ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵੀ ਸਭ ਤੋਂ ਵੱਡਾ ਖਤਰਾ ਹਨ
ਖਾਲ਼ਸਾ ਨਾਰੀ ਮੰਚ

ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵੀ ਸਭ ਤੋਂ ਵੱਡਾ ਖਤਰਾ ਹਨ: ਖ਼ਾਲਸਾ ਨਾਰੀ ਮੰਚ
ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਅਪਣੇ ਨਾਂ ਨਾਲ ਲੱਠਮਾਰ ਦਾ ਲੱਕਬ ਵੀ ਲਾ ਲੈਣਾ ਚਾਹੀਦਾ ਹੈ : ਗੁਰਿੰਦਰ ਸਿੰਘ
(13 ਫਰਵਰੀ 2010 ਬੀਬੀ ਬਸੰਤ ਕੌਰ , ਫ਼ਰੀਦਾਬਾਦ)
ਅੱਜ ਇਥੇ ਮਹੀਨਾਵਾਰੀ ਕਾਲਾ ਦਿਵਸ ਮਨਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਵੱਲੋਂ ਸਪੋਕਸਮੈਨ ਵਿਚ ਛੱਪੇ ਇਸ਼ਤਿਹਾਰ ਦੀਆਂ ਕਾਪੀਆਂ ਵੰਡੀਆਂ ਗਈਆਂ ਇਸ ਮੌਕੇ ਮੰਚ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਸਾਹਮਣੇ ਅੱਜ ਸਭ ਤੋਂ ਵੱਡਾ ਖਤਰਾ ਪੂਜਾਰੀਵਾਦ ਹੈ , ਸਿੱਖੀ ਦੇ ਵੇੜੇ ਵਿਚ ਡੇਰਾਵਾਦ, ਪਾਖੰਡਵਾਦ, ਪਤਿਤਪੁਣਾ, ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਧਕੇਲਣ ਆਦਿਕ ਬੁਰਾਈਆਂ ਦਾ ਅਮਰਵੇਲ ਵਾਂਗ ਵੱਧਣਾ ਸਭ ਪੁਜਾਰੀਵਾਦ ਦੀ ਹੀ ਦੇਣ ਹੈ। ਪੁਜਾਰੀਆਂ ਵੱਲੋਂ ਸਭ ਤੋਂ ਵੱਡਾ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਪੁਸਤਕ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਗੁਰੂ ਵੱਜੋਂ ਸਥਾਪਤ ਕਰਣਾ ਹੈ ਤਾਂ ਕਿ ਸਿੱਖੀ ਦਾ ਮਲਿਆਮੇਟ ਕੀਤਾ ਜਾ ਸਕੇ। ਇਸ ਲਈ ਸਿੱਖੀ ਵਿਚ ਘੁਸਪੈਠ ਕਰ ਚੁੱਕੇ ਪੁਜਾਰੀਵਾਦ (ਪੂਜਾ ਦੇ ਧਾਨ ਤੇ ਪੱਲਣ ਵਾਲੇ ਅਤੇ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ) ਦਾ ਅੰਤ ਕਰਣਾ ਬਹੁਤ ਜ਼ਰੂਰੀ ਹੋ ਚੁੱਕਿਆ ਹੈ। ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੱਕੜ ਅਤੇ ਤਖ਼ਤਾਂ ਦੇ ਅਖੌਤੀ ਜੱਥੇਦਾਰਾਂ ਨੇ ਪੰਥ ਵਿਰੋਧੀ ਤਾਕਤਾਂ ਨਾਲ ਰਾਬਤਾ ਕਾਇਮ ਕਰ ਕੇ ਸੁਚੇਤ ਗੁਰਸਿੱਖਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਉਹ ਵਾਕਈ ਨਿੰਦਣਯੋਗ ਘਟਨਾ ਹੈ, ਸ. ਗੁਰਿੰਦਰ ਸਿੰਘ ਨੇ ਬੀਤੇ ਦਿਨੀਂ ਮੱਕੜ ਵੱਲੋਂ ਸ. ਗੁਰਦੇਵ ਸਿੰਘ ਬਟਾਲਵੀ ਦੇ ਗ੍ਰਿਹ ਨੂੰ ਅੱਗ ਲਾਉਣ ਦੀ ਧਮਕੀਆਂ ਅਤੇ ਟਿਕਾਣਾ ਭਾਈ ਜਗਤਾ ਗੋਨਿਆਨਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰਣ ਵਾਲੇ ਨੌਜਵਾਨਾਂ ਨੂੰ ਅਪਣੇ ਲੱਠਮਾਰ ਗੁੰਡਿਆਂ ਤੋਂ ਕੁਟਵਾਉਣ ਦੀ ਘਟਨਾ ਨੂੰ ਬੇਹਦ ਸ਼ਰਮਨਾਕ ਦਸਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਆੜੇ ਹੱਥ ਲੈਂਦਿਆਂ ਕਿਹਾ ਕਿ ਮੱਕੜ ਨੂੰ ਹੁਣ ਅਪਣੇ ਨਾਂ ਨਾਲ ਲੱਠਮਾਰ ਦਾ ਨਵਾਂ ਲਕਬ ਵੀ ਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹੁਣ ਜਾਗਰੂਕ ਹੋ ਜਾਣਾ ਚਾਹੀਦਾ ਹੈ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣ ਕੇ ਆਉਣ ਵਾਲੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਇੰਨ੍ਹਾਂ ਨੂੰ ਸਬਕ ਸਿੱਖਾ ਦੇਣਾ ਚਾਹੀਦਾ ਹੈ ।ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਵੀ ਸਭ ਤੋਂ ਵੱਡਾ ਖਤਰਾ ਹਨ । ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਮਨੁੱਖਤਾ ਨੂੰ ਨਸ਼ੇ ਵਾਲੇ ਪਾਸੇ ਪ੍ਰੇਰ ਕੇ ਆਚਰਣ ਤੋਂ ਡੇਗਣ ਵਾਲੀਆਂ ਸੈਕੜੋਂ ਕਹਾਣੀਆਂ ਨਾਲ ਭਰਿਆ ਪਿਆ ਹੈ ਇਸ ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖ ਦੀ ਪਹਿਚਾਣ ਅਤੇ ਉਸ ਦੀ ਨਿਵੇਕਲੀ ਹੋਂਦ ਨੂੰ ਸਭ ਤੋਂ ਵੱਡਾ ਖਤਰਾ ਪੈਦਾ ਹੋ ਚੁਕਿਆ ਹੈ ਤਾਹੀਉਂ ਆਸ਼ੁਤੋਸ਼ ਵਰਗੇ ਅਤੇ ਆਰ.ਐਸ.ਐਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਵਿਚ ਚੰਦ ਕੁ ਬ੍ਰਾਹਮਣ, ਹਠਯੋਗੀ, ਕੇਸਾਧਾਰੀ ਹਿੰਦੂਆਂ ਵੱਲੋਂ ਗੁਰੂ ਸਾਹਿਬਾਨ ਨੂੰ ਹਿੰਦੂ ਸਾਬਤ ਕਰਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜਦ ਕਿ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਪਸ਼ਟ ਫੈਸਲਾ ਦੱਸ ਦਿੱਤਾ ਹੈ “ਨਾ ਹਮ ਹਿੰਦੂ ਨਾ ਮੁਸਲਮਾਨ” ਪਰ ਇਸ ਸਭ ਦੇ ਬਾਵਜੂਦ ਪੰਥ ਵਿਰੋਧੀ ਤਾਕਤਾਂ ਸਿੱਖੀ ਦੇ ਵੇੜੇ ਵਿਚ ਸਿੱਖੀ ਸਰੂਪ ਅੰਦਰ ਦਾਖਲ ਹੋ ਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਸਣ ਦੀਆਂ ਘਿਨਾਉਣੀਆਂ ਹਰਕਤਾਂ ਕਰ ਰਹੀਆਂ ਹਨ ਜਿਸ ਤੋਂ ਸੱਮੁਚੇ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ।