ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

‘ਪੂਤਾ ਮਾਤਾ ਕੀ ਅਸੀਸ’ ਨੂੰ ਬੀਬੀ ਭਾਨੀ ਜੀ ਦਾ ਵਾਕ ਕਹਿ ਕੇ ਸ੍ਰ. ਹਰੀ ਸਿੰਘ ਰੰਧਾਂਵੇ ਵਾਲੇ ਬਾਣੀ ਦਾ ਨਿਰਾਦਰ ਕਰ ਰਹੇ

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਇਹ ਗੱਲ ਮੈਂ ਇਨ੍ਹਾਂ ਤੋਂ ਪਹਿਲਾਂ ਵੀ ਸੁਣ ਚੁਕਿਆ ਹਾਂ ਪਰ ਪਿਛਲੇ ਹਫਤੇ ਜਦੋਂ ਅਸੀਂ ਲੋਕਲ ਟੀ.ਵੀ ਤੇ ਗੁਰਬਣੀ ਬਾਰੇ ਇਕ ਦੂਜੇ ਨਾਲ ਚਰਚਾ ਕਰ ਰਹੇ ਸਾਂ ਤਾਂ ਇਨ੍ਹਾਂ ਨੇ ਫਿਰ ਇਹ ਗੱਲ ਦੁਹਰਾਈ, ‘ਪੂਤਾ ਮਾਤਾ ਕੀ ਅਸੀਸ’ ਬੀਬੀ ਭਾਨੀ ਜੀ ਨੇ ਆਪਣੇ ਪੁਤਰ ਨੂੰ ਅਸੀਸ ਦਿੱਤੀ। ਮੇਰੇ ਦਿਮਾਗ ਨੇ ਇਕ ਦਮ ਠੀਕ ਜਵਾਬ ਤਾਂ ਦਿੱਤਾ ਕਿ ਇਹ ਬੀਬੀ ਭਾਨੀ ਜੀ ਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਅਸੀਸ ਨਹੀ ਜਿਸ ਮੁਤਾਬਕ ਇਹ ਸਲੋਕ ਲਿਖਿਆ ਗਿਆ ਹੋਵੇ ਸਗੋਂ ਰੱਬ ਜੀ ਨਾਲ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਆਓ ਹੁਣ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਵੀ ਹੋਰ ਗੁਰੂ ਜੀ ਦੇ ਮਾਤਾ ਪਿਤਾ ਦੀ ਵੀ ਗੱਲ ਆਈ ਹੈ ਜਾਂ ਨਹੀ।

ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ, ਸਰਬ-ਪੱਖੀ ਅਤੇ ਸਾਰੀ ਕਾਇਨਾਤ ਵਾਸਤੇ ਬਣਾਉਣ ਲਈ ਇਹ ਬਹੁਤ ਹੀ ਜਰੂਰੀ ਸੀ ਕਿ ਇਸ ਗ੍ਰੰਥ/ ਪੋਥੀ ਸਾਹਿਬ ਨੂੰ ਹਿੰਦੂ ਗ੍ਰੰਥਾਂ, ਪੁਰਾਣਾਂ, ਗੀਤਾ ਤੇ ਮਹਾਂਭਾਰਤ ਦੀ ਤਰ੍ਹਾਂ ਨਾ ਲਿਖਿਆ ਜਾਵੇ। ਇਨ੍ਹਾਂ ਗ੍ਰੰਥਾਂ ਵਿਚ ਦਰੋਪਤੀ ਨੂੰ ਨਿਰ-ਬਸਤਰ ਕਰਨ, ਸਰੂਪ ਨਖਾਂ ਦਾ ਨੱਕ ਵੱਢਣ, ਗਰੀਬ ਸ਼ੂਦਰ ਸ਼ੰਭੂ ਭਗਤ ਦਾ ਸ੍ਰੀ ਰਾਮ ਚੰਦਰ ਜੀ ਦੇ ਹੱਥੌਂ ਕਤਲ, ਲੰਕਾ ਨੂੰ ਸਾੜਨ, ਕਿਸੇ ਰਿਸ਼ੀ ਮੁਨੀ ਦੀ ਜ਼ਨਾਨੀ ਨਾਲ ਇੰਦਰ ਦੇਵਤਾ ਜੀ ਦਾ ਵਿਭਚਾਰ ਅਤੇ ਕੁਰਕਸ਼ੇਤਰ ਵਿਖੇ ਮਹਾਂਭਾਰਤ ਦੀ ਲੜਾਈ ਆਦਿ ਦੀਆਂ ਗੱਲਾਂ ਹਨ। ਹੁਣ ਆਪਾਂ ਵੀਚਾਰ ਕਰਦੇ ਹਾਂ ਕਿ ਕਿ ਗੁਰੂ ਗ੍ਰੰਥ ਸਾਹਿਬ ਵਿਚ ਮਾਤਾ ਪਿਤਾ ਕਿਸ ਨੂੰ ਕਿਹਾ ਗਿਆ ਹੈ? ੧੪੩੦ ਪੰਨਿਆ ਦੇ ਇਤਨੇ ਵੱਡੇ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਗੁਰੂ ਸਾਹਿਬਾਨ ਦੇ ਮਾਤਾ ਪਿਤਾ, ਵਿਆਹ-ਸ਼ਾਦੀ, ਮਰਨੇ ਪਰਨੇ ਆਦਿ ਦਾ ਕੋਈ ਜ਼ਿਕਰ ਨਹੀ ਤਾਂ ਫਿਰ,

“ ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ਪੰਨਾ ੪੯੬॥”

ਨਾਲ ਬੀਬੀ ਭਾਨੀ ਜੀ ਦਾ ਜ਼ਿਕਰ ਕਿਵੇਂ ਆ ਗਿਆ? ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਮਾਤਾ ਖੀਵੀ ਦੇ ਲੰਗਰ ਚਲਾਉਣ ਦੀ ਗੱਲ ਸਿਰਫ ਇਸ਼ਾਰੇ ਮਾਤਰ ਆਈ ਹੈ, ਸੁਲਹੀ ਖਾਨ, ਵੇ ਲਾਲੋ, ਬਾਬਰ, ਗਨਕਾ, ਅਜਾਮਲ ਆਦਿ ਨਾਮ ਆਏ ਹਨ ਪਰ ਉਨ੍ਹਾਂ ਦੇ ਸੋਹਲੇ ਨਹੀ ਗਾਏ ਗਏ। ਉਨ੍ਹਾਂ ਨੂੰ ਉੱਤਮ ਜਾਂ ਸ੍ਰੇਸ਼ਟ ਪੁਰਸ਼ ਵੀ ਨਹੀ ਕਿਹਾ ਗਿਆ ਤਾਂ ਫਿਰ ਇਹ ਪੂਰਾ ਸਲੋਕ ਜੇ ਮਾਤਾ ਭਾਨੀ/ਬੀਬੀ ਭਾਨੀ ਜੀ ਦੀ ਅਸੀਸ ਹੈ ਤਾਂ ਗੁਰੂ ਜੀ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਨੇ ਪੰਨਾ ੫੫੩ ਤੇ ਭਾਈ ਮਰਦਾਨੇ ਨੂੰ ਸੰਬੋਧਨ ਕਰਕੇ ਤਿਂਨ ਸਲੋਕ ਲਿਖੇ ਹਨ ਇਸ ਤਰ੍ਹਾਂ ਇੱਥੇ ਵੀ ਬੀਬੀ ਭਾਨੀ ਜੀ ਦਾ ਨਾਮ ਲਿਖਿਆ ਜਾ ਸਕਦਾ ਸੀ। ਹੁਣ ਆਪਾਂ ਇਸ ਪੂਰੇ ਸਲੋਕ ਸਲੋਕ ਵੱਲ ਨਜ਼ਰ ਮਾਰਦੇ ਹਾਂ।

ਗੂਜਰੀ ਮਹਲਾ ੫ ॥ ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥ ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤ ਸੰਗਿ ਤੇਰੀ ਪ੍ਰੀਤਿ ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥ ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥ ਭਵਰੁ ਤੁਮੑਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥ {ਪੰਨਾ ੪੯੬}

ਫਰਜ਼ ਕਰੋ ਕਿ ਇਹ ਉਪਦੇਸ਼ ਬੀਬੀ ਭਾਨੀ ਜੀ ਦਾ ਗੁਰੂ ਅਰਜਨ ਦੇਵ ਜੀ ਨੂੰ ਹੈ ਤਾਂ ਇਹ ਸਲੋਕ ਗੁਰੂ ਅਰਜਨ ਦੇਵ ਜੀ ਵਾਸਤੇ ਹੈ ਸਾਡੇ ਵਾਸਤੇ ਨਹੀ। ਕਿਉਂਕਿ ਸਾਧਾਂ ਸੰਤਾਂ ਨੇ ਲੋਕਾਂ ਨੂੰ ਵਰ-ਸਰਾਪ ਦੇ ਲੜ ਲਾ ਕੇ ਫਿਰ ਸੰਤਾਂ ਕੋਲੋਂ ਸਾਡਾ ਉਧਾਰ ਕਰਵਾਉਣਾ ਹੈ ਇਸ ਕਰਕੇ ਇਹ ਸੰਤ ਜੀ ਗੁਰਬਣੀ ਦੇ ਅਰਥਾਂ ਨੂੰ ਵਿਗਾੜ ਕੇ ਲੋਕਾਂ ਨੂੰ ਕਿਸੇ ਦੇਹਧਾਰੀ ਸੰਤ ਅਥਵਾ ਸਾਧ ਦੇ ਲੜ ਲਾ ਕੇ, ਦੁਨੀਆਂ ਦਾ ਕਰੋੜਾਂ ਰੁਪਿਆ ਲਾ ਕੇ ਪ੍ਰਮੇਸ਼ਰ ਦਾ ਦੁਆਰ ਬਾਣਉਣਾ ਚਾਹੁੰਦੇ ਹਨ ਜਿਥੇ ਪ੍ਰਮੇਸ਼ਰ ਤਾਂ ਨਾ ਸਹੀ, ਕਿਉਂਕਿ ਉਹ ਤਾਂ ਹਰ ਥਾਂ ਮੌਜੂਦ ਹੈ ਤੇ ਉਹ ਕਿਸੇ ਇੱਕ ਥਾਂ ਜਾਂ ਇਕ ਦੇਸ਼ ਦਾ ਵਾਸੀ ਵੀ ਨਹੀ ਹੋ ਸਕਦਾ, ਇਹ ਆਪ ਤਾਂ ਠਾਠ/ ਲੱਤਾਂ ਘੁਟਵਾੳੇਣ ਦਾ ਕੰਮ ਤੇ ਬਾਕੀ ਦੇ ਕੰਮ ਤਾਂ ਤੁਸੀਂ ਜਾਣਦੇ ਹੀ ਹੋ ਕਰਵਾ ਸਕਣ। ਅਸਲ ਵਿਚ ਉੱਪਰਲੀ ਵੀਚਾਰ ਠੀਕ ਨਹੀ। ਗੁਰਬਣੀ ਵਿਚ ਮਾਤਾ ਪਿਤਾ ਕਿਸਨੂੰ ਕਿਹਾ ਗਿਆ ਹੈ?

ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ॥ {ਪੰਨਾ ੧੦੩}
ਇਸ ਸਲੋਕ ਵਿਚ ਗੁਰੂ ਜੀ ਪ੍ਰਮਾਤਮਾ ਨੂੰ ਮਾਤਾ, ਪਿਤਾ, ਰਿਸ਼ਤੇਦਾਰ ਤੇ ਭਰਾ ਲਿਖਦੇ ਲਿਖਦੇ‘ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥’ ਇਹ ਵੀ ਲਿਖਦੇ ਹਨ ਕਿ ਰੱਬ ਜੀ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੋਈ ਹੈ ਹੀ ਨਹੀ ਤੇ ਇਹ ਸਾਰਾ ਪਸਾਰਾ ਤੁਹਾਡਾ ਹੀ ਕੀਤਾ ਹੋਇਆ ਹੈ।

ਇਕੋ ਭਾਈ, ਮਿਤੁ ਇਕੁ, ਇਕੋ ਮਾਤ ਪਿਤਾ ॥ ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥ ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੧॥ {ਮ:੫, ਪੰਨਾ ੪੫}

(ਹੇ ਮਨ !) ਸਿਰਫ਼ ਪ੍ਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪ੍ਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ) । (ਮੈਨੂੰ ਤਾਂ) ਉਸ ਪ੍ਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ । (ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ ।੨।

ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥ ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥ {ਪੰਨਾ ੯੯੬}

ਹੇ ਮੇਰੇ ਸਤਿਗੁਰੂ ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ । ਹੇ ਮੇਰੀ ਮਾਂ (ਸਤਿਗੁਰ) ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ । ਹੇ ਮਾਂ (ਸਤਿਗੁਰ) ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ।੧।ਰਹਾਉ।

ਮਾਰੂ ਮਹਲਾ ੧ ॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥ਪੰਨਾ ੧੦੧੩॥

ਇਸ ਸੰਸਾਰ ਵਿਚ ਆਉਣ ਵਾਸਤੇ ਸਾਨੂੰ ਮਾਤਾ ਪਿਤਾ ਚਾਹੀਦੇ ਹਨ ਇਹੀ ਜ਼ਿਕਰ ਗੁਰੂ ਨਾਨਕ ਸਾਹਿਬ ਉਪਰਲੇ ਸਲੋਕ ਵਿਚ ਕਰਦੇ ਹਨ। ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥ ਘੋਰ ਬਿਨਾ ਕੈਸੇ ਅਸਵਾਰ ॥ ਸਾਧੂ ਬਿਨੁ ਨਾਹੀ ਦਰਵਾਰ ॥੩॥ ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥ ਖਸਮਿ ਦੁਹਾਗਨਿ ਤਜਿ ਅਉਹੇਰੀ ॥ ਕਹੈ ਕਬੀਰੁ ਏਕੈ ਕਰਿ ਕਰਨਾ ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥ {ਪੰਨਾ ੮੭੨} ਤੇ ਨਾਲ ਦੀ ਨਾਲ ਇਹ ਵੀ ਹੁਕਮ ਕਰਦੇ ਹਨ ਕਿ ਇਹ ਸਾਰੇ ਸਾਕ ਸੰਬੰਧੀ ਕੂੜੇ ਹਨ।

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥ ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥ ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥ {ਪੰਨਾ ੪੭}

ਕੂੜੇ ਕਿਉਂ ਹਨ?

ਦੇਵਗੰਧਾਰੀ ਮਹਲਾ ੯ ॥ ਜਗਤ ਮਹਿ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ {ਪੰਨਾ ੫੩੬}

ਇਸ ਕਰਕੇ ਕਿ ਇਹ ਸਾਰੇ ਰਿਸ਼ਤੇ ਸਾਡੇ ਆਪਣੇ ਆਪਣੇ ਸੁਖ ਕਰਕੇ ਬਣਾਏ ਹੋਏ ਹਨ। ਜਦੋਂ ਹੀ ਸਾਡੀ ਮੌਤ ਹੋ ਜਾਂਦੀ ਹੈ ਤਾਂ ਇਹ ਰਿਸ਼ਤੇਦਾਰ ਮੁਰਦੇ ਨੂੰ ਘਰੋਂ ਨਿਕਾਲਣ ਦੀ ਝੱਟ ਪੱਟ ਕਰਦੇ ਹਨ। ਇਸ ਕਰਕੇ ਸ੍ਰ. ਹਰੀ ਸਿੰਘ ਰੰਧਾਵੇ ਵਾਲਿਆਂ ਦੀਆਂ ਸਾਖੀਆਂ/ਕਹਾਣੀਆਂ ਝੂਠੀਆਂ ਹਨ। ਤੁਸੀਂ ਰੈਡੀਓ ਤੇ ਇਹ ਪ੍ਰਚਾਰ ਕਰ ਰਹੇ ਸੀ ਕਿ, ‘ਅਸੀਂ ਦਸਮ ਗ੍ਰੰਥ ਬਾਰੇ ਭੁਲੇਖਿਆਂ ਦਾ ਜਵਾਬ ਦੇਵਾਂਗੇ’। ਇਹ ਤਾਂ ਪਤਾ ਨਹੀ ਕਿ ਟੀ. ਵੀ ਜਾਂ ਰੈਡੀਓ ਤੇ ਤੁਹਾਡੇ ਨਾਲ ਫਿਰ ਤੋਂ ਚਰਚਾ ਕਰਨ ਦਾ ਸੁਭਾਗ ਕਦੋਂ ਪ੍ਰਾਪੱਤ ਹੋਵੇ। ਜੇ ਕਰ ਤੁਹਾਡੇ ਮਿਤਰ ਜੀ ਮੰਨ ਜਾਣ ਤਾਂ ਤੁਸੀਂ ਕ੍ਰਿਪਾ ਕਰਕੇ ਸੁਨੇਹਾ ਜ਼ਰੂਰ ਭੇਜ ਦੇਣਾ ਜੀ ਦਾਸ ਹਰ ਹਾਲਤ ਵਿਚ ਹਾਜ਼ਰ ਹੋਵੇਗਾ। ਪਰ ਚਰਚਾ ਬਾਰੇ ਉਡੀਕ ਨਹੀ ਕਰਨੀ ਚਾਹੀਦੀ ਇਸ ਕਰਕੇ ਅਖਬਾਰ ਵਿਚ ਹੀ ਕੱਝ ਸਵਾਲ ਪਾ ਰਿਹਾ ਹਾਂ: ੧. ਦਸਮ ਗ੍ਰੰਥ ਦਾ ਲਿਖਾਰੀ ਇਤਹਾਸਕ ਤੌਰ ਤੇ ਵੀ ਗਲਤ ਹੈ। ਅਧਿਆਇ ਅੱਠਵਾਂ ਦਾ ਅਖੀਰਲਾ ਬੰਦ ਬਚਿਤ੍ਰ ਨਾਟਕ ਪੰਨਾ ੧੪੨/੧੪੩ ਤੇ ਲਿਖਾਰੀ ਇਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦ ਪੁਰ ਸ਼ਹਿਰ ਵਸਾਇਆ ਹੈ ਜਦੋਂ ਕਿ ਇਤਹਾਸਕ ਤੌਰ ਤੇ ਮੰਨਿਆ ਹੋਇਆ ਪ੍ਰੋ. ਗੰਡਾ ਸਿੰਘ, ਡਾ. ਕਰਤਾਰ ਸਿੰਘ, ਹਰੀ ਰਾਮ ਗੁਪਤਾ ਤੇ ਹੋਰ ਵੀ ਬਹੁਤ ਸਾਰੇ ਲਿਖਾਰੀ ਇਹੀ ਮੰਨਦੇ ਹਨ ਕਿ ਅਨੰਦਪੁਰ ਗਾਂਵ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ। ਤੁਸੀਂ ਇਸਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ੨. ਦਸਮ ਗ੍ਰੰਥ ਦੇ ਪੰਨਾ ੩੯ ਤੋਂ ੭੩ ਤਕ ਇਹ ਬਚਿਤ੍ਰ ਨਾਟਕ ਦਰਜ਼ ਹੈ ਤੇ ਆਓ ਹੁਣ ਆਪਾਂ ਬਚਿਤ੍ਰ ਨਾਟਕ ਬਾਰੇ ਗੱਲ ਕਰੀਏ। ਬਚਿਤ੍ਰ ਨਾਟਕ ਸਟੀਕ ਜੇ. ਪੀ. ਸੰਗਤ ਸਿੰਘ ਪੰਨਾ ੨੯ ਤੋਂ ਲੈ ਕੇ ੪੨ ਤਕ ਰੱਬ ਜੀ ਦਾ ਜੋ ਰੂਪ ਵਰਨਣ ਕਰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੱਬ ਜੀ ਨਾਲ ਮੇਲ ਨਹੀ ਖਾਂਦਾ। ਦਸਮ ਗ੍ਰੰਥ ਦੇ ਰੱਬ ਜੀ ਦੇ ਡਰਾਉਣੀਆਂ ਦਾਹੜਾਂ ਹਨ, ਹੱਥ ਵਿਚ ਗਦਾ ਹੈ, ਪੈਰਾਂ ਵਿਚ ਝਜਰਾਂ ਹਨ ਤੇ ਸ਼ਰਾਬੀ ਹਾਥੀ ਵਾਂਗਰ ਜੰਗਲ ਵਿਚ ਭੰਭਕਾਂ ਮਾਰਦਾ ਫਿਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਰੱਬ ਜੀ ਦਾ ਕੋਈ ਰੰਗ ਨਹੀ, ਕੋਈ ਅਕਾਰ ਨਹੀ ਤੇ ਉਸਦੀ ਮੂਰਤ ਕਾਲ ਰਹਿਤ ਹੈ ਇਸ ਕਰਕੇ ਹੀ ਪ੍ਰਮਾਤਮਾ ਨੂੰ ਅਕਾਲਿ ਮੂਰਤਿ ਕਿਹਾ ਗਿਆ ਹੈ।
ਸਲੋਕੁ ॥ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ ੨੮੩}

ਕੀ ਸਿੱਖਾਂ ਦੇ ਦੋ ਵੱਖਰੀ ਕਿਸਮ ਦੇ ਰੱਬ ਜੀ ਹੋ ਸਕਦੇ ਹਨ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਿਤਨੀ ਵਾਰੀ ਆਇਆ ਹੈ ‘ਏਕ ਤੂਹੀਂ ਏਕ ਤੂਹੀਂ’? ਸ੍ਰ. ਹਰੀ ਸਿੰਘ ਜੀ ਤੁਹਾਡਾ ਇਸ ਬਾਰੇ ਕੀ ਵੀਚਾਰ ਹੈ? ੩. ਪੰਨਾ ੬੩, ਅਧਿਆਇ ਦੂਜਾ। ਓਅੰਕਾਰ ਤੇ ਸ੍ਰਿਸਟਿ ਉਪਾਰਾ॥੧੦॥ ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੁ ਕੀਟਬ ਤਨ ਧਾਰਾ॥ਦੁਤੀਆ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ॥ ਬੋਲੀ ਦੀ ਤੇ ਸਿਧਾਂਤ ਦੀ ਗਲਤੀ। ਜਦੋਂ ਰੱਬ ਜੀ ਕੰਨਾਂ ਤੋਂ ਮੈਲ ਨਿਕਾਲ ਕੇ ਦੈਂਤ ਤੇ ਧਰਤੀ ਸਾਜ ਰਹੇ ਸਨ ਤਾਂ ਉਹ ਕਿਸ ਧਰਤੀ ਤੇ ਬੈਠੇ ਸਨ? ਕੀ ਕਂਨਾਂ ਵਿਚ ਧਰਤੀ ਦੇ ਅਕਾਰ ਦੀ ਮੈਲ ਜਮਾਂ ਹੋਈ ਹੋਈ ਸੀ? ਪਰ ਗੁਰੂ ਨਾਨਕ ਸਾਹਿਬ ਤਾਂ ਕਹਿਦੇ ਹਨ ਕਿ ਰੱਬ ਜੀ ਨੂੰ ਹੀ ਪਤਾ ਹੈ ਕਿ ਇਹ ਸਾਰੀ ਰਚਨਾ ਉੱਸਨੇ ਕਿਵੇਂ ਬਣਾਈ ਹੈ। ਥਿਤਿ ਵਾਰੁ ਨ ਜੋਗੀ ਜਾਣੈ, ਰੁਤਿ ਮਾਹੁ ਨ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ॥ ੪. ਦਸਮ ਗ੍ਰੰਥ ਦੀ ਬੋਲੀ ਅੱਜ ਦੇ ਲੱਚਰ ਗਾਣਿਆਂ ਤੋਂ ਸੱਭਿਆਚਾਰਕ ਤੌਰ ਤੇ ਕਿਤੇ ਵੱਧ ਗਿਰੀ ਹੋਈ ਹੈ। ਪੰਨਾ ੫੬ ਤੇ ਲਿਖਿਆ ਹੈ “ਪ੍ਰੀਤਿ ਕਰੇ ਪ੍ਰਭੁ ਪਾਯਤ ਹੈ, ਕਿਰਪਾਲ ਨ ਭਜਿਤ ਲਾਂਡ ਕਟਏ” ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਲਾਂਡ ਕਟਾਏ ਦੇ ਥਾਂ ਲਫਜ਼ ਸੁਨਤ ਆ ਚੁੱਕਾ ਹੈ। ਕੀ ਇਹ ਧਾਰਮਕ ਬੋਲੀ ਹੈ ਤੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ? ੫. ਦਸਮ ਗ੍ਰੰਥ ਪੰਨਾ ੨੫੪ ਅਤੇ ੧੩੮੮ ਤੇ ਇਹ ਲਿਖਿਆ ਮਿਲਦਾ ਹੈ ਕਿ, “ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ। ਇਹ ਜੋ ਕਥਾਸੁਨੈ ਅਰ ਗਾਵੈ। ਦੂਖ ਪਾਪ ਤਿਹ ਨਿਕਟ ਨਾ ਆਵੈ। ਸਾਰੀ ਟਕਸਾਲ ਇਹ ਚੌਪਈ ਪੜ੍ਹਦੀ ਹੈ ਜਦੋਂ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਚੌਪਈ ਦਾ ਇਹ ਹਿਸਾ ਪੜ੍ਹਨਾ ਮਨਾਹ ਹੈ। ਪਰ ਫੇਰ ਵੀ ਤੁਹਾਨੂੰ ਆਪਣੇ ਗੁਰੂ ਦੇ ਹੁਕਮ ਤੇ ਵਿਸ਼ਵਾਸ਼ ਹੈ। ਮੈਂ ਗੁੰਗਾ ਤੇ ਮੂਰਖ ਲੈ ਕੇ ਆਉਂਦਾ ਹਾਂ ਤੇ ਤੁਸੀਂ ਉਸਨੂੰ ਇਕ ਵਾਰੀ ਨਹੀ ਜਿਤਨੀ ਵਾਰੀ ਮਰਜ਼ੀ ਸੁਨਾਓ। ਜੇ ਉਹ ਬੋਲਣ ਲੱਗ ਜਾਵੇ ਤੇ ਮੂਰਖ ਸਿਆਣਾ ਹੋ ਜਾਵੇ ਤਾਂ ੧੦,੦੦੦ ਡਾਲਰ ਮੈਂ ਤੁਹਾਨੂੰ ਦਿਆਗਾ ਨਹੀ ਤਾਂ ਤੁਸੀਂ ਮੈਨੂੰ ਦਿਓਗੇ ਨਹੀ ਤਾਂ ਇਹ ਸਵੀਕਾਰ ਕਰੋਗੇ ਕਿ ਇਹ ਗੁਰੂ ਜੀ ਦੀ ਬਾਣੀ ਨਹੀ? ੬. ਦਸਮ ਗ੍ਰੰਥ ਵਿਚਲੇ ਹੋਰ ਬਹੁਤ ਸਾਰੇ ਮਸਲਿਆਂ, ਜਿਵੇਂ ਸ਼ਰਾਬ ਵਿਚੋਂ ਸੱਤ ਬਾਰ ਸ਼ਾਰਬ, ਔਰਤ ਦੀਆਂ ਝਾਂਟਾਂ ਮੁੰਨਣੀਆਂ (ਦਸਮ ਗ੍ਰੰਥ ਪੰਨਾ ੧੦੮੧), ਗੁਰੂ ਗੋਬਿੰਦ ਸਿੰਘ ਜੀ ਆਪਣੇ ਚੇਲੇ ਨੂੰ ਦੁਖ ਦੇਣ ਵਾਸਤੇ ਉਸਦੀ ਗਾਂਡ ਵਿਚ ਭੱਖੜੇ ਦਾ ਕੰਢਾ ਦੇਣ ਦਾ ਉਪਦੇਸ਼ ਕਰਦੇ ਹਨ ਦਸਮ ਗ੍ਰੰਥ ਪੰਨਾ ੧੩੩੪, ਪਤਾ ਨਹੀ ਕਿਤਨੀ ਵਾਰੀ ਰੋਮ ਨਾਸ ਤਿਹ ਬਦਨ ਲਗਾਯੋ ਆਇਆ ਹੈ ।ਜਿਵੇ:ਪੰਨਾ ੧੩੩੨, ੧੩੦੮, ੧੦੧੭ ਆਦਿ। ਕੀ ਇਹ ਗੁਰੂ ਜੀ ਦਾ ਉਪਦੇਸ਼ ਹੈ? ਦਸਮ ਗ੍ਰੰਥ ਪੰਨਾ ੯੧੬॥ ਜਹਾਂਗੀਰ ਆਦਲ ਮਰਿ ਗਯੋ॥ ਸ਼ਾਹਜਾਹਾਂ ਹਜਰਤਿ ਜੂ ਭਯੋ॥ ਕੀ ਗੁਰੂ ਜੀ ਜਹਾਂਗੀਰ ਨੂੰ ਨਿਆਂਕਾਰ ਲਿਖ ਸਕਦੇ ਹਨ?, ਬਾਰੇ ਇਕ ਸਾਂਝਾ ਸਵਾਲ ਹੀ ਕੀਤਾ ਜਾ ਸਕਦਾ ਹੈ ੭. ਰੱਬ ਜੀ ਦੇ ਭਗਤਾਂ/ਸੰਤਾਂ ਨੇ ਗੁਰੂ ਕਾਲ ਤੋਂ ਪਹਿਲਾਂ ਤੇ ਬਾਅਦ ਵਿਚ ਕਦੇ ‘UNION’/ ਸੰਤ ਸਮਾਜ ਨਹੀ ਬਣਾਇਆ ਸੀ ਪਰ ਹੁਣ ਤੁਸੀਂ ਇਸਦੇ ਸਕੱਤਰ ਹੋ ਤੇ ਇਹ ਯੁਨੀਅਨ ਕੰਮ ਕਰ ਰਹੀ ਹੈ। ਵੈਸੇ ‘UNION’ ਕਾਮਿਆਂ ਦੀ ਹੁੰਦੀ ਹੈ ਵਿਹਲੇ ਬੈਠ ਕੇ ਸਿਰਫ ਤੇ ਸਿਰਫ ਨਾਮ ਜਪਣ ਵਾਲਿਆਂ ਦੀ ਨਹੀ ਹੁੰਦੀ। ਮੈਂ ਵੀ ਤੁਹਾਡੀ ਇਸ ‘UNION’ ਦਾ ਮੈਂਬਰ ਬਣਨਾ ਚਾਹੁੰਦਾ ਹਾਂ ਤਾਂਕਿ ਹੱਡ ਭੰਨਵੀ ਕਮਾਈ ਕਰਨ ਤੋਂ ਬਗੈਰ ਰੋਟੀ ਮਿਲੇ ਤੇ ਨਾਲੇ ਲੱਤਾਂ ਘੁਟੀਆਂ ਜਾਣ। ਮੱਥਾ ਟੇਕਣ ਵਾਲਿਆਂ ਦੀ ਇਸ ਸੰਸਾਰ ਵਿਚ ਹਾਲੇ ਕਮੀ ਨਹੀ। ਕ੍ਰਿਪਾ ਕਰਕੇ ਇਹ ਜ਼ਰੂਰ ਦੱਸਣਾ ਜੀ ਕਿ ਤੁਹਾਡੀ ਯੁਨੀਅਨ ਵਿਚ ਦਾਖਲੇ ਦੀਆਂ ਕੀ ਸ਼ਰਤਾਂ ਹਨ? ਕੀ ਸਕੂਲੀ ਪੜ੍ਹਾਈ ਕਰਕੇ ਡਿਗਰੀ ਪ੍ਰਪੱਤ ਕਰ ਚੁਕੇ ਲੋਕਾਂ ਲਈ ਦਾਖਲਾ ਖੁਲ੍ਹਾ ਹੈ ਜਾਂ ਫਿਰ ਡਿਗਰੀਆਂ ਫਾੜ ਕੇ ਸੁਆਹ ਕਰਕੇ ਅਲਫ ਕੋਰੇ ਹੋਣ ਨਾਲ ਹੀ ਦਾਖਲਾ ਮਿਲ ਸਕੇਗਾ? ਉੱਤਰ ਦੀ ਉਡੀਕ ਵਿਚ।