ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਪੂਤਾ ਮਾਤਾ ਕੀ ਆਸੀਸ – ਕਿਸ ਦੇ ਲਈ ॥

ਹਰਮਨਪ੍ਰੀਤ ਸਿੰਘ (ਨਿਊਜ਼ੀਲੈਂਡ)




ਪਿਆਰੇ ਸਤਸੰਗੀ ਜਨੋ ਅੱਜ ਆਪਾਂ ਸਾਰੇ ਇਹ ਗੱਲ ਵਿਚਾਰਨ ਜਾ ਰਹੇ ਹਾਂ ਕਿ ਪੂਤਾ ਮਾਤਾ ਕੀ ਆਸੀਸ ਵਾਲੇ ਸ਼ਬਦ ਵਿੱਚ ਗੁਰੂ ਸਾਹਿਬ ਅਸੀਸ ਕਿਸ ਨੂੰ ਦੇ ਰਹੇ ਨੇ।ਆਮ ਤੋਰ ਤੇ ਜਦੋਂ ਕੋਈ ਪਰਵਾਰ ਆਪਣੇ ਪੁੱਤਰ ਦੇ ਜਨਮ ਦਿਨ ਸਬੰਧੀ ਗੁਰਦੁਆਰੇ ਵਿੱਚ ਅਰਦਾਸ ਕਰਵਾਉਣ ਲਈ ਜਾਂਦੇ ਹਨ ਤਾਂ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਦੇਖੇ ਜਾ ਸਕਦੇ ਹਨ। ਰਾਗੀ ਸਿੰਘ ਵਾਰ-ਵਾਰ ਬੱਚੇ ਦਾ ਨਾਮ ਲੈ-ਲੈ ਕੇ ਇਹ ਕਹਿ ਰਹੇ ਹੁੰਦੇ ਹਨ ਕਿ ਹੇ ਪੁੱਤਰ ਤੈਨੂੰ ਤੇਰੀ ਮਾਂ ਅਸੀਸ ਦੇ ਰਹੀ ਹੈ ਕਿ ਪਰਮਾਤਮਾ ਦਾ ਨਾਮ ਤੈਨੂੰ ਨਾਂ ਭੁੱਲੇ। ਤੇ ਇਹ ਵੀ ਬੜੇ ਜ਼ੋਰ ਨਾਲ ਕਹਿ ਰਹੇ ਹੁੰਦੇ ਹਨ ਕਿ ਤੇਰੀ ਸੰਤਾਂ ਨਾਲ ਪਰੀਤ ਪੈ ਜਾਵੇ। ਅਸੀਂ ਇੱਥੇ ਇਹ ਵੀ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬ ਕਿਹੜੇ ਸੰਤ ਨਾਲ ਪਰੀਤ ਪਾਉਣ ਵਾਸਤੇ ਕਹਿ ਰਹੇ ਹਨ।

ਅਸੀਂ ਸਾਰੇ ਇਸ ਗੱਲ ਤੋਂ ਵਾਕਿਫ ਹਾਂ ਕਿ ਗੁਰਬਾਣੀ ਦਾ ਉਪਦੇਸ਼ ਹਰੇਕ ਪ੍ਰਾਣੀ ਲਈ ਹੈ ਚਾਹੇ ਉਹ ਔਰਤ ਹੈ ਜਾ ਮਰਦ, ਬੱਚਾ ਹੈ ਜਾ ਬਜ਼ੁਰਗ। ਪਰ ਅਸੀਂ ਜਦੋਂ ਗੁਰਬਾਣੀ ਦੇ ਅਰਥ ਕਰਨ ਲਗਦੇ ਹਾਂ ਤਾਂ ਇਹ ਗੱਲ ਵਿਸਾਰ ਦਿੰਦੇ ਹਾਂ।ਚਾਹੇ ਬੱਚੇ ਦਾ ਪਿਤਾ ਜਿੰਨੇ ਮਰਜ਼ੀ ਗਲਤ ਕੰਮ ਕਰਦਾ ਹੋਵੇ, ਨਸ਼ੇ ਕਰਦਾ ਹੋਵੇ ਤੇ ਮਾਂ ਭਾਵੇਂ ਆਪ ਸਿੱਖੀ ਤੋਂ ਬਹੁਤ ਦੂਰ ਹੋਵੇ ਤੇ ਬੱਚਾ ਭਾਵੇਂ ਬਹੁਤ ਚੰਗੇ ਸੁਭਾ ਦਾ ਹੋਵੇ ਪਰ ਫੇਰ ਵੀ ਇਹ ਅਸੀਸ ਬੱਚੇ ਨੂੰ ਹੀ ਦਿੱਤੀ ਜਾਂਦੀ ਹੈ।ਜੇ ਅਸੀਂ ਇਹ ਗੱਲ ਮੰਨਦੇ ਹਾਂ ਕਿ ਗੁਰਬਾਣੀ ਸਰਬ ਸਾਂਝੀ ਹੈ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਸਾਹਿਬ ਮਾਂ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਹੀ ਅਸੀਸ ਦੇ ਰਹੇ ਹਨ ਕਿ ਸਾਨੂੰ ਇੱਕ ਨਿਮਖ ਵੀ ਪਰਮਾਤਮਾ ਦਾ ਨਾਮ ਨਾ ਵਿਸਰੇ। ਗੁਰਬਾਣੀ ਦਾ ਫੁਰਮਾਨ ਹੈ

ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥ (167)

ਆਉ ਹੁੱਣ ਇਸ ਪੱਖ ਤੇ ਵੀ ਵਿਚਾਰ ਕਰੀਏ ਕਿ ਗੁਰੂ ਸਾਹਿਬ ਕਿਹੜੇ ਸੰਤ ਨਾਲ ਪ੍ਰੀਤ ਪਾਉਣ ਲਈ ਕਹਿ ਰਹੇ ਹਨ। ਜਦੋ ਕਿਤੇ ਗੁਰਬਾਣੀ ਵਿੱਚ ਸੰਤ ਸ਼ਬਦ ਆਉਂਦਾ ਹੈ ਤਾਂ ਸਾਡਾ ਸਾਰਿਆਂ ਦਾ ਧਿਆਨ ਕਿਸੇ ਕਾਲੀ ੳਡੀ (ਅੁਦ)ਿ ਵਾਲੇ ਅਖੌਤੀ ਸੰਤ ਵੱਲ ਚਲਿਆ ਜਾਂਦਾ ਹੈ।ਇਹਨਾ ਅਖੌਤੀ ਸੰਤਾਂ ਬਾਰੇ ਤਾਂ ਗੁਰਬਾਣੀ ਉਪਦੇਸ਼ ਕਰਦੀ ਹੈ ਕਿ

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥ (476)

ਪਰ ਇਸ ਸ਼ਬਦ ਵਿੱਚ ਗੁਰੂ ਸਾਹਿਬ ਕਿਸੇ ਅਖੌਤੀ ਸੰਤ ਨਾਲ ਨਹੀਂ ਬਲਕਿ ਸ਼ਬਦ ਗੁਰੂ ਦੀ ਸਿਖਿਆ ਤੇ ਚੱਲ੍ਹ ਕੇ ਪਰਮਾਤਮਾ ਰੂਪੀ ਸੰਤ ਨਾਲ ਪ੍ਰੀਤ ਪਾਉਣ ਨੂੰ ਕਹਿ ਰਹੇ ਹਨ।

ਅਖੀਰ ਵਿੱਚ ਸਾਰੇ ਵੀਰਾਂ ਤੇ ਭੈਣਾ ਅਗੇ ਇਹੋ ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਆਪਣੇ ਘਰਾਂ ਵਿੱਚ ਗੁਰਬਾਣੀ ਵਿਚਾਰ ਕਰੀਏ ਤੇ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

ਹਰਮਨਪ੍ਰੀਤ ਸਿੰਘ
Mobile- 96463-67479