ਸਤਿਗੁਰੂ ਨਾਨਕ ਦਾ ਸੰਦੇਸ਼
ਅਵਤਾਰ ਸਿੰਘ ਮਿਸ਼ਨਰੀ
ਸਤਿਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਜੋ ਉਪਦੇਸ਼ ਦਿੱਤਾ ਉਹ ਸ਼ੁੱਧ ਰੂਪ ਵਿੱਚ ਉਨ੍ਹਾਂ ਦੀ ਪਵਿੱਤਰ ਬਾਣੀ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਪੁਰਾਤਨ ਗ੍ਰੰਥਾਂ, ਜਨਮ ਸਾਖੀਆਂ, ਹੋਰ ਬ੍ਰਾਹਮਣਵਾਦੀ-ਕਰਮਕਾਂਡੀ ਹਿੰਦੂ ਅਤੇ ਮੁਸਲਿਮ ਲਿਖਾਰੀਆਂ ਅਤੇ ਅਜੋਕੇ ਡੇਰਾਵਾਦੀ ਸਾਧਾਂ ਨੇ ਗੁਰ ਉਪਦੇਸ਼ ਨੂੰ ਆਪੋ ਆਪਣੇ ਨਜ਼ਰੀਏ, ਢੰਗ-ਤਰੀਕੇ ਵਿਸ਼ਵਾਸ਼ ਨਾਲ ਲਿਖਿਆ ਹੈ, ਪਰ ਗੁਰੂ ਜੀ ਦੀ ਪਵਿੱਤਰ ਬਾਣੀ ਦੀ ਫਿਲਾਸਫੀ ਅਨੁਸਾਰ ਨਹੀਂ। ਕੁਝ ਟਾਂਵੇਂ ਗੁਰੂ ਪਿਆਰੇ ਲਿਖਾਰੀਆਂ ਨੂੰ ਛੱਡ ਕੇ ਬਾਕੀ ਸਭ ਨੇ ਗੁਰ ਉਪਦੇਸ਼ ਨੂੰ ਰਲ-ਗੱਡ ਕੀਤਾ ਹੋਇਆ ਹੈ। ਇਸ ਰਲੇ ਨੂੰ ਸਮਝਣ ਦੀ ਲੋੜ ਹੈ, ਜਿਵੇਂ ਸੋਨੇ ਵਿੱਚ ਹੋਰ ਬਹੁਤ ਸਾਰੀਆਂ ਧਾਤਾਂ ਰਲਾ ਦਿੱਤੀਆਂ ਜਾਣ ਤਾਂ ਸਿਆਣਾ ਸੁਨਿਆਰਾ ਉਸ ਸੋਨੇ ਨੂੰ ਪਹਿਲਾਂ ਕਸਵੱਟੀ ਤੇ ਪਰਖਦਾ ਹੈ ਤਾਂ ਪਤਾ ਚੱਲ ਜਾਂਦਾ ਹੈ ਕਿ ਸੋਨੇ ਵਿੱਚ ਕਿੰਨਾਂ ਲੋਹਾ, ਪਿਤਲ, ਤਾਂਬਾ ਅਤੇ ਜਿਸਤ ਆਦਿਕ ਹੈ। ਇਵੇਂ ਹੀ ਸਾਡੇ ਪਾਸ ਗੁਰਬਾਣੀ ਹੀ ਅਸਲ ਕਸਵੱਟੀ ਹੈ ਜੋ ਸਦੀਵੀ ਸੱਚ ਹੈ ਜੋ ਫਿਲਾਸਫੀ ਗੁਰੂ ਨਾਨਕ ਜੀ ਦੀ ਬਾਣੀ ਨਾਲ ਨਹੀ ਮਿਲਦੀ ਉਹ ਗੁਰ ਉਪਦੇਸ਼ ਨਹੀਂ ਹੋ ਸਕਦੀ। ਫਿਰ ਵੀ ਸਾਨੂੰ ਇਨ੍ਹਾਂ ਸਰੋਤਾਂ ਤੋਂ ਗੁਰ ਇਤਿਹਾਸ ਬਾਰੇ ਕੁਝ ਹੈਲਪ ਮਿਲਦੀ ਹੈ ਜਿਸ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਵਾਚਣ ਦੀ ਲੋੜ ਹੈ ਨਾਂ ਕਿ ਲਕੀਰ ਦੇ ਫਕੀਰ ਬਣ ਕੇ ਜੋ ਵੀ ਸਾਨੂੰ ਕੋਈ ਸੁਣਾਈ ਜਾਵੇ ਅਸੀਂ ਸਤਿ ਕਰਕੇ ਸੁਣੀ ਜਾਈਏ ਭਾਵੇਂ ਉਹ ਗੁਰਬਾਣੀ ਗੁਰ ਸਿਧਾਂਤ ਦੇ ਵਿਰੁਧ ਹੀ ਕਿਉਂ ਨਾਂ ਹੋਵੇ।
ਮੂਲ ਸੰਦੇਸ਼
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ੴ-- ਰੱਬ ਇੱਕ ਹੈ ਦੋ ਨਹੀਂ ਇਸ ਕਰਕੇ ਏਕਾ ਗਿਣਤੀ ਵਾਚਕ ਰੱਖਿਆ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਅਤੇ ਕੋਈ ਇਸ ਇੱਕ ਦੇ ਵੱਖਰੇ-2 ਅਰਥ ਨਾ ਕਰੇ ਜਿਵੇਂ ਅੱਜ ਦੇ ਸੰਪਰਦਾਈ ਗੁਰਬਾਣੀ ਨੂੰ ਵੇਦਾਂਤ ਰੰਗਤ ਦੇ ਕੇ ਇੱਕ ਸ਼ਬਦ ਦੇ ਕਈ-ਕਈ ਅਰਥ ਕਰਦੇ ਹਨ। ਗੁਰੂ ਜੀ ਜਪੁਜੀ ਸਾਹਿਬ ਵਿਖੇ ਹੀ ਇਸ ਦੀ ਵਿਆਖਿਆ ਕਰਦੇ ਹਨ-ਸਭਨਾ ਜੀਆਂ ਕਾ ਇਕੁ ਦਾਤਾ..॥(ਜਪੁਜੀ) ਓਅੰਕਾਰਿ ਏਕੋ ਰਵਿ ਰਹਿਆ(1310) ਭਾਈ ਗੁਰਦਾਸ ਜੀ ਵੀ ਲਿਖਦੇ ਹਨ-ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ। ਉਹ ਸਭਨਾਂ ਵਿੱਚ ਰਮਿਆਂ ਹੋਇਆ ਹੈ ਅਤੇ ਸਭ ਦਿਸਦੇ ਅਨਦਿਸਦੇ ਉਸ ਦੇ ਹੀ ਅਕਾਰ ਹਨ।
ਸਤਿਨਾਮੁ-ਸਤਿ ਦਾ ਅਰਥ ਹੈ ਸਦੀਵੀ ਹੋਂਦਵਾਲਾ ਭਾਵ-ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਹੈ। ਦੁਨੀਆਂ ਮੁਕਾਮੇਂ ਫਾਨੀ ਹੈ। ਕਰਤਾ-ਉਹ ਇੱਕ ਹੀ ਸੰਸਾਰ ਦਾ ਕਰਣਹਾਰ ਹੈ। ਮਿਥਹਾਸਕ ਹਿੰਦੂ ਗ੍ਰੰਥਾਂ ਅਨੁਸਾਰ ਮੰਨਿਆਂ ਜਾਂਦਾ ਹੈ ਕਿ ਬ੍ਰਹਮਾਂ ਸ੍ਰਿਸ਼ਟੀ ਰਚਦਾ, ਵਿਸ਼ਨੂੰ ਰਿਜ਼ਕ ਦਾਤਾ ਅਤੇ ਸ਼ਿਵਜੀ ਲੈਤਾ ਕਰਦਾ ਹੈ। ਬਾਬਾ ਨਾਨਕ ਜੀ ਫੁਰਮਾਂਦੇ ਹਨ ਕਿ ਉਹ ਪ੍ਰਮਾਤਮਾਂ ਇੱਕ ਹੀ ਸਾਰੇ ਸੰਸਾਰ ਦਾ ਕਰਤਾ-ਧਰਤਾ-ਹਰਤਾ ਹੈ। ਪੁਰਖੁ-ਪਰਖ ਦੇ ਖੱਖੇ ਨੂੰ ਔਂਕੜ ਇੱਕ ਵਚਨ ਦਾ ਲਖਾਇਕ ਹੈ। ਉਹ ਇੱਕ ਹੀ ਕਰਤਾ ਪੁਰਖ ਹੈ-ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰਿ ਸਗਲੀ ਨਾਰਿ ਸਬਾਈ॥(591) ਸੰਸਾਰੀ ਕਰਤੇ ਆਪਣੀ ਕਿਰਤ ਵਿੱਚ ਨਹੀਂ ਵਸਦੇ ਪਰ ਉਹ ਕਰਤਾ ਪੁਰਖ ਆਪਣੀ ਕਿਰਤ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਨਿਰਭਉ-ਉਹ ਭੈ ਰਹਿਤ ਹੈ ਬਾਕੀ ਸਾਰੀ ਦੁਨੀਆਂ ਭੈ ਵਿੱਚ ਹੈ-ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥....ਸਗਲਿਆਂ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰ ਸਚੁ ਏਕੁ॥(464) ਜੋ ਵੀ ਐਸੇ ਨਿਰਭਉ ਪ੍ਰਭੂ ਦਾ ਜਾਪ ਕਰਦਾ ਹੈ ਉਸ ਦੇ ਭੈ ਮਿਟ ਜਾਂਦੇ ਹਨ ਫਿਰ ਉਹ ਬਿੱਲੀ ਦੇ ਰਸਤਾ ਕੱਟ ਜਾਂਣ, ਖੋਤੇ ਦੇ ਹੀਂਕਣ, ਕਿਸੇ ਸੰਤ-ਸਾਧ ਦੇ ਸਰਾਪ, ਚੰਗੇ ਮੰਦੇ ਦਿਨ ਵੀਰ ਸ਼ਨੀ ਆਦਿਕ ਗ੍ਰੈਹਾਂ ਤੋਂ ਨਹੀਂ ਡਰਦਾ-ਨਿਰਭਉ ਜਪੈ ਸਗਲ ਭਉ ਮਿਟੈ॥(293) ਨਿਰਵੈਰੁ-ਉਹ ਵੈਰ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ ਪਰ ਕੀਤੇ ਕਰਮਾਂ ਦਾ ਫਲ ਹਰੇਕ ਨੂੰ ਦਿੰਦਾ ਹੈ-ਪ੍ਰਭ ਘਾਲਿਆ ਕਿਸੇ ਕਾ ਇਕੁ ਤਿਲੁ ਨ ਗਵਾਈ॥ ਜਿਵੇਂ ਇੱਕ ਬਾਪ ਆਪਣੇ ਬੱਚਿਆਂ ਨੂੰ ਗਲਤੀ ਕਰਨ ਤੇ ਡਾਂਟਦਾ ਹੈ ਉਨ੍ਹਾਂ ਦੇ ਸੁਧਾਰ ਵਾਸਤੇ ਪਰ ਦਿਲ ਵਿੱਚ ਵੈਰ ਨਹੀਂ ਰੱਖਦਾ, ਇਵੇਂ ਹੀ ਪ੍ਰਮਾਤਮਾਂ ਨਿਰਵੈਰ ਹੈ-ਜੈਸਾ ਬਾਲਕੁ ਭਾਇ ਸੁਭਾਈ ਲਖਿ ਅਪਰਾਧ ਕਮਾਵੈ॥ ਕਰਿ ਉਪਦੇਸ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲਿ ਲਾਵੈ॥ ਪਿਛਲੈ ਅਉਗੁਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ॥(624) ਇਵੇਂ ਹੀ ਨਿਰਵੈਰ ਦਾ ਜਾਪ ਕਰਨ ਵਾਲਾ ਭਾਈ ਘਨੱਈਏ ਵਾਂਗ ਨਿਰਵੈਰ ਹੋ ਜਾਂਦਾ ਹੈ। ਅਕਾਲ ਮੂਰਤਿ-ਕਾਲ ਦਾ ਅਰਥ ਹੈ ਸਮਾਂ ਅਤੇ ਮੂਰਤ ਦਾ ਅਰਥ ਹੈ ਸਰੂਪ ਭਾਵ ਉਸ ਦਾ ਸਰੂਪ ਸਮੇਂ ਦੀ ਹੱਦ ਬੰਦੀ ਤੋਂ ਰਹਿਤ ਹੈ। ਉਹ ਸਾਡੇ ਵਾਂਗ ਕਦੇ ਬੱਚਾ ਜਵਾਨ ਤੇ ਬੁੱਢਾ ਨਹੀਂ ਹੁੰਦਾ। ਇਸ ਕਰਕੇ ਉਸ ਦੀ ਮੂਰਤਿ ਬਣਾਈ ਹੀ ਨਹੀਂ ਜਾ ਸਕਦੀ-ਥਾਪਿਆ ਨਾ ਜਾਇ ਕੀਤਾ ਨਾ ਹੋਇ॥(ਜਪੁਜੀ) ਅਜੂਨੀ-ਉਹ ਜੂਨਾਂ ਤੋਂ ਰਹਿਤ ਹੈ ਭਾਵ ਜਨਮ-ਮਰਨ ਵਿੱਚ ਨਹੀਂ ਆਉਂਦਾ-ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥...ਭ੍ਰਮ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਨ ਤੇ ਰਹਿਤ ਨਾਰਾਇਣੁ॥(1136) ਉਹ ਮੂਹ ਸੜ ਜਾਵੇ ਜਿਹੜਾ ਕਹਿੰਦਾ ਹੈ ਕਿ ਠਾਕਰੁ (ਸੰਸਾਰ ਦਾ ਮਾਲਕ) ਜੂਨਾ ਵਿੱਚ ਆਉਂਦਾ ਹੈ। ਜੋ ਲੋਕ ਅਜਿਹੀਆਂ ਕੱਚੀਆਂ (ਝੂਠੀਆਂ) ਗੱਲਾਂ ਕਰਦੇ ਹਨ ਉਹ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਨ। ਇਸੇ ਕਰਕੇ ਅਵਤਾਰਾਂ, ਗੁਰੂਆਂ (ਉਪਦੇਸ਼ਕਾਂ) ਨੂੰ ਹੀ ਭਗਵਾਨ ਕਹੀ ਜਾ ਰਹੇ ਹਨ। ਸੈਭੰ-ਉਹ ਸਵੈ ਪ੍ਰਕਾਸ਼ ਹੈ, ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਭਾਵ ਉਸ ਦਾ ਕੋਈ ਮਾਈ ਬਾਪ ਨਹੀਂ ਜਿਵੇਂ ਸਾਰੀ ਕਾਇਨਾਤ ਵਿੱਚ ਬਾਕੀ ਸਭ ਜੀਵਾਂ ਦੇ ਮਾਂ ਬਾਪ ਹਨ। ਵੱਡੇ-2 ਅਵਤਾਰ ਗੁਰੂ ਪੀਰ ਭਗਤ ਆਦਿਕ ਸਭਨਾ ਦੇ ਮਾਂ ਬਾਪ ਹਨ। ਇਹ ਝੂਠ ਨਹੀਂ ਹੈ ਰਾਮ, ਕ੍ਰਿਸ਼ਨ, ਈਸਾ, ਮੂਸਾ, ਮੁਹੰਮਦ ਅਤੇ ਸਤਿਗੁਰੂ ਨਾਨਕ ਆਦਿਕ ਸ਼ਭ ਸਰੀਰ ਕਰਕੇ ਮਾਂ ਬਾਪ ਦੇ ਘਰ ਹੀ ਪੈਦਾ ਹੋਏ ਹਨ। ਇਹ ਗੱਲ ਲਿਖਤੀ ਰੂਪ ਵਿੱਚ ਪੁਰਾਤਨ ਗ੍ਰੰਥਾਂ ਤੇ ਇਤਿਹਾਸ ਵਿੱਚ ਲਿਖੀ ਹੋਈ ਹੈ। ਗੁਰਪ੍ਰਸਾਦਿ-ਗੁਰ ਦਾ ਅਰਥ ਹੈ ਗਿਆਨ ਦਾਤਾ ਅਤੇ ਪ੍ਰਸਾਦ ਦਾ ਅਰਥ ਹੈ ਕ੍ਰਿਪਾ। ਐਸੇ ਗੁਰੂ ਦੁਆਰਾ ਹੀ ਉਪਰੋਕਤ ਗੁਣਾਂ ਵਾਲੇ ਪ੍ਰਮਾਤਮਾਂ ਅੱਲਾ ਤਾਲਾ ਰਾਮ ਰਹੀਮ ਗਾਡ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆਂ ਪਛਾਣਿਆਂ ਮਾਣਿਆਂ ਤੇ ਪਾਇਆ ਜਾ ਸਕਦਾ ਹੈ-ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨਾ ਸਮਝ ਨਾ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨਾ ਮੁਕਤਿ ਨ ਪਾਵੈ॥(1399) ਜਦ ਸਿੱਧਾਂ ਨੇ ਪੁਛਿਆ ਨਾਨਕ ਤੇਰਾ ਗੁਰੂ ਕੌਣ ਹੈ ਤਾਂ ਬਾਬੇ ਨਾਨਕ ਨੇ ਫਰਮਾਇਆ-ਸਬਦੁ ਗੁਰੂ ਸੁਰਤਿ ਧੁਨਿ ਚੇਲਾ॥(943) ਭਾਵ ਰੱਬੀ ਗਿਆਨ ਜੋ ਕਦੇ ਨਾਸ ਨਾ ਹੋਵੇ ਸਦਾ ਹੀ ਰੋਸ਼ਨ ਰਹੇ ਉਹ ਮੇਰਾ ਗੁਰੂ ਹੈ। ਇਸੇ ਸ਼ਬਦ ਗੁਰੂ ਦੀ ਸ਼ਕਤੀ ਨਾਲ ਹੀ ਗੁਰੂ ਜੀ ਨੇ ਹੰਕਾਰੀ ਸਿੱਧ ਮੰਡਲੀ ਨੂੰ ਜਿਤਿਆ ਸੀ-ਸ਼ਬਦਿ ਜਿਤੀ ਸਿਧ ਮੰਡਲੀ ਕੀਤੋਸੁ ਆਪਣ ਪੰਥ ਨਿਰਾਲਾ।(ਭਾ.ਗੁ.) ਗੁਰੂ ਰਾਮਦਾਸ ਜੀ ਵੀ ਅਜਿਹਾ ਹੀ ਫੁਰਮਾਂਦੇ ਹਨ-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥(982) ਗੁਰੂ ਗੋਬਿੰਦ ਸਿੰਘ ਜੀ ਵੀ ਗਿਆਨ ਨੂੰ ਹੀ ਗੁਰੂ ਕਹਿੰਦੇ ਹਨ-ਸੱਚੇ ਸੁੱਚੇ ਗਿਆਨ ਦਾ ਭੰਡਾਰ- ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਲਿਬੋ ਚਹੈ ਖੋਜਿ ਸ਼ਬਦ ਮੇ ਲੇਹ॥
ਗਿਆਨ ਦਾ ਸੂਰਜ ਚੜ੍ਹਿਆ
ਮਿਟੀ ਦੂੰਧ ਜਗਿ ਚਾਨਣ ਹੋਆ (ਭਾ.ਗੁ.) ਗੁਰੂ ਨਾਨਕ ਦੇਵ ਜੀ ਬਾਰੇ ਭੱਟਾਂ ਨੇ ਵੀ ਲਿਖਿਆ ਹੈ-ਬਲਿਓ ਚਰਾਗੁ ਅੰਧ੍ਹਾਰ ਮਹਿ..॥(1387) ਭਾਵ ਉਸ ਵੇਲੇ ਵਹਿਮਾਂ, ਭਰਮਾਂ, ਪਾਖੰਡਾਂ, ਪਾਪਾਂ, ਅਗਿਆਨ ਅਤੇ ਧਾਰਮਿਕ ਤੇ ਰਾਜਸੀ ਧੱਕੇਸ਼ਾਹੀ ਦਾ ਘੋਰ ਅੰਧੇਰਾ ਛਾਇਆ ਹਇਆ ਸੀ ਤਦੋਂ-ਸੁਣੀ ਪੁਕਾਰੁ ਦਾਤਾਰੁ ਪ੍ਰਭਿ ਗੁਰੂ ਨਾਨਕ ਜਗ ਮਾਹਿ ਪਠਾਇਆ।(ਭਾ.ਗੁ.) ਜਦ ਗੁਰੂ ਗਿਆਨ ਦਾ ਸੂਰਜ ਚੜ੍ਹਿਆ ਭਾਵ ਲੋਕਾਂ ਨੂੰ ਸਚਾਈ ਦਾ ਪਤਾ ਲੱਗਾ ਕਿਉਂਕਿ-ਪਰਜਾ ਅੰਧੀ ਗਿਆਨ ਬਿਨ ਪਰਜਾ ਭਾਵ ਲੋਕਾਈ ਅਗਿਆਨਤਾ ਦੇ ਅੰਧੇਰੇ ਵਿੱਚ ਵਹਿਮਾਂ-ਭਰਮਾਂ, ਜਾਤ-ਪਾਤ, ਛੂਆ-ਛਾਤ, ਸੁੱਚ-ਭਿੱਟ, ਦਿਸ਼ਾ-ਵਿਸ਼ਾ, ਸ਼ਗਨ-ਅਪਸ਼ਗਨ ਅਦਿਕ ਫੋਕਟ ਕਰਮਾਂ ਵਿੱਚ ਧਰਮ ਤੇ ਰਾਜ ਦੇ ਠੇਕੇਦਾਰਾਂ ਉਲਝਾਅ ਦਿੱਤੀ ਸੀ-ਹਉਂ ਭਾਲਿ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ। ਸਿੱਧਾ ਰਸਤਾ ਕੋਈ ਨਹੀਂ ਸੀ ਦੱਸ ਰਿਹਾ ਧਾਰਮਿਕ ਆਗੂ ਕਹਿ ਰਹੇ ਸਨ, ਦੇਵੀ ਦੇਵਤਿਆਂ ਅਤੇ ਪੀਰਾਂ ਦੀ ਕਰੋਪੀ ਤੋਂ ਬਚਣ ਲਈ ਹਵਨ ਕਰੋ, ਜੱਗ ਕਰੋ, ਜੋਤਾਂ ਬਾਲੋ, ਦਾਨ ਪੁੰਨ ਕਰੋ ਅਜਿਹਾ ਅੱਜ ਵੀ ਹੋ ਰਿਹਾ ਹੈ ਗੁਰੂ ਗਿਆਨ ਦੀ ਥਾਂ ਤੇ ਦੀਵੇ ਬਾਲੇ ਤੇ ਜੋਤਾਂ ਜਗਾਈਆਂ ਜਾਦੀਆਂ, ਧੂਫਾਂ ਹੀ ਧੁਖਾਈਆਂ ਜਾਂਦੀਆਂ, ਮੱਥੇ ਹੀ ਟੇਕੇ ਜਾਂਦੇ ਹਨ ਅਤੇ ਸੁਹਣੇ-ਸੁਹਣੇ ਰੁਮਾਲੇ ਤੇ ਭੇਟਾ ਹੀ ਚੜ੍ਹਾਈਆਂ ਜਾਂਦੀਆਂ ਹਨ। ਔਖੇ-ਔਖੇ ਗਿਣਤੀ ਮਿਣਤੀ ਦੇ ਪਾਠ ਅਤੇ ਜਪ-ਤਪ ਹੀ ਕੀਤੇ ਤੇ ਕਰਾਏ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ ਤਾਂ ਸਾਰੇ ਸੰਸਾਰ ਨੂੰ ਬੜਾ ਸਿੱਧਾ-ਸਾਦਾ ਉਪਦੇਸ ਹੈ-
ਕਿਰਤ ਕਰੋ
ਵੰਡ ਛਕੋ
ਨਾਮ ਜਪੋ
ਬਾਬੇ ਨਾਨਕ ਨੇ ਵਿਦਿਆ ਵੀ ਪੜ੍ਹੀ, ਮੱਝਾਂ ਵੀ ਚਾਰੀਆਂ, ਖੇਤੀਬਾੜੀ ਤੇ ਦੁਕਾਨਦਾਰੀ ਨੌਕਰੀ ਵੀ ਕੀਤੀ, ਵਾਪਾਰ ਵੀ ਕੀਤਾ। ਇਹ ਸਭ ਕੁਝ ਕਰਦਿਆਂ ਹੋਇਆਂ ਭੁੱਲੀ ਭੜਕੀ ਲੋਕਾਈ ਨੂੰ ਸੱਚ ਧਰਮ ਦਾ ਉਪਦੇਸ਼ ਵੀ ਬੜੀ ਨਿਡਰਤਾ ਅਤੇ ਪਿਆਰ ਦਿੱਤਾ। ਬਾਬਾ ਜੀ ਨੇ ਚੱਲ ਰਹੀਆਂ ਰੂੜੀਵਾਦੀ ਰਸਮਾਂ-ਰਹੁਰੀਤਾਂ ਜੋਰਦਾਰ ਸ਼ਬਦਾਂ ਵਿੱਚ ਖੰਡਨ ਕਰਦੇ ਹੋਏ ਤਿਆਗਣ ਦਾ ਉਪਦੇਸ਼ ਦਿੱਤਾ ਜਿਵੇਂ ਜਨੇਊ ਦਾ ਤਿਆਗ ਜੋ ਔਰਤ ਮਰਦ ਵਿੱਚ ਵਿਤਕਰਾ ਖੜਾ ਕਰਦਾ ਹੈ। ਬ੍ਰਾਹਮਣੀ ਮਤ ਅਨੁਸਾਰ ਔਰਤ ਸ਼ੂਦਰ ਹੈ ਉਹ ਜਨੇਊ ਨਹੀਂ ਪਾ ਸਕਦੀ ਅੱਜ ਸਿੱਖ ਮੱਤ ਵਿਚ ਵੀ ਔਰਤਾਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਅੰਮ੍ਰਿਤ ਸੰਚਾਰ ਦੀ ਸੇਵਾ ਅਧਿਕਾਰ ਨਹੀਂ, ਕਿਉਂ ਨਹੀ? ਜਦ ਕਿ ਬਾਬਾ ਜੀ-ਫੁਰਮਾਂਦੇ ਹਨ-ਸੋ ਕਿਉਂ ਮੰਦਾ ਆਖੀਐ ਜਿਤਿ ਜੰਮੇ ਰਾਜਾਂਨ॥ ਊਚ ਨੀਚ ਦਾ ਖੰਡਨ ਕਰਦੇ ਹੋਏ ਇੱਕ ਮਰਾਸੀ ਭਾ. ਮਰਦਾਨਾਂ ਜੀ ਨੂੰ ਸਾਥੀ ਭਰਾ ਬਣਾਇਆਂ ਤੇ ਕਿਹਾ-ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨਿ ਕੇ ਸੰਗਿ ਸਾਥਿ ਵਡਿਆਂ ਸਿਉਂ ਕਿਆ ਰੀਸੁ॥ ਪ੍ਰੋਹਿਤਵਾਦ ਤੋਂ ਖਹਿੜਾ ਛੁਡਾਇਆ ਪਿਤਰ ਪੂਜਾ (ਸਰਾਧਾਂ) ਦਾ ਖੰਡਨ ਕੀਤਾ। ਪਰ ਅੱਜ ਅਸੀਂ ਬਾਬਾ ਨਾਨਕ ਦਾ ਹੀ ਸਰਾਧ ਮਨਾਈ ਜਾ ਰਹੇ ਹਾਂ। ਸੰਗ੍ਰਾਂਦ, ਮਸਿਆ, ਪੁੰਨਿਆਂ ਚੰਗੇ ਮਾੜ ਦਿਨਾਂ ਦੀ ਵਿਚਾਰ ਸਾਡਾ ਖਹਿੜਾ ਛੁਡਾਇਆਂ ਪਰ ਅੱਜ ਇਹ ਸਭ ਕੁਝ ਘਰਾਂ ਚ ਤਾਂ ਕੀ ਗੁਰਦੁਆਰਿਆਂ ਵਿੱਚ ਵੀ ਐਡ ਹੋ ਚੁੱਕਾ ਹੈ। ਵੇਖੋ ਨੋਟਿਸ ਬੋਰਡ ਉੱਪਰ ਸਭ ਤੋਂ ਪਹਿਲਾਂ ਮਸਿਆ, ਪੁੰਨਿਆਂ, ਸੰਗ੍ਰਾਂਦ ਅਤੇ ਪੰਚਕਾਂ ਆਦਿ ਅਤੇ ਸਭ ਤੋਂ ਥੱਲੇ ਗੁਰ ਪੁਰਬ ਤੇ ਸ਼ਹੀਦੀ ਦਿਹਾੜੇ। ਆਰਤੀਆਂ ਦਾ ਖੰਡਨ ਕੀਤਾ ਪਰ ਅੱਜ ਗੁਰਦੁਆਰੇ ਵੀ ਆਰਤੀਆਂ ਕੀਤੀਆਂ ਜਾਂਦੀਆਂ ਹਨ। ਕਰਾਮਾਤਾਂ ਦਾ ਤਿਆਗ ਕੀਤਾ ਪਰ ਸਾਖੀਕਾਰਾਂ ਨੇ ਬਾਬੇ ਨਾਲ ਵੀ ਕਰਾਮਾਤਾਂ ਜੋੜ ਦਿੱਤੀਆਂ ਹਨ। ਮਲਕ ਭਾਗੋਆਂ (ਹੰਕਾਰੀਆਂ) ਦਾ ਤਿਆਗ ਕੀਤਾ ਜੋ ਕਿਰਤੀਆਂ ਦਾ ਖੂਨ ਪੀਂਦੇ ਸਨ। ਠੱਗਾਂ ਤੇ ਰਾਕਸ਼ਾਂ ਨੂੰ ਸਿੱਧੇ ਰਸਤੇ ਪਾਇਆ। ਹਿੰਦੂ ਤੇ ਮੁਸਲਿਮ ਵਾਲਾ ਪਾੜਾ ਖਤਮ ਕਰਦੇ ਹੋਏ ਕਿਹਾ-ਨਾ ਕੋਈ ਹਿੰਦੂ ਨਾ ਮੁਸਲਮਾਨ॥ਅਲਾਹ ਰਾਮ ਕੇ ਪਿੰਡ ਪਰਾਨ॥
ਪੁਜਾਰੀਵਾਦ ਦਾ ਭਰਵਾਂ ਖੰਡਨ-ਕਾਦੀ ਕੂੜ ਬਲਿ ਮਲਿ ਖਾਇ॥ ਬਾਮਣ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨਾ ਜਾਣੈ ਅੰਧੁ॥ਤੀਨੇ ਓਜਾੜੈ ਕਾ ਬੰਧੁ॥ ਭਾਵ ਕਾਜ਼ੀ ਜਿਸ ਨੇ ਇੰਨਸਾਫ ਕਰਨਾ ਹੈ ਰਿਸ਼ਵਤ ਲੈ ਕੇ ਝੂਠੇ ਫੈਂਸਲੇ ਕਰਦਾ ਹੈ। ਬ੍ਰਾਹਮਣ ਮਨੁੱਖਾਂ ਤੇ ਜੀਵਾਂ ਦੀਆਂ ਬਲੀਆਂ ਦੇ ਕੇ ਅਤੇ ਚੜ੍ਹਤ ਚੜਾਵਾ ਆਦਿਕ ਮਾਇਆ ਹੜੱਪ ਕੇ ਬੜੀ ਖੁਸ਼ੀ ਨਾਲ ਅਖੌਤੀ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ ਭਾਵ ਸ਼ਰਧਾਲੂਆਂ ਦਾ ਖੂੰਨ ਪੀ ਰਿਹਾ ਹੈ। ਜੋਗੀ ਜੋਗ ਦੀ ਜੁਗਤੀ ਭਾਵ ਰੱਬ ਨੂੰ ਮਿਲਣ ਦਾ ਤਰੀਕਾ ਹੀ ਨਹੀਂ ਜਾਣਦਾ, ਤਾਹੀਓਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦਾ ਅਤੇ ਪੇਟ ਪੂਰਤੀ ਲਈ ਉਨ੍ਹਾਂ ਹੀ ਗ੍ਰਿਹਸਤੀਆਂ ਦੇ ਦਰਾਂ ਤੇ ਭੋਜਨ ਮੰਗਨ ਲਈ ਭਟਕਦਾ ਹੈ। ਇਵੇਂ ਇਹ ਤਿੰਨੋ ਧਾਰਮਿਕ ਆਗੂ ਜਨਤਾ ਲਈ ਅਵਾਰਾ ਪਸ਼ੂਆਂ ਵਾਂਗ ਉਜਾੜਾ ਕਰਨ ਵਾਲੇ ਹਨ। ਇਵੇਂ ਹੀ ਅੱਜ ਸਿੱਖ ਧਰਮ ਵਿੱਚ ਸੰਤ-ਸਾਧ ਸੰਪ੍ਰਦਾਈ ਅਤੇ ਭੇਖੀ ਰਾਗੀ, ਗ੍ਰੰਥੀ ਪੁਜਾਰੀ ਆਦਿਕ ਭੜੇ ਜੋਰਾਂ ਸ਼ੋਰਾਂ ਨਾਲ ਕਰਕੇ ਸਿੱਖੀ ਦੀ ਉਤਮ ਖੇਤੀ ਨੂੰ ਦੋਹੀਂ ਹੱਥੀ ਉਜਾੜ ਰਹੇ ਹਨ। ਪਾਠ, ਕਥਾ, ਕੀਰਤਨ ਅਤੇ ਅਰਦਾਸਾਂ ਵਿਕ ਰਹੀਆਂ ਹਨ। ਗੁਰਦੁਆਰੇ ਜੋ ਗਿਆਨ ਦੇ ਸੋਮੇ ਸਨ ਰਸਮੀ ਪਾਠ ਕਥਾ ਕੀਰਤਨ ਅਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਪਕਵਾਨਾਂ ਤੱਕ ਹੀ ਸੀਮਤ ਕਰ ਦਿੱਤੇ ਗਏ ਹਨ। ਤਖਤਾਂ ਦੇ ਜਥੇਦਾਰ ਜੋੜਨ ਦੀ ਥਾਂ ਹੁਕਮਨਾਮਿਆਂ ਦੇ ਡਰਾਵੇ ਦੇ ਕੇ ਵਿਦਵਾਨਾਂ ਦੀ ਜੁਬਾਨ ਬੰਧ ਕਰ ਰਹੇ ਹਨ। ਗੁਰੂ ਨਾਨਕ ਨੇ ਤਾਂ ਵਿਰੋਧੀ ਸਿੱਧਾਂ ਨਾਲ ਵੀ ਵਿਚਾਰ ਗੋਸ਼ਟੀ ਕੀਤੀ ਪਰ ਅੱਜ ਦੇ ਪੁਜਾਰੀ ਕਿਸੇ ਵਿਦਵਾਨ ਨਾਲ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਸਗੋਂ ਧੌਂਸ ਨਾਲ ਹੁਕਮ ਦੇਣਾ ਹੀ ਜਾਣਦੇ ਹਨ। ਸੋ ਗੁਰੂ ਨਾਨਕ ਅਨੁਸਰ ਪੁਜਾਰੀਵਾਦ ਨੂੰ ਕੋਈ ਮਾਨਤਾ ਨਹੀਂ ਸਗੋਂ ਸੰਗਤ ਨੂੰ ਮਾਨਤਾ ਹੈ ੳਤੇ ਸੰਗਤ ਦਾ ਨੀਯਤ ਕੀਤਾ ਜਥੇਦਾਰ ਹੀ ਸੰਗਤ ਦੀ ਸਲਾਹ ਨਾਲ ਕੋਈ ਫੈਂਸਲਾ ਕਰ ਸਕਦਾ ਹੈ।
ਭਗਤ ਅਤੇ ਗੁਰੂ ਸਹਿਬਾਨ ਕਿਰਤੀ ਤੇ ਗ੍ਰਿਹਸਤੀ ਸਨ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਮੱਠ ਜਾਂ ਡੇਰੇ ਬਣਾ ਕੇ ਨਹੀਂ ਬੈਠੇ ਸਨ। ਅੱਜ ਦੇ ਡੇਰੇਦਾਰ ਕਿਰਤ ਨੂੰ ਤਾਂ ਬਿਲਕੁਲ ਛੱਡ ਚੁੱਕੇ ਹਨ ਜੋ ਮਨੁੱਖਤਾ ਦਾ ਪਹਿਲਾ ਉੱਤਮ ਫਰਜ਼ ਹੈ। ਭੁੱਖਾ ਭਗਤੀ ਨਹੀਂ ਕਰ ਸਕਦਾ-ਭੂਖੇ ਭਗਤਿ ਨ ਕੀਜੈ॥(652) ਪੰਜਾਬੀ ਦੀ ਵੀ ਕਹਾਵਤ ਹੈ-"ਪੇਟ ਨਾਂ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ" ਸੁੱਚੀ ਕਿਰਤ ਤੋਂ ਬਿਨਾ ਨਾਮ ਜਪਿਆ ਵੀ ਫਲੀਭੂਤ ਨਹੀਂ ਹੁੰਦਾ। ਸੋ ਅੱਜ ਸਾਨੂੰ ਸਾਧਾਂ ਸੰਤਾਂ ਦੇ ਡੇਰਿਆਂ ਦਾ ਖਹਿੜਾ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਸਿੱਧੇ ਮਾਰਗ ਤੇ ਚੱਲ ਕੇ ਜਨਮ ਸਫਲਾ ਕਰਨਾ ਚਾਹੀਦਾ ਹੈ-ਕਿਰਤ ਵਿਰਤ ਕਰਿ ਧਰਮ ਦੀ..।ਗੁਰਮੁਖਿ ਗਾਡੀ ਰਾਹੁ ਚਲੰਦਾ।(ਭਾ.ਗੁ.) ਭਾਵ ਦਸਾਂ ਨੌਹਾਂ ਦੀ ਕਿਰਤ ਵਿਰਤ ਕਰਦਿਆਂ ਵੰਡ ਛਕਦਿਆਂ, ਨਾਮ ਜਪਦਿਆਂ ਅਤੇ ਘਰ ਬਾਰ ਵਿੱਚ ਰਹਿੰਦਿਆਂ ਹੋਇਆਂ ਮਨੁੱਖਾ ਜੀਵਨ ਨੂੰ ਸਫਲ ਬਣਾਇਆ ਅਤੇ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ-ਸਭਿ ਕਿਛੁ ਘਰਿ ਮਹਿ ਬਾਹਰਿ ਨਾਹੀਂ ॥ ਬਾਹਰਿ ਟੋਲੇ ਸੋ ਭਰਮ ਭੁਲਾਹੀ॥ ਗੁਰਪ੍ਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ॥ ਆਓ ਆਪਾਂ ਵੀ ਗੁਰੂ ਬਾਬੇ ਦੇ ਮਾਰਗ ਤੇ ਚੱਲ ਕੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋਈਏ। ਆਪਸੀ ਕੁੜੱਤਣਾ ਤਿਆਗ ਕੇ ਸੁਹਾਵੇਂ ਮਹੌਲ ਵਿੱਚ ਵਿਚਾਰ ਵਟਾਂਦਰੇ ਕਰਦੇ ਹੋਏ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਰਹਿਮਤਾਂ ਪ੍ਰਾਪਤ ਕਰੀਏ।