ਪੰਥ ਦੋਖੀਆਂ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਦਾ ਪਰੋਗਰਾਮ ਰੱਦ ਕਰਵਾਉਣ ਦਾ ਅਸਫਲ ਯਤਨ: ਰੇਸ਼ਮ ਸਿੰਘ
ਸਿੰਘ ਸਭਾ ਇੰਟਰਨੈਸ਼ਨਲ
ਇੰਡੀਅਨਐੈਪਲਿਸ-ਗੁਰੂ ਨਾਨਕ ਸਿੱਖ ਸੋਸਾਇਟੀ ਵਿਖੇ ਗੁਰੂ ਗਰੰਥ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਸਜਾਏ ਗਏ ਵਿਸ਼ੇਸ਼ ਦੀਵਾਨ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਨੇ ਸ਼ਿਰਕਤ ਕੀਤੀ ਉਸ ਪਰੋਗਰਾਮ ਨੂੰ ਰੱਦ ਕਰਵਾਉਣ ਅਤੇ ਅਸਫਲ ਕਰਨ ਲਈ ਅਖੌਤੀ ਦਸਮ ਗਰੰਥ ਦੇ ਹਮਾਇਤੀਆਂ ਵਲੋਂ ਬੜੇ ਕੋਝੇ ਯਤਨ ਕੀਤੇ ਗਏ। ਇਥੋਂ ਦੇ ਕੁਝ ਕੁ ਧਰਮ ਦਾ ਨਕਾਬ ਪਾ ਕੇ ਬੈਠੇ ਲੋਕਾਂ ਤੇ ਕੁਝ ਬਾਹਰਲੀਆਂ ਸਟੇਟਾਂ ਵਿੱਚ ਬੈਠੇ ਸਾਜਿਸ਼ਕਾਰਾਂ ਨੇ ਮਿਲ ਕੇ ਨਿਊਯਾਰਕ ਦੇ ਇੱਕ ਟੀ ਵੀ ਚੈਨਲ ਦਾ ਸਹਾਰਾ ਲੈ ਕੇ ਪ੍ਰੋ: ਦਰਸ਼ਨ ਸਿੰਘ ਜੀ ਦੇ ਕਿਸੇ ਹੋਰ ਅਸਥਾਨ ਤੇ ਕੀਤੇ ਗਏ ਕੀਰਤਨ ਦੀ ਵੀਡੀਉ ਨੂੰ ਐਡਿਟ ਕਰ ਕੇ ਉਸ ਵਿੱਚੋਂ ਅਗਲੇ ਤੇ ਪਿਛਲੇ ਹਿੱਸੇ ਨੂੰ ਬੜੇ ਸਾਜਿਸ਼ੀ ਢੰਗ ਨਾਲ ਕੱਟ ਕੇ ਸਿਰਫ ਉਸ ਕਹਾਣੀ ਦੇ ਜਿਕਰ ਜੋ ਅਖੌਤੀ ਦਸਮ ਗਰੰਥ ਵਿੱਚ ਦਰਜ ਹੈ ਨੂੰ ਵਾਰ ਵਾਰ ਦਿਖਾਇਆ ਗਿਆ।ਜਿਸ ਹਿੱਸੇ ਵਿੱਚ ਪ੍ਰੋ: ਸਾਹਿਬ ਨੇ ਉਸ ਰਚਨਾ ਨੂੰ ਗੁਰੂ ਦੇ ਪਵਿੱਤਰ ਜੀਵਨ ਨਾਲ ਨਾਂ ਮੇਲ ਖਾਂਦੀ ਤੇ ਗੁਰੂ ਘਰ ਦੇ ਵਿਰੋਧੀਆਂ ਵਲੋਂ ਤਿਆਰ ਕੀਤੀ ਦੱਸਿਆ ਸੀ ਨੂੰ ਛੁਪਾ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਵਿੱਚ ਬਦਲਣ ਦਾ ਅਸਫਲ ਪਰ ਘਟੀਆ ਯਤਨ ਕੀਤਾ ਗਿਆ। ਇੱਥੇ ਹੀ ਬੱਸ ਨਹੀ ਇਹ ਸਭ ਕੁਝ ਕੀਤਾ ਵੀ ਇੰਡੀਅਨਐਪਲਿਸ ਵਾਲੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਗਿਆ ਤਾਂ ਕਿ ਕਿਸੇ ਸਪਸ਼ਟੀਕਰਨ ਦੇਣ ਦਾ ਵੀ ਮੌਕਾ ਵਿਚਾਲੇ ਨਾਂ ਰਹੇ। ਇਥੋਂ ਦੀ ਸੰਗਤ ਅੰਦਰ ਖਾਨਾਜੰਗੀ ਵਰਗੇ ਹਾਲਾਤ ਪੈਦਾ ਕੀਤੇ ਗਏ, ਅਖੌਤੀ ਦਸਮ ਗਰੰਥ ਦੇ ਹਮਾਇਤੀਆਂ ਵਲੋਂ ਵਾਰ ਵਾਰ ਮੀਟਿੰਗਾਂ ਕਰਕੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਪਰੋਗਰਾਮ ਨਾਂ ਕਰਨ ਦੇਣ ਅਤੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਉਹ ਲੋਕ ਭੁੱਲ ਗਏ ਕਿ ਜੇਕਰ ਤੁਸੀਂ ਸੱਚ ਦੇ ਰਸਤੇ ਤੇ ਚੱਲਦੇ ਹੋ ਤਾਂ ਗੁਰੂ ਵੀ ਸਾਥ ਸੱਚ ਦੇ ਪਾਂਧੀਆਂ ਦਾ ਹੀ ਦਿੰਦਾ ਏ।ਵਾਹਿਗੁਰੂ ਜੀ ਦੀ ਕਿਰਪਾ, ਗੁਰੂ ਪ੍ਰਤੀ ਵਿਸ਼ਵਾਸ, ਸੰਗਤਾਂ ਦੇ ਸਹਿਯੋਗ ਅਤੇ ਪ੍ਰਬੰਧਕਾਂ ਵਲੋਂ ਉਹਨਾਂ ਲੋਕਾਂ ਵਿਰੁੱਧ ਡਟ ਜਾਣ ਨਾਲ ਉਹਨਾਂ ਲੋਕਾਂ ਨੂੰ ਮੂੰਹ ਦੀ ਖਾਣੀ ਪਈ ਤੇ ਆਖਿਰ ਸੱਚ ਦੀ ਜਿੱਤ ਹੋਈ। ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਪ੍ਰਗਟਾਏ ਗਏ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਆਖਿਰ ਸੰਗਤਾਂ ਵਲੋਂ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਨੂੰ ਸਿੱਖ ਪੰਥ ਦੀ ਮਹਾਨ ਸ਼ਖਸੀਅਤ “ਬਾਬਾ ਬੁੱਢਾ ਜੀ” ਦੇ ਨਾਮ ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸੇ ਸਮੇਂ ਇਸੇ ਹੀ ਗਰੰਥ ਦੀ ਸੰਪਾਦਨਾ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਈਰਖਾ ਕਮਾਉਣ ਵਾਲੇ ਪ੍ਰਿਥੀਏ ਵਲੋਂ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਰੂ ਘਰ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਉਸ ਵੇਲੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਅੱਜ ਵੀ ਉਸੇ ਹੀ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਇਹ ਡੇਰੇਬਾਦੀ ਸੋਚ ਦੇ ਮਾਲਕ ਲੋਕ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲੋਂ ਤੋੜ ਕੇ ਅਸ਼ਲੀਲ ਕਿਸਮ ਦੀਆਂ ਰਚਨਾਵਾਂ ਤੇ ਦੇਹਧਾਰੀ ਗੁਰੂਡੰਮ ਨੂੰ ਸਿੱਖ ਸਮਾਜ ਦਾ ਹਿੱਸਾ ਬਣਾ ਦੇਣਾ ਚਾਹੁੰਦੇ ਹਨ, ਤਾਂ ਕਿ ਸਿੱਖ ਦੇ ੳੁੱਚੇ ਕਿਰਦਾਰ ਨੂੰ ਨੀਵਾਂ ਦਿਖਾਇਆ ਜਾ ਸਕੇ। ਇਸ ਵੇਲੇ ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਅਰੰਭਿਆ ਗਿਆ ਇਹ ਸੰਘਰਸ਼ ਕਾਬਲੇ ਤਾਰੀਫ ਹੈ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੀਆਂ ਸੰਗਤਾਂ ਦੀ ਇਹ ਅਰਦਾਸ ਹੈ ਕਿ ਸਤਿਗੁਰੂ ਜੀ ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਨੂੰ ਤੰਦਰੁਸਤੀ ਅਤੇ ਹੋਰ ਬੱਲ ਬਖਸ਼ਣ ਤਾਂ ਕਿ ਗੁਰੂ ਗਰੰਥ ਸਾਹਿਬ ਜੀ ਤੇ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਗੁਰੂ ਦੇ ਸਿੱਖਾਂ ਵਲੋਂ ਦ੍ਰਿੜਤਾ ਨਾਲ ਦਿੱਤਾ ਜਾ ਸਕੇ।