ਸ਼ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਮੁੱਖ ਸੇਵਾਦਾਰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ।
ਜਸਵੰਤ ਸਿੰਘ ਨੌਰਵੇ
ਨਾਰਵੇ ਦੇ ਸਿੱਖਾਂ ਨੇ ਪੁਜਾਰੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਅਤੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦੇ ਜਾਰੀ ਨਾਦਰਸ਼ਾਹੀ ਫੁਰਮਾਨ ਨੂੰ ਮੁੱਢੋਂ ਹੀ ਰੱਦ ਕੀਤਾ।
• ਸ਼ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਮੁੱਖ ਸੇਵਾਦਾਰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ।
• ਪੰਥ ਨੂੰ ਦੋਫਾੜ ਕਰਨ ਵਾਲੇ ਹੁਕਮਨਾਮੇ ਵਾਪਸ ਲਏ ਜਾਣ।
• ਅਕਾਲ ਤਖਤ ਮਹਾਨ ਹੈ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਜਾਮਨ ਹੈ।
ਪਰ ਆਪਣੇ ਆਪ ਨੂੰ ਅਕਾਲ ਤਖਤ ਸਮਝਣ ਵਾਲਿਆਂ ਦੇ ਤੁਗਲਕੀ ਫੁਰਮਾਨਾਂ ਨੇ ਪੂਰੀ ਦੁਨੀਆਂ ਵਿੱਚ ਸਿੱਖਾਂ ਨੂੰ ਸ਼ਰਮਸਾਰ ਕੀਤਾ ਹੈ। ਦੇਸ਼ ਵਿਦੇਸ਼ ਵਿੱਚੋਂ ਉੱਠੀ ਵਿਰੋਧ ਦੀ ਵਿਆਪਕ ਲਹਿਰ ਨੇ ਇਹ ਸਾਬਤ ਕਰ ਦਿੱਤਾ ਹੇੈ ਕਿ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਤਖਤਾਂ ਤੇ ਬਿਰਾਜਮਾਨ ਸੇਵਾਦਾਰ ਕੌਮ ਦੀ ਇਸ ਅਧੋਗਤੀ ਲਈ ਪੂਰੀ ਤਰ੍ਹਾਂ ਜਿੰਮੇਵਾਰ ਹਨ। ਪ੍ਰੋ. ਦਰਸ਼ਨ ਸਿੰਘ ਜੀ ਦੇ ਕੀਰਤਨ ਕਰਨ ਤੇ ਪਾਬੰਦੀ ਲਾਉਣ ਤੋਂ ਲੈਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਤੱਕ ਦਾ ਸਾਰੇ ਦਾ ਸਾਰਾ ਵਰਤਾਰਾ ਤਾਲਿਬਾਨੀ ਕਿਸਮ ਦਾ ਹੈ। ਕੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪ੍ਰਚਾਰਨਾ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਹੈ? ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਇਸ ਦੀ ਤੌਹੀਨ ਕਰ ਰਹੇ ਹਨ? ਉਪਰੋਂ ਸਿਤਮ ਦੀ ਗੱਲ ਇਹ ਹੈ ਕਿ ਤੌਹੀਨ ਕਰਨ ਵਾਲੇ ਜੱਜ ਵੀ ਬਣ ਬੈਠੇ ਹਨ। ਦਸਮ ਗ੍ਰੰਥ ਵਿਚਲੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਸਾਹਿਬ ਦੀ ਕਿਰਤ ਦੱਸਣਾ ਗੁਰੂ ਗੋਬਿੰਦ ਸਿੰਘ ਜੀ ਦੀ ਘੋਰ ਬੇਅਦਬੀ ਹੈ। ਪ੍ਰੋ. ਦਰਸ਼ਨ ਸਿੰਘ ਜੀ ਕੌਮ ਦੀ ਸਤਿਕਾਰਯੋਗ ਸਖਸ਼ੀਅਤ ਹਨ। ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਵਿੱਚ ਕਿਸੇ ਨੂੰ ਵੀ ਪੰਥ ਵਿੱਚੋਂ ਛੇਕਣ ਦਾ ਅਧਿਕਾਰ ਪੁਜਾਰੀਆਂ ਕੋਲ ਨਹੀ ਹੈ, ਫਿਰ ਕਿਸ ਆਧਾਰ ਤੇ ਇਹ ਨਾਟਕ ਖੇਡੇ ਜਾ ਰਹੇ ਹਨ? ਪਿਛਲੇ ਸਮਿਆਂ ਵਿੱਚ ਇੱਕ ਖਾਸ ਧਿਰ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਕੀ ਅਕਾਲ ਤਖਤ ਗੁਰਮਤਿ ਤੇ ਪਹਿਰਾ ਦੇਣ ਵਾਲਿਆਂ ਨੂੰ ਠਿਕਾਣੇ ਲਾਉਣ ਲਈ ਰਹਿ ਗਿਆ ਹੈ? ਕੀ ਅਕਾਲ ਤਖਤ ਸਾਰੇ ਸਿੱਖਾਂ ਦਾ ਹੈ ਜਾਂ ਇੱਕ ਧੜੇ ਦਾ ਹੈ? ਬਾਦਲ ਹੁਣਾਂ ਨੂੰ ਬੇਨਤੀ ਹੈ ਕਿ ਪੰਥ ਜਾਣਦਾ ਹੈ ਕਿ ਇਸ ਵਰਤਾਰੇ ਵਿੱਚ ਤੁਸੀਂ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਿਲ ਹੋ। ਤੁਸੀਂ ਬੜੀ ਆਸਾਨੀ ਨਾਲ ਇਸ ਮਸਲੇ ਨੂੰ ਨਜਿੱਠ ਸਕਦੇ ਸੀ। ਵਿਰੋਧੀਆਂ ਨੂੰ ਥੱਲੇ ਲਾਉਣ ਲਈ ਅਕਾਲ ਤਖਤ ਦੀ ਦੁਰਵਰਤੋਂ ਕਰਨੀ ਬੰਦ ਕਰੋ। ਤੁਸੀਂ ਰਾਜਨੀਤਕ ਆਦਮੀ ਹੋ ਆਪਣੇ ਵਿਰੋਧੀਆਂ ਨੂੰ ਰਾਜਨੀਤੀ ਦੇ ਅਖਾੜੇ ਵਿੱਚ ਹੀ ਟੱਕਰੋ! ਪੰਜਾਬੀਅਤ ਦਾ ਸਾਰੀ ਦੁਨੀਆਂ ਵਿੱਚ ਨਾਮ ਰੌਸ਼ਨ ਕਰਨ ਵਾਲੀ ਅਤੇ ਸਿੱਖ-ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਅਖਬਾਰ ਨਾਲ ਤੁਹਾਡੀ ਪੰਥਕ ਕਹਾਉਣ ਵਾਲੀ ਸਰਕਾਰ ਵਲੋਂ ਵਿਤਕਰਾ ਕਰਨਾ ਕਿਥੋਂ ਕੁ ਤੱਕ ਜਾਇਜ ਹੈ?
ਨਾਨਕਸ਼ਾਹੀ ਕੈਲੰਡਰ
ਸ. ਅਵਤਾਰ ਸਿੰਘ ਜੀ ਕੀ ਤੁਸੀਂ ਕੌਮ ਨੂੰ ਦੱਸਣ ਦੀ ਖੇਚਲ ਕਰੋਗੇ ਕਿ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਲੱਗਿਆਂ ਕਿਹੜਾ ਮਾਪਦੰਡ ਅਪਨਾਇਆ ਗਿਆ? ਕੈਲੰਡਰ ਦੇ ਕਿਹੜੇ-ਕਿਹੜੇ ਮਾਹਿਰਾਂ ਨਾਲ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਮੀਟਿੰਗਾਂ ਕੀਤੀਆਂ ਗਈਆਂ? ਕਿਨ੍ਹਾਂ- ਕਿਨ੍ਹਾਂ ਜਥੇਬੰਦੀਆਂ ਨਾਲ ਤੁਹਾਡੀਆਂ ਮੀਟਿੰਗਾ ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਹੋਈਆਂ? ਕੌਮ ਤੋਂ ਸੁਝਾਅ ਕਦੋਂ ਮੰਗੇ ਗਏ? ਦੇਸ਼-ਵਿਦੇਸ ਦੇ ਗੁਰਦੁਆਰਿਆਂ ਤੋਂ ਸੁਝਾਅ ਕਦੋਂ ਲਏ ਗਏ ਅਤੇ ਕਿਹੜੇ-ਕਿਹੜੇ ਸੁਝਾਅ ਆਏ? ਜਦੋਂ ਕਿ 2003 ਵਿੱਚ ਇਸ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਲੰਬਾ ਸਮਾਂ ਇਹ ਸਿਲਸਿਲਾ ਚਲਿਆ ਸੀ। ਆਖਿਰ ਜਿਸ ਕੌਮ ਤੇ ਤੁਸੀਂ ਇਹ ਕੈਲੰਡਰ ਲਾਗੂ ਕਰਨਾ ਹੈ, ਉਸਨੂੰ ਇਹ ਜਾਨਣ ਦਾ ਹੱਕ ਤਾਂ ਹੋਣਾ ਹੀ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਰਹੇ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਰੋਕਣ ਲਈ ਤੁਸੀਂ ਕੀ ਕੀਤਾ ਹੈ? ਕੀ ਤੁਸੀਂ ਇਸ ਸਬੰਧੀ ਕੁਝ ਕਰੋਗੇ ਵੀ, ਜਾਂ ਫਿਰ ਲਲਕਾਰੇ ਹੀ ਮਾਰਦੇ ਰਹੋਗੇ ਕਿ ਜਿਹੜਾ ਬੋਲਿਆ ਉਸਨੂੰ ਛੇਕ ਦੇਵਾਂਗੇ? ਦੁਨੀਆਂ ਭਰ ਦੇ ਸਿੱਖ ਇਸ ਦਾ ਵਿਰੋਧ ਕਰ ਰਹੇ ਹਨ, ਕਿਸ-ਕਿਸ ਨੂੰ ਛੇਕੋਗੇ? ਸ. ਅਵਤਾਰ ਸਿੰਘ ਜੀ ਕੀ ਤੁਸੀਂ ਕੌਮ ਨੂੰ ਚਾਨਣਾ ਪਾਉਗੇ ਕਿ ਕੋਮ ਨੂੰ ਇੱਕਠਿਆਂ ਕਰਨ ਲਈ ਤੁਸੀ ਆਪਣੇ ਕਾਰਜਕਾਲ ਵਿੱਚ ਕੀ ਉਪਰਾਲਾ ਕੀਤਾ ਹੈ? ਜਾਂ ਅਜੇ ਕੌਮ ’ਚ ਵੰਡੀਆਂ ਪਾਉਣ ਤੋਂ ਹੀ ਵਿਹਲ ਨਹੀ? ਰੱਬ ਦਾ ਵਾਸਤਾ ਜੇ, ਇਸ ਕੌਮ ਤੇ ਕੁਝ ਤਰਸ ਕਰੋ! ਤੁਹਾਡਾ ਇਹ ਦਾਅਵਾ ਕਿ ਇਸ ਤਰਾਂ ਕਰਨ ਨਾਲ ਕੌਮ ਇਕੱਠੀ ਹੋਈ ਹੈ, ਬਿਲਕੁੱਲ ਖੋਖਲਾ ਤੇ ਹਕੀਕਤ ਤੋਂ ਕੋਹਾਂ ਦੂਰ ਹੈ। ਮਿਹਰਬਾਨੀ ਕਰਕੇ ਮੀਡੀਏ ਦੀ ਦੁਰਵਰਤੋਂ ਰਾਹੀਂ ਸਿੱਖ ਕੌਮ ਨੂੰ ਗੁਮਰਾਹ ਕਰਨ ਤੋਂ ਗੁਰੇਜ ਕਰੋ। ਜਿਸ ਲਾਣੇ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇਹ ਸਭ ਕੁਝ ਕੀਤਾ ਹੈ, ਉਨ੍ਹਾਂ ਨੇ ਕਦੇ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ, ਸਗੋਂ ਅਕਾਲ ਤਖਤ ਤੇ ਆਪਣਾ ਹੁਕਮ ਚਲਾਇਆ ਹੈ। ਭਾਈ ਰਾਮ ਸਿੰਘ ਨੂੰ ਟਕਸਾਲ ਦੇ ਮੁਖੀ ਵਜੋਂ ਸ਼ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਮਾਨਤਾ ਅਤੇ ਅਕਾਲ ਤਖਤ ਤੋਂ ਦਿੱਤੇ ਗਏ ਸਿਰੋਪਾਉ ਦੇ ਬਾਵਜੂਦ ਅੱਜ ਹਰਨਾਮ ਸਿੰਘ ਧੁੰਮਾ ਦਾ ਹੁਕਮ ਕਿਸ ਮਜਬੂਰੀ ਅਧੀਨ ਵਜਾਇਆ ਜਾ ਰਿਹਾ ਹੈ?
ਸ਼ਰੋਮਣੀ ਕਮੇਟੀ ਅਤੇ ਤਖਤਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝੀ ਬੈਠੇ ਸੇਵਾਦਾਰੋ / ਪੁਜਾਰੀਓ!
ਕੰਧ ਤੇ ਲਿਖਿਆ ਹੇਠਲਾ ਸੱਚ ਪੜ੍ਹਨ ਦੀ ਹਿੰਮਤ ਕਰੋ!
ਸਿੱਖ ਕੌਮ ਨੇ ਤੁਹਾਡੇ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀ ਛੇੜ-ਛਾੜ, ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦੇ ਜਾਰੀ ਨਾਦਰਸ਼ਾਹੀ ਫੁਰਮਾਨਾਂ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਅਸੀਂ ਨਾਰਵੇ ਦੇ ਸਿੱਖ ਪ੍ਰੋ: ਦਰਸ਼ਨ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਦ ਵੀ ਯੌਰਪ ਦਾ ਚੱਕਰ ਲਾਉਣ ਤਾਂ ਇੱਥੇ ਨਾਰਵੇ ਜਰੂਰ ਆਉਣ। ਆਪ ਜੀ ਦਾ ਨਾਰਵੇ ਦੀ ਸਿੱਖ ਸੰਗਤ ਵੱਲੋਂ ਯੋਗ ਸਨਮਾਨ ਕੀਤਾ ਜਾਵੇਗਾ।
ਖਾਲਸਾ ਪੰਥ ਨੂੰ ਜੋਦੜੀ:
ਕਿਸੇ ਸ਼ਾਇਰ ਦਾ ਕਥਨ ਹੈ:
“ਹਮ ਜਬ ਵੀ ਤੁਮਾਰੇ ਦਰ ਪੇ ਗਏ ਹਾਥੋਂ ਮੇ ਲੇਕਰ ਫੂਲ ਗਏ,
ਵੋ ਫਿਰਨਾ ਹਰਸੂ ਮੱਕੇ ਕਾ, ਵੋ ਰੁਕਨਾ ਗਿਰਤੇ ਪਰਬਤ ਕਾ,
ਹਰ ਬਾਤ ਤੁਮਾਰੀ ਯਾਦ ਰਹੀ, ਪੈਗਾਮ ਤੁਮਾਰਾ ਭੂਲ ਗਏ”
ਆਉ ਗੁਰੁ ਦੇ ਪੈਗਾਮ “ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਯੋ ਗ੍ਰੰਥ” ਨੂੰ ਯਾਦ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਡਟ ਜਾਈਏ ਅਤੇ ਕਿਸੇ ਹੋਰ ਗ੍ਰੰਥ ਦੇ ਪੁਜਾਰੀ ਨਾ ਬਣੀਏ। ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ (2003) ਨੂੰ ਮਾਨਤਾ ਦੇਈਏ। ਇਸ ਸਬੰਧੀ ਹੋਰ ਖੋਜ ਭਰਪੂਰ ਜਾਣਕਾਰੀ ਲਈ ਵੇਖੋ:
http://www.singhsabhacanada.com/
http://www.thesikhaffairs.org/
http://www.ggsacademy.com/splash/index.html
ਜਾਰੀ ਕਰਤਾ ਨਾਰਵੇ ਤੋਂ:
ਬਲਦੇਵ ਸਿੰਘ (+47 41303288), ਜਸਵੰਤ ਸਿੰਘ (+47 91650705), ਪਰਮਜੀਤ ਸਿੰਘ, ਕੁਲਵੰਤ ਸਿੰਘ ਬਰਾੜ, ਕਮਲਜੀਤ ਸਿੰਘ, ਬਲਜੀਤ ਸਿੰਘ ਓਹਰੀ, ਜੁਗਿੰਦਰ ਸਿੰਘ, ਆਤਮਾ ਸਿੰਘ, ਤਰਲੋਚਨ ਸਿੰਘ ਗਰੇਵਾਲ, ਚਰਨ ਸਿੰਘ ਮੱਲ੍ਹੀ, ਸੁਖਚੈਨ ਸਿੰਘ, ਲਖਵਿੰਦਰਬੀਰ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਬਲਕਾਰ ਸਿੰਘ, ਦਵਿੰਦਰ ਕੌਰ, ਬਲਵੀਰ ਕੌਰ, ਹਰਿੰਦਰਪਾਲ ਸਿੰਘ ਬਸਰਾ, ਸਰਵਨ ਸਿੰਘ, ਸਵਿੰਦਰ ਸਿੰਘ, ਮਲਕੀਤ ਸਿੰਘ, ਸਰਬਜਿੰਦਰ ਸਿੰਘ, ਕਰਮਜੀਤ ਸਿੰਘ, ਨੌਨਿਹਾਲ ਸਿੰਘ, ਇੰਦਰਜੀਤ ਸਿੰਘ ਦਰਾਮ੍ਹਨ, ਹਰਿੰਦਰਪਾਲ ਸਿੰਘ ਬੀੜ ਚੜਿੱਕ, ਗੁਰਸ਼ਰਨ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੇ ਪੰਥ ਦਰਦੀ।