਾਜੀ ਦੀ ਸ਼ੋਹਰਤ ਤੱਕ ਹੀ ਸੀਮਤ ਰਹਿੰਦੇ ਹਨ। ਦਾਸ ਦਾ ਸ੍ਰ. ਪਰਮਿੰਦਰ ਸਿੰਘ “ਪਰਵਾਨਾ” ਜੀ ਨਾਲ ਇਸ ਬਾਰੇ ਵਿਚਾਰ ਵਿਟਾਂਦਰਾ ਹੋਇਆ ਜੋ ਸਹਿਤਕ ਵਿਦਵਾਨ ਹਨ। ਉਨ੍ਹਾਂ ਕਿਹਾ ਕਿ ਦੂਜੇ ਧਰਮਾਂ ਦੇ ਬਰਾਬਰ ਖਾਸ ਕਰਕੇ ਈਸਾਈ ਧਰਮ ਤੋਂ ਅਸੀਂ ਬਹੁਤ ਪਿਛੇ ਹਾਂ ਕਿਉਂਕਿ ਉਨ੍ਹਾਂ ਦੀਆਂ ਲਾਇਬ੍ਰੇਰੀਆਂ ਵਿੱਚ ਦੁਨੀਆਂ ਦੇ ਹਰੇਕ ਧਰਮ ਤੇ ਬੋਲੀ ਦੀ ਕਿਤਾਬ ਮਿਲ ਜਾਂਦੀ ਹੈ ਗੁਰਦੁਆਰੇ ਵਿੱਚ ਨਹੀਂ ਐਸਾ ਕਿਉਂ? ਗੁਰਦੁਆਰੇ ਦੀ ਲਾਇਬ੍ਰੇਰੀ ਵਧੀਆ ਅਤੇ ਅਧੁਨਿਕ ਹੋਣੀ ਚਾਹੀਦੀ ਹੈ।
ਗੁਰਦੁਆਰੇ ਰੋਗੀਆਂ ਦਾ ਵੀ ਇਲਾਜ ਕੀਤਾ ਜਾਂਦਾ ਹੈ। ਰੋਗੀਆਂ ਦੀ ਸੇਵਾ ਸੰਭਾਲ ਦੇ ਪੂਰਨੇ ਸਤਿਗੁਰਾਂ ਨੇ ਪਾਏ। ਗੁਰੂ ਨਾਨਕ ਜੀ ਨੇ ਕੋਹੜੀਆਂ ਦੀ ਸੇਵਾ ਸੰਭਾਲ ਕੀਤੀ, ਗੁਰੂ ਅਮਰਦਾਸ ਨੇ ਪ੍ਰੇਮੇ ਕੋਹੜੀ ਦਾ ਇਲਾਜ ਕੀਤਾ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਵਿਖੇ ਕੋਹੜ ਦੇ ਰੋਗੀਆਂ ਲਈ ਸ਼ਫ਼ਾਖ਼ਾਨਾਂ (ਹਸਪਤਾਲ) ਸਥਾਪਤ ਕਰਕੇ ਇਲਾਜ ਆਰੰਭਿਆ ਤੇ ਕਿਹਾ ਇਕੱਲੇ ਕੋਹੜੀ ਹੀ ਨਹੀਂ ਹਰੇਕ ਲੋੜਵੰਦ ਰੋਗੀ, ਸੇਵਾ ਤੇ ਹਮਦਰਦੀ ਦਾ ਹੱਕਦਾਰ ਹੈ। ਗੁਰੂ ਹਰ ਰਾਏ ਜੀ ਦੇ ਦਵਾਖ਼ਾਨੇ ਵਿੱਚੋਂ ਦਾਰਾ ਸ਼ਕੋਹ ਠੀਕ ਹੋਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਭਾਈ ਘਨੱਈਆ ਜੀ ਰੋਗੀਆਂ ਦੀ ਮਲਮ ਪੱਟੀ ਕਰਿਆ ਕਰਦੇ ਸਨ। ਲੋੜਵੰਦਾਂ ਦਾ ਇਲਾਜ ਗੁਰੂ ਘਰ ਫਰੀ ਹੁੰਦਾ ਸੀ ਜੋ ਅੱਜ ਵੀ ਹੋਣਾ ਚਾਹੀਦਾ ਹੈ, ਜਿਨ੍ਹਾਂ ਲੋੜਵੰਦਾਂ ਕੋਲ ਮੈਡੀਕਲ ਨਹੀਂ ਉਨ੍ਹਾਂ ਦਾ ਆਸਰਾ ਤਾਂ ਗੁਰੂ ਘਰ ਹੀ ਹੈ। ਬਿਰਧ ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ, ਉਨ੍ਹਾਂ ਦੀ ਸੇਵਾ ਸੰਭਾਲ ਲਈ ਗੁਰਦੁਆਰੇ ਵਿੱਚ ਬਿਰਧ ਘਰ ਵੀ ਹੋਣਾ ਲਾਜ਼ਮੀ ਹੈ।
ਗੁਰਦੁਆਰਿਆਂ ਦਾ ਪ੍ਰਬੰਧ ਅਤੇ ਗੁਰੂ ਦੀ ਗੋਲਕ-ਗੁਰੂ ਦੀ ਗੋਲਕ ਨਾਲ ਉਪ੍ਰੋਕਤ ਸਾਰੇ ਕਾਰਜ ਚਲਦੇ ਹਨ। ਗੋਲਕ ਲੌੜਵੰਦਾਂ ਤੇ ਖਰਚ ਹੋਣੀ ਚਾਹੀਦੀ ਹੈ। ਗੁਰੂ ਦਾ ਹੁਕਮ ਹੈ “ਗਰੀਬ ਦਾ ਮੂੰਹ ਗੁਰੂ ਦੀ ਗੋਲਕ” ਹੈ। ਲੋੜਵੰਦ ਹੋਣਹਾਰ ਬੱਚਿਆਂ ਨੂੰ ਵਜ਼ੀਫੇ ਦੇ ਕੇ ਉਤਸ਼ਾਹਤ ਕਰਨਾ ਚਾਹੀਦਾ ਹੈ। ਕਈ ਬੱਚੇ ਬੜੇ ਹੋਣਹਾਰ ਹੁੰਦੇ ਹਨ ਪਰ ਗ਼ਰੀਬੀ ਕਰਕੇ ਉੱਚੀ ਵਿਦਿਆ ਨਹੀਂ ਲੈ ਸਕਦੇ। ਇਹ ਕੰਮ ਸਾਨੂੰ ਚਰਚਾਂ ਤੋਂ ਸਿੱਖਣਾ ਚਾਹੀਦਾ ਹੈ ਜੋ ਕਈ ਕਈ ਸਕੂਲ ਚਲਾ ਰਹੇ ਹਨ ਅਤੇ ਦੂਜੇ ਧਰਮਾਂ ਦੇ ਗਰੀਬ ਬੱਚੇ ਵੀ ਓਥੇ ਪੜ੍ਹ ਕੇ ਈਸਾਈ ਬਣ ਰਹੇ ਹਨ। ਪ੍ਰਬੰਧਕਾਂ ਦਾ ਗੋਲਕ ਉਪਰ ਕੋਈ ਜ਼ਾਤੀ ਅਧਿਕਾਰ ਨਹੀਂ ਹੁੰਦਾ। ਗੋਲਕ ਦੀ ਮਾਇਆ ਉਨ੍ਹਾਂ ਕੋਲ ਅਮਾਨਤ ਹੁੰਦੀ ਹੈ ਪਰ ਇਹ ਕਈ ਵਾਰ ਚਿੱਤ ਡੁਲ਼ਾ ਦਿੰਦੀ ਹੈ ਪ੍ਰਬੰਧਕ ਅਤੇ ਗ੍ਰੰਥੀ ਇਸ ਦੀ ਦੁਰਵਰਤੋਂ ਕਰ ਬੈਠਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਇਸ ਬਾਰੇ ਲਿਖਦੇ ਹਨ ਕਿ-(ੳ) ਗੁਰਦੁਆਰਿਆਂ ਦੇ ਸੇਵਕ ਗੁਰਮਤਿ ਦੇ ਪੂਰੇ ਗਿਆਤਾ ਅਤੇ ਸਦਾਚਾਰੀ ਹੋਣੇ ਚਾਹੀਦੇ ਹਨ ਜੋ ਨਹੀਂ ਹੁੰਦੇ।(ਅ) ਉਨ੍ਹਾਂ ਵਿੱਚ ਬਰਾਬਰਤਾ ਅਤੇ ਭਰਾਤਰੀਭਾਵ ਹੋਣਾ ਚਾਹੀਦਾ ਹੈ ਜੋ ਬਹੁਤਿਆਂ ਵਿੱਚ ਨਹੀਂ ਹੈ। ਅੱਗੇ ਹੋਰ ਲਿਖਦੇ ਹਨ ਕਿ ਜਦ ਤੀਕ ਅਸੀਂ ਮਾਇਆ ਦੇ ਜਾਲ ਤੋਂ ਮੁਕਤ ਹੋ ਕੇ ਨਿਸ਼ਕਾਮ ਸੇਵਾ ਨੂੰ ਆਪਣਾ ਅਦਰਸ਼ ਨਹੀਂ ਬਣਾਉਂਦੇ ਤਦ ਤੀਕ ਸੁਧਾਰ ਅਤੇ ਪ੍ਰਬੰਧ ਸ਼ਬਦ ਕੇਵਲ ਲਿਖਣ ਅਤੇ ਬੋਲਣ ਵਿੱਚ ਹੀ ਰਹਿੰਣਗੇ। ਗੁਰਦੁਆਰਿਆਂ ਦੇ ਸੇਵਕਾਂ ਨੂੰ ਅੰਮ੍ਰਿਤ ਵੇਲੇ ਗੁਰਬਾਣੀ ਦੇ ਪਾਠ ਨਾਲ ਭਾ.ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਵੀ ਕਰਨਾ ਚਾਹੀਏ-
ਬਾਹਰ ਕੀ ਅਗਨਿ ਬੁਝਤ ਜਲ ਸਰਤਾ ਕੈ,
ਨਾਉਂ ਮੇਂ ਜੋ ਆਗ ਲਾਗੈ ਕੈਸੇ ਕੈ ਬੁਝਾਈਐ?
ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ,
ਗੜ੍ਹ ਮੈਂ ਜੋ ਲੂਟ ਲੀਜੈ, ਕਹੋ ਕਤ ਜਾਈਐ?
ਚੋਰਨ ਕੇ ਤ੍ਰਾਸ ਜਾਇ ਸ਼ਰਨ ਗਹਿ ਨਰਿੰਦ,
ਮਾਰੇ ਮਹੀਪਤਿ ਜੀਉ ਕੈਸੇ ਕੇ ਬਚਾਈਐ?
ਮਾਯਾਡਰ ਡਰਪਤ ਹਾਰ ਗੁਰਦੁਆਰੇ ਜਾਵੈ,
ਤਹਾਂ ਜੋ ਮਾਯਾ ਬਿਆਪੈ ਕਹਾਂ ਠਹਿਰਾਈਐ? (ਕਬਿੱਤ-544)
ਅੱਗੇ ਹੋਰ ਲਿਖਦੇ ਹਨ ਕਿ ਦਾਸ ਦੀ ਅਕਾਲ ਪੁਰਖ ਅੱਗੇ ਸੁੱਧਭਾਵ ਨਾਲ ਅਰਦਾਸ ਹੈ ਕਿ ਉਹ ਸਮਾਂ ਛੇਤੀ ਆਵੇ ਜਦ ਅਸੀਂ ਆਪਣੇ ਗੁਰਦੁਆਰਿਆਂ ਵਿੱਚ ਬਾਬਾ ਬੁੱਢਾ ਜੀ, ਭਾ. ਗੁਰਦਾਸ ਜੀ, ਭਾ. ਅਲਮਸਤ ਜੀ, ਭਾ. ਘਨੱਈਆ ਜੀ, ਭਾ. ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵਰਗੇ ਗ੍ਰੰਥੀ ਰਾਗੀ, ਪ੍ਰਚਾਰਕ ਅਤੇ ਸੂਰਮੇ ਦੇਖੀਏ ਜਿਸ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਕੀਤੇ ਅਕਾਲੀ ਧਰਮ ਦਾ ਝੰਡਾ ਸਾਰੇ ਸੰਸਾਰ ਤੇ ਝੂਲੇ ਅਤੇ ਗੁਰਦੁਅਰਿਆਂ ਦੀ ਮਹਾਨਤਾ ਦਾ ਦੁਨੀਆਂ ਨੂੰ ਪਤਾ ਲੱਗ ਸੱਕੇ ਕਿ ਜਿਥੇ ਸਿੱਖ ਧਰਮ ਮਹਾਂਨ, ਵਿਗਿਆਨਕ ਅਤੇ ਅਗਾਂਹ ਵਧੂ ਹੈ, ਓਥੇ ਇਸ ਦੇ ਗੁਰਦੁਆਰੇ ਵੀ ਸੰਸਾਰ ਲਈ ਗਿਆਨ ਅਤੇ ਸਰਬੱਤ ਦੇ ਭਲੇ ਦਾ ਉੱਚਾ ਸੁੱਚਾ ਨਮੂਨਾ ਅਤੇ ਮਾਰਗ ਹਨ। ਸਾਨੂੰ ਯੋਗ ਪ੍ਰਬੰਧਕ ਗੁਰੂ ਘਰ ਦੀ ਸੇਵਾ ਵਾਸਤੇ ਅੱਗੇ ਲਿਆਉਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਪਰਉਪਕਾਰ, ਸੇਵਾ-ਸਿਮਰਨ, ਭਰਾਤਰੀਭਾਵ, ਨਿਮਰਤਾ ਅਤੇ ਗੁਰੂ ਦਾ ਗਿਆਨ ਹੋਵੇ। ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੱਲ ਵਿਸ਼ਵਾਸ਼ ਰੱਖਦੇ ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਹੋਣ।
ਸ੍ਰੀ ਅਕਾਲ ਤਖ਼ਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਹਰੇਕ ਗੁਰਗੁਆਰੇ ਵਿੱਚ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਹਰੇਕ ਗੁਰੂ ਘਰ ਵਿੱਚ ਇੱਕਸਾਰਤਾ ਆ ਕੇ ਡੇਰਵਾਦੀਆਂ, ਸੰਪ੍ਰਦਾਈਆਂ ਅਤੇ ਚਲਾਕ ਲੀਡਰਾਂ ਦੇ ਪਾਏ ਭਰਮ ਭੁਲੇਖੇ ਅਤੇ ਝਗੜੇ ਮਿਟ ਸੱਕਣ। ਬਹੁਤੇ ਗੁਰਦੁਆਰਿਆਂ ਬਲਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਗੁਰਦੁਆਰਿਆਂ ਵਿੱਚ ਵੀ ਸਿੱਖ ਰਹਿਤ ਮਰਯਾਦਾ ਲਾਗੂ ਨਹੀਂ ਕਿਉਂਕਿ ਸ੍ਰੋਮਣੀ ਕਮੇਟੀ ਵੀ ਪੁਲੀਟੀਕਲ ਹੋ ਚੁੱਕੀ ਹੈ। ਇਸ ਦਾ ਪ੍ਰਧਾਨ “ਬਾਦਲ” ਦੇ ਬੰਦ ਲਫਾਫੇ ਰਾਹੀਂ ਐਲਾਨਿਆਂ ਜਾਂਦਾ। ਇਹ ਸਭ ਲੀਡਰ ਸਾਧਾਂ ਦੇ ਡੇਰਿਆਂ ਤੇ ਵੋਟਾਂ ਖਾਤਰ ਨੱਕ ਰਗੜਦੇ ਰਹਿੰਦੇ ਹਨ। ਇਸ ਲਈ ਇਨ੍ਹਾਂ ਤੋਂ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ ਦੀ ਆਸ ਨਹੀਂ ਰੱਖਣੀ ਚਾਹੀਦੀ। ਜੇ ਸੰਗਤ ਇਨ੍ਹਾਂ ਲੀਡਰਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਹੋ ਜਾਵੇ ਅਤੇ ਪੰਥਕ ਜਥੇਬੰਦੀਆਂ ਸੰਗਤ ਦੇ ਸਹਿਯੋਗ ਨਾਲ ਗੁਰੂ ਘਰਾਂ ਵਿੱਚ ਸਿੱਖ ਰਹਿਤ ਮਰਯਾਦਾ ਲਾਗੂ ਕਰ ਦੇਣ ਤਾਂ ਪੰਥ ਵਿੱਚ ਏਕਤਾ ਆ ਸਕਦੀ ਹੈ, ਦੇਹਧਾਰੀ ਗੁਰੂਡਮ ਅਤੇ ਡੇਰਾਵਾਦ ਨੂੰ ਠੱਲ੍ਹ ਪੈ ਸਕਦੀ ਹੈ।
ਗੁਰਦੁਆਰੇ ਚੋਂ ਉਪਦੇਸ਼ ਮਿਲਦਾ ਹੈ ਕਿ ਸਭ ਮਾਈ ਭਾਈ ਦੀ ਮਨੁੱਖਾ ਜਾਤ ਏਕ ਹੈ। ਜਾਤ ਪਾਤ ਦੀਆਂ ਵੰਡੀਆਂ ਤਾਂ ਮੰਨੂ ਵਰਗੇ ਚਾਤਰ ਬ੍ਰਾਹਮਣ ਲੋਕਾਂ ਨੇ ਪਾਈਆਂ ਹਨ। ਜਿਵੇਂ ਪੁਰਾਤਨ ਸਮੇਂ ਵਿੱਚ ਬ੍ਰਾਹਮਣ ਇਸ ਦਾ ਪ੍ਰਾਚਾਰ ਤੇ ਪਸਾਰ ਕਰਦੇ ਸਨ। ਅੱਜ ਖਾਸ ਕਰਕੇ ਜੱਟ ਸਿੱਖ ਲੀਡਰ ਲੋਕ ਅਤੇ ਡੇਰੇਦਾਰ ਕਰ ਰਹੇ ਹਨ। ਸਿੱਖ ਧਰਮ ਵਿੱਚ ਕੋਈ ਦਲਤ ਜਾਂ ਅਛੂਤ ਜਮਾਤ ਨਹੀਂ ਹੈ। ਜੋ ਇਸ ਨੂੰ ਮਾਨਤਾ ਦਿੰਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਸਾਨੂੰ ਰਿਸ਼ਤੇ ਨਾਤੇ ਵੀ ਜਾਤ ਪਾਤ ਤੋਂ ਉਪਰ ਉੱਠ ਕੇ ਕਰਨੇ ਚਾਹੀਦੇ ਹਨ। ਜੇ ਅਸਂੀਂ ਅਜਿਹਾ ਕਰ ਲਿਆ ਤਾਂ ਸਾਰੀ ਦੁਨੀਆਂ ਨਾਲ ਸਾਡੀ ਸਾਂਝ ਪੈ ਜਾਵੇਗੀ।
ਗੁਰਦੁਆਰੇ ਵਿੱਚ ਔਰਤ ਤੇ ਮਰਦ ਬਰਾਬਰ ਹਨ ਦੋਵੇਂ ਹਰੇਕ ਰਸਮ, ਪਾਠ, ਕੀਰਤਨ, ਕਥਾ ਲੰਗਰ ਦੀ ਸੇਵਾ ਕਰਮ ਅਤੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਹਿੱਸਾ ਲੈ ਸਕਦੇ ਹਨ। ਜਿਥੇ ਮਰਦ ਪਾਠ, ਕੀਰਤਨ, ਕਥਾ, ਅੰਮ੍ਰਿਤ ਸੰਚਾਰ ਅਤੇ ਪ੍ਰਬੰਧ ਵਿੱਚ ਹਿੱਸਾ ਲੈਂਦੇ ਹਨ ਓਥੇ ਬੀਬੀਆਂ ਨੂੰ ਵੀ ਗੁਰੂ ਵੱਲੋਂ ਪੂਰਾ ਹੱਕ ਹੈ ਜੋ ਡੇਰਾਵਾਦੀਆਂ, ਪੁਜਾਰੀਆਂ ਅਤੇ ਅਗਿਆਨੀ ਪ੍ਰਬੰਧਕਾਂ ਨੇ ਦਬਾਇਆ ਹੋਇਆ ਹੈ ਜਦ ਕਿ ਗੁਰਦੁਆਰੇ ਵਿੱਚੋਂ ਨਿੱਤ ਅਵਾਜ਼ ਆਉਂਦੀ ਹੈ-ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ॥(ਆਸਾ ਕੀ ਵਾਰ)
ਗੁਰਦੁਆਰੇ ਵਿੱਚ ਨਿਜੀ ਅਰਦਾਸਾਂ ਤੋਂ ਇਲਾਵਾ ਸਭ ਮਾਈ ਭਾਈ ਦੀ ਸੰਗਤੀ ਅਰਦਾਸ ਸਾਂਝੀ ਹੁੰਦੀ ਹੈ। ਅਰਦਾਸ ਅਕਾਲ ਪੁਰਖ ਨੂੰ ਸਰਬਨਿਵਾਸੀ ਸਮਝ ਕੇ ਕੀਤੀ ਜਾਂਦੀ ਅਤੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ-ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ॥(ਅਰਦਾਸ) ਅਰਦਾਸ ਕੋਈ ਵੀ ਮਾਈ ਭਾਈ ਕਰ ਸਕਦਾ ਹੈ। ਇਹ ਮਾਣ ਕੇਵਲ ਤੇ ਕੇਵਲ ਗੁਰਦੁਆਰੇ ਨੂੰ ਹੀ ਪ੍ਰਾਪਤ ਹੈ ਮੰਦਰਾਂ ਮਸਜਦਾਂ ਵਿੱਚ ਪੰਡਿਤ ਅਤੇ ਮੁੱਲਾਂ ਤੋਂ ਬਿਨਾ ਆਮ ਨਹੀਂ ਕਰ ਸਕਦਾ। ਪੰਥਕ ਅਰਦਾਸ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਹੀ ਨਾਹਰਾ ਬਲੰਦ ਕੀਤਾ ਜਾਂਦਾ ਹੈ ਨਾਂ ਕਿ ਕਿਸੇ ਗੁਰੂ, ਭਗਤ ਜਾਂ ਸੰਤ ਦਾ। ਸੱਚਾ ਸਿੱਖ ਗੁਰੂ ਪੰਥ ਦੇ ਵਿਧਾਨ ਤੋਂ ਬਾਹਰ ਨਹੀਂ ਜਾ ਸਕਦਾ। ਅੱਜ ਹਰੇਕ ਡੇਰੇ ਦੀ ਵੱਖਰੀ-ਵੱਖਰੀ ਅਰਦਾਸ ਹੈ ਹਾਂ ਮਜੂਦਾ ਅਰਦਾਸ ਵਿੱਚ ਜੇ ਕੋਈ ਕਮੀ ਹੈ ਤਾਂ ਪੰਥ ਨੂੰ ਇਕੱਠੇ ਹੋ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਕ ਸੋਧ ਕਰ ਲੈਣੀ ਚਾਹੀਦੀ ਹੈ। ਡੇਰੇਦਾਰ ਗ੍ਰੰਥੀਆਂ ਨੂੰ ਗੁਰਦੁਆਰੇ ਵਿੱਚ ਭਰਤੀ ਨਹੀਂ ਕਰਨਾ ਚਾਹੀਦਾ ਜੋ ਆਪਣੇ ਸੰਤਾਂ ਨੂੰ ਮੁੱਖ ਰੱਖ ਕੇ ਜਾਂ ਲਾਲਚ ਵਿੱਚ ਆ ਕੇ ਸਿੱਖ ਰਹਿਤ ਮਰਯਾਦਾ ਦੇ ਉਲਟ ਡੇਰਿਆਂ ਦੀ ਮਰਯਾਦਾ ਦਾ ਪ੍ਰਚਾਰ ਕਰਦੇ ਹਨ।
ਗੁਰਦੁਆਰੇ ਚੋਂ ਜਗਿਆਸੂਆਂ ਨੂੰ ਸੰਤ ਅਤੇ ਸਿਪਾਹੀ ਭਾਵ ਭਗਤੀ ਅਤੇ ਸ਼ਕਤੀ ਦੀ ਸਿਖਿਆ ਮਿਲਦੀ ਹੈ। ਗੁਰਬਾਣੀ ਦਾ ਪਾਠ, ਕੀਰਤਨ, ਵਿਚਾਰ, ਪਰਉਪਕਾਰ, ਸੇਵਾ-ਸਿਮਰਨ, ਵੰਡ ਛੱਕਣਾ “ਭਗਤੀ” ਅਤੇ ਸ਼ਸ਼ਤਰ ਵਿਦਿਆ ਦਾ ਅਭਿਆਸ, ਆਪਣੀ ਅਤੇ ਮਜ਼ਲੂਮ ਦੀ ਰੱਖਿਆ ਲਈ ਸਦਾ ਤੱਤਪਰ ਰਹਿਣਾ ਅਤੇ ਲੋੜ ਪੈਣ ਤੇ ਜ਼ਾਲਮ ਨਾਲ ਦੋ ਹੱਥ ਕਰਨੇ “ਸ਼ਕਤੀ” ਦਾ ਪ੍ਰਤੀਕ ਹੈ।
ਗੁਰਦੁਆਰੇ ਵਿੱਚ ਸਭ ਨੂੰ ਸਾਂਝਾ ਉਪਦੇਸ਼ ਮਿਲਦਾ ਹੈ ਕਿ “ਸਭੇ ਸਾਂਝੀਵਾਲ ਸਦਾਇਨਿ...॥(97) ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕਉ ਸਾਂਝਾ॥(747) ਜਿਥੇ ਭਗਤਾਂ, ਗੁਰੂਆਂ ਅਤੇ ਕੌਮੀ ਸ਼ਹੀਦਾਂ ਦੇ ਸਾਂਝੇ ਗੁਰਪੁਰਬ ਮਨਾਏ ਜਾਣੇ ਚਾਹੀਦੇ ਹਨ। ਸਾਨੂੰ ਗੁਰਦੁਆਰੇ ਛੱਡ ਕੇ ਮੱਠਾਂ ਅਤੇ ਸੰਪ੍ਰਦਾਈ ਸਾਧਾਂ-ਸੰਤਾਂ ਦੇ ਡੇਰਿਆਂ ਤੇ ਨਹੀਂ ਭੜਕਣਾ ਚਾਹੀਦਾ। ਗੁਰਦੁਆਰੇ ਵਿੱਚ ਬੁਰਬਾਣੀ ਹੀ ਸਰਬੋਤਮ ਮੰਨਣੀ ਚਾਹੀਦੀ ਹੈ। ਸਾਧ ਸੰਗਤ ਜੀ ਗੁਰਦੁਆਰੇ ਸਰਬ ਪੱਖੀ ਉੱਤਮ ਗਿਆਨ ਦੇ ਸੋਮੇ ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ। ਇਨ੍ਹਾਂ ਵਿੱਚੋਂ ਲੜਾਈ ਝਗੜੇ ਖਤਮ ਹੋਣੇ ਚਾਹੀਦੇ ਹਨ ਜੋ ਸਾਡੀ ਅਗਿਆਨਤਾ, ਚੌਧਰ, ਹਉਮੇ-ਹੰਕਾਰ, ਅਤੇ ਧੜੇਬੰਦੀ ਕਰਕੇ ਹੋ ਰਹੇ ਹਨ। ਗੁਰਦੁਆਰਿਆਂ ਵਿੱਚੋਂ ਸਰਬ ਨੂੰ-ਏਕੁ ਪਿਤਾ ਏਕਸ ਕੇ ਹਮ ਬਾਰਿਕ (611) ਦੀ ਖੁਸ਼ਬੋ ਆਉਣੀ ਚਾਹੀਦੀ ਹੈ। ਗੁਰਦੁਆਰੇ ਦੇ ਦਰਵਾਜੇ ਸਭ ਲਈ ਸਦਾ ਖੁੱਲ੍ਹੇ ਹਨ-ਕਬੀਰ ਜਿਹ ਦਰਿ ਆਵਤ ਜਾਤਿਹੁ ਹਟਕੈ ਨਾਹੀਂ ਕੋਇ॥ਸੋ ਦਰ ਕੈਸੇ ਛੋਡੀਐ ਜੋ ਦਰੁ ਐਸਾ ਹੋਇ॥(1367) ਇਹ ਹੀ ਗੁਰਦੁਆਰੇ ਦੀ ਵਿਲੱਖਣਤਾ ਅਤੇ ਮਹਾਨਤਾ ਹੈ ਜੋ ਸਾਡੀ ਅਗਿਆਨਤਾ ਕਰਕੇ ਪ੍ਰਗਟ ਨਹੀਂ ਹੋ ਰਹੀ। ਅੱਜ ਸਾਨੂੰ ਫੁੱਟਪਾਊ, ਲੜਾਊ ਅਤੇ ਦੁਨੀਆਂ ਦੇ ਮਹਾਨ ਰਹਿਬਰ ਗੁਰੂ ਨਾਨਕ ਦੇ ਸਿਧਾਤਾਂ ਦਾ ਗੁੱਝੇ ਰੂਪ ਵਿੱਚ ਵਿਰੋਧ ਕਰਨ ਵਾਲੀਆਂ ਸੰਪ੍ਰਦਾਈ ਤਾਕਤਾਂ ਨੂੰ ਪਛਾਨਣ ਦੀ ਲੋੜ ਹੈ ਜੋ ਸਿੱਖੀ ਭੇਖ ਧਾਰਨ ਕਰਕੇ ਗੁਰੂ ਘਰਾਂ ਦੀ ਮਾਨ-ਮਰਯਾਦਾ ਨੂੰ ਬ੍ਰਾਹਮਣੀ ਕਰਮਕਾਂਡਾਂ ਦੀ ਪਾਨ ਚੜ੍ਹਾਈ ਜਾ ਰਹੀਆਂ ਹਨ। ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਮਹਾਨ ਹੈ। ਇਸ ਲਈ ਸਿੱਖ ਨੇ ਸਦਾ ਗੁਰੂ ਤੋਂ ਹੀ ਅਗਵਾਈ ਲੈਣੀ ਹੈ ਨਾਂ ਕਿ ਕਿਸੇ ਭੇਖਧਾਰੀ ਡੇਰੇਦਾਰ, ਸੰਪ੍ਰਦਾਈ, ਅਖੌਤੀ ਜਥੇਦਾਰ ਜਾਂ ਪ੍ਰਬੰਧਕ ਤੋਂ। ਗੁਰੂਆਂ ਭਗਤਾਂ ਦੀ ਬਾਣੀ ਅੰਮ੍ਰਿਤ ਹੈ, ਸਰਬਸਾਂਝੀਵਾਤਾ ਦੀ ਪ੍ਰਤੀਕ ਹੈ ਅਤੇ ਗੁਰਦੁਆਰੇ ਇਸ ਦੇ ਸੋਮੇ ਹਨ। ਵਾਸਤਾ ਰੱਬ ਦਾ ਗੁਰਦੁਆਰਿਆਂ ਨੂੰ ਗੁਰਦੁਆਰੇ ਹੀ ਰਹਿਣ ਦਿਉ ਡੇਰਿਆਂ ਵਿੱਚ ਨਾਂ ਬਦਲੀ ਜਾਉ। ਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ! ਤਾਂ ਕਿ ਅਸੀਂ ਗੁਰੂ ਚਸ਼ਮੇ ਦਾ ਨਿਰਮਲ ਜਲ ਅੰਮ੍ਰਿਤਬਾਣੀ ਰਲ ਮਿਲ ਕੇ ਪੀਵੀਏ। ਇਹ ਕੁਝ ਵਿਚਾਰ ਦਾਸ ਨੇ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਲਿਖੇ ਹਨ ਧਿਆਨ ਨਾਲ ਪੜ੍ਹਨ ਵਿਚਾਰਨ ਦੀ ਕ੍ਰਿਪਾਲਤਾ ਕਰਨਾ ਜੀ! ਗੁਰੂ ਭਲੀ ਕਰੇ ਸਾਨੂੰ ਸਭ ਨੂੰ ਸੁਮਤਿ ਬਖਸ਼ੇ।
ਅਵਤਾਰ ਸਿੰਘ ਮਿਸ਼ਨਰੀ (510-432-5827)