ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਿੱਖੀ ਦੇ ਪ੍ਰਚਾਰ ਲਈ 'ਗੁਰਬਾਣੀ' ਟੀ.ਵੀ. ਪ੍ਰੋਗਰਾਮ ਦੀ ਮੱਦਦ ਜਰੂਰੀ।

ਸਿੰਘ ਸਭਾ ਇੰਟਰਨੈਸ਼ਨਲ




ਗੁਰੂ ਪਿਆਰਿਓ! ਵਿਜ਼ਨ ਟੀ. ਵੀ ਤੇ 6 ਜਨਵਰੀ 1990 ਨੂੰ ਪਹਿਲਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਸ ਸਮੇਂ ਤੋਂ ਹੀ ਸ੍ਰ. ਰਘਬੀਰ ਸਿੰਘ ਸਮੱਗ ਜੀ ਬਗੈਰ ਕਿਸੇ ਇਸ਼ਤਿਹਾਰਬਾਜੀ ਦੇ ਇਹ ਪ੍ਰੋਗਰਾਮ ਹਰ ਸ਼ਨਿਚਰਵਾਰ ਨੂੰ ਟੋਰਾਂਟੋ ਦੇ 10. 30 ਵਜੇ ਸਵੇਰੇ ਅਤੇ ਵੈਨਕੂਵਰ ਦੇ 7. 30 ਵਜੇ ਸਵੇਰੇ ਪ੍ਰਸਾਰਣ ਕਰਦੇ ਆ ਰਹੇ ਹਨ। ਇਸ ਅੱਧੇ ਘੰਟੇ ਦੇ ਸਮੇਂ ਵਿੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾਂ ਬਾਰੇ ਵੀਚਾਰ ਕੀਤੀ ਜਾਂਦੀ ਹੈ। ਪਿਛਲੇ ਚਾਰ ਪੰਜ ਸਾਲਾਂ ਤੋਂ ਕਿਸੇ ਵੀ ਸਾਧ ਬਾਬੇ ਜਾਂ ਕਿਸੇ ਸੰਸਥਾ ਦੇ ਮੁਖੀ ਨੂੰ ਇਸ ਪ੍ਰੋਗਰਾਮ ਤੇ ਬੋਲਣ ਲਈ ਨਹੀਂ ਲਿਆਂਦਾ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਵਿਗਾੜ ਕੇ ਪੇਸ਼ ਕਰਦਾ ਹੋਵੇ।
ਮਨੁੱਖਤਾ ਦੀ ਭਲਾਈ ਅਤੇ ਚੜ੍ਹਦੀ ਕਲਾ ਦੇ ਸੰਦੇਸ਼ ਨੂੰ ਗੁਰੂ ਨਾਨਕ ਸਾਹਿਬ ਨੇ 35-40 ਹਜ਼ਾਰ ਕਿਲੋਮੀਟਟਰ ਦਾ ਪੈਂਡਾ ਤਹਿ ਕਰਕੇ ਇਕੱਠਾ ਕੀਤਾ ਤੇ ਪ੍ਰਚਾਰਿਆ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਦੋ- ਢਾਈ ਕਰੋੜ ਲੋਕਾਂ ਨੂੰ ਆਪਣੇ ਸੰਦੇਸ਼ ਨਾਲ ਪ੍ਰਭਾਵਤ ਕੀਤਾ ਤੇ ਉਸ ਵਕਤ ਦੀਆਂ ਸਮਾਜਕ ਮੁਸ਼ਕਲਾਂ ਦੇ ਜੂਲੇ ਥੱਲਿਓ ਜਨਤਾ ਨੂੰ ਕੱਢਿਆ, ਪੱਥਰ ਪੂਜਣ ਦੀ ਮਨਾਹੀ ਕੀਤੀ, ਪੰਡਿਤ ਨੂੰ ਦਾਨ ਦੇਣ ਤੋਂ ਵਰਜਿਆ, ਹਵਨ ਕਰਨ ਤੋਂ ਰੋਕਿਆ, ਸਤੀ ਦੀ ਰਸਮ ਦੀ ਵਿਰੋਧਤਾ ਕੀਤੀ ਅਤੇ ਸਮੇਂ ਦੇ ਬਾਦਸ਼ਾਹ ਅਕਬਰ ਤੋਂ ਇਸ ਮੰਤਵ ਨੂੰ ਸਿਰੇ ਚਾੜ੍ਹਨ ਲਈ ਕਾਨੂੰਨ ਵੀ ਪਾਸ ਕਰਵਾਇਆ। ਦਿਨਾਂ ਦੇ ਚੰਗੇ-ਮਾੜੇ ਹੋਣ ਦੇ ਭਰਮ ਨੂੰ ਕੱਟਿਆ। ਥਾਵਾਂ ਵੀ ਰੱਬ ਦੀਆਂ ਬਣਾਈਆਂ ਹੋਣ ਕਰਕੇ ਚੰਗੀਆਂ ਮਾੜੀਆਂ ਨਹੀਂ। ਸੱਭ ਇਕੋ ਜਿਹੀਆਂ ਹੀ ਹਨ।
ਭਰਮੇ ਭੂਲਾ ਦਹਦਿਸਿ ਧਾਵੈ॥ ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ॥ {ਪੰਨਾ 277}
ਭਰਮ ਵਿੱਚ ਪਿਆ ਹੋਇਆ ਮਨੁੱਖ ਇੱਧਰ ਉੱਧਰ ਭਟਕਦਾ ਹੈ। ਇਸ ਭਟਕਣਾ ਕਰਕੇ ਹੀ ਅਸੀਂ ਜਿੰਦਗੀ ਵਿੱਚ ਦੁਖੀ ਹਾਂ। ਇਸਦਾ ਇਲਾਜ਼ ਵੀ ਇਹੋ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਗੁਰੂ ਗ੍ਰੰਥ ਤੇ ਇੱਕ ਪੰਥ ਦੇ ਝੰਡੇ ਥੱਲੇ ਇਕੱਠਾ ਕਰੀਏ। ਸਿੱਖੀ ਦਾ ਪ੍ਰਚਾਰ ਕਰਨ ਲਈ ਵਚਨ ਬੱਧ ਹੋਈਏ। ਆਪਣੇ ਆਪ ਨੂੰ ਕਿਸੇ ਕੰਮ ਲਈ ਜੁਮੇਵਾਰ ਠਹਿਰਾਈਏ। ਜੁਮੇਵਾਰੀ ਆਪਣੇ ਸਿਰ ਲਈਏ। ਪ੍ਰਚਾਰ ਦਾ ਕੰਮ ਸਾਨੂੰ ਆਪ ਕਰਨਾ ਪੈਣਾ ਹੈ। ਸਾਡਾ ਆਪਣਾ ਕੰਮ ਕਿਸੇ ਹੋਰ ਨੇ ਆ ਕੇ ਨਹੀਂ ਕਰਨਾ। ਜੇ ਅਸੀਂ ਇਸ ਤਰ੍ਹਾਂ ਹੀ ਸੋਚਦੇ ਰਹੇ ਕਿ ਸਾਨੂੰ ਕੀ, ਚੱਲ ਹੋਊ, ਕੋਈ ਨਹੀਂ, ਕਰ ਲਵਾਂਗੇ ਇਤ ਆਦਿਕ ਤਾਂ ਸਿੱਖ ਧਰਮ ਨੂੰ ਖਤਮ ਕਰਨ ਵਾਲੇ ਹੜ ਦਾ ਪਾਣੀ ਸਾਡੇ ਨੱਕ ਵਿੱਚ ਵੜਨ ਵਾਲਾ ਹੀ ਹੈ।
ੴ ਸਤਿਗੁਰ ਪ੍ਰਸਾਦਿ॥ ਸਾਹਿਬੁ ਸੰਕਟਵੈ ਸੇਵਕੁ ਭਜੈ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ॥ 1॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ॥ ਚਰਨ ਕਮਲ ਮੇਰੇ ਹੀਅਰੇ ਬਸੈਂ॥ 1॥ ਰਹਾਉ {ਪੰਨਾ 1195}
ਗੁਰਬਾਣੀ ਦੇ ਉਪਰਲੇ ਫੁਰਮਾਣ ਦਾ ਵੀ ਮਤਲਬ ਇਹੋ ਹੈ ਕਿ ਜੇ ਸਿਧਾਂਤ ਨੂੰ ਖਤਰਾ ਹੈ ਤੇ ਸੇਵਕ/ਸਿੱਖ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਤਾਂ ਉਹ ਤੇ ਆਉਣ ਵਾਲੀਆਂ ਪ੍ਹੀੜੀਆਂ ਇਸ ਰੂਪ ਵਿੱਚ ਜਿਉਦੀਆਂ ਨਹੀਂ ਰਹਿ ਸਕਦੀਆਂ।
ਬਹੁਤਾ ਸਿੱਖ ਸਮਾਜ ਤਾਂ ਵਹਿਮਾਂ ਭਰਮਾਂ ਵਿੱਚ ਡੁੱਬ ਹੀ ਚੁਕਿਆ ਹੈ। ਕਦੇ ਕਿਸੇ ਬਾਬੇ ਕੋਲ ਤੇ ਕਦੇ ਕਿਸੇ ਬਾਬੇ ਦੇ ਚਰਨਾਂ ਦੇ ਢਹਿੰਦੇ ਸਿੱਖੀ ਪਹਿਰਾਵੇ ਵਾਲੇ ਲੋਕ ਤੁਹਾਨੂੰ ਆਮ ਹੀ ਦਿਖਾਈ ਦੇਣਗੇ। ਫਿਰ ਇਹ ਬਾਬੇ ਸਾਡੀ ਨਬਜ਼ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹੋਏ ਸਾਡਾ ਧਨ ਵੀ ਲੁਟ ਲੈਂਦੇ ਹਨ ਤੇ ਰਹਿੰਦੀ ਖੂੰਹਦੀ ਇੱਜ਼ਤ ਵੀ। ਅਸੀਂ ਕਿਹੜੇ ਕਿਹੜੇ ਬਾਬੇ ਦਾ ਨਾਮ ਲਈਏ ਜਿਸਨੇ ਬਲਾਤਕਾਰ ਨਹੀਂ ਕੀਤਾ, ਲੋਕਾਂ ਨਾਲ ਠੱਗੀ ਨਹੀਂ ਮਾਰੀ, ਜ਼ਮੀਨ ਨਹੀਂ ਹੜੱਪੀ ਜਾਂ ਆਪਣੇ ਵਿਰੋਧੀ ਧੜੇ ਦੇ ਬਾਬੇ ਤੇ ਗੋਲੀ ਨਹੀਂ ਚਲਾਈ। ਇਸ ਸਾਰਾ ਕੁੱਝ ਆਪਣੇ ਪੰਜਾਬੀ ਦੇ ਅਖਬਾਰਾਂ ਤੇ ਅੰਗਰੇਜੀ ਦੇ ਅਖਬਾਰਾਂ ਵਿੱਚ ਵੀ ਆ ਚੁਕਿਆ ਹੈ। ਫਿਰ ਅਸੀਂ ਕਿਉਂ ਸੁਤੇ ਪਏ ਹਾਂ? ਫਿਰ ਅਸੀਂ ਕਿਉਂ ਅਵੇਸਲੇ ਹੋਏ ਪਏ ਹਾਂ। ਸਾਨੂੰ ਕਿਸੇ ਨੇ ਆ ਕੇ ਨਹੀਂ ਜਗਾਉਣਾ। ਸਾਨੁੰ ਆਪ ਜਾਗਣਾ ਪੈਣਾ ਹੈ। ਇਹ ਸਾਡਾ ਆਪਣਾ ਕੰਮ ਹੈ। ਜੇ ਅਸੀਂ ਆਪਣੇ ਆਪ ਨੂੰ ਗੁਰੂ ਗਿਆਨ ਦੇ ਸਿੱਖ ਸਮਝਦੇ ਹਾਂ ਤਾਂ ਆਓ ਰਲ ਮਿਲ ਕੇ ਸਿੱਖੀ ਨੂੰ ਖਤਮ ਹੋਣ ਤੋਂ ਬਚਾਉਣ ਦਾ ਉਪਰਾਲਾ ਕਰੀਏ।
ਬੜੇ ਹੀ ਦੁਖੀ ਹਿਰਦੇ ਨਾਲ ਲਿਖ ਰਹੇ ਹਾਂ ਕਿ ਸਿੱਖਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਿੱਖੀ ਸਿਧਾਂਤਾਂ ਦੇ ਉਲਟ ਵਰਤਣਾ ਸ਼ੁਰੂ ਕਰ ਦਿੱਤਾ ਹੈ। ਨਾਨਕਸਰ ਵਾਲੇ ਸਿੱਖ ਗੁਰਬਾਣੀ ਦੇ ਕਿਸੇ ਸਲੋਕ ਦਾ ਪਾਠ ਕਿਸੇ ਖਾਸ ਦਿਸ਼ਾ ਵਾਲ ਨੂੰ ਮੂੰਹ ਕਰਕੇ ਧਨ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ, ਕਿਸੇ ਹੋਰ ਸਲੋਕ ਦਾ ਪਾਠ ਕਿਸੇ ਹੋਰ ਦਿਸ਼ਾ ਵੱਲ ਮੂੰਹ ਕਰਕੇ ਲੜਾਈ ਝਗੜੇ ਦੇ ਫੈਸਲੇ ਦਾ ਆਪਣੇ ਹੱਕ ਵਿੱਚ ਹੋਣ ਦਾ ਲਾਲਚ ਦਿੰਦੇ ਹਨ। ਇਸੇ ਹੀ ਤਰ੍ਹਾਂ ਪੁੱਤਰ ਦੀ ਪ੍ਰਾਪਤੀ ਲਈ ਦਿਸ਼ਾ ਤੇ ਸਲੋਕ, ਆਦਮੀ ਅਤੇ ਔਰਤ ਦੇ ਆਪਸੀ ਝਗੜੇ ਦੇ ਨਿਪਟਾਰੇ ਲਈ ਦਿਸ਼ਾ ਤੇ ਸਲੋਕ ਤੇ ਪਤਾ ਨਹੀ ਹੋਰ ਕਿਤਨਾ ਕੁੱਝ ਦਿੰਦੇ ਹਨ ਜੋ ਗੁਰਮਤਿ ਦੇ ਬਿਲਕੁਲ ਉਲਟ ਹੈ। ਸ਼ੁਕਰਾਨੇ ਦਾ ਅਖੰਡ ਪਾਠ ਤੇ ਚੜ੍ਹਦੀ ਕਲਾ ਲਈ ਪਾਠ ਕਿਸੇ ਕੋਲੋਂ ਕਰਵਾਉਣਾ ਬਿਲਕੁੱਲ ਮਨਮਤਿ ਹੈ ਪਰ ਸਿੱਖ ਕਰ ਰਹੇ ਹਨ। ਸਿੱਖ ਭਰਾਵੋ! ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਆਪ ਪੜ੍ਹ ਕੇ, ਸਮਝ ਕੇ ਅਤੇ ਆਪਣੀ ਜਿੰਦਗੀ ਵਿੱਚ ਅਪਣਾ ਕੇ ਅਸੀਂ ਐਸੀਆਂ ਮਸੀਬਤਾਂ ਨੂੰ ਟਾਲ ਸਕਦੇ ਹਾਂ। ਸਿੱਖੀ ਦਾ ਰਸਤਾ ਤਾਂ ਇਹ ਹੈ ਕਿ ਐ ਮਨੁੱਖ ਤੂੰ ਆਪਣਾ ਆਪ ਠੀਕ ਕਰ ਫਿਰ ਜਿਹੜੀਆਂ ਵੀ ਮਸੀਬਤਾਂ ਤੈਨੂੰ ਘੇਰਦੀਆਂ ਹਨ ਉਨ੍ਹਾਂ ਦਾ ਸਾਹਮਣਾ ਦਲੇਰੀ ਨਾਲ ਕਰ। ਸੱਭ ਕੁੱਝ ਪਰਮਾਤਮਾ ਦੇ ਕਿਸੇ ਨਿਯਮ ਵਿੱਚ ਹੋ ਰਿਹਾ ਹੈ ਉਸ ਨੂੰ ਸਮਝਣ ਦੀ ਕੋਸ਼ਿਸ ਕਰ।
25 ਜੁਲਾਈ ਨੂੰ ਸਿੰਘ ਸਭਾ ਇੰਟਰਨੈਸ਼ਨਲ ਬਰੈਂਪਟਨ ਦੀ ਮੀਟਿੰਗ ਹੋਈ ਤੇ ਇਸਦੇ ਬਾਕੀ ਦੇ ਸਹਿਯੋਗੀਆਂ ਜਿਵੇਂ ਐਡਮੋਨਟਨ (ਅਲਬਰਟਾ), ਵੈਨਕੂਵਰ, ਵਿਕਟੋਰੀਆ ਨੇ 3000 ਹਜਾਰ ਕੈਨੇਡੀਅਨ ਡਾਲਰ ‘ਗੁਰਬਾਣੀ’ ਟੀ. ਵੀ ਪ੍ਰੋਗਰਾਮ ਵਾਸਤੇ ਇਕੱਠੇ ਕੀਤੇ। 400 ਡਾਲਰ ਵਿਨੀਪੈਗ ਯੁਨਿਟ ਪਹਿਲਾਂ ਹੀ ਭੇਜ ਚੁਕਿਆ ਹੈ। ਇਸ ਸੰਸਥਾ ਨੇ ਇਸ ਟੀ. ਵੀ ਪ੍ਰੋਗਰਾਮ ਦੀ ਮੱਦਦ ਕਰਨ ਦਾ ਪ੍ਰਣ ਲਿਆ। ਇਹ ਵੀ ਵਾਹਦਾ ਕੀਤਾ ਕਿ ਅਸੀਂ ਹੋਰਨਾਂ ਨੂੰ ਵੀ ਮੱਦਦ ਕਰਨ ਲਈ ਪ੍ਰੇਰਾਂਗੇ। ਇਹ ਸਿੱਖ ਭਰਾਵਾਂ ਦਾ ਆਪਣਾ ਪ੍ਰੋਗਰਾਮ ਹੈ ਤੇ ਇਸ ਨੂੰ ਆਪਣਾ ਬਣਾ ਕੇ ਚਲਦਾ ਰੱਖਣ ਲਈ ਹਰ ਸੰਭਵ ਕੋਸ਼ਿਸ ਕਰਨੀ ਚਾਹੀਦੀ ਹੈ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਵੈਨਕੂਵਰ, ਵਿਕਟੋਰੀਆ ਅਤੇ ਐਡਮੋਨਟਨ।

www.singsabhacanda.com