ਕੀ ਗੁਰਸਿੱਖਾਂ ਦੇ ਸਿਰ ਵੱਢਣ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਣ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ
ਖਾਲ਼ਸਾ ਨਾਰੀ ਮੰਚ
ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਸਿਰ ਵੱਢਣਾ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰ ਵੱਢਣਾ ਹੈ
(ਬਸੰਤ ਕੌਰ/ਸਤਨਾਮ ਕੌਰ ਫ਼ਰੀਦਾਬਾਦ 7 ਨਵੰਬਰ 2009)
ਕੀ ਗੁਰਸਿੱਖਾਂ ਦੇ ਸਿਰ ਵੱਢਣ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਣ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਨੂੰ ਛੁਪਾਇਆ ਜਾ ਸਕਦਾ ਹੈ ? ਇਹ ਸਵਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਜੱਥੇਬੰਦੀ ਵੱਲੋਂ ਉਨ੍ਹਾਂ ਲੋਕਾਂ ਨੂੰ ਕੀਤਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਣ ਵਾਲੀ ਪੁਸਤਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਣ ਦੀ ਸੋਚ ਦੇ ਧਾਰਨੀ ਹਨ । ਵਿਚਾਰ ਮੰਚ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪ੍ਰਿੰਸੀਪਲ ਸੁਰਜੀਤ ਸਿੰਘ ਦੇ ਸਟਾਲ ਤੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਗਟ ਕਰਣ ਵਾਲੀਆਂ ਪੁਸਤਕਾਂ ਨੂੰ ਚੁੱਕ ਕੇ ਲੈ ਜਾਣ ਵਾਲੇ ਅਤੇ ਸਿਰ ਵੱਢਣ ਦੀ ਧਮਕੀਆਂ ਦੇਣ ਵਾਲਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜਿਹੜੇ ਲੋਕ ਅਖੌਤੀ ਦਸਮ ਗ੍ਰੰਥ ਨਾਲ ਪ੍ਰੇਮ ਜਾਹਰ ਕਰ ਰਹੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਸਵੀਕਾਰ ਕਰਣ ਤੋਂ ਬਾਗੀ ਹਨ ਇਸ ਲਈ ਉਹ ਅਜਿਹੀ ਘਟੀਆਂ ਹਰਕਤਾਂ ’ਤੇ ਉਤਰ ਆਏ ਹਨ । ਵਿਚਾਰ ਮੰਚ ਵੱਲੋਂ ਅਖੌਤੀ ਦਸਮ ਗ੍ਰੰਥ ਦੇ ਪ੍ਰੇਮੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ “ਸਿਰ ਦੀਜੈ ਕਾਣ ਨਾ ਕੀਜੈ” ’ਤੇ ਪਹਿਰਾ ਦਿੰਦੇ ਹਨ ਇਸ ਲਈ ਅਜਿਹੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦੇ । ਦਸਮ ਗ੍ਰੰਥੀਆਂ ਨੂੰ ਦਸਮ ਗ੍ਰੰਥ ਪ੍ਰੇਮ ਜੇਕਰ ਸਿਰ ਵੱਢਣ ਲਈ ਮਜ਼ਬੂਰ ਕਰ ਰਿਹਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਂ ਤਾਂ ਅਵਤਾਰਵਾਦ, ਕੇਸਾਂ ਦੀ ਬੇਅਦਬੀ, ਨਸ਼ੇ , ਅਤੇ ਇਸਤਰੀ ਜਾਤੀ ਨੂੰ ਨੀਵਾਂ ਵਿਖਾਉਣ ਵਾਲੀ ਲੱਚਰ ਪੁਸਤਕ ਦਾ ਪੱਖ ਲੈਣ ਅਤੇ ਸਿਰ ਵੱਢਣ ਦੀ ਸਿੱਖਿਆ ਨਹੀਂ ਦਿੰਦੀ। ਵਿਚਾਰ ਮੰਚ ਨੇ ਧਮਕੀਆਂ ਦੇਣ ਵਾਲਿਆਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਅਖੌਤੀ ਦਸਮ ਗ੍ਰੰਥ ਨਾਲ ਪਿਆਰ ਹੈ ਤਾਂ ਉਹ ਆਪਣੀ ਲਿਖਤਾਂ ਜਾਂ ਵਿਚਾਰ ਗੋਸ਼ਟੀ ਨਾਲ ਇਹ ਸਾਬਤ ਕਰਣ ਕਿ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਵਿਰੁੱਧ ਨਹੀਂ। ਜ਼ਿਕਰਯੋਗ ਹੈ ਕਿ ਵਿਚਾਰ ਮੰਚ ਵੱਲੋਂ ਸੈਂਕੜੇ ਵਾਰ ਅਖੌਤੀ ਦਸਮ ਗ੍ਰੰਥ ਦੇ ਰਖਵਾਲਿਆਂ ਨੂੰ ਵਿਚਾਰ ਗੋਸ਼ਟੀ ਲਈ ਸੱਦਾ ਦਿੱਤਾ ਜਾ ਚੁੱਕਾ ਹੈ ਪਰ ਅੱਜ ਤਕ ਕਿਸੇ ਵੀ ਦਸਮ ਗ੍ਰੰਥੀ ਵੱਲੋਂ ਇਹ ਚੁਨੌਤੀ ਸਵੀਕਾਰ ਨਹੀਂ ਕੀਤੀ ਗਈ । ਵਿਚਾਰ ਮੰਚ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਨੂੰ ਸਿਰ ਵੱਢਣ ਦੀ ਧਮਕੀ ਦੀ ਵੀ ਪੁਰਜੋਰ ਨਿੱਖੇਧੀ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਸਿਰ ਵੱਢਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰ ਵੱਢਣਾ ਹੈ ਇਸ ਲਈ ਇੰਨ੍ਹਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਦਿੱਲੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ।