ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਵਿੱਢੀ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਘਰ..
ਅਵਤਾਰ ਸਿੰਘ ਮਿਸ਼ਨਰੀ
ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਵਿੱਢੀ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁਚਾਉਣ ਦੀ ਮੁਹਿਮ ਨੂੰ ਅਸਰਦਾਰ ਹੁੰਗਾਰਾ
(ਚਰਨਜੀਤ ਸਿੰਘ ਪੰਨੂੰ/ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਲੰਬੇ ਸਮੇ ਤੋਂ ਸਿੰਘ ਸਭਾ ਇੰਟ੍ਰਨੈਸ਼ਨਲ ਕਿਸੇ ਨਾ ਕਿਸੇ ਰੂਪ ਵਿੱਚ ਸੀਨਾ ਬਸੀਨਾ ਜਾਂ ਪ੍ਰੰਪਰਾਵਾਦ ਦੀ ਓਟ ਲਈ ਬੈਠੀ ਕਰਮਕਾਂਡੀ-ਅੰਧਵਿਸ਼ਵਾਸ਼ੀ ਸੋਚ, ਜੋ ਹੋਰ ਗ੍ਰੰਥਾਂ ਦੀ ਆੜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਸਰਬਉਚਤਾ ਲਈ ਚਣੌਤੀ ਬਣੀ ਹੋਈ ਹੈ, ਦੇ ਭਰਮਜਾਲ ਨੂੰ ਤੋੜਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਸੱਚ ਦਾ ਪ੍ਰਚਾਰ ਕਰਨ ਲਈ ਸੰਘਰਸ਼ੀਲ ਹੈ। ਡੇਰੇਦਾਰਾਂ ਅਤੇ ਸੰਪ੍ਰਦਾਵਾਂ ਵਲੋਂ ਆਮ ਸੰਗਤ ਦੀ ਗੁਰਬਾਣੀ ਪ੍ਰਤੀ ਅਗਿਆਨਤਾ ਅਤੇ ਸ਼ਰਧਾਮਈ ਸੋਚ ਦਾ ਅਪਹਰਨ ਕਰਕੇ ਆਮ ਸਿੱਖ ਨੂੰ ਅੰਧ ਵਿਸ਼ਵਾਸ਼ੀ ਤੇ ਕਰਮਕਾਂਡੀ ਬਣਨ ਤੋਂ ਬਚਾਉਣ ਲਈ, ਸਿੱਖ ਬੁੱਧੀਜੀਵੀਆਂ, ਚਿੰਤਕਾਂ, ਵਿਦਵਾਨਾਂ ਅਤੇ ਗੁਰਮਤਿ ਦੇ ਲਿਖਾਰੀਆਂ ਨਾਲ, ਵਿਚਾਰ-ਗੋਸ਼ਟੀਆਂ ਦਾ, ਇਸਾਈ ਪ੍ਰਚਾਰਕਾਂ ਦੀ ਤਰਜ ਤੇ ਘਰ-ਘਰ ਪ੍ਰਵਾਹ ਚਲਾਇਆ ਜਾ ਰਿਹਾ ਹੈ।
ਇਨ੍ਹਾਂ ਗੋਸ਼ਟੀਆਂ ਵਿੱਚ ਜਿੱਥੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਪ੍ਰਸਤ ਸ੍ਰ ਹਰਦੇਵ ਸਿੰਘ ਸ਼ੇਰਗਿੱਲ (ਐਡੀਟਰ ਸਿੱਖ ਬੁਲੇਟਨ) ਸਭਾ ਦੀ ਕਾਰਜਵਿਧੀ ਤੇ ਕਾਰਜਖੇਤਰ ਬਾਰੇ ਵਿਸਥਾਰ ਨਾਲ ਦਸਦੇ, ਗੁਰਮਤਿ ਦੇ ਵਿਦਵਾਨਾਂ ਅਤੇ ਲਿਖਾਰੀਆਂ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸਿਰ ਜੋੜ ਕੇ ਬੈਠਣ ਦੀ ਅਪੀਲ ਕਰ ਰਹੇ ਹਨ ਓਥੇ ਸਿੰਘ ਸਭਾ ਉਤਰੀ ਅਮਰੀਕਾ ਦੇ ਪ੍ਰਧਾਨ ਸ੍ਰ ਗੁਰਚਰਨ ਸਿੰਘ ਜਿਊਣਵਾਲਾ ਅਮਰੀਕਾ, ਕਨੇਡਾ, ਇੰਡੀਆ ਅਤੇ ਹੋਰ ਦੇਸ਼ਾਂ ਵਿੱਚ ਇੱਕੋ ਸੋਚ ਲੈ ਕੇ ਚੱਲ ਰਹੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਤੇ ਸਿਖਿਆ ਅਨੁਸਾਰ ਗੁਰਮਤਿ ਪ੍ਰਚਾਰ ਬਾਰੇ ਪ੍ਰਚਾਰਕਾਂ ਨੂੰ ਇਕਸੁਰ ਕਰ ਰਹੇ ਹਨ। ਉਹ ਆਪਣੇ ਪ੍ਰੋਜੈਕਟਰ ਦੇ ਨਾਲ ਅਖੌਤੀ ਦਸਮ ਗ੍ਰੰਥ ਦੀਆਂ ਓਨ੍ਹਾਂ ਰਚਨਾਵਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਂਦੇ ਹਨ ਜੋ ਹੂ-ਬਾ-ਹੂ ਉਸੇ ਤਰ੍ਹਾਂ ਪ੍ਰਾਚੀਨ ਹਿੰਦੂ ਗ੍ਰੰਥਾਂ ਵਿੱਚ ਅੰਕਿਤ ਹਨ।ਜਿਨ੍ਹਾਂ ਦੀ ਬੋਲੀ ਅਤੇ ਸ਼ੈਲੀ ਹਿੰਦੂ ਗ੍ਰੰਥਾਂ ਨਾਲ ਮੇਲ ਖਾਂਦੀ ਹੈ। ਉਹ ਸਬੂਤ ਵਜੋਂ ਉਹੀ ਪ੍ਰਾਚੀਨ ਹਿੰਦੂ ਗ੍ਰੰਥ ਨਾਲ ਰੱਖਦੇ ਅਤੇ ਵਿਦਵਾਨ ਸੰਗਤਾਂ ਨੂੰ ਉਨ੍ਹਾਂ ਦੇ ਦਰਸ਼ਨ ਵੀ ਕਰਵਾਉਂਦੇ ਹਨ।
ਸਿੰਘ ਸਭਾ ਕਨੇਡਾ ਦੇ ਸ੍ਰ ਪਰਮਿੰਦਰ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ 50 ਤੋਂ ਜਿਆਦਾ ਪ੍ਰਚਾਰਕ ਸੈਂਟਰਾਂ ਬਾਰੇ ਵਿਸਥਾਰ ਨਾਲ ਦੱਸ ਕੇ, ਸਭ ਨੂੰ ਆਪੋ-ਆਪਣਾ ਪਿੰਡ ਸੰਭਾਲਨ ਦੀ ਅਪੀਲ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਗਰੰਥ ਸਾਹਿਬ ਨੂੰ ਮੰਨਣ ਵਾਲਾ ਹਰੇਕ ਸਿੱਖ ਜੇ ਤਹੱਈਆ ਕਰੇ ਤਾਂ ਘਟੋ-ਘਟ ਆਪਣੇ ਅਤੇ ਗੁਆਂਢੀ ਪੰਜ ਪਿੰਡਾਂ ਵਿੱਚ ਇੱਕ ਗੁਰਮਤਿ ਪ੍ਰਚਾਰ ਸੈਂਟਰ ਖੁਲ੍ਹਵਾ ਸਕਦਾ ਹੈ। ਜਿੱਥੇ ਦਾਨੀ ਸੱਜਨਾਂ ਦਾ ਸਬੰਧ ਸਿੱਧਾ ਉਸ ਪ੍ਰਚਾਰਕ ਸੈਂਟਰ ਨਾਲ ਹੁੰਦਾ ਹੈ ਜਿਸ ਨੂੰ ਕਿ ਉਹ ਸਪਾਂਸਰ ਕਰਦੇ ਹਨ।
ਬ੍ਰਾਹਮਣਵਾਦ ਦੀ ਚੋਰੀ ਮੋਰੀ ਰਾਹੀਂ ਸਿੱਖੀ ਵਿੱਚ ਐਂਟਰੀ ਬਾਰੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਵਿਚਾਰ ਹਨ ਕਿ ਜਦ ਤੱਕ ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਪੱਖੀ ਅਗਵਾਹੀ ਦੇਣਵਾਲਾ ਸੰਪੂਰਨ ਗੁਰੂ ਮੰਨਕੇ, ਉਸ ਵਿਚਲੀ ਸਿਖਿਆ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ, ਨਿਤਨੇਮ ਰੋਜ਼ਮਰਾ ਦੀ ਜ਼ਿੰਦਗੀ ਦੇ ਬਾਕੀ ਸੰਸਕਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਨਹੀਂ ਕਰਦੇ, ਤਦ ਤੱਕ ਬ੍ਰਾਹਮਣਵਾਦ ਦਾ ਦੈਂਤ ਸਾਹਮਣੇ ਖੜਾ ਸਿੱਖ ਦਾ ਮੂੰਹ ਚਿੜਾਉਂਦਾ ਰਹੇਗਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਗੁਰੂ ਮੰਨਣ ਵਾਲੇ ਵੀ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਨਾਲ ਰਲਾ ਕੇ ਸਾਬਤ ਕਰਨਾ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ? ਇਵੇਂ ਉਹ ਜਾਣੇ ਅਨਜਾਣੇ, ਦਸਵੇਂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਮਨੁੱਖਤਾ ਦਾ ਰਹਿਬਰ ਬਨਾਉਣ ਲਈ ਵਰਤੀ ਦੂਰ ਦ੍ਰਿਸ਼ਟੀ ਦੇ ਵਿਰੋਧ ਵਿੱਚ ਜਾ ਖੜਦੇ ਹਨ। ਜੇ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਚੜ੍ਹਾ ਸਕਦੇ ਸਨ ਤਾਂ ਆਪਣੀ ਕਿਉਂ ਨਹੀਂ? ਜਦ ਕਿ ਸਿੱਖ ਗੁਰੂਆਂ ਦੀ ਜੋਤ ਤੇ ਸਿਧਾਂਤ ਇੱਕ ਹੈ। ਸਿੱਖਾਂ ਦਾ ਰੱਬ ਇੱਕ, ਪੰਥ ਇੱਕ ਅਤੇ ਗ੍ਰੰਥ ਇੱਕ ਹੈ। ਜਰਾ ਸੋਚੋ! ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖਾਂ ਦਾ ਪਾਰਉਤਾਰਾ ਨਹੀਂ ਕਰ ਸਕਦੀ? ਫਿਰ ਹੋਰ ਗ੍ਰੰਥ ਦੀ ਕੀ ਲੋੜ ਪੈ ਗਈ? ਜੋ ਗੁਰਮਤਿ ਵਿਰੋਧੀ ਨਸ਼ੇ, ਵਿਸ਼ੇ ਵਿਕਾਰ ਅਤੇ ਹਿੰਦੂ ਕਰਮਕਾਂਡਾਂ ਨਾਲ ਭਰਿਆ ਪਿਆ ਹੈ ਅਤੇ ਜਿਸ ਦਾ ਸਿਧਾਂਤ ਵੀ ਗੁਰਮਤਿ ਨਾਲ ਮੇਲ ਨਹੀਂ ਖਾਂਦਾ।
ਸਿੰਘ ਸਭਾ ਇੰਟ੍ਰਨੈਸ਼ਨਲ ਦੇ ਬੁਲਾਰਿਆਂ ਵਲੋਂ ਅਮਰੀਕਾ ਦੇ ਵੱਖ ਵੱਖ ਗੁਰਦੁਆਰਿਆਂ, ਗੁਰਦੁਆਰਾ ਡਿਕੋਟਾ ਰੋਡ ਫਰਿਜ਼ਨੋ ਅਤੇ ਗੁਰਦੁਆਰਾ ਸਿੱਖ ਸੈਂਟਰ ਵਿਲਸਨ ਰੋਡ ਬੇਕਰਸਫੀਲਡ ਵਿਖੇ ਸੰਗਤ ਦੇ ਰੂ-ਬਰੂ ਹੋ ਕੇ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਫਰਿਜ਼ਨੋ ਰੇਡੀਓ ਤੋਂ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਉਸ ਤੋਂ ਬਾਅਦ ਡੋਰ-ਟੂ-ਡੋਰ ਵਿਚਾਰ ਗੋਸਟੀਆਂ ਦਾ ਸਿਲਸਿਲਾ ਚਲਦਾ ਰਿਹਾ ਜਿਵੇਂ ਸ਼ਹਿਰ ਕਿੰਗਜ਼ਬਰਗ, ਬੇਕਰਜ਼ਫੀਲਡ, ਕਰਮਨ, ਫਰਿਜ਼ਨੋ, ਸੈਨਹੋਜ਼ੇ, ਸੈਕਰਾਮੈਂਟੋ ਅਤੇ ਯੂਬਾਸਿਟੀ ਵਿਖੇ ਬਹੁਤ ਸਾਰੇ ਵਿਦਵਾਨਾਂ, ਲਿਖਾਰੀਆਂ ਅਤੇ ਕਵੀਆਂ ਸ਼ਾਮਲ ਹੋ ਕੇ ਆਪਣੇ ਵਡਮੁੱਲੇ ਵਿਚਾਰਾਂ ਦਾ ਯੋਗਦਾਨ ਪਾਇਆ। ਕਿੰਗਜ਼ਬਰਗ ਦੇ ਸ੍ਰ ਹਰਨੇਕ ਸਿੰਘ ਦੇ ਘਰੋਂ ਸ਼ੁਰੂ ਹੋਈ ਇਹ ਵਿਚਾਰ ਗੋਸ਼ਟੀਆਂ ਦੀ ਲੜੀ ਸ੍ਰ ਹਰਬੰਸ ਸਿੰਘ ਜਗਿਆਸੂ (ਯੂਬਾਸਿਟੀ) ਦੇ ਘਰ ਦੀ ਵਿਚਾਰ ਗੋਸ਼ਟੀ ਤੱਕ ਕਾਮਯਾਬੀ ਨਾਲ ਸਮਾਪਤ ਹੋਈ। ਸ਼ਹਿਰ ਕਰਮਨ ਵਿੱਚ ਸ੍ਰ ਕੁਲਦੀਪ ਸਿੰਘ ਦੇ ਘਰ ਇਲਾਕੇ ਦੇ ਸਿਰਕੱਢ ਸਿੱਖ ਆਗੂ ਸ੍ਰ ਮਹਿੰਦਰ ਸਿੰਘ ਗਰੇਵਾਲ ਸਮੇਤ 50 ਤੋਂ ਵਧੀਕ ਸਿੱਖਾਂ ਨੇ ਭਾਰੀ ਜੋਸ਼ ਨਾਲ ਵਿਚਾਰ ਵਿਟਾਂਦਰੇ ਵਿੱਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਸੈਨਹੋਜੇ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਦੇ ਘਰ 40-45 ਵਿਦਵਾਨਾਂ ਨੇ ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮੁਦਿਆਂ ਤੇ ਭਖਵੀਂ ਵਿਚਾਰ ਕੀਤੀ। ਇਨ੍ਹਾਂ ਵਿਚਾਰ ਗੋਸ਼ਟੀਆਂ ਵਿੱਚ ਜਿੱਥੇ ਸਿੰਘ ਸਭਾ ਦੇ ਆਗੂ ਇਕੱਠੇ ਹੋ ਕੇ ਗੁਰਮਤਿ ਪ੍ਰਚਾਰ ਕਰਦੇ ਰਹੇ ਓਥੇ ਇੱਕ ਖਾਸ ਗੱਲ ਵੇਖਣ ਨੂੰ ਮਿਲੀ ਕਿ ਜੋ ਵੀਰ ਜਥੇਦਾਰਾਂ ਨੂੰ ਬਾਦਲ ਦੇ ਲਫਾਫਾ ਮਾਰਕਾ ਜਥੇਦਾਰ ਕਹਿਕੇ ਹਮੇਸ਼ਾਂ ਵਿਰੋਧ ਕਰਦੇ ਸਨ, ਉਹੀ ੳਨ੍ਹਾਂ ਜਥੇਦਾਰਾਂ ਦੇ ਦੁਆਲੇ ਸ਼ਕਾਇਤੀ ਭਾਵ ਨਾਲ ਫਿਰਦੇ ਰਹੇ। ਗੁਰਮਤਿ ਵਿਚਾਰ ਗੋਸਟੀ ਦੇ ਪ੍ਰਬੰਧਕਾਂ ਨੂੰ ਫੋਨ ਕਰਕੇ ਗੁਰਚਰਨ ਸਿੰਘ ਜਿਉਣਵਾਲਾ ਦੀ ਵਿਰੋਧਤਾ ਕਰਦੇ ਰਹੇ।
ਇਨ੍ਹਾਂ ਵਿਚਾਰ ਗੋਸ਼ਟੀਆਂ ਵਿੱਚ ਹਿੱਸਾ ਲੈਣ ਵਾਲੇ ਵਿਚਾਰਵਾਨਾਂ ਵਿੱਚ ਮੁੱਖ ਤੌਰ ਤੇ ਸ੍ਰ ਹਰਦੇਵ ਸਿੰਘ ਸ਼ੇਰਗਿੱਲ (ਸਰਪ੍ਰਸਤ ਸਿੰਘ ਸਭਾ) ਗੁਰਚਰਨ ਸਿੰਘ ਜਿਉਣਵਾਲਾ (ਪ੍ਰਧਾਨ ਸਿੰਘ ਸਭਾ ਉਤਰੀ ਅਮਰੀਕਾ) ਸ੍ਰ ਪਰਮਿੰਦਰ ਸਿੰਘ (ਸਿੰਘ ਸਭਾ ਕਨੇਡਾ) ਪ੍ਰੋ ਮੱਖਨ ਸਿੰਘ ਜੀ (ਜਨਰਲ ਸਕੱਤਰ) ਸ੍ਰ ਤਰਲੋਚਨ ਸਿੰਘ ਦੁਪਾਲਪੁਰ (ਪੱਤਰਕਾਰ ਸਪੋਕਸਮੈਨ) ਚਰਨਜੀਤ ਸਿੰਘ ਪੰਨੂੰ (ਪੱਤਰਕਾਰ ਪੰਜਾਬ ਟਾਈਮਜ਼) ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖ਼ਾਲਸਾ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ) ਡਾ. ਗੁਰਮੀਤ ਸਿੰਘ ਬਰਸਾਲ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਗੁਰਬਾਣੀ-ਇਤਿਹਾਸ ਅਤੇ ਗੁਰਮਤਿ ਫਿਲਾਸਫੀ ਦੇ ਖੋਜੀ ਸ੍ਰ ਸਰਬਜੀਤ ਸਿੰਘ (ਸੈਕਰਾਮੈਂਟੋ) ਸ੍ਰ ਹਰਬੰਸ ਸਿੰਘ ਜਗਿਆਸੂ (ਪ੍ਰਧਾਨ ਸਹਿਤ ਸਭਾ ਯੂਬਾਸਿਟੀ) ਸ੍ਰ ਮਹਿੰਦਰ ਸਿੰਘ ਘੱਗ ਉੱਘੇ ਵਿਦਵਾਨ (ਲਾਇਵੋਕ) ਸਿੰਘ ਸਭਾ ਯੂਬਾਸਿਟੀ ਦੇ ਸ੍ਰ ਕੁਲਦੀਪ ਸਿੰਘ, ਸ੍ਰ ਗਿਆਨ ਸਿੰਘ ਮਿਸ਼ਨਰੀ (ਮਿਸ਼ਨਰੀ ਸਰਕਲ ਕੈਲੇਫੋਰਨੀਆਂ) ਸ੍ਰ ਕੰਵਲ ਸਿੰਘ ਫਿਜ਼ੀਵਾਲੇ, ਸ੍ਰ ਹਾਕਮ ਸਿੰਘ ਸੈਕਰਾਮੈਂਟੋ (ਸਿੱਖ ਸਕਾਲਰ) ਸ੍ਰ ਅਮਰਬੀਰ ਸਿੰਘ ਤੇ ਸਾਥੀ (ਸਟਾਕਟਨ) ਕੈਪਟਨ ਜੁਗਰਾਜ ਸਿੰਘ (ਸ਼ਬਦ ਸੱਚੀ ਟਕਸਾਲ) ਡਾ. ਗੁਰਮੇਲ ਸਿੰਘ ਧਾਲੀਵਾਲ (ਸਿੱਖ ਅਲਾਇੰਸ) ਪ੍ਰੋ ਗੁਰਬਚਨ ਸਿੰਘ ਸਚਦੇਵਾ, ਡਾ ਗੁਰੂਮੇਲ ਸਿੰਘ (ਸਿੱਖ ਸਕਾਲਰ) ਕੁਲਵੰਤ ਸਿੰਘ (ਕਨੈਕਟੀਕਟ) ਦਲਜੀਤ ਸਿੰਘ (ਬਰਮਾਲੀਪੁਰ) ਬਾਬਾ ਨੰਦਨ ਸਿੰਘ (ਫਰੀਮਾਂਟ) ਆਦਿ ਸ਼ਾਮਲ ਹੋਏ। ਆਪਣੇ ਸ਼ਹਿਰ ਵਿਖੇ ਅਜਿਹੀਆਂ ਵਿਚਾਰ ਗੋਸ਼ਟੀਆਂ ਕਰਾਉਣ ਲਈ ਵਿਦਵਾਨ ਸੱਜਨ ਸੰਪਰਕ ਕਰਨ-(408-209-7072, 510-432-5827)