ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਰੂਪੀ ਸਲਾਹ

ਤੱਤ ਗੁਰਮਤਿ ਪਰਿਵਾਰ




'ਤੱਤ ਗੁਰਮਤਿ ਪਰਿਵਾਰ' ਵਲੋਂ ਤਿੰਨ-ਚਾਰ ਦਿਨ ਪਹਿਲਾਂ ਇਕ ਪ੍ਰੈਸ ਨੋਟ 'ਸਿੱਖ ਪੁਜਾਰੀਵਾਦ ਦੇ ਨਾਗ ਦਾ ਨਵਾਂ ਡੰਗ' ਸਿਰਲੇਖ ਹੇਠ ਜਾਰੀ ਕੀਤਾ ਗਿਆ ਸੀ। ਇਹ ਬਿਆਨ ਅਕਾਲ ਤਖਤ 'ਤੇ ਕਾਬਜ਼ ਪੁਜਾਰੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਅਪਣੀ ਕਚਹਿਰੀ ਵਿਚ ਪੇਸ਼ ਹੋਣ ਬਾਰੇ ਜਾਰੀ 'ਆਦੇਸ਼' ਨਾਲ ਸੰਬੰਧਿਤ ਸੀ। ਇਸ ਬਿਆਨ ਵਿਚ ਪਰਿਵਾਰ ਨੇ ਸਪਸ਼ਟ ਕੀਤਾ ਸੀ ਕਿ ਜੇ ਸਿੱਖ ਸਮਾਜ ਨੂੰ ਨਿਰੋਲ ਨਾਨਕ ਫਲਸਫੇ ਦਾ ਪੈਰੋਕਾਰ ਬਣਾਉਣਾ ਹੈ ਤਾਂ ਜਰੂਰੀ ਹੈ ਕਿ ਕੌਮ ਵਿਚੋਂ 'ਪੁਜਾਰੀਵਾਦ' ਦਾ ਹਰ ਰੂਪ ਵਿਚ 'ਬੀਜ ਨਾਸ਼' ਕੀਤਾ ਜਾਵੇ। ਅਕਾਲ ਤਖਤ ਤੇ ਕਾਬਜ਼ ਪੁਜਾਰੀ 'ਸਿੱਖ ਸਮਾਜ' ਵਿਚਲੇ ਪੁਜਾਰੀਵਾਦ ਦੀ ਸਿਖਰ ਹੈ। ਇਸ ਲਈ ਇਸ ਦੀ ਹੋਂਦ ਨੂੰ ਨਕਾਰਨਾ ਅਤੇ ਖਤਮ ਕਰਨਾ ਜ਼ਰੂਰੀ ਹੈ। ਕੁਝ ਐਸਾ ਹੀ ਪ੍ਰਣ (ਗੁਰਮਤਿ ਆਧਾਰਿਤ) ਅਪਨੀ  ਮੂਲ ਨਿਯਮਾਵਲੀ ਵਿਚ ਕੁਝ ਇਸ ਤਰਾਂ ਦਰਜ ਕੀਤਾ ਗਿਆ ਹੈ,

"ਪਰਿਵਾਰ ਅਕਾਲ ਤਖਤ ਦੇ ਨਾਂ 'ਤੇ ਜਾਂ ਕਿਸੇ ਹੋਰ ਵਲੋਂ ਕਿਸੇ ਨੂੰ ਵੀ 'ਪੰਥ' ਵਿਚੋਂ ਛੇਕਣ ਦੀ ਕਾਰਵਾਈ ਨੂੰ ਗੁਰਮਤਿ ਅਨੁਸਾਰ ਸਹੀ ਨਹੀਂ ਮੰਨਦਾ। ਇਸ ਲਈ ਪਰਿਵਾਰ ਦੇ ਕਿਸੇ ਮੈਂਬਰ ਖਿਲਾਫ ਹੋਈ ਐਸੀ ਕਿਸੇ ਵੀ ਕਾਰਵਾਈ ਦਾ ਪਰਿਵਾਰ ਨੋਟਿਸ ਨਹੀਂ ਲਿਆ ਜਾਵੇਗਾ ਅਤੇ ਉਸ (ਐਸੇ ਕਿਸੇ ਸੰਮਨ ਜਾਂ ਫਤਵੇ) ਨੂੰ ਨਜ਼ਰਅੰਦਾਜ ਕਰ ਦਿਤਾ ਜਾਵੇਗਾ।  ਵੈਸੇ ਪਰਿਵਾਰ ਅਕਾਲ ਤਖਤ ਦੀ ਸੰਸਥਾ ਨੂ ਇਸ ਦੇ ਸਹੀ ਸਰੂਪ ਵਿਚ (ਜਿਵੇਂ ਕਿ ਛੇਵੇਂ ਪਾਤਸ਼ਾਹ ਜੀ ਨੇ ਇਸ ਨੂੰ ਬਣਾਇਆ ਸੀ) ਸਮਰਪਿਤ ਹੈ। ਪਰ ਇਸ ਨੂੰ ਕਚਹਿਰੀ ਦੇ ਰੂਪ (ਜੋ ਭ੍ਰਿਸ਼ਟ ਪੁਜਾਰੀਆਂ ਅਤੇ ਰਾਜਨੀਤਕਾਂ ਦੇ ਗਠਜੋੜ ਨੇ ਇਸ ਨੂੰ ਦੇ ਦਿਤਾ ਹੈ) ਵਿਚ, ਗੁਰਮਤਿ ਵਿਰੋਧੀ ਮੰਨਦੇ ਹੋਏ, ਪ੍ਰਵਾਣ ਨਹੀਂ ਕਰਦਾ।"

ਪਰਿਵਾਰ ਸ਼ਾਇਦ ਐਸਾ ਪਹਿਲਾ ਮੰਚ ਹੈ ਜਿਸ ਨੇ ਇਤਨੀ ਦ੍ਰਿੜਤਾ ਨਾਲ ਸਿੱਖ ਸਮਾਜ ਨੂੰ ਚੰਬੜ ਚੁਕੇ 'ਕੋਹੜ' ਪੁਜਾਰੀਵਾਦ ਨੂੰ ਰੱਦ ਕੀਤਾ ਹੈ।
    ਪਿਛਲੇ ਕੁਝ ਸਮੇਂ ਵਿਚ ਸਿੱਖ ਸਮਾਜ ਪੁਜਾਰੀਵਾਦ ਖਿਲਾਫ ਕੁਝ ਜਾਗਰਿਤੀ ਆਈ ਵੀ ਹੈ। ਜਿਥੇ ਪਹਿਲਾਂ 'ਅਕਾਲ ਤਖਤ' ਦਾ ਨਾਂ ਵਰਤ ਕੇ ਪੁਜਾਰੀਆਂ ਵਲੋਂ ਦਿਤੇ 'ਫਤਵੇ' ਨੂੰ ਕੌਮ ਵਲੋਂ ਬਿਨਾਂ ਵਿਚਾਰੇ, ਸਿਰ-ਮੱਥੇ ਮੰਨ ਲਿਆ ਜਾਂਦਾ ਸੀ, ਹੁਣ ਐਸਾ ਨਹੀਂ ਹੈ। ਪਿਛਲੇ ਸਮੇਂ ਵਿਚ ਪੁਜਾਰੀਆਂ ਦੇ ਗਲਤ ਫੈਸਲਿਆਂ (ਫਤਵਿਆਂ) ਖਿਲਾਫ ਕੌਮ ਵਿਚੋਂ ਅਵਾਜ਼ਾਂ ਵੀ ਉਠੀਆਂ ਹਨ ਅਤੇ ਜਾਗਰੂਕ ਸਿੱਖਾਂ ਵਲੋਂ ਉਹਨਾਂ ਫਤਵਿਆਂ ਨੂੰ ਰੱਦ ਵੀ ਕਰ ਦਿਤਾ ਗਿਆ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਅਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਖਿਲਾਫ ਜਾਰੀ ਹੋਏ ਫਤਵਿਆਂ ਦਾ 'ਹਸ਼ਰ' ਇਸ ਦੀ ਜੀਵੰਤ ਮਿਸਾਲ ਹਨ। ਜਾਗਰੂਕ ਸਿੱਖਾਂ ਵਲੋਂ ਇਹਨਾਂ ਫਤਵਿਆਂ ਨੂੰ ਪੂਰੀ ਤਰਾਂ ਰੱਦ ਕਰ ਦਿਤਾ ਗਿਆ। ਅਸਲ ਵਿਚ ਐਸੇ ਫੈਸਲੇ 'ਪੁਜਾਰੀਵਾਦ' ਵਲੋਂ ਆਪੂੰ ਅਪਣੇ ਤਾਬੂਤ ਵਿਚ ਠੋਕੇ ਹੋਏ ਕਿੱਲ ਸਾਬਿਤ ਹੋ ਰਹੇ ਹਨ। ਪਰ ਧਿਆਨਦੇਣ ਯੋਗ ਨੁਕਤਾ ਹੈ ਕਿ ਫਤਵੇ ਉਹੀ ਰੱਦ ਹੋਏ ਹਨ ਜਿਥੇ ਪੀੜਿਤ ਧਿਰ ਨੇ ਪੁਜਾਰੀਵਾਦ ਖਿਲਾਫ ਦ੍ਰਿੜ ਸਟੈਂਡ ਲਿਆ ਹੈ। ਐਸਾ ਸਟੈਂਡ ਜ਼ਿਆਦਾਤਰ ਵਿਦਵਾਨਾਂ ਵਲੋਂ ਹੀ ਲਿਆ ਗਿਆ ਹੈ, ਵਰਨਾ ਰਾਜਨੀਤਿਕ ਲੋਕ ਤਾਂ ਇਸ ਮਾਮਲੇ ਵਿਚ ਫਾਡੀ ਹੀ ਰਹੇ ਹਨ। ਪਰ ਕੁਝ ਵਿਦਵਾਨਾਂ ਨੇ ਇਸ ਪੱਖੋਂ ਕਮਜ਼ੋਰੀ ਵੀ ਵਿਖਾਈ ਹੈ। ਇਸ ਦੀ ਇਕ ਮਿਸਾਲ ਮਰਹੂਮ ਗਿਆਨੀ ਗੁਰਦਿੱਤ ਸਿੰਘ ਜੀ ਹਨ। ਉਹਨਾਂ ਨੇ 'ਮੁੰਦਾਵਣੀ' ਪੁਸਤਕ ਦੇ ਰੂਪ ਵਿਚ ਬਾ-ਮਿਸਾਲ ਕੰਮ ਕੀਤਾ। ਪਰ ਇਸੇ ਪੁਸਤਕ ਨੂੰ ਲੈ ਕੇ ਪੁਜਾਰੀਆਂ ਵਲੋਂ ਜਾਰੀ ਕੀਤੇ ਫਤਵੇ ਨੂੰ ਵੇਖ ਕੇ ਉਹ ਦ੍ਰਿੜ ਸਟੈਂਡ ਨਾ ਲੈ ਸਕੇ 'ਤੇ ਪੁਜਾਰੀਆਂ ਸਾਹਮਣੇ ਝੁਕ ਗਏ।
    ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਜਾਰੀ ਹੋਇਆ ਫਤਵਾ ਵੀ ਪੁਜਾਰੀਵਾਦ ਖਿਲਾਫ ਇਸ ਜੰਗ ਵਿਚ ਇਕ 'ਮੀਲ ਪੱਥਰ' ਸਾਬਿਤ ਹੋ ਸਕਦਾ ਹੈ। ਲੋੜ ਹੈ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਸਾਰੀ ਜਾਗ੍ਰਿਤ ਧਿਰਾਂ ਨੂੰ ਸੋਚ ਸਮਝ ਕੇ ਸਹੀ ਫੈਸਲਾ ਲੈਣ ਦੀ।  ਦਰਸ਼ਨ ਸਿੰਘ ਜੀ ਨੂੰ ਇਸ ਸਮੇਂ ਦ੍ਰਿੜਤਾ ਨਾਲ ਸਟੈਂਡ ਲੈਂਦੇ ਹੋਏ ਪੁਜਾਰੀਵਾਦ ਦੀ ਹੋਂਦ ਨੂੰ ਨਕਾਰ ਅਤੇ ਅਪ੍ਰਵਾਣ ਕਰ ਦੇਣਾ ਚਾਹੀਦਾ ਹੈ।  ਪੁਜਾਰੀਆਂ ਦੀ ਕਚਹਿਰੀ ਵਿਚ ਕਿਸੇ ਵੀ ਰੂਪ ਵਿਚ ਪੇਸ਼ ਹੋਣਾ ਗਲਤ ਸੰਦੇਸ਼ ਹੀ ਦੇਵੇਗਾ।
    ਇਸ ਸੰਬੰਧ ਵਿਚ 'ਰੋਜ਼ਾਨਾ ਸਪੋਕਸਮੈਨ' ਵਿਚ ਮੁੱਖ ਸੰਪਾਦਕ ਜੋਗਿੰਦਰ ਸਿੰਘ ਜੀ ਵਲੋਂ ਤਿੰਨ ਭਾਗਾਂ ਵਿਚ ਲਿਖੇ ਸੰਪਾਦਕੀ ਦੇ ਕੁਝ ਅੰਸ਼ ਸ਼ਲਾਘਾਯੋਗ ਅਤੇ ਧਿਆਨਦੇਣ ਯੋਗ ਹਨ। ਇਸ ਸੰਪਾਦਕੀ ਵਿਚ ਦਰਸ਼ਨ ਸਿੰਘ ਜੀ ਨੂੰ ਪੁਜਾਰੀਵਾਦ ਖਿਲਾਫ ਇਸ ਜੰਗ ਦੀ ਕਮਾਨ ਸੰਭਾਲਣ ਦੀ ਬੇਨਤੀ ਕਰਦੇ ਹੋਏ ਸਲਾਹ ਦਿਤੀ ਗਈ ਹੈ ਕਿ ਉਹ ਪੁਜਾਰੀਆਂ ਸਾਹਮਣੇ ਪੇਸ਼ ਹੋ ਕੇ ਸਿੱਖੀ ਵਿਚ ਉਹਨਾਂ ਦੀ ਹੋਂਦ ਨੂੰ ਮਾਨਤਾ ਨਾ ਦੇਣ। ਇਸੇ ਸੰਪਾਦਕੀ ਵਿਚ ਜਾਗਰੂਕ ਧਿਰਾਂ ਨੂੰ ਇਕੱਠੇ ਹੋ ਕੇ 2003 ਦੀ ਮੋਹਾਲੀ ਵਾਲੀ ਕਨਵੈਨਸ਼ਨ ਦੀ ਤਰਜ਼ 'ਤੇ ਇਕ ਹੋਰ ਕਨਵੈਵਸ਼ਨ ਕਰਕੇ 'ਪੁਜਾਰੀਵਾਦ' ਦੇ ਇਸ ਹਮਲੇ ਦਾ ਜਵਾਬ ਦੇਣਾ ਚਾਹੀਦਾ ਹੈ।  ਪਰਿਵਾਰ ਸਪੋਕਸਮੈਨ ਦੇ ਸੰਪਾਦਕੀ ਦੇ ਇਹਨਾਂ ਅੰਸ਼ਾਂ ਨਾਲ ਸਹਿਮਤੀ ਰੱਖਦਾ ਹੈ।
    ਪਰਿਵਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਉਹ ਪੁਜਾਰੀਵਾਦ ਖਿਲਾਫ ਜੰਗ ਦੇ ਇਸ ਅਹਿਮ ਮੋੜ 'ਤੇ ਬਹੁਤ ਸੋਚ-ਸਮਝ ਕੇ ਫੈਸਲਾ ਲੈਣ। 'ਪੁਜਾਰੀਆਂ' ਸਾਹਮਣੇ ਕਿਸੇ ਵੀ ਰੂਪ ਵਿਚ ਪੇਸ਼ ਹੋਣਾ ਸਿੱਖੀ ਵਿਚ ਪੁਜਾਰੀਵਾਦ ਦੀ ਹੋਂਦ ਨੂੰ ਮਾਨਤਾ ਦੇਣਾ ਹੀ ਹੈ। ਇਸ ਲਈ ਪੁਜਾਰੀਆਂ ਦੇ ਇਸ ਫਤਵੇ ਦਾ ਜਵਾਬ ਲਿਖਤੀ ਰੂਪ ਵਿਚ ਉਹਨਾਂ ਨੂੰ ਸਵਾਲ ਭੇਜ ਕੇ ਕੀਤਾ ਜਾਵੇ, ਨਾ ਕਿ ਪੇਸ਼ ਹੋ ਕੇ। ਇੰਡੀਆ ਅਵੈਅਰਨੈਸ ਦੇ ਸੰਪਾਦਕ ਸਰਬਜੀਤ ਸਿੰਘ ਵਲੋਂ 'ਪੁਜਾਰੀਆਂ' ਕੋਲੋਂ ਕੀਤੇ 51 ਸਵਾਲ ਇਸ ਦਿਸ਼ਾ ਵਿਚ ਇਕ ਵਧੀਆ ਸ਼ੁਰੂਆਤ ਹੈ।  ਦੂਜੀ ਤਰਫ, ਸਾਰੀਆਂ ਜਾਗ੍ਰਿਤ ਧਿਰਾਂ ਨੂੰ ਇਸ ਮੌਕੇ ਇਕੱਠੇ ਹੋ ਕੇ ਸੰਨ 2003 ਦੀ ਤਰਜ਼ 'ਤੇ 'ਪੰਥਕ ਕਨਵੈਨਸ਼ਨ' ਕਰਵਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ।
'ਤੱਤ ਗੁਰਮਤਿ ਪਰਿਵਾਰ' ਦੇ ਨਿੱਜੀ ਵਿਚਾਰ ਅਨੁਸਾਰ  ਫਰੀਦਾਬਾਦ ਨਾਲ ਸੰਬੰਧਿਤ ਜਾਗਰੂਕ ਧਿਰਾਂ (ਦਸਮ ਗ੍ਰੰਥ ਵਿਚਾਰ ਮੰਚ ਤੇ ਹੋਰ) ਇਸ ਕਨਵੈਨਸ਼ਨ ਦੇ ਆਯੋਜਨ ਕਰਨ ਦੀ ਜਿੰਮੇਵਾਰੀ ਨਿਭਾਉਣ ਦੇ ਸਭ ਤੋਂ ਵੱਧ ਕਾਬਿਲ ਹਨ, ਕਿਉਂਕਿ ਇਸ ਲਈ ਉਹਨਾਂ ਕੌਲ ਲੋੜੀਂਦੇ ਸਾਧਨ ਅਤੇ ਸਮਰੱਥਾ ਹੈ।  ਜੇ ਉਹ ਇਸ ਵਾਸਤੇ ਤਿਆਰ ਹੋ ਜਾਣ ਤਾਂ ਬਾਕੀ ਧਿਰਾਂ ਵਲੋਂ ਉਹਨਾਂ ਨੂੰ ਬਿਨਾ ਸੰਕੋਚ ਦੇ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ। ਤੱਤ ਗੁਰਮਤਿ ਪਰਿਵਾਰ ਐਸੇ ਕਿਸੇ ਵੀ ਉਪਰਾਲੇ ਵਿਚ ਅਪਣੇ ਵਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਾ ਹੈ।
ਆਸ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਸਾਰੀਆਂ ਜਾਗਰੂਕ ਪੰਥਕ ਧਿਰਾਂ 'ਪਰਿਵਾਰ' ਦੀ ਇਸ ਬੇਨਤੀ ਰੂਪ ਸਲਾਹ 'ਤੇ ਗੰਭੀਰਤਾ ਨਾਲ ਗੌਰ ਫਰਮਾਉਣਗੀਆਂ।

ਸਹੀ ਸਮੇਂ 'ਤੇ ਸਹੀ ਫੈਸਲੇ ਦੀ ਉਡੀਕ ਵਿਚ,
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ

Email: tatgurmat@gmail.com