ਗੁਰਦੁਆਰਾ ਫਰੀਮਾਂਟ ਦੇ ਅਜ਼ਾਦ ਉਮੀਦਵਾਰਾਂ ਵਲੋਂ ਪਾਕਿ ਵਿਖੇ ਸਿਰਵੱਢ ਕੇ ਮਾਰੇ ਗਏ ਨਿਰਦੋਸ਼ ਸਿੱਖ .........
ਅਵਤਾਰ ਸਿੰਘ ਮਿਸ਼ਨਰੀ
ਗੁਰਦੁਆਰਾ ਫਰੀਮਾਂਟ ਦੇ ਅਜ਼ਾਦ ਉਮੀਦਵਾਰਾਂ ਵਲੋਂ ਪਾਕਿ ਵਿਖੇ ਸਿਰਵੱਢ ਕੇ ਮਾਰੇ ਗਏ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕਤਲਾਂ ਅਤੇ ਭਾਰਤ ਵਿਖੇ ਪੈਗੰਬਰ ਈਸਾ ਜੀ ਦੀ ਤਸਵੀਰ ਨਾਲ ਛੇੜ-ਛਾੜ ਕਰਨ ਦੀ ਕੜੇ ਸ਼ਬਦਾਂ ਵਿੱਚ ਨਿਖੇਦੀ!
(ਤਰਲੋਚਨ ਸਿੰਘ ਦੁਪਾਲਪੁਰ) ਆਏ ਦਿਨ ਹੋ ਰਹੀਆਂ ਅਜਿਹੀਆਂ ਹਜਾਰਾਂ ਹੀ ਮੰਦਮੱਤੀ ਘਟਨਾਵਾਂ ਦਾ ਕਾਰਨ ਸਾਡੇ ਵਿੱਚੋਂ ਮਨੁੱਖਤਾ ਦਾ ਖੰਭ ਲਾ ਕੇ ਉੱਡ ਜਾਣਾ, ਖੁਦਗਰਜੀ, ਲੋਭ-ਲਾਲਚ, ਈਰਖਾ, ਧੜੇਬੰਦੀ, ਬੇਇਨਸਾਫੀ, ਬਦਲੇ ਦੀ ਭਾਵਨਾ, ਜਨੂੰਨੀ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਵਲੋਂ ਭੜਕਾਊ ਭਾਸ਼ਨ ਦੇ ਕੇ ਲੋਕਾਂ ਨੂੰ ਧਰਮ ਅਤੇ ਫਿਰਕੇ ਦੇ ਨਾਂ ਤੇ ਉਕਸਾ ਕੇ ਲੁੱਟਣਾਂ, ਕੁੱਟਣਾਂ ਅਤੇ ਵੋਟਾਂ ਬਟੋਰਨਾਂ ਹੈ। ਧਰਮ ਆਗੂਆਂ ਨੂੰ ਧਰਮ ਨਾਲੋਂ ਆਪਣਾ ਭੇਖ, ਰੀਤਾਂ ਅਤੇ ਫਿਰਕਾ ਜਿਆਦਾ ਪਿਆਰਾ ਹੈ। ਇਨ੍ਹਾਂ ਦੇ ਰੱਬ ਵੀ ਅਲੱਗ ਅਤੇ ਰੱਬ ਦੇ ਨਾਂ ਵੀ ਅਲੱਗ ਹਨ। ਇਹ ਆਗੂ ਲੋਕਾਂ ਨੂੰ ਰੱਬੀ ਉਪਦੇਸ਼ ਦੇਣ ਨਾਲੋਂ ਕੱਟੜਤਾ ਵਾਲਾ ਵੱਖਵਾਦੀ ਹੋਕਾ ਜ਼ਿਆਦਾ ਦਿੰਦੇ ਹਨ ਕਿ ਹਿੰਦੂ ਕਾਫਰ ਅਤੇ ਮੁਸਲਮਾਨ ਮਲੇਛ ਹੈ ਜੇ ਮੋਮਨ ਕਾਫਰਾਂ ਨੂੰ ਮਾਰਨ ਤਾਂ ਅੱਲਾਹ ਉਨ੍ਹਾਂ ਨੂੰ ਪਿਆਰ ਕਰੇਗਾ ਤੇ ਉਹ ਬਹਿਸ਼ਤ ਚ’ ਜਾਣਗੇ।ਇਵੇਂ ਹੀ ਹਿੰਦੂ ਤੇ ਹੋਰ ਫਿਰਕਿਆਂ ਦੇ ਕਟੜਪੰਥੀ ਵੀ ਕਰਦੇ ਰਹਿੰਦੇ ਹਨ ਜਿਸਦਾ ਨਤੀਜਾ ਦਿਨੋਂ ਦਿਨ ਮਨੁੱਖਤਾ ਵਿੱਚ ਨਫਰਤ ਵਧਦੀ ਜਾ ਰਹੀ ਹੈ, ਤਾਂ ਹੀ ਆਏ ਦਿਨ ਚੋਰੀਆਂ, ਡਾਕੇ, ਜਬਰੀ ਧਰਮ ਪ੍ਰਵਰਨ, ਫਿਰੌਤੀਆਂ, ਬਲਾਤਕਾਰ ਅਤੇ ਨਿਰਦੋਸ਼ਿਆਂ ਦੇ ਕਤਲ ਹੋ ਰਹੇ ਹਨ।ਇਨਾਂ ਕਤਲਾਂ ਦੇ ਅਸਲ ਦੋਸ਼ੀ ਤਾਂ ਕਟੜਪੰਥੀ ਲੀਡਰ ਤੇ ਸਰਕਾਰਾਂ ਹੀ ਹਨ ਜੋ ਲੋਕਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਬਜਾਏ ਹੱਕ ਮਾਰਦੇ ਹਨ।ਫਿਰ ਮਰਦਾ ਕੀ ਨਹੀਂ ਕਰਦਾ ਦੀ ਕਹਾਵਤ ਅਨੁਸਾਰ ਸਭ ਕੁਝ ਚੰਗਾ ਮੰਦਾ ਹੋਈ ਜਾ ਰਿਹਾ ਹੈ।ਧਰਮ ਅਸਥਾਨਾਂ ਵਿੱਚ ਧਰਮ ਦਾ ਪ੍ਰਚਾਰ ਨਾਂ ਮਾਤਰ, ਵੱਖਵਾਦ-ਧੜੇਬੰਦੀ ਅਤੇ ਵੱਖ-ਵੱਖ ਰੀਤਾਂ ਦਾ ਪ੍ਰਚਾਰ ਵੱਧ ਹੋ ਰਿਹਾ ਹੈ।ਅਸੀਂ ਕ੍ਰਮਵਾਰ ਗੁਰਦੁਆਰਾ ਫਰੀਮਾਂਟ ਦੇ ਅਜ਼ਾਦ ਉਮੀਦਵਾਰ ਸ੍ਰ ਜੁਗਰਾਜ ਸਿੰਘ ਧਾਲੀਵਾਲ, ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਅਤੇ ਮਾਸਟਰ ਮੁਹਿੰਦਰ ਸਿੰਘ ਔਲਖ ਇਨ੍ਹਾਂ ਕਤਲਾਂ ਅਤੇ ਫਿਰਕਾਪ੍ਰਸਤੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਅਰਦਾਸ ਕਰਦੇ ਹਾਂ ਕਿ ਕਰਤਾਰ ਪੀੜਤ ਪ੍ਰਵਾਰਾਂ ਨੂੰ ਸੁਖਸ਼ਾਤੀ, ਦਰਿੰਦਿਆਂ ਨੂੰ ਸੁਮਤਿ ਅਤੇ ਸਾਨੂੰ ਸਭ ਨੂੰ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਾਲਾ ਭਰਾਤਰੀਭਾਵ ਬਖਸ਼ੇ।ਨਾਲ ਇਹ ਵੀ ਬੇਨਤੀ ਕਰਦੇ ਹਾਂ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਰਬ ਸ਼ਾਂਝੀਵਾਲਤਾ ਦੇ ਹਾਮੀ ਬਣੀਏ।ਜੇ ਅਸੀਂ ਰੱਬ ਦੇ ਬੰਦੇ ਹਾਂ ਤਾਂ ਰਲ ਮਿਲ ਕੇ ਰਹੀਏ, ਇੱਕ ਦੂਜੇ ਦਾ ਹੱਕ ਨਾਂ ਮਾਰੀਏ ਆਈਆਂ ਮੁਸ਼ਕਲਾਂ ਨੂੰ ਆਪਸੀ ਵਿਚਾਰ ਵਿਟਾਂਦਰੇ ਰਾਹੀਂ ਹੱਲ ਕਰਨ ਦਾ ਯਤਨ ਕਰੀਏ।