ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਚੁ ਸੁਣਾਇਸੀ ਸਚ ਕੀ ਬੇਲਾ

ਤੱਤ ਗੁਰਮਤਿ ਪਰਿਵਾਰ



ਇਕ ਖਬਰ ਜੋ ਤੱਤ ਗੁਰਮਤਿ ਚਿੰਤਕਾਂ ਨੂੰ ਪਰੇਸ਼ਾਨ ਕਰ ਗਈ

ਪ੍ਰੋ. ਦਰਸ਼ਨ ਸਿੰਘ ਜੀ ਬਨਾਮ ਪੁਜਾਰੀਆਂ (ਜਾਗਰੂਕ ਸਿੱਖ ਬਨਾਮ ਬ੍ਰਾਹਮਣੀ ਸੋਚ ਦੇ ‘ਸਿੱਖ’ ) ਵਿਚਕਾਰ ਚਲ ਰਹੇ ਘਟਨਾਕ੍ਰਮ ਜਿਥੇ ਇੱਕ ਪਾਸੇ ਪੰਥਕ ਮਾਹੌਲ ਨੂੰ ਗਰਮ ਕਰ ਦਿਤਾ, ਦੂਜੀ ਤਰਫ ਇਸ ਨਾਲ ਜਾਗ੍ਰਿਤੀ ਲਹਿਰ ਨੂੰ ਪੱਕੇ ਪੈਰੀਂ ਕਰਨ ਦਾ ਵੀ ਇੱਕ ਮੌਕਾ ਹੱਥ ਆ ਗਿਆ ਹੈ। ਇਸ ਸੰਦਰਭ ਵਿੱਚ ਅੱਜਕਲ ਲਗਭਗ ਹਰ ਪੰਥਕ ਧਿਰ, ਸੰਸਥਾ ਬਿਆਨ ਜਾਰੀ ਕਰ ਰਹੀ ਹੈ। ਜਾਗਰੂਕ ਪੰਥਕ ਧਿਰਾਂ ਵਲੋਂ ਜਿਥੇ ਪੁਜਾਰੀਵਾਦ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਪ੍ਰੋ. ਦਰਸ਼ਨ ਸਿੰਘ ਜੀ ਦਾ ਸਮਰਥਨ ਵੀ ਕੀਤਾ ਜਾ ਰਿਹਾ। ਅਸੀਂ ਇਥੇ ਸਿਰਫ ਚਰਚਾ ਜਾਗਰੂਕ ਮੰਨੀਆਂ ਜਾ ਰਹੀਆਂ ਸੰਸਥਾਵਾਂ ਨਾਲ ਸੰਬੰਧਿਤ ਬਿਆਨਾਂ ਦੀ ਹੀ ਕਰਾਂਗੇ, ਕਿਉਂਕਿ ਸਾਡੀ ਜਾਚੇ ਦੁਜੀ ਧਿਰ (ਦਸਮ ਗ੍ਰੰਥੀ ਸੰਪਰਦਾਈ) ਜਾਗ੍ਰਿਤੀ ਦਾ ਵਿਰੋਧ ਸਾਜ਼ਿਸ਼ ਅਤੇ ਅਗਿਆਨਤਾ ਅਧੀਨ ਕਰ ਰਹੀ ਹੈ।

ਵੱਖ-ਵੱਖ ਜਾਗਰੂਕ ਸੰਸਥਾਵਾਂ ਵਲੋਂ ਪੁਜਾਰੀਆਂ ਵਲੋਂ ਕੀਤੇ ਧੱਕੇ ਖਿਲਾਫ, ਦਰਸ਼ਨ ਸਿੰਘ ਜੀ ਦੇ ਹੱਕ ਵਿੱਚ ਦਿਤੇ ਜਾ ਰਹੇ ਬਿਆਨ ਕਾਫੀ ਦਲੇਰਾਣਾ ਅਤੇ ਸ਼ਲਾਘਾਯੋਗ ਕਦਮ ਹੈ। ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਨਾਲੋਂ ਵਿਦੇਸ਼ੀ ਪੰਥਕ ਸੰਸਥਾਵਾਂ ਵਧੇਰੇ ਜਾਗ੍ਰਿਤ ਮੰਨੀਆਂ ਜਾਂਦੀਆਂ ਰਹੀਆਂ ਹਨ। ਪਰ ਕੁੱਝ ਜਾਗਰੂਕ ਮੰਨੀਆਂ ਧਿਰਾਂ ਵਲੋਂ ਬਿਨਾ ਵਿਚਾਰੇ, ਜੋਸ਼ ਵਿੱਚ ਦਿਤੇ ਕੁੱਝ ਬਿਆਨ ‘ਤੱਤ ਗੁਰਮਤਿ ਚਿੰਤਕਾਂ’ ਨੂੰ ਪਰੇਸ਼ਾਨ ਕਰ ਜਾਂਦੇ ਹਨ। ਪਿਛਲੇ 2-3 ਦਿਨਾਂ ਵਿੱਚ ਐਸੀ ਹੀ ਇੱਕ ਖਬਰ (ਬਿਆਨ) ਨਜ਼ਰੀ ਪਿਆ।।

ਇਹ ਖਬਰ ਨਿਉਯਾਰਕ ਤੋਂ ਹੈ। ਇਹ ਖਬਰ ਸਿੱਖ ਮਾਰਗ, ਸਿੰਘ ਸਭਾ ਕੈਨੈਡਾ ਵੈਬਾਸਾਈਟਾਂ, ਰੋਜਾਨਾ ਸਪੋਕਸਮੈਨ ਅਤੇ ਹੋਰ ਕਈ ਥਾਂ ਛਪੀ। ਇਸ ਖਬਰ ਨੂੰ ਲਾਉਣ ਵਾਲੇ ਵੀ ਬਹੁਤ ਹੀ ਜਾਗਰੂਕ ਮੰਨੇ ਜਾਂਦੇ ਸਿੱਖ ਹਨ ਜਿਵੇਂ ਤਰਲੋਚਨ ਸਿੰਘ ਜੀ ਦੁਪਾਲਪੁਰ, ਜਗਤਾਰ ਸਿੰਘ ਜੀ ਜਾਚਕ ਆਦਿ। ਇਸ ਖਬਰ ਅਨੁਸਾਰ ਗੁਰੁਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ (ਅਮਰੀਕਾ) ਵਿਖੇ ਇੱਕ ਇਸ ਸੰਬੰਧ ਵਿੱਚ ਖੁੱਲੀ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ 9 ਮੱਤੇ ਵੀ ਪਾਸ ਕੀਤੇ ਗਏ। ਇਹਨਾਂ ਵਿੱਚ ਬਾਕੀ ਮਤੇ ਤਾਂ ਚੰਗੇ ਹਨ ਪਰ ਮਤਾ ਨੰ. 9 ਬਹੁਤ ਹੀ ਇਤਰਾਜ਼ਯੋਗ ਅਤੇ (ਤੱਤ) ਗੁਰਮਤਿ ਦੀ ਉਲੰਘਣਾ ਕਰਨ ਵਾਲਾ ਹੈ। ਜਾਗਰੂਕ ਧਿਰਾਂ ਕੋਲੋਂ ਐਸੀ ਆਸ ਨਹੀਂ ਕੀਤੀ ਜਾ ਸਕਦੀ। ਆਉ ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਸ ਮਤੇ ਦੀ ਸ਼ਬਦਾਵਲੀ ਪੜ ਲਈ ਜਾਵੇ। ਮਤਾ ਇਸ ਤਰਾਂ ਹੈ

“ਮਤਾ 9-ਨਿਤਨੇਮ ਦੀਆਂ ਅਤੇ ਗੁਰਮਤਿ ਦੀ ਕਸੌਟੀ `ਤੇ ਪੂਰੀਆਂ ਉਤਰਦੀਆਂ ਹੋਰ ਬਾਣੀਆਂ ਜੇ ਬਚਿੱਤਰ ਨਾਟਕ (ਦਸਮ ਗ੍ਰੰਥ) ਵਿੱਚ ਸ਼ਾਮਿਲ ਹਨ ਨੂੰ ਮੰਨਣ ਤੋਂ ਕੋਈ ਵੀ ਸਿੱਖ ਇਨਕਾਰੀ ਨਹੀਂ ਹੋਵੇ”।

ਵਿਚਾਰ: ਇਸ ਮਤੇ ਨੂੰ ਪਾਸ ਕਰਨ ਵੇਲੇ ਸ਼ਾਇਦ ਇਸ ਨੁੰ ਵੱਖ-ਵੱਖ ਪੱਖਾਂ ਤੋਂ ਵੀਚਾਰਿਆ ਨਹੀਂ ਗਿਆ। ਵੈਸੇ ਵੀ ਸਿੱਖ ਸੰਗਤ ਵਿੱਚ ਬਾਹਵਾਂ ਖੜੀਆਂ ਕਰਕੇ ਕੁੱਝ ਵੀ ਪ੍ਰਵਾਣ ਕਰਵਾ ਦੇਣ ਦੀ ਰਵਾਇਤ ਪੁਰਾਣੀ ਹੈ। ਇਸ ਮਤੇ ਨਾਲ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ। ਜਾਗ੍ਰਿਤੀ ਲਹਿਰ ਪਿੱਛੇ ਧੱਕੀ ਜਾਂਦੀ ਹੈ। ਆਉ ਨੁਕਤਾਵਾਰ ਵੀਚਾਰੀਏ ਕਿਵੇਂ?

1. ਕਿਸੇ ਵੀ ਰਚਨਾ ਦੇ ਵਿੱਚ ਵਿਚਾਲੇ ਦੇ ਕੁੱਝ ਬੰਦਾਂ ਨੂੰ ਚੁਕ ਕੇ ਉਹਨਾਂ ਨੁੰ ਪ੍ਰਮਾਣਿਕ ਕਰਾਰ ਦੇਣਾ ਸੁਹਿਰਦਤਾ ਜਾਂ ਸੱਚਾਈ ਨਹੀਂ, ਬਲਕਿ ਝੂਠ ਅਤੇ ਬੇਈਮਾਨੀ ਹੈ। ਰਚਨਾ ਤਾਂ ਪੂਰੀ ਹੀ ਪ੍ਰਮਾਣਿਕ ਹੁੰਦੀ ਹੈ ਜਾਂ ਪੂਰੀ ਅਪ੍ਰਮਾਣਿਕ ਹੁੰਦੀ ਹੈ। ਇਸ ਕਰਕੇ ਬੇਨਤੀ ਚੌਪਈ ਵਾਲੇ 25 ਬੰਦ ਵਿਚੋਂ ਚੁੱਕ ਲੈਣ ਨਾਲ ਪ੍ਰਮਾਣਿਕ ਨਹੀਂ ਹੋ ਜਾਂਦੇ? ਇਸ ਮਤੇ ਰਾਹੀਂ ਸਿੱਧੇ-ਸਿੱਧੇ ਪੂਰੀ ‘ਤ੍ਰਿਆ ਚਰਿਤ੍ਰ’ ਨੂੰ ਹੀ ਪ੍ਰਮਾਣਿਕਤਾ ਬਖਸ਼ ਦਿਤੀ ਗਈ ਹੈ। ਅਖੌਤੀ ਦਸਮ ਗ੍ਰੰਥ ਵਿੱਚ ਤ੍ਰਿਆ ਚਰਿਤ੍ਰ ਦੇ ਲਗਭਗ 600 ਪੰਨੇ ਹਨ। ਇਸੇ ਤਰਾਂ ਪ੍ਰਚਲਿਤ ਨਿਤਨੇਮ ਵਿੱਚ ਬੇਨਤੀ ਚੌਪਈ ਤੋਂ ਬਾਅਦ ‘ਪਾਇ ਗਹੇ ਜਬ ਤੇ ਤੁਮਰੇ’ ਵਾਲਾ ਸਵੈਯਾ ਹੈ। ਇਹ ਦਸਮ ਗ੍ਰੰਥ ਦੀ ਰਚਨਾ ‘24 ਅਵਤਾਰ’ ਦਾ ਹਿੱਸਾ ਹੈ। ਇਸ ਰਚਨਾ 554 ਪੰਨਿਆਂ ਦੀ ਹੈ। ਹੋਰ ਪ੍ਰਚਲਿਤ ਅਰਦਾਸ ਦਾ ਪਹਿਲਾਂ ਬੰਦ `ਚੰਡੀ ਚਰਿਤ੍ਰ’ ਵਿਚੋਂ ਹੈ, ਜਿਸ ਦੇ 9 ਪੰਨੇ ਹਨ। ਇਸ ਤਰਾਂ ਜੇ ਨਿਤਨੇਮ ਦੇ ਜਾਪ ਅਤੇ ਸਵੱਯੇ ਹੋਰ ਜੋੜ ਲਈਏ ਤਾਂ ਕੁਲ ਗਿਣਤੀ ਲਗਭਗ 1157 ਪੰਨਿਆ ਤੱਕ ਪਹੁੰਚ ਜਾਂਦੀ ਹੈ। ਕਹਿਣ ਦਾ ਭਾਵ ਨਿਤਨੇਮ ਵਿਚਲੀ ਦਸਮ ਗ੍ਰੰਥ ਦੀ ਰਚਨਾਵਾਂ ਨੂੰ ਪ੍ਰਮਾਣਿਕ (ਗੁਰੂ ਕ੍ਰਿਤ) ਮੰਨ ਲੈਣ ਦਾ ਹੋਕਾ ਦੇਣ ਵਾਲੇ ‘ਜਾਗਰੂਕ ਸਿੱਖ’ ਅਸਿੱਧੇ ਤਰੀਕੇ ਲ਼ਗਭਗ 1200 ਪੰਨਿਆਂ ਨੂੰ ਪ੍ਰਮਾਣਿਕ ਮੰਨ ਰਹੇ ਹਨ। ਹੁਣ ਦਸਮ ਗ੍ਰੰਥ ਵਿਚਲੇ 1428 ਵਿਚੋਂ 1200 ਪੰਨੇ ਪ੍ਰਮਾਣਿਕ ਹੋ ਗਏ ਤਾਂ ਬਾਕੀ ਕੀ ਰਹਿ ਗਿਆ? ਫੇਰ ਦਸਮ ਗ੍ਰੰਥ ਦੇ ਵਿਰੋਧੀ ਹੋਣ ਦਾ ‘ਝੂਠਾ’ ਦਾਅਵਾ ਕਰਨ ਦਾ ਕੀ ਫਾਇਦਾ?

2. ਦਸਮ ਗ੍ਰੰਥ ਦੀ ਸਭ ਤੋਂ ਵਿਵਾਦ ਗ੍ਰਸਤ ਅਤੇ ਗੁਰਮਤਿ ਵਿਰੋਧੀ ਰਚਨਾ ‘ਤ੍ਰਿਆ ਚਰਿਤ੍ਰ’ ਕਹੀ ਜਾਂਦੀ ਹੈ। ਪਰ ਪ੍ਰਚਲਿਤ ਨਿਤਨੇਮ ਵਿਚਲੇ ਦਸਮ ਗ੍ਰੰਥੀ ਅੰਸ਼ਾਂ ਨੂੰ ਮੰਨਣ ਦਾ ਹੋਕਾ ਦੇਣ ਵਾਲੇ ਸਿੱਧੇ- ਸਿੱਧੇ ਇਸ ਨੂੰ ਦਸ਼ਮੇਸ਼ ਕ੍ਰਿਤ ਮੰਨ ਰਹੇ ਹਨ, ਕਿਉਂਕਿ ਪ੍ਰਚਲਿਤ ਨਿਤਨੇਮ ਵਿੱਚ ‘ਕਬਯੋ ਬਾਚ ਬੇਨਤੀ ਚੌਪਈ’ ਨਾਲ ਸਪਸ਼ਟ ਪਾ: 10 ਲਿਖਿਆ ਹੈ। ਇਹ ਵੀ ਸੱਚਾਈ ਹੈ ਕਿ ਬੇਨਤੀ ਚੌਪਈ ਵੀ ਉਸੇ ਕਵੀ ਦਾ ‘ਬਾਚ’ (ਬਚਨ) ਜਿਸ ਕਵੀ ਨੇ ਪੂਰੀ ਤ੍ਰਿਆ ਚਰਿਤ੍ਰ ਲਿਖੀ ਹੈ। ਕੀ ਇਸ ਇਸ ਤਰੀਕੇ ਨਿਤਨੇਮ ਦੇ ਦਸਮ ਗ੍ਰੰਥੀ ਅੰਸ਼ਾਂ ਦੀ ਪ੍ਰੌੜਤਾ ਕਰਨ ਵਾਲੇ ‘ਦਸਮ ਗ੍ਰੰਥੀਆਂ’ ਦੀ ਸ਼੍ਰੇਣੀ ਵਿੱਚ ਅਪਣੇ ਆਪ ਹੀ ਸ਼ਾਮਿਲ ਨਹੀਂ ਹੋ ਜਾਂਦੇ?

3. ਇਸ ਇਕਤੱਰਤਾ ਵਿੱਚ ਸਤਿਕਾਰਯੋਗ ਵਿਦਵਾਨ ਅਤੇ ਪ੍ਰਚਾਰਕ ਜਗਤਾਰ ਸਿੰਘ ਜੀ ਜਾਚਕ ਵੀ ਸ਼ਾਮਿਲ ਸਨ, ਜਿਸਨੇ ਇਹ ਮਤਾ ਪਾਸ ਕੀਤਾ। ‘ਤੱਤ ਗੁਰਮਤਿ ਪਰਿਵਾਰ’ ਨੂੰ ਲਿਖੇ ਕੁੱਝ ਸਮਾਂ ਪਹਿਲਾਂ ਲਿਖੇ ਇੱਕ ‘ਖੁੱਲੇ ਖੱਤ’ ਵਿੱਚ ਜਾਚਕ ਜੀ ਨੇ ਚੈਲੰਜ ਕੀਤਾ ਸੀ ਕਿ ਜੇ ਕੋਈ ਉਹਨਾਂ ਦੀ ਕਿਸੇ ਰਚਨਾ ਜਾਂ ਲੈਕਚਰ ਵਿਚੋਂ ਇਹ ਸਾਬਿਤ ਕਰ ਦੇਵੇ ਕਿ ਉਹਨਾਂ ਨੇ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ਦਸ਼ਮੇਸ਼ ਕ੍ਰਿਤ ਕਿਹਾ ਹੈ ਤਾਂ ਉਹ ਹਰ ਸਜ਼ਾ ਲਈ ਤਿਆਰ ਹਨ। ਪਰਿਵਾਰ ਐਸੇ ਚੈਲੰਜਾਂ ਆਦਿ ਤਰੀਕੇ ਨੂੰ ਸਹੀ ਨਹੀਂ ਮੰਨਦਾ ਅਤੇ ਨਾ ਹੀ ਸਾਡਾ ਮਕਸਦ ਜਾਚਕ ਜੀ ਨੂੰ ਐਸੀ ਕੋਈ ਸਜ਼ਾ ਦੇਣ ਲਈ ਸਿਫਾਰਸ਼ ਕਰਨਾ ਹੈ। ਕਿਉਂਕਿ ਹਰ ਇੱਕ ਨੂੰ ਅਪਣਾ ਸਮਝਦਾ ਹੈ, ਉਹ ਤਾਂ ਹੈ ਵੀ ਹਨ ਜਾਗ੍ਰਿਤੀ ਲਹਿਰ ਵਿੱਚ ਸਾਡੇ ਸਾਥੀ। ਪਰ ਅਸੀਂ ਪੂਰੀ ਨਿਮਰਤਾ ਸਹਿਤ ਉਹਨਾਂ ਨੂੰ ਇੱਕ ਸ਼ੰਕਾ ਪੁੱਛਣਾ ਚਾਹੁੰਦੇ ਹਾਂ ਕਿ ਕੀ ਪ੍ਰਚਲਿਤ ਨਿਤਨੇਮ ਵਿਚਲੀ ਬੇਨਤੀ ਚੌਪਈ (ਪਾ: 10) ਨੂੰ ਸਹੀ ਮੰਨਕੇ ਉਹ ਅਪਣੇ ਬਚਨ ਤੋਂ ਖਿਸਕ ਨਹੀਂ ਰਹੇ? ਸਾਡਾ ਇਹੀ ਸ਼ੰਕਾ ਉਸ ਮੀਟਿੰਗ ਵਿੱਚ ਸ਼ਾਮਿਲ ਹੋਰ ਜਾਗਰੂਕ ਸਿੱਖਾਂ ਨੂੰ ਹੈ ਕਿ ਕੀ ਉਹ ਪੰਥ ਪ੍ਰਵਾਨਿਕਤਾ ਦੇ ਨਾਂ `ਤੇ ਜਾਣੇ/ਅੰਜਾਣੇ ਵਿੱਚ ‘ਗੁਰੂ’ ਨਾਲ ਧ੍ਰੋਹ ਨਹੀਂ ਕਮਾ ਰਹੇ?

4. ਤੱਤ ਗੁਰਮਤਿ ਦੇ ਖੇਤਰ ਵਿੱਚ ਹੋਏ ਕੰਮ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦਸ਼ਮੇਸ਼ ਕ੍ਰਿਤ ਨਹੀਂ ਹੈ। ਪ੍ਰਚਲਿਤ ਨਿਤਨੇਮ ਦੇ ਦਸਮ ਗ੍ਰੰਥੀ ਅੰਸ਼ਾਂ ਦੀ ਨੂੰ ਪ੍ਰਮਾਣਿਕ ਮੰਨਣ ਦੀ ‘ਗੁਰਮਤਿ ਵਿਰੋਧੀ ਜ਼ਿੱਦ’ ਕਰਨ ਵਾਲੇ ਜਾਗੁਰਕ ਸਿੱਖ ਜਗ੍ਰਿਤੀ ਲਹਿਰ ਨੂੰ ਵਾਪਿਸ ਸੰਨ 1932 ਦੇ ਵੇਲੇ `ਤੇ ਲੈ ਜਾ ਰਹੇ ਹਨ।

ਅੰਤ ਵਿੱਚ ਅਸੀਂ ਸਾਰੇ ਜਾਗਰੂਕ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਬਿਆਨ ਲਵਾਉਂਦੇ ਅਤੇ ਮਤੇ ਪਾਸ ਕਰਦੇ ਸਮੇਂ ਜੋਸ਼ ਨਾਲ ਹੋਸ਼ ਤੋਂ ਕੰਮ ਲੈਣਾ। ਜੇ ਤੁਸੀ ਕਿਸੇ ਮਜ਼ਬੂਰੀਵੱਸ ਤੱਤ ਗੁਰਮਤਿ ਦੀ ਸੋਚ ਦਾ ਸਾਥ ਪੂਰੀ ਤਰਾਂ ਨਹੀਂ ਦੇ ਸਕਦੇ ਤਾਂ ਕੋਈ ਗੱਲ ਨਹੀਂ, ਪਰ ਐਸੇ ਮਤੇ ਪਾਸ ਕਰਕੇ ਉਹਨਾਂ ਦੇ ਰਾਹ ਵਿੱਚ ਰੋੜੇ ਨਾ ਅਟਕਾਵੋ। ਇਸ ਮਸਲੇ `ਤੇ ਚੁੱਪ ਹੀ ਰਹੋ। ਮਿਸਾਲ ਵਾਸਤੇ ਜੇ ਇਸ ਮੀਟਿੰਗ ਵਿੱਚ ਸਿਰਫ ਪਹਿਲੇ 8 ਮਤੇ ਹੀ ਪਾਸ ਕੀਤੇ ਜਾਂਦੇ ਤਾਂ ਬਹੁਤ ਵੱਧੀਆ ਹੋਣਾ ਸੀ ਤੇ ਕੁੱਝ ਘੱਟਣਾ ਨਹੀਂ ਸੀ। ਪਰ ਨੌਵੇਂ ਮਤੇ ਨੇ ਸਾਰਾ ਭੱਠਾ ਬਿਠਾ ਦਿਤਾ। ਪਰਿਵਾਰ ਇਹੀ ਬੇਨਤੀ ਪਿਛਲੇ ਕਾਫੀ ਕਾਫੀ ਸਮੇਂ ਤੋਂ ਮਿਸ਼ਨਰੀ ਕਾਲਜਾਂ ਸਮੇਤ ਸਾਰੇ ਜਾਗਰੂਕ ਸਿੱਖਾਂ ਨੂੰ ਕਰ ਰਿਹਾ ਹੈ, ਪਰ ਵਿੱਚ ਵਿੱਚ ਇਹੋ ਜਿਹੇ ਬਿਆਨ ਦੇ ਕੇ ਅਸੀਂ ਜਾਗ੍ਰਿਤੀ ਲਹਿਰ ਨੂੰ ਪਿੱਛੇ ਧੱਕਣ ਦਾ ਕੰਮ ਕਰ ਦੇਂਦੇ ਹਾਂ। ਇਸ ਸੰਬੰਧ ਵਿੱਚ ਪਰਿਵਾਰ ਵਲੋਂ ਇੱਕ ਵੱਖਰਾ ਲੇਖ ‘ਪੰਥ ਪ੍ਰਵਾਨਿਕਤਾ ਦੇ ਨਾਂ `ਤੇ ਗੁਰਮਤਿ ਸਿਧਾਂਤਾਂ ਦੀ ਬਲੀ ਨਾ ਦੇਵੋ’ ਭੇਜਿਆ ਜਾ ਰਿਹਾ ਹੈ, ਜੋ ਇਸ ਨੁਕਤੇ ਨੂੰ ਪੂਰੀ ਤਰਾਂ ਸਪਸ਼ਟ ਕਰਨ ਵਿੱਚ ਸਹਾਈ ਹੋਵੇਗਾ।

‘ਤੱਤ ਗੁਰਮਤਿ ਪਰਿਵਾਰ’ ਇਸ ਇਕਤਰਤਾ ਵਿੱਚ ਪਾਸ ਕੀਤੇ ਮਤਾ ਨੰ. 9 ਨੂੰ ‘ਗੁਰਮਤਿ ਵਿਰੋਧੀ’ ਮੰਨਦੇ ਹੋਏ ਇਸ ਨੂੰ ਰੱਦ ਕਰਦਾ ਹੈ ਅਤੇ ਮੰਨਣ ਤੋਂ ਇਨਕਾਰ ਕਰਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ