ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਿੱਖਾਂ ਵਿਚ ‘ਸਾਹਿਬ’ ਸ਼ਬਦ ਦੀ ਦੁਰਵਰਤੋਂ!

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ




ਇਹ ਕੋਈ 64-65 ਕੁ ਦੀ ਗੱਲ ਹੋਣੀ ਹੈ ਕਿ ਹੌਲਦਾਰ ਅਨੋਖ ਸਿੰਘ, ਜੋ ਅੰਗਰੇਜਾਂ ਦੀ ਫੌਜ ਵਿਚੋਂ ਪਿਨਸ਼ਨ ਭੱਤਾ ਲੈ ਕੇ ਵਾਪਸ ਪਿੰਡ ਵਿਚ ਰਹਿ ਰਿਹਾ ਸੀ, ਕਦੇ ਕਦੇ ਮਲੇਸ਼ੀਆ ਦੀਆਂ ਗੱਲਾਂ ਸਣਾਉਂਦਾ ਸਣਾਉਂਦਾ ਇਹ ਕਿਹਾ ਕਰਦਾ ਸੀ ਕਿ ਅੰਗਰੇਜ਼ਾਂ ਦੀਆਂ ਕੁਕੜੀਆਂ ਪਾਈਏ ਪਾਈਏ ਦੇ ਆਂਡੇ ਦਿੰਦੀਆਂ ਹਨ। ਇਹ ਸੁਣ ਕੇ ਮੇਰੇ ਮਨ ਵਿਚ ਖਿਆਲ ਆਉਂਦਾ ਸੀ ਕਿ ਮੈਂ ਵੀ ਕਿਤੇ ਐਸੇ ਆਂਡੇ ਦੇਖ ਸਕਉਂਗਾ ਕਿਉਂਕਿ ਗਰੀਬਾਂ ਦੇ ਤਾਂ ਸੁਪਨੇ ਹੀ ਹੋ ਸਕਦੇ ਹਨ ਤੇ ਸੁਪਨਿਆਂ ਦਾ ਸਕਾਰ ਹੋਣਾ ਸੰਭਵ ਹੀ ਨਹੀ ਹੁੰਦਾ ਬਲਕਿ ਨਾ-ਮੁਮਕਿਨ ਹੁੰਦਾ ਹੈ। ਇੱਕ ਗੱਲ ਉਹ ਹੋਰ ਵੀ ਕਰਿਆ ਕਰਦਾ ਸੀ ਜਿਸ ਦੀ ਮੈਨੂੰ ਅੱਜ ਸਮਝ ਪੈਂਦੀ ਹੈ ਕਿ ਅੰਗਰੇਜਾਂ ਨੇ ਸਾਡੇ ਧਰਮ ਨਾਲ ਬਹੁਤ ਧੱਕਾ ਕੀਤਾ ਹੈ ਪਰ ਲੋਕ ਨਹੀ ਸਮਝ ਸਕਦੇ।
ਇਹੀ ਗੱਲ ਬਠਿੰਡੇ ਦੇ ਫੌਜੀ-ਨੌਕਰੀ ਬਰਖਾਸਤ ਭੁਪਿੰਦਰ ਸਿੰਘ, ਜੋ 1988 ਵਿਚ ਮੈਨੂੰ ਦਿੱਲ੍ਹੀ ਵਿਚ ਮਿਲਿਆ ਤੇ ਫੌਜੀ-ਨੌਕਰੀ ਸਮੇਂ ਗ੍ਰੰਥੀ ਦਾ ਕੰਮ ਕਰਦਾ ਸੀ, ਨੇ ਕਹੀ ਕਿ ਅੰਗਰੇਜ਼ਾਂ ਨੇ ਸਿੱਖ ਧਰਮ ਦਾ ਸੱਤਿਆ ਨਾਸ ਕਰ ਦਿੱਤਾ ਹੈ। ਤਦ ਵੀ ਉਨ੍ਹਾ ਦੀ ਇੱਸ ਗੱਲ ਦੀ ਮੈਨੂੰ ਹਾਲੇ ਸਮਝ ਘੱਟ ਹੀ ਪੈਂਦੀ ਸੀ ਕਿਉਂਕਿ ਮੈਂ ਆਪ ਗੁਰੂ ਗ੍ਰੰਥ ਨੂੰ ਬਹੁਤ ਹੀ ਘੱਟ ਪੜ੍ਹਿਆ ਤੇ ਵੀਚਾਰਿਆ ਸੀ। ਸ਼ੁਰੂ ਸ਼ੁਰੂ ਵਿਚ ਸਮਝਦਾਰ ਤੇ ਸਿਆਣੇ ਸਿੱਖ ਫੌਜੀ ਅਫਸਰ ਆਪਣੇ ਅਰਦਲੀਏ ਸਿਪਾਹੀ ਨੂੰ ਇਹੀ ਕਹਿੰਦੇ ਸਨ ਕਿ ਮੈਂ ਤੇਰਾ ਸਾਹਿਬ ਨਹੀ। ਪਰ ਅੰਗਰੇਜ਼ਾਂ ਨੇ ਇੱਹ ਗੱਲ ਆਪਣੇ ਧੱਕੇ ਨਾਲ ਐਸੀ ਚਲਾਈ ਕਿ ਅੱਜ ਹਰ ਸਿੱਖ ਹਰ ਐਰੇ-ਗੈਰੇ ਤੇ ਨੱਥੂ ਖਹਿਰੇ ਨੂੰ ਉਸਦੇ ਅਖੀਰਲੇ ਨਾਮ ਨਾਲ ਸਾਹਿਬ ਲੱਗਾ ਕੇ ਬਲਾਉਣ ਵਿਚ ਹੀ ਅਪਾਣੀ ਮਾਂ ਬੋਲੀ ਦੇ ਅਕਾਦਮਿਕ ਪੱਧਰ ਨੂੰ ਉੱਚਾ ਰੱਖਣ ਵਿਚ ਫਖਰ ਮਹਿਸੂਸ ਕਰਦਾ ਹੈ। ਜਦੋਂ ਕਿ ਉਹ ਆਪਣੇ ਗੁਰੂ ਦੇ ਹੁਕਮ ਦੀ ਜਾਣੇ-ਅਣਜਾਣੇ ਵਿਚ ਹੁਕਮ ਅਦੂਲੀ ਕਰ ਰਿਹਾ ਹੁੰਦਾ ਹੈ।
ਗੁਰੂ ਗ੍ਰੰਥ ਵਿਚ ਸਾਹਿਬ 96 ਵਾਰ, ਸਾਹਿਬੁ 204 ਵਾਰ, ਸਾਹਿਬਾ 19 ਵਾਰ, ਸਾਹਿਬੋ 5 ਵਾਰ, ਸਾਹਿਬੈ 3 ਵਾਰ ਤੇ ਸਾਹਿਬੀ 1 ਵਾਰ ਆਉਂਦਾ ਹੈ। ਇਨ੍ਹਾਂ ਛੇ ਕਿਸਮ ਦੇ ਵੱਖਰੇ ਵੱਖਰੇ ਸ਼ਬਦਾਂ ਦਾ ਜੋੜ 328 ਬਣਦਾ ਹੈ। ਹੁਣ ਅਸੀਂ ਵੇਖਣਾ ਹੈ ਕਿ ਗੁਰੂ ਸਾਹਿਬ ਇਸ ਲਫਜ਼ ਦੀ ਵਰਤੋਂ ਕਿਸ ਵਾਸਤੇ ਕਰਦੇ ਹਨ।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥3॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥4॥1॥ {ਮ:1, ਪੰਨਾ 12}
ਇਸ ਸਲੋਕ ਵਿਚ ਜੀਵ ਦੀ ਜਿੰਦ- ਇਸਤਰੀ ਦਾ ਪ੍ਰਮਾਤਮਾ- ਸਾਹਿਬ ਨਾਲ ਵਿੱਥ ਘਟਾਉਣ ਦੀ ਜਾਂ ਮੇਲ ਦੀ ਗੱਲ ਹੈ।
ਗੁਰਬਾਣੀ ਦੇ ਅਰਥ ਪੜ੍ਹਨ ਲਈ  www.gurugranthdarpan.com  ਤੇ ਜਾਓ ਜੀ।
ਸਿਰੀਰਾਗੁ ਮਹਲਾ 1॥ ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥1॥ਪੰਨਾ 17॥
ਸਾਹਿਬ-ਮਾਲਕ-ਪ੍ਰਮਾਤਮਾ-ਅਕਾਲ ਪੁਰਖ ਵਿਚ ਸਾਰੇ ਗੁਣ ਹਨ ਤੇ ਸਾਰੇ ਔਗਣ ਇਨ੍ਹਾਂ ਜੀਵਾਂ-ਸਾਡੇ ਵਿਚ ਹਨ।

ਸਲੋਕ ਮ: 1 ॥ ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥1॥ {ਪੰਨਾ 83}
ਸਲੋਕ ਮ: 3 ॥ ਕਲਉ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖਿ ਲੇਹੁ ॥ ਸਦਾ ਸਾਹਿਬ ਕੈ ਰੰਗਿ ਰਹੈ ਕਬਹੂ ਨ ਤੂਟਸਿ ਨੇਹੁ ॥ ਕਲਉ ਮਸਾਜਨੀ ਜਾਇਸੀ, ਲਿਖਿਆ ਭੀ ਨਾਲੇ ਜਾਇ ॥ ਨਾਨਕ ਸਹ ਪ੍ਰੀਤਿ ਨ ਜਾਇਸੀ, ਜੋ ਧੁਰਿ ਛੋਡੀ ਸਚੈ ਪਾਇ ॥{ਪੰਨਾ 84}
ਕਲਮ ਦਵਾਤ ਮੰਗਾਣ ਦਾ ਕੀਹ ਲਾਭ ? (ਹੇ ਸੱਜਣਾ !) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ । (ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ (ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ । ਪਰ, ਹੇ ਨਾਨਕ ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ।1।
ਮਾਝ ਮਹਲਾ 5 ॥ ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥ ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥1॥ ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਜੋ ਸਾਹਿਬ ਤੇਰੈ ਮਨਿ ਭਾਵੈ ॥ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥2॥ਪੰਨਾ 100॥
ਉੱਪਰ ਲਿਖੇ ਸਾਰੇ ਸਲੋਕਾਂ ਵਿਚ ਲਫਜ਼ ਸਾਹਿਬ ਸਿਰਫ ਤੇ ਸਿਰਫ ਪ੍ਰਮਾਤਮਾ/ ਅਕਾਲ ਪੁਰਖ ਜਾਂ ਜਿਸ ਕਰਤੇ ਦੇ ਕਿਸੇ ਨਿਯਮ ਜਾਂ ਕਾਨੂੰਨ ਨਾਲ ਇਸ ਸਾਰੀ ਕਾਇਨਾਤ ਤੇ ਸ੍ਰਿਸ਼ਟੀ ਸਾਜੀ ਗਈ ਹੈ ਵਾਸਤੇ ਹੀ ਵਰਤਿਆ ਗਿਆ ਹੈ।
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਸਿਰੀ ਰਾਗੁ ਮਹਲਾ 1 ਘਰੁ ਦੂਜਾ 2 ॥ ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰ ॥1॥ ਰੰਗਿ ਰਤਾ ਮੇਰਾ ਸਾਹਿਬੁ, ਰਵਿ ਰਹਿਆ ਭਰਪੂਰਿ॥1॥ਰਹਾਉ॥ ਪੰਨਾ 23॥
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥ ਮੇਰੈ ਮਨਿ ਤਨਿ ਭੁਖ ਅਤਿ ਅਗਲੀ, ਕੋਈ ਆਣਿ ਮਿਲਾਵੈ ਮਾਇ ॥ ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥ਮ:5, ਪੰਨਾ 49॥
ਸਿਰੀ ਰਾਗੁ ਮਹਲਾ 5 ਘਰੁ 1 ॥ ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥ ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥ ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥1॥ ਮੇਰੇ ਸਤਿਗੁਰਾ, ਹਉ ਤੁਧੁ ਵਿਟਹੁ ਕੁਰਬਾਣੁ ॥ ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥1॥ਰਹਾਉ॥ਪੰਨਾ 52॥
ਇਨ੍ਹਾ ਸਲੋਕਾਂ ਵਿਚ ਵੀ ਸਾਹਿਬੁ ਲਫਜ਼ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ।
ਆਸਾ ਮਹਲਾ 1 ॥ ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥ ਕੀਮਤਿ ਪਾਇ ਨ ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ॥1॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥1॥ ਰਹਾਉ ॥ਪੰਨਾ 9॥
ਗਉੜੀ ਚੇਤੀ ਮਹਲਾ 1 ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥1॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥1॥ ਰਹਾਉ ॥
ਹੇ ਮੇਰੇ ਮਾਲਕ ਪ੍ਰਭੂ ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ । (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿਚ ਜੁੜ ਸਕੇ) ।1।ਰਹਾਉ।
(ਹੇ ਮੇਰੇ ਸਾਹਿਬ ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ (ਜਿਉੁਂਦੇ ਜੀਅ) ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ ? (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ।1।
ਇਸ ਸਲੋਕ ਵਿਚ ਵੀ ਗੁਰੂ ਨਾਨਕ ਦੇਵ ਜੀ ‘ਸਾਹਿਬਾ’ ਲਫਜ਼ ਪ੍ਰਮਾਤਮਾ ਵਾਸਤੇ ਹੀ ਵਰਤਦੇ ਹਨ ਤੇ ਇੱਕ ਹੋਰ ਵੀ ਗੱਲ ਸਾਫ ਹੁੰਦੀ ਹੈ ਕਿ ਇਸ ਜੀਵ ਦਾ ਪਿਛਲੇ ਜਨਮ ਵਿਚ ਕੌਣ ਬਾਪ ਸੀ, ਕੌਣ ਮਾਂ ਸੀ  ਤੇ ਮਾਂ ਤੇ ਪਿਤਾ ਨੇ ਮਿਲ ਕੇ ਇਸ ਨੂੰ ਕਿਸ ਕੰਮ ਵਾਸਤੇ ਪੈਦਾ ਕੀਤਾ ਹੈ, ਕੋਈ ਪਤਾ ਨਹੀ। ਇਸ ਉਦਾਰਹਣ ਨਾਲ ਦਸਮ ਗ੍ਰੰਥ ਵਾਲਾ ਸਿਧਾਂਤ ਕੇ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮ ਵਿਚ ਪਤਾ ਨਹੀ ਕਿਤਨੇ ਲੱਖਾਂ ਸਾਲ ਤਪੱਸਿਆ ਕਰਦੇ ਰਹੇ ਵੀ ਗਲਤ ਸਿੱਧ ਹੋ ਜਾਂਦਾ ਹੈ।
ਪਉੜੀ ॥ ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ, ਸਭੁ ਤਿਸੈ ਕਰਣਾ ॥ ਅਗਮੁ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥ ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥ ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥ ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥20॥ {ਪੰਨਾ 323}
ਆਸਾ ਮਹਲਾ 1 ॥ ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥ ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥ ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥ ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥
(ਗੁਰੂ ਦੀ ਸਰਨ ਪੈ ਕੇ ਸ਼ਬਦ ਵਿਚ ਜੁੜ ਕੇ) ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ-ਰੰਗ ਨਾਲ ਰੰਗਿਆ ਗਿਆ ਹੈ ਜੋ ਸਦਾ-ਥਿਰ ਰਹਿਣ ਵਾਲਾ ਹੈ ਜੋ ਸਭ ਦਾ ਮਾਲਕ ਹੈ ਜੋ ਸਭ ਦਾ ਮੁੱਢ ਹੈ, ਜੋ ਸਭ ਵਿਚ ਵਿਆਪਕ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ ਤੇ ਜੋ ਸਭ ਨੂੰ ਆਸਰਾ ਦੇਂਦਾ ਹੈ । ਉਹ ਪਰਮਾਤਮਾ ਅਪਹੁੰਚ ਹੈ, ਮੁਨੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਤੋਂ ਪਰੇ ਹੋਰ ਕੋਈ ਨਹੀਂ, ਬੇਅੰਤ ਹੈ ਤੇ ਸਭ ਤੋਂ ਵੱਡਾ ਹੈ । ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ । (ਹੇ ਭਾਈ !) ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ ।
ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥ ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥ ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥7॥ {ਪੰਨਾ 640}
ੴ ਸਤਿਗੁਰ ਪ੍ਰਸਾਦਿ ॥
ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
ਕਹਾ ਨਰ ਗਰਬਸਿ ਥੋਰੀ ਬਾਤ ॥ ਮਨ ਦਸ ਨਾਜੁ ਟਕਾ ਚਾਰਿ ਗਾਂਠੀ, ਐਂਡੌ ਟੇਢੌ ਜਾਤੁ ॥1॥ ਰਹਾਉ ॥ ਬਹੁਤੁ ਪ੍ਰਤਾਪੁ, ਗਾਂਉ ਸਉ ਪਾਏ, ਦੁਇ ਲਖ ਟਕਾ ਬਰਾਤ ॥ ਦਿਵਸ ਚਾਰਿ ਕੀ ਕਰਹੁ ਸਾਹਿਬੀ, ਜੈਸੇ ਬਨ ਹਰ ਪਾਤ ॥1॥ ਨਾ ਕੋਊ ਲੈ ਆਇਓ ਇਹੁ ਧਨੁ, ਨਾ ਕੋਊ ਲੈ ਜਾਤੁ ॥ ਰਾਵਨ ਹੂੰ ਤੇ ਅਧਿਕ ਛਤ੍ਰਪਤਿ, ਖਿਨ ਮਹਿ ਗਏ ਬਿਲਾਤ ॥
ਅਰਥ:- ਹੇ ਬੰਦੇ ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ ? ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ ? ।1।ਰਹਾਉ।
ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ, ਹੇ ਬੰਦੇ ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ।1।
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ । ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ।2।
ਗੁਰਬਾਣੀ ਵਿਚੋਂ ਹੀ ਇਕ ਹੋਰ ਉਦਾਹਰਣ ਮਿਲਦੀ ਹੈ ਕਿ ਗੁਰੂ ਜੀ ਆਪ ਆਪਣੇ ਸਿੱਖ ਨੂੰ ਗੁਰੂ ਦੇ ਬਰਾਬਰ ਦਾ ਦਰਜ਼ਾ ਦਿੰਦੇ ਹਨ ਤੇ ਗੁਰੂ ਨਾਨਕ ਦੇਵ ਜੀ ਨੇ ਜਿਉਂਦੇ ਜੀਅ ਇਹ ਕਰਕੇ ਵੀ ਵਿਖਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਅਖੀਰਲੇ ਸਮੇਂ ਕਰਤਾਰ ਪੁਰ ਵਿਚ ਭਾਈ ਲਹਿਣਾ ਜੀ ਨੂੰ ਆਪਣੇ ਸੱਚ ਦੀ ਕੱਸਵੱਟੀ ਤੇ ਪਰਖਣ ਤੋਂ ਬਾਅਦ ਜਦੋਂ ਗੁਰਗੱਦੀ ਦੇ ਵਾਰਸ ਬਣਾਉਂਦੇ ਹਨ ਤਾਂ ਆਪਣੇ ਜਿਉਂਦੇ ਜੀਅ:
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ {ਪੰਨਾ 444}
(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ । ਹੇ ਨਾਨਕ ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ।8।2।9।
ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰੁ ਨ ਕੋਇ ॥ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ ਰਵਿਦਾਸ ਜਨਮੇ ਜਗਿ ਓਇ ॥ { ਭਗਤ ਰਵੀਦਾਸ, ਪੰਨਾ 858}
ਭਗਤ ਸਾਰਿਆਂ ਤੋਂ ਉਪਰ ਹਨ ਪਰ ਫਿਰ ਵੀ ਕਿਸੇ ਨੇ ਆਪਣੇ ਆਪ ਨੂੰ ਜਾਂ ਕਿਸੇ ਦੀ ਸਾਹਿਬ ਨਾਲ ਤੁਲਣਾ ਨਹੀ ਕੀਤੀ।
ਇਨ੍ਹਾਂ ਪੰਗਤੀਆਂ ਤੇ ਪਹਿਰਾ ਦਿੰਦੇ ਹਨ। ਸਾਰੇ ਗੁਰੂ ਗ੍ਰੰਥ ਵਿਚ ਕਿਧਰੇ ਸੰਕੇਤ ਮਾਤਰ ਵੀ ਇਹ ਨਹੀ ਮਿਲਦਾ ਕਿ ਗੁਰੂ ਜੀ ਕਿਸੇ ਨੂੰ ਸਾਹਿਬ ਲਫਜ਼ ਨਾਲ ਸੰਬੋਧਨ ਕਰਦੇ ਹਨ। ਪਰ ਅਸੀਂ ਅੱਜ ਗੁਰੂ ਦੀ ਦਿੱਤੀ ਹੋਈ ਅਨਮੋਲ ਬਾਣੀ ਤੋਂ ਬੇ-ਮੁੱਖ ਹੋ ਕੇ ਹੀ ਕੁਰਾਹੇ ਪਏ ਹੋਏ ਹਾਂ। ਅੱਜ ਅਸੀਂ ਸਾਡੇ ਸਿੱਖ ਧਰਮ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿਚ ਖੇਡਣ ਤੋਂ ਭੋਰਾ ਭਰ ਵੀ ਸੰਕੋਚ ਨਹੀ ਕਰਦੇ। ਗੁਰੂ ਦੇ ਹੁਕਮ ਦਾ ਜਦੋਂ ਸਾਨੂੰ ਪਤਾ ਹੀ ਨਹੀ ਤਾਂ ਹੁਕਮ ਅਦੂਲੀ ਦਾ ਕਿਵੇਂ ਪਤਾ ਚੱਲੇਗਾ। ਮੇਰੇ ਆਪਣੇ ਮਿਤਰ ਇਸ ਲੇਖ ਦੇ ਲਿਖਣ ਤੋਂ ਪਹਿਲਾਂ ਮੈਨੂੰ ਇਹੀ ਆਖਦੇ ਸਨ ਕਿ ਇਹ ਤਾਂ ਇਕ ਬਹੁਤ ਹੀ ਛੋਟੀ ਜਿਹੀ ਗੱਲ ਹੈ। ਜਵਾਬ ਵਿਚ ਮੈ ਇਹ ਕਿਹਾ ਕਿ ਕਿਸੇ ਧਰਮ ਨੂੰ ਰਾਤੋ ਰਾਤ ਖਤਮ ਨਹੀ ਕੀਤਾ ਜਾ ਸਕਦਾ। ਕਿਸੇ ਮਕਾਨ ਨੂੰ ਵੀ ਇਕ ਦਮ ਨਹੀ ਬਣਾਇਆ ਜਾ ਸਕਦਾ। ਇੱਕ ਇੱਕ ਇੱਟ ਕਰਕੇ ਅਸੀਂ ਨੀਂਹ ਭਰਦੇ ਹਾਂ ਤੇ ਹੌਲੀ ਹੌਲੀ ਕੁੱਝ ਦਿਨਾਂ ਬਾਅਦ ਮਕਾਨ ਉਸਰਦਾ ਨਜ਼ਰ ਆਉਣ ਲੱਗ ਪੈਂਦਾ ਹੈ। ਇਸੇ ਹੀ ਤਰ੍ਹਾਂ ਜੇ ਮਕਾਨ ਦੀ ਨੀਂਹ ਜਾਂ ਕੰਧ ਵਿਚੋਂ ਇੱਕ ਇੱਕ ਇੱਟ ਕਰਕੇ 20-50 ਇੱਟਾਂ ਕੱਢ ਦੇਈਏ ਤਾਂ ਇੱਕ ਦਿਨ ਮਕਾਨ ਆਪਣੇ ਆਪ ਡਿੱਗ ਪਵੇਗਾ। ਇਹ ਇੱਕ ਇੱਕ ਇੱਟ ਹੀ ਜੇ ਸਿੱਖ ਧਰਮ ਦਾ ਅਸੂਲ ਮੰਨ ਲਿਆ ਜਾਵੇ ਤਾਂ ਗੱਲ ਦੀ ਸਮਝ ਆਉਣ ਲੱਗ ਪੈਂਦੀ ਹੈ ਕਿ ਧਰਮ ਦਾ ਇੱਕ ਇੱਕ ਅਸੂਲ ਤੋੜ ਦਿਓ ਧਰਮ ਆਪਣੇ ਆਪ ਖਤਮ ਹੋ ਜਾਵੇਗਾ। ਇਸ ਤਰ੍ਹਾਂ ਇਸ਼ਾਰੇ ਮਾਤਰ  ਲਫਜ਼ ਸਰਧਾ, ਅੰਮ੍ਰਿਤਸਰ, ਦੁਖ ਭੰਜਣ ਤੇਰਾ ਨਾਮ ਜੀ, ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥1॥, ਰਾਮਦਾਸਿ ਸਰੋਵਰ ਨਾਤੇ ॥ ਸਭ ਲਾਥੇ ਪਾਪ ਕਮਾਤੇ ॥2॥, ਸੇਵਾ, ਚਰਣ ਧੂੜ ਆਦਿ ਦੇ ਗਲਤ ਅਰਥ ਸ਼ਮਝ ਕੇ ਸਿੱਖ ਧਰਮ ਨੂੰ ਹੋਰ ਵਿਗਾੜ ਰਹੇ ਹਾਂ। ਸਿੱਖਾਂ ਨੂੰ ਬੇਨਤੀ ਹੈ ਕਿ ਸਿਰਫ ਗੋਲਕ ਵਿਚ ਤੇ ਰਾਗੀ ਸਿੰਘਾਂ ਮੂਹਰੇ ਡਾਲਰ ਸੁਟਣ ਨਾਲ ਸਿੱਖ ਧਰਮੀ ਨਹੀਂ ਬਣ ਜਾਂਦਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਨਾਲ ਸ਼ੁਰੂ ਹੋਣਾ ਹੈ।
ਗੁਰੂ ਪੰਥ ਦਾ ਦਾਸ,
ਸਿੰਘ ਸਭਾ ਇੰਨਟਰਨੈਸ਼ਨਲ ਕੈਨੇਡਾ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
www.singhsabhacanada.com