ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਕੌਣ ?
ਪ੍ਰੋ. ਦਰਸ਼ਨ ਸਿੰਘ
ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਕੌਣ ?
ਜਥੇਦਾਰਾਂ ਕੋਲੋਂ ਹੁਣ ਸੰਗਤ ਜਵਾਬ ਮੰਗਦੀ ਹੈ :
• ਕੀ ਤੁਸੀਂ ਹਜ਼ੂਰ ਸਾਹਿਬ, ਪਟਨਾ ਸਾਹਿਬ ਤੇ ਸਾਧ ਡੇਰਿਆਂ ਵਿੱਚ ਚਲ ਰਹੀ ਬ੍ਰਾਹਮਣੀ ਅਤੇ ਮਨਮਤੀ ਮਰਿਯਾਦਾ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ 1945 ਵਿੱਚ ਅਕਾਲ ਤਖਤ ਤੋਂ ਪੰਥਕ ਫੈਸਲੇ ਨਾਲ ਜਾਰੀ ਹੋਈ ਸਿੱਖ ਰਹਿਤ ਮਰਿਯਾਦਾ ਦਾ ਘਾਣ ਨਹੀਂ ਕੀਤਾ ?
• ਕੀ 2003 ਵਿੱਚ ਨਾਨਕ ਸ਼ਾਹੀ ਕਲੰਡਰ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫੈਸਲਾ ਤੁਸੀਂ ਮਿੱਟੀ ਵਿੱਚ ਨਹੀਂ ਰੋਲਿਆ ?
• ਕੀ 2004 ਵਿੱਚ ਅਕਾਲ ਤਖਤ ਤੋਂ ਦਸਮ ਗ੍ਰੰਥ ਦੀ ਚਰਚਾ ਬੰਦ ਕਰਨ ਦੇ ਆਦੇਸ਼ ਦੇ ਕੇ, 2006 ਵਿੱਚ ਫਤਹਿ ਦਿਵਸ ਦੇ ਨਾਮ ਹੇਠ ਰੱਖੇ ਗਏ ਦਸਮ ਗ੍ਰੰਥ ਦੇ ਅਖੰਡ ਪਾਠ ਅਤੇ ਜਵੱਦੀ ਕਲਾਂ ਵਿੱਚ ਕੀਤੇ ਸੈਮੀਨਰ ਨੂੰ ਰੋਕਣ ਦੀ ਥਾਵੇਂ ਤੁਸੀਂ ਆਪ ਉਸ ਸਮਾਗਮ ਵਿੱਚ ਸ਼ਾਮਲ ਹੋ ਕੇ ਬਚਿਤਰ ਨਾਟਕ ਨੂੰ ਪ੍ਰਮਾਣਿਕਤਾ ਨਹੀਂ ਦਿੱਤੀ ? ਇਉਂ ਤੁਸੀਂ ਸ੍ਰੀ ਅਕਾਲ ਤਖਤ ਦੇ ਫੈਸਲੇ ਤੋਂ ਬੇਮੁਖ ਨਹੀਂ ਹੋਏ।
• 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਤੋਂ ਤੁਸਾਂ ਆਪ ਖੁਦ ਫੈਸਲਾ ਕੀਤਾ ਕਿ ਦਸਮ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਅਤੇ ਦਸਮ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ {ਵਾਂਗੂਂ} ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਫਿਰ ਜਵੱਦੀ ਕਲਾਂ ਦੇ ਸੈਮੀਨਰ ਵਿੱਚ ਤੁਸੀਂ ਆਖਿਆ ਕਿ ਦਸਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ। ਨਾਲ ਹੀ 31 ਅਕਤੂਬਰ 2008 ਨੂੰ ਜਿਨ੍ਹਾਂ ਸਥਾਨਾਂ ’ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਸ਼ਾਮਲ ਹੋ ਕੇ ਕੀ ਤੁਸੀਂ ਦਸਮ ਗ੍ਰੰਥ ਨੂੰ ਮੱਥੇ ਟੇਕ ਕੇ ਹੁਕਮਨਾਮੇ ਨਹੀਂ ਲਏ ? ਇਉਂ ਤੁਸੀਂ ਖੁਦ ਸ੍ਰੀ ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਨਹੀਂ ਹੋਏ।
• ਫਿਰ ਤੁਸੀਂ ਸੰਗਤ ਨਾਲ ਵਾਇਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਸ਼ਤਾਬਦੀ ਮਨਾ ਕੇ ਅਸੀਂ ਦਸਮ ਗ੍ਰੰਥ ਦਾ ਫੈਸਲਾ ਕਰਾਂਗੇ। ਪਰ ਤੀਜੀ ਸ਼ਤਾਬਦੀ ਤੋਂ ਬਾਅਦ ਸੰਗਤ ਦੇ ਪੁਛਣ ’ਤੇ ਤੁਸੀਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਕਰਾਂਗੇ। ਫਿਰ ਪੁੱਛਣ ’ਤੇ ਤੁਸੀਂ ਆਖਿਆ ਕਿ ਜੱਥੇਦਾਰ ਤਰਲੋਚਨ ਸਿੰਘ ਦੇ ਪੁੱਤਰ ਦਾ ਵਿਆਹ ਹੈ, ਉਸ ਤੋਂ ਬਾਅਦ ਕਰਾਂਗੇ। ਉਸ ਵਿਆਹ ਨੂੰ ਵੀ ਅੱਜ ਲਗਭਗ ਸਾਲ ਬੀਤ ਗਿਆ ਹੈ। ਜੇ ਤੁਸੀਂ ਕੌਮੀ ਕਾਜ਼ ਲਈ ਸੰਜੀਦਾ ਹੁੰਦੇ ਤਾਂ ਮੁੰਡਿਆਂ ਦੇ ਵਿਆਹ ਅਤੇ ਪ੍ਰਧਾਨਗੀ ਚੋਣਾਂ ਕੌਮੀ ਕਾਜ਼ ਨਾਲੋਂ ਵੱਡੀਆਂ ਨਹੀਂ ਹੁੰਦੀਆਂ। ਪਰ ਤੁਸੀਂ ਤਾਂ ਇਨ੍ਹਾਂ ਸਭ ਬਹਾਨਿਆਂ ਨਾਲ ਪੰਥ ਨੂੰ ਧੋਖਾ ਦੇ ਰਹੇ ਸੀ ਕਿਉਂਕਿ ਤੁਸੀਂ ਖੁਦ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਮੰਨਦੇ ਹੋ। ਕੀ ਇਹ ਗੁਰੂ ਪੰਥ ਤੋਂ ਬੇਮੁਖ ਹੋਣਾ ਨਹੀਂ ?
ਜੇ ਮੈਂ ਮਜਬੂਰ ਹੋ ਕੇ ਇਸ ਕੇਸ ਨੂੰ ਪੰਥ ਦੇ ਸਾਹਮਣੇ ਲੈ ਕੇ ਗਿਆ ਤਾਂ ਤੁਹਾਨੂੰ ਆਪਣਾ ਝੂਠ ਅਤੇ ਕੌਮ ਨਾਲ ਕੀਤਾ ਗਿਆ ਧੋਖਾ ਬੇਨਕਾਬ ਹੁੰਦਾ ਦਿੱਸਿਆ ਅਤੇ ਤੁਸੀਂ ਮੇਰੀ ਜ਼ਬਾਨ ਬੰਦ ਕਰਨ ਲਈ ਝੂਠ ’ਤੇ ਅਧਾਰਤ ਮੈਨੂੰ ਤਨਖਾਹੀਆ ਤੇ ਛੇਕਣ ਦੀਆਂ ਚਿੱਠੀਆਂ ਦਾ ਕੋਝਾ ਸਹਾਰਾ ਸ੍ਰੀ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਕੇ ਲੈ ਰਹੇ ਹੋ।
ਪਰ ਤੁਸੀਂ ਇਹ ਯਾਦ ਰਖਿਉ! ਜਿਨ੍ਹਾਂ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਵਿੱਚ ਤੁਸੀਂ ਇਹ ਹਰਬੇ ਵਰਤ ਰਹੇ ਹੋ, ਉਨ੍ਹਾਂ ਸਮੇਤ ਤੁਹਾਡੇ ਚਿਹਰੇ ਹੁਣ ਪੰਥ ਨੇ ਪਛਾਣ ਲਏ ਹਨ ਅਤੇ ਹੁਣ ਤੁਹਾਨੂੰ ਬਾਰ-ਬਾਰ ਪੰਥ ਨਾਲ ਕੀਤੇ ਧੋਖਿਆਂ ਦਾ ਜਵਾਬ ਖਾਲਸਾ ਪੰਥ ਦੇ ਕਟਿਹਿਰੇ ਵਿੱਚ ਦੇਣਾ ਪਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ,
30 ਜਨਵਰੀ 2010
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ,
ਸ੍ਰੀ ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ