ਅੱਜ ਫਿਰ ਉਸੇ ਸਰਕਾਰ ਨੇ 1978 ਵਾਲਾ ਇਤਿਹਾਸ ਦੁਹਰਾਇਆ,ਆਰ.ਐਸ.ਐਸ.ਨੂੰ ਖੁਸ਼ ਕਰਨ ਲਈ ਆਸੂਤੋਸ਼ ਭਈਏ ਨੇ ਸਿੱਖਾਂ ਦੇ ਖੂਨ
ਸਿੰਘ ਸਭਾ ਇੰਟਰਨੈਸ਼ਨਲ
ਇਹ ''ਜਿਨ ਮਨ ਹੋਰ ਮੁਖ ਹੋਰ'' ਵਾਲੀ ਕੈਸੀ ਦੋਮੂੰਹੀ ਚਾਲ, ਕਦੇ 1978 ਦੀ ਵਿਸਾਖੀ ਤੇ ਗੁਰੂ ਦੇ ਸਿਧਾਂਤ ਵਿਚੋਂ ਜਨਮ ਲੈਣ ਵਾਲੇ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਸਿਧਾਂਤ ਦਾ ਮਲੀਆ ਮੇਟ ਕਰਨ ਵਾਲੇ ਨਰਕਧਾਰੀਆਂ ਨੂੰ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿੱਚ ਹੀ ਜਸ਼ਨ ਮਨਾਉਂਦਿਆਂ ਖਾਲਸੇ ਦੇ ਖੂਨ ਪੀਣ ਦੀ ਇਜਾਜ਼ਤ ਦਿੱਤੀ ਗਈ ਸੀ। ਅੱਜ ਫਿਰ ਉਸੇ ਹੀ ਸਰਕਾਰ ਵੇਲੇ ਉਸੇ ਹੀ ਇਤਹਾਸ ਨੂੰ ਦੋਹਰਾਇਆ ਗਿਆ ਹੈ। ਅਸ਼ੂਤੋਸ ਵਰਗੇ ਪਾਖੰਡੀ ਅਤੇ ਸਮਾਜ ਘਾਤਕ ਸਾਧ ਨੂੰ ਕਈ ਵਰ੍ਹਿਆਂ ਤੋਂ ਪੰਜਾਬ ਦੀ ਧਰਤੀ ਤੇ ਸਮਾਜਕ ਆਚਰਣ ਘਾਤਕ ਕੇਂਦਰ ਬਣਾ ਕੇ ਸਿੱਖੀ ਦੀ ਅਣਖ ਨੂੰ ਵੰਗਾਰਣ ਦਾ ਹੱਕ ਦਿੱਤਾ ਹੋਇਆ ਹੈ, ਜਿਥੇ ਸੈਂਕੜੇ ਨੌਜਵਾਨ ਕੁੜੀਆਂ ਗੁਮਰਾਹ ਕਰਕੇ ਆਪਣੇ ਪਾਸ ਰੱਖਦਾ ਹੈ। ਇਸ ਗੱਲ ਦਾ ਤਾਂ ਪਤਾ ਲੱਗਾ ਜਦੋਂ ਕੁਝ ਵਰ੍ਹੇ ਪਹਿਲਾਂ ਇਕ ਬੀਬੀ ਸੁਰਜੀਤ ਕੌਰ ਆਪਣੀ ਗੁਮਰਾਹ ਹੋਈ ਅੰਮ੍ਰਿਤਧਾਰੀ ਬੱਚੀ ਪ੍ਰਭਜੋਤ ਕੌਰ ਦੇ ਕੇਸ ਦੀ ਫਾਈਲ ਲੈ ਕੇ ਰੋਂਦੀ ਮੇਰੇ ਕੋਲ ਆਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਮੇਰੀ ਨੌਜਵਾਨ ਬੱਚੀ ਨੂੰ ਪ੍ਰਸ਼ਾਦ ਵਿਚ ਨਸ਼ੇ ਦੇ ਕੇ ਗ਼ਲਤ ਰਾਹ ਪਾਇਆ, ਪ੍ਰਭਜੋਤ ਕੌਰ ਤੋਂ ਬਦਲ ਕੇ ਉਸ ਦਾ ਨਾਮ ਨਵੀਨ ਭਾਰਤੀ ਰਖਿਆ ਅਤੇ ਅੱਜ ਉਹ ਸਾਡੇ ਤੋਂ ਬਦਜ਼ਨ ਹੋ ਕੇ ਅਸ਼ੂਤੋਸ਼ ਕੋਲ ਰਹਿ ਰਹੀ ਹੈ ਅਤੇ ਉਸ ਦੁਖੀ ਮਾਂ ਨੇ ਰੋਂਦਿਆਂ ਗੁਮਰਾਹ ਹੋਈ ਬੱਚੀ ਦੀ ਇਕ ਚਿੱਠੀ ਮੇਰੇ ਸਾਹਮਣੇ ਰਖੀ ਜਿਸਨੂੰ ਪੜ੍ਹ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ। ਉਹ ਕੁੜੀ ਆਪਣੇ ਮਾਂ-ਪਿਉ ਨੂੰ ਲਿਖ ਰਹੀ ਸੀ ਕਿ ਇਥੇ ਮੇਰੇ ਵਰਗੀਆਂ ਤਿਨ ਸੌ ਕੁੜੀਆਂ ਰਹਿ ਰਹੀਆਂ ਹਨ, ਉਹਨਾਂ ਦੇ ਮਾਂ-ਪਿਉ ਉਹਨਾਂ ਨੂੰ ਇਤਨਾ ਤੰਗ ਨਹੀ ਕਰਦੇ, ਜਿਤਨਾ ਤੁਸੀ ਮੇਰੇ ਪਿੱਛੇ ਪਏ ਹੋਏ ਹੋ। ਮੈ ਹੁਣ ਬਾਲਗ ਹਾਂ, ਆਪਣੀ ਮਰਜ਼ੀ ਨਾਲ ਜੀਵਣਾ ਚਾਹੁੰਦੀ ਹਾਂ, ਮੇਰਾ ਪਿਛਾ ਛੱਡੋ। ਇਕ ਮਾਂ ਸ੍ਰੀ ਅਕਾਲ ਤਖਤ ਤੋਂ ਲੈਕੇ ਰਾਸ਼ਟਰਪਤੀ ਤਕ ਫਰਿਯਾਦੀ ਹੋਣ ਦੀ ਕਹਾਣੀ ਸੁਣਾਉਂਦੀ ਨਿਰਾਸ਼ ਹੋ ਕੇ ਰੋ ਰਹੀ ਸੀ।
ਜਿਹਨਾਂ ਸਿੰਘਾਂ ਨੇ ਲੋਕਾਂ ਦੀਆਂ ਬੱਚੀਆਂ ਜਰਵਾਣਿਆਂ ਕੋਲੋਂ ਛੁਡਾ ਕੇ ਘਰ ਪਹੁਚਾਉਣ ਦਾ ਇਤਹਾਸ ਸਿਰਜਿਆ ਸੀ, ਅੱਜ ਉਹਨਾਂ ਦੀਆਂ ਬੇਟੀਆਂ ਪੰਜਾਬ ਦੀ ਧਰਤੀ ਤੇ ਕੋਈ ਬੇਇੱਜ਼ਤ ਕਰੇ, ਇਹ ਅਣਖ ਵਾਲੀ ਕੌਮ ਕਿਵੇਂ ਬਰਦਾਸ਼ਤ ਕਰ ਸਕਦੀ ਹੈ।
ਤਿੰਨ ਚਾਰ ਸਾਲ ਪਹਿਲੇ ਵੇਦਾਂਤੀ ਜੀ ਨੇ ਸਾਡੇ ਲੋਕਾਂ ਵੱਲੋਂ ਜ਼ੋਰ ਪਾਉਣ ਨਾਲ ਇਸ ਵਿਸ਼ੇ ਤੇ ਅੰਮ੍ਰਿਤਸਰ ਇਕ ਮੀਟਿੰਗ ਰਖੀ ਸੀ ਅਤੇ ਮੈਨੂੰ ਭੀ ਬੁਲਾਇਆ ਸੀ। ਉਸ ਮੀਟਿੰਗ ਦੀ ਫੋਟੋ ਨਾਲ ਦੇ ਰਿਹਾ ਹਾਂ। ਇਸ ਮੀਟਿੰਗ ਵਿਚ ਇਹ ਸਾਰਾ ਕੇਸ ਲੈਕੇ ਪੁਜਿਆ ਸਾਂ ਕਿ ਇਸ ਅਧੋਗਤੀ ਨੂੰ ਨਂਥ ਪਾਈ ਜਾਵੇ ਪਰ ਹਰ ਕੌਮੀ ਵਿਸ਼ੇ ਤੇ ਕੇਵਲ ਕਮੇਟੀਆਂ ਬਣਾ ਕੇ ਸਮਾਂ ਟਪਾਣ ਦੀ ਨੀਤੀ ਹੀ ਇਥੇ ਵਰਤੀ ਗਈ। ਜੇ ਵਕਤ ਨਾਲ ਨੱਥ ਪਾਈ ਹੁੰਦੀ ਤਾਂ ਅੱਜ ਵਰਗੇ ਅਸਹਿ ਦੁਖਾਂਤ ਨਾਂ ਵਾਪਰਦੇ ਪਰ ਵਕਤ ਦੀ ਸਿਆਹ ਸਿਆਸਤ ਨੂੰ ਸਿੱਖੀ ਸੋਚ ਸਰੂਪ ਤੇ ਸਿਧਾਂਤ ਨਾਲ ਕੋਈ ਹਮਦਰਦੀ ਨਹੀਂ। ਉਹ ਤਾਂ ਇਸ ਸਭ ਕੁਝ ਦਾ ਆਰ. ਐਸ. ਐਸ. ਨਾਲ ਸੌਦਾ ਕਰੀ ਬੈਠੇ ਹਨ ਤੇ ਉਸ ਸੌਦੇ ਅਧੀਨ ਹੀ ਅੱਜ ਫਿਰ ਅਸ਼ੂਤੋਸ਼ ਨੂੰ ਪੰਜਾਬ ਦੇ ਸੈਂਟਰ ਵਿਚ ਸਮਾਗਮ ਕਰਨ ਦੀ ਇਜਾਜ਼ਤ ਦਿਤੀ ਗਈ ਅਤੇ ਆਰ. ਐਸ. ਐਸ. ਨੂੰ ਖੁਸ਼ ਕਰਨ ਲਈ ਸਿੱਖਾਂ ਦੇ ਖੂਨ ਦਾ ਪਿਆਲਾ ਭਰ ਕੇ ਪੇਸ਼ ਕੀਤਾ ਗਿਆ।
ਸਿੰਘੋ ! ਇਕ ਸਾਜਸ਼ ਹੋਰ ਪਛਾਣਿਉ, ਚਿੱਕੜ ਨਾਲ ਚਿੱਕੜ ਧੋਣ ਦੀ ਸਾਜਸ਼ ਇਕ ਪਾਸੇ, ਗੁਰੂ ਡੰਮੀ ਅਤੇ ਗੁਰੂ ਧ੍ਰੋਹੀ ਅਸ਼ੂਤੋਸ਼ ਨੂੰ ਸਮਾਗਮ ਦੀ ਇਜਾਜ਼ਤ ਦਿੱਤੀ ਅਤੇ ਦੂਜੇ ਪਾਸੇ ਸਿਆਸੀ ਸ਼ਕਤੀ ਦੇ ਹਥ ਠੋਕਾ ਗੁਰੂ ਡੰਮੀ ਅਤੇ ਗੁਰੂ ਧ੍ਰੋਹੀ ਸਾਧ ਟੋਲੇ ਨੂੰ ਰੋਕਣ ਦੇ ਬਹਾਨੇ ਖੜਾ ਕਰ ਲਿਆ ਤਾਂ ਕਿ ਇਸ ਘਲੂਘਾਰੇ ਵਿੱਚ ਦੋਹਾਂ ਵਿੱਚੋਂ ਕੋਈ ਚਮਕੇ, ਉਹ ਸਿੱਖੀ ਸਿਧਾਂਤ ਦਾ ਮਲੀਆ ਮੇਟ ਕਰਨ ਵਾਲਾ ਹੀ ਹੋਵੇ। ਇਹ ਹੈ ਇਕ ਦੋ ਮੂੰਹੀਂ ਚਾਲ ਜਿਸ ਤੋਂ ਕੌਮ ਨੂੰ ਸਚੇਤ ਰਹਿ ਕੇ ਇਸ ਜ਼ੁਲਮ ਨਾਲ ਟੱਕਰ ਲੈਣ ਦੀ ਲੋੜ ਹੈ।
ਗੁਰੂ ਪੰਥ ਦਾ ਦਾਸ,
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ