ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਪ੍ਰੋ: ਦਰਸ਼ਨ ਸਿੰਘ ਖਿਲਾਫ਼ ਗੁੰਮਰਾਕੁੰਨ ਪ੍ਰਚਾਰ ਕਰਨ ਵਾਲੇ..........

ਸਰਬਜੀਤ ਸਿੰਘ (ਇੰਡੀਆ ਅਵੇਅਰਨੈੱਸ)


                                                                         SARABJEET SINGH

Editor-India Awareness
A-11, Sham Nagar,

New Delhi-110018

Telefax: +91-11-25984673
Mobile : 9871683322
Email: editor@indiaawareness.com

Dated : 02/12/2009

------------------------------------------------------------------------------------------------

ਪ੍ਰੋ: ਦਰਸ਼ਨ ਸਿੰਘ ਖਿਲਾਫ਼ ਗੁੰਮਰਾਕੁੰਨ ਪ੍ਰਚਾਰ ਕਰਨ ਵਾਲੇ
ਜੋਗਿੰਦਰ ਸਿੰਘ ਸਪੋਕਸਮੈਨ ਦਾ ਪਰਦਾਫਾਸ਼

ਸਿਆਸੀ ਅਹੁਦਿਆਂ ਵਾਲੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਨਾਜ਼ੁਕ ਤੋਂ ਨਾਜ਼ੁਕ ਧਾਰਮਕ, ਸਮਾਜਕ ਮਾਮਲੇ ਦੌਰਾਨ ਵੀ ਲੋਕਾਂ ਨੂੰ ਮਸਲੇ ਦੀ ਸਹੀ ਜਾਣਕਾਰੀ ਦੇਣ ਦੀ ਬਜਾਏ, ਆਪਣੇ ਲਾਭ ਅਨੁਸਾਰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ / ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਸਿਆਸੀ ਆਗੂਆਂ ਦੀ ਤਰ੍ਹਾਂ ਉਨ੍ਹਾਂ ਦੇ ਤਲਵੇ ਚੱਟ ਕੇ ਇਸ਼ਤਿਹਾਰ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਕੁਝ ਪੱਤਰਕਾਰ ਵੀ ਇਸੇ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਹਨ (ਜੋ ਆਪਣੇ ਆਕਾਵਾਂ ਨੂੰ ਲਾਭ ਪਹੁੰਚਾਉਣ ਲਈ ਹਰ ਨਾਜ਼ੁਕ ਮਸਲੇ ਨੂੰ ਆਪਣੀ ਕਲਮ ਰਾਹੀਂ ਗਲਤ ਰੰਗਤ ਦੇਣ ਦੀ ਕੋਸ਼ਿਸ਼ ਵਿੱਚ ਰੁੱਝੇ ਰਹਿੰਦੇ ਹਨ) ਤੇ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦੀ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸ੍ਰੀ ਜੋਗਿੰਦਰ ਸਿੰਘ ਵੀ ਇਸੇ ਮਾਨਸਿਕਤਾ ਤੋਂ ਪੀੜਤ ਦਿਖਾਈ ਦੇ ਰਹੇ ਹਨ।

‘‘ਸਚੁ ਸੁਣਾਇਸੀ ਸਚੁ ਕੀ ਬੇਲਾ’’ ਦਾ ਨਾਅਰਾ ਲਗਾ ਕੇ ਸਿੱਖਾਂ ਨੂੰ ਭਾਵੁਕ ਕਰਨ ਅਤੇ ਭਾਵੁਕ ਕਰਕੇ ਜਜ਼ਬਾਤੀ ਸਿੱਖਾਂ ਤੋਂ ਮਾਇਆ ਉਗਰਾਹੁਣ ਵਿੱਚ ਅਤਿ ਮਾਹਿਰ ਸਮਝਦੇ ਜਾਂਦੇ ਸ੍ਰੀ ਜੋਗਿੰਦਰ ਸਿੰਘ ਦਾ ਹਉਮੈ-ਭਰਪੂਰ ਵਤੀਰਾ ਉਨ੍ਹਾਂ ਦੇ ਕੱਟੜ ਸਾਬਕਾ ਜਾਂ ਮੌਜੂਦਾ ਸਮਰਥਕਾਂ ਤੋਂ ਵੀ ਛੁਪਿਆ ਹੋਇਆ ਨਹੀਂ। ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਧ ਸਿਆਣਾ ਪੱਤਰਕਾਰ ਸਮਝਣ ਵਾਲੇ ਅਤੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਲਈ ਝੂਠੇ ਦਾਅਵੇ ਕਰਨ ਵਾਲੇ (ਅਸੀਂ ਤਾਂ ਆਪਣੀ ਸਾਰੀ ਜਾਇਦਾਦ ‘ਦਾਨ’ ਕਰ ਦਿੱਤੀ ਹੈ, ਮੇਰੇ ਤਾਂ ਦੁਸ਼ਮਣ ਵੀ ਮੇਰੀਆਂ ਲਿਖਤਾਂ ਤੋਂ ਕੀਲੇ ਜਾਂਦੇ ਹਨ ਤੇ ਮੇਰੀਆਂ ਲਿਖਤਾਂ ਦੀਆਂ ਤਾਰੀਫ਼ਾਂ ਕਰਦੇ ਹਨ... ਆਦਿ) ਸ੍ਰੀ ਜੋਗਿੰਦਰ ਸਿੰਘ ਬਾਰੇ ਪੰਜਾਬੀ ਪੱਤਰਕਾਰੀ ਜਗਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਅਖ਼ਬਾਰ ਨੂੰ ਇਸ਼ਤਿਹਾਰ ਨਾ ਦੇਣ ਵਾਲੇ ਆਗੂ / ਡੇਰੇਦਾਰ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਸਬੰਧੀ ਖ਼ਬਰਾਂ ਦੀ ਲੜੀ ਜਾਰੀ ਰਖਦੇ ਹਨ ਪਰ ਇਸ਼ਤਿਹਾਰ ਮਿਲਣ ’ਤੇ ਉਸੇ ਵਿਅਕਤੀ ਪ੍ਰਤੀ ਅਖ਼ਬਾਰ ਨੂੰ ਚੁੱਪ ਕਰਵਾ ਦਿੰਦੇ ਹਨ।

ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਤੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਵਿਚਕਾਰ ਖਿੱਚਤਾਣ ਨੂੰ ਭਾਵੁਕ ਰੰਗਤ ਦੇ ਕੇ ਸਸਤੀ ਸ਼ੋਹਰਤ ਖੱਟਣ ਵਿੱਚ ਸਫ਼ਲ ਰਹਿਣ ਵਾਲੇ ਸ੍ਰੀ ਜੋਗਿੰਦਰ ਸਿੰਘ ਦੀ ਇਹ ਨੀਤੀ ਆਮ ਵੇਖਣ ਵਿੱਚ ਆਉਂਦੀ ਹੈ ਕਿ ਜਿਸ ਵੀ ਸਿੱਖ ਪ੍ਰਚਾਰਕ ਦਾ ਨਾਮ ਜਾਗਰੁਕ ਸਿੱਖਾਂ ਵਿੱਚ ਕਾਫੀ ਹਰਮਨ-ਪਿਆਰਾ ਹੋਣ ਲਗਦਾ ਹੈ, ਉਸ ਖਿਲਾਫ਼ ਸਿੱਧੀਆਂ-ਅਸਿੱਧੀਆਂ ਖ਼ਬਰਾਂ, ਪੱਤਰ, ਲੇਖ ਆਦਿ ਪ੍ਰਕਾਸ਼ਿਤ ਕਰਕੇ ਅਜਿਹੇ ਪ੍ਰਚਾਰਕ ਨੂੰ ‘ਔਗੁਣਾਂ ਵਾਲਾ ਪ੍ਰਚਾਰਕ’ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਚੇਤੰਨ ਸਿੱਖਾਂ ਦੇ ਨੰਬਰ 1 ਲਿਖਾਰੀ (ਜੋ ਉਹ ਹੈਨ ਨਹੀਂ, ਪਰ ਇਸ ਗਲਤਫਹਿਮੀ ਦੇ ਸ਼ਿਕਾਰ ਹਨ) ਦੇ ਤੌਰ ’ਤੇ ਉਨ੍ਹਾਂ ਦਾ (ਆਪਣੀ ਹੀ ਕਲਪਨਾ ਮੁਤਾਬਿਕ) ਰੁਤਬਾ ਕਾਇਮ ਰਹੇ ਤੇ ਕੋਈ ਹੋਰ ਪ੍ਰਚਾਰਕ / ਲਿਖਾਰੀ ਜਾਗਰੁਕ ਸਿੱਖਾਂ ਵਿੱਚ ਸ਼ੋਹਰਤ ਪ੍ਰਾਪਤ ਨਾ ਕਰ ਸਕੇ।

ਇਸੇ ਕੜੀ ਵਿੱਚ ਸ੍ਰੀ ਜੋਗਿੰਦਰ ਸਿੰਘ ਵੀ ਕਈ ਵਾਰ ਪ੍ਰੋ: ਦਰਸ਼ਨ ਸਿੰਘ (ਜੋ ਦਸਮ ਗ੍ਰੰਥ ਖਿਲਾਫ਼ ਸਿੱਖਾਂ ਨੂੰ ਜਾਣਕਾਰੀ ਦੇਣ ਕਰਕੇ ਜਾਗਰੁਕ ਸਿੱਖਾਂ ਵਿੱਚ ਹਰਮਨ-ਪਿਆਰੇ ਹੁੰਦੇ ਜਾ ਰਹੇ ਸਨ) ਨੂੰ ਨੀਵਾਂ ਦਿਖਾਉਣ ਵਾਲੀਆਂ ਖ਼ਬਰਾਂ, ਸੰਪਾਦਕੀਆਂ ਦੇ ਇਲਾਵਾ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ਕਿਤਾਬ ਵਿੱਚ ਪ੍ਰਕਾਸ਼ਿਤ ਇਕ ਬਹੁਤ ਪੁਰਾਣੇ ਪੱਤਰ ਨੂੰ ਵੀ ਬਾਰ-ਬਾਰ ਪ੍ਰਕਾਸ਼ਿਤ ਕਰਨ ਦੀ ਨੀਤੀ ਅਪਣਾਉਂਦੇ ਰਹੇ ਹਨ। ਹੁਣ ਮੌਜੂਦਾ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿ: ਗੁਰਬਚਨ ਸਿੰਘ ਵੱਲੋਂ ਬੇਹੱਦ ਕੱਚੇ-ਪਿੱਲੇ ‘‘ਸਬੂਤ’’ ਦੇ ਤੌਰ ਤੇ ਕਾਂਟ-ਛਾਂਟ ਕੇ ਤਿਆਰ ਕੀਤੀ ਗਈ ਇਕ ਵੀਡੀਓ ਦੇ ਅਧਾਰ ’ਤੇ 5 ਦਸੰਬਰ 09 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤੇ ਜਾਣ ਕਾਰਨ, ਜਾਗਰੁਕ ਸੰਗਤਾਂ ਦੇ ਪ੍ਰੋ: ਦਰਸ਼ਨ ਸਿੰਘ ਨੂੰ ਮਿਲ ਰਹੇ ਸਮਰਥਨ ਤੋਂ ਸ੍ਰੀ ਜੋਗਿੰਦਰ ਸਿੰਘ ਨੂੰ ਫਿਰ ਬੇਚੈਨੀ ਸ਼ੁਰੂ ਹੋ ਗਈ ਹੈ। ਇਸਲਈ ਪਿਛਲੇ ਦਿਨਾਂ ਵਿੱਚ ਲਿਖੇ ਗਏ ਆਪਣੇ ਕਈ ਸੰਪਾਦਕੀਆਂ ਵਿੱਚ ਉਨ੍ਹਾਂ ਨੇ ਤਖ਼ਤਾਂ ਦੇ ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਨਾਲ ਕੀਤੇ ਜਾ ਰਹੇ ਧੱਕੇ ਖਿਲਾਫ਼ ਪਾਠਕਾਂ ਨੂੰ ਜਾਗਰੁਕ ਕਰਨ ਦੀ ਬਜਾਏ, ਪ੍ਰੋ: ਦਰਸ਼ਨ ਸਿੰਘ ਨੂੰ ਹੀ ਗਲਤ ਅਤੇ ‘ਦੋਸ਼ੀ’ ਸਾਬਿਤ ਕਰਨ ਦੀ ਨੀਤੀ ਅਪਣਾਈ ਹੋਈ ਹੈ।

ਇਸ ਕੜੀ ਵਿੱਚ 2 ਦਸੰਬਰ ਨੂੰ ਪ੍ਰਕਾਸ਼ਿਤ ਸੰਪਾਦਕੀ ਨੇ ਤਾਂ ਸਾਰੇ ਹੱਦ-ਬੰਨ੍ਹੇ ਹੀ ਟੱਪ ਦਿੱਤੇ ਹਨ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਦੋਸ਼ੀ ਠਹਿਰਾਉਣ ਲਈ ਸ੍ਰੀ ਜੋਗਿੰਦਰ ਸਿੰਘ ਨੇ ਕਈ ਕੱਚ-ਘਰੜ ਦਲੀਲਾਂ ਪੇਸ਼ ਕੀਤੀਆਂ ਹਨ। ਜਜ਼ਬਾਤ ਦੇ ਰੌਅ ਵਿੱਚ ਵੱਗ ਕੇ ਸ੍ਰੀ ਜੋਗਿੰਦਰ ਸਿੰਘ ਦੇ ਸ਼ਰਧਾਲੂ ਬਣੇ ਪਾਠਕ, ਕਲਮ ਦੀ ਮੁਹਾਰਤ ਨਾਲ ਪੇਸ਼ ਕੀਤੇ ਗਏ ਇਨ੍ਹਾਂ ਝੂਠੀਆਂ ਦਲੀਲਾਂ ਤੋਂ ਪ੍ਰਭਾਵਿਤ ਨਾ ਹੋ ਜਾਣ, ਇਸ ਲਈ ਪਾਠਕਾਂ ਦੇ ਹਿੱਤ ਵਾਸਤੇ ਸ੍ਰੀ ਜੋਗਿੰਦਰ ਸਿੰਘ ਦੇ ਇਨ੍ਹਾਂ ਇਲਜ਼ਾਮਾਂ ’ਤੇ ਚਰਚਾ ਕਰਨੀ ਜ਼ਰੂਰੀ ਹੈ।

1) ਆਪਣੇ ਸੰਪਾਦਕੀ ਦੇ ਅਰੰਭ ਵਿੱਚ ਹੀ ਸ੍ਰੀ ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਲਈ ਦਲੀਲ ਦਿੱਤੀ ਹੈ ਕਿ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ ਦੀ) ਨਿਯੁਕਤੀ ਸੰਗਤ ਨੇ ਨਹੀਂ ਬਲਕਿ ਸਿਆਤਸਦਾਨਾਂ ਨੇ ਆਪਣੇ ਮਕਸਦ ਲਈ ਵਰਤਣ ਵਾਸਤੇ ਕੀਤੀ ਸੀ। ਇਹ ਦਲੀਲ ਭਾਵੇਂ ਤੱਥ ਦੇ ਤੌਰ ’ਤੇ ਤਾਂ ਠੀਕ ਹੈ ਪਰ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਲਈ ਜਾਇਜ਼ ਨਹੀਂ। ਭਾਵੇਂ ਪ੍ਰੋ: ਦਰਸ਼ਨ ਸਿੰਘ ਦੀ ਨਿਯੁਕਤੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਿਆਸਤਦਾਨਾਂ ਵੱਲੋਂ ਕੀਤੀ ਗਈ ਹੋਵੇ, ਪਰ ਚੋਣ ਦੀ ਪ੍ਰਕ੍ਰਿਆ ਦੇ ਅਧਾਰ ’ਤੇ ਹੀ ਕਿਸੇ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸ੍ਰੀ ਜੋਗਿੰਦਰ ਸਿੰਘ ਨੇ ਇਹ ਤਾਂ ਲਿਖ ਦਿੱਤਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਸਿਆਸਤਦਾਨਾਂ ਨੇ ਆਪਣੇ ਮਕਸਦ ਲਈ ਵਰਤਣ ਵਾਸਤੇ ਨਿਯੁਕਤ ਨਹੀਂ ਕੀਤਾ ਪਰ ਉਨ੍ਹਾਂ ਨੇ ਆਪਣੀ ਮਹਾਨ ਕਲਮ ਤੋਂ ਅਜਿਹੀ ਕੋਈ ਮਿਸਾਲ ਪੇਸ਼ ਨਹੀਂ ਕੀਤੀ, ਜਦੋਂ ਪ੍ਰੋ: ਦਰਸ਼ਨ ਸਿੰਘ ਨੇ ਆਪਣੀ ਸੇਵਾਦਾਰੀ (ਵਧੇਰੇ ਪ੍ਰਚਲਿਤ ਲਫ਼ਜ਼ ਜਥੇਦਾਰੀ) ਨੂੰ ਆਪਣੀ ਨਿਯਕੁਤ ਕਰਨ ਵਾਲੀ ਧਿਰ (ਅਕਾਲੀ ਦਲ) ਦੇ ਕਿਸੇ ਸਿਆਸਤਦਾਨ ਦੇ ਕਿਸੇ ‘ਮਸਕਦ’ ਲਈ ਵਰਤਿਆ ਹੋਵੇ।

ਫਿਰ, ਸ੍ਰੀ ਜੋਗਿੰਦਰ ਸਿੰਘ ਨੇ ਇਹ ਨਹੀਂ ਦੱਸਿਆ ਕਿ ਅੱਜ ਤੱਕ ਅਕਾਲ ਤਖ਼ਤ ਸਾਹਿਬ ਦੇ ਕਿਹੜੇ ਸੇਵਾਦਾਰ ਜਾਂ ਸਿੱਖਾਂ ਦੇ ਹੋਰ ਕਿਸੇ ਵੀ ਪ੍ਰਚਾਰਕ ਨੂੰ ‘ਸੰਗਤਾਂ’ ਵੱਲੋਂ ਚੁਣਿਆ ਗਿਆ ਹੈ? ਕੀ ਸਿਆਸਤਦਾਨਾਂ ਵੱਲੋਂ ਨਿਯੁਕਤ ਹੋਇਆ ਪ੍ਰਚਾਰਕ / ਸੇਵਾਦਾਰ ਜੇਕਰ ਕੋਈ ਚੰਗਾ ਕਾਰਜ ਕਰੇ ਤਾਂ ਉਸਦਾ ਸਿਰਫ਼ ਇਸ ਵਾਸਤੇ ਵਿਰੋਧ ਕਰਨਾ ਚਾਹੀਦਾ ਹੈ ਕਿ ਉਸਦੀ ਨਿਯੁਕਤੀ ਸਿਆਸਤਦਾਨਾਂ ਵੱਲੋਂ ਕੀਤੀ ਗਈ ਸੀ? ਕੀ ਇਹ ਬਿਹਤਰ, ਬਲਕਿ ਜਰੂਰੀ ਨਹੀਂ ਕਿ ਮੁੱਖ ਸੇਵਾਦਾਰ ਵੱਲੋਂ ਗੁਰਮਤਿ ਅਨੁਕੂਲ ਅਤੇ ਸਿੱਖ ਸਮਾਜ ਦੇ ਹਿੱਤ ਵਿੱਚ ਜਾਰੀ ਕੀਤੇ ਗਏ ਮਤਿਆਂ (ਜਿਵੇਂ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਆਰ.ਐਸ.ਐਸ. ਨੂੰ ਪੰਥ-ਵਿਰੋਧੀ ਸੰਸਥਾ ਐਲਾਣਨ ਵਾਲਾ ਹੁਕਮਨਾਮਾ ਅਤੇ ਇਕ ਖ਼ਾਸ ਮੌਕੇ ਬਿਹਾਰ ਤੋਂ ਅਨੰਦਪੁਰ ਸਾਹਿਬ ਜਾਣ ਵਾਲੇ ਆਰ.ਐਸ.ਐਸ. ਪੱਖੀ ਸਾਧੂਆਂ ਦੇ ਜਲੂਸ ’ਤੇ ਪਾਬੰਦੀ ਲਗਾਉਣਾ ਆਦਿਕ) ਦਾ ਸਮਰਥਨ ਕੀਤਾ ਜਾਏ ਅਤੇ ਸਿਆਸਤਦਾਨਾਂ / ਡੇਰੇਦਾਰਾਂ ਨੂੰ ਲਾਭ ਪਹੁੰਚਾਉਣ ਵਾਲੇ ਮਤਿਆਂ (ਜਿਵੇਂ ਡੇਰੇਦਾਰ ਧਨਵੰਤ ਸਿੰਘ ਨੂੰ ਕਲੀਨ-ਚਿੱਟ ਦੇਣਾ, ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੂੰ ਪੰਥ ’ਚੋਂ ਛੇਕਣਾ, ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ’ਤੇ ਪਾਬੰਦੀ ਲਗਾਉਣਾ ਆਦਿਕ) ਦਾ ਵਿਰੋਧ ਕੀਤਾ ਜਾਵੇ? ਜਾਂ ਫਿਰ ਪੁਜਾਰੀਆਂ ਦੇ ਹਰ ਕਦਮ ਦਾ ਇਸ ਵਾਸਤੇ ਵਿਰੋਧ ਕੀਤਾ ਜਾਂਦਾ ਰਹੇ ਕਿ ਉਨ੍ਹਾਂ ਦੀ ਨਿਯੁਕਤੀ ਸਿਆਸਤਦਾਨਾਂ ਵੱਲੋਂ ਕੀਤੀ ਗਈ ਸੀ?

ਜੇਕਰ ਸਿਆਸਤਦਾਨ ਏਨੇ ਹੀ ਮਾੜੇ ਹਨ ਤਾਂ ਸ੍ਰੀ ਜੋਗਿੰਦਰ ਸਿੰਘ ਉਨ੍ਹਾਂ ਤੋਂ ਅਖ਼ਬਾਰ ਵਾਸਤੇ ਇਸ਼ਤਿਹਾਰ ਲੈਣ ਅਤੇ ਉਨ੍ਹਾਂ ਦੀ ਚਾਪਲੂਸੀ ਕਰਨ (ਜਿਵੇਂ ਉਹ ਆਪਣੀ ਨਿਜੀ ਡਾਇਰੀ ਦੇ ਪੰਨਿਆਂ ਵਿੱਚ ਲਿਖਦੇ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਹਰ ਕੰਮ ਉਨ੍ਹਾਂ ਦੀ ਸਲਾਹ ਨਾਲ ਹੀ ਕਰਿਆ ਕਰਦੇ ਸਨ) ਵਿੱਚ ਕੋਈ ਸ਼ਰਮ ਮਹਿਸੂਸ ਕਿਉਂ ਨਹੀਂ ਕਰਦੇ?

2) ਸ੍ਰੀ ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ’ਤੇ ਇਲਜ਼ਾਮ ਲਗਾਇਆ ਹੈ ਕਿ ‘‘‘ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਨੇ ਵੀ ਜਥੇਦਾਰ ਬਣ ਕੇ ਆਪਣੇ ਆਪ ਨੂੰ ਰੱਬ ਹੀ ਸਮਝ ਲਿਆ ਸੀ...’’। ਪ੍ਰੋ: ਦਰਸ਼ਨ ਸਿੰਘ ਦੀ ਮਾਨਸਿਕਤਾ ਰੱਬ ਵਰਗੀ ਦਰਸਾਉਣ ਲਈ ਸ੍ਰੀ ਜੋਗਿੰਦਰ ਸਿੰਘ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਉਨ੍ਹਾਂ ਦੀ ਮਰਜ਼ੀ ਖਿਲਾਫ਼ ਪ੍ਰੋ: ਦਰਸ਼ਨ ਸਿੰਘ ਵੱਲੋਂ ‘ਤਨਖ਼ਾਹ’ ਲਗਾਉਣ ਵਾਲੀ ਘਟਨਾ ਦੀ ਮਿਸਾਲ ਪੇਸ਼ ਕੀਤੀ ਹੈ। ਪਰ ਕੀ ਸ੍ਰੀ ਜੋਗਿੰਦਰ ਸਿੰਘ ਇਹ ਦੱਸ ਸਕਦੇ ਹਨ ਕਿ ਕੀ ਸਿਰਫ਼ ਕਿਸੇ ਵਿਅਕਤੀ ਦੇ ਗੱਲ ਵਿੱਚ ‘ਦੋਸ਼ੀ’ ਵਾਲੀ ਤਖ਼ਤੀ ਪਵਾਉਣ ਜਾਂ ਉਸਨੂੰ ਦੋਸ਼ੀ ਸਾਬਿਤ ਕਰਨ ਨਾਲ ਹੀ ਕੋਈ ਵਿਅਕਤੀ ਰੱਬ ਬਣ ਜਾਂਦਾ ਹੈ? ਭਾਰਤ ਦੇ ਲੱਖਾਂ ਪਿੰਡਾਂ ਵਿੱਚੋਂ ਹਰ ਪਿੰਡ ਵਿੱਚ ਕੋਈ ਨਾ ਕੋਈ ਪੰਚਾਇਤ ਜ਼ਰੂਰ ਹੁੰਦੀ ਹੈ ਤੇ ਪੰਚ ਜਨ ਅਕਸਰ ਪਿੰਡ ਵਿੱਚ ਵਾਪਰਨ ਵਾਲੀ ਕਿਸੇ ਮਾੜੀ ਘਟਨਾ ਦੇ ਫਰਿਆਦੀ ਅਤੇ ਆਰੋਪੀ ਦਾ ਪੱਖ ਸੁਣ ਕੇ ਫੈਸਲਾ ਸੁਣਾਉਂਦੇ ਹਨ ਅਤੇ ਜੇਕਰ ਆਰੋਪੀ ਦਾ ਦੋਸ਼ ਸਿੱਧ ਹੋ ਜਾਵੇ ਤਾਂ ਉਸਨੂੰ ਸਾਰੇ ਪਿੰਡ ਸਾਹਮਣੇ ਹੀ ਕੋਈ ਪ੍ਰਤੀਕਾਤਮਕ ਸਜ਼ਾ ਜਾਂ ਜੁਰਮਾਨਾ ਲਗਾਇਆ ਜਾਂਦਾ ਹੈ। ਕੀ ਹਰ ਪਿੰਡ ਦੇ ਪੰਚ / ਸਰਪੰਚ ਆਪਣੇ ਆਪ ਨੂੰ ਰੱਬ ਸਮਝ ਰਹੇ ਹੁੰਦੇ ਹਨ?

ਸ੍ਰੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਬਰਨਾਲਾ ਬਾਰ-ਬਾਰ ਕਹਿ ਰਿਹਾ ਸੀ ਕਿ ‘‘ਮੈਂ ਕੋਈ ਗਲਤੀ ਨਹੀਂ ਕੀਤੀ’’, ਜੋ ਸਰਾਸਰ ਝੂਠ ਹੈ। ਸ੍ਰੀ ਬਰਨਾਲਾ ਨੇ ਆਪਣੀ ਪੇਸ਼ੀ ਦੌਰਾਨ ਖ਼ੁਦ ਨੂੰ ਲਗਾਈ ਗਈ ਤਨਖ਼ਾਹ ਤਾਂ ਚੁਪਚਾਪ ਕਬੂਲ ਕਰ ਲਈ ਸੀ ਪਰ ਇਸ ਤਨਖ਼ਾਹ ਦੇ ਤੌਰ ’ਤੇ ਕੀਤੀ ਗਈ ਸੇਵਾ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਆਪਣੇ ਨਜ਼ਰੀਏ ਵਿੱਚ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਦਾ ਹੁਕਮ ਦੇ ਕੇ ਕੋਈ ਗਲਤੀ ਨਹੀਂ ਕੀਤੀ ਸੀ।

ਸ੍ਰੀ ਜੋਗਿੰਦਰ ਸਿੰਘ ਦਾ ਇਹ ਕਹਿਣਾ ਕਿ ‘‘ਜੇ ਕੋਈ ਆਪਣਾ ਜੁਰਮ ਹੀ ਨਹੀਂ ਮੰਨਦਾ, ਤਾਂ ਉਸਨੂੰ ‘ਸਜ਼ਾ’ ਜਾਂ ‘ਤਨਖ਼ਾਹ’ ਕਿਸ ਗੱਲ ਦੀ’’ ਬੇਹੱਦ ਹਾਸੋਹੀਣੀ ਦਲੀਲ ਹੈ। ਵੱਖ-ਵੱਖ ਕਿਸਮ ਦੇ ਗੁਨਾਹਗਾਰਾਂ ਨੂੰ ਜਦ ਅਦਾਲਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਹਮੇਸ਼ਾ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਇਥੋਂ ਤੱਕ ਕਿ ਜੇਕਰ ਬਲਾਤਕਾਰ ਦਾ ਕੋਈ ਦੋਸ਼ੀ ਵਿਅਕਤੀ ਰੰਗੇ ਹੱਥੀਂ ਵੀ ਫੜਿਆ ਜਾਵੇ ਤਾਂ ਵੀ ਉਹ ਆਪਣਾ ਅਪਰਾਧ ਨਹੀਂ ਮੰਨਦਾ ਬਲਕਿ ਪੀੜਤ ਲੜਕੀ ’ਤੇ ਹੀ ਬਦਚਲਨ ਹੋਣ ਦਾ ਆਰੋਪ ਲਗਾ ਕੇ ਦਲੀਲ ਦਿੰਦਾ ਹੈ ਕਿ ਮੈਂ ਤਾਂ ਇਸ ਲੜਕੀ ਦੀ ਸਹਿਮਤੀ ਨਾਲ ਹੀ ਉਸ ਨਾਲ ਸੰਭੋਗ ਕਰ ਰਿਹਾ ਸੀ। ਕੀ ਅਜਿਹੇ ਦੋਸ਼ੀਆਂ ਨੂੰ ਅਦਾਲਤਾਂ ਸਿਰਫ਼ ਇਸ ਵਾਸਤੇ ਕੋਈ ਸਜ਼ਾ ਨਾ ਦੇਣ ਕਿਉਂਕਿ ਉਹ ਆਪਣਾ ਜੁਰਮ ਨਹੀਂ ਮੰਨਦੇ? ਇਸੇ ਤਰ੍ਹਾਂ, (ਜੇ ਸ੍ਰੀ ਜੋਗਿੰਦਰ ਸਿੰਘ ਦੇ ਤਰਕ ਨੂੰ ਸਹੀ ਮੰਨ ਲਿਆ ਜਾਏ ਤਾਂ) ਜੇਕਰ ਪੁਜਾਰੀ ਵਰਗ ਵੀ ਆਪਣੀਆਂ ਗਲਤੀਆਂ ਨਾ ਮੰਨੇ ਤਾਂ ਵੀ ਉਨ੍ਹਾਂ ਖਿਲਾਫ਼ ਲਿਖਤਾਂ / ਸੰਪਾਦਕੀਆਂ ਕਿਸ ਗੱਲ ਦੀਆਂ?

3) ਇਕ ਪੰਕਤੀ ਵਿੱਚ ਪ੍ਰੋ: ਦਰਸ਼ਨ ਸਿੰਘ ’ਤੇ ਅਕਾਲੀਆਂ ਦੇ ਮਕਸਦ ਪੂਰਨ ਦਾ ਇਲਜ਼ਾਮ ਲਗਾ ਕੇ, ਦੂਜੀ ਹੀ ਪੰਕਤੀ ਵਿੱਚ ਸ੍ਰੀ ਜੋਗਿੰਦਰ ਸਿੰਘ ਸਾਬਕਾ ਮੁੱਖ ਸੇਵਾਦਾਰ ਵੱਲੋਂ ਅਕਾਲੀ ਆਗੂ ਖਿਲਾਫ਼ ਕਾਰਵਾਈ ਨੂੰ ਰੱਬ ਬਣਨਾ ਕਰਾਰ ਦੇ ਰਹੇ ਹਨ, ਤਾਂ ਫਿਰ ਕੀ ਉਹ ਦੱਸ ਸਕਦੇ ਹਨ ਕਿ ਅਖੀਰ ਉਨ੍ਹਾਂ ਦੀ ਸੰਤੁਸ਼ਟੀ ਕਿਸ ਤਰ੍ਹਾਂ ਹੁੰਦੀ - ਸੁਰਜੀਤ ਸਿੰਘ ਬਰਨਾਲਾ ਨੂੰ ਕਲੀਨ-ਚਿੱਟ ਦਿੱਤੇ ਜਾਣ ’ਤੇ? ਇਸ ਤਰ੍ਹਾਂ ਅਨਜਾਣੇ ਵਿੱਚ (ਜ਼ਿਆਦਾ ਸੰਭਾਵਨਾ ਤਾਂ ਇਹ ਹੈ ਕਿ ਜਾਣਬੁੱਝ ਕੇ) ਸ੍ਰੀ ਜੋਗਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਵੱਲੋਂ ਕੀਤੀ ਗਈ ਸਿੱਖ ਪੰਥ ਵਿਰੋਧੀ ਕਾਰਵਾਈ ਨੂੰ ਜਾਇਜ਼ ਠਹਿਰਾਉਣ (ਹਚਤਵਜਖਿ ਕਰਨ) ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ? ਕੀ ਸਿਆਸਤਦਾਨਾਂ ਨੇ ਅਜਿਹੀ ਲਿਖਤਾਂ ਲਿਖਣ ਲਈ ਉਨ੍ਹਾਂ ਦੀ ਕੋਈ ਸੇਵਾ ਤਾਂ ਨਹੀਂ ਕੀਤੀ? ਕਿਧਰੇ ਮਾੜੇ ਸਿਆਸਤਦਾਨ ਨੂੰ ਸਹੀ ਠਹਿਰਾ ਕੇ ਅਤੇ ਚੰਗੇ ਸਿੱਖ ਪ੍ਰਚਾਰਕ ਨੂੰ ਗਲਤ ਠਹਿਰਾ ਕੇ ਸ੍ਰੀ ਜੋਗਿੰਦਰ ਸਿੰਘ ਸਿੱਖ-ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਤਾਂ ਨਹੀਂ ਖੇਡ ਰਹੇ?

4) ਸ੍ਰੀ ਜੋਗਿੰਦਰ ਸਿੰਘ ਨੇ ਅੱਗੇ ਇਲਜ਼ਾਮ ਲਗਾਇਆ ਹੈ ਕਿ ‘‘ਉਸ ਵੇਲੇ ਪ੍ਰੋ: ਦਰਸ਼ਨ ਸਿੰਘ ਇਹੀ ਸਾਬਤ ਕਰਨਾ ਚਾਹੁੰਦੇ ਸਨ ਕਿ ਅਕਾਲੀ ਫੂਲਾ ਸਿੰਘ ਤੋਂ ਬਾਅਦ ਉਹੀ ਸਭ ਤੋਂ ਸ਼ਕਤੀਸ਼ਾਲੀ ਜਥੇਦਾਰ ਹੋਏ ਹਨ...’’। ਇਥੇ ਵੀ ਸ੍ਰੀ ਜੋਗਿੰਦਰ ਸਿੰਘ ਨੇ ਸਤਿਕਾਰਯੋਗ ਪ੍ਰਚਾਰਕ ’ਤੇ ਇਲਜ਼ਾਮ ਲਗਾਉਣ ਦਾ ਅਧਾਰ ਸਿਰਫ਼ ਬਰਨਾਲਾ ਨੂੰ ਥਮਲੇ ਨਾਲ ਬੰਨਣ ਦੀ ਪ੍ਰੋ: ਦਰਸ਼ਨ ਸਿੰਘ ਦੀ ਕਾਰਵਾਈ ਨੂੰ ਬਣਾਇਆ ਹੈ। ਪਰ ਕੀ ਸ੍ਰੀ ਜੋਗਿੰਦਰ ਸਿੰਘ ਇਸ ਤੱਥ ਨੂੰ ਝੁਠਲਾ ਸਕਦੇ ਹਨ ਕਿ ਇਹ ਧਾਰਨਾ ਨਿਰੀ ਉਨ੍ਹਾਂ ਦੇ ਦਿਮਾਗ ਦੀ ਕਲਪਨਾ ਹੈ, ਤੱਥਾਂ ’ਤੇ ਅਧਾਰਿਤ ਕੋਈ ਇਤਿਹਾਸ ਨਹੀਂ। ਖ਼ਾਸਕਰ ਉਸ ਵੇਲੇ ਜਦ ਉਹ ਖ਼ੁਦ ਲਿਖਦੇ ਹਨ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਹੀ ਨਹੀਂ ਸੀ। ਜਦ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਹੀ ਨਹੀਂ ਤਾਂ ਉਹ ਸਭ ਤੋਂ ਸ਼ਕਤੀਸ਼ਾਲੀ ਜਥੇਦਾਰ ਕਿਵੇਂ ਹੋ ਗਿਆ ਅਤੇ ਸੰਪਾਦਕ ਦੀ ਕਲਪਨਾ ਮੁਤਾਬਿਕ ਪ੍ਰੋ: ਦਰਸ਼ਨ ਸਿੰਘ ਦਾ ਉਸ (ਫੂਲਾ ਸਿੰਘ) ਨਾਲ ਕੰਪੀਟੀਸ਼ਨ ਕਿਵੇਂ ਹੋ ਗਿਆ?

5) ਸ੍ਰੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਦੇ ਹੋਂਦ ਵਿੱਚ ਆਉਣ ਨਾਲ ‘‘ਦੁਨੀਆ ਦੇ ਅਤਿ ਆਧੁਨਿਕ ਧਰਮ ਵਿੱਚ ਪੁਜਾਰੀਵਾਦ ਦਾਖ਼ਲ ਹੋ ਗਿਆ’’। ਪਰ ਸ੍ਰੀ ਜੋਗਿੰਦਰ ਸਿੰਘ ਇਹ ਨਹੀਂ ਦੱਸਦੇ ਕਿ ਪੁਜਾਰੀਵਾਦ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੰਘਾਂ ਦੇ ਰੂਪੋਸ਼ ਹੋ ਕੇ ਜੰਗਲਾਂ ਵਿੱਚ ਛੁਪ ਜਾਣ ਸਮੇਂ ਹੀ ਉਦਾਸੀ / ਨਿਰਮਲੇ ਮਹੰਤਾਂ ਰੂਪੀ ਪੁਜਾਰੀਆਂ ਦੇ ਤੌਰ ’ਤੇ ਸਿੱਖ ਧਰਮ ਵਿੱਚ ਦਾਖ਼ਲ ਹੋ ਗਿਆ ਸੀ। ਮੌਜੂਦਾ ਸਮੇਂ ਵਿੱਚ ਸਿੱਖ ਕੌਮ ਵਿੱਚ ਭਖ ਰਹੇ ਬਹੁਤ ਸਾਰੇ ਵਿਵਾਦਾਂ ਦਾ ਬੀਜ ਇਨ੍ਹਾਂ ਹੀ ਪੁਜਾਰੀਆਂ ਵੱਲੋਂ ਬੀਜਿਆ ਗਿਆ ਸੀ। ਇਸ ਦੇ ਇਲਾਵਾ, ਸਿਰਫ਼ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਹੀ ਨਹੀਂ ਬਲਕਿ ਤਨਖ਼ਾਹ ਲੈ ਕੇ ਗੁਰਦਆਰਿਆਂ ਵਿੱਚ ਰੋਜ਼ਾਨਾਂ ਰਹੁ-ਰੀਤਾਂ ਨੂੰ ਸੰਪੂਰਨ ਕਰਨ ਵਾਲਾ ਹਰ ਵਿਅਕਤੀ ਜਿਵੇਂ ਗ੍ਰੰਥੀ, ਸੇਵਾਦਾਰ, ਰਾਗੀ ਅਤੇ ਕਥਾਵਾਚਕ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਅਜਿਹੇ ਵਿੱਚ ਪੁਜਾਰੀਵਾਦ ਦੇ ਦਾਖ਼ਲੇ ਲਈ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਦੋਸ਼ੀ ਠਹਿਰਾਉਣਾ ਕਿਥੋਂ ਤੱਕ ਜਾਇਜ਼ ਹੈ?

6) ਸ੍ਰੀ ਜੋਗਿੰਦਰ ਸਿੰਘ ‘ਸਲਾਹ’ ਰੂਪੀ ਹੁਕਮ ਪੇਸ਼ ਕਰਦਿਆਂ ਅੱਗੇ ਲਿਖਦੇ ਹਨ ਕਿ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਲਈ ਜਾਇਜ਼ ਇਹੀ ਸੀ ਕਿ ਉਹ ਅੱਗੇ ਲੱਗ ਕੇ ‘ਪੁਜਾਰੀਵਾਦ’ ਨੂੰ ਸਿੱਖੀ ਦੀ ਧੌਣ ਤੋਂ ਲਾਹ ਸੁੱਟਣ ਦੇ ਅੰਦੋਲਨ ਦੀ ਅਗਵਾਈ ਸਾਂਭ ਲੈਂਦੇ। ਇਥੋਂ ਉਨ੍ਹਾਂ ਦੇ ਮਨ ਵਿੱਚ ਪ੍ਰੋ: ਦਰਸ਼ਨ ਸਿੰਘ ਪ੍ਰਤੀ ਕੁੜੱਤਨ ਦਾ ਅਧਾਰ ਸਪਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ। ਆਪਣੀਆਂ ਪਿਛਲੀਆਂ ਕਈ ਸੰਪਾਦਕੀਆਂ ਵਿੱਚ ਸ੍ਰੀ ਜੋਗਿੰਦਰ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਉਹ ਕਾਲਾ ਅਫ਼ਗਾਨਾ ਅਤੇ ਖ਼ੁਦ ਨੂੰ ‘ਛੇਕੇ ਜਾਣ’ ਦੇ ਹੁਕਮਨਾਮੇ ਜਾਰੀ ਹੋਣ ਸਮੇਂ ਪ੍ਰੋ: ਦਰਸ਼ਨ ਸਿੰਘ ਵੱਲੋਂ ਉਨ੍ਹਾਂ (ਸ੍ਰੀ ਜੋਗਿੰਦਰ ਸਿੰਘ) ਦੇ ਗੁਟ ਵਿੱਚ ਸ਼ਾਮਲ ਨਾ ਹੋਣ ਕਾਰਨ ਹੀ ਪ੍ਰੋ: ਦਰਸ਼ਨ ਸਿੰਘ ਤੋਂ ਨਰਾਜ਼ ਹਨ। ਹਾਲਾਂਕਿ ਸ੍ਰੀ ਜੋਗਿੰਦਰ ਸਿੰਘ ਇਹ ਤੱਥ ਬਿਆਨ ਨਹੀਂ ਕਰਦੇ ਕਿ ਉਨ੍ਹਾਂ ਦਾ ਕਥਿਤ ਪੁਜਾਰੀਵਾਦ-ਵਿਰੋਧੀ ਅੰਦੋਲਨ ਵੀ ਉਸੇ ਵੇਲੇ ਤੇਜ਼ ਹੋਇਆ ਸੀ, ਜਦ ਉਨ੍ਹਾਂ ਨੂੰ ਖ਼ੁਦ ਇਸ ਦਾ ਸੇਕ ਲੱਗਾ ਸੀ (ਜਾਂ ਫਿਰ ਉਨ੍ਹਾਂ ਨੇ ਪੁਜਾਰੀਵਾਦ ਵਿਰੋਧੀ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਲਈ ਖ਼ੁਦ ਅਜਿਹੇ ਹਾਲਾਤ ਪੈਦਾ ਕੀਤੇ ਸਨ ਕਿ ਉਹ ਵੀ ਆਪਣੇ ਖਿਲਾਫ਼ ਹੁਕਮਨਾਮਾ ਜਾਰੀ ਕਰਵਾ ਕੇ ਮੁਫ਼ਤ ਸ਼ੋਹਰਤ ਪ੍ਰਾਪਤ ਕਰ ਸਕਣ)।

ਫਿਰ, ਨਾ ਤਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਮਸਲੇ ’ਤੇ ਜਬਰਦਸਤੀ ਆਪਣਾ ਸਮਰਥਨ ਕਰਨ ਲਈ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਪ੍ਰੋ: ਦਰਸ਼ਨ ਸਿੰਘ ਦੇ ਰੁਤਬੇ ਦਾ ਪ੍ਰਚਾਰਕ ਕਦੇ ਅਜਿਹਾ ਕਰ ਸਕਦਾ ਸੀ। ਸ਼ਾਇਦ ਪ੍ਰੋ: ਦਰਸ਼ਨ ਸਿੰਘ ਦੀਆਂ ਅਨੁਭਵੀ ਅੱਖਾਂ ਨੇ ਸ੍ਰੀ ਜੋਗਿੰਦਰ ਸਿੰਘ ਦੇ ਹਉਮੈ-ਗ੍ਰਸਤ ਰਵਈਏ ਅਤੇ ਮੌਕਾਪ੍ਰਸਤ ਨੀਤੀਆਂ ਨੂੰ ਪਹਿਲਾਂ ਹੀ ਪਛਾਣ ਲਿਆ ਸੀ, ਜਿਸ ਕਰਕੇ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਸ੍ਰੀ ਜੋਗਿੰਦਰ ਸਿੰਘ ਦੀ ਗੁਟਬਾਜ਼ੀ ਤੋਂ ਦੂਰ ਰਹਿਣ ਦਾ ਨਿਰਣਾ ਲੈ ਲਿਆ।

ਇਹ ਵੀ ਇਕ ਕੌੜੀ ਸੱਚਾਈ ਹੈ ਕਿ ਸ੍ਰੀ ਜੋਗਿੰਦਰ ਸਿੰਘ ਆਪਣੇ ਸਵਾਰਥ ਲਈ ਵਿਦਵਾਨਾਂ / ਪ੍ਰਚਾਰਕਾਂ ਨੂੰ ਜ਼ਾਹਿਰੀ ਤੌਰ ’ਤੇ ਤਾਂ ਅੱਗੇ (ਪਰ ਅਮਲੀ ਤੌਰ ’ਤੇ ਪਿੱਛੇ) ਲਗਾ ਲੈਂਦੇ ਹਨ ਪਰ ਉਨ੍ਹਾਂ ਨੂੰ ਕਿਸੇ ਅੰਦੋਲਨ / ਪ੍ਰੋਗਰਾਮ ਦੀ ਅਸਲ ਅਗਵਾਈ ਸੌਂਪਣ ਦੀ ਬਜਾਏ ਕਠਪੁਤਲੀਆਂ ਦੀ ਤਰ੍ਹਾਂ ਵਰਤ ਕੇ, ਪਰ੍ਹਾਂ ਸੁੱਟ ਦਿੰਦੇ ਹਨ। ਕਾਲਾ ਅਫ਼ਗਾਨਾ ਵਿਵਾਦ ਦੌਰਾਨ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਲਈ ਸ੍ਰੀ ਜੋਗਿੰਦਰ ਸਿੰਘ ਨੇ ਭਾਈ ਰਜਿੰਦਰ ਸਿੰਘ ਖ਼ਾਲਸਾ ਪੰਚਾਇਤ, ਪ੍ਰੋ: ਗੁਰਤੇਜ ਸਿੰਘ (ਸਾਬਕਾ ਪ੍ਰੋਫੈਸਰ ਆਫ਼ ਸਿੱਖਇਜ਼ਮ) ਆਦਿਕ ਲਿਖਾਰੀਆਂ ਨੂੰ ਤਾਂ ਖੂਬ ਵਰਤਿਆ ਪਰ ਸਿੱਖਾਂ ਤੋਂ ਮਿਲ ਰਹੇ ਹੁੰਗਾਰੇ ਨੂੰ ਆਪਣੇ ਪੱਖ ਵਿੱਚ ਕੈਸ਼ ਕਰਨ ਲਈ ਛੇਤੀ ਹੀ ਇਨ੍ਹਾਂ ਵਿਦਵਾਨਾਂ ਨੂੰ ਜ਼ਲੀਲ ਕਰਕੇ ਆਪਣੇ ਰਸਾਲੇ ’ਚੋਂ ਬਲੈਕ-ਲਿਸਟ ਕਰ ਦਿੱਤਾ। ਅਖ਼ਬਾਰ ਅਰੰਭ ਹੋਣ ’ਤੇ ਪੰਥ ’ਚੋਂ ਛੇਕੇ ਗਏ ਸੰਪਾਦਕ ਦੀ ਅਖ਼ਬਾਰ ਦੀ ਦਿੱਕਤ ਤੋਂ ਬਚਣ ਲਈ ਸ੍ਰੀ ਜੋਗਿੰਦਰ ਸਿੰਘ ਨੇ ਕੁਝ ਸਮਾਂ ਗੁਰੂ ਨਾਨਕ ਯੂਨਿਵਰਸਿਟੀ ਦੇ ਡਾ: ਗੁਰਸ਼ਰਨਜੀਤ ਸਿੰਘ ਨੂੰ ਜ਼ਾਹਿਰੀ ਤੌਰ ’ਤੇ ਅਖ਼ਬਾਰ ਦਾ ਸੰਪਾਦਕ ਬਣਾ ਦਿੱਤਾ ਪਰ ਅਮਲੀ ਤੌਰ ’ਤੇ ਅਖ਼ਬਾਰ ਦੀ ਹਰ ਅੰਸ਼ ’ਤੇ ਆਪਣਾ ਹੀ ਕਾਬੂ ਰੱਖਣਾ ਚਾਹਿਆ। ਜਦ ਡਾ: ਗੁਰਸ਼ਰਨਜੀਤ ਸਿੰਘ ਨੇ ਸਪੋਕਸਮੈਨ ਨੂੰ ਸਿੱਖਾਂ ਲਈ ਵੱਧ ਤੋਂ ਵੱਧ ਲਾਭਦਾਇਕ ਬਣਾਉਣ ਲਈ ਆਪਣੇ ਅਨੁਭਵ ਦੇ ਅਧਾਰ ’ਤੇ ਕੁਝ ਕਾਰਵਾਈਆਂ ਕਰਨੀਆਂ ਚਾਹੀਆਂ, ਤਾਂ ਉਨ੍ਹਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹੀ ਵਰਤਾਰਾ ਸਪੋਕਸਮੈਨ ਦੇ ਖ਼ਾਸ ਸਮਰਥਕਾਂ / ਪੱਤਰਕਾਰਾਂ ਜਿਵੇਂ ਅਮਰਜੀਤ ਸਿੰਘ ਚੰਦੀ (ਜੋ ਆਸਾ ਦੀ ਵਾਰ ਦੀ ਨਿਵੇਕਲੀ ਵਿਆਖਿਆ ਕਾਰਨ ਕਾਫੀ ਸ਼ੋਹਰਤ ਪ੍ਰਾਪਤ ਕਰ ਰਹੇ ਸਨ), ਕ੍ਰਿਪਾਲ ਸਿੰਘ ਬਠਿੰਡਾ, ਦਲੀਪ ਸਿੰਘ ਕਸ਼ਮੀਰੀ, ਗੁਰਨਾਮ ਸਿੰਘ ਅਕੀਦਾ ਆਦਿ ਨਾਲ ਅਪਣਾਇਆ ਗਿਆ।

ਸਪਸ਼ਟ ਹੈ ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਵੀ ਜਜ਼ਬਾਤੀ ਹੋ ਕੇ ਜੋਗਿੰਦਰ ਸਿੰਘ ਦੇ ਗੁੱਟ ਵਿੱਚ ਸ਼ਾਮਲ ਹੋ ਜਾਂਦੇ ਤਾਂ ਦੇਰ-ਸਵੇਰ ਉਨ੍ਹਾਂ ਦਾ ਹਸ਼ਰ ਵੀ ਇਹੀ ਹੋਣਾ ਸੀ। ਸ਼ਾਇਦ ਸ੍ਰੀ ਜੋਗਿੰਦਰ ਸਿੰਘ ਨੂੰ ਹਾਲਾਂ ਵੀ ਅਫ਼ਸੋਸ ਹੈ ਕਿ ਪ੍ਰੋ: ਦਰਸ਼ਨ ਸਿੰਘ ਉਨ੍ਹਾਂ ਦੇ ਤਿਕੜਮੀ ਜਾਲ ਵਿੱਚ ਫਸ ਕੇ ਸਪੋਕਸਮੈਨ ਲਈ ਹੋਰ ਵਧੇਰੇ ਦਾਨਕਰਤਾ ਅਤੇ ਇਸ਼ਤਿਹਾਰ-ਦਾਤਾ ਪ੍ਰਦਾਨ ਕਰਨ ਦਾ ਸਾਧਨ ਕਿਉਂ ਨਹੀਂ ਬਣੇ। ਇਸੇਲਈ ਕੁੰਠਾਗ੍ਰਸਤ ਹੋ ਕੇ ਉਹ ਪ੍ਰੋ: ਦਰਸ਼ਨ ਸਿੰਘ ਦੇ ਪੁਜਾਰੀਵਾਦ ਵਿਰੋਧੀ ਕਥਿਤ ਅੰਦੋਲਨ ਵਿੱਚ ਸ਼ਾਮਲ ਨਾ ਹੋਣ ਦਾ ਇਲਜ਼ਾਮ ਲਗਾ ਰਹੇ ਹਨ।

7) ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਦੇ ਮਕਸਦ ਦੀ ਪੂਰਤੀ ਲਈ ਸ੍ਰੀ ਜੋਗਿੰਦਰ ਸਿੰਘ ਟਿਚਕਰ ਕਰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਇਕ ਪਾਸੇ ਤਾਂ ਪੁਜਾਰੀਵਾਦ ਦਾ (ਅਕਾਲ ਤਖ਼ਤ ’ਤੇ ਪੇਸ਼ ਹੋਣ ਦਾ) ਹੁਕਮ ਮੰਨ ਰਹੇ ਹਨ ਅਤੇ ਦੂਜੇ ਪਾਸੇ ਪੁਜਾਰੀਆਂ ਅੱਗੇ (ਸਕੱਤਰੇਤ ਵਿੱਚ) ਪੇਸ਼ ਨਾ ਹੋਣ ਦੀ ਗੱਲ ਵੀ ਕਰ ਰਹੇ ਹਨ। ਪਰ ਆਪਣੀ ਗੱਲ ਨੂੰ ਅਕੱਟ ਅਤੇ ਸਰਬੋਤਮ ਸਮਝਣ ਵਾਲੇ ਸੰਪਾਦਕ ਜੀ ਇਸ ਨੁਕਤੇ ਵੱਲ ਧਿਆਨ ਨਹੀਂ ਦਿੰਦੇ (ਜਾਂ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ) ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਤਖ਼ਤਾਂ ਦੇ ਪੁਜਾਰੀਆਂ ਸਾਹਮਣੇ ਆਪਣਾ ਸਪਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੰਦੇ ਤਾਂ ਦਸਮ-ਗ੍ਰੰਥ ਸਮਰਥਕ ਲਾਬੀ ਨੇ ਉਨ੍ਹਾਂ ਨੂੰ ਡਰਪੋਕ, ਕਾਇਰ, ਭਗੌੜਾ ਕਹਿ ਕੇ ਬਦਨਾਮ ਕਰਨਾ ਸੀ (ਜਦ ਪ੍ਰੋ: ਦਰਸ਼ਨ ਸਿੰਘ ਨੂੰ ਇੰਟਰਨੈ¤ਟ ’ਤੇ ਗੁੰਮਨਾਮ ਕਿਸਮ ਦੀ ਚੁਣੌਤੀ ਜਾਰੀ ਕਰਕੇ ਤਖ਼ਤ ਦਮਦਮਾ ਸਾਹਿਬ ਵਿਖੇ ਦਸਮ ਗ੍ਰੰਥ ਦੇ ਸਿੱਖਾਂ ਦੀ ਜੁੰਡਲੀ ਨਾਲ ਬਹਿਸ ਕਰਨ ਲਈ ‘ਚੁਣੌਤੀ’ ਦਿੱਤੀ ਗਈ ਸੀ, ਤਾਂ ਪ੍ਰੋ: ਦਰਸ਼ਨ ਸਿੰਘ ਵੱਲੋਂ ਉਥੇ ਨਾ ਜਾਣ ਉਪਰੰਤ ਵੀ ਇਹੀ ਕੁਝ ਕੀਤਾ ਗਿਆ ਸੀ।) ਅਤੇ ਤੱਥਾਂ ਤੋਂ ਅਨਜਾਣ ਆਮ ਲੋਕਾਂ ਨੇ ਵੀ ਇਹੀ ਸਮਝਣਾ ਸੀ ਕਿ ਪ੍ਰੋ: ਦਰਸ਼ਨ ਸਿੰਘ ਨੇ ਜ਼ਰੂਰ ਕੋਈ ਗਲਤੀ ਕੀਤੀ ਹੋਣੀ ਹੈ, ਜਿਸ ਤੋਂ ਡਰਦਿਆਂ ਉਹ ਅਕਾਲ ਤਖ਼ਤ ਸਾਹਿਬ ਜਾਣ ਤੋਂ ਇਨਕਾਰੀ ਹੋ ਗਏ। ਸੋ ਸਪਸ਼ਟ ਹੈ ਕਿ ਹਾਲਾਤ ਦੇ ਮੱਦੇਨਜ਼ਰ ਪ੍ਰੋ: ਦਰਸ਼ਨ ਸਿੰਘ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਬਿਲਕੁਲ ਵਾਜਿਬ ਫੈਸਲਾ ਹੈ।

ਫਿਰ, ਜੇਕਰ ਪ੍ਰੋ: ਦਰਸ਼ਨ ਸਿੰਘ ਪੁਜਾਰੀਆਂ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲੇ ਸਿੱਖ, ਪੁਜਾਰੀਆਂ ਦੇ ਫਤਵੇ ਦੇ ਬਹਾਣੇ ਉਨ੍ਹਾਂ ਦੇ ਕੀਰਤਨ ਦਰਬਾਰਾਂ ਵਿੱਚ ਰੌਲਾ-ਰੱਪਾ ਪਾਉਂਦੇ ਰਹਿਣਗੇ (ਜਿਵੇਂ ਕਿ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਪਿਛਲੇ ਦਿਨੀਂ ਪ੍ਰੋ: ਦਰਸ਼ਨ ਸਿੰਘ ਦੇ ਇਕ ਕੀਰਤਨ ਦਰਬਾਰ ਵਿੱਚ ਕੀਤਾ ਗਿਆ ਸੀ)। ਇਸ ਨਾਲ ਦਸਮ ਗ੍ਰੰਥ ਦੀਆਂ ਗੁਰਮਤਿ-ਵਿਰੋਧੀ ਲਿਖਤਾਂ ਵਿਰੁੱਧ ਸਫਲਤਾ ਨਾਲ ਚੱਲ ਰਹੀ ਪ੍ਰੋ: ਦਰਸ਼ਨ ਸਿੰਘ ਦੀ ਮੁਹਿੰਮ ਬਿਲਕੁਲ ਠੱਪ ਹੋ ਜਾਏਗੀ ਅਤੇ ਸਿੱਖਾਂ ਵਿੱਚ ਦਸਮ ਗ੍ਰੰਥ ਦੀ ਸਮੱਸਿਆ ਬਾਰੇ ਵਿਚਾਰ-ਚਰਚਾ ਮੱਠੀ ਪੈ ਜਾਏਗੀ। ਕੀ ਸ੍ਰੀ ਜੋਗਿੰਦਰ ਸਿੰਘ ਚਾਹੁੰਦੇ ਹਨ ਕਿ ਦਸਮ ਗ੍ਰੰਥ ਵਿਰੁੱਧ ਇਸ ਅਨੁਭਵੀ ਪ੍ਰਚਾਰਕ ਦੀ ਮੁਹਿੰਮ ਬੰਦ ਹੋ ਜਾੲ ਅਤੇ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਟੁੱਟ ਕੇ ਬਿਪਰਵਾਦੀ ਗ੍ਰੰਥ ਦੀ ਵਿਚਾਰਧਾਰਾ ਦੇ ਸ਼ਿਕਾਰ ਹੋ ਜਾਣ ਦਾ ਰਸਤਾ ਖੁੱਲ ਜਾਏ? ਕਿਧਰੇ ਜੋਗਿੰਦਰ ਸਿੰਘ ਇਹ ਤਾਂ ਨਹੀਂ ਚਾਹੁੰਦੇ ਕਿ ਦਸਮ ਗ੍ਰੰਥ ਵਿਰੋਧੀ ਮੁਹਿੰਮ ਦੇ ‘ਹੀਰੋ’ ਉਨ੍ਹਾਂ ਨੂੰ ਹੀ ਮੰਨਿਆ ਜਾਂਦਾ ਰਹੇ ਅਤੇ ਪ੍ਰੋ: ਦਰਸ਼ਨ ਸਿੰਘ ਵਰਗੇ ਪ੍ਰਚਾਰਕ ਨੂੰ ਇਸ ਲਹਿਰ ਵਿੱਚੋਂ ਬਿਲਕੁਲ ਬਾਹਰ ਕੱਢ ਦਿੱਤਾ ਜਾਵੇ? ਕਿਧਰੇ ਜੋਗਿੰਦਰ ਸਿੰਘ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ’ਤੇ ਪੇਸ਼ ਨਾ ਹੋਣ ਲਈ ਉਕਸਾ ਕੇ ਪੁਜਾਰੀਆਂ ਅਤੇ ਦਸਮ ਗ੍ਰੰਥੀਆਂ ਦੀ ਸਫਲਤਾ ਦਾ ਰਾਹ ਤਾਂ ਪੱਧਰਾ ਨਹੀਂ ਕਰ ਰਹੇ?

8) ਪ੍ਰੋ: ਦਰਸ਼ਨ ਸਿੰਘ ਚਾਹੁੰਦੇ ਹਨ ਕਿ ਪੁਜਾਰੀ ਉਨ੍ਹਾਂ ਦੇ ਕਥਾ-ਕੀਰਤਨ ਸਬੰਧੀ ਇਲਜ਼ਾਮ ਅਕਾਲ ਤਖ਼ਤ ਦੇ ਵਿਹੜੇ ਵਿੱਚ ਮੌਜੂਦ ਸੰਗਤ ਸਾਹਮਣੇ ਪੇਸ਼ ਕਰਨ ਅਤੇ ਉਹ ਸੰਗਤ ਸਾਹਮਣੇ ਹੀ ਉਨ੍ਹਾਂ ਦੇ ਉ¤ਤਰ ਦੇਣ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣ ਕੇ ਸੰਗਤ ਖ਼ੁਦ ਹੀ ਇਹ ਨਿਰਣਾ ਕਰ ਪਾਏਗੀ ਕਿ ਪ੍ਰੋ: ਦਰਸ਼ਨ ਸਿੰਘ ’ਤੇ ਲਗਾਏ ਗਏ ਇਲਜ਼ਾਮ ਕਿੰਨੇ ਕੁ ਸੱਚੇ ਹਨ ਅਤੇ ਇਸ ਪਾਰਦਰਸ਼ੀ ਤਰੀਕੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਅਕਾਲ ਤਖ਼ਤ ਸਾਹਿਬ ’ਤੇ ਪ੍ਰੋ: ਦਰਸ਼ਨ ਸਿੰਘ ਦੇ ਕਾਰਜਕਾਲ ਦੌਰਾਨ ਵੀ ਇਹੀ ਪ੍ਰਣਾਲੀ ਅਪਣਾਈ ਜਾਂਦੀ ਦੱਸੀ ਜਾਂਦੀ ਹੈ। ਇਸਲਈ ਸ੍ਰੀ ਜੋਗਿੰਦਰ ਸਿੰਘ ਦਾ ਇਹ ਇਲਜ਼ਾਮ ਕਿ ਵਿਹੜੇ ਵਿੱਚ ਬੈਠਣ ’ਤੇ ਉਨ੍ਹਾਂ ’ਤੇ ਮਰਿਆਦਾ ਭੰਗ ਕਰਨ ਦਾ ਇਲਜ਼ਾਮ ਲਗਾਇਆ ਜਾਏਗਾ, ਜਿਸਦਾ ਕੋਈ ਜਵਾਬ ਨਹੀਂ ਹੋਵੇਗਾ, ਬਿਲਕੁਲ ਨਿਰਾਧਾਰ ਹੈ। ਕੀ ਅਕਾਲ ਤਖ਼ਤ ਦੇ ਵਿਹੜੇ ਵਿੱਚ ਆਮ ਦਿਨਾਂ ਵਿੱਚ ਜਿਹੜੀ ਸੰਗਤ ਬੈਠਦੀ ਹੈ, ਉਹ ਮਰਿਆਦਾ ਭੰਗ ਕਰ ਰਹੀ ਹੁੰਦੀ ਹੈ, ਜੋ ਪ੍ਰੋ: ਦਰਸ਼ਨ ਸਿੰਘ ਦੇ ਉ¤ਥੇ ਬੈਠਣ ਨਾਲ ਮਰਿਆਦਾ ਭੰਗ ਹੋ ਜਾਵੇਗੀ?

ਪ੍ਰੋ: ਦਰਸ਼ਨ ਸਿੰਘ ਵੱਲੋਂ ਵਿਹੜੇ ਵਿੱਚ ਪੇਸ਼ ਹੋ ਕੇ ਮਰਿਆਦਾ ਭੰਗ ਕਰਨ ਵਾਲੀ ਆਪਣੀ ਦਲੀਲ ਨੂੰ ਜਾਇਜ਼ ਠਹਿਰਾਉਣ ਲਈ ਸ੍ਰੀ ਜੋਗਿੰਦਰ ਸਿੰਘ ਕਹਿੰਦੇ ਹਨ ਕਿ ਕਚਹਿਰੀ ਵਿੱਚ ਪੇਸ਼ ਹੋਣ ਵਾਲੇ ਆਰੋਪੀ ਨੂੰ ਉ¤ਥੇ ਹੀ ਜਾਣਾ ਪੈਂਦਾ ਹੈ, ਜਿਥੇ ਜੱਜ ਬੈਠਿਆ ਹੋਵੇ। ਪਰ ਸ੍ਰੀ ਜੋਗਿੰਦਰ ਸਿੰਘ ਇਹ ਨਹੀਂ ਸਮਝਦੇ (ਜਾਂ ਸਮਝਣਾ ਚਾਹੁੰਦੇ) ਕਿ ਅਦਾਲਤਾਂ ਦੇ ਜੱਜ ਮਾਮਲੇ ਦੀ ਸੁਣਵਾਈ ਸਾਰੀ ਜਨਤਾ ਦੇ ਸਾਹਮਣੇ ਕਰਦੇ ਹਨ, ਬੰਦ ਕਮਰਿਆਂ ਵਿੱਚ ਨਹੀਂ। ਇਸਲਈ ਤਖ਼ਤਾਂ ਦੇ ਪੁਜਾਰੀਆਂ ਦੇ ‘‘ਸਕੱਤਰੇਤ’’ ਦੀ, ਕਾਨੂੰਨੀ ਅਦਾਲਤਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਫਿਰ, ਅਜਿਹੀ ਦਲੀਲ (ਭਾਵੇਂ ਕੱਚੀ ਹੀ ਸਹੀ) ਦੇ ਕੇ ਕੀ ਸ੍ਰੀ ਜੋਗਿੰਦਰ ਸਿੰਘ ਪੰਥ ਦੀ ਸੇਵਾ ਕਰ ਰਹੇ ਹਨ ਜਾਂ ਪੁਜਾਰੀਆਂ ਦਾ ਪੱਖ ਪੂਰ ਰਹੇ ਹਨ? ਕਿਧਰੇ ਉਹ ਪੁਜਾਰੀਆਂ ਨੂੰ ਪ੍ਰੋ: ਦਰਸ਼ਨ ਸਿੰਘ ਨੂੰ ਸਕੱਤਰੇਤ ਵਿੱਚ ਆਉਣ ਲਈ ਦਬਾਅ ਬਣਾਉਣ ਦੇ ਬਹਾਨੇ ਤਾਂ ਨਹੀਂ ਸੁਝਾਅ ਰਹੇ?

9) ਸ੍ਰੀ ਜੋਗਿੰਦਰ ਸਿੰਘ ਦੀ ਇਹ ਦਲੀਲ ਕਿ ਜੇਕਰ ਲੱਠਮਾਰ (ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਾਂ ਦਸਮ ਗ੍ਰੰਥੀਏ) ਪ੍ਰੋ: ਦਰਸ਼ਨ ਸਿੰਘ ’ਤੇ ਹਮਲਾ ਕਰਦੇ ਹਨ ਤਾਂ ਇਸਲਈ ਉਹ ਖ਼ੁਦ ਹੀ ਦੋਸ਼ੀ ਹੋਣਗੇ, ਬਹੁਤ ਹੀ ਹੋਛੀ ਅਤੇ ਤਰਕ-ਵਿਹੀਨ ਹੈ। ਪੁਜਾਰੀਆਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਹੈ, ਸਕੱਤਰੇਤ ਵਿੱਚ ਜਾ ਕੇ ਸਪਸ਼ਟੀਕਰਨ ਦੇਣ ਦੀ ਕੋਈ ਅਗਾਊਂ ਸ਼ਰਤ ਨਹੀਂ ਰੱਖੀ ਗਈ। ਇਸ ਲਈ ਪ੍ਰੋ: ਦਰਸ਼ਨ ਸਿੰਘ ਨੂੰ ਪੂਰਾ ਅਧਿਕਾਰ ਹੈ ਕਿ ਉਹ ਪੁਜਾਰੀਆਂ ਤੋਂ ਮੰਗ ਕਰਨ ਕਿ ਉਨ੍ਹਾਂ ਦਾ ਸਪਸ਼ਟੀਕਰਨ ਅਕਾਲ ਤਖ਼ਤ ਦੇ ਵਿਹੜੇ ਵਿੱਚ ਸੰਗਤਾਂ ਸਾਹਮਣੇ ਸੁਣਿਆ ਜਾਵੇ। ਪੁਜਾਰੀ ਵੀ ਸੰਗਤਾਂ ਨੂੰ ਅਜਿਹਾ ਕੋਈ ਕਾਰਨ ਨਹੀਂ ਦੱਸ ਸਕਦੇ ਕਿ ਉਹ ਪਾਰਦਰਸ਼ੀ ਢੰਗ ਨਾਲ, ਸੰਗਤਾਂ ਸਾਹਮਣੇ ਪ੍ਰੋ: ਦਰਸ਼ਨ ਸਿੰਘ ਦਾ ਪੱਖ ਕਿਉਂ ਨਹੀਂ ਸੁਣ ਸਕਦੇ। ਪ੍ਰੋ: ਦਰਸ਼ਨ ਸਿੰਘ ਦੀ ਇਸ ਸਾਰਥਕ ਅਤੇ ਲੋਕ-ਜਾਗ੍ਰਿਤੀ ਵਾਲੀ ਨੀਤੀ ਨੂੰ ‘ਮਨਮਰਜ਼ੀ’ ਕਹਿ ਕੇ ਭੰਡਣ ਅਤੇ ਦਸਮ ਗ੍ਰੰਥੀਆਂ ਵੱਲੋਂ ਪ੍ਰੋਫੈਸਰ ’ਤੇ ਹਮਲਾ ਕਰਨ ਲਈ ਪਹਿਲਾਂ ਹੀ ਇਕ ਬਹਾਨਾ ਤਿਆਰ ਕਰਕੇ ਦੇਣ ਨਾਲ ਸ੍ਰੀ ਜੋਗਿੰਦਰ ਸਿੰਘ ਕਿਹੜੀ ਪੰਥਕ ਸੇਵਾ ਕਰ ਰਹੇ ਹਨ? ਪ੍ਰੋ: ਦਰਸ਼ਨ ਸਿੰਘ (ਜਾਂ ਪੁਜਾਰੀਆਂ ਨੂੰ ਸਪਸ਼ਟੀਕਰਨ ਦੇਣ ਗਏ ਕਿਸੇ ਵੀ ਹੋਰ ਸਿੱਖ) ’ਤੇ ਹਮਲਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਹੀ ਦੋਸ਼ੀ ਕਿਵੇਂ ਮੰਨਿਆ ਜਾ ਸਕਦਾ ਹੈ? ਕੀ ਜੋਗਿੰਦਰ ਸਿੰਘ ਚਾਹੁੰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਪੁਜਾਰੀਆਂ ਸਾਹਮਣੇ ਆਤਮ-ਸਮਰਪਣ ਕਰ ਦੇਣ ਅਤੇ ਹਮੇਸ਼ਾ ਲਈ ਚੇਤੰਨ ਸਿੱਖ ਸੰਗਤਾਂ ਵਿੱਚ ਬਦਨਾਮ ਹੋ ਜਾਣ?

10) ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਸਬੰਧੀ ਫੈਸਲੇ ਦੇ ਉਲਟ ਉਕਸਾਉਣ ਲਈ ਸ੍ਰੀ ਜੋਗਿੰਦਰ ਸਿੰਘ ਲਿਖਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੂੰ ਚਾਹੀਦਾ ਸੀ ਕਿ ਉਹ ਗਿ: ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤੇ ਗਏ ਇਸ ਫਤਵੇ ਕਿ ਅਕਾਲ ਤਖ਼ਤ ਦੇ ਕਿਸੇ ਮੌਜੂਦਾ ਜਾਂ ਸਾਬਕਾ ਜਥੇਦਾਰ (ਮੁੱਖ ਸੇਵਾਦਾਰ) ਨੂੰ ਕਿਸੇ ਤਖ਼ਤ ਸਾਹਿਬ ’ਤੇ ਸਪਸ਼ਟੀਕਰਨ ਵਾਸਤੇ ਤਲਬ ਨਹੀਂ ਕੀਤਾ ਜਾ ਸਕਦਾ, ਨੂੰ ਅਧਾਰ ਬਣਾ ਕੇ ਉਥੇ ਜਾਣ ਤੋਂ ਇਨਕਾਰ ਕਰ ਦਿੰਦੇ ਅਤੇ ਪੁਜਾਰੀਆਂ ਨੂੰ ਕਹਿੰਦੇ ਕਿ ਪਹਿਲਾਂ ਉਹ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ। ਪਰ ਸ੍ਰੀ ਜੋਗਿੰਦਰ ਸਿੰਘ ਇਸ ਸਪਸ਼ਟ ਤੱਥ ਤੋਂ ਘੇਸਲ ਵੱਟਣ ਦੀ ਕੋਸ਼ਿਸ਼ ਕਰਦੇ ਹਨ ਕਿ ਆਪਣੇ ਲਾਭ ਲਈ ਪੁਜਾਰੀ ਆਪਣੇ ਹੀ ਕਿਸੇ ਭਾਈਬੰਦ ਵੱਲੋਂ ਜਾਰੀ ਕੀਤੇ ਗਏ ਕਿਸੇ ਵੀ ਹੁਕਮਨਾਮੇ/ਮਤੇ ਨੂੰ ਰੱਦ ਕਰ ਸਕਦੇ ਹਨ। ਜਿਵੇਂ ਗਿ: ਜੋਗਿੰਦਰ ਸਿੰਘ ਵੇਦਾਂਤੀ ਨੇ ਮੁੱਖ ਸੇਵਾਦਾਰ ਬਣਦਿਆਂ ਹੀ ਗਿ: ਪੂਰਨ ਸਿੰਘ ਵੱਲੋਂ ਬੀਬੀ ਜਗੀਰ ਕੌਰ ਨੂੰ ਪੰਥ ’ਚੋਂ ਛੇਕਣ ਦਾ ਹੁਕਮਨਾਮਾ ਰੱਦ ਕਰ ਦਿੱਤਾ ਸੀ। ਮੌਜੂਦਾ ਜਾਂ ਸਾਬਕਾ ਜਥੇਦਾਰ ਨੂੰ ਤਖ਼ਤ ਸਾਹਿਬ ’ਤੇ ਤਲਬ ਨਾ ਕੀਤੇ ਜਾ ਸਕਣ ਵਾਲਾ ਹੁਕਮਨਾਮਾ ਵੀ ਗਿ: ਵੇਦਾਂਤੀ ਨੇ ਪਟਨਾ ਸਾਹਿਬ ਦੇ ਮੁੱਖ ਪੁਜਾਰੀ ਗਿ: ਇਕਬਾਲ ਸਿੰਘ ਵੱਲੋਂ ਆਪਣੇ ਖਿਲਾਫ਼ ਸੰਭਾਵਿਤ ਕਾਰਵਾਈ ਤੋਂ ਬਚਣ ਲਈ ਜਾਰੀ ਕੀਤਾ ਸੀ। ਇਸਲਈ ਮੌਜੂਦਾ ਸਮੇਂ ਵਿੱਚ ਪੁਜਾਰੀਆਂ ਵੱਲੋਂ ਇਸ ਹੁਕਮਨਾਮੇ ਨੂੰ ਰੱਦਾ ਕਰਨਾ / ਵਾਪਸ ਲੈਣਾ ਕੁਝ ਵੀ ਔਖਾ ਨਹੀਂ ਸੀ। ਜੇਕਰ ਤਖ਼ਤਾਂ ਦੇ ਪੁਜਾਰੀ, ਪ੍ਰੋ: ਦਰਸ਼ਨ ਸਿੰਘ ਦੀ ਮੰਗ ’ਤੇ ਇਹ ਹੁਕਮਨਾਮਾ ਵਾਪਸ ਲੈ ਕੇ ਫਿਰ ਉਨ੍ਹਾਂ ਨੂੰ ਪੇਸ਼ ਹੋਣ ਲਈ ਕਹਿ ਦਿੰਦੇ ਤਾਂ ਇਸ ਵਿੱਚ ਸਾਬਕਾ ਮੁੱਖ ਸੇਵਾਦਾਰ ਦੀ ਕੀ ਇੱਜ਼ਤ ਰਹਿ ਜਾਂਦੀ? ਉਨ੍ਹਾਂ ਤੋਂ ਵੀ ਜ਼ਿਆਦਾ, ਅਜਿਹੀ ਹੋਛੀ ਦਲੀਲ ਦੇਣ ਵਾਲੇ ਸ੍ਰੀ ਜੋਗਿੰਦਰ ਸਿੰਘ ਦੀ ਕੀ ਇੱਜ਼ਤ ਰਹਿ ਜਾਂਦੀ?

ਫਿਰ, ਹਮੇਸ਼ਾ ਡੱਟ ਕੇ ਸੱਚ ’ਤੇ ਪਹਿਰਾ ਦੇਣ ਦੇ ਫੋਕੇ ਨਾਅਰੇ ਲਗਾਉਣ ਵਾਲੇ ਸੰਪਾਦਕ ਜੀ ਝੂਠੇ ਬਹਾਨਿਆਂ ਦੇ ਅਧਾਰ ’ਤੇ ਸਪਸ਼ਟੀਕਰਨ ਦੇਣ ਤੋਂ ਬਚਣ ਦੀ ਨੀਤੀ ਅਪਣਾਉਣ ਦੀ ਵਕਾਲਤ ਕਿਸ ਅਧਾਰ ’ਤੇ ਕਰ ਰਹੇ ਹਨ? ਅਜਿਹੇ ਬਹਾਨਿਆਂ ਦੇ ਅਧਾਰ ’ਤੇ ਪੁਜਾਰੀਆਂ ਸਾਹਮਣੇ ਪੇਸ਼ੀ ਤੋਂ ਬਚਣ ਦੀ ਕੁਝ ਸੰਭਾਵਨਾ ਤਾਂ ਹੋ ਸਕਦੀ ਸੀ, ਪਰ ਕੀ ਇਸ ਨਾਲ ਆਮ ਸੰਗਤਾਂ ਦੇ ਮਨਾਂ ਵਿੱਚ ਪ੍ਰੋ: ਦਰਸ਼ਨ ਸਿੰਘ ਪ੍ਰਤੀ ਉਪਜੇ ਸ਼ੰਕਿਆਂ ਦਾ ਨਿਵਾਰਨ ਹੋ ਜਾਣਾ ਸੀ? ਕੀ ਇਸਦੇ ਲਈ ਬਿਹਤਰ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਪੁਰਾਣੇ ਹੁਕਮਨਾਮਿਆਂ ਦੇ ਬਹਾਨੇ ਆਪਣਾ ਮੂੰਹ ਲੁਕਾਉਣ ਦੀ ਬਜਾਏ ਦਲੇਰੀ ਨਾਲ ਸਾਰੀ ਸਿੱਖ ਸੰਗਤ ਸਾਹਮਣੇ ਆਪਣਾ ਸਪਸ਼ਟੀਕਰਨ ਦੇਣ?

11) ਸ੍ਰੀ ਜੋਗਿੰਦਰ ਸਿੰਘ ਹਾਸੋਹੀਣੀ ਦਲੀਲ ਦਿੰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਦੀ ਪੇਸ਼ੀ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਹਿੰਸਕ ਵਾਰਦਾਤ ਹੋ ਸਕਦੀ ਹੈ। ਇਸਲਈ ਪ੍ਰੋ: ਦਰਸ਼ਨ ਸਿੰਘ ਨੂੰ ਪੁਜਾਰੀਆਂ ਸਾਹਮਣੇ ਪੇਸ਼ ਨਹੀਂ ਹੋਣਾ ਚਾਹੀਦਾ। ਪਰ ਸਵਾਲ ਇਹ ਹੈ ਕਿ ਜੇਕਰ 5 ਦਸੰਬਰ ਨੂੰ ਪ੍ਰੋ: ਦਰਸ਼ਨ ਸਿੰਘ ’ਤੇ ਹਮਲਾ ਹੋਣ ਜਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਰ ਕੋਈ ਹਿੰਸਕ ਵਾਰਦਾਤ ਵਾਪਰਨ ਦੀ ਸ਼ੰਕਾ ਹੈ, ਤਾਂ ਇਸ ਵਿੱਚ ਪ੍ਰੋ: ਦਰਸ਼ਨ ਸਿੰਘ ਕੀ ਕਰ ਸਕਦੇ ਹਨ। ਇਹ ਤਾਂ ਪੁਜਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਾਲਾਤ ਦੇ ਮੱਦੇਨਜ਼ਰ ਪ੍ਰੋ: ਦਰਸ਼ਨ ਸਿੰਘ ਨੂੰ ਨਿਜੀ ਤੌਰ ’ਤੇ ਅਕਾਲ ਤਖ਼ਤ ਸਾਹਿਬ ਸੱਦਣ ਦੀ ਬਜਾਏ ਉਨ੍ਹਾਂ ਤੋਂ ਲਿਖਤੀ ਸਪਸ਼ਟੀਕਰਨ ਲੈ ਲੈਣ ਜਾਂ ਫਿਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਫੋਨ, ਟੈਲੀ-ਕਾਨਫਰੈਸਿੰਗ ਆਦਿਕ ਸੰਚਾਰ ਸੁਵਿਧਾਵਾਂ ਦਾ ਉਪਯੋਗ ਕਰ ਲੈਣ। ਜੇਕਰ ਹਿੰਸਕ ਵਾਰਦਾਤ ਦੇ ਡਰ ਤੋਂ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ਸਾਹਿਬ ਨਹੀਂ ਜਾਉਂਦੇ, ਤਾਂ ਵੀ ਦਸਮ ਗ੍ਰੰਥੀ ਲਾਬੀ ਅਤੇ ਆਰ.ਐਸ.ਐਸ. ਦੇ ਏਜੰਟ ਤਾਂ ਪ੍ਰੋ: ਦਰਸ਼ਨ ਸਿੰਘ ਨੂੰ ਡਰਪੋਕ, ਗੁਰੁ ਗੋਬਿੰਦ ਸਿੰਘ ਦੀ ਨਿੰਦਾ ਕਰਨ ਦਾ ਦੋਸ਼ੀ ਆਦਿ ਕਹਿ ਕੇ ਬਦਨਾਮ ਕਰਨਗੇ ਹੀ।

ਇਸਦੇ ਇਲਾਵਾ, ਹਿੰਸਕ ਵਾਰਦਾਤ ਨੂੰ ਅੰਜਾਮ ਦਾ ਮਾੜਾ ਨਤੀਜਾ ਜੋ ਮਰਜ਼ੀ ਹੋਏ, ਪਰ ਇਸਦਾ ਇਕ ਚੰਗਾ ਨਤੀਜਾ ਤਾਂ ਹੋਵੇਗਾ ਕਿ ਨਿਰਪੱਖ ਲੋਕ ਇਹ ਵੇਖ ਸਕਣਗੇ ਕਿ ਗੁਰਮਤਿ ਅਧਾਰਿਤ ਦਲੀਲਾਂ ’ਤੇ ਫੇਲ੍ਹ ਹੁੰਦਿਆਂ ਹੀ ਦਸਮ ਗ੍ਰੰਥੀ ਲਾਬੀ ਕਿਵੇਂ ਬੌਖਲਾਹਟ ਦਾ ਸ਼ਿਕਾਰ ਹੋ ਕੇ ਬੁਰਛਾਗਰਦੀ ’ਤੇ ਉਤਰ ਆਉਂਦੀ ਹੈ। ਇਸਲਈ ਆਪਣੀ ਜਾਨ ਨੂੰ ਦਰਪੇਸ਼ ਖ਼ਤਰੇ ਦਾ ਸਾਹਮਣਾ ਕਰਕੇ ਵੀ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਜਾਣਾ ਹੀ ਚਾਹੀਦਾ ਹੈ - ਔਰਤ ਦੇ ਪੱਲੂ ਵਿੱਚ ਛੁਪ ਕੇ ਘਰ ਬੈਠੇ ਰਹਿਣ ਵਾਲੇ ਕਾਗਜ਼ੀ ਸ਼ੇਰ ਦੀਆਂ ਗੱਲਾਂ ਵਿੱਚ ਆਉਣ ਦੀ ਸਾਬਕਾ ਮੁੱਖ ਸੇਵਾਦਾਰ ਨੂੰ ਕੋਈ ਜ਼ਰੂਰਤ ਨਹੀਂ।

- - - - -

ਇਨ੍ਹਾਂ ਸਭ ਤੱਥਾਂ ਅਤੇ ਦਲੀਲਾਂ ’ਤੇ ਵਿਚਾਰ ਤੋਂ ਸਪਸ਼ਟ ਹੈ ਕਿ ਮਿਤੀ 2 ਦਸੰਬਰ 2009 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਅਖ਼ਬਾਰ ਦੇ ਸੰਪਾਦਕ ਸ੍ਰੀ ਜੋਗਿੰਦਰ ਸਿੰਘ ਵੱਲੋਂ ਪ੍ਰੋ: ਦਰਸ਼ਨ ਸਿੰਘ ਬਾਰੇ ਲਿਖਿਆ ਗਿਆ ਸੰਪਾਦਕੀ ਮੰਦ-ਭਾਵਨਾ ਨਾਲ ਪ੍ਰੇਰਿਤ ਹੈ, ਜਿਸਦਾ ਮਕਸਦ ਸਿੱਖ ਸੰਗਤਾਂ ਨੂੰ ਭਰਮਾਉਣਾ, ਪ੍ਰੋ: ਦਰਸ਼ਨ ਸਿੰਘ ਦੇ ਅਕਸ ਨੂੰ ਧੁੰਦਲਾ ਕਰਨਾ ਅਤੇ ਉਨ੍ਹਾਂ ਦੇ ਹੱਕ ਵਿੱਚ ਸੰਸਾਰ ਭਰ ਤੋਂ ਨਿੱਤਰ ਰਹੇ ਸਮਰਥਕਾਂ ਨੂੰ ਸੰਸੇ ਵਿੱਚ ਪਾਉਣਾ ਹੈ। ਕਾਸ਼ ਸ੍ਰੀ ਜੋਗਿੰਦਰ ਸਿੰਘ ਸਮਝ ਸਕਦੇ ਕਿ ਝੂਠ ਦਾ ਕਦੇ ਨਾ ਕਦੇ ਪਰਦਾਫਾਸ਼ ਹੋ ਹੀ ਜਾਂਦਾ ਹੈ, ਭਾਵੇਂ ਉਸ ਨੂੰ ਕਿੰਨੀ ਵੀ ਕਲਮੀ ਮੁਹਾਰਤ ਨਾਲ ਲਿਖਿਆ ਗਿਆ ਹੋਵੇ। ਸ੍ਰੀ ਜੋਗਿੰਦਰ ਸਿੰਘ ਨੂੰ ਗੁਰਬਾਣੀ ਦੇ ਮਹਾਂਵਾਕ ‘‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।’’ ਤੋਂ ਵੀ ਸੇਧ ਲੈਣ ਦੀ ਅਤਿ ਲੋੜ ਹੈ - ਅਖੀਰ, ਗੁਰਬਾਣੀ ਸਿਧਾਂਤ ਅਪਣਾਉਣ ਦੇ ਨਾਅਰੇ ਸਿਰਫ਼ ਆਮ ਸਿੱਖਾਂ ਵਾਸਤੇ ਨਹੀਂ ਬਲਕਿ ਅਖ਼ਬਾਰਾਂ ਦੇ ਸੰਪਾਦਕਾਂ ਵਾਸਤੇ ਵੀ ਢੁਕਵੇਂ ਹਨ।

 

ਬੇਨਤੀ ਕਰਤਾ :
ਸਰਬਜੀਤ ਸਿੰਘ
ਸੰਪਾਦਕ-ਇੰਡੀਆ ਅਵੇਅਰਨੈ¤ਸ
ਏ-11, ਸ਼ਾਮ ਨਗਰ, ਨਵੀਂ ਦਿੱਲੀ-110018
ਫੋਨ : 9871683322