ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਆਓ ''ਬ੍ਰਹਮ ਗਿਆਨੀ'' ਬਣੀਏ

ਪ੍ਰੋ: ਇੰਦਰ ਸਿੰਘ ਘੱਗਾ


ਗੁਰੂ ਨਾਨਕ ਸਾਹਿਬ ਜੀ ਨੇ ਆਲਸੀ, ਵਿਹਲੜੇ ਤੇ ''ਨਾਮ ਸਿਮਰਨ'' ਦੀਆਂ ਕਲਾਬਾਜੀਆਂ ਲਾਉਣ ਵਾਲੇ, ਪਾਖੰਡੀ ਲੋਕਾਂ ਨੂੰ ਆਪਣੇ ਉਪਦੇਸ਼ਾਂ ਰਾਹੀਂ, ਇੰਨੀ ਲਾਹਣਤ ਪਾਈ ਹੈ, ਕਿ ਜਾਗਦੀ ਜਮੀਰ ਵਾਲਾ ਬੰਦਾ ਉਂਞ ਹੀ ਮਰਨ ਕਿਨਾਰੇ ਪਹੁੰਚ ਜਾਂਦਾ ਹੈ। ਹਾਂ ਜਿਨ੍ਹਾਂ ਲੋਕਾਂ ਦੀ ਜਮੀਰ ਮਰ ਚੁੱਕੀ ਹੈ, ਪੂਜਾ ਦਾ ਧਾਨ ਖਾਕੇ ! ਆਪਣਾ ਪੇਟ ਵਧਾਉਣ ਦਾ ਹੀ ਜਿਨ੍ਹਾਂ ਨੂੰ ਫਿਕਰ ਹੈ। ਉਹਨਾਂ ਚਲਦੀਆਂ ਫਿਰਦੀਆਂ ''ਲਾਸ਼ਾਂ'' ਨੂੰ ਕੋਈ ਸਿੱਖ ਆਖੀ ਜਾਵੇ, ਸੰਤ ਕਹੀ ਜਾਵੇ, ਭਾਈ ਕਹਿੰਦਾ ਰਹੇ, ਜਾਂ ਬ੍ਰਹਮ ਗਿਆਨੀ ਦਾ ਖਿਤਾਬ ਦੇ ਕੇ ਨਿਵਾਜਦਾ ਰਹੇ, ਉਸਦੀ ਅਕਲ ਤੇ ਅਫ਼ਸੋਸ ਦੇ ਦੋ ਹੰਝੂ ਹੀ ਬਹਾਏ ਜਾ ਸਕਦੇ ਹਨ। ''ਬ੍ਰਹਮ ਵਿਦਿਆ'' ਦੀ ਪੰਡ ਸਿਰ ਤੇ ਰੱਖਕੇ, ਅਖ਼ਬਾਰਾਂ ਵਿਚ ਪੂਰੇ ਪੰਨੇ ਦੇ ਰੰਗੀਨ ਇਸ਼ਤਿਹਾਰ ਦੇ ਕੇ, ਗੁਰਬਾਣੀ ਦੀਆਂ ਤੁਕਾਂ ਦੀ ਦੁਰਵਰਤੋਂ ਕਰਕੇ, ਸਿੱਖ ਕੌਮ ਨੂੰ ਹੋਰ ਕੁਰਾਹੇ ਪਾਉਣ ਵਾਸਤੇ, ਇਕ ਹੋਰ ''ਬ੍ਰਹਮ ਗਿਆਨੀ'' ਨੇ ਬ੍ਰਹਮ ਵਿਦਿਆ ਦੀ ਇਕ ਯੂਨੀਵਰਸਿਟੀ ਖੋਲ੍ਹਣ ਦਾ ਦੱਮ ਗਜਾ ਮਾਰਿਆ ਹੈ। ਇਹ ਨਵੇਂ ''ਪ੍ਰਗਟ'' ਹੋਏ ਮਹਾਂਪੁਰਖ ਹਨ, ਸ੍ਰੀ ਸੇਵਾ ਸਿੰਘ ਜੀ ਤਰਮਾਲਾ।

ਇਸ਼ਤਿਹਾਰ ਪੜ੍ਹਕੇ ਪਹਿਲਾਂ ਤਾਂ ਮਨ ਕੁਝ ਬੇਚੈਨ ਜਿਹਾ ਹੋਇਆ। ਮਨਾ ! ਪੰਜਾਬ ਨੂੰ ਕੁਰਾਹੇ ਪਾਉਣ ਵਾਲੇ, ਅਤੇ ਲੁੱਟਕੇ ਖਾਣ ਵਾਲੇ ਤਾਂ ਅੱਗੇ ਹੀ ਬਹੁਤ ਸਨ। ਆਹ ਭਾਈ ਜੀ, ਬਦੇਸ਼ ਵਿਚ ਕਿੰਨੇ ਸਾਲਾਂ ਤੋਂ ਘੁੰਮਦਾ ਘੁਮਾਉਂਦਾ, ਪੰਜਾਬ ਵਿਚ ਵਾਪਸ ਆ ਗਿਆ ਹੈ, ਤੇ ਇਥੇ ਅਖ਼ਬਾਰਾਂ ਵਿਚ ਵੱਡੇ ਇਸ਼ਤਿਹਾਰ ਦੇ ਕੇ, ਮੋਟੀ ਰਕਮ ਖ਼ਰਚ ਕਰਕੇ ਕਮਾਈ ਦਾ ਵੱਡਾ ਕੇਂਦਰ ਸਥਾਪਿਤ ਕਰਨ ਲੱਗਿਆ ਹੈ। ਕੋਈ ਖੇਤੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ। ਕੋਈ ਵਪਾਰ ਕਰਕੇ ਪ੍ਰਵਾਰ ਪਾਲਦਾ ਹੈ। ਅੱਜਕਲ੍ਹ ਪੁੱਤਰਾਂ ਪੋਤਰਿਆਂ ਦੀਆਂ ਰੋਟੀਆਂ ਖਰੀਆਂ ਕਰਨ ਦਾ ਸਭ ਤੋਂ ਸੌਖਾ ਤੇ ਸਸਤਾ ਰਾਹ, ਇਕ ''ਡੇਰਾ ਜਾਂ ਗੁਰਦੁਆਰਾ'' ਖੋਹਲ ਦਿਉ। ਨਾਲੇ ਧਰਮੀ ਹੋਣ ਦਾ ਨਾਟਕ ਕਰੋ, ਲੋਕਾਂ ਤੋਂ ਆਪਣੇ ''ਚਰਨ ਪੂਜਨ'' ਕਰਵਾਉ। ਨਾਲੇ ਸੋਹਣੀਆਂ ਜਵਾਨ ਔਰਤਾਂ ਨਾਲ ਅਠਖੇਲੀਆਂ ਕਰੋ ਤੇ ਨਾਲੇ ਉਹਨਾਂ ਦੀ ਕਮਾਈ ਤੇ ਗੁਲਛਰਰੇ ਉਡਾਓ। ਜਦੋਂ ਅਖ਼ਬਾਰ ਵਿਚ ਇਸ਼ਤਿਹਾਰ ਛਪਿਆ ਪੜ੍ਹਕੇ ਉਪਰ ਤਰੀਕ ਵੇਖੀ ਤਾਂ ਮਨ ਨੂੰ ਕੁਝ ਧਰਵਾਸ ਮਿਲਿਆ। ਕਿਉਂਕਿ ਇਹ ਇਸ਼ਤਿਹਾਰ ''ਇੱਕ ਅਪ੍ਰੈਲ'' ਨੂੰ ਛਪਿਆ ਸੀ। ਜਾਨੀ ਕਿ ''ਅਪ੍ਰੈਲ ਫੂਲ'' ਸੀ ਉਸ ਦਿਨ। ਜਿਸਦਾ ਮਤਲਬ ਹੈ ਕਿ ਇਸ ਦਿਨ ਕਿਸੇ ਨਾਲ ਕੋਈ ਮਖੌਲ ਕਰ ਲਿਆ ਜਾਵੇ ਤਾਂ ਬੁਰਾ ਨਹੀਂ ਮਨਾਇਆ ਜਾਂਦਾ। ਹੁਣ ਸ੍ਰੀ ਸੇਵਾ ਸਿੰਘ ਤਰਮਾਲਾ ਨੇ, ਪੂਰੀ ਸਿੱਖ ਕੌਮ ਨੂੰ ਫੂਲ (ਮੂਰਖ) ਬਣਾਇਆ ਹੈ। ਪਰ ਅਖ਼ਬਾਰ ਦੇ ਮਾਲਕਾਂ ਨੇ, ਸਿੱਖ ਕੌਮ ਨੂੰ ਮੂਰਖ ਬਣਨ ਤੋਂ ਬਚਾ ਲਿਆ। ਇਕ ਅਪ੍ਰੈਲ ਨੂੰ ਇਸਤਿਹਾਰ ਛਾਪਕੇ। ਸ੍ਰੀ ਤਰਮਾਲਾ ਜੀ ਨੂੰ ਹੀ ''ਫੂਲ'' ਬਣਾ ਧਰਿਆ।
ਸਿੱਖਾਂ ਨੂੰ ਕੁਰਾਹੇ ਪਾਕੇ ਲੁੱਟਣ ਵਾਲੇ ''ਡੇਰੇ ਗੁਰਦੁਆਰੇ'' ਤਾਂ ਅੱਗੇ ਹੀ ਬਹੁਤ ਸਨ। ਨਾਮ ਜਪਾਉਣ ਵਾਲੇ, ਕਿਰਤ ਵਜੋਂ ਹਟਾ ਕੇ, ਹੱਥਾਂ ਵਿੱਚ ਮਾਲਾ ਫੜਾਕੇ, ਅਨਹਦ ਨਾਦ ਵਜਾਉਣ ਵਾਲੇ, ਚੌਂਕੜੇ ਮਾਰਕੇ ਨਾਮ ਅਭਿਆਸ ਕਰਾਉਣ ਵਾਲੇ, ਅੱਗੇ ਹੀ ਥੋਕ ਵਿਚ ਮੌਜੂਦ ਹਨ। ਪਰ ਜਿਸ ਧੜੱਲੇ ਨਾਲ, ਸ੍ਰੀ ਤਰਮਾਲਾ ਜੀ ਨੇ ਆਪਣੇ ''ਮਾਲ ਨੂੰ ਲਾਂਚ'' ਕੀਤਾ ਹੈ, ਉਹ ਵਾਕਿਆ ਹੀ ਲਾਜੁਆਬ ਹੈ। ਇਕ ਜਮਾਨਾ ਸੀ ਕਿ ਸੱਜਣ ਠੱਗ ਨੇ ਇਕ ਸ਼ਬਦ ਸੁਣਿਆ ਤੇ ਮਨ ਬਦਲ ਗਿਆ। ਕੌਡਾ ਜੀ, ਨੂਰਸ਼ਾਹ (ਜਾਦੂਗਰਨੀ ਆਸਾਮ) ਜੀ, ਭੂਮੀਆ ਜੀ, ਅਤੇ ਬਾਦਸ਼ਾਹ ਬਾਬਰ ਤੱਕ, ਬਦੀ ਤੋਂ ਰੁਕ ਗਏ। ਅੱਜ ਦੀ ਸਿਤਮ ਜਰੀਫੀ ਵੇਖੋ, ਕਿ ਬਾਣੀ ਪੜ੍ਹਕੇ ਸੁਣਾਕੇ, ਗਾਕੇ ਵੱਧ ਤੋਂ ਵੱਧ ਸਿੱਖਾਂ ਨੂੰ ਠਗਿਆ ਜਾ ਰਿਹਾ ਹੈ। ਹਰ ਧਰਮ ਅਸਥਾਨ ਤੇ, ਇਕ ਦੋ ਚਾਰ ''ਸਜਣ ਠੱਗ'' ਜ਼ਰੂਰ ਮਿਲ ਜਾਂਦੇ ਹਨ। ਸਿੱਖ ਕੌਮ ਦਾ ਸਰਮਾਇਆ ਲੁੱਟਿਆ ਗਿਆ। ਹਿੰਮਤ ਲੁੱਟੀ ਗਈ, ਅਣਖ ਸਵੈਮਾਣ ਲੁੱਟਿਆ ਗਿਆ। ਇੱਜ਼ਤ ਲੁੱਟੀ ਗਈ, ਗੁਰਦੁਆਰੇ ਲੁੱਟੇ ਗਏ। ਖੋਖੀ ਹੋ ਚੁੱਕੀ ਸਿੱਖ ਕੌਮ ਨੂੰ ਨੇਸਤੋ ਨਾਬੂਦ ਕਰਨ ਲਈ, ਅਜੇ ਭੀ ਕਈ ਸਾਰੇ ਸ਼ਿਕਾਰੀ ਅਪਣਾ ਜਾਲ ਲਾ ਕੇ ਬੈਠੇ ਹੋਏ ਹਨ।
ਸ੍ਰੀ ਤਰਮਾਲਾ ਜੀ ਵਲੋਂ ਜੋ ਲੱਛੇਦਾਰ ਸ਼ਬਦਾਵਲੀ ਦੀ ਇਸਤਿਹਾਰ ਵਿਚ ਵਰਤੋਂ ਕੀਤੀ ਗਈ ਹੈ, ਉਸਦਾ ''ਪੋਸਟ ਮਾਰਟਮ'' (ਚੀਰ ਫਾੜ) ਕਰਕੇ ਵੇਖੀਏ-
1. ''ਦੇਸ਼ ਵਿਦੇਸ਼ ਵਿਚ ਧਾਰਮਕ ਸੇਵਾ ਨੂੰ ਸਮਰਪਿਤ, ਉਂਘੀ ਧਾਰਮਕ ਸਖ਼ਸ਼ੀਅਤ, ਭਾਈ ਸੇਵਾ ਸਿੰਘ ਜੀ ਤਰਮਾਲਾ ਦੀ ਰਹਿਨੁਮਾਈ ਹੇਠ'' .........।
ਦਾਸ ਪਿਛਲੇ ਲੰਮੇ ਸਮੇਂ ਤੋਂ ਦੇਸ਼ ਵਿਦੇਸ਼ ਵਿਚ ਧਰਮ ਪ੍ਰਚਾਰ ਲਈ ਯੋਗਦਾਨ ਪਾ ਰਿਹਾ ਹੈ। ਸਿਰਫ ਇੰਗਲੈਂਡ ਦੇ ਕੁਝ ਗੁਰਦੁਆਰਿਆਂ ਵਿਚ (ਜਿਥੇ ਡੇਰੇਦਾਰ ਕਾਬਜ ਹਨ) ਅਪਣੇ ਖਰਚੇ ਤੇ ਛਪਾਈਆਂ, ਆਪਣੀਆਂ ਲਿਖੀਆਂ ਬੇਸਿਰ ਪੈਰ ਦੀਆਂ, ਕਰਾਮਾਤੀ ਕਹਾਣੀਆਂ ਵਾਲੀਆਂ ਕਿਤਾਬਾਂ, ਇਹ ਭਾਈ ਜੀ ਮੁਫ਼ਤ ਵੰਡ ਰਿਹਾ ਹੁੰਦਾ ਸੀ। ਕਿਸੇ ਗੁਰਦੁਆਰਾ ਸਟੇਜ ਤੇ (ਡੇਰੇਦਾਰਾਂ ਤੋਂ ਛੁਟ) ਇਸ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਗੁਰਬਾਣੀ ਅਤੇ ਇਤਿਹਾਸ ਬਾਰੇ, ਇਸ ''ਮਹਾਂਪੁਰਖ'' ਦੀ ਜਾਣਕਾਰੀ ਬੱਚਿਆਂ ਦੇ ਪੱਧਰ ਦੀ ਭੀ ਨਹੀਂ ਹੈ। ਉਂਞ ਹੈ ਇਹ ''ਉੱਘੀ ਧਾਰਮਕ ਸਖ਼ਸ਼ੀਅਤ'', ਇਸ਼ਤਿਹਾਰਾਂ ਤੇ ਲੱਖਾਂ ਰੁਪਏ ਖਰਚ ਕੇ, ਸ਼ਾਇਦ ਬਣ ਜਾਵੇ। ਕਿਉਂਕਿ ਜਲੰਧਰ ਦੂਰਦਰਸ਼ਨ ਤੋਂ ਭੀ ਇਸਨੇ ਬੇਅੰਤ ਪੈਸਾ ਰੋਹੜਕੇ, ਆਪਣੀ ਨਿਜ ਦੀ ਮਸ਼ਹੂਰੀ ਕਰਵਾਈ ਹੈ।
2. ''ਦੁਖਿਆਰੇ ਪ੍ਰਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ, ਮਨ ਨੁੰ ਤ੍ਰੈਗੁਣਾ ਤੋਂ ਅਗੰਮ ਵਿਚ ਪ੍ਰਵੇਸ਼ ਕਰਨ ਦਾ, ਅਭਿਆਸ ਕਰਵਾਇਆ ਜਾਂਦਾ ਹੈ। ਇਸ ਨਾਲ ਮਨ ਦੇ ਵਿਕਾਰ ਅਤੇ ਫੁਰਨੇ ਰੁਕ ਜਾਂਦੇ ਹਨ''.........।
ਦੁਨੀਆਂ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਵਿਚ ਘਿਰਿਆ ਹੋਇਆ ਹੈ। ਜਦੋਂ ਕੋਈ ਵਿਅਕਤੀ ਧਾਰਮਕ ਲਿਬਾਸ ਪਹਿਨਕੇ, ਧਰਮ ਅਸਥਾਨ ਵਿਚ ਬੈਠਕੇ, ਗੁਰਬਾਣੀ ਦੀਆਂ ਤੁਕਾਂ ਦੀ (ਗ਼ਲਤ ਹੀ ਸਹੀ) ਵਰਤੋਂ ਕਰਕੇ, ਲੋਕਾਂ ਨੂੰ ਅਪਣੇ ਵਲ ਬੁਲਾਉਂਦਾ ਹੈ, ਤਾਂ ਕੁਝ ਕੁ ਲੋਕਾਂ ਦਾ ਉਥੇ ਚਲੇ ਜਾਣਾ ਸੁਭਾਵਕ ਹੈ। ਜੇ ਇਹਨਾਂ ਡੇਰਿਆਂ ਅਤੇ ਬ੍ਰਹਮ ਗਿਆਨੀਆਂ ਕੋਲੋਂ, ਸਾਰੇ ਸੁਖ ਮਿਲਦੇ ਹੁੰਦੇ, ਤਾਂ ਦੁਖਿਆਰਾ ਕਿਧਰੇ ਕੋਈ ਨਜ਼ਰ ਹੀ ਨਹੀਂ ਆਉਣਾ ਸੀ। ਸਾਰੀ ਲੋਕਾਈ ਖ਼ੁਸ਼ ਹੁੰਦੀ। ਡਾਕਟਰ ਅਤੇ ਹਸਪਤਾਲ ਕਦੇ ਦੇ ਖ਼ਤਮ ਹੋ ਗਏ ਹੁੰਦੇ। ਸੱਚ ਇਹ ਹੈ ਕਿ ਜਦੋਂ ..... ''ਬ੍ਰਹਮ ਗਿਆਨੀ ਜੀ'', ਜਰਾ ਕੁ ਢਿਲੇ ਮੱਠੇ ਹੁੰਦੇ ਹਨ, ਤਾਂ ਕਿਸੇ ਵੱਡੇ ਹਸਪਤਾਲ ਦੇ ਵੱਡੇ ਡਾਕਟਰ ਨੂੰ ਵੱਡੀ ਫੀਸ ਦੇ ਕੇ, ਇਲਾਜ ਕਰਾਉਂਦੇ ਹਨ।
3. ''ਅਕੱਥ ਕਥਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ, ਸਿਮਰਨ ਅਭਿਆਸ ਕਰਾਕੇ, ਮਨ ਨੂੰ ਵਿਚਾਰਾਂ ਤੋਂ ਮੁਕਤ ਤੇ ਜਦੋਂ ਮਨ ਅਨਹਦ ਬਾਣੀ ਤਕ ਪਹੁੰਚਦਾ ਹੈ, ਤੇ ਜਿਸ ਸਟੇਜ ਤੇ ਮਨ ਨੂੰ ਸੰਤ ਕਿਹਾ ਜਾਂਦਾ ਹੈ''.......।
ਜੋ ਵਿਚਾਰ ਹੈ ਹੀ ਅਕੱਥ, ਭਾਵ ਜਿਸ ਨੂੰ ਦੱਸਿਆ ਹੀ ਨਹੀਂ ਜਾ ਸਕਦਾ, ਉਸ ਨੂੰ ਕਥਨ (ਦੱਸਣ) ਕਰਨ ਦਾ ਇਹ ਭਾਈ ਜੀ ਦਾਅਵਾ ਕਰ ਰਿਹਾ ਹੈ। ਗੁਰੂ ਦੀ ਬਾਣੀ ਤਾਂ ਸੁਚੱਜੀ ਜੀਵਨ ਜਾਚ ਦੱਸਦੀ ਹੈ। ਐਹੋ ਜਿਹੇ ਅਕੱਥ ਕਥਾ ਤੇ ਅਨਹਦ ਸ਼ਬਦ ਵਰਗੇ ਜੋਗ ਮਤ ਵਾਲੇ, ਅਡੰਬਰਾਂ ਵਿਚੋਂ ਮੁਕਤ ਕਰਦੀ ਹੈ। ਹੱਕ ਸੱਚ ਦੇ ਰਾਹ ਤੇ ਚੱਲਣਾ। ਰਿਸ਼ਵਤ, ਝੂਠ ,ਪਰਾਇਆ ਰੂਪ, ਨਸ਼ੇ ਆਦਿਕ ਵਰਗੇ ਵਿਕਾਰਾਂ ਤੋਂ ਬਚਕੇ, ਪਰਉਕਾਰੀ ਜੀਵਨ ਬਣਾਉਣਾ ਸੀ। ਇਹਨਾਂ ਸਾਧ ਲਾਣੇ ਨੇ ਖੁਦ ਡੱਕਾ ਦੂਹਰਾ ਕਰਨਾ ਨਹੀਂ। ਦੂਜਿਆਂ ਅਪਣੇ ਸੇਵਕਾਂ ਨੂੰ ''ਨਾਮ ਅਭਿਆਸ'' ਦੇ ਗੋਰਖਧੰਦੇ ਵਿਚ ਪਾਕੇ, ਭੁੱਖੇ ਜ਼ਰੂਰ ਮਾਰ ਦੇਣਾ ਹੈ। ਕਿਸੇ ਸਟੇਜ ਤੇ ਮਨ ਨੂੰ ''ਸੰਤ'' ਕਿਹਾ ਜਾਂਦਾ ਹੈ ? ਮਨ ਨੂੰ ਸਿੱਖ ਕਿਉਂ ਨਹੀਂ ਬਣਾਇਆ ਜਾ ਰਿਹਾ ? ਕਿਉਂਕਿ ਇਹਨਾਂ ਲੋਕਾਂ ਨੇ ਵਲ ਫੇਰ ਪਾਕੇ, ਥੋੜ੍ਹਾ ਬਹੁਤਾ ਸਮਾਂ ਲੰਘਾ ਕੇ, ਖੁਦ ਨੂੰ ''ਸੰਤ'' ਡਕਲੇਅਰ ਕਰਨਾ ਹੁੰਦਾ ਹੈ। ਇਹ ''ਅਨਹਦ ਸ਼ਬਦ'' ਆਦਿਕ ਕੇਵਲ ਸਮਝਾਉਣ ਲਈ ਢੰਗ ਹਨ।ਕਿਉਂਕਿ ਵਾਹਿਗੁਰੂ ਜੀ ਨਾਲ ਮਿਲਾਪ ਨੂੰ, ਬਿਆਨ ਕੀਤਾ ਹੀ ਨਹੀਂ ਜਾ ਸਕਦਾ।
4. ''ਪੰਜ ਪਿਆਰੇ ''ਗੁਰੂ ਰੂਪ'' ਹੋ ਕੇ, ਜੋਤ ਸੱਚ ਅਤੇ ਜਿਸ ਨਾਦ ਸ਼ਬਦ ਨਾਮ ਨਾਲੋਂ ਲਿਵ ਟੁੱਟ ਚੁੱਕੀ ਹੈ, ਉਸਦੀ ਜਾਣਕਾਰੀ ਦੇਣਗੇ। ਅਤੇ ਸਤਿਗੁਰੂ ਦੇ ਸਨਮੁਖ ਕਰਕੇ, ਨਾਮ ਦਾ ਪਰਵਾਨਾ ਦਿਵਾਉਣਗੇ......।''
ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਉੱਚ ਸਖ਼ਸ਼ੀਅਤ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹਨਾਂ ਦਾ ਜੀਵਨ ਅਤੇ ਉਪਦੇਸ਼ ਲਾਸਾਨੀ ਹਨ। ਪਰ ਇਧਰ ਵੇਖੋ ਭਾਈ ਤਰਮਾਲਾ ਜੀ ਕੀ ਕਹਿ ਰਹੇ ਹਨ। ਕੋਈ ਭੀ ਪੰਜ ਸਿੱਖ ਇਕੱਠੇ ਕਰਕੇ, ਧਾਰਮਕ ਚੋਲੇ ਪੁਆਕੇ, ਖੜੇ ਕਰ ਦਿਉ। ਆਖਣ ਲਗ ਪਉ ਕਿ ਇਹ ਵਿਅਕਤੀ, ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹਨ। ਵੱਡੇ ਵਿਕਾਰੀ, ਵਿਭਚਾਰੀ, ਗੋਲਕਾਂ ਤੇ ਪਲਣ ਵਾਲੇ ਠੱਗ ਬਿਰਤੀ ਵਾਲੇ ਲੋਕ, ਧਾਰਮਕ ਚੋਲਾ ਪਾ ਕੇ ਬਣ ਖਲੋਂਦੇ ਹਨ ''ਦਸਮ ਪਾਤਿਸ਼ਾਹ'' ? ਵਾਹ ਮੇਰੀ ਕੌਮ ਦੇ ਮਲਾਹੋ, ਵਾਹ ! ਆਹ ਜੋ ''ਲਿਵ ਟੁੱਟੀ ਹੋਈ ਜੋੜਨ ਦਾ ਢਕਵੰਜ ਕੀਤਾ ਜਾ ਰਿਹਾ ਹੈ। ਕੀ ਪੁੱਛਿਆ ਜਾ ਸਕਦਾ ਹੈ ਕਿ ਇਹ ਰੱਸੀ ਤਾਂ ਨਹੀਂ ਕਿ ਗੰਢ ਦੇ ਲਈਏ ? ਲੋਹੇ ਦੀ ਤਾਰ ਜਾਂ ਪਾਈਪ ਤਾਂ ਨਹੀਂ ਕਿ ਵੈਲਡ ਕਰਵਾ ਲਈਏ ? ਜਾ ਲੱਕੜੀ ਤਾਂ ਨਹੀਂ ਕਿ ਫੈਵੀਕੋਲ ਨਾਲ ਚਿਪਕਾ ਲਈਏ ? ਇਹ ਤਾਂ ਗੁਰਬਾਣੀ ਪੜ੍ਹਕੇ ਸਮਝਕੇ, ਮਨ ਨੂੰ ਨੇਕੀਵਾਲੇ ਰਾਹ ਤੇ ਟੋਰਨਾਂ ਹੈ। ਨਾਮ ਦਾ ਪਰਵਾਨਾ (ਸਿਫਾਰਸ਼ੀ ਚਿੱਠੀ) ਕਿਥੋਂ ਲਿਆਕੇ ਦਿੱਤਾ ਜਾਵੇਗਾ ? ਕੀ ਰੱਬੀ ਦਰ ਤੇ ਭੀ ਸਿਫ਼ਾਰਸਾਂ ਚਲਦੀਆਂ ਹਨ ? ਜਰਾ ਪੜ੍ਹੋ ਗੁਰੂ ਫੁਰਮਾਨ ਤਾਂ ਇਉਂ ਹੈ-
  ਮੂਲੁ ਮਤਿ ਪਰਵਾਣਾ ਏਹੋ, ਨਾਨਕੁ ਆਖਿ ਸੁਣਾਏ
  ਕਰਣੀ ਉਪਰਿ ਹੋਇ ਤਪਾਵਸੁ, ਜੇ ਕੋ ਕਹੈ ਕਹਾਏ  (1238)
5. ''ਗੁਰਮੰਤਰ ਦੇ ਕੇ ਵਿਧੀ, ਅਕਲਕਲਾ, ਜੁਗਤੀ ਸਿਖਾਉਣਗੇ ..... ਦਸਮ ਦੁਆਰ, ਨਿਜ ਮਹਲ ਗਗਨ, ਸਹਿਜ ਗੁਫ਼ਾ ਵਿਚ ਆਉਣ ਜਾਣ ਦਾ ਭੇਦ, ਅਕੱਥ ਕਥਾ ਰਾਹੀ ਸਮਝਾਉਣਗੇ ....''।
ਗੁਰਬਾਣੀ ਵਿਚ ਸਭ ਪਦਾਰਥ ਮੌਜੂਦ ਹਨ। ਪਰ ਆਹ ਭਾਈ ਤਰਮਾਲਾ ਜੀ ਨਵਾਂ ਗੁਰੂ ਡੰਮ ਚਲਾਉਣ ਲੱਗੇ ਹਨ।ਜੋ ਇਹਨਾਂ ਕੋਲੋਂ ਪਾਹੁਲ ਲਵੇਗਾ ਉਸਨੂੰ ਗਰਮੰਤਰ ਦੇ ਕੇ, ਵਿਧੀ ਅਕਲ ਕਲਾ ..... ? ਕਦੀ ਦਸਮ ਦੁਆਰ ਵਿਚ ਤੇ ਕਦੀ ਨਿਜ ਮਹਿਲ ਵਿਚ, ਤੇ ਕਦੀ ਗਗਨ ਮੰਡਲ ਵਿਚ, ਫਿਰ ਸਹਿਜ ਗੁਫ਼ਾ ਵਿਚ ਭੇਜਣਗੇ ? ਹੈ ਨਾਂ ਗੋਰਖ ਧੰਧਾ, ਜਾਂ ਭੰਬਲ ਭੂਸਾ ? ਸਾਰੀਆਂ ਗਲਾਂ ਦੱਸੀਆਂ ਜਾਣਗੀਆਂ ਅਕੱਥ ਕਥਾ ਰਾਹੀਂ ..... ਵਾਹ ? ਗੁਰਬਾਣੀ ਵਿਚੋਂ ਪੜ੍ਹ ਵੇਖੀਏ ਕਿ ਗੁਰਮੰਤਰ ਕੀ ਹੈ-
 ਗੁਰ ਕਾ ਬਚਨ ਜਪਿ ''ਮੰਤੁ'' ઽ ਏਹਾ ਭਗਤਿ ਸਾਰ ਤਤੁ ઽ(896)
 ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ઽ ਕਹੁ ਨਾਨਕ ''ਗੁਰਿ ਮੰਤ੍ਰ'' ਦ੍ਰਿੜਾਇਆ ઽ (1136)
 ''ਮੂਲ ਮੰਤ੍ਰ'' ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ઽ (1040)
ਅਕਥ ਕਥਾ ਜਾਂ ਗੋਹਜ ਕਥਾ ਕਿਥੇ ਹੈ ? ਭਾਵ ਹੈ ਕਿ ਐ ਸਿੱਖਾ, ਤੂੰ ਗੁਰੂ ਦੀ ਬਾਣੀ ਰਾਹੀਂ ਵੱਧ ਤੋਂ ਗਿਆਨ ਹਾਸਲ ਕਰ, ਤੈਨੂੰ ਕੋਈ ਲੁਟੇਰਾ ਫਿਰ ਧੌਖਾ ਨਹੀਂ ਦੇ ਸਕੇਗਾ। ਮਿਹਨਤੀ ਬਣ ਜਾ, ਫਿਰ ਤੂੰ ਸਵੈਮਾਣ ਨਾਲ ਪ੍ਰਵਾਰ ਦੀ ਪਾਲਣਾ ਕਰ ਸਕੇਂਗਾ। ਗਗਨ ਮੰਡਲ ਜਾਂ ਦਸਮਾ ਦੁਆਰ ਅਸਲ ਵਿਚ, ਦਿਮਾਗ ਨੂੰ, ਗਿਆਨ ਨੂੰ ਜਾਂ ਗੁਰੂ ਦੀ ਮੱਤ ਨੂੰ ਹੀ ਆਖਿਆ ਗਿਆ ਹੈ। ਸਿਰਫ ਕਹਿਣ ਦਾ ਤਰੀਕਾ ਅੱਡੋ ਅੱਡ ਹੈ। ਪੜੋ ਸ਼ਬਦ -
''ਗੁਹਜ ਕਥਾ'' ਇਹ ਗੁਰਤੇ ਜਾਣੀ ઽ ਨਾਨਕ ਬੋਲੈ ਹਰਿ ਹਰਿ ਬਾਣੀ ઽ (739)