‘ਸਿੱਖ’ ਪੁਜਾਰੀਵਾਦ ਦੇ ਨਾਗ ਦਾ ਨਵਾਂ ਡੰਗ
ਤੱਤ ਗੁਰਮਤਿ ਪਰਿਵਾਰ
ਜਿਥੇ ਇਹ ਮੰਨੀ-ਪ੍ਰਮੰਨੀ ਸੱਚਾਈ ਹੈ ਕਿ ਸੰਸਾਰ ਦਾ ਹਰੇਕ ਮੱਤ ਭਾਵ ਧਰਮ ਪੁਜਾਰੀਵਾਦ ਦੇ ਗਲਬੇ ਹੇਠ ਹੈ, ਉਥੇ ਇਹ ਵੀ ਸੱਚਾਈ ਹੈ ਕਿ ਹਰ ਮੱਤ ਦੀਆਂ ਚੰਗੀ ਗੱਲਾਂ ਨੂੰ ਦਬਾਅ ਕੇ, ਉਸ ਨੂੰ ਲੁੱਟ ਦਾ ਜ਼ਰੀਆ ਬਣਾਉਣ ਵਿੱਚ ਕੇਵਲ ਪੁਜਾਰੀਵਾਦ ਹੀ ਜਿੰਮੇਵਾਰ ਹੈ। ਸੰਸਾਰ ਦੇ ਲਗਭਗ ਸਾਰੇ ਹੀ ਮੱਤ ਪੁਜਾਰੀਵਾਦ ਨੂੰ ਮਾਨਤਾ ਦਿੰਦੇ ਹਨ ਜਾਂ ਇਹ ਕਹਿ ਲਵੋ ਕਿ ਹੋਲੀ-ਹੋਲੀ ਪੁਜਾਰੀਵਾਦ ਨੇ ਹਰ ਮੱਤ ਨੂੰ ਆਪਣੇ ਅਧੀਨ ਜਕੜ ਲਿਆ ਹੈ। ‘ਗੁਰਮਤਿ ਮਾਰਗ’ ਇਸ ਖੇਤਰ ਵਿੱਚ ਬਿਲਕੁਲ ਵਿਲੱਖਣ ਸੀ। ਦੂਜੇ ਮਤਾਂ ਵਿੱਚ ਜਿਥੇ ਸਿਧਾਂਤਕ ਤੌਰ ਤੇ ਮੂਲ ‘ਧਰਮ ਪੁਸਤਕਾਂ’ ਰਾਹੀਂ ਪੁਜਾਰੀਵਾਦ ਨੂੰ ਮਾਨਤਾ ਦਿਤੀ ਗਈ ਹੈ, ਉਥੇ ਗੁਰਮਤਿ ਵਿੱਚ ਇਸ ਤਰਾਂ ਨਹੀਂ ਹੈ। ਦੂਜੇ ਮੱਤਾਂ ਦੀਆਂ ਮੂਲ ਧਰਮ ਪੁਸਤਕਾਂ ਉਹਨਾਂ ਦੇ ਮੁੱਢਲੇ ਰਹਿਬਰ ਤੋਂ ਕਾਫੀ ਸਮਾਂ ਬਾਅਦ ਵਿੱਚ ਜ਼ਿਆਦਾਤਰ ਪੁਜਾਰੀ ਸ਼੍ਰੇਣੀ ਦੇ ਵਿਦਵਾਨਾਂ ਵਲੋਂ ਹੀ ਲਿਖੀਆਂ ਗਈਆਂ ਹਨ। ਇਸ ਕਰਕੇ ਇਹਨਾਂ ਮੱਤਾਂ ਵਿੱਚ ਪੁਜਾਰੀਵਾਦ ਨੂੰ ਮਾਨਤਾ ਮਿਲਣੀ ਸੁਭਾਵਿਕ ਹੀ ਸੀ। ਜਦਕਿ ਗੁਰਮਤਿ ਦਾ ਮੁੱਢਲਾ `ਤੇ ਇਕੋ ਇੱਕ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਜਿਸ ਦੀ ਵਿਲੱਖਣਤਾ ਅਤੇ ਪ੍ਰਮਾਨਿਕਤਾ ਇਹ ਹੈ ਕਿ ਇਸਦਾ ਸੰਕਲਣ ਇਸ ਮੱਤ ਦੇ ਮੁੱਢਲੇ ਰਹਿਬਰਾਂ ਨੇ ਆਪ ਅਪਣੇ ਹੱਥੀਂ ਕੀਤਾ। ਇਸੇ ਕਰਕੇ ‘ਸਿਧਾਂਤਕ ਤੌਰ’ ਤੇ ਗੁਰਮਤਿ ਵਿੱਚ ਪੁਜਾਰੀਵਾਦ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਾਨਤਾ ਨਹੀਂ ਦਿਤੀ ਗਈ, ਬਲਕਿ ਉਸਦਾ ਅਨੇਕਾਂ ਵਾਰ ਖੰਡਨ ਕੀਤਾ ਹੀ ਮਿਲਦਾ ਹੈ।
ਇਹ ਤਾਂ ਸਿਰਫ ਸਿਧਾਂਤ ਦੀ ਗੱਲ ਹੈ। ਪਰ ਚਿੰਤਾਜਨਕ ਸੱਚਾਈ ਇਹ ਹੈ ਕਿ ਅਜੌਕੇ ਸਿੱਖ ਸਮਾਜ ਵਿੱਚ ਪੁਜਾਰੀਵਾਦ ਅਮਰਵੇਲ ਬਣ ਕੇ ਪੂਰੀ ਤਰਾਂ ਫੈਲ ਚੁਕਿਆ ਹੈ। ਜਦੋਕਿ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਪੁਜਾਰੀਵਾਦ ਦਾ ਖੰਡਨ ਹੈ, ਪਰ ਪੁਜਾਰੀਵਾਦੀ ਤਾਕਤਾਂ ਨੇ ਸਮੇਂ ਨਾਲ ਸਿੱਖ ਸਮਾਜ ਨੂੰ ‘ਸਿਧਾਂਤਕ’ ਤੌਰ ਤੇ ਤੋੜ ਕੇ ਕਈ ਹੋਰ ਗ੍ਰੰਥਾਂ (ਜਿਵੇਂ ਅਖੌਤੀ ਦਸਮ ਗ੍ਰੰਥ, ਜਨਮਸਾਖੀਆਂ, ਸੂਰਜ ਪ੍ਰਕਾਸ਼ ਆਦਿ) ਦੀ ਮਾਨਤਾ ਨੂੰ ਜ਼ਿਆਦਾ ਮਹਤੱਵ ਦਿਤਾ। ਅਸਲ ਵਿੱਚ ਇਹ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿਧਾਂਤਾਂ ਨੂੰ ਕਟਣ ਲਈ ਹੀ ਲਿਖਵਾਏ ਗਏ ਸਨ। ਸਿੱਖ ਸਮਾਜ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰ ਚਰਚਾ ਦੀ ਥਾਂ ਇਸ ਨੂੰ ‘ਮੂਰਤੀ’ ਵਾਂਗੂ ਸਥਾਪਿਤ ਕਰਵਾ ਦਿਤਾ ਗਿਆ। ਅੱਜ ਵੀ ਜ਼ਿਆਦਾਤਰ ‘ਗੁਰਦਵਾਰਿਆਂ’ ਵਿੱਚ ਤੁਹਾਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰ ਬਹੁਤ ਘੱਟ ਸੁਣਨ ਨੂੰ ਮਿਲੇਗੀ, ਉਲਟਾ ਸੂਰਜ ਪ੍ਰਕਾਸ਼ ਆਦਿ (ਪੁਜਾਰੀਵਾਦੀ ਅੰਸ਼ਾਂ ਨਾਲ ਭਰਪੁਰ) ਗ੍ਰੰਥਾਂ ਦੀ ਕਥਾ (ਵਿਚਾਰ ਚਰਚਾ) ਹੁੰਦੀ ਜ਼ਰੂਰ ਸੁਣ ਜਾਵੇਗੀ। ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਸਮਾਜ ਨੂੰ ਪੁਜਾਰੀਵਾਦ ਨੇ ਲਗਭਗ ਪੂਰੀ ਤਰਾਂ ਗੁਰਮਤਿ ਰਾਹ ਤੋਂ ਭਟਕਾ ਦਿਤਾ ਹੈ।
ਸਿੱਖ ਸਮਾਜ ਵਿੱਚ ਪੁਜਾਰੀਵਾਦ ‘ਸਿੰਘ ਸਾਹਿਬ’ ‘ਜਥੇਦਾਰ ਆਦਿ ਕਈ ਲਕਬਾਂ ਹੇਠ ਕੇਂਦਰੀ ਤੌਰ `ਤੇ ਪ੍ਰਚਲਿਤ ਹੋ ਚੁੱਕਾ ਹੈ। ਇਹਨਾਂ ਪੁਜਾਰੀਆਂ ਨੇ ਹਮੇਸ਼ਾਂ ਕਾਬਜ਼ ਸਿਆਸੀ ਹਾਕਮਾਂ ਦੀ ਗੁਲਾਮੀ ਹੀ ਕੀਤੀ ਹੈ। ਇਸੇ ਲਈ ਕਿਸੇ ਕਵੀ ਨੇ ਕਿੰਨਾ ਸਟੀਕ ਕਿਹਾ ਹੈ “ਹਾਕਮ ਤੇ ਪੁਜਾਰੀ ਨੇ ਯਾਰ ਲੰਗੋਟੀਏ, ਇਹਨਾਂ ਦੀਆਂ ਪੱਕੀਆਂ ਯਾਰੀਆਂ ਨੇ”। ਇਹਨਾਂ ਨੇ ਮਨੁੱਖਤਾ ਅਤੇ ਕੌਮ ਦੀ ਭਲਾਈ ਲਈ ਸ਼ਾਇਦ ਹੀ ਕੋਈ ਫੈਸਲਾ ਲਿਆ ਹੋਵੇ। ਪਰ ਕੌਮ ਵਿੱਚ ਗੁਰਮਤਿ ਅਨੁਸਾਰ ਜਾਗਰੂਕਤਾ ਲਿਆਉਣ ਵਾਲੇ ਵਿਦਵਾਨਾਂ ਅਤੇ ਗੁਰਸਿਖਾਂ ਦੇ ਰਾਹ ਵਿੱਚ ਇਹ ਅਖੌਤੀ ‘ਹੁਕਮਨਾਮਿਆਂ’ (ਅਸਲ ਵਿੱਚ ਕੂੜਨਾਮੇ) ਰੂਪੀ ਰੋੜੇ ਜ਼ਰੂਰ ਵਿਛਾਉਂਦੇ ਰਹੇ ਹਨ। ਇਹਨਾਂ ਦਾ ਦੂਜਾ ਮੁੱਖ ਕੰਮ ਅਪਨੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਉਹਨਾਂ ਦੇ ਰਾਜਸੀ ਵਿਰੋਧੀਆਂ ਨੂੰ ਅਖੌਤੀ ‘ਹੁਕਮਨਾਮਿਆਂ’ ਰਾਹੀਂ ਖੁੱਡੇ ਲਾਉਣ ਦੀ ਸਫਲ ਕੋਸ਼ਿਸ਼ ਕਰਨਾ ਹੈ।
ਇਹਨਾਂ ਪੁਜਾਰੀ ਨਾਗਾਂ ਨੇ ਇੱਕ ਨਵਾਂ ਡੰਗ ਮਾਰਿਆ ਹੈ। ਇਹਨਾਂ ਦੇ ਇਸ ਡੰਗ ਦੇ ਸ਼ਿਕਾਰ ਬਣੇ ਹਨ ਪੰਥ ਦੀਆਂ ਵਿਰਲੀਆਂ ਸੁਚੇਤ ਹਸਤੀਆਂ ਵਿਚੋਂ ਇੱਕ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਹਰਿਆਣਾ ਦੀ ਵਖਰੀ ਕਮੇਟੀ ਦੀ ਮੰਗ ਕਰਨ ਵਾਲਾ ਜਗਦੀਸ਼ ਸਿੰਘ ਝੀਂਡਾ ਦਾ ਗਰੁੱਪ। ਦਰਸ਼ਨ ਸਿੰਘ ਜੀ ਅਪਣੇ ਪ੍ਰਭਾਵਸ਼ਾਲੀ ਪ੍ਰਚਾਰ ਰਾਹੀਂ ਸਿਖ ਕੌਮ ਨੂੰ ਦਸਮ ਗ੍ਰੰਥ ਸਮੇਤ ਹੋਰ ਪੁਜਾਰੀਵਾਦੀ ਕੂੜ-ਕਬਾੜ ਸੰਬੰਧੀ ਜਾਗਰੂਕ ਕਰ ਰਹੇ ਹਨ, ਇਸ ਕਰਕੇ ਹੀ ਇਹ ਸੰਪਰਦਾਈ, ਪੁਜਾਰੀਵਾਦ ਤਾਕਤਾਂ ਦੀ ਨਜਰ ਵਿੱਚ ਰੜਕਦੇ ਹਨ। ਦੂਜੀ ਪਾਸੇ ਝੀਂਡਾ ਜੀ ਦਾ ਦਲ ਕਾਬਜ਼ ਸਿਆਸੀ ਧੜੇ ਦਾ ਵਿਰਧੀ ਹੈ। ਪੁਜਾਰੀਆਂ ਦਾ ਇਹ ਫੈਸਲਾ ਚਿੰਤਾਜਨਕ ਤਾਂ ਹੈ ਹੀ, ਪਰ ਇਹਨਾਂ ਪੂਜਾਰੀਆਂ ਕੋਲੋਂ ਚੰਗੇ ਦੀ ਉਮੀਦ ਕਰਨਾ ਵੀ ਬੇਵਕੂਫੀ ਤੋਂ ਵੱਧ ਕੁੱਝ ਵੀ ਨਹੀਂ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਿਖ ਕੌਮ ਵਿੱਚ ਇਸ ਪੁਜਾਰੀਵਾਦ ਖਿਲਾਫ ਕੁੱਝ ਸੁਚੇਤਤਾ ਆ ਰਹੀ ਹੈ। ਪਰ ਲੋੜ ਹੈ ਕਿ ਇਹਨਾਂ ਪੁਜਾਰੀਆਂ ਦੀ ਮਨਮਾਨੀਆਂ ਨੂੰ ਠੱਲ ਪਾਉਣ ਲਈ ਹੋਰ ਵਧੇਰੇ ਢੁਕਵੇਂ ਕਦਮ ਚੁੱਕੇ ਜਾਣ, ਨਹੀਂ ਤਾਂ ‘ਸਿੱਖ (ਮੱਤ) ਵੀ ਨਿਗਲਿਆ ਗਿਆ’ ਨੂੰ ਸੱਚਾਈ ਬਨਣ ਤੋਂ ਰੋਕਣਾ ਕਿਸੇ ਤਰੀਕੇ ਵੀ ਸੰਭਵ ਨਹੀਂ ਹੋ ਸਕੇਗਾ। ‘ਤੱਤ ਗੁਰਮਤਿ ਪਰਿਵਾਰ’ ਪੁਜਾਰੀਵਾਦ ਦੇ ਇਸ ਨਾਗ ਦੇ ਨਵੇਂ ਡੰਗ ਦੀ ਪੁਰਜ਼ੋਰ ਨਿਖੇਧੀ ਕਰਦਾ ਹੋਇਆ ਇਸ ਬੇਇੰਸਾਫੀ ਖਿਲਾਫ ਪ੍ਰੋ. ਦਰਸ਼ਨ ਸਿੰਘ ਜੀ ਅਤੇ ਜਗਦੀਸ਼ ਸਿੰਘ ਝੀਂਡਾ ਦੇ ਦਲ ਦਾ ਪੂਰਨ ਸਮਰਥਨ ਕਰਦਾ ਹੈ। ਅਤੇ ਨਾਲ ਹੀ ਕੌਮ ਦੇ ਸੁਚੇਤ ਤਬਕੇ ਨੂੰ ਬੇਨਤੀ ਕਰਦਾ ਹੈ ਕਿ ਇਕੱਠੇ ਹੋ ਕੇ, ਕੌਮ ਦਾ ਖਹਿੜਾ ਇਸ ਪੁਜਾਰੀਵਾਦ ਤੋਂ ਛੁਡਾਉਣ ਲਈ ਸੁਹਿਰਦਤਾ ਅਤੇ ਗੰਭੀਰਤਾ ਨਾਲ ਉਪਰਾਲੇ ਕੀਤੇ ਜਾਣ। ਇਸ ਮੁੱਦੇ ਤੇ ਸਾਰੇ ਹੀ ਸੁਚੇਤ ਸਿੱਖਾਂ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦੀ ਖੁੱਲ ਕੇ ਪੁਰਜ਼ੋਰ ਹਿਮਾਇਤ ਕਰਨੀ ਚਾਹੀਦੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ