ਵਿਆਹ ਤੋਂ ਬਾਅਦ ਪੈਦਾ ਹੋਣ ਵਾਲੇ ਗੰਭੀਰ ਮਸਲੇ
ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ
ਸਾਰੇ ਪੰਜਾਬੀ ਪੜ੍ਹਨ ਵਾਲਿਆਂ ਦਾ ਹਾਰਦਿਕ ਧੰਨਵਾਦੀ ਹਾਂ। ਵਿਆਹ ਵਰਗੇ ਸੰਗੀਨ ਮਸਲੇ ਬਾਰੇ ਚਰਚਾ ਕਰਨ ਲੱਗਿਆ ਹਾਂ।ਪੱਚਮੀ ਸੱਭਿਅਤਾ ਵਿਚ ਵਿਆਹ ਵਰਗੇ ਜ਼ਿੰਮੇਵਾਰੀ ਸੰਭਾਲਣ ਦੇ ਤੇ ਇਸ ਸੰਸਾਰੀ ਰਚਨਾ ਦਾ ਇਕ ਹਿੱਸਾ ਬਣਨ ਵਾਲੇ ਮਸਲੇ ਨੂੰ ਮਨੋਰੰਜਨ ਦਾ ਸਾਧਨ ਮੰਨ ਕੇ ਆਦਮੀ ਅਤੇ ਔਰਤ ਨੇ ਇਸ ਜ਼ਿੰਦਗੀ ਨੂੰ ਨਰਕ ਬਣਾ ਲਿਆ ਹੈ ਅਤੇ ਅਸੀਂ ਹਿੰਦੋਸਤਾਨੀਆਂ ਜਾਂ ਪਕਿਸਤਾਨੀਆਂ ਨੇ ਵਿਆਹ ਵਰਗੇ ਅੱਤ ਜਰੂਰੀ ਤੇ ਗੰਭੀਰ ਮਸਲੇ ਨੂੰ ਤਜਾਰਤ ਵਿਚ ਬਦਲ ਦਿੱਤਾ ਹੈ। ਇਸੇ ਕਰਕੇ ਹੀ ਪੱਛਮੀ ਦੇਸ਼ਾਂ, ਤੇ ਪੂਰਬੀ ਮੁਲਕਾਂ ਵਿਚ,ਇਹਨਾਂ ਮੁਲਕਾਂ ਦੀ ਗੱਲ ਮੈਂ ਇਸ ਕਰਕੇ ਕਰਦਾ ਹਾਂ, ਕਿਉਂਕਿ ਮੈਂ ਇਹਨਾਂ ਵਿਚ ਰਹਿ ਚੁੱਕਿਆ ਹਾਂ। ਵਿਆਹ ਕੁਝ ਦਹਾਕਿਆਂ ਜਾਂ ਕੁਝ ਸਾਲਾਂ ਜਾਂ ਛੇਤੀ ਵਿਆਹ ਤੋਂ ਬਾਅਦ ਵਿਆਹ ਟੁੱਟ ਜਾਂਦੇ ਹਨ।ਜਾਂ ਫਿਰ ਨੌਬਤ ਕਤਲੋ-ਗਾਰਤ ਤੱਕ ਪਹੁੰਚ ਜਾਂਦੀ ਹੈ।ਘਰ ਬਰਬਾਦ ਹੋ ਜਾਂਦੇ ਹਨ। ਕੋਈ ਜੇਲ੍ਹ ਚਲਾ ਜਾਂਦਾ ਹੈ ਤੇ ਕੋਈ ਸਿਵਿਆਂ ’ਚ।ਕਿਸੇ ਦੀ ਪਿਆਰੀ ਬੱਚੀ ਚਾਕੂ ਦੀ ਨੋਕ ਥੱਲੇ ਤੇ ਕਿਸੇ ਜਵਾਨ ਪੁੱਤ ਸਹੁਰਿਆਂ ਦੀ ਜੁੱਤੀ ਥੱਲੇ। ਵਿਆਹਾਂ ਕਰਕੇ ਕਿਸੇ ਜ਼ਮੀਨ ਵਿਕੀ ਤੇ ਕਿਸੇ ਬੰਗਲਾ। ਬਸ ਅਸੀਂ ਪੰਜਾਬ ਵਿਚ ਰਹਿਣਾ ਨਹੀਂ ਚਾਹੁੰਦੇ। ਚਾਹੇ ਕਿਵੇਂ ਵੀ ਹੋਵੇ ਅਸੀਂ ਬਾਹਰ ਜਾ ਕੇ ਹੀ ਸਾਹ ਲੈਣਾ ਹੈ। ਅਮੀਰ ਬਣਦੇ-ਬਣਦੇ ਕਈ ਵਾਰੀ ਅਸੀਂ ਸਵਾਸਾਂ ਦੀ ਪੂੰਜੀ ਵੀ ਗਵਾ ਲੈਂਦੇ ਹਾਂ।
ਮਨੁੱਖ ਨੇ ਕਬੀਲੇ ਦੇ ਰੂਪ ਵਿਚ ਆਪਣੇ ਜੀਵਨ ਨਿਰਭਾ ਲਈ ਖਾਣੇ ਦੀ ਤਲਾਸ਼ ਵਿਚ ਹਰ ਰੋਜ਼ ਅੱਗੇ ਨਾ ਜਾ ਕੇ ਇਕ ਥਾਂ ਟਿਕ ਕੇ ਹੀ ਖਾਣਾ, ਪੈਦਾ ਕਰਨ ਦੀ ਜਾਚ ਸਿੱਖ ਲਈ। ਅੱਜ ਵਾਲੀ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਕੋਈ ਦਸ ਕੁ ਹਜ਼ਾਰ ਸਾਲ ਪਹਿਲਾਂ ਹੋਈ ਮੰਨਆਿ ਜਾਂਦਾ ਹੈ। ਆਪਣੀ ਹਿਫ਼ਾਜਤ ਲਈ ਇਕ ਸਰਦਾਰ ਮੰਨ ਲਿਆ। ਇਸੇ ਵਿਚੋਂ ਹੀ ਆਪਣੀ ਰਾਖੀ ਲਈ ਪੁਲਿਸ, ਫੋਜ਼, ਟੈਕਸ, ਕਾਨੂੰਨ ਤੇ ਕਾਨੂੰਨ ਦੇ ਘਾੜੇ, ਪੈਦਾ ਹੋਏ ਅਤੇ ਹੋਰ ਸਾਰੇ ਸਮਾਜਿਕ ਬੰਧਨ ਘੜ ਲਏ ਗਏ।
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਬਹੁਤ ਸਾਰੇ ਪੈਗੰਬਰ ਹੋਏ ਸਨ।ਜਿਹਨਾਂ ਨੇ ਸਮਾਜ ਵਿਚ ਫੈਲੇ ਹੋਏ ਝੂਠ ਦੇ ਖੰਭ ਕੁਤਰਨ ਦੀ ਕੋਸ਼ਿਸ਼ ਕੀਤੀ ਪਰ ਲਗਦਾ ਇੰਝ ਹੈ ਕਿ ਮਹਾਤਮਾ ਬੁੱਧ ਤੋਂ ਬਾਅਦ ਇਸ ਕੰਮ ਦਾ ਸਿਹਰਾ ਗੁਰੁ ਨਾਨਕ ਪਾਤਿਸ਼ਾਹ ਦੇ ਸਿਰ ਹੀ ਬੱਝਦਾ ਹੈ।
ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥
ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ ॥
ਤਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥(ਅੰਕ-166)
ਗੁਰੂ ਨਾਨਕ ਪਾਤਿਸ਼ਾਹ ਜਾਂ ਤਾਂ ਜਾਂਦੇ ਹਨ ਚੋਰਾਂ, ਠੱਗਾਂ ਤੇ ਡਾਕੂਆਂ ਕੋਲ ਤੇ ਜਾਂ ਫਿਰ ਜਾਂਦੇ ਹਨ ਧਾਰਮਿਕ ਵਿਅਕਤੀਆਂ ਕੋਲ ਮੰਦਰਾਂ ਤੇ ਮਸੀਤਾਂ ਵਿਚ। ਇਸ ਦਾ ਮਤਲਬ ਇਹ ਹੈ ਕਿ ਧਾਰਮਿਕ ਵਿਅਕਤੀ ਆਪਣੇ ਪਹਿਰਾਵੇ ਵਿਚ ਉਤਨੇ ਹੀ ਭੈੜੇ ਜਮਦੂਤ ਹਨ ਜਿਤਨੇ ਡਾਕੂ ਜਾਂ ਠੱਗ। ਗੁਰੂ ਸਾਹਿਬ ਦੇ ਪ੍ਰਚਾਰ ਦਾ ਅਸਰ ਐਨਾ ਹੋਇਆ ਕਿ ਸਾਨੂੰ ਕੁੱਤੇ (ਸੱਗ) ਕਹਿਣ ਵਾਲਾ ਕਾਜ਼ੀ ਨੂਰ ਮੁਹੰਮਦ ਵੀ ਲਿਖ ਗਿਆ ਕਿ ਇਹਨਾਂ ਕੁੱਤਿਆਂ (ਗੁਰੂ ਸਾਹਿਬ ਦੇ ਸਿੱਖਾਂ) ਦੀ ਗਵਾਹੀ ਤੇ ਸਾਡੇ ਮੌਲਵੀ ਵੀ ਸਾਨੂੰ ਫੈਸਲਾ ਕਰਨ ਤੇ ਮਜ਼ਬੂਰ ਹੋਣਾ ਪੈਦਾ ਹੈ, ਕਿਉਂਕਿ ਇਹ ਝੂਠ ਨਹੀਂ ਬੋਲਦੇ। ਇਹ ਸੀ ਇਕ ਸੰਪੂਰਨ ਮਨੁੱਖ ਦੀ ਘਾੜਤ ਜੋ ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਘੜੀ ਗਈ।
ਕੁਦਰਤ ਵਿਚ ਹੋਰ ਬਹੁਤ ਸਾਰੀਆਂ ਨਸਲਾਂ ਹਨ ਜਿਨ੍ਹਾਂ ਵਿਚ ਕੇਵਲ ਇਕੋ ਨਰ ਜਾਂ ਮਾਦਾ ਹੀ ਪੈਦਾਇਸ਼ ਕਰ ਰਹੇ ਹਨ। ਪਰ ਕੁਦਰਤ ਨੇ ਆਦਮ-ਜਾਤ ਦੀ ਪੈਦਾਇਸ਼ ਇਸਤਰੀ ਤੇ ਮਨੁੱਖ ਦੇ ਹੱਥ ਰੱਖੀ ਹੈ। ਮਨੁੱਖ ਆਪਣੇ ਦਿਮਾਗ ਨਾਲ ਬਹੁਤ ਤਕੜੇ ਤੇ ਵੱਡੇ ਜਾਨਵਰਾਂ ਨੂੰ ਆਪਣੇ ਤਹਿਤ ਰੱਖ ਰਿਹਾ ਹੈ। ਪਰ ਜੇ ਕੋਈ ਬਚਪਨ ਵਿਚ ਇਸਦੀ ਸਾਂਭ-ਸੰਭਾਲ ਨਾ ਕਰੇ ਤਾਂ ਇਸ ਦੇ ਬਚਣ ਦੇ ਮੌਕੇ ਬਹੁਤ ਹੀ ਘੱਟ ਹਨ। ਇਸ ਸਾਰੀ ੰਿਜ਼ੰਮੇਵਾਰੀ ਤੋਂ ਡਰਦੇ ਮਾਰੇ ਬਹੁਤ ਸਾਰੇ ਗੋਰੇ ਲੋਕ ਆਪਣੀ ਨਸਲ ਪੈਦਾ ਹੀ ਨਹੀਂ ਕਰਦੇ ਜਾਂ ਆਦਮੀ-ਤੀਵੀਂ ਤਲਾਕ ਹੀ ਇਤਨੇ ਕੁ ਕਰ ਬੈਠਦੇ ਹਨ ਕਿ ਉਨ੍ਹਾਂ ਨੂੰ ਆਪਣੀ ਔਲਾਦ ਦਾ ਪਤਾ ਹੀ ਨਹੀਂ ਹੁੰਦਾ ਕਿ ਉਹ ਕਿੱਥੇ ਤੇ ਕਿਸ ਹਾਲਤ ਵਿਚ ਰਹਿ ਰਹੀ ਹੈ। ਦੂਸਰੇ ਪਾਸੇ ਦੀ ਤਸਵੀਰ ਇਹ ਕਹਿੰਦੀ ਹੈ ਕਿ ਗੁਰੂ ਸਾਹਿਬ ਨੇ ਇਸ ਸੰਸਾਰ ਤੋਂ ਕੂਚ ਕਰਨ ਤੋਂ ਛੇਤੀ ਬਾਅਦ ਮਿਸਰ ਜੀ(ਬ੍ਰਾਹਮਣ) ਨੇ ਮੁੜ ਤੋਂ ਆਪਣਾ ਜਾਲ ਵਿਛਾਉਂਣਾ ਸ਼ੁਰੂ ਕਰ ਦਿੱਤਾ। ਤੇ ਅੱਜ ਹਰ ਸਿੱਖ ਹਰ ਕੰਮ ਗੁਰੂ ਦੀ ਸਿੱਖਿਆ ਤੋਂ ਉਲਟ ਕਰਦਾ ਹੋਇਆ ਵੀ ਆਪਣੇ ਆਪ ਨੂੰ ਗੁਰੂ ਦਾ ਸੱਚਾ ਸੁੱਚਾ ਸਿੱਖ ਅਖਵਾ ਰਿਹਾ ਹੈ। ਸਿੱਖਾਂ ਵਿਚ ਲਾਲਚ ਲੋਹੇ ਦਾ ਹੈ। ਇਹ ਅਰਦਾਸ ਵੀ ਲਾਲਚ ਭਰੀ ਕਰਦਾ ਹੈ। ਇਕ ਡਾਲਰ ਗੋਲਕ ਵਿਚ ਪਾ ਕੇ ਲੱਖਾਂ ਮੰਗਦਾ ਹੈ।ਜਿਸ ਨੂੰ ਗੁਰੂ ਸਾਹਿਬ ਆਪਣੇ ਲਫਜ਼ਾਂ ਵਿਚ ਇਉਂ ਬਿਆਨ ਕਰਦੇ ਹਨ:-
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ॥(465-466)
ਗੁਰੂ ਦੀ ਸਿੱਖਿਆ ਮੁਤਾਬਿਕ ਤਾਂ ਸਿੱਖਾਂ ਵਿਚ ਲੋਭ, ਲਾਲਚ ਤੇ ਅਹੰਕਾਰ ਆਦਿ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਪਰ ਜਿਤਨਾ ਲੋਭ ਲਾਲਚ ਤੇ ਅਹੰਕਾਰ ਅੱਜ ਸਿੱਖਾਂ ਵਿਚ ਹੈ ਉਤਨਾ ਹੋਰ ਕਿਸੇ ਮਨੁੱਖ ਜਾਤ ਵਿਚ ਨਹੀਂ। ਇਸ ਦਾ ਕਾਰਣ ਇਹ ਹੈ ਕਿ ਸਿੱਖਾਂ ਨੇ ਗੁਰੂ ਗੰ੍ਰਥ ਸਾਹਿਬ ਨੂੰ ਪੜ੍ਹਿਆ ਬਹੁਤ ਹੈ ਪਰ ਸਮਝਿਆ ਨਹੀਂ। ਇਸ ਕਰਕੇ ਹੀ ਵਿਆਹ ਕਰਦੇ ਸਮੇਂ ਸਾਡੀ ਚੋਣ ਗਲਤ ਹੁੰਦੀ ਹੈ।
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥(550)
ਗੁਰੂ ਸਾਹਿਬ ਫੁਰਮਾਉਨਦੇ ਹਨ ਕਿ ਜਦੋਂ ਅਸੀਂ ਪੈਸੇ ਦੇ ਪੁੱਤ ਬਣ ਜਾਂਦੇ ਹਾਂ ਤਾਂ ਅਸੀਂ ਵੱਡੇ ਭੂਤ ਪਰੇਤ ਬਣ ਜਾਂਦੇ ਹਾਂ ਤੇ ਸਾਡੇ ਪੁੱਤਰ ਧੀਆਂ ਛੋਟੇ ਜਿੰਨ-ਭੂਤ ਬਣ ਜਾਂਦੇ ਹਨ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਆਦਮ ਜਾਤ ਤਾਂ ਰਹੇ ਹੀ ਨਹੀਂ ਜਦੋਂ ਮੇਲ ਹੀ ਭੂਤਾਂ ਪਰੇਤਾਂ ਦਾ ਹੈ ਤਾਂ ਉਹ ਕੰਮ ਵੀ ਉਹੋ ਜਿਹੇ ਹੀ ਕਰਨਗੇ। ਜਦੋਂ ਅਸੀਂ ਆਪਣੇ ਧੀ-ਪੁੱਤ ਨੂੰ ਸੰਸਕਾਰ ਹੀ ਚੰਗੇ ਨਹੀਂ ਦਿੱਤੇ ਤਾਂ ਉਹ ਚੰਗੇ ਮਨੁੱਖ ਕਿਵੇਂ ਬਣਨਗੇ?
ਬਹੁਤੀ ਵਾਰੀ ਲੜਕਾ-ਲੜਕੀ ਸਰੀਰਕ ਖਿੱਚ ਕਾਰਨ ਹੀ ਇੱਕ-ਦੂਜੇ ਨਾਲ ਬੱਝ ਜਾਂਦੇ ਹਨ। ਤੇ ਜਦੋਂ ਸਰੀਰਕ ਖਿੱਚ ਜਰਾ ਢਿੱਲੀ ਪੈਂਦੀ ਹੈ ਤਾਂ ਉਸੇ ਵਕਤ ਲੜਾਈ ਹੋਣਾ ਸੁਭਾਵਿਕ ਹੀ ਹੈ। ਇਸੇ ਖਿੱਚ ਕਾਰਨ ਹੀ ਕਈ ਵਾਰੀ ਵੱਖੋ-ਵੱਖਰੇ ਧਰਮਾਂ ਦੇ ਲੜਕਾ-ਲੜਕੀ ਇੱਕ-ਦੂਜੇ ਨਾਲ ਵਿਆਹ ਕਰਵਾ ਲੈਂਦੇ ਹਨ। ਪਰ ਉਹਨਾਂ ਨੂੰ ਵਿਆਹ ਤੋਂ ਬਾਅਦ ਪੈਦਾ ਹੋਣ ਵਾਲੀਆਂ ਮੁਸੀਬਤਾਂ ਬਾਰੇ ਕੋਈ ਚਾਨਣਾ ਨਹੀਂ ਹੁੰਦਾ। ਜੇਕਰ ਵਿਆਹ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਚੱਲ ਜਾਵੇ ਕਿ ਜਦੋਂ ਬੱਚੇ ਹੋਣਗੇ ਉਹਨਾਂ ਨੂੰ ਕਿਸ ਧਰਮ ਅਨੁਸਾਰ ਨਾਮ ਦੇਵਾਂਗੇ, ਕਿਹੜੇ ਧਰਮ ਦਾ ਗਿਆਨ ਦੇਵਾਂਗੇ, ਸਾਡੀ ਬਾਕੀ ਦੀ ਜ਼ਿੰਦਗੀ ਕਿਹੜੇ ਸੰਸਕਾਰਾਂ ਅਨੁਸਾਰ ਗੁਜ਼ਰੇਗੀ, ਉਸ ਵਿਚ ਕਿਹੜੀਆਂ-ਕਿਹੜੀਆਂ ਔਕੜਾਂ ਆਉਣਗੀਆਂ ਤੇ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਅਸੀ ਹੱਲ ਕਰ ਪਾਵਾਂਗੇ ਕੇ ਨਹੀਂ। ਜੇਕਰ ਅਸੀਂ ਇਹਨਾਂ ਔਕੜਾਂ ਬਾਰੇ ਪਹਿਲਾਂ ਸੋਚਾਂਗੇ ਤਾਂ ਵੱਖਰੇ-ਵੱਖਰੇ ਧਰਮਾਂ ਦੇ ਬੱਚੇ ਕਦੀ ਇੱਕ ਦੂਜੇ ਨਾਲ ਵਿਆਹ ਨਹੀਂ ਕਰਵਾਉਂਣਗੇ। ਨਰਗਿਸ ਨੇ ਸਾਰੀ ਉਮਰ ਸੁਨੀਲਦੱਤ ਨਾਲ ਗੁਜ਼ਾਰੀ, ਪਰ ਉਸਦੀ ਆਖਰੀ ਖੁਆਹਿਸ਼ ਇਹ ਸੀ ਕਿ ਮੈਨੂੰ ਮਰਨ ਤੋਂ ਬਾਅਦ ਸਾੜਿਆ ਨਾ ਜਾਵੇ ਸਗੋਂ ਮੁਸਲਮਾਨੀ ਰੀਤਾਂ ਅਨੁਸਾਰ ਦੱਬਿਆ ਜਾਵੇ। ਚਲੋ ਇਹ ਖੁਆਹਿਸ਼ ਤਾਂ ਪੂਰੀ ਕਰ ਦਿੱਤੀ ਗਈ ਪਰ ਜਿਉਂਦੇ ਜੀਅ ਨਰਗਿਸ ਨਾਲ ਕੀ ਵਾਪਰਿਆ ਇਹ ਤਾਂ ਓਹੀ ਜਾਣਦੀ ਹੋਵੇਗੀ।
ਜਦੋਂ ਅਸੀਂ ਰਿਸ਼ਤਾ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਲੜਕੇ ਕੋਲ ਡਿਗਰੀਆਂ ਕਿਤਨੀਆਂ ਹਨ, ਨੌਕਰੀ ਪੇਸ਼ਾ ਹੈ, ਜ਼ਮੀਨ ਜਾਇਦਾਦ ਕਿਤਨੀ ਹੈ, ਸੋਹਣਾ-ਸੁਨੱਖਾ ਹੈ, ਉੱਚਾ-ਲੰਬਾ ਹੈ ਆਦਿ ਤੇ ਇਹੀ ਵਰਤਾਰਾ ਲੜਕੀ ਨਾਲ ਕੀਤਾ ਜਾਂਦਾ ਹੈ। ਜੇ ਲੜਕਾ ਕੈਨੇਡਾ ਜਾਂ ਅਮਰੀਕਾ ਤੋਂ ਆਇਆ ਹੋਵੇ ਤਾਂ ਦਾਜ-ਦਹੇਜ ਵਜੋਂ 30 ਕੁ ਲੱਖ ਰੁਪਿਆ ਨਗਦ ਤੇ 5-7 ਲੱਖ ਵਿਆਹ ਤੇ ਖਰਚ ਕਰਨਾ ਹੀ ਪੈਂਦਾ ਹੈ ਨਹੀਂ ਤਾਂ ਗੱਲ ਸਿਰੇ ਨਹੀਂ ਚੜਦੀ। ਅਸਲ ਵਿਚ ਪੁੱਛਣ ਵਾਲੀ ਤਾਂ ਇਹ ਸੀ ਕਿ ਲੜਕੇ ਅਤੇ ਲੜਕੀ ਵਿਚ ਕਿਹੜੇ-ਕਿਹੜੇ ਖਾਸ ਗੁਣ ਹਨ। ਗਿਆਨ ਦਾ ਮਤਲਬ ਵੀ ਗੁਣ ਹੀ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਗਿਆਨ ਤੋਂ ਬਗੈਰ ਆਪਣੇ ਆਪ ਨੂੰ ਗਿਆਨਵਾਨ ਸਮਝ ਕੇ ਸਗੋਂ ਹੋਰ ਮੁਸੀਬਤਾਂ ਸਹੇੜ ਲੈਂਦਾ ਹੈ।
ਗਿਆਨ ਵਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥(460)
ਹੇ ਨਾਨਕ! ਜੀਵ ਜਿਵੇਂ ਵੇਖਦੇ ਹਨ, ਤਿਹੋ-ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ( ਭਾਵ ਜਿਸ ਜਿਸ ਨੀਅਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਹਨਾਂ ਦਾ ਆਪਣਾ ਵੱਖਰਾ ਮਾਨਸਿਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵੱਖਰੀ ਹਸਤੀ ਬਣ ਜਾਂਦੀ ਹੈ, ਉਹੋ ਜਿਹੀ ਉਹਨਾਂ ਦੀ ਹਉਂ ਬਣ ਜਾਂਦੀ ਹੈ ਪਰ ਇਹ ਲੇਖ/ਸੁਭਾਉ (ਭੀ) ਰੱਬ ਦੇ ਕਿਸੇ ਨਿਯਮ ਵਿਚ ਹੀ ਲਿਖਿਆ ਜਾਂਦਾ ਹੈ, (ਭਾਵ ਹਰੇਕ ਜੀਵ ਦੀ ਇਹ ਵੱਖੋ-ਵੱਖਰੀ ਹਸਤੀ, ਵੱਖੋ-ਵੱਖਰੀ ‘ਹਉਂ’ ਰੱਬ ਦੇ ਹੁਕਮ/ਨਿਯਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਦੁਆਲੇ ਆਪਣੇ ਹੀ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਹੀ ਮਨੁੱਖ ਦੀ ਆਪਣੀ ਵੱਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ।
ਹੁਣ ਜਦੋਂ ਸਵਾਰਥੀ ਹਸਤੀ ਕਾਰਣ ਮਨੁੱਖ ਸ਼ਿਕਾਰੀ ਬਣ ਚੁਕਿਆ ਹੈ ਤੇ ਔਰਤਾਂ ਬੋਡੀਆਂ, ਕਿਸੇ ਕੰਮ ਦੀਆਂ ਨਾ ਹੋਣ, ਹੋ ਚੁੱਕੀਆਂ ਹਨ ਤਾਂ ਇਹਨਾਂ ਦੀ ਔਲਾਦ ਵੀ ਤਾਂ ਇਹੋ ਜਿਹੀ ਹੀ ਹੋਵੇਗੀ। ਜਿਸ ਨੂੰ ਗੁਰੂ ਸਾਹਿਬ ਆਪਣੇ ਲਫਜ਼ਾਂ ਵਿਚ ਇਉਂ ਬਿਆਨ ਕਰਦੇ ਹਨ:-
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥ (ਅੰਕ-1237)
(ਰੱਬ ਤੋਂ ਵਿਛੜ ਕੇ ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ – ਇਹ ਸਭ ਗੱਲਾਂ ਦੂਰ ਹੋ ਗਈਆਂ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ: ਸ਼ਰਮ-ਹਯਾ ਦੇ ਨਾਲ ਚਲੀ ਗਈ।
ਹੇ ਨਾਨਕ! (ਜੇ ‘ਸੀਲ ਸੰਜਮ ਸੁਚ’ ਅਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾਂ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ)।
ਆਓ ਗੁਰੂ ਸਾਹਿਬਾਨ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਾਂ ਆਪੋ-ਆਪਣੇ ਘਰਾਂ ਵਿਚ ਆਪਣਾ-ਆਪਣਾ ਸੁਭਾਓ ਬਦਲਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕਰੀਏ ਤਾਂ ਕੇ ਸਾਨੂੰ ਜੇਲ੍ਹਾਂ ਦੀ ਹਵਾ ਨਾ ਖਾਣੀ ਪਵੇ, ਸਾਡੇ ਪਰਿਵਾਰਾਂ ਵਿਚ ਤਰੇੜਾਂ ਨਾ ਪੈਣ, ਆਦਮੀ-ਤੀਵੀਂ, ਪਿਓ-ਪੁਤ, ਪਿਓ-ਧੀ, ਨੂੰਹ-ਸੱਸ ਆਦਿ ਇੱਕ ਨਾਲ ਇਨਸਾਨੀਅਤ ਦੇ ਰਿਸ਼ਤੇ ਨੂੰ ਭੁਲਾ ਕੇ ਨ ਲੜਨ ਸਗੋਂ ਇੱਕ ਦੂਜੇ ਨਾਲ ਮਿਲਵਰਤਨ ਇਹਨਾਂ ਗੂੜ੍ਹਾ ਹੋਵੇ ਕਿ ਕਿਸੇ ਨੂੰ ਪਤਾ ਹੀ ਨਾ ਚੱਲੇ ਕਿ ਇਸ ਪ੍ਰਵਾਰ ਵਿਚ ਕੋਈ ਓਪਰਾ ਵੀ ਹੈ।