ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਵਿਲੱਖਣ ਲੋਹੜੀ

ਅਵਤਾਰ ਸਿੰਘ ਮਿਸ਼ਨਰੀ



 
ਅਵਤਾਰ ਸਿੰਘ ਮਿਸ਼ਨਰੀ (510-432-5827)
ਲੋਕ ਕਥਾ ਮੁਤਾਬਕ ਲੋਹੜੀ ਇੱਕ ਪੁਰਾਣਕ ਮੌਸਮੀ ਸਮਾਜਿਕ ਤਿਉਹਾਰ ਹੈ। ਜਦ ਸਰਦ ਰੁੱਤ ਆਉਂਦੀ ਹੈ, ਠੰਡ ਪੈਂਦੀ ਹੈ, ਬਰਫਾਂ ਜੰਮਦੀਆਂ ਅਤੇ ਸਨੋਹਾਂ ਪੈਂਦੀਆਂ ਹਨ। ਲੋਕ ਸਰਦੀ (ਠੰਡ) ਆਦਿਕ ਤੋਂ ਬਚਣ ਲਈ ਲਕੜਾਂ ਅਤੇ ਗੋਬਰ ਦੀਆਂ ਪਾਥੀਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ ਅਤੇ ਗਰਮ ਡਰਾਈ ਫਰੂਟ ਮੂੰਗਫਲੀ, ਤਿਲਾਂ ਦੀਆਂ ਗੁੜ ਵਾਲੀਆਂ ਰਿਉੜੀਆਂ ਖਾਂਦੇ ਸਨ ਅਤੇ ਇਕੱਠੇ ਹੋ ਕੇ ਨਚਦੇ ਟਪਦੇ ਖੁਸ਼ੀ ਦੇ ਗੀਤ ਗਾਂਦੇ ਅਤੇ ਬਾਤਾਂ ਪਾਉਂਦੇ ਸਨ। ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਗਲੀਓ ਗਲੀ ਘਰਾਂ ਵਿੱਚ ਜਾ ਕੇ ਲੋਹੜੀ ਮੰਗਦੇ ਸਨ। ਬਾਅਦ ਵਿੱਚ ਚਲਾਕ ਬ੍ਰਾਹਮਣ ਨੇ ਇਸ ਨੂੰ ਹਿੰਦੂ ਤਿਉਹਾਰ ਬਣਾ ਕੇ ਅਗਨ ਦੇਵਤਾ ਦੀ ਪੂਜਾ ਦੇ ਬਹਾਨੇ ਹਵਨ ਸਮੱਗਰੀਆਂ ਆਦਿਕ ਵਸਤੂਆਂ ਆਪਣੀ ਪੇਟ ਪੂਜਾ ਵਾਸਤੇ ਮੰਦਰਾਂ ਵਿੱਚ ਚੜਵਾਉਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਇਹ ਸਮਾਜਿਕ ਰਸਮ ਬਣ ਗਈ ਅਤੇ ਮੁੰਡੇ ਦੇ ਜਨਮ ਅਤੇ ਵਿਆਹ ਦੀਆਂ ਲੋਹੜੀਆਂ ਜਸ਼ਨ ਰੂਪ ਵਿੱਚ ਮਨਾਈਆਂ ਜਾਣ ਲੱਗੀਆਂ ਕਿਉਂਕਿ ਬ੍ਰਾਹਮਣੀ ਗ੍ਰੰਥਾਂ ਵਿੱਚ ਮੁੰਡੇ ਨੂੰ ਪਵਿਤ੍ਰ ਮੰਨਿਆਂ ਗਿਆ ਹੈ। ਮੁੰਡਾ ਮਰੇ ਹੋਏ ਪਿਤਰਾਂ ਦੇ ਸਰਾਦ ਕਰਾ ਕੇ ਵਡੇਰਿਆਂ ਨੂੰ ਪੂੰ ਨਾਮੀ ਨਰਕ ਤੋਂ ਬਚਾਉਂਦਾ ਹੈ। ਸਦੀਆਂ ਤੋਂ ਸਾਡਾ ਸਮਾਜ ਧਾਰਮਿਕ ਪੁਜਾਰੀਆਂ ਦੇ ਅਧੀਨ ਰਿਹਾ ਹੈ ਜੋ ਵੀ ਪੁਜਾਰੀ ਕਰਮਕਾਂਡ ਕਰਨ ਦੀ ਸਿਖਿਆ ਦਿੰਦੇ ਅਤੇ ਫਤਵੇ ਜਾਰੀ ਕਰਦੇ ਲੋਕ ਅੰਨੀ ਸ਼ਰਦਾ ਅਤੇ ਡਰ ਨਾਲ ਮੰਨ ਲੈਂਦੇ। ਵਿਦਿਆਂ ਪੜ੍ਹਨੀ ਪੜਾਉਂਣੀ ਬ੍ਰਾਹਮਣ ਦਾ ਹੀ ਕੰਮ ਸਮਝੀ ਗਈ। ਇਸ ਕਰਕੇ ਬਹੁਤਾ ਸਮਾਜ ਅਨਪੜ੍ਹ ਹੋਣ ਕਰਕੇ ਅਗਿਆਨੀ ਹੀ ਰਿਹਾ। ਤੁਲਸੀ ਦਾਸ ਵਰਗੇ ਵਿਦਵਾਨ ਪੰਡਿਤ ਵੀ ਇਹੀ ਕਹਿੰਦੇ ਰਹੇ ਕਿ “ਢੋਲ ਗਵਾਰ ਸ਼ੂਦਰ ਪਸ਼ ਨਾਰੀ। ਯੇਹ ਸਭ ਤਾੜਨ ਕੇ ਅਧਿਕਾਰੀ।”
ਸਭ ਤੋਂ ਪਹਿਲਾਂ ਔਰਤ ਤੇ ਮਰਦ ਦੀ ਬਾਰਬਰੀ ਦੀ ਅਵਾਜ਼ ਗੁਰੂ ਨਾਨਕ ਸਾਹਿਬ ਜੀ ਨੇ ਉਠਾਉਂਦੇ ਹੋਏ ਫੁਰਮਾਇਆ ਕਿ “ ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ” (ਗੁਰੂ ਗ੍ਰੰਥ) ਜਿਸ ਸਦਕਾ ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਰਜਨੀ, ਮਾਤਾ ਭਾਨੀ, ਮਾਤਾ ਗੰਗਾ, ਮਾਤਾ ਗੁਜਰੀ, ਮਾਈ ਭਾਗੋ, ਬੀਬੀ ਸ਼ਰਨ ਕੌਰ, ਰਾਜ ਕੌਰ, ਮਹਾਂਰਾਣੀ ਜਿੰਦਾਂ, ਰਾਣੀ ਝਾਂਸੀ ਆਦਿਕ ਔੌਰਤਾਂ ਸਮਾਜ ਵਿੱਚ ਸਤਕਾਰੀਆਂ ਜਾਣ ਲੱਗੀਆਂ। ਅੱਜ 21ਵੀਂ ਸਦੀ ਵਿੱਚ ਸਾਰੇ ਸੰਸਾਰ ਵਿੱਚ ਵਿਦਿਆ ਫੈਲ ਜਾਣ ਕਰਕੇ ਸਾਡਾ ਸਮਾਜ ਪੁਜਾਰੀਆਂ ਤੋਂ ਅਜ਼ਾਦ ਹੁੰਦਾ ਜਾ ਰਿਹਾ ਹੈ। ਹੁਣ ਮੁੰਡਿਆਂ ਨਾਲ ਕੁੜੀਆਂ ਦੀਆਂ ਵੀ ਲੋਹੜੀਆਂ ਮਨਾਈਆਂ ਜਾਂਦੀਆਂ ਹਨ। ਔਰਤਾਂ ਆਪਣੇ ਹੱਕਾਂ ਲਈ ਜਦੋ-ਜਹਿਦ ਵੀ ਕਰਨ ਲੱਗ ਪਈਆਂ ਹਨ ਪਰ ਲਕੀਰ ਦੇ ਫਕੀਰ ਲੋਕ ਅੱਜ ਵੀ ਔਰਤ ਮਰਦ, ਮੁੰਡੇ-ਕੁੜੀ ਵਿੱਚ ਊਚ ਨੀਚ ਦਾ ਭੇਦ ਭਾਵ ਕਰਦੇ ਹਨ। ਅੱਜ ਸਾਂਇੰਸ ਦੇ ਵਿਗਿਆਨਕ ਜੁੱਗ ਅਤੇ ਮੀਡੀਏ ਸਦਕਾ ਆਈ ਕ੍ਰਾਂਤੀ ਕਰਕੇ ਔਰਤ ਭਾਵੇਂ ਸਰਕਾਰੀ ਅਤੇ ਸਮਾਜਿਕ ਉੱਚ ਪਦਵੀਆਂ ਤੇ ਪਹੁੰਚ ਚੁੱਕੀ ਹੈ ਪਰ ਧਾਰਮਿਕ ਤੌਰ ਤੇ ਅੱਜ ਵੀ ਬਰਾਬਰ ਨਹੀਂ। ਕਿਸੇ ਕੇਂਦਰੀ ਧਾਰਮਿਕ ਅਸਥਾਨ ਦੀ ਮੁਖੀ ਨਹੀਂ ਜਿਵੇਂ ਮੰਦਰ ਵਿੱਚ ਪੁਜਾਰੀ, ਮਸਜਿਦ ਵਿੱਚ ਮੁੱਲਾਂ ਅਤੇ ਗੁਰਦੁਆਰੇ ਵਿੱਚ ਗ੍ਰੰਥੀ ਨਹੀਂ। ਹਿੰਦੂਆਂ ਵਿੱਚ ਔਰਤ ਸ਼ੂਦਰ ਹੋਣ ਕਰਕੇ ਜਨੇਊ ਨਹੀਂ ਪਾ ਸਕਦੀ, ਇਸਲਾਮ ਵਿੱਚ ਮਰਦਾਂ ਦੇ ਬਰਾਬਰ ਮਸਜਿਦ ਵਿੱਚ ਨਮਾਜ ਨਹੀਂ ਪੜ੍ਹ ਸਕਦੀ, ਕਟੜਪੰਥੀ ਮੁਸਲਮਾਨ ਤਾਲੇਬਾਨ ਵਗੈਰਾ ਤਾਂ ਔਰਤ ਨੂੰ ਸਕੂਲ ਜਾਣ ਤੋਂ ਵੀ ਰੋਕਦੇ ਅਤੇ ਬੁਰਕੇ ਅੰਦਰ ਘਰ ਵਿੱਚ ਹੀ ਕੈਦ ਰੱਖਣ ਦੀਆਂ ਮਾਰੂ ਧਮਕੀਆਂ ਆਏ ਦਿਨ ਦਿੰਦੇ ਹਨ। ਸੰਪ੍ਰਦਾਈ ਸਿੱਖਾਂ ਵਿੱਚ ਔਰਤ ਅੰਮ੍ਰਿਤ ਸੰਚਾਰ (ਖੰਡੇ ਦੀ ਪਹੁਲ) ਦੀ ਸੇਵਾ ਨਹੀਂ ਨਿਭਾ ਸਕਦੀ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁਕਮਨਾਮਾ ਲੈਣਾ, ਚੌਰ ਦੀ ਸੇਵਾ ਅਤੇ ਕੀਰਤਨ ਨਹੀਂ ਕਰ ਸਕਦੀ।
ਅੱਜ ਮੰਨੇ ਗਏ ਲੋਹੜੀ ਦੇ ਤਿਉਹਾਰ ਤੇ ਸਾਡੀਆਂ ਲੋਹੜੀਆਂ ਮਨਾਈਆਂ ਤਾਂ ਹੀ ਕੋਈ ਅਰਥ ਰੱਖਦੀਆਂ ਹਨ ਜੇ ਔਰਤ-ਮਰਦ, ਮੁੰਡੇ-ਕੁੜੀ ਵਾਲਾ ਭੇਦ ਭਾਵ ਬੰਦ ਕੀਤਾ ਜਾਵੇ ਅਤੇ ਔਰਤ ਨੂੰ ਧਾਰਮਿਕ ਰਸਮਾਂ ਅਤੇ ਅਹੁਦਿਆਂ ਵਿੱਚ ਵੀ ਬਰਾਬਰਤਾ ਦਿਤੀ ਜਾਵੇ। ਜੋ ਗ੍ਰੰਥ ਔਰਤ ਦੀ ਨਿੰਦਿਆ ਕਰਦੇ ਹਨ, ਉਨ੍ਹਾਂ ਦੇ ਪਾਠ ਅਤੇ ਪੜ੍ਹਾਈ ਬੰਦ ਕੀਤੀ ਜਾਵੇ। ਰਿਉੜੀਆਂ ਅਤੇ ਮੂੰਗਫਲੀਆਂ ਵੰਡਣ ਦੇ ਨਾਲ ਨਾਲ ਉੱਚ ਪਾਇ ਦਾ ਔਰਤ ਦੇ ਹੱਕਾਂ ਬਾਰੇ ਬਰਾਬਰੀ ਵਾਲਾ ਗਿਆਨ ਭਰਪੂਰ ਲਿਟਰੇਚਰ ਵੀ ਵੰਡਿਆ ਜਾਵੇ, ਛੂਆ-ਛਾਤ ਅਤੇ ਜਾਤਾਂ-ਪਾਤਾਂ ਦੀ ਹੱਦ ਬੰਦੀ ਤੋੜੀ ਜਾਵੇ। ਜੇ ਅੱਜ ਸਿੱਖਾਂ ਵਿੱਚ ਮੰਨੇ ਗਏ ਪੰਜਾਂ ਤਖਤਾਂ ਚੋਂ ਕਿਸੇ ਦੋ ਤੇ ਸਿੱਖ ਔਰਤ ਵੀ ਜਥੇਦਾਰ ਥਾਪੀ ਜਾਵੇ ਅਤੇ ਮਾਈਆਂ ਰੱਬ ਰਜਾਈਆਂ ਵੀ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਸ਼ਾਮਲ ਹੋਣ ਲੱਗ ਜਾਣ ਅਤੇ ਦਰਬਾਰ ਸਦਹਿਬ ਸ੍ਰੀ ਅੰਮ੍ਰਿਤਸਰ ਵਿੱਚ ਵੀ ਕੀਰਤਨ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਸਿੱਖਾਂ ਵਿੱਚ ਵੀ ਲੋਹੜੀ ਕ੍ਰਾਂਤੀਕਾਰੀ ਹੋਵੇਗੀ। ਬੀਬੀਆਂ ਨੂੰ ਹਰ ਲੋਹੜੀ ਬਲਕਿ ਹਰ ਸਮੇਂ ਔਰਤਾਂ ਨੂੰ ਬਰਾਬਰ ਦੀ ਮਾਨਤਾ ਦੇਣ ਵਾਲੇ ਗੁਰੂ ਨਾਨਕ ਦਾ ਇਹ ਸੰਦੇਸ਼ ਘਰ ਘਰ ਪਹੁੰਚਾਉਣਾ ਚਾਹੀਦਾ ਹੈ। ਆਓ ਹਿੰਦੂ, ਸਿੱਖ ਈਸਾਈ ਵਾਲੇ ਭਰਮ ਭੇਦ ਤੋਂ ਉੱਚੇ ਉੱਠ ਕੇ ਸਾਰੇ ਰਲ ਮਿਲ ਖੁਸ਼ੀਆਂ ਮਨਾਂਦੇ ਹੋਏ ਸਰਬਸਾਂਝੀਵਾਲਤਾ ਦੇ ਗੀਤ ਗਾ ਗਾ ਕੇ ਬਿਖਰੇ ਹੋਏ ਮਾਨਵੀ ਸਮਾਜ ਵਿੱਚ ਏਕਤਾ ਦੀ ਕ੍ਰਾਂਤੀ ਲਿਆਈਏ। ਲੋਹੜੀ ਮੰਗਣ ਜਾਂਦੇ ਬੱਚੇ ਬੱਚੀਆਂ ਨੂੰ ਮੂੰਗਫਲੀਆਂ ਅਤੇ ਰਿਉੜੀਆਂ ਦੇ ਨਾਲ ਨਾਲ ਉੱਚ ਪਾਏ ਦਾ ਵਧੀਆ ਲਿਟ੍ਰੇਚਰ ਵੀ ਵੰਡੀਏ ਜਿਸ ਨੂੰ ਪੜ੍ਹ ਕੇ ਬੱਚੇ ਇੱਕ ਚੰਗੇ ਇਨਸਾਨ ਬਣ ਸਕਣ। ਇਉਂ ਕੁਝ ਸਬ਼ਦਾਂ ਨਾਲ ਸਭ ਮਾਈ-ਭਾਈ ਅਤੇ ਪਾਠਕਾਂ ਨੂੰ ਲੋਹੜੀ ਦੀਆਂ ਮੁਬਾਰਕਾਂ! ਖੁਸ਼ ਰਹੋ ਅਬਾਦ ਰਹੋ। ਪੁਜਾਰੀਆਂ ਅਤੇ ਕਰਮਕਾਂਡਾਂ ਤੋਂ ਸਦਾ ਅਜ਼ਾਦ ਰਹੋ।