ਵਿਨੀਪੈਗ (ਕਨੇਡਾ) ਵਿਖੇ ਨਗਰ ਕੀਰਤਨ
ਸਿੰਘ ਸਭਾ ਇੰਟਰਨੈਸ਼ਨਲ
ਵਿਨੀਪੈਗ (ਕਨੇਡਾ) ਵਿਖੇ ਨਗਰ ਕੀਰਤਨ
ਸਤੰਬਰ 6, 2009 ਦਿਨ ਐਤਵਾਰ ਨੂੰ ਪਿੱਛਲੇ ਕਈ ਸਾਲਾਂ ਦੀ ਤਰ੍ਹਾਂ ਵਿਨੀਪੈਗ ਸੀ ਸੰਗਤ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਦਿਵਸ ਮਨਾਉਂਦੇ ਹੋਏ ਵਿਨੀਪੈਗ ਡਾਊਨ ਟਾਊਨ ਦੀਆਂ ਸੜਕਾਂ ਉੱਤੋਂ ਦੀ ਨਗਰ ਕੀਰਤਨ ਕੱਢਿਆ ਗਿਆ। ਸਤੰਬਰ ਮਹੀਨੇ ਅਨੁਸਾਰ ਦਿੱਨ ਵਧੀਆ ਸੀ ਪਰ ਗਰਮ ਜਰੂਰ ਸੀ।
ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਰਾਜਸੀ ਨੇਤਾਵਾਂ ਨੇ ਰਾਜਸੀ ਸ਼ੁੱਭ ਇੱਛਾਵਾਂ ਪ੍ਰਸੁਤ ਕੀਤੀਆਂ, ਬਾਜਿਆਂ ਗਾਜਿਆਂ ਦੀ ਗੂੰਜ ਅਤੇ ਅਕਾਲ ਪੁਰਖ ਦੀ ਜੈ ਜੈ ਕਾਰ ਨਾਲ ਨਗਰ ਕੀਰਤਨ ਦਾ ਆਰੰਭ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਇੱਕ ਸਜਾਏ ਹੋਏ ਲੰਬੇ ਟਰਾਲੇ ਉੱਤੇ ਸ਼ੁਸ਼ੋਭਤ ਸੀ ਅਤੇ ਸੰਗਤ ਪਿੱਛੇ ਪਿੱਛੇ ਸੀ। ਨਗਰ ਕੀਰਤਨ ਲੈਜਸਲੇਟਿਵ ਬਿਲਡਿੰਗ ਤੋਂ, ਮੈਮੋਰੀਅਲ ਐਵੇਨਿਉ, ਪੋਰਟੇਜ, ਬਰਾਡਵੇ ਤੋਂ ਹੁੰਦਾ ਹੋਇਆ ਵਾਪਸ ਲੈਜਸਲੇਟਿਵ ਬਿਲਡਿੰਗ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਖਤਮ ਹੋਇਆ। ਚਾਹ ਪਾਣੀ, ਜਲੇਬੀਆਂ, ਲੰਗਰ ਅਤੇ ਕੋਲਡ ਡਰਿੰਕਸ ਦੀ ਸੇਵਾ ਵੱਖ ਵੱਖ ਨਿੱਜੀ ਖੇਤਰਾਂ ਵਲੋਂ ਕੀਤੀ ਗਈ।
ਸਿੰਘ ਸਭਾ ਕਨੇਡਾ ਇੰਟਰਨੈਸ਼ਨਲ ਵਿਨੀਪੈਗ ਚੈਪਟਰ ਦੇ ਸੇਵਾਦਾਰਾਂ ਨੇ ਬਾਬਾ ਨਿਰਭੈ ਸਿੰਘ ਸਿੱਧੂ ਦੀ ਹਿਦਾਇਤਕਾਰੀ ਹੇਠ ਡਾਕਟਰ ਹਰਿਚੰਦ ਸਿੰਘ ਬਰਾੜ (ਨਾਥੇਵਾਲ) ਨੂੰ ਸਮਰਪਤ ਕਿਤਾਬਾਂ ਦਾ ਸਟਾਲ ਲਗਾਇਆ। ਜਿਸ ਵਿੱਚ 35 ਤੋਂ ਵੱਧ ਨਾਮੀ ਲੇਖਕਾਂ ਦੀਆਂ 82 ਤੋਂ ਵੱਧ ਰਚਨਾਵਾਂ ਮੌਜੂਦ ਸਨ। ਕਿਤਾਬਾਂ ਦੀ ਮੰਗ ਬੜੀ ਤੇਜ਼ ਰਹੀ। ਕੁਝ ਇੱਕ ਰਚਨਾਵਾਂ ਤਾਂ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿੱਕ ਗਈਆਂ ਸਨ। ਇਸ ਸਟਾਲ ਦੀ ਖਿੱਚ ਦਾ ਅਹਿਮ ਕੇਂਦਰ ਸੀ ਦਸਮ ਗੰ੍ਰਥ ਵਾਲਾ ਟੇਬਲ। ਦਸਮ ਗ੍ਰੰਥ ਦੀ ਪ੍ਰਮਾਣਿਕਤਾ ਤੇ ਉਠਾਏ ਗਏ ਨੁਕਤਿਆਂ ਬਾਰੇ, ਦਰਸ਼ਕਾਂ ਦੀ ਸੁਵਿੱਧਾ ਵਾਸਤੇ, ਸੇਵਾਦਾਰਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਫੋਟੋਕਾਪੀਆਂ ਰੱਖੀਆਂ ਹੋਈਆਂ ਸਨ ਤਾਂ ਕਿ ਉਹ ਦਸਮ ਗ੍ਰੰਥ ਦੇ ਪੰਨੇ ਆਪਣੇ ਹੱਥਾਂ ਨਾਲ ਫਰੋਲ ਕੇ ਅਤੇ ਆਪਣੀਆਂ ਨਜ਼ਰਾਂ ਨਾਲ ਪ੍ਰਤੱਖ ਦੇਖ ਸਕਣ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਸੰਗਤ ਦੇ ਸਵਾਲਾਂ ਵਾਸਤੇ ਇੱਕ ਪੇਪਰ ਅਤੇ ਪੈਨ ਵੀ ਮੁਹੱਈਆ ਕੀਤਾ ਗਿਆ ਸੀ ਕਿ ਜੇ ਉਹ ਚਾਹੁੰਣ ਤਾਂ ਆਪਣਾ ਸਵਾਲ ਅਤੇ ਟੈਲੀਫੋਨ ਨੰਬਰ ਛੱਡ ਸਕਦੇ ਹਨ। ਜਿਆਦਾ ਜਾਣਕਾਰੀ ਲਈ ਹੋਰ ਵਸੀਲਿਆਂ ਦੀ ਜਾਣਕਾਰੀ ਵੀ ਫੋਟੋਕਾਪੀਆਂ ਉੱਤੇ ਅੰਕਿਤ ਸੀ।
ਸਿੰਘ ਸਭਾ ਦੇ ਨਿਰਸਵਾਰਥ ਅਤੇ ਅਣਥੱਕ ਸੇਵਾਦਾਰਾਂ ਨੇ ਦਿਨ ਰਾਤ ਇੱਕ ਕਰ ਕੇ ਗੁਰਮਤਿ ਦੀਆਂ 3500 ਤੋਂ ਵੱਧ ਆਡੀਓ ਅਤੇ ਵੀਡੀਓ ਸੀਡੀਆਂ ਤਿਆਰ ਕੀਤੀਆਂ ਅਤੇ ਮੁੱਫਤ ਵੰਡ ਕੇ ਗੁਰੂ ਦੀਆਂ ਖੁਸ਼ੀਆਂ ਪਰਾਪਤ ਕੀਤੀਆਂ। ਸਾਰਾ ਦਿਨ ਧੁੱਪ ਵਿੱਚ ਖੜ ਕੇ ਕੀਤੀ ਸੇਵਾ ਅਤੇ ਸਫਲਤਾ ਲਈ ਸਿੰਘ ਸਭਾ (ਵਿਨੀਪੈਗ ਚੈਪਟਰ) ਦੇ ਸੇਵਾਦਾਰ ਵਿਨੀਪੈਗ ਸੰਗਤ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸੇਵਾ ਦਾ ਮੌਕਾ ਬਖਸ਼ ਕੇ ਕ੍ਰਿਤਾਰਥ ਕੀਤਾ।