ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਇੰਡੀਆ ਅਵੇਅਰਨੈਸ ’ਤੇ ਦਬਾਅ ਪਾਉਣ ਲਈ ਮੱਕੜ ਜੁੰਡਲੀ ਨੇ ਹੁਣ ਕਾਨੂੰਨੀ ਹਥਕੰਡੇ ਅਪਣਾਉਣੇ ਸ਼ੁਰੂ ਕੀਤੇ

ਸਰਬਜੀਤ ਸਿੰਘ (ਇੰਡੀਆ ਅਵੇਅਰਨੈੱਸ)


 



 

  
ਇੰਡੀਆ ਅਵੇਅਰਨੈਸ ’ਤੇ ਦਬਾਅ ਪਾਉਣ ਲਈ ਮੱਕੜ ਜੁੰਡਲੀ ਨੇ ਹੁਣ ਕਾਨੂੰਨੀ ਹਥਕੰਡੇ ਅਪਣਾਉਣੇ ਸ਼ੁਰੂ ਕੀਤੇ             


     21 feb 2010     ਨਵੀਂ ਦਿੱਲੀ-ਸਰਬਜੀਤ ਸਿੰਘ,ਸੰਪਾਦਕ-ਇੰਡੀਆ ਅਵੇਅਰਨੈਸ



ਸਿੱਖ ਕੌਮ ਵਿੱਚ ਸਰਗਰਮ ਬ੍ਰਾਹਮਣਵਾਦੀ ਏਜੰਟਾਂ ਦਾ ਪਿਛਲੇ 6 ਸਾਲਾਂ ਤੋਂ ਪਰਦਾਫਾਸ਼ ਕਰਦੀ ਆ ਰਹੀ ਮੈਗਜ਼ੀਨ ਇੰਡੀਆ ਅਵੇਅਰਨੈਸ ਆਪਣੀ ਨਿਰਪੱਖਤਾ, ਨਿਧੜਕਤਾ ਤੇ ਨਿਵੇਕਲੀ ਸ਼ੈਲੀ ਕਾਰਨ ਸਿੱਖ-ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੇ ਮਨਸੂਬਿਆਂ ਦੀ ਪੂਰਤੀ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਭ੍ਰਿਸ਼ਟ ਆਗੂਆਂ ਦੀਆਂ ਅੱਖਾਂ ਵਿੱਚ ਰੋੜੇ ਵਾਂਗ ਚੁਭਦੀ ਰਹੀ ਹੈ। ਰਸਾਲੇ ਦੀਆਂ ਨੀਤੀਆਂ ਵਿੱਚ (ਬ੍ਰਾਹਮਣਵਾਦ-ਪੱਖੀ) ਤਬਦੀਲੀਆਂ ਲਿਆਉਣ ਲਈ ਪਿਛਲੇ ਕਾਫੀ ਸਮੇਂ ਤੋਂ ਇੰਡੀਆ ਅਵੇਅਰਨੈਸ ਦੇ ਸੰਪਾਦਕੀ ਬੋਰਡ ਦੇ ਮੈਂਬਰਾਂ ਨੂੰ ਦੇਸ਼-ਵਿਦੇਸ਼ ਤੋਂ ਫੋਨ ਰਾਹੀਂ ਬੇਅੰਤ ਵਾਰ ‘ਸੋਧ’ ਦਿੱਤੇ ਜਾਣ ਦੀਆਂ ਧਮਕੀਆਂ ਦਿਵਾਉਣ ’ਤੇ ਵੀ ਅਦਾਰਾ ਇੰਡੀਆ ਅਵੇਅਰਨੈਸ ਨੇ ਆਪਣੀ ਬ੍ਰਾਹਮਣਵਾਦ ਵਿਰੋਧੀ ਮੁਹਿੰਮ ਜਾਰੀ ਰੱਖੀ ਹੈ। ਇਸ ਨਾਲ ਬੌਖਲਾਹਟ ਵਿੱਚ ਆਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹੁਣ ਨਵਾਂ ਪੈਂਤੜਾ ਅਪਣਾਉਂਦਿਆਂ ਇੰਡੀਆ ਅਵੇਅਰਨੈਸ ਦੇ ਪ੍ਰਬੰਧਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਵਾਉਣ ਲਈ ਉਨ੍ਹਾਂ ਖਿਲਾਫ਼ ਅਖੌਤੀ ਕਾਨੂੰਨੀ ਕਾਰਵਾਈ ਕਰਨ ਦਾ ਹਥਕੰਡਾ ਅਰੰਭਿਆ ਹੈ। ਇੰਡੀਆ ਅਵੇਅਰਨੈਸ ਦੇ ਫਰਵਰੀ 2010 ਅੰਕ ਦੇ ਮੁੱਖ ਪੰਨੇ ’ਤੇ ਪ੍ਰਕਾਸ਼ਿਤ ਤਸਵੀਰ ਅਤੇ ਇਸਦੇ ਸਿਰਲੇਖ ਰਾਹੀਂ ‘‘ਮਾਨਹਾਣੀ’’ ਦਾ ਬਹਾਨਾ ਘੜ ਕੇ ਅਵਤਾਰ ਸਿੰਘ ਮੱਕੜ ਨੇ ਜਿਥੇ ਸੰਪਾਦਕ ਸਰਬਜੀਤ ਸਿੰਘ ਅਤੇ ਪ੍ਰਕਾਸ਼ਕ ਸਵਰਨ ਸਿੰਘ ਦੀਆਂ ਪੱਤਰਕਾਰੀ ਸਬੰਧੀ ਸਰਗਰਮੀਆਂ ਵਿੱਚ ਰੁਕਾਵਟ ਖੜੀ ਕਰਨ ਲਈ, ਇਨ੍ਹਾਂ ’ਤੇ ਮੁਕੱਦਮਾ ਕਰਨ ਦੀ ਪ੍ਰਕ੍ਰਿਆ ਅਰੰਭ ਦਿੱਤੀ ਹੈ। ਪੰਜਾਬ ਦੀ ਸੱਤਾ ਅਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਸਹਾਰੇ ਮੌਜਾਂ ਮਾਣ ਰਹੇ ਲੋਕਾਂ ਲਈ ਅਜਿਹਾ ਕਰਨਾ ਬੜੀ ਮਾਮੂਲੀ ਜਿਹੀ ਗੱਲ ਹੈ। ਪਰ ਇੰਡੀਆ ਅਵੇਅਰਨੈਸ ਵਰਗਾ ਅਦਾਰਾ ਜਿਹੜਾ ਹਮੇਸ਼ਾ ਧਾਰਮਕ-ਸਿਆਸੀ ਧੜਿਆਂ ਤੋਂ ਅਜ਼ਾਦ ਰਿਹਾ ਹੈ ਅਤੇ ਜਿਸ ਨੂੰ ਵਿਦੇਸ਼ਾਂ ਤੋਂ ਤਾਂ ਦੂਰ, ਭਾਰਤ ਵਿੱਚ ਵੀ ਮਾਇਕ ਸਹਿਯੋਗ ਦੇਣ ਵਾਲੇ ਪੰਥ-ਦਰਦੀਆਂ ਦਾ ਸਹਿਯੋਗ ਨਹੀਂ ਮਿਲ ਸਕਿਆ, ਲਈ ਅਜਿਹੇ ਹਥਕੰਡਿਆਂ ਦਾ ਸਾਹਮਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ।

ਇਸਲਈ ਅਸੀਂ ਇੰਡੀਆ ਅਵੇਅਰਨੈਸ ਦੇ ਸਮੂਹ ਪਾਠਕਾਂ ਅਤੇ ਹੋਰ ਪੰਥ-ਦਰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮੁੱਦੇ ’ਤੇ, ਜਲਦ ਤੋਂ ਜਲਦ ਸਾਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਣ ਕਿ ਸਾਨੂੰ ਇਸ ਮਸਲੇ ਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਤਾਂ ਜੋ ਸਾਨੂੰ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਵੀ ਨਾ ਕਰਨਾ ਪਏ ਅਤੇ ਸਿੱਖ ਮਸਲਿਆਂ ਦੀ ਵੀ ਪਹਿਲਾਂ ਵਾਂਗ ਨਿਰਪੱਖਤਾ ਨਾਲ ਪੇਸ਼ਕਾਰੀ ਹੁੰਦੀ ਰਹੇ।