ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ

ਸਰਵਜੀਤ ਸਿੰਘ




ਆਖੇ ਜਾਂਦੇ  ਦਸਮ ਗ੍ਰੰਥ ਦੇ ਪੰਨਾ 716 ਉਪਰ ਦਰਜ ਕੁਝ ਪੰਗਤੀਆਂ, ਜਿਨ੍ਹਾਂ ਨੂੰ ‘ਖਾਲਸਾ ਮਹਿਮਾ’ ਦਾ ਨਾਮ ਦੇ ਦਿੱਤਾ ਗਿਆ ਹੈ, ਬਾਰੇ ਵਿਚਾਰ ਕਰਨ ਤੋ ਪਹਿਲਾ, ਆਓ ਇਨ੍ਹਾਂ ਦੇ ਅਰਥ ਜਾਣ ਲਈਏ।

ਸਵੈਯਾ।  ਪਾਤਸਾਹੀ 10

ਜੋ  ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਈਯਤੁ ਮਿਸ਼ਰਜੂ ਸ਼ੋਕ ਨਿਵਾਰੋ।।

ਮੇਰੋ  ਕਛੂ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ।।

ਬਾਗੋ  ਨਿਹਾਲੀ ਪਠੈ ਦੈਹੋ ਆਜੁ ਭਲੇ  ਤੁਮ ਕੋ ਨਿਸਚੈ ਜੀਅ ਧਾਰੋ।।

ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ।। 1।।

ਹੇ  ਮਿਸ਼ਰ ! ਵਿਧਾਤਾ ਨੇ ਜੋ ਲੇਖ ਲਿਖ  ਦਿੱਤਾ ਹੈ ਉਹ ਹੀ ਮਿਲਦਾ ਹੈ।  ਤੁਸੀ ਸ਼ੋਕ ਨੂੰ ਤਿਆਗਾ ਦਿਓ। ਮੇਰਾ ਇਸ ਵਿਚ ਲੋਈ ਦੋਸ਼ ਨਹੀ ਹੈ। ਮੈ ਭੁਲ ਗਿਆ ਸੀ (ਮੈ ਆਪ ਨੂੰ ਖਿਲਾਉਣ ਤੋਂ ਪਹਿਲਾ ਇਨ੍ਹਾਂ ਸਿੱਖਾਂ ਨੂੰ ਲੰਗਰ ਵਰਤਾ ਦਿੱਤਾ) ਮੈ ਅੱਜ ਹੀ ਆਪ ਲਈ ਚੰਗੇ ਵਸਤਰ ਅਤੇ ਰਜਾਈ ਆਦਿ ਭੇਜ ਦੇਵਾਗਾ। ਇਸ ਲਈ ਤੁਸੀ ਬੇਫਿ਼ਕਰ ਰਹੋ। ਛਤ੍ਰੀ ਤਾਂ ਬ੍ਰਹਾਮਣਾਂ ਦੇ ਦਾਸ ਹੀ ਹਨ ਤੁਸੀ ਇਨ੍ਹਾਂ ਨੂੰ ਕਿ੍ਰਪਾ ਦਿ੍ਸ਼ਟੀ ਨਾਲ ਵੇਖੋ।1।

ਜੁੱਧ  ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।

ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕਿ੍ਪਾ ਫੁਨ ਧਾਮ ਭਰੇ।

ਇਨ  ਹੀ ਕੇ ਪ੍ਰਸਾਦਿ ਸੁ ਬਿਦਿਆ  ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।

ਇਹਨੀ  ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋਸੇ ਗਰੀਬ ਕਰੋਰ ਪਰੇ। 2।

ਮੈ  ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਯੁੱਧ ਜਿੱਤੇ ਹਨ ਅਤੇ ਦਾਨ ਕੀਤੇ ਹਨ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ  ਸਾਰੇ ਪਾਪ ਮਿਟ ਗਏ ਅਤੇ ਘਰ ਧੰਨ-ਦੋਲਤ ਨਾਲ ਭਰ ਗਏ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕਿ੍ਪਾ ਨਾਲ ਹੀ ਅਸੀ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਵਿਚ ਹਨ ਜਿਨ੍ਹਾਂ ਦੀ ਕੋਈ ਦੱਸ-ਪੁਛ ਨਹੀ ਹੈ।2।

ਸੇਵ ਕਰੀ  ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।।

ਦਾਨ ਦਯੋ  ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ।।

ਆਗੈ ਫਲੈ  ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ।।

ਮੋ  ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀ ਕੋ।3।

ਇਨ੍ਹਾਂ  ਦੀ ਸੇਵਾ ਕਰਨੀ ਹੀ ਮੈਨੂੰ ਚੰਗੀ ਲਗਦੀ ਹੈ ਕਿਸੇ ਹੋਰ ਦੀ ਨਹੀ। ਦਾਨ ਵੀ ਇਨ੍ਹਾ ਨੂੰ ਦੇਣਾ ਹੀ ਚੰਗਾ ਕਗਦਾ ਹੈ। ਇਨ੍ਹਾਂ ਨੂੰ ਦਿੱਤਾ ਦਾਨ ਹੀ ਅੱਗੇ ਵੱਧਦਾ-ਫੁਲਦਾ ਹੈ। ਹੋਰਨਾ ਨੂੰ ਦਿਤਾ ਦਾਨ ਵਿਅਰਥ ਹੈ। ਮੇਰੇ ਘਰ ਵਿਚ ਤਨ, ਮਨ ਅਤੇ ਧਨ ਆਦਿ ਸਭ ਇਨ੍ਹਾਂ ਦਾ ਹੀ ਹੈ।3।

ਚਟਪਟਾਇ  ਚਿਤ ਮੈ ਜਰਯੋ ਤਿ੍ਣ ਜਯੋਂ ਕ੍ਰੁੱਧਤ ਹੋਇ।

ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ ।4।

ਇਹ  ਗੱਲ ਸੁਣਿਆ ਹੀ ਮਿਸ਼ਰ ਸੜ-ਬਲ ਗਿਆ। ਰੋਟੀ ਰੋਜ਼ੀ ਦੀ ਭਾਲ ਵਿਚ ਲੱਗੇ ਹੋਏ ਮਿਸ਼ਰ ਜੀ ਦਾਨ-ਦਛਣਾ ਨਾ ਮਿਲਣ ਕਾਰਨ ਰੋ ਹੀ ਪਏ।4।

ਉਪ੍ਰੋਕਤ ਵਾਰਤਾ ਨਾਲ ਸਬੰਧਤ ਰਵਾਇਤੀ ਸਾਖੀ, ਪੰਡਿਤ ਨਰੈਣ ਸਿੰਘ ਨੇ ਆਪਣੇ ਟੀਕੇ ਵਿੱਚ ਕਾਫੀ ਵਿਸਥਾਰ ਨਾਲ ਲਿਖੀ ਹੈ। ਗਿਆਨੀ ਗਿਆਨ ਸਿੰਘ ਜੀ ਨੇ ਤਾਂ ਇਸ ਹਵਨ ਦੇ ਖਰਚੇ ਬਾਰੇ ਵੀ ਜਾਣਕਾਰੀ ਦਿੱਤੀ ਹੈ। 
“ਪੰਡਤ ਬੋਲਿਆ, ‘ਸਵਾ ਲੱਖ ਰੁਪਯਾ ਤਾਂ ਅਸੀਂ ਲਵਾਂਗੇ ਅਤੇ ਹਵਨ ਉੱਤੇ ਭੀ ਏਦੂੰ ਘੱਟ ਨਹੀਂ ਲੱਗੇਗਾ ਅਰ ਗੁਰੂ ਜੀ ਨੂੰ ਵੀ ਹਵਨ ਹੁੰਦੇ ਤੱਕ ਬ੍ਰਹਮਚਰਜ ਰੱਖਣਾ ਪਵੇਗਾ’। ਏਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ‘ਮਿਸ੍ਰ ਦੇਵਤਾ! ਮਾਯਾ ਤਾਂ ਏਦੂੰ ਦੂਣੀ ਭਾਵੇ ਖ਼ਰਚ ਹੋ ਜਾਵੇ, ਪਰ ਇਹ ਕੰਮ ਅਧੂਰਾ ਨਾ ਰਹੇ’।” (ਤਵਾਰੀਖ ਗੁਰੂ ਖਾਲਸਾ) ਕਵੀ ਸੰਤੋਖ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ ਉਨ੍ਹਾਂ ਨੇ ਇਸ ਸਾਖੀ ਨੂੰ ਬੁਹਤ ਹੀ ਵਿਸਥਾਰ ਨਾਲ ਲਿਖਿਆ ਹੈ (ਰੁਤਿ 3, ਅੰਸੂ 4 ਤੋਂ 12)। 100 ਸਾਖੀ ਦੀ ੧੭ਵੀਂ ਸਾਖੀ “ਦੇਵੀ ਦਾ ਪ੍ਰਸੰਗ” ਵਿੱਚ ਵੀ ਇਹ ਵਾਰਤਾ ਦਰਜ ਹੈ। ਗਿਅਨੀ ਗਿਆਨ ਸਿੰਘ ਨੇ ਤਾਂ ਪੰਡਤਾਂ ਨੂੰ ਦਿੱਤੀ ਦੱਛਣਾ ਇਕ-ਇਕ ਮੋਹਰ ਲਿਖੀ ਹੈ ਪਰ ਸੁਖਾ ਸਿੰਘ ਨੇ ਪੰਜ-ਪੰਜ ਮੋਹਰਾਂ। ਮਹਾਪ੍ਰਸਾਦ ਦਾ ਜਿਕਰ ਸਭ ਨੇ ਕੀਤਾ ਹੈ।

ਵਿਚਾਰ:- ਸਟੇਜ ਤੋਂ ਅੱਡੀਆਂ ਚੁਕ-ਚੁਕ ਕੇ ਸੁਣਾਈ ਜਾਂਦੀ ਪੰਗਤੀ “ਇਹਨੀ ਕੀ ਕਿ੍ਪਾ ਕੇ ਸਜੇ ਹਮ ਹੈ ਨਹੀ ਮੋਸੇ ਗਰੀਬ ਕਰੋਰ ਪਰੇ” ਜੇ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪੰਡਤ ਕੇਸ਼ੋਦਾਸ ਅੱਗੇ, “ਮੇਰੋ ਕਛੂ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ” ਅਤੇ “ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ”, ਵਰਗੇ ਲਚਾਰੀ ਭਰੇ ਸਬਦਾਂ ਵਿਚ ਬੇਨਤੀਆਂ ਕਰਨ ਵਾਲਾ ਫਿਰ ਕੋਣ ਹੋਇਆ? ਕੀ ਕੇਸ਼ੋਦਾਸ ਨਾਮੀ ਲੁਟੇਰੇ ਦੀ ਹਿੰਮਤ ਹੋ ਸਕਦੀ ਸੀ ਕਿ ਗੁਰੂ ਜੀ ਵਲ ਕ੍ਰੋਧ ਭਰੇ ਨੈਣਾਂ ਨਾਲ ਵੇਖ ਸਕੇ? ਜੋ ਦਾਨ ਨਾ ਮਿਲਣ ਕਾਰਨ ਖੁਦ ਰੋਂਦਾ ਹੈ। (ਦਯੋ ਮਿਸ੍ਰ ਜੂ ਰੋਇ) ਕੀ ਸਿੱਖ ਖੱਤ੍ਰੀ ਹਨ? ਕੀ ਇਥੇ ਕਿਸੇ ਨੂੰ ਦਿੱਤਾ ਹੋਇਆ ਦਾਨ (ਆਗੈ ਫਲੈ ਇਨ ਹੀ ਕੋ ਦਯੋ) ਅੱਗੇ ਜਾਂ ਕੇ ਮਿਲਦਾ ਹੈ? ਕੀ ਇਹ ਦਾਨ ਪ੍ਰਥਾ ਗੁਰਮਿਤ ਦਾ ਸਿਧਾਂਤ ਹੈ ਜਾਂ ਬ੍ਰਹਾਮਣ ਦੀ ਲੁੱਟ ਨੀਤੀ? ਗੁਰੂ ਜੀ ਦੇ ਉਹ ਕੇਹੜੇ ਪਾਪ ਸਨ (ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ) ਜੋ ਸਿੱਖਾਂ ਦੀ ਕ੍ਰਿਪਾ ਕਰਕੇ ਨਾਸ਼ ਹੋਏ ਸਨ? ਕੀ ਗੁਰੂ ਜੀ ਨੇ ਵਿੱਦਿਆ ਸਿੱਖਾਂ ਦੀ ਕ੍ਰਿਪਾ ਨਾਲ ਲਈ ਸੀ (ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ) ਜਾਂ ਸਿੱਖਾਂ ਨੇ ਗੁਰੂ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ? ਹੁਣ ਇਨ੍ਹਾਂ ਸਵਾਲਾਂ ਦਾ ਜਵਾਬ ਕੌਣ ਦੇਵੇ?

ਉਪ੍ਰੋਕਤ ਵਿਚਾਰ ਤੋਂ ਸਪੱਸ਼ਟ ਹੈ ਕੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੈ। ਇਹ ਤਾਂ ਕਿਸੇ ਲੁੱਟ-ਖਾਣੇ ਬਿੱਪਰ ਦੀ ਕਾਢ ਹੈ। ਤਾਹੀਂ ਤਾਂ ਅੱਜ ਉਹੀ ਬਿੱਪਰ ਭੇਸ ਬਦਲ ਕੇ ਇਸ ਦਾ ਪ੍ਰਚਾਰ ਕਰ ਰਿਹਾ ਹੈ।

 

ਸਰਵਜੀਤ  ਸਿੰਘ