ਚਰਚਿਤ ਦਸਮ ਗ੍ਰੰਥ ਕਿਵੇਂ ਹੋਂਦ ਵਿਚ ਆਇਆ?
ਡਾ. ਗੁਰੂਮੇਲ ਸਿੰਘ ਸਿੱਧੂ
ਚਰਚਿਤ ਦਸਮ ਗ੍ਰੰਥ ਕਿਵੇਂ ਹੋਂਦ ਵਿਚ ਆਇਆ?
ਇਤਿਹਾਸਕ ਤੱਥ ਅਤੇ ਪ੍ਰਮਾਣ
ਡਾ. ਗੁਰੂਮੇਲ ਸਿੰਘ ਸਿੱਧੂ
ਕਥਤ ‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਹੋਰ ਵੀ ਮਘ ਉਠਿਆ ਹੈ। ਕੁਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸ੍ਰਿੀ ਗੁਰੁੂੁ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ।ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ। ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ ਪਹਿਚਾਉਣ ਦੇ ਜਿ਼ੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ ਪਰਮਾਣਿਕਤਾ ਨੂੰ ਮੁੱਦਾ ਬਣਾਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿਚ ਤੇਲ ਦੇਣ ਪਿੱਛੇ ਵੀ ਕੁਝ ਅਜੇਹੇ ਹੀ ਕਾਰਨ ਹਨ। ਦਸਮ ਗ੍ਰੰਥ ਕਿਵੇਂ ਹੋਂਦ ਵਿਚ ਆਇਆ? ਇਸ ਸਵਾਲ ਦੇ ਉੱਤਰ ਲਈ ਮੇਰੇ ਵਲੋਂ ਲਿਖੇ ਮੌਨੌਗਰਾਫ ਦਾ ਖੁਲਾਸਾ ਹਾਜ਼ਰ ਹੈ।
(ੳ). ਗੁਰੂੁ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ।
(ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ।
(ੲ). ਦਸਮ ਗ੍ਰੰਥ ਦੀ ਮਿੱਥ ਦਾ ਆਰੰਭ: ਇਕ ਫ਼੍ਰੰਗੀ ਸਾਜ਼ਸ਼।
(ਸ). ਦਸਮ ਗ੍ਰੰਥ ਅਤੇ ਹੋਰ ਬੀੜਾਂ।
(ਹ). ਸੋਧਕ ਕਮੇਟੀ ਦਾ ਦਸਮ ਗ੍ਰੰਥ।
(ਕ). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ।
(ਖ). ਅਯੋਕੀ ਸਥਿਤੀ ।
(ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ
ਇਸ ਭਾਗ ਨੂੰ ਕੁਝ ਅਹਿਮ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ।
1। ਜੇਕਰ ਗੁਰੂੁ ਗੋਬਿੰਦ ਸਿੰਘ ਜੀ ਨੇ ‘ਦਸਮ ਗ੍ਰੰਥ’ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਂ ਗੁਰੂੁ ਕਾਲ ਤੋਂ ਹੀ ਸਿੱਖ ਇਤਿਹਾਸ ਵਿਚ ਅੰਕਤ ਨਾ ਹੁੰਦਾ ਅਤੇ ਇਸ ਦਾ ਪ੍ਰਕਾਸ਼ ਧਾਰਮਿਕ ਸਥਾਨਾਂ ਤੇ ਨਾ ਕੀਤਾ ਜਾਂਦਾ? ਖਾਸ ਕਰਕੇ ਕੀ ਇਸ ਬਾਰੇ ਸਿੱਖਾਂ ਨੂੰ ਕੋਈ ਸੂਹ ਨਾ ਹੁੰਦੀ ਅਤੇ ਇਸ ਦਾ ਨਾਂ ਉਨ੍ਹਾਂ ਦੇ ਮਨਾਂ ਵਿਚ ਵਸਿਆ ਹੋਇਆ ਨਾ ਹੁੰਦਾ?
2। ਕੀ ਇਸ 1428 ਸਫਿਆਂ ਦੇ ਵੱਡ ਅਕਾਰੇ ਗ੍ਰੰਥ ਦਾ ਜਿ਼ਕਰ, ਦਸਮ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, 18ਵੀਂ ਸਦੀ ਵਿਚ ਲੁਕਿਆ ਛਿਪਿਆ ਰਹਿੰਦਾ?
3। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਕੀ ਇਸ ਗ੍ਰੰਥ ਦਾ ਜਿ਼ਕਰ ਗੁਰੂ ਸਾਹਬ ਵਲੋਂ ਖ਼ੁਦ ਜਾਂ ਉਨ੍ਹਾਂ ਵਲੋਂ ਸਤਿਕਾਰੇ ਹੋਏ 52 ਦਰਬਾਰੀ ਆਨਿਨ ਸਿੱਖਾਂ ਨੇ ਆਣੀਆਂ ਲਿਖਤਾਂ ਵਿਚ ਨਾ ਕੀਤਾ ਹੁੰਦਾ?
4। ਅਜੇਹੇ ਅਦੁਤੀ ਅਤੇ ਵਿਸ਼ੇਸ਼ ਗ੍ਰੰਥ ਦੀ ਮਹੱਤਾ ਨੂੰ ਮੁੱਖ ਰੱਖਦਿਆਂ, ਕੀ ਇਸ ਦਾ ਜਿ਼ਕਰ ਨਿਕਟ ਵਰਤੀ ਕਵੀਆਂ, ਲੇਖਕਾਂ ਜਾਂ ਵੱਖ ਵੱਖ ਭਾਸ਼ਾਂਵਾਂ ਦੇ ਇਤਿਹਾਸਕਾਰਾਂ ਨੇ ਕਿਤੇ-ਨ-ਕਿਤੇ ਆਪਣੀਆਂ ਲਿਖਤਾਂ ਵਿਚ ਨਾ ਕੀਤਾ ਹੁੰਦਾ?
5। ਕੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੇ ਗਏ ਸ੍ਰਿੀ ਗੁਰੂ ਗ੍ਰੰਥ ਸਾਹਿਬ (ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ) ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ, ਮਹਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿਚ ਗੇੜੇ ਖਾਣ ਦੇ ਬਾਵਜੂਦ ਸਿਖਾਂ ਨੇ ਉਸ ਨੂੰ ਸੰਭਾਲ ਕੇ ਨਹੀਂ ਰੱਖਿਆ? ਇਸੇ ਤਰਾਂ ਜੇ ਦਸਵੇਂ ਗੁਰੂ ਸਾਹਿਬ ਨੇ ਕਿਸੇ ਗ੍ਰੰਥ ਦੀ ਰਚਨਾ ਕੀਤੀ ਹੁੰਦੀ ਤਾਂ ਲੜਾਈਆਂ, ਘਲੂਘਾਰਿਆਂ ਅਤੇ ਕੁਦਰਤੀ ਉਥਲ-ਪੁਥਲ ਦੇ ਬਾਵਜੂਦ ਵੀ, ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾਂ ਵਾਰ ਕੇ ਵੀ ਨਾ ਕੀਤੀ ਹੁੰਦੀ?
6। ਸ੍ਰਿੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਸੀ। ਕੀ ਦਸਮ ਗੁਰੂ ਵਲੋਂ ਲਿਖੇ ਕਿਸੇ ਦਸਮ ਗ੍ਰੰਥ ਨੂੰ ਉਹ ਉਸੇ ਸ਼ਰਧਾ ਨਾਲ ਯਾਦ ਨਹੀਂ ਸਨ ਕਰ ਸਕਦੇ?
ਗੁਰੂ ਗੋਬਿੰਦ ਸਿੰਘ ਹੋਰਾਂ ਦੇ ਸਮਕਾਲੀ ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿਚ ਇਨ੍ਹਾਂ ਸਵਾਲਾਂ ਦੇ ਉੱਤਰ ਨਹੀਂ ਮਿਲਦੇ। ਗੁਰੁੂੁ ਸਾਹਿਬ ਸੰਨ 1708 ਈ. ਵਿਚ ਜੋਤੀ ਜੋਤ ਸਮਾਏ। ਇਸ ਕਾਲ ਤੋਂ ਬਾਅਦ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ, ਰਾਜਨੀਤਕ ਰੋਜ਼ਨਾਮਚਿਆਂ ਅਤੇ ਇਤਿਹਾਸਿਕ ਦਸਤਾਵੇਜ਼ਾਂ ਵਿਚ ਕਿਸੇ ‘ਦਸਮ ਗ੍ਰੰਥ’ ਦਾ ਜਿ਼ਕਰ ਨਹੀਂ ਆਇਆ। ਇਹ ਆਪਣੇ ਆਪ ਵਿਚ ‘ਦਸਮ ਗ੍ਰੰਥ’ ਦੀ ਅਣਹੋਂਦ ਬਾਰੇ ਇਕ ਸੱਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ। ਇਸ ਤੋਂ ਬਾਅਦ ‘ਦਸਮ ਗ੍ਰੰਥ’ ਦੀ ਹੋਂਦ ਬਾਰੇ ਸਫਾਈ ਪੇਸ਼ ਕਰਨ ਦੀ ਕੋਈ ਗੁਨਜਾਇਸ਼ ਹੀ ਨਹੀਂ ਰਹਿ ਜਾਂਦੀ। ਸਵਾਲ ਅਤੇ ਉੱਤਰ ਦੋਵੇਂ ਇਥੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਪਰ ਫੇਰ ਵੀ ਕਈ ਸਿੱਖਾਂ, ਸੰਤਾਂ, ਟਕਸਾਲਾਂ ਅਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਆਰ. ਐਸ. ਐਸ. ਦੇ ਹੱਥੀਂ ਚੜ੍ਹੇ/ਵਿਕੇ ਹੋਏ ਅਖੌਤੀ ਸਿੱਖ, ਸਿਖ ਵਿਦਵਾਨ ਅਤੇ ਕੁਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ ਜਥੇਦਾਰ, ਕਥਤ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਗਰਦਾਨਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਪਾਸ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ-ਤੁੱਪ ਕਰਕੇ ਦਲੀਲ ਰਹਿਤ ਮਾੜੇ ਮੋਟੇ ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ, ਉਹ ਜਾਂ ਤਾਂ ਭਾਵਕ ਧਰਮ ਮਰਯਾਦਾ ਵਿਚੋਂ ਜਨਮੇ ਹਨ ਅਤੇ ਜਾਂ ਕੱਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੁਦਪ੍ਰਸਤ ਰਾਜਨੀਤਕ ਚਾਲਾਂ ਤੇ ਅਧਾਰਤ ਹਨ। ਇਸ ਵਿਗਿਆਨਕ ਯੁੱਗ ਵਿਚ ਸਚਾਈ ਦਾ ਪੱਖ ਠੋਸ ਪਰਮਾਣ ਅਤੇ ਪੁਖਤਾ ਦਲੀਲ ਤੋਂ ਵਗੈਰ ਨਹੀਂ ਪੂਰਿਆ ਜਾ ਸਕਦਾ। ਅਸੀਂ ਏਥੇ ਕਥਤ ‘ਦਸਮ ਗ੍ਰੰਥ’ ਵਾਰੇ ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਕੇਪ ਵਿਚ ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ ਤੱਥ ਪੇਸ਼ ਕਰਾਂਗੇ।
(ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ
ਗੁਰੁ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂੁ ਸਨ। ਉਨ੍ਹਾਂ ਦੇ ਕਾਲ ਵਿਚ ਚਾਰ ਲਾਸਾਨੀ ਘਟਨਾਵਾਂ ਵਾਪਰੀਆਂ ਜੋ ਪਿਛਲੇ ਗੁਰੂਆਂ ਨਾਲੋਂ ਵਖਰੀਆਂ ਅਤੇ ਲਾਸਾਨੀ ਹਨ। ਪਹਿਲੀ ਘਟਨਾ ਸੀ ਖ਼ਾਲਸਾ ਪੰਥ ਸਾਜਨ ਦੀ, ਦੂਜੀ ਰਹਿਤ ਮਰਯਾਦਾ ਕਾਇਮ ਕਰਨ ਦੀ, ਤੀਜੀ ਦਮਦਮਾ ਸਾਹਿਬ ਵਾਲੀ ਬੀੜ ਤਿਆਰ ਕਰਨ ਦੀ ਅਤੇ ਚੌਥੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਇਤਿਹਾਸ ਵਿਚ ਜਾਣਕਾਰੀ ਦਰਜ ਹੈ। ਪਰ ‘ਦਸਮ ਗ੍ਰੰਥ’ ਨੂੰ ਰਚਣ ਦੀ ਘਟਨਾ ਬਾਰੇ ਕਿਤੇ ਕੋਈ ਉਘ-ਸੁਘ ਨਹੀਂ ਮਿਲਦੀ। ਸਤਾਰਵੀਂ ਅਤੇ ਅਠਾਰਵੀਂ ਸਦੀਆਂ ਦੇ ਇਤਿਹਾਸ ਵਿਚ ਕੋਈ ਵੀ ਅਜੇਹਾ ਪ੍ਰਮਾਣ ਜਾਂ ਦਸਤਾਵੇਜ਼ ਨਹੀਂ ਮਿਲਦਾ ਜੋ ‘ਦਸਮ ਗ੍ਰੰਥ’ ਦੀ ਹੋਂਦ ਦੀ ਗਵਾਹੀ ਸਬੂਤਾਂ ਸਮੇਤ ਪੇਸ਼ ਕਰਦਾ ਹੋਵੇ। ਹੇਠਾਂ ਅਸੀਂ ਗੁਰੂ ਸਾਹਬ ਨਾਲ ਬਾਵਸਤਾ ਸਿੱਖ ਧਰਮ ਦੀਆਂ ਮੀਰੀ ਪ੍ਰੰਪਰਾਵਾਂ ਬਾਰੇ ਇਤਿਹਾਸਤ ਗਵਾਹੀਆਂ ਪੇਸ਼ ਕਰਾਂਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਰਚੇ ਗਏ ‘ਦਸਮ ਗ੍ਰੰਥ’ ਬਾਰੇ ਮਿਲਦੇ ਕਿਸੇ ਵੀ ਤੱਥ ਨੂੰ ਭਾਲਣ ਦੀ ਕੋਸਿ਼ਸ਼ ਕਰਾਂਗੇ।
ਅਠਾਰਵੀਂ ਸਦੀ ਦਾ ਸਿੱਖ ਇਤਿਹਾਸ
1. ਭਾਈ ਨੰਦ ਲਾਲ: ਰਹਿਤ ਨਾਮਾ, ਤਨਖ਼ਾਹ ਨਾਮਾ ਅਤੇ ਸਾਖੀ ਰਹਿਤ ਕੀ (1695-1699 ਈ.)
ਭਾਈ ਨੰਦ ਲਾਲ ਜੋ ਨੰਦ ਲਾਲ ਗੋਆ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ/ਸਾਹਿਤਕਾਰ ਸਨ। ਉਨ੍ਹਾਂ ਨੇ ਬਹੁਤੀ ਰਚਨਾ ਫ਼ਾਰਸੀ ਭਾਸ਼ਾ ਵਿਚ ਕੀਤੀ ਜਿਵੇਂ ਜਿੰਦਗੀ ਨਾਮਾ, ਦੀਵਾਨਿ ਗੋਯਾ, ਤੌਸੀਫ਼-ਓ-ਸਨਾ, ਜੋਤ ਬਿਗਾਸ, ਗੰਜ ਨਾਮਾ, ਦਸਤੂਰੁਲ-ਇਨਸ਼ਾ, ਅਰਜ਼ੁਲ-ਅਲਫ਼ਾਜ਼। ਤਿੰਨ ਰਚਨਾਵਾਂ ਪੰਜਾਬੀ ਵਿਚ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਜੋਤ ਬਿਗਾਸ’, ‘ਰਹਿਤ ਨਾਮਾ’ ਅਤੇ ‘ਤਨਖ਼ਾਹ ਨਾਮਾ’। ਜੋਤ ਬਿਗਾਸ ਇਸੇ ਨਾਂ ਦੀ ਫ਼ਾਰਸੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ। ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ਵਿਚ ਗੁਰੂ ਗੋਬਿੰਦ ਸਿੰਘ ਅਤੇ ਭਾਈ ਨੰਦ ਲਾਲ ਹੋਰਾਂ ਵਿਚਕਾਰ ਧਰਮ ਮਰਯਾਦਾ ਬਾਰੇ ਵਿਚਾਰ ਵਟਾਂਦਰਾ ਹੈ। ਰਹਿਤਨਾਮਾ, ਸਤਲੁਜ ਕੰਢੇ ਆਨੰਦਪੁਰ ਵਿਖੇ 1595 ਈ. ਵਿਚ ਲਿਖਿਆ ਗਿਆ। ਇਸ ਵਿਚ ‘ਖ਼ਾਲਸਾ’ ਦੀ ਸਾਜਨਾ ਜਾਂ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਖ਼ਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਅਤੇ ਨਾ ਹੀ ਆਪਣੇ ਨਾਂ ਨਾਲ ਸਿੰਘ ਦੀ ਵਰਤੋਂ ਕੀਤੀ ਸੀ। ਸਿੱਧ ਹੈ ਕਿ ਇਹ 1699 ਈ. ਤੋਂ ਪਹਿਲਾਂ ਦੀ ਰਚਨਾ ਹੈ। ਤਨਖ਼ਾਹ ਨਾਮਾ ਖ਼ਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿਚ ਸ਼ਬਦ ‘ਖ਼ਾਲਸਾ’ ਅਤੇ ‘ਸਿੰਘ’ ਆਮ ਵਰਤੇ ਗਏ ਹਨ ਅਤੇ ਅਖੀਰ ਵਿਚ ‘ਖ਼ਾਲਸਾ’ ਦੀ ਉਸਤਤਿ ਕੀਤੀ ਗਈ ਹੈ।। ਰਹਿਤ ਨਾਮਾ ਵਿਚ ਗੁਰੂ ਦਸਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ। ਇਹ ਤਿੰਨ ਰੂਪ ਹਨ: ਨਿਰਗੁਣ, ਸਰਗੁਣ ਅਤੇ ਗੁਰਸ਼ਬਦ। ਗੁਰੂ ਜੀ ਫਰਾਉਂਦੇ ਹਨ ਕਿ ਇਹ ਤਿੰਨੋ ਰੂਪ ਸ੍ਰਿੀ ਗੁਰੁ ਗ੍ਰੰਥ ਸਾਹਿਬ ਵਿਚ ਅੰਕਿਤ ਹਨ। ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੁ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਸੁਣ ਕੇ ਦਰਸ਼ਨ ਕਰਕੇ ਕਰ ਸਕਦਾ ਹੈ।
2। ਸੈਨਾਪਤਿ: ਸ੍ਰੀ ਗੁਰ ਸੋਭਾ (1711 ਈ.)
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ (1708 ਈ.) ਤੋਂ ਤਿੰਨ ਸਾਲ ਬਾਅਦ 1711 ਈ. ਵਿਚ ਲਿਖੀ ਸੈਨਾਪਤਿ ਦੀ ਲਿਖਤ, ‘ਸ੍ਰੀ ਗੁਰ ਸੋਭਾ’ ਮਿਲਦੀ ਹੈ ਜਿਸ ਦਾ ਕਰਤਾ ਗੁਰੂ ਸਾਹਬ ਦੇ 52 ਆਨਿਨ ਸਿੱਖ ਲਿਖਾਰੀਆਂ ਵਿਚੋਂ ਨਿਸਚੇ ਹੀ ਸਿਰਕੱਢ ਸੀ । ਇਸ ਵਿਚ ਜੋ ਕੁਝ ਉਸ ਨੇ ਦਰਬਾਰੀ ਕਵੀ ਹੋਣ ਕਰ ਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ, ਉਹੋ ਕੁਝ ਬਿਆਨ ਕੀਤਾ ਹੈ।‘ਸ੍ਰੀ ਗੁਰ ਸੋਭਾ’ ਵਿਚ ਬਿਆਨੇ ਹੋਏ ਇਤਿਹਾਸਕ ਤੱਥਾਂ ਦੀ ਤਸਦੀਕ ਮੁਗਲ ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ, ‘ਅਹਿਕਾਮਿ-ਆਲਮਗੀਰੀ’, ‘ਅਖ਼ਬਾਰਾਤਿ-ਦਰਬਾਰਿ-ਮੁਅੱਲਾਂ’, ‘ਤਵਾਰੀਖ ਮੁਅੱਜ਼ਮ ਸ਼ਾਹ’, ‘ਬਹਾਦੁਰ ਸ਼ਾਹ ਨਾਮੇ’ ਅਤੇ ‘ਤਾਰੀਖਿ ਬਹਾਦੁਰ ਸ਼ਾਹ’ ਨਾਲ ਮਿਲਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੈਨਾਪਤਿ ਨੇ ਗੁਰੂੁ ਗੋਬਿੰਦ ਸਿੰਘ ਦੇ ਕਾਲ ਦਾ ਅੱਖੀਂ ਠਿੱਡਾ ਹਾਲ ਬਿਆਨ ਕੀਤਾ ਹੈ। ਉਸ ਨੇ ਗੁਰੂ ਸਾਹਬ ਦੇ ਜੀਵਨ ਦੀ ਅਹਿਮ ਘਟਨਾ ਅਰਥਾਤ ਖ਼ਾਲਸੇ ਦੀ ਸਾਜਨਾ ਬਾਰੇ ਖੁਲ੍ਹ ਕੇ ਲਿਖਿਆ ਹੈ, ਰਹਿਤ ਮਰਯਾਦਾ ਦਾ ਜਿ਼ਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਲਿਖਿਆ, ਪਰ ਕਥਤ “ਦਸਮ ਗ੍ਰੰਥ” ਬਾਰੇ ਕਿਤੇ ਵੀ ਕੋਈ ਜਿ਼ਕਰ ਨਹੀਂ ਕੀਤਾ।
3. ਪਰਚੀਆਂ ਸੇਵਾਦਾਸ (1711-1738): ਇਹ ਕਈ ਨਾਵਾਂ ਨਾਲ ਜਾਣੀਆਂ ਜਾਂਦੀਆ ਹਨ ਜਿਵੇਂ ਸਾਖੀਆਂ ਸੇਵਾ ਦਾਸ ਉਦਾਸੀ, ਮਹਿਲਾ ਦਸਾਂ ਕੀਆਂ ਸਾਖੀਆਂ, ਸਾਖੀਆਂ ਦਸਾਂ ਪਾਤਸ਼ਾਹੀਆਂ ਕੀਆਂ ਅਤੇ ਪਰਚੀਆਂ ਪਾਤਸ਼ਾਹੀ 10। ਇਨ੍ਹਾਂ ਪਰਚੀਆਂ ਵਿਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ ਦਸਾਂ ਗ੍ਰੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ। ਪਹਿਲੇ ਅੱਠ ਗੁਰੂਆਂ ਨਾਲ ਵਾਬਸਤਾ ਇਕ ਸਾਖੀ ਹੈ, ਨੌਵੇਂ ਗੁਰੂ ਬਾਰੇ ਚਾਰ ਹਨ ਅਤੇ ਬਾਕੀ ਦੀਆਂ 38 ਦਸਵੇਂ ਗੁਰੂ ਨਾਲ ਸੰਬੰਧਤ ਜੀਵਨ ਝਾਕੀਆਂ ਬਾਰੇ ਹਨ। ਇਨ੍ਹਾਂ ਵਿਚ ਮਸੰਦਾਂ ਦੇ ਕਿਰਦਾਰ ਬਾਰੇ ਕਾਫੀ ਕੁਝ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਇਕ ਵੀ ਵਿਰਤਾਂਤ ਨਹੀਂ। ਇਹ ਸਾਖੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ ਗੁਰੁ ਗੋਬਿੰਦ ਸਿੰਘ ਵੇਲੇ ਦਸਮ ਗ੍ਰੰਥ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ।
4. ਕੁਇਰ ਸਿੰਘ: ਗੁਰਬਿਲਾਸ ਪਾਤਸ਼ਾਹੀ 10 (1751-?)
ਇਸ ਗ੍ਰੰਥ ਦਾ ਕਰਤਾ ਇਕ ਸਹਿਜਧਾਰੀ ਸਿੱਖ ਕੁਇਰ ਸਿੰਘ ਹੈ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿਚ ਲਿਖਿਆ ਗਿਆ।ਕਿਉਂਕਿ ਕੁਅਰ ਸਿੰਘ ਭਾਈ ਮਨੀ ਸਿੰਘ ਦਾ ਨਿਕਟ ਸਮਕਾਲੀ ਰਿਹਾ ਸੀ ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿਚ ਅੰਕਤ ਵਾਕਫੀਅਤ ਮਨੀ ਸਿੰਘ ਦੇ ਵਿਆਖਿਆਨਾਂ ਤੇ ਅਧਾਰਤ ਹੈ (ਫੌਜਾ ਸਿੰਘ, 1968)। ਉਸ ਪਾਸ ਸੈਨਾਪਤਿ ਦੀ ‘ਗੁਰ ਸੋਭਾ’ ਅਤੇ ‘ਬਚਿਤ੍ਰ ਨਾਟਕ’ ਵੀ ਮੌਜੂਦ ਸਨ। ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿਚ ਗੁਰੂ ਸਾਹਿਬ ਦੇ ਜੀਵਨ ਬਾਰੇ ਸੱਭ ਤੋਂ ਵੱਧ ਭਰੋਸੇਯੋਗ ਵਿਸਥਾਰ ਮਿਲਦਾ ਹੈ। ਇਸ ਵਿਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ ਜਿ਼ਕਰ ਹੈ। ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿਚ ਲਜਾਇਆ ਗਿਆ ਅਤੇ ਅਗਲਾ ਸਿਰ ਮੰਗਣ ਤੋਂ ਪਹਿਲਾਂ ਲਹੂ ਨਾਲ ਭਿੱਝੀ ਤਲਵਾਰ ਦਰਬਾਰ ਵਿਚ ਦਿਖਾਈ ਗਈ। ਇਸ ਸਾਰੇ ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ‘ਸਿੰਘ’ ਦਾ ਨਾਮ ਦੇ ਕੇ ਕਕਾਰ ਪਹਿਨਾਏ ਗਏ। ਮਗਰੋਂ ਇਸੇ ਬਾਟੇ ਚੌਂ ਗੁਰੂ ਸਾਹਬ ਅੰਮ੍ਰਿਤ ਛੱਕ ਕੇ ਖ਼ੁਦ ਵੀ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ, “ ਵਾਹ ਵਾਹ ਗੁਰੁ ਗੋਬਿੰਦ ਸਿੰਘ ਆਪੇ ਗੁਰ ਚੇਲਾ” ਮਸ਼ਹੂਰ ਹੋ ਗਈ। ਇਸ ਗ੍ਰੰਥ ਵਿਚ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛੱਕਣ ਵਾਲਿਆਂ ਲਈ ਰਹਿਤ ਦਾ ਵੀ ਜਿ਼ਕਰ ਹੈ ਅਤੇ ਪੰਜ ਕਕਾਰਾਂ ਦਾ ਵਰਨਣ ਵੀ ਹੈ। ਇਸ ਪੁਸਤਕ ਦੇ ਨੌਵੇਂ ਅਧਿਆਏ ਵਿਚ ਖ਼ਾਲਸਾ ਪੰਥ ਦੀ ਸਾਜਨਾ ਵਾਰੇ ਵਿਸਥਾਰ ਪੂਰਬਕ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਕੁਝ ਵੀ ਨਹੀਂ ਲਿਖਿਆ ਹੋਇਆ। ਦਸਮ ਗ੍ਰੰਥ ਦੀ ਜਿਸ ਬੀੜ ਨੂੰ ਮਨੀ ਸਿੰਘ ਦੇ ਨਾਂ ਨਾਲ ਜੋੜ ਕੇ ਦਸਮ ਗ੍ਰੰਥ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਕੀ ਉਸ ਬਾਰੇ ਭਾਈ ਕੁਇਰ ਸਿੰਘ ਨੂੰ ਨਾ ਪਤਾ ਹੁੰਦਾ ਜੋ ਮਨੀ ਸਿੰਘ ਹੋਰਾਂ ਦਾ ਨਿਕਟ ਵਰਤੀ ਰਿਹਾ ਹੈ?
5. ਕੇਸਰ ਸਿੰਘ ਛਿੱਬੜ: ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1779 ਈ.-?)
ਸਭ ਤੋਂ ਪਹਿਲਾਂ ਕੇਸਰ ਸਿੰਘ ਛਿੱਬੜ ਦੇ ‘ਬੰਸਾਵਲੀਨਾਮਾ ਦਸਾਂ ਪਾਤਸ਼ਹੀਆਂ ਕਾ’ ਨੂੰ 1972 ਵਿਚ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ‘ਪਰਖ਼’ ਨਾਮੀ ਪੰਜਾਬੀ ਮੈਗਜ਼ੀਨ (ਸੰਪ. ਸੁਰਿੰਦਰ ਸਿੰਘ ਕੋਹਲੀ) ਵਿਚ ਛਾਪਿਆ ਗਿਆ ਸੀ। ਉਸ ਵੇਲੇ ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸੀ ਕਿ ਭਾਵੇਂ ਛਿੱਬੜ ਦੀ ਇਹ ਰਚਨਾ ਪੁਰਾਨਿਕ ਕਥਾ ਕਥਾਵਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ ਤਾਂ ਵੀ ਇਸ ਵਿਚ ਖ਼ਾਲਸਾ ਸਾਜਨ, ਪਾਹੁਲ ਅਤੇ ਗੁਰੂ ਗ੍ਰੰਥ ਸਾਹਿ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ ਤੇ ਲਿਖਿਆ ਮਿਲਦਾ ਹੈ।
ਬੰਸਾਵਲੀਨਾਮਾ ਵਿਚ ਕੇਸਰ ਸਿੰਘ ਛਿੱਬੜ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਰਚੇ ਗਏ ਦੋ ਗ੍ਰੰਥਾਂ ਦਾ ਜਿ਼ਕਰ ਕੀਤਾ ਹੈ। ਆਦਿ ਗ੍ਰੰਥ ਧੀਰਮਲ ਪਾਸੋਂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ। ਛਿੱਬੜ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੂੁ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੀ ਹੋਈ ਬੀੜ ਨੂੰ (ਜਿਸ ਨੂੰ ਆਦਿ ਗ੍ਰੰਥ ਜਾਂ ਕਰਤਾਰਪੁਰੀ ਬੀੜ ਵੀ ਕਿਹਾ ਜਾਂਦਾ ਹੈ) ਧੀਰਮਲ ਪਾਸੋਂ ਮੰਗਵਾ ਭੇਜਿਆ ਪਰ ਉਸ ਨੇ ਨਾਂਹ ਕਰਦਿਆਂ ਤਾਨ੍ਹਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ ਨੇ ਦਿੱਤਾ ਹੈ, ਤੈਨੂੰ ਕਿਉਂ ਦੇ ਦਈਏ, ਤੂੰ ਗੁਰੂ ਏਂ ਹੋਰ ਲਿਖ ਲੈ। ਧੀਰਮਲ ਜੀ ਦੇ ਕਹਿਣ ਦਾ ਸਿੱਧਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗੱਦੀ ਤੇ ਵਿਰਾਜਮਾਨ ਹੁੰਦਾ ਹੈ ਉੇਸ ਨੂੰ ਸਾਰੀ ਗਰੁਬਾਣੀ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਦੁਬਾਰਾ ਲਿਖ ਸਕਦਾ ਹੈ। ਫਲਸਰੂਪ, ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਨੂੰ ਖੁਦ ਸੰਪੁਰਨ ਕਰਨ ਲੱਗ ਪਏ। ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ। ਇਸ ਲਈ ਛਿੱਬੜ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਆਦਿ ਗ੍ਰੰਥ’ ਨੂੰ ਹੀ ‘ਸਮੁੰਦਰ ਸਦਾਗਰ’ ਗ੍ਰੰਥ ਦਾ ਨਾਂ ਦਿੱਤਾ ਜਾਪਦਾ ਹੈ। ਇਹ ਗ੍ਰੰਥ ਉਸ ਅਨੁਸਤਰ ਸੰਮਤ 1758 (1701 ਈ.) ਵਿਚ ਸਰਸਾ ਨਦੀ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ। ਕਿਸੇ ਦੂਸਰੇ ਬੇਨਾਮਾਂ ਗ੍ਰੰਥ ਦਾ ਜਿ਼ਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿਚ ਅਵਤਾਰ ਲੀਲ੍ਹਾ ਅੰਕਤ ਸੀ। ਇਹ ਗ੍ਰੰਥ ਵੀ, ਛਿੱਬੜ ਅਨੁਸਾਰ, ਜੰਗ ਵਿਚ ਖਿੰਡ-ਪੁੰਡ ਗਿਆ ਸੀ। ਪਹਿਲੀ ਬੀੜ ਦਾ ਕੋਈ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਸ ਦੀਆਂ 91 ਸਤਰਾਂ ਛਿਬੜ ਹੋਰਾਂ ਨੇ ਵੀ ਦੇਖੀਆਂ ਸਨ ਅਤੇ ਦੂਜੇ ਗ੍ਰੰਥ ਦੇ ਸੱਤ ਪੱਤਰੇ ਲਾਹੌਰ ਦੇ ਇਕ ਸਿੰਘ ਹੱਥ ਲੱਗੇ ਸਨ ਜਿਨ੍ਹਾਂ ਦਾਂ ਦੀਦਾਰ ਵੀ ਛਿੱਬੜ ਹੋਰਾਂ ਕੀਤਾ। ਸਵਾਲ ਪੈਦਾ ਹੁੰਦਾ ਹੈ ਕਿ ਜੇ ਛਿੱਬੜ ਨੇ ‘ਸਮੁੰਦਰ ਸਾਗਰ’ ਦੀਆਂ 91 ਸਤਰਾਂ ਅਤੇ ਅਵਤਾਰ ਲੀਲ੍ਹਾ ਵਾਲੇ ਗ੍ਰੰਥ ਦੇ ਸੱਤ ਪਤਰੇ ਦੇਖੇ ਸਨ ਤਾਂ ੳਨ੍ਹਾਂ ਦਾ ਉਤਾਰ ਜਾਂ ਵੇਰਵਾ ਕਿਉਂ ਨਹੀਂ ਦਿੱਤਾ? ਮੁੱਕਦੀ ਗੱਲ ਇਹ ਹੈ ਜਿਨ੍ਹਾਂ ਦੋ ਬੀੜਾਂ ਦਾ ਜਿ਼ਕਰ ਕੇਸਰ ਸਿੰਘ ਛਿੱਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਗ੍ਰੰਥ ਵਿਚ ਬਚਿੱਤਰ ਨਾਟਕ, ਚੰਡੀ ਚ੍ਰਿਤਰ, ਚੰਡੀ ਦੀ ਵਾਰ, ਚ੍ਰਿਤਰੋਪਾਖਿਆਨ, ਚੌਬੀਸ ਅਵਤਾਰ ਦਾ ਜਿ਼ਕਰ ਨਹੀਂ ਜੋ ਅਖੌਤੀ ਦਸਮ ਗ੍ਰੰਥ ਦੇ ਮੁੱਖ ਭਾਗ ਹਨ। ਦਰਅਸਲ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ। ਫਲਸਰੂਪ, ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ।
ਇਸ ਵਿਚ ਕੋਈ ਛੱਕ ਨਹੀਂ ਕਿ ਛਿੱਬੜ ਖ਼ਾਲਸਾ ਸਾਜਨਾ ਨਾਲ ਸੰਬੰਧਤ ਸਾਰੀਆਂ ਰਹੁਰੀਤਾਂ ਅਤੇ ਰਹਿਤਾਂ ਦਾ ਜਿ਼ਕਰ ਕਰਦਾ ਹੈ ਜਿਵੇਂ, ਪੰਜ ਪਿਆਰੇ, ਪਾਹੁਲ, ਕੇਸ, ਨਾਂ ਨਾਲ ਸਿੰਘ ਦੀ ਵਰਤੋਂ, ਸ਼ਾਸਤਰ ਬੱਧ ਹੋਣਾ, ਬਾਣੀ ਪੜ੍ਹਨਾ, ਦੇਹਧਾਰੀ ਗੁਰੂ ਦਾ ਅੰਤ ਅਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਅਦਿ। ਪਰ ਪ੍ਰੋ. ਗਰੇਵਾਲ ਦੇ ਕਹਿਣ ਮੁਤਾਬਿਕ ਛਿੱਬੜ ਇਨ੍ਹਾਂ ਮਹੱਤਵਪੂਰ ਘਟਨਾਵਾਂ ਨੂੰ ਓਨੀ ਅਹਿਮੀਅਤ ਨਹੀਂ ਦਿੰਦਾ ਜਿੰਨੀ ਦੇਣੀ ਚਾਹੀਦੀ ਸੀ ( “…he talks of all these in a manner that imparts no significance to them.”) ਉਦਾਹਰਨ ਵਜੋਂ, ਰਹਿਤਾਂ ਦੀ ਵਿਆਖਿਅ ਕਰਦਾ ਹੋਇਆ ਛਿੱਬੜ ਲਿਖਦਾ ਹੈ ਕਿ ਕੇਸ ਰੱਖਣਾ ਜਨਊ ਪਹਿਨਣ ਅਤੇ ਟਿੱਕਾ ਲਾਉਣ ਬਰਾਬਰ ਹੈ। ਪਾਹੁਲ ਦਾ ਪੰਜ ਪਿਆਰਿਆਂ ਨਾਲ ਅਤੇ ਮਸੰਦਾਂ ਨੂੰ ਸਾੜਨ ਨਾਲ ਕੋਈ ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ‘ਆਪੇ ਗੁਰ ਚੇਲਾ’ ਦੇ ਸੰਕਲਪ ਦੀ ਕੋਈ ਮਹੱਤਤਾ ਜਾਂ ਹੋਂਦ ਨਹੀਂ। ਬੰਸਾਬਲੀਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸੋਮਾ ਸਰੋਤ ਨਹੀਂ ਜਾਂ ਬਕੌਲ ਗਰੇਵਾਲ,.. ”does not belong to the central stream of Sikh literature.”ਬੰਸਾਬਲੀਨਾਮਾ ਵਿਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ (ਸਮੁੰਦਰ ਸਾਗਰ’ ਅਤੇ ‘ਅਵਤਾਰ ਲੀਲਾ) ਦਾ ਜਿ਼ਕਰ ਕੀਤਾ ਗਿਆ ਹੈ ਉਹ ਵੀ ਛਿੱਬੜ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ ਜਾਪਦੇ ਹਨ। ਪਿਆਰਾ ਸਿੰਘ ਪਦਮ ਨੇ ਛਿੱਬੜ ਦੇ ਬੰਸਾਬਲੀਨਾਮੇ ਦੀਆਂ ਉਣਤਾਈਆਂ ਦੇ ਕਈ ਹੋਰ ਪੱਖ ਵੀ ਉਘਾੜੇ ਹਨ ਜਿਨ੍ਹਾਂ ਵਿਚੋਂ ਕੁਝ ਕੁ ਪਦਮ ਦੀ ਭਾਸ਼ਾ ਵਿਚ ਹੇਠਾਂ ਵਿਅਕਤ ਕੀਤੇ ਜਾਂਦੇ ਹਨ।
1। ਲੇਖਕ ਨੇ “ਇਤਿਹਾਸਕਾਰੀ ਦੀ ਚਿੱਟੀ ਚਾਦਰ ੳੁੱਤੇ ਥਾਂ ਥਾਂ ਖ਼ਾਮੁਖ਼ਾ ਪੁਰਾਣਿਕ ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਕਾਰੀ ਨੂੰ ਬਹੁਤ ਠੇਸ ਪਹੁੰਚੀ ਹੈ। ਫਿਰ ਇਨ੍ਹਾਂ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਕਲੇ ਹੋ ਗਈ ਹੈ”।
2। “ ਲੇਖਕ ਦੇ ਮਨ ਉੱਤੇ ਕਰਮ-ਸਿਧਾਂਤ ਵੀ ਭੈੜੀ ਤਰਾਂ ਛਾਇਆ ਹੋਇਆ ਹੈ। …ਔਰੰਗਜ਼ੇਬ ਬਾਰੇ ਇਹ ਕਿਹਾ ਹੈ ਕਿ ਉਹ ਦੁਆਪਰ ਵਿਚ ਕਿਸੇ ਟੋਭੇ ਅੰਦਰ ਕਛੋਪਰਾ ਬਣ ਕੇ ਫਿਰ ਰਿਹਾ ਸੀ, ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ। ਸੋ ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੇ। ਇਹੋ ਜਿਹੀਆਂ ਕਾਲਪਨਿਕ ਕਹਾਣੀਆਂ ਇਤਿਹਾਸਕਾਰੀ ਦੀ ਸੋਭਾ ਨਹੀਂ ਵਧਾਉਂਦੀਆਂ, ਲੇਖਕ ਦੇ ਗੁਆਚੇ ਦਿਮਾਗੀ ਸੰਤੁਲਨ ਦਾ ਦਿਖਾਵਾ ਕਰਦੀਆਂ ਹਨ”।
3। “ਅਜੇਹੀਆਂ ਮਨਘੜਤ ਕਥਾਵਾਂ ਲਿਖ ਕੇ ਲੇਖਕ ਸਤਿਗੁਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਤੇ ਸ਼ਹੀਦੀਆਂ ਨੂ ਵੀ ਮਿੱਟੀ ਘੱਟੇ ਰੋਲ ਬੈਠਦਾ ਹੈ ਕਿ ਜੇ ਇਹ ਪਿਛਲੇ ਜਨਮ ਦੇ ਗ਼ਲਤ ਕੰਮਾਂ ਦਾ ਹੀ ਫਲ ਸੀ ਤਾਂ ਅਸੀਂ ਇਨ੍ਹਾਂ ਨੂੰ ਸ਼ਹੀਦ ਕਹਿ ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ”।
4। “ ਕੇਸਰ ਸਿੰਘ ਛਿੱਬੜ ਬ੍ਰਾਹਮਣ ਹੈ, ਗੁਰਬਾਣੀ ਦੇ ਇਸ ਸਿਧਾਂਤ ਤੋਂ ਵੀ ਜਾਣੂ ਹੈ ਕਿ ਸਿੱਖੀ ਵਿਚ ਜਾਤ ਪਾਤ ਦੀ ਮਾਨਤਾ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ ਸਰਬੋਤਮਤਾ ਸਿੱਖੀ ਨੂੰ ਪਰਵਾਨ ਹੈ। ਪਰ ਉਹ ਫਿਰ ਵੀ ਜੱਥੇ ਦਾਅ ਲਗਦਾ ਹੈ, ਹਰ ਥਾਂ ਬ੍ਰਾਹਮਣਾਂ ਦੀ ਤਾਰੀਫ ਦੇ ਪੁਲ ਬੰਨ੍ਹ ਛੱਡਦਾ ਹੈ”।
5। “ ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਹਾਏ ਦੇਵੀ ਪੂਜਾ ਲਈ ਹੋਮ ਯੱਗ ਦਾ ਪ੍ਰਬੰਧ ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਇ ਦਿੰਦੇ ਸਨ ਕਿ ਮਲੇਛਾਂ ਦੇ ਨਾਸ ਲਈ ਵੇਵੀ ਪ੍ਰਗਟ ਕਰਨਾ ਅਤਿ ਜਰੂਰੀ ਹੈ…ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ ਰਚਨਾ ਜ਼ਰੂਰੀ ਸੀ।…ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸਤਿਗੁਰਾਂ 1735 ਬਿ: (1678 ਈ.) ਵਿਚ ਹੋਮ ਯੱਗ ਦਾ ਪ੍ਰਬੰਧ ਕਰਵਾਇਆ ਤੇ ਬ੍ਰਾਹਮਣਾਂ ਨੂੰ ਵੀ ਇਧਰੋਂ ਉਧਰੋਂ ਬੁਲਾਇਆ। ਦੇਵੀ ਤਾਂ ਪ੍ਰਗਟ ਨਾ ਹੋਈ ਪਰ ਸਤਿਗੁਰਾਂ ਸਾਰੀ ਸਮੱਗਰੀ ਅਗਨੀ ਭੇਂਟ ਕਰ ਕੇ ਤੇਗ ਚਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹੋ ਤੇਗ ਦੇਵੀ ਹੈ ਜੋ ਦੁਸ਼ਟਾਂ ਦਾ ਨਾਸ਼ ਕਰ ਕੇ ਗ਼ਰੀਬਾਂ ਧਰਮੀਆਂ ਦੀ ਜੈ ਜੈ ਕਾਰ ਕਰਾਏਗੀ”।
ਇਨ੍ਹਾਂ ਇਤਿਹਾਸਕ ਭੁਲਾਂ ਤੋਂ ਸਿਵਾਏ ਛਿੱਬੜ ਨੇ ਕਈ ਹੋਰ ਗੁਰੂ ਕਾਲ ਦੇ ਸਾਕ ਸੰਬੰਦਾਂ ਬਾਰੇ ਵੀ ਗ਼ਲਤ ਬਿਆਨੀਆਂ ਕੀਤੀਆਂ ਹਨ।
6. ਸਰੂਪ ਦਾਸ ਭੱਲਾ: ਮਹਿਮਾ ਪ੍ਰਕਾਸ (1776 ਈ.)
ਇਹ ਗ੍ਰੰਥ ਸਰੂਪ ਦਾਸ ਭੱਲਾ ਵਲੋਂ 1776 ਈ. ਵਿਚ ਲਿਖਿਆ ਗਿਆ। ਇਸ ਵਿਚ ਉਸ ਨੇ ਗੁਰੂੁ ਗੋਬਿੰਦ ਜੀ ਵਲੋਂ ਲਿਖੇ ‘ਵਿਦਿਆ ਸਾਗਰ’ ਨਾਮੀਂ ਗ੍ਰੰਥ ਦਾ ਜਿ਼ਕਰ ਹੈ।ਭੱਲਾ ਲਿਖਦਾ ਹੈ ਕਿ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਖੁਦ ਪੰਜਾਬੀ ਵਿਚ ਅਨੁਵਾਦ ਕਰਕੇ ‘ਵਿਦਿਆ ਸਾਗਰ ਗ੍ਰੰਥ’ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਬਨਾਰਸ ਤੋਂ, ਜੋ ਪੁਰਾਨਕ ਸਾਹਿਤ ਦਾ ਕੇਂਦਰ ਹੈ, ਵਿਦਵਾਨ ਪੰਡਤਾਂ ਨੂੰ ਲੱਭ ਕੇ ਲਿਆਉ ਜੋ ਪੁਰਾਨਕ ਸਾਹਿਤ ਵਿਚ ਨਿਪੁਨ ਹੋਣ, ਅਤੇ ਆਪਣੇ ਆਪਣੇ ਗ੍ਰੰਥ ਨਾਲ ਲਿਆਉਣ। ਪੰਡਤ ਆਪਣੇ ਨਾਲ ਚਾਰ ਵੇਦ, ਅਠਾਰਾਂ ਪੁਰਾਨ, ਛੇ ਸ਼ਾਸ਼ਤਰ/ਸਿਮ੍ਰਤੀਆਂ, ਚੌਬੀਸ ਅਵਤਾਰ, ਅਤੇ ਚਾਰ ਸੌ ਚਾਰ ਨਵੇਂ ਤ੍ਰੀਆ ਚਲਿੱਤ੍ਰ ਨਾਲ ਲਿਆਏ। ਗੁਰੂੁ ਸਾਹਿਬ ਨੇ ਪੰਡਤਾਂ ਨੂੰ ਦਰਬਾਰ ਵਿਚ ਇਕੱਤਰ ਕੀਤਾ ਅਤੇ ਨਾਲ ਹੀ ਕੁਝ ਸਿਆਣੇ ਗੁਰਮੁਖੀ ਲਿਖਣ ਵਾਲੇ ਸਿਖਾਂ ਨੂੰ ਵੀ ਬੁਲਾ ਲਿਆ। ਪੰਡਤਾਂ ਨੂੰ ਕਿਹਾ ਕਿ ਤੁਸੀਂ ਗ੍ਰੰਥਾਂ ਵਿਚੋਂ ਪੜ੍ਹੀ ਜਾਉ, ਅਸੀਂ ਇਸ ਦਾ ਗਰੁਮੁਖੀ ਵਿਚ ਅਨੁਵਾਦ ਕਰੀ ਜਾਵਾਂਗੇ ਅਤੇ ਸਿੱਖ ਲਿਖਾਰੀ ਗੁਰਮੁਖੀ ਵਿਚ ਲਿਖੀ ਜਾਣਗੇ। ਅਨੁਵਾਦ ਤੋਂ ਬਾਅਦ ਇਹ ਸਾਰਾ ਸਾਹਿਤ ਇਕੱਤਰ ਕਰਕੇ ‘ਵਿਦਿਆ ਸਾਗਰ ਗ੍ਰੰਥ’ ਤਿਆਰ ਕੀਤਾ ਗਿਆ ਤਾਕਿ ਸੰਗਤ ਇਸ ਨੂੰ ਸੌਖ ਨਾਲ ਪੜ੍ਹ ਸਕੇ। ਗੁਰੂ ਸਾਹਿਬ ਦੇ ਇਸ ਕਰਤਵ ਤੋਂ ਸੰਗਤ ਬਹੁੱਤ ਨਿਹਾਲ ਹੋਈ।
ਜੇ ਸਰੂਪ ਦਾਸ ਭੱਲਾ ਦੀ ਲਿਖਤ ਦਾ ਵਿਸ਼ਲੇਸ਼ਣ ਕਰੀਏ ਤਾਂ ਕਈ ਸਵਾਲ ਖੜੇ ਹੋ ਜਾਂਦੇ ਹਨ ਜਿਵੇਂ:
1. ਜੇ ਪੁਰਾਨਕ ਸਾਹਿਤ ਸਿੱਖ ਸੰਗਤਾਂ ਲਈ ਐਨਾ ਹੀ ਮਹੱਤਵਪੂਰਨ ਸੀ ਤਾਂ ਕੀ ਗੁਰੂ ਸਾਹਿਬ ਖੁਦ ਇਸ ਨੂੰ ਸਿੱਧਾ ਸੰਸਕ੍ਰਿਤ ਵਿਚੋਂ ਅਨੁਵਾਦ ਕਰਕੇ ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿਚ ਨਹੀਂ ਲਿਖ ਜਾਂ ਲਿਖਵਾ ਸਕਦੇ ਸਨ? ਪੰਡਤਾਂ ਨੂੰ ਬਲਾਉਣ ਦੀ ਕੀ ਲੋੜ ਪਈ ਸੀ?
2. ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਜਾਂ ਨਿਕਟ ਵਰਤੀ ਸਿੱਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿਚ ਸੈਨਾਪਤਿ, ਨੰਦ ਲਾਲ ਗੋਆ, ਭਾਈ ਗੁਰਦਾਸ ਦੂਜਾ, ਭਾਈ ਚੌਪਾ ਸਿੰਘ, ਭਾਈ ਮਨੀ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ ਮਹਾਂ ਪੁਰਸ਼ਾ ਨੇ ਆਪਣੀਆਂ ਲਿਖਤਾਂ ਵਿਚ ਤਾਂ ਕਿਸੇ ‘ਵਿਦਿਆ ਸਾਗਰ ਗ੍ਰੰਥ’ ਦਾ ਜਿ਼ਕਰ ਤੱਕ ਨਹੀਂ ਕੀਤਾ।
3. ਉਨ੍ਹਾਂ ਨੇ ਜੇ ਪੁਰਾਨਕ ਗ੍ਰੰਥ ਸੰਸਕ੍ਰਿਤ ਵਿਚੋਂ ਪੰਜਾਬੀ ਵਿਚ ਅਨੁਵਾਦ ਕੀਤੇ ਹੁੰਦੇ ਤਾਂ ਕਥਤ ਦਸਮ ਗ੍ਰੰਥ ਵਿਚ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਰਗੀ ਠੇਠ ਪੰਜਾਬੀ ਵਿਚ ਲਿਖੀ ਹੋਈ ਬਾਣੀ ਮਿਲਣੀ ਚਾਹੀਦੀ ਸੀ। ਪਰ ਸਮਕਾਲੀ ਦਸਮ ਗ੍ਰੰਥ ਵਿਚ ਠੇਠ ਪੰਜਾਬੀ ਵਿਚ ਲਿਖੀ ਹੋਈ ਕੋਈ ਰਚਨਾ ਨਹੀਂ ਮਿਲਦੀ। ਬਹੁਤੀ ਰਚਨਾ ਬ੍ਰਿਜ ਭਾਸ਼ਾ ਅਤੇ ਹਿੰਦਵੀ ਵਿਚ ਹੈ ਅਤੇ ਕਿਤੇ ਕਿਤੇ ਉਸ ਵੇਲੇ ਦੀ ਲੌਕਕ ਪੰਜਾਬੀ ਦਾ ਮਿਸ਼ਰਨ ਮਿਲਦਾ ਹੈ।
4. ਜੇ ਮਨ ਵੀ ਲਿਆ ਜਾਵੇ ਕਿ ਗੁਰੂ ਸਾਹਬ ਨੇ ‘ਵਿਦਿਆ ਸਾਗਰ ਗ੍ਰੰਥ’ ਰਚਿਆ ਸੀ ਅਤੇ ਉਹ 1701 ਈ. ਵਿਚ ਸਿਰਸਾ ਨਦੀ ਨੂੰ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ ਤਾਂ ਅਯੋਕਾ ਦਸਮ ਗ੍ਰੰਥ ਕਿੱਥੋਂ ਅਤੇ ਕਿੱਦਾਂ ਪੈਦਾ ਹੋ ਗਿਆ?
ਉਨੀਵੀਂ ਸਦੀ ਦਾ ਸਿੱਖ ਇਤਿਹਾਸ
1.ਭਾਈ ਸੰਤੋਖ ਸਿੰਘ: ਸ੍ਰਿੀ ਗੁਰਪਰਤਾਪ ਸੂਰਜ ਗ੍ਰੰਥ (1843 ਈ.) ‘ਸ੍ਰਿੀ ਗੁਰਪਰਤਾਪ ਸੂਰਜ ਗ੍ਰੰਥ’ ਵਿਚ, ਗੁਰੂੁ ਕਾਲ ਦੀ ਵਿਸਥਾਰ ਸਹਿਤ ਕੀਤੀ ਹੋਈ ਵਿਆਖਿਆ ਹੈ।ਮਹਾਂ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ
ਦਰਬਾਰ ਦੀਆਂ ਗਤੀਆਂ ਵਿਧੀਆਂ ਦਾ ਵਿਸਥਾਰ ਸਹਿਤ ਲੇਖਾ ਜੋਖਾ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂੁ ਸਾਹਿਬ ਦੇ ਦਰਬਾਰ ਵਿਚ 52 ਕਵੀਆਂ ਦਾ ਜਿ਼ਕਰ ਇਸ ਗ੍ਰੰਥ ਵਿਚ ਆੲਆ ਹੈ। ਗੁਰੂ ਸਾਹਿਬ ਦੀ ਨਿਗਰਾਨੀ ਹੇਠ 52 ਕਵੀਆਂ ਵਲੋਂ ਲਿਖੇ ਗਏ ‘ਵਿੱਦਿਆਧਰ ਗ੍ਰੰਥ’ ਦਾ ਹਵਾਲਾ ਵੀ ਮਹਾਂ ਕਵੀ ਸੰਤੋਖ ਸਿੰਘ ਦੇ ਗ੍ਰੰਥ ਵਿਚ ਮਿਲਦਾ ਹੈ।ਉਹ ਲਿਖਦਾ ਹੈ ਕਿ ਗੁਰੂੁ ਸਾਹਿਬ ਦੇ ਦਰਬਾਰ ਵਿਚ ਬਵੰਜਾ ਪੱਕੇ ਕਵੀ ਸਨ ਅਤੇ ਕੁਝ ਸੈਲਾਨੀ ਕਵੀ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਬਰੀਕ ਬਰੀਕ ਅੱਖਰਾਂ ਵਿਚ ਬਾਣੀ ਲਿਖੀ। ਜਦ ਪੱਤਰਿਆਂ ਨੂੰ ਤੋਲਿਆ ਤਾਂ ਕਾਗ਼ਜ਼ ਦਾ ਭਾਰ ਨੌ ਮਣ ਨਿਕਲਿਆ। ਸਿੱਧ ਹੈ ਕਿ ਇਕ ਚੌਖਾ ਮੋਟਾ ਗ੍ਰੰਥ ਬਣਿਆ ਹੋਵੇਗਾ ਜਿਸ ਨੂੰ ‘ਵਿਦਿਯਾਧਰ ਗ੍ਰੰਥ’ ਦਾ ਨਾਂ ਦਿੱਤਾ ਗਿਆ। ਏਥੇ ਦੋ ਸਵਾਲ ਉਠਦੇ ਹਨ। ਪਹਿਲਾ, ਕੀ ਕਵੀਆਂ ਨੂੰ ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ ਤਾਕਿ ਸਿੱਖ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦੱਤੀ ਜਾ ਸਕੇ? ਦੂਜਾ, ਜੇ ਵਿਸ਼ੇ ਦਿੱਤੇ/ਵੰਡੇ ਹੋਏ ਨਹੀਂ ਸਨ ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ ਕਿੱਦਾਂ ਕੀਤੀ ਗਈ ਹੋਵੇਗੀ? ਪ੍ਰਚੱਲਤ ਦਸਮ ਗ੍ਰੰਥ ਦੇ 1428 ਸਫਿਆਂ ਤੇ ਜਾਪੁ ਸਾਹਿਬ ਤੋਂ ਲੈਕੇ ਹਿਕਾਇਤਾਂ ਤੱਕ 15 ਪਰਕਾਰ ਦੀਆਂ ਬਾਣੀਆ ਅਤੇ ਕਥਾ ਕਹਾਣੀਆਂ ਦਰਜ ਹਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਵੀਆਂ ਦੀ ਭਾਸ਼ਾਈ ਪਿੱਠਭੂਮੀ ਦੇਖ ਕੇ ਅਤੇ ਗਿਆਨ ਦੀ ਨਿਪੁੰਤਾ ਦੇ ਆਧਾਰ ਤੇ ਵੱਖ ਵੱਖ ਕਵੀਆਂ ਨੂੰ ਲੋੜੀਂਦੇ ਵਿਸ਼ੇ ਦਿੱਤੇ ਹੋਣ, ਜਾਂ ਕਵੀਆਂ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਖੁੱਦ ਚੁਣੇ ਹੋਣ। ਇਸ ਮਨੌਤ ਅਨੁਸਾਰ ਇਸ ਵਿਚਾਰ ਦੀ ਸਮਝ ਵੀ ਲੱਗ ਜਾਂਦੀ ਹੈ ਕਿ ਦਸਮ ਗ੍ਰੰਥ ਵਿਚਲੀਆਂ ਅਸਲੀ ਬਾਣੀਆਂ ਜਿਵੇਂ ਜਾਪੁ ਸਾਹਿਬ, ਅਕਾਲ ਉਸਤਤਿ (ਕੁਝ ਅੰਤਲੇ ਸੁਆਲਾਂ ਤੋਂ ਵਗੈਰ), ਜ਼ਫਰਨਾਮਾ, ਤੇਤੀ ਸਵੈਯੇ, ਸ਼ਬਦ ਹਜ਼ਾਰੇ (ਮਿੱਤਰ ਪਿਆਰੇ ਤੋਂ ਵਗੈਰ), ਇਕ ਚੌਪਈ ਗੁਰੁ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹੋਣ ਅਤੇ ਬਾਕੀ ਦੀਆਂ ਲਿਖਤਾਂ ( ਚੌਬੀਸ ਅਵਤਾਰ, ਬ੍ਰਹਮ ਅਵਤਾਰ,ਰੁਦਰ ਅਵਤਾਰ, ਚਰਿਤ੍ਰੋ ਪਾਖਯਾ ਆਦਿ) ਇਨ੍ਹਾਂ ਕਵੀਆਂ ਦੀਆਂ ਕਿਰਤਾਂ ਹੋਣ। ‘ਨਾਨ ਬਿਧਿ ਕਵਿਤਾ ਰਚੀ ਰਖਿ ਰਖਿ ਨੌ ਰਸਿ ਰੀਤ’ ਦਾ ਅਰਥ ਵੀ ਇਹੋ ਹੈ ਕਿ ਕਈ ਪਰਕਾਰ ਦੀ ਕਵਿਤਾ ਨੌਂ ਰਸਾਂ ਵਿਚ ਰਚੀ ਗਈ।ਕਾਵਿ ਸ਼ਾਸਤਰ ਅਨੁਸਾਰ ਕਵਿਤਾ ਦੇ ਨੌਂ ਰਸ ਇਹ ਹਨ: ਸਿ਼ੰਗਾਰ, ਹਾਸ, ਕਰੁਣਾ, ਰੌਦਰ, ਵੀਰ, ਭਿਆਨਕ, ਬੀਭਤਸ, ਅਦਭੁਤ, ਅਤੇ ਸ਼ਾਂਤ ਰਸ। ਕਥਤ ਦਸਮ ਗ੍ਰੰਥ ਵਿਚੋਂ ਇਨ੍ਹਾਂ ਸਾਰੇ ਰਸਾਂ ਦੀ ਕਵਿਤਾ ਦੀਆਂ ਬੰਨਗੀਆਂ ਮਿਲਦੀਆਂ ਹਨ। ਇਸ ਲਈ ਇਸ ਗ੍ਰੰਥ ਵਿਚ ਵਿਸਿ਼ਆਂ ਅਤੇ ਸੰਬੰਧਤ ਰਸਾਂ ਦੀ ਭਿੰਤਾ ਨੂੰ ਮੁਖ ਰਖਦਿਆਂ ਇਹ ਗੱਲ ਮਨ ਲਗਦੀ ਹੈ ਕਿ ਅਯੋਕੇ ਦਸਮ ਗ੍ਰੰਥ ਵਿਚਲੀ ਸਮੱਗਰੀ, ਗੁਰੁ ਗੋਬਿੰਦ ਸਿੰਘ ਦੀ ਬਾਣੀ ਨੂੰ ਛੱਡ ਕੇ, ਬਾਕੀ ਦਰਬਾਰੀ ਕਵੀਆਂ ਦੀ ਕਿਰਤ ਹੋਵੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਸਨਾਤਨੀ ਸੁਭਾ ਵਾਲੀਆਂ ਕਿਰਤਾਂ ਗੁਰੂ ਸਾਹਬ ਦੀ ਨਿਗਰਾਨੀ ਹੇਠ ਜਾਂ ਹੱਲਾਸ਼ੇਰੀ ਦੇਕੇ ਦਰਬਾਰੀ ਕਵੀਆਂ ਤੋਂ ਲਿਖਵਾਈਆਂ ਗਈਆਂ ਹੋਣ ਤਾਕਿ ਸਿੱਖ/ਸਿੰਘ ਹਿੰਦੂ ਮਿਥਿਆਸ, ਰਹੁ-ਰੀਤਾਂ, ਦੇਵੀ ਦੇਵਤਿਆਂ, ਗੈਰਕੁਦਰਤੀ ਕਥਾ-ਕਹਾਣੀਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵਾਕਫ ਹੋ ਸਕਣ। ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸਨਾਤਨੀ ਹਿੰਦੂਆਂ ਅਤੇ ਖਾਸ ਕਰੇ ਨਿਰਮਲਾ ਪੰਥੀਆਂ ਨੇ ਅੰਗ੍ਰੇਜ਼ਾਂ ਦੇ ਸੁਆਰਥੀ ਪਰਭਾਵ ਹੇਠਾਂ ਕਥਤ ਦਸਮ ਗ੍ਰੰਥ ਦੀ ਮਿੱਥ ਨੂੰ ਜਨਮ ਦਿੱਤਾ ਤਾਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ ਅਤੇ ਪੇਸੇ ਬਟੋਰਨ ਵਿਚ ਕਾਮਯਾਬ ਹੋ ਸਕਣ।
ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਆਨੰਦਪੁਰ ਛੱਡਣਾ ਪਿਆ ਅਤੇ ‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁਮ ਗੁਆਚ ਗਿਆ ਅਤੇ ਦੁਵਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ ਸਨ, ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿਚ ਕਬਿੱਤ ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ ਦਲੀਲ ਦੀ ਪੁਸ਼ਟੀ ਵਿਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ। ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿਚ ਪਾ ਦਿੰਦੀ ਹੈ।
ਗਿਆਨੀ ਗਿਆਨ ਸਿੰਘ: ਪੰਥ ਪ੍ਰਕਾਸ਼ (1880)
ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਆਪਣੇ ਉਸਤਾਦ, ਪੰਡਤ ਤਾਰਾ ਸਿੰਘ ਨਿਰੋਤਮ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿਚ ਲਿਖਿਆ। ਇਸ ਵਿਚ ਸਾਰੇ ਗੁਰੂਆਂ ਦੇ ਜੀਵਨ ਬਾਰੇ ਵਾਫੀਅਤ ਦਰਜ ਹੈ। ਦਸਵੇਂ ਗੁਰੂ ਸਾਹਿਬ ਵਲੋਂ ਬੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ, ਖ਼ਾਲਸਾ ਦੀ ਸਾਜਨਾ, ਪੰਜ ਕਕਾਰਾਂ ਅਤੇ ਰਹਿਤ ਮਰਯਾਦਾ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਗੁਰੂ ਗ੍ਰੰਥ ਸਾਹਬ ਦੀ ਮਾਨਤਾ ਬਾਰੇ ਕਵੀ ਲਿਖਦਾ ਹੈ:
ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਧਿ॥
ਗ੍ਰੰਥ ਪੰਥ ਪ੍ਰਕਾਸ ਯਹਿ ਅਬ ਬਰਨੋ ਸੁਖਨੰਦ॥(ਪਤਰਾ 1)
ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ ਠੌਰ॥
ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ॥ (ਪਤਰਾ 161)
ਸਾਖਿਆਤ ਰੂਪ ਵਿਚ ਇਹ ਬੰਦ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸ੍ਰਿੀ ਗੁਰੁ ਗ੍ਰੰਥ ਬਾਰੇ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਰਬ ਇਕ ਹੈ ਜਿਸ ਦੇ ਦਸ ਰੂਪ ਦਸ ਗੁਰੂ ਹਨ। ਇਸ ਗ੍ਰੰਥ ਤੋਂ ਵਗੈਰ ਸਿੱਖ ਪੰਥ ਦੀ ਹੋਰ ਕੋਈ ਟੇਕ ਨਹੀਂ, ਇਸ ਲਈ ਇਸ ਤੋਂ ਵਗੈਰ ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ। ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ ਇਹ ਵੀ ਲਿਖਦਾ ਹੈ:
ਜੋ ਅਬ ਗ੍ਰੰਥ ਦਸਮ ਗੁਰੁ ਕੇਰਾ॥ ਕਹਿਲਾਵਤ ਮਧ ਪੰਥ ਅਛੇਰਾ॥
ਗੁਰੁ ਕੇ ਸਮੇ ਬੀੜ ਨਹੀਂ ਤਾਂਕੀ॥ ਭਈ ਬਾਣੀਆਂ ਰਹੀ ਇਕਾਂਕੀ॥
ਅਨਕੈ ਠੌਰ ਪੋਥੀਆਂ ਮਾਹਿ॥ ਬਾਣੀ ਰਹੀ ਦਸਮ ਗੁਰੁ ਮਾਹਿ॥
ਅਰਥਾਤ, ਜਿਹੜਾ ਗ੍ਰੰਥ ਹੁਣ ਦਸਵੇਂ ਗੁਰੂ ਦਾ ਕਿਹਾ ਜਾ ਰਿਹਾ ਹੈ, ਇਸ ਨੂੰ ਪੰਥ ਵਲੋਂ ਉੱਚਾ ਮੰਨਿਆਂ ਜਾ ਰਿਹਾ ਹੈ। ਪਰ ਗੁਰੂ ਜੀ ਦੇ ਸਮੇਂ ਅਜੇਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਗਈ। ਕੇਵਲ ਇਕੱਲੀਆਂ ਇਕੱਲੀਆਂ ਬਾਣੀਆਂ ਦੀਆਂ ਪੋਥੀਆਂ ਕਈ ਥਾਵੀਂ ਸਨ। ਇਸ ਤਰਾਂ ਗੁਰੂ ਸਾਹਬ ਦੀ ਬਾਣੀ ਸਾਂਭੀ ਹੋਈ ਸੀ।
ਸਿੱਧ ਹੈ ਕਿ ਦਸਵੇਂ ਗੁਰੂ ਜੀ ਵਲੋਂ ਕੋਈ ਬੀੜ ਜਾਂ ਗ੍ਰੰਥ ਦੀ ਸੰਪਾਦਨਾ ਨਹੀਂ ਸੀ ਕੀਤੀ ਗਈ, ਬਾਣੀਆਂ ਪੋਥੀਆਂ ਦੇ ਰੂਪ ਵਿਚ ਕਈ ਥਾਵੀਂ ਸਨ। ਏਥੇ ਕਈ ਸਵਾਲ ਖੜੇ ਹੁੰਦੇ ਹਨ। ਪਹਿਲਾ, ਜੇ ਗੁਰੂ ਸਾਹਬ ਨੇ ਕੋਈ ਬੀੜ ਸੰਪਾਦ ਨਹੀਂ ਕੀਤੀ ਜਾਂ ਰਚੀ ਤਾਂ ਪੰਥ ਨੇ ਕਥਤ ਗ੍ਰੰਥ ਨੂੰ ਅੱਛਾ ਜਾਂ ਉੱਚਾ ਕਿਵੇਂ ਮਨ ਲਿਆ? ਦੂਜਾ, ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿਚ ਖਿੱਲਰੀ ਪਈ ਸੀ, ਕੀ ਪਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਬ ਦੀ ਲਿਖੀ ਹੋਈ ਸੀ? ਤੀਜਾ, ਸਿੱਖ ਧਰਮ ਨੂੰ ਅਦੁਤੀ ਰੂਪ ਦੇਣ ਵਾਲੇ ਦਸਵੇਂ ਗੁੂੁਰ ਦੀ ਬਾਣੀ ਨੂੰ ਖੁੱਦ ਗੁਰੂ ਸਾਹਬ ਵਲੋਂ ਜਾਂ ਉਨ੍ਹਾਂ ਦੇ ਸਿੱਖਾਂ ਵਲੋਂ ਕਿਉਂ ਨਹੀਂ ਸਾਂਭਿਆ ਗਿਆ? ਇਨ੍ਹਾਂ ਦੇ ਉੱਤਰ ਬੜੇ ਸਿੱਧੇ ਅਤੇ ਸਾਦੇ ਜਹੇ ਹਨ। ਗੁਰੂ ਸਾਹਬ ਪਾਸ ਉਨ੍ਹਾਂ ਦੇ ਪੁਰਖਿਆਂ ਵਲੋਂ ਸੰਪਾਦ ਕੀਤਾ ਹੋਇਆ ਗੂਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸ ਨੂੰ ਉਨ੍ਹਾਂ ਗੁਰ ਗੱਦੀ ਸੌਂਪੀ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦ ਕਰਨ ਜਾਂ ਖੁੱਦ ਰਚਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਦਮਦਮੇ ਸਾਹਿਬ ਵਿਖੇ ਆਪਣੇ ਪਿਤਾ, ਗੁਰੂ ਤੇਗ ਬਹਾਦਰ ਜੀ, ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿਚ ਅੰਕਤ ਕਰਕੇ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸੀ। ਉਹ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਉਨ੍ਹਾਂ ਲਈ ਕੋਈ ਦੂਜਾ ਗ੍ਰੰਥ ਸੰਪਾਦ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ। ਗੁਰੂ ਸਾਹਿਬ ਦੀਆਂ ਮਾਰਸ਼ਲ ਸੁਭਾ ਵਾਲੀਆਂ ਬਾਣੀਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਹਾਲਾਤ ਦੇ ਮੁਤਾਬਿਕ ਉਨ੍ਹਾਂ ਵਿਚਲੀ ਭਾਵਨਾ ਦਾ ਹਰ ਵਕਤ ਪਾਲਣ ਕਰਨਾ ਹਰ ਸਿੱਖ ਲਈ ਲੋੜੀਦਾ ਸੀ।
ਸਵਾਲ ਥਾਂ ਦੀ ਥਾਂ ਖੜ੍ਹਾ ਹੈ ਕਿ ਫਿਰ ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ? ਇਸ ਦਾ ਉੱਤਰ ਵੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿਚ ਦਰਜ ਹੈ।
ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥
ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥
ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥
ਔਰ ਗ੍ਰੰਥ ਇਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥
ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥
ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥
ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥
ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ, ਚੜ੍ਹਤ ਸਿੰਘ ਨਾਲ ਮਿਲਕੇ ਇਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੈ ਕੀਤੇ। ਉਨ੍ਹਾਂ ਨੇ ਇਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿਚ ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਬ ਨਾਲ ਮਿਲਦੀ ਸੀ ਇਸ ਲਈ ਕਈ ਤਰਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗੋਬਿੰਦ ਸਾਹਬ ਦੇ ਦਸਤਖਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ ਨੇ ਚੌਗਣੀ ਕਮਾਈ ਕੀਤੀ। ਇਸ ਤਰਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿਚ ਵਾਧੈ ਕਰਾਕੇ ਇਨ੍ਹਾਂ ਰਾਹੀਂ ਪੰਜਾਬ ਵਿਚ ਭਿਜਵਾਏ ਤਾਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿਖਾਂ ਵਿਚਕਾਰ ਸ਼ੰਕੇ ਪੈਦਾ ਕਰ ਸਕਣ।
(ੲ) ਦਸਮ ਗ੍ਰੰਥ ਦੀ ਮਿਥ ਦਾ ਆਰੰਭ: ਇਕ ਫ੍ਰੰਗੀ ਸਾਜ਼ਸ਼
ਜਿੱਥੇ ਵੀ ਅੰਗ੍ਰੇਜ਼ਾਂ ਨੇ ਆਪਣਾ ਰਾਜ ਸਥਾਪਤ ਕਰਨ ਹੁੰਦਾ ਸੀ ਉਥੇ ਪਹਿਲਾਂ ਮਿਸ਼ਨਰੀਆਂ ਵਲੋਂ ਲੋਕਾਂ ਨੂੰ ਇਸਾਈ ਬਨਾਉਣ ਦਾ ਕੰਮ ਆਰੰਭਦੇ ਸਨ। ਮਿਸ਼ਨਰੀਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਸੱਭ ਤੋਂ ਪਹਿਲਾਂ ਉਹ ਸਥਾਨਕ ਗਰੀਬ ਜੰਤਾ ਨੂੰ ਰੋਜ਼ੀ ਰੋਟੀ ਦਾ ਲਾਲਚ ਦੇਕੇ ਆਪਣੇ ਪੱਖ ਵਿਚ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਮਰਯਾਦਾ ਨੂੰ ਗੰਧਲਾ ਕਰਕੇ ਲੋਕ ਨੂੰ ਇਸਾਈ ਬਣਾਉਣ ਵਲ ਪਰੇਰਨ । ਇਹੋ ਪੈਂਤੜਾ ਉਨ੍ਹਾਂ ਨੇ ਸਿੱਖ ਰਾਜ ਨੂੰ ਖਲਤ ਮਲਤ ਕਰਨ ਲਈ ਵਰਤਿਆ।
18ਵੀਂ ਸਦੀ ਦੇ ਅਖੀਰ ਵਿਚ ਜਦ ਅੰਗ੍ਰੇਜ਼ਾਂ ਨੇ ਦੱਖਣ ਪੂਰਬੀ ਇਲਾਕੇ ਜਿੱਤ ਕੇ ਆਪਣਾ ਰਾਜ ਪੱਕਾ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ ਵਲ ਮੂੰਹ ਮੋੜਿਆ। ਉਸ ਵੇਲੇ ਪੰਜਾਬ ਵਿਚ ਸਿਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੀਆਂ ਸਿੱਖ ਫੋਜਾਂ ਦੀ ਤਾਕਤ ਅਤੇ ਬਹਾਦਰੀ ਤੋਂ ਅੰਗ੍ਰੇਜ਼ ਡਰਦੇ ਸਨ। ਮਿਸਲਾਂ ਦੇ ਸਰਦਾਰ ਗੁਰੂ ਨਾਨਕ ਦੇਵ ਵਲੋਂ ਮੂਲ ਮੰਤਰ ਵਿਚ ਪਰਿਭਾਸ਼ਤ ਕੀਤੇ ਗਏ ਇਕ ਪ੍ਰਮਾਤਮਾ/ਰਬ ਦੇ ਸੰਕਲਪ ਅਤੇ ਦਸਮ ਪਾਤਸ਼ਾਹ ਦੇ ਆਦੇਸ਼, ‘ਗੁਰੂ ਮਾਨਿਊਂ ਗ੍ਰੰਥ’ ਵਿਚ ਯਕੀਨ ਰਖਦੇ ਸਨ।ਇਸ ਲਈ ਮਿਸ਼ਨਰੀ ਪੈਂਤੜੇ ਤਹਿਤ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਨੂੰ ਗੰਧਲਾ ਕਰਨ ਦੀ ਮਨਸ਼ਾ ਨਾਲ ਦਸਮ ਗ੍ਰੰਥ ਦੀ ਮਿੱਥ ਸ਼ੁਰੂ ਕੀਤੀ।ਉਨ੍ਹਾਂ ਦਿਨਾਂ ਵਿਚ ਪਟਨੇ ਸਾਹਿਬ ਦਾ ਤਖਤ ਕਲਕੱਤੇ ਵਿਚ ਸਥਾਪਤ ਹੋ ਚੁਕੀ ਅੰਗ੍ਰੇਜ਼ ਹਕੂਮਤ ਹੇਠ ਆਉਂਦਾ ਸੀ।ਉਨ੍ਹਾਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਇਕ ਰੱਬ-ਇਕ ਗ੍ਰੰਥ-ਇਕ ਪੰਥ ਦੇ ਸੰਕਪ ਵਿਚ ਵਿਦਮਾਨ ਹੈ ਜਿਸ ਦੀ ਅਧਾਰਸਿ਼ਲਾ ‘ਗੁਰੂ ਮਾਨਿਉਂ ਗ੍ਰੰਥ’ ਹੈ।ਸਬਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨੇ ਦਾ ਸੀ ਇਸ ਲਈ ਅੰਗ੍ਰੇਜ਼ਾਂ ਨੇ ਈਸਾਈ ਸਾਜ਼ਸ਼ ਪਟਨੇ ਸਾਹਿਬ ਤੋਂ ਸ਼ੂਰੂ ਕੀਤੀ। ਇਸ ਸਾਜ਼ਸ਼ ਵਿਚ ਪਟਨੇ ਤਖਤ ਦੇ ਕਰਤਾ ਧਰਤਾ ਨਿਰਮਲੇ ਸਾਧ ਦਿਆਲ ਸਿੰਘ, ਨਵਲ ਸਿੰਘ ਅਤੇ ਗ੍ਰੰਥੀ ਸੁੱਖਾ ਸਿੰਘ ਸਨ ਅਤੇ ਕਲਕੱਤੇ ਦੇ ਗੁਦੁਆਰੇ ਦਾ ਰਖਵਾਲਾ ਆਤਮਾ ਰਾਮ ਸ਼ਾਮਿਲ ਸੀ।ਇਨ੍ਹਾ ਪਾਸ ‘ਨਾਨਕ ਪੰਥੀ ਕਾਵਿਯ’ ਨਾਮੀਂ ਗ੍ਰੰਥ ਸੀ ਜੋ ਹਿੰਦਵੀ ਵਿਚ ਲਿਖਿਆ ਹੋਇਆ ਸੀ ਜਿਸ ਦਾ ਜਿ਼ਕਰ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿਚ ਕੀਤਾ ਹੈ। (ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥)। ਇਸ ਬੀੜ ਬਾਰੇ ਚਾਰਲਜ਼ ਵਿਲਕਨ ਨੇ ਵੀ 1781 ਈ. ਵਿਚ ਸੁਣਿਆ ਸੀ।ਇਸ ਗ੍ਰੰਥ ਦੇ ਨਾਂ ਤੋਂ ਭਾਸਦਾ ਹੈ ਕਿ ਇਸ ਵਿਚ ਗੁਰੂ ਨਾਨਕ ਵਲੋਂ ਚਲਾਏ ਗਏ ਸਿੱਖ ਪੰਥ ਨਾਲ ਸੰਬੰਦਤ ਬਾਣੀ ਸੀ, ਅਰਥਾਤ, ਇਹ ਆਦਿ/ਕਰਤਾਰਪੁਰੀ ਬੀੜ ਦੀ ਨਕਲ ਹੀ ਸੀ ਜਿਸ ਵਿਚ ਨਿਰਮਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਉਹ ਬਾਣੀ ਵੀ ਦਰਜ ਕਰ ਰੱਖੀ ਸੀ, ਕੁਝ ਜੋ ਉਸ ਵੇਲੇ ਪ੍ਰਚੱਲਤ ਸੀ ਅਤੇ ਕੁਝ ਆਪਣੇ ਕਲੋਂ ਲਿਖ ਕੇ ਪਾਈ ਹੋਈ ਸੀ ਜਿਸ ਦੀ ਅਗਵਾਹੀ ਗਿਆਨੀ ਗਿਆਨ ਸਿੰਘ ਵੀ ਦਿੰਦਾ ਹੈ:
ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥
ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥
ਔਰ ਗ੍ਰੰਥ ਇਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥
ਉਸ ਵੇਲੇ ਕਲਕੱਤੇ ਵਿਚ ਕੋਲਬਰੁਕ ਬ੍ਰਿਟਿਸ਼ ਐਡਮਨਿਸਟ੍ਰੇਟਰ ਸੀ, ਚਾਰਲਜ਼ ਵਿਲਕਨਜ਼ ਬ੍ਰਿਟਿਸ਼ ਲਾਇਬ੍ਰੇਰੀ ਦਾ ਇਨਚਾਰਜ ਸੀ ਅਤੇ ਜੌਹਨ ਮੈਲਕਮ ਮਿਲਟ੍ਰੀ ਐਡਮਨਿਸਟ੍ਰੇਟਰ ਸੀ। ਲਗਦਾ ਇਉਂ ਹੈ ਕਿ ਇਨ੍ਹਾਂ ਗੋਰਿਆਂ ਨੇ ਨਿਰਮਲਿਆਂ ਨਾਲ ਮਿਲ ਕੇ ‘ਗੁਰੂ ਨਾਨਕ ਕਾਵਿਯ’ ਵਿਚੋਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਜੁਦਾ ਕਰਵਾਕੇ ਇਸ ਵਿਚ ਗੁਰੂ ਜੀ ਦੀ ਬਾਣੀ ਨਾਲ ਮਿਲਦੇ-ਜੁਲਦੇ ਹੋਰ ਸਲੋਕਾਂ ਨੂੰ ਰਲਾਇਆ ਤਾਕਿ ਇਸ ਨੂੰ ਦਸਮ ਗ੍ਰੰਥ ਦਾ ਰੂਪ ਦਿੱਤਾ ਜਕਾ ਸਕੇ। ਕਈ ਇਤਿਹਾਸਕਾਰ, ਜਿਵੇਂ ਕੇਸਰ ਸਿੰਘ ਛਿੱਬੜ (ਬੰਸਾਵਲੀਨਾਮਾ) ਅਤੇ ਭਾਈ ਸੰਤੋਖ ਸਿੰਘ (ਸ੍ਰਿੀ ਗੁਰਪਰਤਾਪ ਸੂਰਜ ਗ੍ਰੰਥ) ਕੁਝ ‘ਖਾਸ ਪੱਤਰਿਆਂ’ ਦਾ ਜਿ਼ਕਰ ਕਰਦੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਵਲੋਂ ਰਚੇ ਢੇਰ ਸਾਰੇ ਸਾਹਿਤ ਦੇ ਸਰਸਾ ਨਦੀ ਵਿਚ ਨਸ਼ਟ ਹੋਣ ਤੋਂ ਬਾਅਦ ਕੁਝ ਸਿੱਖਾਂ ਦੇ ਹੱਥ ਲੱਗੇ ਸਨ। ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ (1880) ਵਿਚ ਲਿਖਿਆ ਹੈ ਕਿ ਸੁੱਖਾ ਸਿੰਘ (ਜੋ ਬਾਅਦ ਵਿਚ ਤੱਖਤ ਪਟਨਾ ਸਾਹਿਬ ਦਾ ਜਥੇਦਾਰ ਬਣਿਆ) ਦਾ ਪੁੱਤ ਚੜ੍ਹਤ ਸਿੰਘ ਇਨ੍ਹਾਂ ਖਾਸ ਪੱਤਰਿਆਂ ਦੇ ਉਤਾਰਿਆਂ ਨੂੰ ਮੁੱਲ ਵੇਚ ਕੇ ਕਮਾਈ ਕਰਦਾ ਸੀ। ਸ਼ਾਇਦ ਇਹ ਉਹੀ ਪੱਤਰੇ ਹੋਣ ਜਿਨ੍ਹਾਂ ਤੇ ਲਿਖੀ ਹੋਈ ਬਾਣੀ ਨੂੰ ਦਸਵੀਂ ਪਾਤਸ਼ਾਹੀ ਦੀ ਕਿਆਸ ਕਰਕੇ ‘ਨਾਨਕ ਪੰਥੀ ਕਾਵਿਯ’ ਵਿਚ ਰਲਾਇਆ ਗਿਆ ਹੋਵੇ। ਇਹ ਵੀ ਲਿਖਿਆ ਮਿਲਦਾ ਹੈ ਕਿ ਸੁੱਖਾ ਸਿੰਘ ਦੀ ਹੱਥ-ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹਥ-ਲਿਖਤ ਨਾਲ ਮਿਲਦੀ ਸੀ। ਹੋ ਸਕਦਾ ਹੈ ਕਿ ਉਸ ਨੇ ਮਿਲਦੇ ‘ਖਾਸ ਪੱਤਰਿਆਂ’ ਦੀ ਲਿਖਤ ਨੂੰ ਵਾਚ ਕੇ ਅਭਿਆਸ ਨਾਲ ਆਪਣੀ ਹੱਥ-ਲਿਖਤ ਨੂੰ ਉਨ੍ਹਾਂ ਤੇ ਲਿਖੇ ਹੋਏ ਅੱਖਰਾਂ ਵਰਗਾ ਬਣਾ ਲਿਆ ਹੋਵੇ ਅਤੇ ਇਹ ਗੁਣ (ਔਗਣ) ਗੁਰੂ ਜੀ ਦੇ ਨਾਂ ਹੇਠ ਮੰਘੜਤ ਬਾਣੀ ਲਿਖਣ ਦੇ ਕੰਮ ਆਇਆ ਹੋਵੇ। ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਹੈ ਕਿ ਚੜ੍ਹਤ ਸਿੰਘ ਨੇ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਵਿਚ ਪਾਏ (ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥)।ਇਹ ਦਲੀਲ਼ ਠੀਕ ਲਗਦੀ ਹੈ ਕਿਉਂਕਿ ਚੜ੍ਹਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਨਾਂ ਹੇਠ ਪੱਤਰਿਆਂ ਦੇ ਉਤਾਰੇ ਵੇਚਦਾ ਸੀ ਅਸਲੀ ਉਸ ਪਾਸ ਰਹਿੰਦੇ ਸਨ। ਜੇ ਉਹ ਪੱਤਰਿਆਂ ਦੇ ਰੂਪ ਵਿਚ ਬਾਣੀ ਵੇਚ ਸਕਦਾ ਸੀ ਤਾਂ ਲਾਲਚ ਵਿਚ ਆਕੇ ਉਸ ਨੇ ਗੁਰੂ ਜੀ ਦੇ ਨਾਂ ਹੇਠਾਂ ਹੋਰ ਬਾਣੀ ਵੀ ਲਿਖੀ ਹੋਵੇਗੀ ਜੋ ‘ਨਾਨਕ ਪੱਥੀ ਕਾਵਿਯ’ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਦਰਜ ਕੀਤੀ ਹੋਵੇਗੀ।
ੳੋਰੋਕਤ ਮਨੌਤਾਂ (Hypotheses) ਮੂਲੋਂ ਮਨਘੜਤ ਅਤੇ ਦਲੀਲ਼ ਰਹਿਤ ਨਹੀਂ ਹਨ ਕਿਉਂਕਿ ਇਨ੍ਹਾਂ ਦੀ ਪਿਠਭੂਮੀ ਵਿਚ ਇਤਿਹਾਸਕ ਗਵਾਹੀ ਵੀ ਮਿਲਦੀ ਹੈ।ਇਸ ਤਰਾਂ ਭਿੰਨ ਭਿੰਨ ਲਿਖਤਾਂ ਦੇ ਜੋੜ ਨਾਲ ਜਦ ‘ਨਾਨਕ ਪੰਥੀ ਕਾਵਿਯ’ ਵੱਡ ਆਕਾਰਾ ਗ੍ਰੰਥ ਬਣ ਗਿਆ ਤਾਂ ਅੰਗ੍ਰੇਜ਼ਾਂ ਨੇ ਇਸ ਨੂੰ ਨਿਰਮਲਿਆਂ ਕੋਲੋਂ ਗਰੁਮੁਖੀ ਵਿਚ ਲਿਪੀਅੰਤਰ ਕਰਵਾਕੇ ਇਸ ਦਾ ਨਾਂ ‘ਗੁਰਮੁਖੀ ਗ੍ਰੰਥ ਦਸਵਾਂ ਪਾਸ਼ਾਹੀ’ ਰੱਖ ਦਿੱਤਾ ਗਿਆ। ਪਟਨੇ ਵਾਲੇ ਨਿਰਮਲਿਆਂ ਵਲੋਂ ਬਣਾਏ ਇਸੇ ਗ੍ਰੰਥ ਨੂੰ ਕੋਲਬਰੁਕ ਨੇ ਪ੍ਰਾਪਤ ਕਰਕੇ ਕਲਕੱਤੇ ਵਿਖੇ ਇਸ ਦੀ ਕਾਪੀ ਬਣਾਈ ਅਤੇ ਬ੍ਰਿਟਿਸ਼ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਜਿਸ ਦਾ ਇਨਚਾਰਜ ਚਾਰਜ਼ ਵਿਲਕਨਜ਼ ਸੀ। ਇਸੇ ਗ੍ਰੰਥ ਨੂੰ ਜੌਹਨ ਮੈਲਕਮ ਨੇ ਆਪਣੀ ਪੁਸਤਕSketch of the Sikhs (1810-1812) ਲਿਖਣ ਲਈ ਵਰਤਿਆ। ਅਤੇ ਇਸੇ ਗ੍ਰੰਥ ਨੂੰ ਨਿਰਮਲਿਆਂ ਦੀ ਸਹਾਇਤਾ ਨਾਲ ਪੰਜਾਬ ਦੇ ਗੁਰਦੁਆਰਿਆਂ ਵਿਚ ਧਰਿਆ ਅਰਥਾਤ, ਠਰਅਨਸਪਲਅਨਟ ਕੀਤਾ ਗਿਆ ਤਾਕਿ ਸਿੱਖ ਧਰਮ ਨੂੰ ਖੋਰਾ ਲਾਇਆ ਜਾ ਸਕੇ।
ਮਹਾਂਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠਾ ਕਰਕੇ 1799 ਈ. ਵਿਚ ਪੰਜਾਬ ਤੇ ਰਾਜ ਸਥਾਪਤ ਕਰ ਲਿਆ। ਫ੍ਰੰਗੀ ਰਾਜਨੀਤੀ ਵਰਤ ਕੇ ਅੰਗ੍ਰੇਜ਼ਾਂ ਨੇ ਸਿੱਖ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਦੀਆਂ ਰਿਆਸਤਾਂ ਨਾਲ 1809 ਈ. ਵਿਚ ਸੰਧੀ ਕਰਕੇ ਸਤਿਲੁਜ ਦੇ ਇਲਾਕੇ ਤੱਕ ਪਹੁੰਚ ਕਾਇਮ ਕਰ ਲਈ। ਉਪਰੋਕਤ ਗ੍ਰੰਥ ਨੂੰ ਸਤਲੁਜ ਦੇ ਚੜ੍ਹਦੇ ਪਾਸੇ ਤੱਕ ਵੰਡ ਕੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਉਣਾ ਸ਼ੁਰੂ ਕਰ ਦਿੱਤਾ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਦਸਮ ਗ੍ਰੰਥ ਦਾ ਘੱਟ ਵਧ ਹੀ ਪਤਾ ਸੀ ਅਤੇ ਨਾ ਹੀ ਇਹ ਗ੍ਰੰਥ ਕਦੇ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕੀਤਾ ਗਿਆ ਸੀ। ਸਨ 1846 ਵਿਚ ਧੋਖੇ ਨਾਲ ੲੈਂਗਲੋ ਸਿੱਖ ਲੜਾਈ ਜਿੱਤਣ ਉਪਰੰਤ ਅੰਗ੍ਰੇਜ਼ਾਂ ਨੇ ਇਸ ਗ੍ਰੰਥ ਨੂੰ ਜਨਵਰੀ 1847 ਵਿਚ ਹਿੰਦੀ ਵਿਚ ਉਲਥਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇਕੋ ਧਰਮ ਮਰਯਾਦਾ ਨਾਲ ਜੋੜਨਾ ਚਾਹਿਆ। ਚੌਵੀਸ਼ ਅਵਤਾਰਾਂ ਦੇ ਨਾਵਾਂ ਦੇ ਅਧਾਰ ਤੇ ਸਿੱਖ ਧਰਮ ਦੇ ੴ ਦੇ ਸੰਕਲਪ ਦੀ ਵਜਾਏ ਅਨੇਕ ਓਂਕਾਰ ਦੀ ਮਿਥ ਈਜਾਦ ਕਰਕੇ ਸਿੱਖਾਂ ਨੂੰ ਹਿੰਦੂਆਂ ਨਾਲ ਰਲਗਡ ਕਰਨਾ ਚਾਹਿਆ।ਅਰਥਾਤ, ਸਿੱਖ ਧਰਮ ਦੇ ਸੂਤਰ ‘ਮੂਲਮੰਤਰ’ ਵਿਚ ਅੰਕਤ ਸਿੱਖਾਂ ਦੇ ਇਕ ਈਸ਼ਰਵਾਦੀ ਸੰਕਲਪ ਨੂੰ ਤੋੜਨ ਦੀ ਕੋਸਿ਼ਸ਼ ਕੀਤੀ। ਇਸ ਪਰਕਾਰ 1849 ਵਿਚ ਹਿੰਦੂ ਅਤੇ ਸਿੱਖਾਂ ਨੂੰ ਕੰਟਰੋਲ ਵਿਚ ਕਰਕੇ ‘ਸਿੱਖ’ ਅਤੇ ‘ਹਿੰਦੂ’ ਦੇ ਭੇਦ ਨੂੰ ਮਟਾਉਣਾ ਚਾਹਿਆ। ਮਹਾਂਰਾਜਾ ਦਲੀਪ ਸਿੰਘ ਨੂੰ ਤਾਂ ਚੱਕ ਕੇ ਇੰਗਲੇਂਡ ਲੈ ਗਏ ਤਾਕਿ ਪੰਜਾਬ ਚੋਂ ਸਿੱਖ ਰਾਜ ਦਾ ਨਾਮੋਨਿਸ਼ਾਨ ਹੀ ਮਿਟ ਜਾਵੇ। ਇਤਿਹਾਸ ਵਿਚ ਇਹ ਪਹਿਲੀ ਦੁਰਘਟਨਾ ਹੈ ਜਿੱਥੇ ਕਿਸੇ ਮੁਲਕ ਦੇ ਹੁਕਮਰਾਨ ਨੂੰ ਧੱਕੇ ਨਾਲ ਚੁੱਕ ਕੇ ਦੇਸ਼ ਨਿਕਾਲਾ ਦਿੱਤਾ ਗਿਆ ਹੋਵੇ ਅਤੇ ਧਰਮ ਬਦਲਣ ਲਈ ਮਜ਼ਬੂਰ ਕੀਤਾ ਗਿਆ ਹੋਵੇ।
ਕੋਲਬਰੁਕ ਬੀੜ ਦੀ ਲਿਖਣ ਤਾਰੀਖ:
ਕੋਲਬਰੁਕ ਵਾਲੀ ਬੀੜ ਦੇ ਅੰਦਰ ਕਿਤੇ ਵੀ ਲਿਖਣ ਦੀ ਕੋਈ ਪ੍ਰਮਾਣਿਕ ਤਵਾਰੀਖ ਦਰਜ ਨਹੀਂ ਅਤੇ ਨਾ ਹੀ ਇਸ ਤੇ ਕਿਸੇ ਲੇਖਕ/ਕਾਤਿਬ ਦਾ ਨਾਂ ਹੈ। ਪਰ ਕੁਝ ਹੇਠਲੇ ਤੱਤ ਇਸ ਦੀ ਲਿਕਣ ਤਾਰੀਖ ਬਾਰੇ ਚਾਨਣਾ ਪਾਉਂਦੇ ਹਨ:
1। ਬੀੜ ਦੇ 158 ਅਤੇ 159 ਵਰਕਿਆਂ ਦੇ ਵਿਚਕਾਰ 3 ਯ 2 ਇੰਚ ਲੰਬੀ ਕਾਤਰ ਰੱਖੀ ਹੋਈ ਜਿਸ ਦੇ ਇਕ ਪਾਸੇ ਤੇ 1840 ਮਿਤੀ ਪੂਸ਼ਬਦੀ (ਪੋਹ), 15 ਮੰਗਲਵਾਰ (ਦਸੰਬਰ 23, 1783 ਈ.) ਲਿਖਿਆ ਹੈ। ਅੰਦਰਲੀ ਗਵਾਹੀ ਤੋਂ ਵੀ ਪਤਾ ਲਗਦਾ ਹੈ ਕਿ ਇਹ ਦਸੰਬਰ 23, 1783 ਨੂੰ ਲਿਖਿਆ ਗਿਆ।
2। ਸੰਨ 1976 ਵਿਚ ਡਾ. ਸ਼ੈਕਲ ਵਲੋਂ ਲਿਖੀ ਗਈ ਪੁਸਤਕ, ‘Catalogue of the Punjabi and Sindhi Manuscripts in the India Office Library’ਵਿਚ ਲਿਖਿਆ ਹੈ ਕਿ ਇਸ ਗ੍ਰੰਥ ਦੀ ਸ਼ੈਲੀ ਤੋਂ ਇਹ 18ਵੀਂ ਸਦੀ ਦੀ ਕਿਰਤ ਜਾਪਦੀ ਹੈ।
3। ਸੰਨ 1781 ਈ. ਵਿਚ ਚਾਰਲਜ਼ ਵਿਲਕਿਨ (Charles Wilkin) ਨੇ ਪਟਨੇ ਵਿਖੇ ‘ਨਾਕਕ ਪੰਥੀ ਕਾਵਯ’ ਗ੍ਰੰਥ ਬਾਰੇ ਸੁਣਿਆ ਸੀ, ਜੋ ਹਿੰਦਵੀ ਅਤੇ ਸੰਸਕ੍ਰਿਤ ਵਿਚ ਲਿਖਿਆ ਹੋਇਆ ਸੀ ਅਤੇ ਉਸੇ ਨੂੰ ਭਵਿਖ ਵਿਚ ਅਨੁਵਾਦ ਕਰਾਉਣ ਬਾਰੇ ਵੀ ਲਿਖਿਆ ਹੈ। ਇਸ ਗ੍ਰੰਥ ਨੂੰ ਬਾਅਦ ਵਿਚ ‘ਦਸਵਾਂ ਪਾਤਸ਼ਾਹ ਕਾ ਗ੍ਰੰਥ’ ਵਿਚ ਤਬਦੀਲ ਕਤਿਾ ਗਿਆ।
4। ਰਣਧੀਰ ਸਿੰਘ ਆਪਣੀ ਪੁਸਤਕ, ‘ਸ਼ਬਦ ਮੂਰਤ--ਦਸਵੇਂ ਪਾਤਸ਼ਾਹ ਦਾ ਇਤਿਹਾਸ’ (1965), ਦੇ 52 ਪੰਨੇ ਤੇ ਇਕ ਛਪੇ ਹੋਏ ਗ੍ਰੰਥ ਨੂੰ ਵਾਚ ਕੇ ਲਿਖਦਾ ਹੈ ਕਿ ਇਹ 1783 ਈ. ਵਿਚ ਲਿਖਿਆ ਜਾਪਦਾ ਹੈ। ਇਹ ਗ੍ਰੰਥ ਉਸ ਨੇ ਕਲਕੱਤਾ ਵਿਖੇ ਗੁਰਦੁਆਰਾ ‘ਛੋਟਾ ਸੰਗਤ, ਤੂਲਾ ਪੱਟੀ’ ਵਿਚ ਦੇਖਿਆ ਸੀ। ਉਸ ਅਨੁਸਾਰ ਕਲਕੱਤੇ ਵਾਲੀ ਇਹ ਬੀੜ, ਗਿਆਨੀ ਗਿਆਨ ਸਿੰਘ ਜੀ ਵਲੋਂ ਵਿਚਾਰੀਆਂ ਗਈਆਂ ਚਾਰ ਬੀੜਾਂ ਵਿਚੋਂ ਕਿਸੇ ਨਾਲ ਨਹੀਂ ਮਿਲਦੀ ਅਤੇ ਨਾ ਹੀ ਇਹ ਮਨੀ ਸਿੰਘ ਬੀੜ ਅਤੇ ਪਟਨਾ ਸਾਹਿਬ ਵਾਲੀ ਬੀੜ ਨਾਲ ਮਿਲਦੀ ਹੈ। ਪਰ ਇਹ 1900 ਵਿਚ ਸੋਧਕ ਕਮੇਟੀ ਵਲੋਂ ਛਾਪੇ ਦਸਮ ਗ੍ਰੰਥ ਨਾਲ ਮਿਲਦੀ ਹੈ।
ਉਰੋਕਤ ਵਿਸ਼ਸ਼ਲੇਸ਼ਣ ਤੋਂ ਇਹੋ ਨਤੀਜਾ ਨਿਕਲਦਾ ਹੈ ਕਿ ਕਲਕੱਤੇ ਵਾਲੇ ਗ੍ਰੰਥ ਦੀ ਲਿਖਣ ਤਾਰੀਖ 1783 ਈ. ਹੈ ਜੋ ਕੋਲਬਰੁਕ ਬੀੜ ਦੀ ਤਾਰੀਖ 1783 ਨਾਲ ਮਿਲਦੀ ਹੈ। ਦੋਹਾਂ ਦੀ ਸਮਗਰੀ ਬਿਲਕੁਲ ਇਕ ਹੈ ਜੋ ਸੋਧਕ ਕਮੇਟੀ ਦੇ ਗ੍ਰੰਥ ਨਾਲ ਵੀ ਮੇਚਵੀਂ ਹੈ।ਇਸ ਦਾ ਸਾਰੰਸ ਇਹ ਹੈ ਕਿ ਕੋਲਬਰੁਕ ਨੇ ਕਲਕਤੇ ਵਾਲੇ ਗ੍ਰੰਥ ਦੀ ਕਾਪੀ ਕਰਕੇ ਬ੍ਰਿਟਸ਼ ਲਾਇਬਰੇਰੀ ਨੂੰ ਦਾਨ ਕਰ ਦਿੱਤੀ ਅਤੇ ਇਕ ਕਾਤਰ ਤੇ ਲਿਖਣ ਤਾਰੀਖ 1783 ਦਰਜ ਕਰਕੇ ਬੀੜ ਵਿਚ ਰੱਖ ਦਿੱਤੀ।
ਕਲਕੱਤੇ ਵਿਖੇ ‘ਗੁਰਦੁਆਰਾ ਛੋਟਾ ਸੰਗਤ’ ਸੱਭ ਤੋਂ ਪੁਰਾਣਾ ਹੈ ਜੋ ਹਮੇਸ਼ਾ ਪਟਨਾ ਸਾਹਬ ਗੁਰਦੁਆਰੇ ਦੇ ਨਿਰਮਲਿਆਂ ਦੇ ਅਧਿਕਾਰ ਵਿਚ ਰਿਹਾ। ਇਹ ਗੁਰਦੁਆਰਾ, ਤਖਤ ਹਰਮੰਦਰ ਸਾਹਿਬ, ਪਟਨਾ, ਦੀ ਮਲਕੀਅਤ ਸੀ ਅਤੇ ਪਟਨਾ ਉਸ ਵੇਲੇ ਬੰਗਾਲ ਪ੍ਰਾਂਤ ਦਾ ਹਿੱਸਾ ਸੀ (see Sikhs in Bihar by Ved Parkash) । ਲਗਦਾ ਹੈ ਕਿ ਨਿਰਮਲਾ ਆਤਮਾ ਰਾਮ ਕਲਕੱਤੇ ਦੇ ਇਸ ਗੁਰਦੁਆਰੇ ਦਾ ਗ੍ਰੰਥੀ ਸੀ ਜਿਸ ਤੋਂ ਕੋਲਬਰੁਕ ਨੇ ਇਸ ਗ੍ਰੰਥ ਦੀ ਕਾਪੀ ਪ੍ਰਾਪਤ ਕੀਤੀ। ਸਰਵਰਕ ਤੇ ਨਿਰਮਲਿਆਂ ਵਲੋਂ ਲਿਖੇ “ਨਾਨਕ ਪੰਥੀ ਕਾਵਿਯ” ਦੇ ਉੱਤੇ ਲੀਕ ਵਾਹ ਕੇ “ਗੁਰਮੁਖੀ ਗ੍ਰੰਥ ਦਸਵੀ ਪਾਤਸ਼ਾਹੀ” ਲਿਖ ਦਿੱਤਾ।ਇਸ ਵਿਚ ਰੱਖੀ 3 x 2 ਇੰਚ ਕਾਤਰ ਤੇ ਲਿਖੇ ਹੋਏ ਸ਼ਬਦ ‘ਪੂਸ਼ਬਦੀ’ ਤੋਂ ਵੀ ਜ਼ਾਹਿਰ ਹੈ ਕਿ ਇਸ ਬੀੜ ਦਾ ਰਚੇਤਾ ਪੰਜਾਬੋਂ ਬਾਹਰਲਾ ਕੋਈ ਨਿਰਮਲਾ ਹੈ ਜਿਸ ਦਾ ਨਾਂ ਆਤਮਾ ਰਾਮ ਸੀ। ਆਤਮਾ ਰਾਮ ਨੇ ਅਕਾਲ ਉਸਤਤਿ ਵਿਚ ਛੰਦ 201 ਅਤੇ ਚਾਰ ਛੰਗ (126-130) ਗਿਆਨ ਪ੍ਰਬੋਧ ਵਿਚ ਆਪਣੇ ਵਲੋਂ ਲਿਖ ਕੇ ਅੰਕਿਤ ਕੀਤੇ ਜਾਪਦੇ ਹਨ। ਇਨ੍ਹਾਂ ਛੰਦਾਂ ਦਾ ਵੇਰਵਾ ਇਸ ਪਰਕਾਰ ਹੈ।
ਮਹਾ ਸੁਰ ਪਾਇਓ ਨਹਿ ਪਾਰ॥20॥200॥ਤਵਪ੍ਰਸਾਦਿ॥ ਦੋਹਰਾ॥
ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉ ਬੈਨ॥
ਸੁ ਪਰਤਾਪ ਜਗਦੀਸ ਕੋ ਕਹੋ ਸਕਲ ਬਿਧ ਤੈਨ॥1॥202॥ਦੋਹਰਾ॥
ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟ ਕੋ ਬਿਚਾਰ॥
ਕਉਨ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ॥2॥202॥ ਦੋਹਰਾ॥
ਗਿਆਨ ਪਰਬੋਧ ਦੇ ਛੰਦ ਵਿਚ ਵੀ ਆਤਮਾ ਰਾਮ ਦਾ ਨਾਂ ਆਉਂਦਾ ਹੈ:
ਪਾਧਛੀ ਛੰਦ ਤਵਪ੍ਰਸਾਦਿ॥ਦਿਨ ਅਜਬ ਏਕ ਆਤਮਾ ਰਾਮ॥
ਕੋਲਬਰੁਕ ਨੇ ਪਟਨੇ ਦੇ ਗਰੰਥੀ ਸੁਖਾ ਸਿੰਘ ਦੀ ਮੱਦਦ ਨਾਲ ਇਸ ਗ੍ਰੰਥ ਨੂੰ ਮੁਕੰਲ ਕੀਤਾ।
ਕੋਲਬਰੁਕ ਬੀੜ ਅਤੇ ਦਸਮ ਗ੍ਰੰਥ ਵਿਚ ਕੁਝ ਛੰਦਾਂ ਦੀ ਗਿਣਤੀ ਵਿਚ ਫਰਕ ਹੈ ਪਰ ਬਹੁਤਾ ਨਹੀਂ। ਉਦਾਹਰਨ ਦੇ ਤੌਰ ਤੇ ਕੁਝ ਬਾਣੀਆਂ ਦਾ ਅੰਤਰ ਹੇਠ ਦਿੱਤਾ ਜਾਂਦਾ ਹੈ।
ਜੌਹਨ ਮੈਲਕਮ ਨੇ (Sketch of the Sikhs,1810) ਇਹ ਵੀ ਕਿਹਾ ਹੈ ਕਿ ਆਪਣੀ ਪੁਸਤਕ ਲਿਖਣ ਲਈ ਉਸ ਨੇ ਡਾ. ਲ਼ੇਡਨ ਦਾ ਅਨੁਵਾਦ ਕੀਤਾ ਹੋਇਆ ‘ਬਚਿੱਤਰ ਨਾਟਕ’ ਗ੍ਰੰਥ ਵਰਤਿਆ। ਪਰ ਲੇਡਨ ਨੇ ਕੇਵਲ ਬਚਿੱਤਰ ਨਾਟਕ ਦੇ 14 ਬੰਦਾਂ ਦਾ ਅਨੁਵਾਦ ਕੀਤਾ ਸੀ ਜਿਸ ਦਾ ਖਰੜਾ, MSS IOR EUR Mckanzie volume 40, ਦੇ ਨਾਂ ਹੇਠ ਬ੍ਰਿਟਸ਼ ਲਾਇਬ੍ਰੇਰੀ ਵਿਚ ਸਾਂਭਿਆ ਹੋਇਆ ਹੈ। ਇਸ ਦੇ ਮੁਖ ਪੰਨੇ ਤੇ ਲਿਖਿਆ ਹੋਇਆ ਹੈ:
Sri Bichetra-Natuk by Guru Govind Sing Translated from a Sikh MS by Dr. Leyden.
ਇਸ ਖਰੜੇ ਵਿਚ ਕਿਤੇ ਵੀ ਦਸਮ ਗ੍ਰੰਥ ਦਾ ਨਾਂ ਨਹੀਂ ਹੈ। ਇਸ ਦੀ ਅੰਦਰਲੀ ਗਵਾਹੀ ਤੋਂ ਪਤਾ ਲਗਦਾ ਹੈ ਕਿ: ਇਸ ਵਿਚ ਕਈ ਗ਼ਲਤ ਬਿਆਂਨੀਆਂ ਹਨ ਜਿਵੇਂ,
• ਗੁਰੂ ਗੋਬਿੰਦ ਸਿੰਘ ਵਾਲਾ ਕਾਂਡ, ਜੋ ਪੰਜਾਬੀ ਦੀ ਉਪ-ਬੋਲੀ ਡੋਗਰੀ ਵਿਚ ਹੈ, ਅਵਤਾਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਗੁਰੂ ਸਾਹਿਬ ਦੀਆਂ ਪਹਾੜੀ ਰਾਜਿਆਂ ਅਤੇ ਖਾਨਾਂ ਨਾਲ ਹੋਈਆਂ ਲੜਾਈਆਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਗੁਰੂ ਸਾਹਿਬ ਦੇ ਮੂੰਹ ਲਕੋ ਕੇ ਅੱਧੀ ਰਾਤ ਨੂੰ ਚਮਕੌਰ ਦੀ ਗੜ੍ਹੀ ਵਿਚੋਂ ਕੂਚ ਕਰਨ ਨਾਲ ਅੰਤ ਹੁੰਦਾ ਹੈ।
• ਭਗਤ ਰਤਨਾਵਲੀ ਵਾਲੇ ਭਾਗ ਵਿਚ ਜੋ ਨਾਰਦਮੁਨੀ, ਪ੍ਰਹਲਾਦ, ਰਾਜਾ ਜਨਕ, ਰਾਜਾ ਹਰੀਸ਼ ਚੰਦਰ, ਦ੍ਰੋਪਤੀ, ਪਾਂਡਵ, ਜੈਦੇਵ, ਨਾਮਦੇਵ, ਤ੍ਰਲੌਚਨ, ਧੰਨਾ ਜੱਟ, ਕੁਵੇਰ, ਇੰਦ੍ਰਾ, ਬਾਲਮੀਕ, ਗੋਬਿੰਦ ਰਾਏ, ਕ੍ਰਿਸ਼ਨਾ ਬਾਰੇ ਲਿਖਿਆ ਹੈ ਉਹ ਭਾਈ ਗੁਰਦਾਸ (ਜੋ ਆਦਿ ਗੁਰੁ ਗ੍ਰੰਥ ਸਾਹਿਬ ਦਾ ਕਾਤਿਬ ਸੀ) ਦੀ ਦਸਵੀਂ ਵਾਰ ਦਾ ਉਲਥਾ ਹੈ।
• ਗਿਆਨ ਰਤਨਾਵਲੀ ਭਾਈ ਗੁਦਾਸ ਦੀ ਪਹਿਲੀ ਵਾਰ ਦਾ ਉਲਥਾ ਹੈ।
4। ਕਥਤ ਦਸਮ ਗ੍ਰੰਥ ਦੇ ਨਾਂ ਦਾ ਪਹਿਲੀ ਵਾਰੀ ਵਰਨਣ:
ਦਸਮ ਗ੍ਰੰਥ ਦੀ ਗਾਥਾ ਜੌਹਨ ਮੈਲਕਮ ਦੀ ਪੁਸਤਕ, ‘Sketch of the Sikhs’’ ਦੇ ਛਪਣ ਨਾਲ ਸ਼ੁਰੂ ਹੋਈ ਜਿਸ ਵਿਚ ਪਹਿਲੀ ਵਾਰੀ ਨਾਂ ‘ਦਸਵਾਂ ਪਾਦਸ਼ਾਹ ਕਾ ਗ੍ਰੰਥ’ (Dasima Padshah ka Granth) ਆਇਆ। ਇਸ ਦਾ ਅਧਾਰ ਕੋਲਬਰੁਕ ਵਾਲੀ ਬੀੜ ਸੀ ਜੋ 1783 ਈ. ਵਿਚ ਮੁਕੱਮਲ ਕੀਤੀ ਗਈ। ਕੋਲਬਰੁਕ ਵਾਲੀ ਬੀੜ ਦੇ ਸਰਵਰਕ ਤੇ ਹਿੰਦੀ ਵਿਚ ਦੋ ਨਾਂ ਲਿਖੇ ਹੋਏ ਹਨ: ਪਹਿਲਾ ਨਾਂ ਸੀ ‘ਨਾਨਕ ਪੰਥੀ ਕਾਵਿਯ’ ਅਤੇ ਇਸ ਦੇ ਉੱਤੇ ਲੀਕ ਵਾਹਕੇ ਹਿੰਦੀ ਵਿਚ “ਗੁਰਮੁਖੀ ਗ੍ਰੰਥ ਦਸਵੀ ਪਾਤਸਾਹੀ” ਲਿਖਿਆ ਹੋਇਆ ਹੈ। ਦੋਹਾਂ ਨਾਵਾਂ ਦਾ ਲਿਖਣ ਢੰਗ, ਸ਼ੈਲੀ ਅਤੇ ਸਿਹਾਈ ਵਿਚ ਫਰਕ ਹੈ। ਹਿੰਦੀ ਵਿਚ ਲਿਖਣ ਤੋਂ ਭਾਸਦਾ ਹੈ ਕਿ ਇਹ ਗ੍ਰੰਥ ਪਹਿਲਾਂ ਹਿੰਦੀ ਵਿਚ ਸੀ ਅਤੇ ਬਾਅਦ ਵਿਚ ਇਸ ਨੂੰ ਗੁਰਮੁਖੀ ਲਿਪੀ ਵਿਚ ਲਿਪੀਅੰਤਰ ਕੀਤਾ ਗਿਆ।ਇਸ ਦਾ ਮਤਲਬ ਇਹ ਹੋਇਆ ਕਿ ਅਠਾਰਵੀਂ ਸਦੀ ਦੇ ਆਖੀਰ ਤੱਕ ਕਿਸੇ ਦਸਮ ਗ੍ਰੰਥ ਦੀ ਕੋਈ ਉੱਘ-ਸੁੱਘ ਨਹੀਂ ਸੀ। ਅੰਗ੍ਰੇਜ਼ਾਂ ਨੇ ਸੋਚੀ ਸਮਝੀ ਚਾਲ ਹੇਠ ਇਹ ਗ੍ਰੰਥ ਪੈਦਾ ਕਰ ਲਿਆ ਤਾਕਿ ਮਹਾਂਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿਚ ਸਿੱਖਾਂ ਦੇ ਮਨਾਂ ਵਿਚ ਦੁਬਿਧਾ ਅਤੇ ਭਰਮ ਭੁਲੇਖੇ ਪਾਕੇ ਫੁੱਟ ਪਾਈ ਜਾ ਸਕੇ। ਉਨ੍ਹਾਂ ਦਾ ਮੂਲ ਮੁੱਦਾ ਸਿੱਖ ਰਾਜ ਨੂੰ ਖੋਰਾ ਲਾਕੇ ਪੰਜਾਬ ਨੂੰ ਫਤਹਿ ਕਰਨਾ ਸੀ ਜਿਸ ਵਿਚ ਉਹ ਅੰਤ ਨੂੰ ਕਾਮਯਾਬ ਹੋ ਗਏ।
ਕੋਲਬਰੋਕ ਵਾਲੀ ਬੀੜ ਦੇ ਸੰਕਲਨ ਸਮੇਂ ਅਨੇਕ ਹੋਰ ਬੀੜਾਂ ਵੀ ਮਿਲਦੀਆਂ ਸਨ ਜਿਵੇਂ, (1) ਭਾਈ ਮਨੀ ਸਿੰਘ ਵਾਲੀ ਬੀੜ (2), ਪਟਨੇ ਵਾਲੀ ਬੀੜ, (3) ਸੰਗਰੂਰ ਵਾਲੀ ਬੀੜ, (4) ਮੋਤੀ ਬਾਗ ਵਾਲੀ ਬੀੜ: (5) ਬਾਬਾ ਦੀਪ ਸਿੰਘ ਬੀੜ, (6) ਆਨੰਦਪੁਰੀ (ਹਜ਼ੂਰੀ) ਬੀੜ, (7) ਪਟਨਾ ਜੀ ਮਿਸਲ ਬੀੜ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਬੀੜਾਂ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਵਾਲੇ ਇਲਾਕਿਆਂ ਵਿਚ ਮਿਲਦੀਆਂ ਹਨ। ਕਾਰਨ ਇਸ ਦਾ ਇਹ ਹੈ ਕਿ ਸਤਲੁਜ ਦੇ ਲਹਿੰਦੇ ਪਾਸੇ ਦੇ ਇਲਾਕਿਆਂ ਵਿਚ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਚੜ੍ਹਦੇ ਪਾਸੇ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਗੋਰਿਆਂ ਨਾਲ ਸੰਧੀ ਕਰ ਚੁਕੇ ਸਨ।ਪਰ ਗੋਰਿਆਂ ਦੀ ਅੱਖ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੇ ਸੀ।ਇਸ ਲਈ ਉਨ੍ਹਾਂ ਨੇ ਕਥਤ ਦਸਮ ਗ੍ਰੰਥ ਦੀਆਂ ਬੀੜਾਂ ਪਹਿਲਾਂ ਮਹਾਂਰਾਜਿਆਂ ਦੇ ਇਲਾਕੇ ਵਿਚ ਵੰਡੀਆਂ ਤਾਕਿ ਸਿੱਖਾਂ ਵਿਚ ਵਾਦ ਵਿਵਾਦ ਪੈਦਾ ਕਰਕੇ ਹੌਲੀ ਹੌਲੀ ਸਿੱਖ ਰਾਜ ਨੂੰ ਖੋਰਾ ਲਾਇਆ ਜਾ ਸਕੇ। ਇਸ ਲਈ ਸਤਲੁਜ ਦੇ ਚੜ੍ਹਦੇ ਪਾਸੇ ਵਲ ਅਨੇਕਾਂ ਬੀੜਾਂ ਦੇ ਖਰੜੇ ਮਿਲਦੇ ਹਨ ਪਰ ਦੁਆਬਾ ਅਤੇ ਮਾਲਬੇ ਦੇ ਇਲਾਕਿਆਂ ਵਿਚ ਇਨ੍ਹਾਂ ਦੀ ਘਾਟ ਹੈ।
(ਸ) ਦਸਮ ਗ੍ਰੰਥ ਅਤੇ ਹੋਰ ਬੀੜਾਂ ਵਿਚ ਬਾਣੀਆਂ ਦੀ ਭਿੰਨਤਾ:
ਕੋਲਬਰੁਕ ਵਾਲੀ ਬੀੜ ਤੋਂ ਸਿਵਾਏ ਲੰਡਨ ਲਾਇਬ੍ਰੇਰੀ ਵਿਚ ਕੁਝ ਹੋਰ ਬੀੜਾਂ ਵੀ ਹਨ ਜਿਨ੍ਹਾਂ ਦਾ ਅੰਗ੍ਰੇਜ਼ਾਂ ਵਲੋਂ ਸਿੱਖ ਇਤਿਹਾਸ ਨਾਲ ਰਾਬਤਾ ਦਿਖਾਇਆ ਗਿਆ ਹੈ। ਡਾ. ਜਸਬੀਰ ਸਿੰਘ ਮਾਨ ਨੇ ਇਨ੍ਹਾਂ ਬੀੜਾਂ ਨੂੰ ਵਾਚਿਆਂ ਵੀ ਹੈ ਅਤੇ ਇਨ੍ਹਾਂ ਦੀਆਂ ਕਾਪੀਆਂ ਕਰਕੇ ਸਿੱਖ ਜਗਤ ਦੀ ਪਰਖ ਪੜਚੋਲ ਲਈ ਮੁਹੱਯਾ ਵੀ ਕੀਤਾ ਹੈ। ਇਨ੍ਹਾਂ ਬੀੜਾਂ ਦੇ ਨਾਂ ਇਸ ਪਰਕਾਰ ਹਨ:
1. ਖਰੜਾ ਨੰ. ਡੀ-6 ਦੇਵਨਾਗਰੀ (PunjabI?)(Mss D-6 Devnagri):
2. ਖਰੜਾ ਨੰ. ਏਡੀਡੀ-214452 (Mss ADD 214452):
3. ਖਰੜਾ ਨੰ. ਪੰਜਾਬੀ ਈ-1 (Mss Punjabi E1):
ਉਪਰੋਕਤ ਬੀੜਾਂ ਵਿਚ ਬਾਣੀਆਂ ਦੀ ਸਮੱਗਰੀ ਅਤੇ ਉਨ੍ਹਾਂ ਦੀ ਤਰਤੀਬ ਵਿਚ ਭਿੰਨਤਾ ਹੈ। ਬੀੜਾਂ ਦੇ ਪਾਠਗਤ ਵਿਸ਼ਲੇਸ਼ਣ (ਠੲਣੁਅਲ ਅਨਅਲੇਸਸਿ) ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਿਚ ਛੰਦਾਂ ਦੀ ਤਾਸੀਰ, ਤਰਤੀਬ ਅਤੇ ਕੁਲ ਜੋੜ ਵਿਚ ਕਾਫੀ ਵਖਰਾਉ ਹੈ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਕਥਤ ਦਸਮ ਗ੍ਰੰਥ ਦੀ ਕੋਈ ਟਕਸਾਲੀ ਅਤੇ ਪਰਮਾਣਤ ਬੀੜ ਨਹੀਂ ਮਿਲਦੀ ਜਿਸ ਨੂੰ ਯਕੀਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਿਆਂ ਜਾ ਸਕੇ। ਇਨ੍ਹਾਂ ਬੀੜਾਂ ਦੀ ਅਕਾਦਮਿਲ ਅਤੇ ਵਿਹਾਰਕ ਖੋਜ ਤੋਂ ਦਸਮ ਗ੍ਰੰਥ ਦੇ ਨਿਕਾਸ ਅਤੇ ਵਿਕਾਸ ਬਾਰੇ ਕੋਈ ਨਿਸਚਿੱਤ ਨਿਰਣਾ ਨਹੀਂ ਲਿਆ ਜਾ ਸਕਦਾ, ਕੇਵਲ ਭਿੰਨ ਭਿੰਨ ਗ੍ਰੰਥਾਂ ਦੇ ਸਮੇਂ ਸਮੇਂ ਸਿਰ ਨਿਰੰਤਰ ਵਿਕਾਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪ੍ਰਮਾਣ ਵਜੋਂ ਡਾ. ਰਤਨ ਸਿੰਘ ਜੱਗੀ (ਦਸਮ ਗ੍ਰੰਥ ਦਾ ਕਰਤ੍ਰਿਤਵ, 1966) ਵਲੋਂ ਚਾਰ ਮਸ਼ਹੂਰ ਬੀੜਾਂ ਦਾ ਤੁਲਨਾਤਮਿਕ ਵੇਰਵਾ ਉਨ੍ਹਾਂ ਦੇ ਤਤਕਰਿਆਂ ਦੇ ਅਧਾਰ ਤੇ ਪਰਖਿਆ ਜਾ ਸਕਦਾ ਹੈ।ਇਨ੍ਹਾਂ ਵਿਚ ਭਾਈ ਮਨੀ ਸਿੰਘ ਵਾਲੀ ਬੀੜ, ਪਟਨੇ ਵਾਲੀ ਬੀੜ, ਮੋਤੀ ਬਾਗ ਵਾਲੀ ਬੀੜ, ਬਾਬਾ ਦੀਪ ਸਿੰਘ ਬੀੜ ਸ਼ਾਮਿਲ ਹਨ। ਇਨ੍ਹਾਂ ਤੋਂ ਵਗੈਰ ਆਨੰਦਪੁਰੀ ਬੀੜ ਅਤੇ ਪਟਨਾ ਜੀ ਮਿਸਲ ਬੀੜ ਵੀ ਮਿਲਦੀਆਂ ਹਨ।ਪਰ ਇਨ੍ਹਾਂ ਬੀੜਾਂ ਦੀ ਸਮਗਰੀ ਇਕ ਦੂਜੇ ਨਾਲ ਨਹੀਂ ਮਿਲਦੀ ਜਿਸ ਦਾ ਸਿੱਧਾ ਜਿਹਾ ਅਰਥ ਇਹ ਨਿਕਲਦਾ ਹੈ ਕਿ ਕੋਈ ਵੀ ਪ੍ਰਮਾਣਕ ਬੀੜ ਨਹੀਂ ਮਿਕਲਦੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਜਾ ਸਕੇ।
(ਹ) ਸੋਧਕ ਕਮੇਟੀ ਦਾ ਦਸਮ ਗ੍ਰੰਥ:
ਫ੍ਰੰਗੀ ਰਾਜ ਵੇਲੇ ਸਿੱਖਾਂ ਦੇ ਗੁਰਦੁਆਰਿਆਂ ਤੇ ਅੰਗ੍ਰੇਜ਼ਾਂ ਨੇ ਮਹੰਤ ਬਠਾ ਰੱਖੇ ਸਨ ਇਸ ਲਈ ਇਨ੍ਹਾਂ ਦੇ ਕੰਟਰੋਕ ਹੇਠਾਂ ਸੋਧਕ ਕਮੇਟੀ ਨੇ ਚਰਚਤ ਦਸਮ ਗ੍ਰੰਥ ਦਾ ਸੰਪਾਦਨ 1895-96 ਵਿਚ ਆਰੰਭਿਆ, 1897 ਈ. ਵਿਚ ਮੁਕੰਮਲ ਕੀਤਾ ਅਤੇ 1900 ਈਂ ਵਿਚ ਪਹਿਲੀ ਵਾਰੀ ਸੰਪੂਰਨ ਗ੍ਰੰਥ ਛਾਪਿਆ ਗਿਆ। ਪਰ ਇਸ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਵੀ ਨਾਲ ਹੀ ਸ਼ੁਰੂ ਹੋ ਗਿਆ। ਸੰਨ 1895 ਵਿਚ ਹੀ ਗਿਆਨੀ ਸਰਦੂਲ਼ ਸਿੰਘ, ਜੋ ਸੋਧਕ ਕਮੇਟੀ ਦੇ ਮੈਂਬਰ ਸਨ, ਨੇ ਇਕ ਇਸ਼ਤਿਹਾਰ ਵਿਚ ਲਿਖਿਆ ਕਿ ਦਸਮ ਗ੍ਰੰਥ ਸਾਹਬ ਦਾ ਅਸਲੀ ਅਸਵਾਰਾ ਜੀ ਨਾ ਹੋਣ ਕਰਕੇ ਛਾਪੇ ਵਾਲਿਆਂ ਨੇ ਇਸ ਧਰਮ ਪੁਸਤਕ ਨੂੰ ਅਸ਼ੁਧ ਛਾਪਿਆ ਹੈ ਇਸ ਕਰਕੇ ਅਸੀਂ ਇਕ ਕਮੇਟੀ ਬਣਾਈ ਹੈ ਜੋ ਇਸ ਅਸਵਾਰੇ ਨੂੰ ਸੋਧੇਗੀ ਜਿਸ ਲਈ 20 ਅਸਵਾਰੇ ਇਕੱਠੇ ਕੀਤੇ ਜਾਣਗੇ। ਇਸ਼ਤਿਹਾਰ ਪੜ੍ਹ ਕੇ ਇਕ ਗੁਪਤ ਸ਼ਰਧਾਲੂ ਨੇ ਤਿਆਰ ਕੀਤੇ ਜਾ ਰਹੇ ਦਸਮ ਗ੍ਰੰਥ ਵਿਚ ਅਨੇਕ ਗ਼ਲਤੀਆਂ ਕੱਢ ਕੇ “ਖਾਲਸਾ ਅਖ਼ਬਾਰ ਲਾਹੌਰ” ਦੇ ਅਕਤੂਬਰ 5 ਅਤਾ 11, 1895 ਦੇ ਨੰਬਰਾਂ ਵਿਚ ‘ਸ਼ੁੱਧੀ ਹੈ ਕਿ ਅਸ਼ੁੱਧੀ ਹੈ’ ਨਾਮੀਂ ਸਿਰਲੇਖ ਹੇਠਾਂ ਛਾਪ ਦਿੱਤੀਆਂ। ਇਨ੍ਹਾਂ ਗਲਤੀਆਂ ਵਿਚ ਲਗਾਂ ਮਾਤਰਾਂ ਦੀਆਂ ਗ਼ਲਤੀਆਂ ਦੇ ਨਾਲ ਨਾਲ ਬਾਣੀ ਵਿਚ ਆਏ ਕਵਿਤਾ ਦੇ ਛੰਦਾਂ ਵਿਚ ਵੀ ਗ਼ਲਤੀਆਂ ਕੱਢੀਆਂ। ਇਨ੍ਹਾਂ ਗ਼ਲਤੀਆਂ ਬਾਰੇ ਸਰਦੂਲ ਸਿੰਘ ਗਿਯਾਨੀ ਨੇ ਇਸੇ ਅਖ਼ਬਾਰ ਦੇ ਅਕਤੂਬਰ 25, 1895 ਦੇ ਅੰਕ ਵਿਚ ‘ਦਸਮ ਗ੍ਰੰਥ ਸਾਹਿਬ ਜੀ ਦੀ ਸ਼ੁੱਧੀ’ ਨਾਮੀਂ ਸਿਰਲਖ ਹੇਠਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਮੇਟੀ 18 ਤੋਂ 20 ਜਾਂ ਇਸ ਤੋਂ ਵੀ ਉਪਰ ਦਸਮ ਗ੍ਰੰਥ ਦੇ ਅਸਵਾਰੇ (ਖਰੜੇ) ਵਾਚ ਕੇ ਸ਼ੁੱਧੀ ਕਰਦੀ ਹੈ।
ਸਿੱਧ ਹੈ ਕਿ ਦਸਮ ਗ੍ਰੰਥ ਦੇ ਸ਼ੁੱਧ ਅਤੇ ਅਸ਼ੁੱਧ ਹੋਣ ਦਾ ਸਵਾਲ ਇਸ ਦੇ ਸੰਕਲਨ ਵੇਲੇ ਹੀ ਸ਼ੁਰੂ ਹੋ ਗਿਆ ਸੀ ਅਤੇ ਅੱਜ ਤੱਕ ਚੱਲ ਰਿਹਾ ਹੈ। ਉਸ ਵੇਲੇ ਮਿਲਦੇ ਕੋਈ 32 ਦਸਮ ਗ੍ਰੰਥ ਦੀਆਂ ਬੀੜਾਂ ਵਿਚੋਂ ਕਾਂਟੀ-ਛਾਂਟੀ ਕਰਕੇ ਸੋਧਕ ਕਮੇਟੀ ਨੇ ਅਯੋਕਾ ਦਸਮ ਗ੍ਰੰਥ ਬਣਾਇਆ। ਕਈ ਬੀੜਾਂ ਵਿਚ ਵਾਰ ਮਾਲਕੌਂਸ, ਵਾਰ ਭਗੌਤੀ ਜੀ ਕੀ, ਰਾਗ ਆਸਾ ਅਤੇ ਰਾਗ ਸੋਰਟ ਪਾਤਸ਼ਾਹੀ ਦਸ, ਮਾਝ ਪਾਤਸ਼ਾਹੀ ਦਸ, ਅਸਪਾਟਕ ਕਬਿਤ ਵਗੈਰਾ ਮਿਲਦੇ ਹਨ; ਸੋਧਕ ਕਮੇਟੀ ਨੇ ਇਹ ਦਸਮ ਗ੍ਰੰਥ ਵਿਚ ਸ਼ਾਮਿਲ ਨਹੀਂ ਕੀਤੇ। ਸਵਾਲ ਪੈਦਾ ਹੁੰਦਾ ਹੈ ਕਿ ਕਮੇਟੀ ਨੇ ਕਿਹੜੇ ਪੈਮਾਨੇ ਜਾਂ ਮਿਯਾਰ ਦੇ ਅਧਾਰ ਤੇ ਚਰਚਤ ਦਸਮ ਗ੍ਰੰਥ ਵਿਚ ਅੰਕਤ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਸਾਹਬ ਦੇ ਨਾਂ ਲਾ ਦਿੱਤਾ? ਇਸ ਲਈ ਇਸ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਸ਼ੰਕੇ ਪੈਦਾ ਹੋਣਾ ਕੁਦਰਤੀ ਗੱਲ ਹੈ।
(ਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ:
ਸੰਨ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਬਹੁਤੀ ਸ਼ੰਕਾਂ ਕਥਤ ਦਸਮ ਗ੍ਰੰਥ ਵਿਚ ਅੰਕਤ ‘ਚਰਿਤ੍ਰੋਪਾਖਿਆਨ’ ਬਾਰੇ ਚਲਦੀ ਰਹੀ ਜਿਸ ਵਿਚ ਅਤਿ ਦਰਜੇ ਦੀਆਂ ਅਸ਼ਲੀਲ ਕਥਾ ਕਹਾਣੀਆਂ ਦਾ ਜਿ਼ਕਰ ਹੈ। ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖਸੀਅਤ ਨਾਲ ਜੋੜਨਾ ਤਾਂ ਇਕ ਪਾਸੇ ਰਿਹਾ, ਕਿਆਸ ਵੀ ਕਰਨਾ ਗੁਰੂ ਸਾਹਿਬ ਦੀ ਸਿੱਧੀ ਬੇਅਦਵੀ ਕਰਨ ਬਰਾਬਰ ਹੈ। ਫਲਸਰੂਪ, ਇਸ ਬਾਰੇ ਸਿੱਖਾਂ ਵਲੋਂ ਹਮੇਸ਼ਾ ਤਿੱਖਾ ਅਤੇ ਕਰਾਰਾ ਇਤਰਾਜ਼ ਕੀਤਾ ਗਿਆ ਹੈ ਅਤੇ ਅਕਾਲ ਤਖਤ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਰਿਹਾ । ਆਖਰ ਨੂੰ 1973 ਵਿਚ ਅਕਾਲ ਤਖਤ ਤੋਂ ਇਕ ਸਪੱਸ਼ਟੀਕਰਨ ਵਿਚ ਕਿਹਾ ਗਿਆ ਕਿ, “ ‘ਚਰਿਤ੍ਰੋਪਖਯਾਨ’ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ‘ਦਸਮੇਸ ਬਾਣੀ’ ਨਹੀਂ।ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”। ਪਰ ਫੇਰ ਵੀ ਕੁਝ ਕੱਟੜ ਸਿੱਖਾਂ ਅਤੇ ਸੰਸਥਾਵਾਂ ਨੇ ਕਥਤ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਰੱਖਿਆ। ਵਾਦ ਵਿਵਾਦ ਉਸੇ ਤਰਾਂ ਮਘਦਾ ਰਿਹਾ ਅੰਤ ਨੂੰ ਸਿੱਖ ਵਿਦਵਾਨਾ ਅਤੇ ਸੱਚੇ ਸਿੱਖਾਂ ਵਲੋਂ ਜ਼ੋਰ ਪਾਉਣ ਤੇ 6 ਜੂਨ, 2008 ਵਿਚ ਪੰਜ ਸਿੱਖ ਸਾਹਬਾਨ ਦੀ ਇਕੱਤ੍ਰਤਾ ਵਿਚ ਗੁਰਮਤਾ ਪਾਸ ਕੀਤਾ ਗਿਆ ਜਿਸ ਵਿਚ ਲਿਖਿਆ ਗਿਆ ਕਿ,
“ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਦਿਵਸ ਸਮੁਚੇ ਸਿੱਖ ਪੰਥ ਲਈ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਸਿਧਾਂਤਾਂ ਪ੍ਰਤੀ ਵਚਨਵਧਤਾ ਪ੍ਰਗਟਾਉਣ ਦਾ ਸੁਨਹਿਰੀ ਮੌਕਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉਂ ਗ੍ਰੰਥ’ ਤੇ ਸਿੱਖ ਪੰਥ ਅਮਲ ਕਰਦਿਆਂ ਹੋਇਆਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਾਗਤਿ ਜੋਤਿ ਸਤਿਗੁਰੂ ਸਵੀਕਾਰ ਕੇ ਦ੍ਰਿੜ੍ਹਤਾ ਸਹਿਤ ਪਹਿਰਾ ਦਿੰਦਾ ਆਇਆ ਹੈ। ਸਿੱਖ ਪੰਥ ਨੇ ਹਰ ਕੌਮੀ ਸੰਕਟ ਦੀ ਨਿਵ੍ਰਤੀ ਲਈ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰਹਿਨੁਮਾਈ ਗ੍ਰਹਿਣ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਬੰਧੀ ਖੜਾ ਕੀਤਾ ਗਿਆ ਵਿਵਾਦ ਬਿਲਕੁਲ ਬੇਲੋੜਾ ਹੈ। ਸਿੱਖ ਪੰਥ ਵਲੋਂ ਦਸਮ ਗ੍ਰੰਥ ਦੀਆਂ ਜਿਨ੍ਹਾਂ ਰਵਾਇਤਾਂ ਨੂੰ ਸਿੱਖ ਰਹਿਤ ਮਰਯਾਦਾ, ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਸਵੀਕਾਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਬਾਰੇ ਕਿਸੇ ਨੂੰ ਵਾਦ ਵਿਵਾਦ ਖੜਾ ਕਰਨ ਦਾ ਕੋਈ ਅਧਿਕਾਰ ਨਹੀਂ।ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਅਤੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ, ਪਰ ਇਸ ਨੂੰ ਸ੍ਰੀ ਗੁਰੂ ਗੋਬਿੰਦ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਤਾ ਗੱਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸ ਕਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ”।
ਚਰਚਤ ਦਸਮ ਗ੍ਰੰਥ ਦੇ ਛਪਣ ਤੋਂ ਕੋਈ ਦੋ ਦਹਾਕੇ ਬਾਅਦ ਸਿੱਖ ਗੁਰਦੁਆਰਾ ਐਕਟ, 1925 ਲਾਗੂ ਕੀਤਾ ਗਿਆ ਅਤੇ ਗੁਰਦੁਆਰਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ।ਇਸ ਐਕਟ ਵਿਚ ਅਦਾਲਤੀ ਅਮਲੇ ਵਲੋਂ ਸਿੱਖ ਸਿਧਾਂਤਾਂ, ਸੰਸਥਾਵਾਂ, ਗੁਦੁਆਰਿਆਂ ਅਤੇ ਗ੍ਰੰਥਾਂ ਬਾਰੇ ਨਿਰਣੇ ਦਿੱਤੇ ਗਏ। ਅਦਾਲਤ ਦੀ ਦਫਰੀ ਕਾਰਬਾਈ ਵਿਚ ਕਿਹਾ ਗਿਆ ਕਿ ਇਸ ਐਕਟ ਦਾ ਮਕਸਦ ਇਹ ਹੈ ਕਿ ਸਿੱਖਾਂ ਦੇ ਧਾਰਮਕ ਸਮਾਗਮ ਅਤੇ ਰਸਮੋ ਰਿਵਾਜ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਅਨੁਸਾਰ ਕੀਤੇ ਜਾਣ। ਐਕਟ ਵਿਚ “ਸਿੱਖ” ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ ‘ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ, ਦਸ ਗੁਰੂਆਂ ਨੂੰ ਮਾਨਤਾ ਦਿੰਦਾ ਹੈ ਅਤੇ ਕਿਸੇ ਹੋਰ ਧਰਮ ਵਿਚ ਯਕੀਨ ਨਹੀਂ ਰਖਦਾ; ਏਥੇ ਦਸਮ ਗ੍ਰੰਥ ਦਾ ਕੋਈ ਜਿ਼ਕਰ ਨਹੀਂ ਹੈ।ਸਿੱਖ ਗੁਰਦੁਆਰਾ ਐਕਟ ਤੋਂ ਬਾਅਦ ਦਿੱਲੀ ਸਿੱਖ ਗੁਦੁਆਰਾ ਐਕਟ, 1971 ਅਤੇ ਨਦੇੜ ਸਿੱਖ ਗੁਰਦੁਆਰਾ ਐਕਟ, 1973 ਵਿਚ ਵੀ ਇਹੋ ਕਿਹਾ ਗਿਆ ਕਿ ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਯਕੀਨ ਰਖਦਾ ਹੈ; ਇਨ੍ਹਾਂ ਐਕਟਾਂ ਵਿਚ ਵੀ ਦਸਮ ਗ੍ਰੰਥ ਦਾ ਨਾਂ ਕਿਤੇ ਨਹੀਂ ਆਉਂਦਾ।ਪਿੱਛੇ ਜਹੇ ਭਾਰਤ ਦੀ ਮਹਾਂ ਅਦਾਲਤ ਵਲੋਂ ‘ਗੁਰੂ ਗ੍ਰੰਥ ਸਾਹਿਬ’ ਨੂੰ ਕਾਨੂਨ ਪੱਖੋਂ ਇਕ ‘ਪੁਰਸ਼’ (Juristic person) ਗਰਦਾਨਿਆ ਗਿਆ ਹੈ।ਅਦਾਲਤੀ ਫੈਸਲੇ ਵਿਚ ਕਿਹਾ ਗਿਆ ਹੈ ਕਿ “ਗੁਰੂ ਗ੍ਰੰਥ ਸਾਹਿਬ” ਨੂੰ ਗੁਦੁਆਰਿਆਂ ਵਿਚ ਇਕ ਗੁਰੂ ਵਾਂਗ ਸਤਿਕਾਰਿਆ ਜਾਂਦਾ ਹੈ ਇਸ ਲਈ ਇਹ ਇਕ ‘ਪੁਰਸ਼’ ਦੀ ਪਦਵੀ ਦੇ ਸਮਾਨ ਹੈ। ਏਥੇ ‘ਗੁਰੂ ਗ੍ਰੰਥ ਸਾਹਿਬ’ ਨੂੰ ‘ਪੁਰਸ਼’ ਦੀ ਪਦਵੀ ਦਿੱਤੀ ਗਈ ਹੈ ਅਤੇ ਦਸਮ ਗ੍ਰੰਥ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ।
(ਖ) ਅਯੋਕੀ ਸਥਿਤੀ:
ਸਿੱਖ ਧਰਮ ‘ਇਕ ਗ੍ਰੰਥ ਇਕ ਪੰਥ’ ਦੇ ਸਿਧਾਂਤ ਤੇ ਖੜਾ ਹੈ। ਪਰ ਜੇ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਸਿੱਖਾਂ ਵਿਚ ਵੰਡੀਆ ਪੈ ਜਾਣਗੀਆ। ਇਸ ਦੇ ਆਸਾਰ ਦਿਸਣੇ ਸ਼ੁਰੂ ਹੋ ਗਏ ਹਨ। ਕੱਟੜ ਹਿੰਦੂਵਾਦੀ ਸੰਸਥਾਵਾਂ ਦੇ ਪ੍ਰਭਾਵ ਹੇਠ ਤਖਤ ਪਟਨਾ ਸਾਹਿਬ ਅਤੇ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਸੰਬੰਦਤ ਗੁਰਦੁਆਰਿਆਂ ਵਿਚ ਦੋਵੇਂ ਗ੍ਰੰਥ ਬਰੋਬਰਾਬਰ ਪਰਕਾਸ਼ ਕਰੀ ਬੈਠੇ ਹਨ। ਲਗਦਾ ਇਉਂ ਹੈ ਕਿ 100 ਸਾਲ ਬਾਅਦ ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ; ਗੁਰਦੁਆਰੇ ਜਥੇਦਾਰਾਂ ਦੇ ਰੂਪ ਵਿਚ ਮਹੰਤਾਂ ਦੇ ਅਧਿਕਾਰ ਹੇਠ ਆ ਰਹੇ ਹਨ।। ਅੰਗ੍ਰੇਜ਼ਾਂ ਵੇਲੇ ਦੀ ਸਥਿਤੀ ਪੈਦਾ ਹੋ ਰਹੀ ਹੈ ਜਦ ਮਹੰਤ ਉਦਾਸੀਆਂ ਅਤੇ ਨਿਹੰਗਾਂ ਦੇ ਬਲਬੂਤੇ ਗੁਰਦੁਆਰਿਆਂ ਵਿਚ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰਦੇ ਸਨ ਅਤੇ ਹਰਿਮੰਦਰ ਸਾਹਿਬ ਵਿਚ ਬੁੱਤ ਪੂਜਾ ਹੁੰਦੀ ਸੀ। ਪਹਿਲਾਂ ਇਸ ਕੁਕਰਮ ਵਿਚ ਅੰਗ੍ਰੇਜ਼ ਸ਼ਾਮਿਲ ਸਨ ਅਤੇ ਹੁਣ ਕੱਟੜਵਾਦੀ ਹਿੰਦੂ ਸ਼ਾਮਿਲ ਹਨ। ਪੰਜਾਬ ਵਿਚ ਦਿੱਲੀ ਵਾਲਿਆਂ ਨੇ ਜੁਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਹੈ ਅਤੇ ਹਰਿਆਣਾ ਅਤੇ ਰਾਜਿਸਥਾਨ ਦੇ ਸਿੱਖ ਆਪਣੀ ਆਪਣੀ ਗੁਰਦੁਆਰਾ ਪਬੰਧਕ ਕਮੇਟੀਆਂ ਬਨਾਉਣ ਲਈ ਤਤਪਰ ਹਨ।ਜੇ ਇਹ ਰੁਝਾਨ ਚਲਦਾ ਰਿਹਾ ਤਾਂ ਬਾਹਰ ਵਸਦੇ ਸਿੱਖ ਵੀ ਆਪਣੀਆਂ ਆਪਣੀਆਂ ਪ੍ਰਬੰਧਕ ਕਮੇਟੀਆਂ ਬਨਾਉਣ ਲਈ ਮਜ਼ਬੂਰ ਹੋ ਸਕਦੇ ਹਨ।ਇਹ ਸਭ ਕੁਝ ਅਕਾਲ ਤਖਤ ਦੀ ਕਮਜ਼ੋਰ ਪੈਂਦੀ ਜਾ ਰਹੀ ਮਾਣ ਮਰਯਾਦਾ ਕਰਕੇ ਹੋ ਰਿਹਾ ਹੈ। ਅਕਾਲ ਤਖਤ ਜੋ ਸਿੱਖਾਂ ਦੀ ਮੀਰੀ-ਪੀਰੀ ਦੇ ਸੰਕਲਪ ਦਾ ਚਿੰਨ ਹੈ, ਕਮਜ਼ੋਰ ਜਥੇਦਾਰਾਂ ਕਰਕੇ ਆਪਣਾ ਰੁਤਵਾ ਗੁਆ ਰਿਹਾ ਹੈ।ਇਤਿਹਾਸਕ ਤੌਰ ਤੇ ਸਾਰੇ ਤਖਤਾਂ ਦੇ ਜਥੇਦਾਰਾਂ ਨਾਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਮੀਰੀ-ਪੀਰੀ ਦੇ ਸੰਕਲਪ ਨੂੰ ਕਾਇਮ ਰੱਖਣ ਦੀ ਆਸ ਕੀਤੀ ਜਾਂਦੀ ਹੈ। ਪਰ ਇਹ ਆਸ ਨਾਉਮੀਦੀ ਵਿਚ ਬਦਲ ਰਹੀ ਹੈ। ਇਸ ਕੁਕਰਮ ਨੂੰ ਧਰਮ ਮਰਯਾਦਾ ਪੱਖੋਂ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਤੌਰ ਤੇ ਰੋਕਣ ਦਾ ਵਕਤ ਆ ਗਿਆ।
ਸਨ 1925 ਦੇ ਪੰਜਾਬ ਐਕਟ ੜੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਮਹੰਤਾਂ ਦੇ ਪ੍ਰਬੰਧ ਹੇਠ ਖਲਤ ਮਲਤ ਹੋ ਚੁਕੇ ਸਿੱਖ ਸਿਧਾਂਤਾਂ ਨੂੰ ਮੁੜਕੇ ਬਹਾਲ ਕਰਨ ਲਈ 1927 ਵਿਚ ਇਕ ‘ਰਹਿਤ ਮਰਯਾਦਾ ਕਮੇਟੀ’ ਸਥਾਪਤ ਕੀਤੀ ਜਿਸ ਨੇ 1927-1944 ਦੌਰਾਨ ਰਹਿਤ ਮਰਯਾਦਾ ਮੁਕੰਮਲ ਕੀਤੀ। ਪੰਜਾਂ ਅਕਾਲ ਤਖਤਾਂ ਦੇ ਜਥੇਦਾਰ ਵੀ ਇਸ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਮਾਨਤਾ ਦਿੱਤੀ। ਇਹ ਰਹਿਤ ਮਰਯਾਦਾ ‘ਗੁਰੂ ਮਾਨਿਉਂ ਗ੍ਰੰਥ’ ਦੇ ਸਿਧਾਂਤ ਤੇ ਅਧਾਰਤ ਹੈ, ਬਾਕੀ ਦੀਆਂ ਸਾਰੀਆਂ ਮੱਧਾਂ ਇਸ ਸਿਧਾਂਤ ਦੀ ਪਾਲਣਾ ਕਰਦੀਆਂ ਹਨ। ਇਸ ਸਿਧਾਂਤ ਦੀ ਸਰਵੋਤਮਤਾ ਨੂੰ ਨਿਸਚਿਤ ਬਨਾਉਣ ਲਈ 1944 ਵਿਚ ਪੰਜਾਬ ਐਕਟ ੜੀ ਵਿਚ ਸੌਧ ਕੀਤੀ ਗਈ।
ਇਸ ਸੋਧ ਦੇ ਐਕਟ 11 ਅਨੁਸਾਰ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ, ਗੁਰਦੁਆਰੇ ਦਾ ਕਾਮਾ ਜਾਂ ਤਖਤਾਂ ਦੇ ਜਥੇਦਾਰ ਕੋਈ ਧਾਰਮਕ ਕੁਰੀਤੀ ਵਿਚ ਭਾਈਵਾਲ ਬਣਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਬਰਖਾਸਤ ਕਰ ਸਕਦੀ ਹੈ। ਧਾਰਮਕ ਕੁਤਾਹੀ ਦੀ ਇਕ ਉਪ-ਧਾਰਾ ਾ (ਪੰਜਾਬ ਐਕਟ ਦੇ ਕਾਂਡ 11, ਮੁੱਖ ਧਾਰਾ 134) ਅਨੁਸਾਰ ਜੇ ਕੋਈ ਪ੍ਰਬੰਧਕ ਕਿਸੇ ਧਾਰਮਕ ਕੁਰੀਤੀ ਜਾਂ ਕੁਕਰਮ ਕਰਕੇ ਕਸੂਰਵਾਰ ਠਹਿਰਾਇਆ ਜਾਂਦਾ ਹੈ ਤਾਂ ਕਮੇਟੀ ਉਸ ਦੀ ਛੁੱਟੀ ਕਰ ਸਕਦੀ ਹੈ। ਪਰ ਪਟਨਾ ਸਾਹਿਬ ਅਤੇ ਹਜ਼ੂਰ ਸਾਬਿ ਦੇ ਜਥੇਦਾਰਾਂ ਨੇ, ਰਹਿਤ ਮ੍ਰਯਾਦਾ ਤੇ ਦਸਤਖਤ ਕਰਨ ੳਪੁਰੰਤ ਅਤੇ ਐਕਟ ਦੀ ਇਸ ਧਾਰਾ ਨੂੰ ਜਾਣਦਿਆਂ ਹੋਇਆਂ ਵੀ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰੀ ਰੱਖਿਆ। ਅਰਥਾਤ ਮਹੰਤਾਂ ਵਾਲੀ ਪ੍ਰਥਾ ਨੂੰ ਬਰਕਰਾਰ ਰੱਖਿਆ ਜੋ ਅੱਜ ਤੱਕ ਚੱਲ ਰਹੀ ਹੈ। ਸਿੱਧੇ ਸ਼ਬਦਾਂ ਵਿਚ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਗੁਰੂ ਮਾਨਿਉਂ ਗ੍ਰੰਥ’ ਦੀ ਕੋਈ ਪਰਵਾਹ ਨਹੀਂ ਕੀਤੀ। ਇਸੇ ਐਕਟ ਦੀ ਉਪ-ਧਾਰਾ ਗ ਅਨੁਸਾਰ ਜੇ ਕੋਈ ਮੈਂਬਰ ‘ਗੁਰੂ ਗ੍ਰੰਥ ਸਾਹਿਬ’ ਦੇ ਸਿਧਾਂਤਾਂ ਤੋਂ ਉਲਟ ਗੁਰਦੁਆਰੇ ਵਿਚ ਜਾਂ ਲੋਕ ਸਥਾਨ ਤੇ ਕਿਸੇ ਕਰਮਕਾਂਡ ਨੂੰ ਮਾਨਤਾ ਦਿੰਦਾ ਹੈ ਜਾਂ ਉਸ ਵਿਚ ਭਾਈਵਾਲ ਬਣਦਾ ਹੈ ਤਾਂ ਉਸ ਨੂੰ ਵੀ ਬਰਖਾਸਤ ਕੀਤਾ ਜਾ ਸਕਦਾ ਹੈ। ਕਈ ਅਕਾਲੀ ਲੀਡਰ/ਮੈਂਬਰ ਬੋਟਾਂ ਦੀ ਖਾਤਰ ਹਿੰਦੂ ਕਰਮਕਾਂਡਾਂ ਅਨੁਸਾਰ ਮੱਥਿਆਂ ਤੇ ਟਿੱਕੇ ਲਗਵਾ ਕੇ ਜਾਂ ਧੋਤੀਆਂ ਪਹਿਨ ਕੇ ਹਵਨਾਂ ਵਿਚ ਸ਼ਰੇਆਮ ਭਾਗ ਲੈਂਦੇ ਹਨ।ਬੌਟਾਂ ਦੀ ਖਾਤਰ ਸੰਤਾਂ/ਮਹੰਤਾਂ ਦੇ ਡੇਰਿਆਂ, ਮੱਠਾਂ ਅਤੇ ਟਕਾਲਾਂ ਦੇ ਗੁਰਦੁਆਰਿਆਂ ਵਿਚ ਪ੍ਰਵਾਣਤ ਰਹਿਤ ਮਰਯਾਦਾ ਦਾ ਘਾਣ ਕੀਤਾ ਜਾ ਰਿਹਾ ਹੈ। ਕਈ ਸਥਾਨਾਂ ਤੇ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦਿੱਤੀ ਜਾ ਰਹੀ ਹੈ; ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ। ਪਰ ਯਾਦ ਰਹੇ ਕਿ ਜਦ ਵੀ ਕਿਸੇ ਸਰਕਾਰ ਜਾਂ ਕਿਸੇ ਸੰਸਥਾ ਨੇ ‘ਇਕ ਪੰਥ-ਇਕ ਗ੍ਰੰਥ’ ਅਤੇ ਰਹਿਤ ਮਰਯਾਦਾ ਦੇ ਸੂਤਰ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨ ਦੀ ਕੋਸਿ਼ਸ਼ ਕੀਤੀ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਗੁਰੂ ਗ੍ਰੰਥ ਦੀ ਮਾਣਤਾ ਨੂੰ ਗੰਧਲਾ ਕਰਨ ਲਈ ਅੰਗ੍ਰੇਜ਼ਾਂ ਨੇ ਦਸਮ ਗ੍ਰੰਥ ਪੈਦਾ ਕਰ ਲਿਆ। ਇਸ ਨੂੰ ਮਾਨਤਾ ਦੁਆਉਣ ਲਈ ਗੁਰਦੁਆਰਿਆਂ ਵਿਚ ਮਹੰਤਾਂ, ਟਕਸਾਲਾਂ ਦੇ ਔਹਦੇਦਾਰਾਂ ਅਤੇ ਨਿਰਮਲਿਆਂ ਨੂੰ ਬਿਠਾ ਦਿੱਤਾ। ਪਰ ਪਿਰ ਵੀ ਇਹ ਅਦਾਰੇ ‘ਗੁਰੂ ਗ੍ਰੰਥ ਸਾਹਿਬ’ ਪ੍ਰਤੀ ਸਿੱਖਾਂ ਦੀ ਅਤਿਅੰਤ ਸ਼ਰਧਾ ਅਤੇ ਇਸ ਦੀ ਸਰਵੋਤਮਤਾ ਨੂੰ ਨਾ ਤੋੜ ਸਕੇ। ਇਸ ਤੱਥ ਦੀ ਮਹਾਨਤਾ ਨੂੰ ਸਵੀਕਾਰ ਕਰਦੇ ਹੋਏ ਮੈਲਕਮ ਨੇ ਆਪਣੀ ਪੁਸਕ Sketch of the Sikhs , 1810, ਦੇ ਅੰਤ ਵਿਚ ਭਵਿਖਬਾਣੀ ਕੀਤੀ ਸੀ ਜਿਸ ਦਾ ਤੋੜਸਾਰ ਇਸ ਪਰਕਾਰ ਹੈ: ਵੈਰਾਗੀ ਬੰਦੇ ਬਹਾਦਰ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਥਾਪ ਕੇ ਗੁਰੂ ਗੋਬਿੰਦ ਸਿੰਘ ਦੇ ਸੰਕਲਪ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨਾ ਚਾਹਿਆ ਪਰ ਬੁਰੀ ਤਰਾਂ ਫੇਲ ਹੋ ਗਿਆ। ਇਸੇ ਤਰਾਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਦੇ ਅਕਾਲੀ ਹੁਕਮਰਾਨ, ਟਕਸਾਲਾਂ ਦੇ ਕਰਤਾ ਧਰਤਾ ਅਤੇ ਗੁਦੁਆਰਿਆਂ ਦੇ ਨਿਰਮਲੇ ਜੋ ਗੁਰੂ ਗ੍ਰੰਥ ਨੂੰ ਪੜ੍ਹਦੇ ਅਤੇ ਸਤਿਕਾਰਦੇ ਹਨ, ਗੁਰੂ ਗ੍ਰੰਥ ਪ੍ਰਤੀ ਸ਼ਰਦਾ ਵਿਚ ਥੋੜ੍ਹੀ ਬਾਹਲੀ ਤਬਦੀਲੀ ਲਿਆਉਣ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ‘ਗੁਰੂ ਮਾਨਿਉਂ ਗ੍ਰੰਥ’ ਦੇ ਸੰਕਲਪ ਨੂੰ ੜੋੜਨਾ ਮੁਸ਼ਕਲ ਜਾਪਦਾ ਹੈ।
ਅੱਜ ਵੀ ਅੰਗ੍ਰੇਜ਼ਾਂ ਦੇ ਸਮੇਂ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਅਕਾਲੀ ਪਾਰਟੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਨੂੰ ਕੰਟ੍ਰੋਲ ਕਰਦੀ ਹੈ, ਅਜ ਕਲ ਇਕ ਪਾਸੇ ਤਾਂ ਕੱਟੜ ਹਿੰਦੂ ਪਾਰਟੀ ਨਾਲ ਹਮ-ਬਿਸਤਰ (Bed-fellow) ਬਣੀ ਹੋਈ ਹੈ ਅਤੇ ਦੂਜੇ ਪਾਸੇ ਵੋਟਾਂ ਲੈਣ ਖਾਤਰ ਸੰਤ-ਸਮਾਜ, ਟਕਸਾਲਾਂ ਅਤੇ ਜਥੇਦਾਰਾਂ ਨਾਲ ਭਾਈਵਾਲੀ ਦਿਖਾ ਰਹੀ ਹੈ।ੳੁੱਪਰੋਂ ਕੱਟੜ ਹਿੰਦੂ ਸੰਸਥਾਵਾਂ ਸਿੱਖ ਧਰਮ ਨੂੰ ਹਿੰਦੂ ਰੰਗਣ ਦੇਣ ਲਈ ਇਨ੍ਹਾਂ ਗੱਠ ਜੋੜਾਂ ਨੂੰ ਪੱਕਾ ਕਰਨ ਵਿਚ ਤੁਲੀ ਹੋਈ ਹੈ। ਚਾਲ ਉਹੋ ਪੁਰਾਣੀ ਫ੍ਰੰਗੀਆਂ ਵਾਲੀ ਹੈ ਪਰ ਹੁਣ ਫ੍ਰੰਗੀ ਕਾਲੇ ਜਾਂ ਕਣਕ ਵੰਨੇ ਰੰਗ ਦੇ ਹਨ, ਤੇੜ ਧੋਤੀ ਬਨੈਣ ਪਾਈ ਹੋਈ ਹੈ ਅਤੇ ਮੱਥੇ ਤੇ ਟਿੱਕੇ ਲਾਏ ਹੋਏ ਹਨ। ਮਕਸਦ ਵੀ ਫ੍ਰੰਗੀਆਂ ਵਾਲਾ ਹੈ-ਗੁਰਦੁਆਰਿਆਂ ਵਿਚ ਕਥਤ ਦਸਮ ਗ੍ਰੰਥ ਨੂੰ ਪ੍ਰਕਾਸ਼ ਕਰਨਾ ਅਤੇ ਇਸ ਵਿਚਲੀ ਕਰਮਕਾਂਡਾਂ ਵਾਲੀ ਅਖਾਉਤੀ ਬਾਣੀ ਨੂੰ ਪਰਚਾਰ ਕੇ ਸਿੱਖਾਂ ਨੂੰ ਹਿੰਦੂ ਬਨਾਉਣਾ।ਪਰ ਗੁਰੂ ਗੋਬਿੰਦ ਸਿੰਘ ਦੇ ਸਕੰਲਪਾਂ, ਇਕ ‘ਗ੍ਰੰਥ-ਇਕ ਪੰਥ’ ਅਤੇ ‘ਗੁਰੂ ਮਾਨਿਉਂ ਗ੍ਰੰਥ’ ਨੂੰ ਕਦੇ ਵੀ ਖਲਤ ਮਲਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਿੱਖ ਧਰਮ ਵਿਰੋਧੀ ਧਿਰਾਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦਾ ਹੈ; ਦੁਵਾਰਾ ਵੀ ਸ਼ੀਘਰ ਹੀ ਦੁਹਰਾਏਗਾ।