ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸੁਬਿਧ ਬਾਚ ਚੋਪਈ

ਸਰਵਜੀਤ ਸਿੰਘ


ਭਾਵ ਸੁਬਿਧ ਨੇ ਕਿਹਾ, ਸਤਿ ਸੰਧ ਨਾ ਦਾ ਇਕ ਰਾਜਾ ਜੋ ਸਤਿਯੁਗ ਵਿਚ ਹੋਇਆ ਸੀ ਉਸ ਦਾ ਪ੍ਰਤਾਪ ਚੌਦ੍ਹਾਂ ਲੋਕਾਂ ਵਿਚ ਸੀ। ਉਹ ਸਾਰੇ ਦੇਵਤਿਆਂ ਦਾ ਰਾਜਾ ਸੀ। ਇੰਦਰ ਨੇ ਆਪ ਉਸ ਨੂੰ ਰਾਜ ਤਿਲਕ ਦਿਤਾ ਸੀ।(੧) ਇਸੇ ਸਮੇ ਵਿਚ ਇਕ ਦੀਰਘ ਦਾੜ੍ਹ (ਵੱਡੀਆਂ ਦਾੜ੍ਹਾਂ ਵਾਲਾ) ਦੈਂਤ ਨੇ ਜਨਮ ਲਿਆ ਅਤੇ ੧੦ ਹਜ਼ਾਰ ਅਛੋਹਣੀ ਦਲ ਲੈ ਕੇ ਉਸ ਨੇ ਰਾਜੇ ਤੇ ਹਮਲਾ ਕੀਤਾਂ।(੩) ਅੱਗੋ ਰਾਜਾ ਅਤੇ ਦੇਵਤੇ ਵੀ ਸੂਰਜ (ਜਿਸ ਦਾ ਤਾਪਮਾਨ ੫੫੦੦ ਛ ) ਅਤੇ ਚੰਦ੍ਰਮਾਂ ਸਮੇਤ ੨੦ ਹਜ਼ਾਰ ਅਛੋਹਣੀ ਦਲ ਨਾਲ ਮੁਕਾਬਲਾ ਕਰਦੇ ਹਨ।(੪-੫) ਬੁਹਤ ਹੀ ਗਿਹ-ਗੱਚਵੀ ਲੜਾਈ ਹੁੰਦੀ ਹੈ। ਲਹੂ ਦੀ ਨਦੀ ਵਗ ਪੈਂਦੀ ਹੈ, ਜਿਸ ਨੂੰ ਦੇਖ ਕੇ ਬੈਤਰੁਨੀ ਨਦੀ (ਗੰਦਗੀ ਦੀ ਨਦੀ ਜੋ ੧੦ ਮੀਲ ਚੌੜੀ ਹੈ) ਵੀ ਸ਼ਰਮ ਸਾਰ ਹੋ ਜਾਂਦੀ ਹੈ।(੧੨) ੩੦ ਹਜ਼ਾਰ ਅਛੋਹਣੀ ਦਲ ਦੇ ਖਾਤਮੇ ਪਿਛੋ (੬੫੬੧੦੦੦੦੦ ਹਾਥੀ, ੬੫੬੧੦੦੦੦੦ ਰੱਥ, ੧੯੬੮੩੦੦੦੦ ਘੋੜੇ ਅਤੇ ੩੨੮੦੫੦੦੦੦ ਪਿਆਦੇ) ਦੋਵੇ (ਰਾਜਾ ਅਤੇ ਦੈਤ) ਆਮਹਣੇ ਸਾਹਮਣੇ ਹੁੰਦੇ ਹਨ ਤੇ ੨੦ ਸਾਲ ਦਿਨ ਰਾਤ ਲੜਾਈ ਹੁੰਦੀ ਹੈ।(੨੭) ਅਖੀਰ ਨੂੰ ਮਹਾਕਾਲ ਨੇ ਦੋਹਾਂ ਨੂੰ ਹੀ ਖਤਮ ਕਰ ਦਿੱਤਾ। ਇਸ ਭਿਆਨਕ ਯੁਧ ਵਿਚੋ ਅਗਨੀ ਪੈਦਾ ਹੋਈ ਜਿਸ ਵਿਚੋ ਇਕ ਬਾਲਾ (ਇਸਤਰੀ) ਨੇ ਜਨਮ ਲਿਆ।(੨੮) ਕਿਉਕਿ ਉਥੇ ਕੋਈ ਮਰਦ ਨਹੀ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕਰਕੇ ਉਸ ਦੀ ਸੇਵਾ ਕਰਾਂਗੀ। ਭਵਾਨੀ (ਸਿ਼ਵ ਜੀ ਦੀ ਪਤਨੀ ਅਤੇ ਹਿਮਵਤ ਦੀ ਧੀ) ਦੀ ਸਲਾਹ ਨਾਲ ਉਸ ਨੇ ਕਈ ਤਰੀਕੇ ਵਰਤੇ ਅਤੇ ਅਖੀਰ ਸੁਆਮੀ ਦੀ ਆਗਿਆ ਹੋਈ, ਹੇ ਸੁਦੰਰੀ ਜਦੋ ਸ੍ਵਾਸ ਬੀਰਜ ਦੈਂਤ ਮਾਰਿਆ ਗਿਆ ਉਦੋ ਤੂੰ ਮੈਨੂੰ ਵਰੇਂਗੀ। (੩੫) ਭਾਵ ਰੱਬ ਜੀ ਵਿਆਹ ਕਰਵਾੳੇਣ ਲਈ ਤਿਆਰ!

ਬਾਲਾ ਸ਼ਾਸਤ੍ਰ ਧਾਰਨ ਕਰਕੇ ਦੈਤ ਤੇ ਚੜਾਈ ਕਰ ਦਿੰਦੀ ਹੈ ਅੱਗੋ ਦੈਂਤ ਵੀ ਜੋ ਇੰਦਰ, ਸਿ਼ਵ, ਸੂਰਜ, ਚੰਦ ਸਮੇਤ ਰਾਵਣ ਆਦਿ ਨੂੰ ਜਿੱਤ ਚੁੱਕਿਆ ਸੀ, ਆ ਹਾਜਰ ਹੋਇਆ। (੩੯) ਉਥੇ ਬਿਆਨੋ ਬਾਹਰੀ ਲੜਾਈ ਹੁੰਦੀ ਹੈ। ਜਿਥੇ ਵੀ ਦੈਤਾਂ ਦੇ ਖੂਨ ਦੇ ਛਿੱਟੇ ਅਤੇ ਮਿਝ ਡਿਗਦੀ ਹੈ ਊਥੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ ਹਨ। ਸ੍ਵਾਸਾ ਦੀ ਹਵਾ ਤੋ ਵੀ ਦੈਂਤ ਪੈਦਾ ਹੋ ਰਹੇ ਹਨ।(੪੨) (ਪ੍ਰਾਭੋਤਕ ਕਹਾਣੀ)। ਦੈਤਾਂ ਦੇ ਮੁਹ ਵਿਚੋ ਜੋ ਲਾਲ੍ਹਾਂ ਡਿਗਦੀਆਂ ਸਨ, ਉਸ ਤੋਂ ਵੀ ਹੋਰ ਦੈਂਤ ਪੈਦਾ ਹੋ ਰਹੇ ਹਨ।(੫੦) ਬਾਲਾ ਉਨ੍ਹਾਂ ਨੂੰ ਮਾਰਦੀ ਜਾਂਦੀ ਹੈ ਅਤੇ ਦੈਤ ਲਗਾਤਾਰ ਪੈਦਾ ਹੋਈ ਜਾਂਦੇ ਹਨ। ਬਾਲਾ ਦੀ ਦੈਂਤਾਂ ਅੱਗੇ ਕੋਈ ਪੇਸ਼ ਨਹੀ ਜਾਂਦੀ, ਅਖੀਰ ਵਿਚ ਬਾਲਾ (ਕਾਲਿਕਾ) ਨੇ ਭਗਵਾਨ ਦੇ ਅੱਗੇ ਬੇਨਤੀ ਕੀਤੀ ਤੇ ਭਗਵਾਨ ਜੀ ਆ ਹਾਜਰ ਹੋਏ। (੫੨) ਬਾਲਾ ਦੀ ਬੇਨਤੀ ਤੇ ਮਹਾਕਾਲ ਨੇ ਤਲਵਾਰ ਚੁੱਕੀ ਅਤੇ ਦੈਤਾਂ ਦਾ ਖਾਤਮਾ ਕਰਨ ਚੱਲ ਪਿਆ। ਹੁਣ ਦੈਤਾਂ ਦੇ ਖੂਨ ਦੇ ਛਿਟਿਆਂ ਤੋ ਹਾਥੀ, ਘੋੜੇ ਅਤੇ ਸ੍ਵਾਸਾ ਦੀ ਹਵਾ ਤੋਂ ਦੈਤ ਪੈਦਾ ਹੋ ਰਹੇ ਹਨ।(੬੧)(ਗੈਰ ਕੁਦਰਤੀ ਵਤੀਰਾ) ਢੋਲ ਮ੍ਰਿਦੰਗ ਅਤੇ ਨਗਾਰੇ ਸ਼ੋਰ ਮਚਾ ਰਹੇ ਹਨ ਕਈ ਕੋਹਾਂ (ਇਕ ਕੋਹ=ਸਵਾ ਮੀਲ ) ਲੰਮੇ ਦੰਦਾਂ ਵਾਲੇ ਦੈਤ ਮਹਾਕਾਲ ਨੂੰ ਮਾਰਨ ਲਈ ਅੱਗੇ ਹੋਕੇ ਜੂਝ ਰਹੇ ਹਨ।(੭੪) ੨੦ ਪਦਮ (ਇਕ ਪਦਮ=੧੦੦੦੦੦੦੦੦੦੦੦੦੦੦੦) ਦੈਤ ਸੈਨਾ ਇਕੱਠੀ ਹੋਕੇ ਮਹਾਕਾਲ ਨੂੰ ਮਾਰਨ ਲਈ ਅੱਗੇ ਵੱਧ ਰਹੀ ਹੈ(੭੭) ਦੈਤਾਂ ਦੀ ੧੦੦੦ ਅਛੋਹਣੀ ਸੈਨਾ (੨੧੮੭੦੦੦੦ ਹਾਥੀ, ੨੧੮੭੦੦੦੦ ਰੱਥ, ੬੫੬੧੦੦੦੦ ਘੋੜੇ ਅਤੇ੧੦੯੩੫੦੦੦੦ ਪਿਆਦੇ) ਅੱਖਾਂ ਲਾਲ ਕਰਕੇ ਅੱਗੇ ਵਧ ਰਹੀ ਹੈ।(੭੮) (ਯਾਦ ਰਹੇ ਬੰਦ ਨੰ:੭੭ ਵਿਚ ੨੦ ਪਦਮ ਸੈਨਾ ਦਾ ਜਿਕਰ ਹੈ)। ਧਰਤੀ ਦੇ ੬ ਪਟ ਧੂੜ ਬਣਕੇ ਉਡ ਗਏ ਤੇ ਕੇਵਲ ਇਕ ਪਟ ਧਰਤੀ ਹੀ ਬਾਕੀ ਬਚੀ ਰਹੀ । ਮਹਾਦੇਵ ਡੋਲ ਗਿਆ , ਬ੍ਰਹਮਾ ਭੈਭੀਤ ਹੈ, ਵਿਸ਼ਨੂੰ ਲਾਜ ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ। ਸਿ਼ਵਜੀ ਵੀ ਜੋਗੀ ਬਣ ਕੇ ਜੰਗਲ ਵਿਚ ਜਾ ਲੁਕਿਆ। (੮੨) ਬਹੁਤ ਭਿਆਨ ਯੁਧ ਹੋਇਆ, ਪਹਾੜ ਘੋੜਿਆ ਦੇ ਖੁਰਾਂ ਨਾਲ ਪਿਸ ਗਏ ਤੇ ਉੱਤਰ ਵਿਚ ਜਾ ਵਸੇ। ਬਾਣਾਂ ਨੇ ਇਨ੍ਹਾ ਹਨੇਰਾ ਕਰ ਦਿੱਤਾ ਕੇ ਆਪਣਾ ਹੱਥ ਵੀ ਨਹੀ ਸੀ ਦਿਖਾਈ ਦਿੰਦਾ। (੮੪) ਸਾਰੇ ਦੇਵਤੇ ਭੈ ਭੀਤ ਹੋਏ ਮਹਾਕਾਲ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਬੇਨਤੀ ਕਰਦੇ ਹਨ। ਕਾਲ ਨੇ ਦਿਆਲੂ ਹੋ ਕੇ ਰਖਿਆ-ਰਖਿਆ ਸ਼ਬਦ ਦਾ ਉਚਾਰਨ ਕੀਤਾ ਤੇ ਰੱਥ ਤੇ ਸਵਾਰ ਹੋ ਕੇ ਰਣ ਵਿਚ ਆ ਗੱਜਿਆ। (੧੦੧) ਯਾਦ ਰਹੇ ਮਹਾ ਕਾਲ ਪਹਿਲਾਂ ਵੀ ਬਾਲਾ ਦੀ ਮੱਦਤ ਤੇ ਆ ਚੁੱਕਾ ਹੈ ਬਹੁਤ ਭਿਆਨਕ ਯੁਧ ਹੋਇਆ, ਧਰਤੀ ਦੇ ੬ ਪਟ ਧੂੜ ਬਣਕੇ ਉਡ ਗਏ ਕੇਵਲ ਇਕ ਪਤਾਲ ਹੀ ਬਚਿਆ ਸੀ । ਯਾਦ ਰਹੇ ਧਰਤੀ ਤਾਂ ਪਹਿਲਾ ਹੀ ਧੂੜ ਬਣ ਕੇ ਉਡ ਚੁੱਕੀ ਸੀ। ਹੁਣ ੬ ਪੱਟ ਕਿਸ ਧਰਤੀ ਦੇ ਉਡੇ ? । ਕਾਲ ਨੂੰ ਪਸੀਨਾ ਆ ਗਿਆ। ਉਸ ਨੇ ਪਸੀਨੇ ਨੂੰ ਪੂੰਝ ਕੇ ਧਰਤੀ ਤੇ ਸੁਟ ਦਿੱਤਾ। ਜਿਸ ਵਿਚੋ ਭਟਾਚਾਰਜ ਪੈਦਾ ਹੋਇਆ (੧੧੦), ਜਦ ਮਹਾਂਦੇਵ ਦਾ ਹੋਰ ਪਸੀਨਾ ਧਰਤੀ ਤੇ ਡਿੱਗਾ ਤਾਂ ਭੁਮਸੈਨ ਪੈਦਾ ਹੋਇਆ।(੧੧੨) ( ਜੈਸੇ ਮਾਤ ਪਿਤਾ ਬਿਨੁ ਬਾਲੁ ਨਾ ਹੋਈ ॥ ੮੭੨) ਬਹੁਤ ਭਿਆਨਕ ਯੁਧ ਹੋ ਰਿਹਾ ਹੈ। ਹੁਣ ਦੈਤਾਂ ਦੇ ਮਾਸ ਤੇ ਮਿਝ ਤੋ ਹਾਥੀਆਂ ਘੋੜਿਆ ਸਮੇਤ ਅਜੇਹੇ ਦੈਤ ਪੈਦਾ ਹੋਏ ਜਿਨ੍ਹਾਂ ਦਾ ਇਕ ਪੈਰ ਇਕ ਅੱਖ ਅਤੇ ਦੋ ਹਜਾਰ ਭੁਜਾਵਾਂ ਹਨ।(੧੨੧)(ਨਾਂ ਮੰਨਣ ਯੋਗ ਗੱਲ) ਉਹ ਦੈਂਤ ਸ਼ਰਾਬ ਦੇ ਸਰੋਵਰ ਅਤੇ ਭੰਗ ਦੇ ੧੦-੧੦ ਹਜਾਰ ਘੜੇ ਪੀ ਕੇ ਮੈਦਾਨ ਵਿਚ ਤਬਾਹੀ ਮਚਾਉਦੇ ਹਨ।(੧੨੩) ਉਥੇ ਖੂਨ ਦੀ ਨਦੀ ਵੱਗ ਰਹੀ ਹੈ ਜਿਸ ਵਿਚ ਘੋੜੇ ਰੁੜ੍ਹੇ ਜਾ ਰਹੇ ਹਨ।(੧੩੩) (ਝੂਠ ਦੀ ਹੱਦ) ਮੈਦਾਨ ਵਿਚ ਕਈ ਕਿਸਮ ਦੇ ਸਾਜ ਸੁਰ-ਤਾਲ ਵਿਚ ਵੱਜ ਰਹੇ ਹਨ। ਜਿੰਨੇ ਵੀ ਦੈਤ ਅੱਗੇ ਆਏ ਕਾਲ ਨੇ ਮਾਰ ਦਿਤੇ, ਜਿੰਨੇ ਖੂਨ ਦੇ ਛਿੱਟੇ ਧਰਤੀ ਤੇ ਪਏ ਉਨ੍ਹੇ ਹੀ ਦੈਤ ਹੋਰ ਪੈਦਾ ਹੋਏ। ਬਹੁਤ ਭਿਆਨਕ ਦ੍ਰਿਸ਼ ਹੈ ਜਿਸ ਨੂੰ ਦੇਵਤਿਆਂ ਤੇ ਦੈਤਾਂ ਦੀਆਂ ਇਸਤਰੀਆਂ ਦੇਖ ਰਹੀਆਂ ਹਨ।(੧੪੩) ਵੱਡੇ-ਵੱਡੇ ਦੰਦਾਂ ਵਾਲੇ ਦੈਤਾਂ ਦੇ ਹੱਥਾਂ ਵਿਚ ਬ੍ਰਿਛ ਅਤੇ ਪਰਬਤ, ਭਾਲੇ ਅਤੇ ਤ੍ਰਿਛੂਲ ਆਦਿ ਪਕੜੇ ਹੋਏ ਹਨ।(੧੮੬) ਦੈਤਾਂ ਨੇ ਕ੍ਰੋਧਿਤ ਹੋ ਕੇ ਮੂਹ ਚੋ ਅਗਨੀ ਕੱਢੀ ਤਾਂ ਧਨੁਸ਼ਧਾਰੀ ਪਠਾਣ ਅਤੇ ਮੁਗਲ ਪੈਦਾ ਹੋ ਗਏ। ਸੁਆਸਾਂ ਤੋ ਸੱਯ਼ਦ ਅਤੇ ਸ਼ੇਖ ਪੈਦਾ ਹੋ ਗਏ। (੧੯੮-੧੯੯) ਅਤੇ ਬੜਾ ਭਿਆਨਕ ਸਮਾਂ ਹੈ। ਮਹਾਕਾਲ ਦੈਤਾਂ ਨੂੰ ਮਾਰੀ ਜਾ ਰਿਹਾ ਹੈ ਦੈਂਤ ਹੋਰ ਪੈਦਾ ਹੋ ਰਹੇ ਹਨ। ਲੇਖਕ ਦੀ ਇਤਹਾਸਕ ਜਾਣਕਾਰੀ ਦੇਖੋ, ਮੁਗਲ ਅਤੇ ਪਠਾਣ ਨੂੰ ਸੱਤਯੁਗ ਵਿਚ ਪੈਦਾ ਹੋਏ ਦੱਸ ਰਿਹਾ ਹੈ ਜਦੋ ਕੇ ਮੁੰਹਮਦ ਸਾਹਿਬ ਜੀ ਦਾ ਜਨਮ ਛੇਵੀ ਸਦੀ ਵਿਚ ਹੋਇਆ ਸੀ। ਨਾਹਰ ਖ਼ਾਨ, ਨਿਹੰਗ ਖ਼ਾਨ, ਭੜੰਗ ਖ਼ਾਨ, ਝੜੰਗ ਖ਼ਾਨ, ਬਰੈਮ ਖ਼ਾਨ, ਬਹਾਦੁਰ ਖਾਨ, ਬਲਵੰਡ ਖ਼ਾਨ ਆਦਿ ਬੜੇ ਰੋਹ ਨਾਲ ਦੰਦ ਪੀਹਦੇ ਹੋਏ ਅੱਗੇ ਹੋਕੇ ਚੱਲ ਰਹੇ ਹਨ।(੨੦੪) ਪਰ ਮਹਾਂ ਦੇਵ ਦੇ ਅੱਗੇ ਇਨ੍ਹਾਂ ਦੀ ਕੋਈ ਪੇਸ਼ ਨਹੀ ਜਾਂਦੀ। ਦੈਤਾਂ ਨੇ ਜਿਨ੍ਹੇ ਵੀ ਮਲੇਸ਼ (ਮੁਗਲ) ਪੈਦਾ ਕੀਤੇ ਮਹਾਕਲ ਨੇ ਛਿਣ ਵਿਚ ਹੀ ਖਪਾ ਦਿੱਤੇ।(੨੨੭)

ਹੁਣ ਦੈਤਾਂ ਨੇ ਹੋਰ ਦੈਤ ਸੈਨਾ ਤਿਆਰ ਕੀਤੀ ਤੇ ਮੈਦਾਨ ਵਿਚ ਭੇਜੀ।(੨੨੮) ਇਸ ਦੈਤ ਸੈਨਾ ਨੇ ਪਾਸਾ ਹੀ ਪਲਟ ਦਿਤਾਂ, ਬਹੁਤ ਭਿਆਨਕ ਯੁਧ ਹੋਇਆ।(੨੩੩) ਹੁਣ ਅਸਿਧੁਜ ਨੇ ਲੜਾਈ ਵਿਚ ਆਪਣੀ ਕੋਈ ਪੇਸ਼ ਨਾਂ ਜਾਂਦੀ ਦੇਖ ਕੇ,‘ਹੰਅੁ’ ਸ਼ਬਦ ਦਾ ਉਚਾਰਨ ਕੀਤਾ। ਉਸ ਤੋ ਆਧਿ-ਵਿਾਆਧ ਰੋਗ (ਤਾਪ, ਸੀਤਲਾ, ਸਿਰ ਪੀੜ, ਗੋਡਿਆਂ ਦੇ ਦਰਦ, ਖਈ, ਪੀਲੀਆ, ਬਵਾਸੀਰ, ਪਥਰੀ, ਦਾੜ੍ਹ ਦੀ ਪੀੜ, ਦਖੂਤ੍ਰਾ, ਅਧਨੇਤ੍ਰਾ, ਕੋਹੜ ਆਦਿ ਅਣ ਗਿਣਤ ਰੋਗ) ਪੈਦਾ ਹੋ ਗਏ।(੨੩੮) ਹੁਣ ਜਦੋ ਦੈਤਾਂ ਦਾ ਇਨ੍ਹਾਂ ਬਿਮਾਰੀਆਂ ਨਾਲ ਖਾਤਮਾ ਹੋ ਰਿਹਾ ਸੀ ਤਾਂ ਮਹਾਕਾਲ ਨੂੰ ਇਹ ਫਿਕਰ ਹੋਇਆ ਕਿ ਜੇ ਸਾਰੇ ਦੈਂਤ ਇਹਨਾਂ ਬਿਮਾਰੀਆਂ ਨਾਲ ਹੀ ਮਰ ਗਏ ਤਾਂ ਮੇਰੇ ਨਾਲ ਤਮਾਸ਼ੇ ਕੋਣ ਕਰੇਗਾ।(੨੪੮) ਇਸ ਕਰਕੇ ਮਹਾਕਾਲ ਨੇ ਆਪ ਹੀ ਉਥੇ ਕਈ ਕਿਸਮ ਦੀਆਂ ਅਸ਼ੁਧੀਆਂ ਪੈਦਾ ਕਰ ਦਿਤੀਆਂ ਜਿਸ ਨਾਲ ਦੈਤ ਤੰਦਰੁਸਤ ਹੋਣੇ ਸ਼ੁਰੂ ਹੋ ਗਏ। (੨੪੯) ਭਿਆਨਕ ਯੁਧ ਫੇਰ ਸ਼ੁਰੂ ਹੋ ਗਿਆ। ਦੈਤਾਂ ਨੇ ਅਗਨੀ ਅਸ਼੍ਰਤ ਛਡਿਆ ਤਾਂ ਮਹਾਕਾਲ ਨੇ ਵਰੁਣ ਅਸ਼੍ਰਤ , ਦੈਤਾਂ ਨੇ ਪਵਨ ਅਸ਼੍ਰਤ ਛਡਿਆ ਤਾਂ ਅਸੁਧਜ ਨੇ ਭੂਧਰ (ਪਰਬਤ) ਅਸ਼੍ਰਤ ।(੨੫੪) ਜਦੋ ਦੈਤਾਂ ਨੇ ਉਰਗ ਅਸ਼੍ਰਤ ਚਲਾਇਆ ਤਾ ਬੇਸ਼ੁਮਾਰ ਸੱਪ ਪੈਦਾ ਹੋ ਗਏ। ਤਦ ਕਾਲ ਨੇ ਖਗਪਤਿ (ਗਰੁੜ) ਅਸ੍ਰਤ ਛਡਿਆ ਜਿਸ ਨੇ ਸੱਪਾ ਨੂੰ ਤਰੁਤ ਖਾ ਲਿਆ (੨੫੯) ਦੋਵੇ ਪਾਸਿਆਂ ਤੋ ਅਨੇਕਾਂ ਕਿਸਮਾਂ ਦੇ ਅਸ਼ਤਰ–ਸ਼ੱਸਤਰ ਛੱਡੇ ਜਾ ਰਹੇ ਹਨ । ਜਦ ਅਸਿਕੇਤ ਹੱਥ ਵਿਚ ਲਿਸ਼ਕਦੀ ਹੋਈ ਤਲਵਾਰ ਲੈ ਕੇ ਗੱਜਿਆ ਤਾਂ ਉਸ ਨੂੰ ਵੇਖ ਕੇ ਦੇਵਤੇ ਅਤੇ ਦੈਤ ਸਾਰੇ ਹੀ ਡਰ ਗਏ।(੨੭੧)ਮਹਾਕਾਲ ਨੇ ਦੈਤਾਂ ਦੇ ਹਜ਼ਾਰ- ਹਜਾ਼ਰ ਟੁਕੜੇ ਕੀਤੇ ਜਿਨ੍ਹਾਂ ਤੋ ਹਜ਼ਾਰ-ਹਜ਼ਾਰ ਦੈਤ ਪੈਦਾ ਹੋ ਗਏ।

ਹੁਣ ਇੰਦਰ ਵੀ ਮੈਦਾਨ ਵਿਚ ਆ ਜਾਦਾ ਹੈ , ਜਿਸ ਨੂੰ ਦੇਖ ਕੇ ਇਕ ਦੈਤ ਬਹੁਤ ਹੀ ਕੋਧਿਤ ਹੋ ਗਿਆ ਤੇ ਉਹ ਸ਼ਰਾਬ ਦੇ ਦੋ ਖੂਹ ਪੀ ਕੇ ਇੰਦਰ ਦੇ ਸਾਹਮਣੇ ਹੋਇਆਂ। (੨੮੭) ਇੰਦਰ ਨੇ ਅਜੇਹਾ ਤੀਰ ਛੱਡਿਆ ਜੋ ਦੈਤ ਦੇ ਸਰੀਰ ਨੂੰ ਚੀਰ ਕੇ ਅੱਗੇ ਲੱਘ ਗਿਆ। ਫੇਰ ਦੈਂਤ ਨੇ ਕ੍ਰੋਧ ਕਰ ਕੇ ਐਸਾ ਵਾਰ ਕੀਤਾ ਕੇ ਦੇਵ-ਪੂਜਾ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਜਦੋ ਮਹਾਕਾਲ ਨੇ ਦੇਵਤੇ ਭੱਜਦੇ ਦੇਖੇ ਤਾਂ ਆਪ ਮੈਦਾਨ ਵਿਚ ਆ ਗਿਆ। ਇਕ-ਇਕ ਤੀਰ ਨਾਲ ਸੌ ਸੌ ਨੂੰ ਚੀਰਦਾ ਗਿਆ ਤੇ ਦੈਤਾਂ ਦੇ ਸਰੀਰਾਂ ਵਿਚੋ ਸੌ ਸੌ ਖੂਨ ਦੀਆਂ ਤਤੀਰੀਆਂ ਚਲੀਆਂ ਤੇ ਉਨ੍ਹਾਂ ਤੋ ਸੌ ਸੌ ਹੋਰ ਦੈਤ ਪੈਦਾ ਹੁੰਦੇ ਗਏ।(੨੯੬) ਹੁਣ ਮਹਾਕਾਲ ਨੇ ਆਪਣੇ ਹਜ਼ਾਰਾਂ ਰੂਪ ਧਾਰਨ ਕੀਤੇ ਤੇ ਹਜ਼ਾਰਾਂ ਹੀ ਦੈਤ ਮਾਰੇ। ਪਰ ਹੁਣ ਦੈਤ ਵੀ ਹਜ਼ਾਰਾਂ ਦੀ ਗਿਣਤੀ ਵਿਚ ਵੱਧਣ ਲਗੇ। ਭਾਵ, ਦੈਤ ਮਹਾਕਾਲ ਦੇ ਕਾਬੂ ਨਹੀ ਆ ਰਹੇ। ਹੁਣ ਮਹਾਕਾਲ ਨੇ ਅਜੇਹੇ ਬਾਣ ਚਲਾਏ ਕੇ ਇਕ-ਇਕ ਬਾਣ ਨਾਲ ਹਜ਼ਾਰ-ਹਜ਼ਾਰ ਦੈਤ ਮਾਰ ਦਿਤੇ। ਅਣਗਿਣਤ ਦੈਤਾਂ ਨੂੰ ਫੜਕੇ ਕੱਚੇ ਹੀ ਚੱਬ ਗਿਆ। ਅਤੇ ਦੈਤਾਂ ਦਾ ਖੂਨ ਵੀ ਚੂਸ ਲਿਆ।(੨੯੯) ਉਧਰ ਦੈਤਂ ਵੀ ਕਿਹੜੇ ਘਟ ਹਨ, ਸਵਾਸਾਂ ਦੀ ਹਵਾ ਤੋਂ ਹੀ ਹੋਰ ਦੈਤਂ ਪੈਦਾ ਹੋਣੇ ਸ਼ੁਰੂ ਹੋ ਗਏ। (੩੦੦) ਬੜਾ ਭਿਆਨਕ ਯੁੱਧ ਹੋਇਆ ਕੇ ਇੰਦਰ ਤੇ ਚੰਦ੍ਰ ਲੋਕ ਕੰਬ ਗਏ।(੩੧੮) ਕਿਤੇ ਲੰਬੀਆਂ ਬੰਦੂਕਾਂ ਅਤੇ ਹਾਥੀਆਂ ਤੇ ਘੋੜਿਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਵੀ ਚੱਲ ਰਹੀਆਂ ਹਨ। (੩੨੪) ਯਾਦ ਰਹੇ ਇਹ ਯੁੱਧ ਸਤਿਯੁਗ ਵਿਚ ਸ਼ੁਰੂ ਹੋਇਆ ਸੀ ਜਿਸ ਦੀ ਉਮਰ ੧੭੨੮੦੦੦ ਸਾਲ ਹੈ ਜਦੋ ਕੇ ਗੰਨ ਪਾਉਡਰ ਦੀ ਉਮਰ ੧੧੦੦ ਸਾਲ ਤੋ ਵੱਧ ਨਹੀ।

ਜਦੋ ਇੱਸ ਤਰਾਂ ਦਾ ਭਿਆਨਕ ਯੁਧ ਹੋ ਰਿਹਾ ਸੀ ਤਾਂ ਦੂਹਲ ਦੇਈ ਨਾ ਦੀ ਇਕ ਇਸਤਰੀ ਪੈਦਾ ਹੋਈ ਜੋ ਸ਼ੇਰ ਤੇ ਸਵਾਰ ਸੀ। ਇਸ ਨੂੰ ਦੇਖ ਕੇ ਹੀ ਦੈਤ ਭਜਣੇ ਸਰੂ ਹੋ ਗਏ।(੩੩੧) (ਯਾਦ ਰਹੇ ਪਹਿਲਾਂ ਵੀ ਬਾਲਾ ਨਾ ਦੀ ਇਕ ਦੇਵੀ ਪੈਦਾ ਹੋਈ ਸੀ, ਉਸ ਦਾ ਕੀ ਬਣਿਆ?।) ਇਸ ਨੇ ਦੈਤਾਂ ਦਾ ਸਫਾਇਆ ਕੀਤਾ। ਜਿਨ੍ਹਾਂ ਦੈਤਾ ਦੇ ਵੱਡੇ-ਵੱਡੇ ਸਿੰਗ ਸਨ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ, ਨੂੰ ਦੂਹਲ ਦੇਈ ਨੇ ਚੁਣ-ਚੁਣ ਕੇ ਬਰਛੀ ਨਾਲ ਮਾਰਿਆ।(੩੩੯) ਜਿਹੜੇ ਸਾਹਮਣੇ ਹੋ ਕੇ ਮਰਦੇ ਉਨ੍ਹਾਂ ਨੂੰ ਪਰੀਆਂ ਵਰ ਕੇ ਲੈ ਜਾਂਦੀਆਂ ਤੇ ਉਹ ਬਿਬਾਨ ਵਿਚ ਬੈਠਕੇ ਸਵਰਗਾਂ ਨੂੰ ਜਾਂਦੇ। ਤੇ ਜੋ ਭੱਜਦੇ ਹੋਏ ਮਾਰੇ ਗਏ ਉਹ ਨਰਕਾਂ ਨੂੰ ਜਾ ਰਹੇ ਹਨ।(੩੪੬) ਮਹਾਕਾਲ ਅਤੇ ਦੂਹਲ ਦੇਈ ਨੇ, ਜੋ ਸ਼ੇਰ ਦੀ ਸਵਾਰੀ ਕਰ ਰਹੀ ਹੈ ਅਤੇ ਬੁਹਤ ਹੀ ਕ੍ਰੋਧਿਤ ਹੈ, ਦੈਤਾਂ ਦਾ ਸਰਵਨਾਸ਼ ਕਰ ਦਿੱਤਾ। ਕਾਲ ਨੇ ਸਾਰੇ ਦੈਤਾਂ ਨੂੰ ਆਪਣੀ ਸ਼ਕਤੀ ਨਾਲ ਖਿਚ ਲਿਆ ਤੇ ਕਾਲਿ ਨੂੰ ਆਗਿਆ ਦਿੱਤੀ ਤੇ ਉਹ ਸਾਰੇ ਦੈਤਾਂ ਨੂੰ ਖਾ ਗਈ।(੩੬੪)

ਤਂਦ ਇਕ ਦੈਤ ਹੀ ਬਾਕੀ ਰਹਿ ਗਿਆ ਤਾਂ ਉਸ ਨੇ ਮਹਾ-ਕਾਲ ਨੂੰ ਵਗਾਰਿਆ, ਹੇ ਮਹਾਕਾਲ ਐਵੇ ਫੁਲਿਆ ਨਾ ਫਿਰ, ਆ ਮੇਰੇ ਨਾਲ ਯੁਧ ਕਰ, ਅੱਜ ਫੈਸਲਾ ਹੋ ਜਾਵੇਗਾ, ਜਾਂ ਅਸਿਧੁਜ ਨਹੀ ਜਾਂ ਦੈਤ ਨਹੀ।(੩੬੯) ਦੋਵਾਂ ਵਿਚ ਭਿਆਨਕ ਯੁੱਧ ਹੁੰਦਾ ਹੈ ਦੈਤ ਪਿਛੇ ਨਹੀ ਹੱਟਦਾ ਭਾਂਵਂੇ ਉਸ ਦੀਆਂ ਆਂਦਰਾਂ ਗਿਰਝਾਂ ਖਾ ਗਈਆਂ। ਮਹਾਂ ਕਾਲ ਨੇ ਕਰੋਧ ਵਿਚ ਆ ਕੇ ਦੈਤ ਤੇ ਵੀਹ ਹਜ਼ਾਂਰ ਬਾਣ ਛੱਡੇ।(੩੭੧) ਮਹਾਕਾਲ ਨੇ ਇਕ ਬਾਣ ਨਾਲ ਦੈਂਤ ਦਾ ਝੰਡਾ, ਦੋ ਤੀਰਾਂ ਨਾਲ ਉਸ ਦੇ ਰੱਥ ਦੇ ਦੋਵੇ ਪਹੀਏ, ਚਾਰ ਤੀਰਾਂ ਨਾਲ ਚੋਹਾਂ ਹੀ ਘੋੜਿਆਂ ਨੂੰ ਮਾਰ ਦਿਤਾ। ਇਕ ਹੋਰ ਬਾਣ ਨਾਲ ਜਗਤ ਦੇ ਸੁਆਮੀ ਨੇ ਦੈਤ ਦਾ ਮੱਥਾ ਚੀਰ ਦਿਤਾ ਅਤੇ ਦੋ ਹੋਰ ਬਾਣਾਂ ਨਾਲ ਵੈਰੀ ਦੇ ਦੋਵੇ ਹੱਥ ਕੱਟ ਸੁਟੇ। (੩੭੪)

ਹੁਣ ਤੱਕ ਪਾਠਕ ਚਰਿਤ੍ਰੋ ਪਖ੍‍ਯਾਨ ਦੇ੪੦੪ ਵੇ ਚਰਿਤ੍ਰ ਦੇ, ਜਿਸ ਦੇ ਕੁਲ ੪੦੫ ਬੰਦ ਹਨ, ਵਿਚੋਂ ੧ ਤੋਂ ੩੭੪ ਬੰਦਾਂ ਦੇ ਦਰਸ਼ਨ ਕਰ ਚੁਕੇ ਹਨ। ਆਉ ਹੁਣ ਬੰਦ ੩੭੫ ਤੋ ੪੦੫ ਤੱਕ ਦੇ ਦਰਸ਼ਨ ਵੀ ਕਰ ਲਈਏ।

ਨਿਤਨੇਮ ਦੇ ਗੁਟਕਿਆਂ ਵਿਚ, “ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਪਾਤਿਸਾਹੀ ੧੦॥ ਚੌਪਈ ॥” ਪਤਾ ਨਹੀ ਇਹ ਕਿਸ ਦਲੀਲ ਨਾਲ ਲਿਖਿਆ ਜਾ ਰਿਹਾ ਹੈ ਜਦੋਂ ਕੇ ਅਸਲ ਲਿਖਤ ਵਿਚ ਇਉਂ ਨਹੀ ਹੈ।

ਪੁਨਿ ਰਾਛਸ ਕਾ ਕਾਟਾ ਸੀਸਾ । ਸ੍ਰੀ ਅਸਿਕੇਤ ਜਗਤ ਕੇ ਈਸਾ।।
ਪੁਹਪਨ ਬ੍ਰਿਸਟਿ ਗਗਨ ਤੇਂ ਭਈ। ਸਭਹਿਨ ਆਨਿ ਬਧਾਈ ਦਈ।।(੩੭੫)

ਫਿਰ ਜਗਤ ਦੇ ਸੁਆਮੀ ਅਸਿਕੇਤ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਅਕਾਸ਼ ਤੋ ਫੂਲਾਂ ਦੀ ਬਰਖਾ ਹੋਈ ਤੇ ਸਭ ਨੇ ਆ ਕੇ ਵਧਾਈਆਂ ਦਿੱਤੀਆਂ।(੩੭੫)

ਧੰਨ੍ਯ ਧੰਨ੍ਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।।(੩੭੬)

ਅਤੇ ਕਿਹਾ ਹੇ ਲੋਕਾਂ ਦੇ ਰਾਜੇ ਤੂਸੀ ਧੰਨ ਹੋ ,ਤੁਸੀ ਦੁਸ਼ਟਾਂ ਨੂੰ ਮਾਰ ਕੇ ਗਰੀਬਾਂ ਦੀ ਰੱਖਿਆ ਕੀਤੀ ਹੈ, ਹੇ ਸਾਰੇ ਸੰਸਾਰ ਦੀ ਰਚਨਾ ਕਰਨ ਵਾਲੇ ! ਦਾਸ ਜਾਣ ਕੇ ਮੇਰੀ ਰੱਖਿਆ ਕਰੋ (੩੭੬)

ਕਬ੍ਯੋ ਬਾਚ ਬੇਨਤੀ॥ ਚੌਪਈ॥ ( ਕਵੀ ਨੇ ਬੇਨਤੀ ਕੀਤੀ)
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੧॥(੩੭੭)

( ਯਾਦ ਰਹੇ ਇਸ ਬੰਦ ਦਾ ਅਖੋਤੀ ਦਸਮ ਗ੍ਰੰਥ ਵਿਚ ਨ: ੩੭੭ ਹੈ। ਜੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਸਾਨੂੰ ਕੀ ਅਧਿਕਾਰ ਹੈ ਕੇ ਅਸੀ ਇਸ ਬੰਦ ਦਾ ਨ: ਬਦਲ ਦਈਏ)

ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥੨॥(੩੭੮)
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥੩॥(੩੭੯)
ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥ ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥
ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੪॥(੩੮੦)
ਆਪ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥
ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੫॥(੩੮੧)
ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥
ਦੀਨ ਬੰਧੁ ਦੁਸਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰ ਦਸ ਕੰਤਾ ॥੬॥(੩੮੨)
ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸਿਵਜੂ ਅਵਤਰਾ ॥
ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥ ਸਕਲ ਕਾਲ ਕਾ ਕੀਆ ਤਮਾਸਾ ॥੭॥(੩੮੩)
ਜਵਨ ਕਾਲ ਜੋਗੀ ਸਿਵ ਕੀਓ ॥ ਬੇਦਰਾਜ ਬ੍ਰਹਮਾ ਜੂ ਥੀਓ ॥
ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥੮॥(੩੮੪)
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥
ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥੯॥(੩੮੫)
ਨਮਸਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥
ਸਿਵਕਨ ਕੋ ਸਿਵਗੁਨ ਸੁਖ ਦੀਓ ॥ ਸੱਤ੍ਰੁਨ ਕੋ ਪਲ ਮੋ ਬਧ ਕੀਓ ॥੧੦॥(੩੮੬)
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥
ਚੀਟੀ ਤੇ ਕੁੰਚਰ ਅਸਥੂਲਾ ॥ ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥੧੧॥ (੩੮੭)
ਸੰਤਨ ਦੁਖ ਪਾਏ ਤੇ ਦੁਖੀ ॥ ਸੁਖ ਪਾਏ ਸਾਧਨ ਕੇ ਸੁਖੀ ॥
ਏਕ ਏਕ ਕੀ ਪੀਰ ਪਛਾਨੈਂ ॥ ਘਟ ਘਟ ਕੇ ਪਟ ਪਟ ਕੀ ਜਾਨੈਂ ॥੧੨॥(੩੮੮)
ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥
ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥੧੩॥(੩੮੯)
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ ਆਪੁ ਆਪਨੀ ਬੂਝ ਉਚਾਰੈ ॥
ਤੁਮ ਸਭਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰ ਆਲਮ ॥੧੪॥(੩੯੦)
ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥ ਆਦਿ ਅਨੀਲ ਅਨਾਦਿ ਅਸੰਭ ॥
ਤਾ ਕਾ ਮੂੜ੍ਹ ਉਚਾਰਤ ਭੇਦਾ ॥ ਜਾ ਕੌ ਭੇਵ ਨ ਪਾਵਤ ਬੇਦਾ ॥੧੫॥(੩੯੧)
ਤਾ ਕੌ ਕਰਿ ਪਾਹਨ ਅਨੁਮਾਨਤ ॥ ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥
ਮਹਾਦੇਵ ਕੌ ਕਹਤ ਸਦਾ ਸਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੧੬॥(੩੯੨)
ਆਪੁ ਆਪਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੧੭॥(੩੯੩)
ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀ ਭੂਪਾ ॥
ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰ ਰਚਿ ਦੀਨੀ ॥੧੮॥(੩੯੪)
ਕਹੂੰ ਫੂਲ ਰਾਜਾ ਹ੍ਵੈ ਬੈਠਾ ॥ ਕਹੂੰ ਸਿਮਟਿ ਭਿੋ ਸੰਕਰ ਇਕੈਠਾ ॥
ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ ਆਦਿ ਜੁਗਾਦਿ ਸਰੂਪ ਸੁਯੰਭਵ ॥੧੯॥(੩੯੫)
ਅਬ ਰੱਛਾ ਮੇਰੀ ਤੁਮ ਕਰੋ ॥ ਸਿੱਖ ਉਬਾਰਿ ਅਸਿੱਖ ਸੰਘਰੋ ॥
ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥੨੦॥(੩੯੬)
ਜੇ ਅਸਿਧੁਜ ਤਵ ਸਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥
ਪੁਰਖ ਜਵਨ ਪਗ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥੨੧॥(੩੯੭)
ਜੋ ਕਲਿ ਕੋ ਇਕ ਬਾਰ ਧਿਐ ਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥
ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸਟ ਅਰਿਸਟ ਟਰੇਂ ਤਤਕਾਲਾ ॥੨੨॥(੩੯੮)
ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥ ਤਾ ਕੇ ਤਾਪ ਤਨਕ ਮੋ ਹਰਿਹੋ ॥
ਰਿੱਧਿ ਸਿੱਧਿ ਘਰ ਮੋ ਸਭ ਹੋਈ ॥ ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੨੩॥(੩੯੯)
ਏਕ ਬਾਰ ਜਿਨ ਤੁਮੈ ਸੰਭਾਰਾ ॥ ਕਾਲ ਫਾਸ ਤੇ ਤਾਹਿ ਉਬਾਰਾ ॥
ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦੁਸਟ ਦੋਖ ਤੇ ਰਹਾ ॥੨੪॥(੪੦੦)
ਖੜਗ ਕੇਤ ਮੈ ਸਰਣਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥੨੫॥(੪੦੧)

ਸਿੱਖ ਰਹਿਤ ਮਰਯਾਦਾ ਵਿਚ ਇਹ ੨੫ ਬੰਦ ਹੀ ਦਰਜ ਹਨ, ‘ਭਾਵ ਹਮਰੀ ਕਰੋ ਹਾਥ ਦੇ ਰੱਛਾ’(੩੭੭) ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ (੪੦੧) ਤੱਕ। ਪਰ ਜੋ ਡੇਰੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਉਹ ਉਪਰੋਕਤ ੩੭੫ ਅਤੇ ੩੭੬ ਨੰ: ਬੰਦਾਂ ਸਮੇਤ ਹੇਠ ਲਿਖੇ ਬੰਦ ਵੀ ਪੜ੍ਹਦੇ ਹਨ।

ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥੨੬॥(੪੦੨)

ਮੇਰੇ ਉਤੇ ਜਗਮਾਤਾ (ਦੁਰਗਾ,ਪਾਰਵਤੀ) ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭ ਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ , ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ।(੪੦੨)

ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥
ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥੨੭। (੪੦੩)

ਜਦ ਸ੍ਰੀ ਅਸਿਧੁਜ (ਮਹਾਕਾਲ : ਵੱਡਾ ਕਾਲ । ਵਿਨਾਸ਼ਕਾਰੀ ਸਰੂਪ ਵਿਚ ਸਿ਼ਵਜੀ ਦਾ ਇਕ ਨਾਂ । ਵੇਖੋ ਸਿ਼ਵ। ‘ਹਿੰਦੂ ਮਿਥਿਹਾਸ ਕੋਸ਼’ ਪੰਨਾ ੩੯੮) ਦਿਆਲ ਹੋਏ ਤਾਂ ਉਸੇ ਵੇਲੇ ਮੈ ਇਹ ਗ੍ਰੰਥ ਮੁਕੰਮਲ ਕਰ ਲਿਆ। ਜੋ ਇਸ ਦਾ ਪਾਠ ਕਰੇਗਾ ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ । ਉਸ ਨੂੰ ਕੋਈ ਦੁਖ ਵਿਆਪਤ ਨਹੀ ਹੋਵੇਗਾ।(੪੦੩)

ਅੜਿੱਲ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥ ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥੨੮(੪੦੪)

ਇਹ ਪੰਗਤੀਆਂ ਸੁਖਮਣੀ ਸਾਹਿਬ ਜੀ ਦੀਆਂ ਪੰਗਤੀ ਨਾਲ ਸਿਧਾਤਕ ਤੌਰ ਤੇ ਟਕਰਾਉਦੀਆਂ ਹਨ।

ਕਹਾ ਬੁਝਾਰਤਿ ਬੂਝੈ ਡੋਰਾ ॥ ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨ ਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰਭਵਨ ॥ ਨਹੀ ਹੋਤ ਊਹਾ ਉਸੁ ਗਵਨ ॥ {ਪੰਨਾ ੨੬੭}

ਜਦ ਇਹ ਬਾਣੀ ਠੀਕ ਹੈ ਤਾਂ ਉਪ੍ਰੋਕਤ ਬੰਦ ਨ:੪੦੪ ਆਪਣੇ ਆਪ ਹੀ ਗਲਤ ਸਾਬਤ ਹੋ ਜਾਂਦਾ ਹੈ

ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥ ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥੨੯ (੪੦੫)

ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥

ਭਾਵ ਇਹ ਗ੍ਰੰਥ, ਐਤਵਾਰ ੮ ਭਾਂਦੋ ਸੰਮਤ ੧੭੫੩ (ਅਗੱਸਤ ੨੪-੧੬੯੬) ਨੂੰ ਸੱਤਲੁਜ ਦੇ ਕੰਢੇ ਪੂਰਾ ਹੋਇਆ।

ਯਾਦ ਰਹੇ ਇਹ ਯੁੱਧ ਸਤਿਯੁਗ ਵਿਚ ਸਰੂ ਹੋਇਆ ਸੀ, ਜਿਸ ਦੀ ਉਮਰ ੧੭੨੮੦੦੦ ਸਾਲ ਸੀ। ਜੇ ਇਹ ਵੀ ਮੰਨ ਲਿਆਂ ਜਾਵੇ ਕੇ ਇਹ ਯੁੱਧ ਸਤਿਯੁਗ ਦੇ ਅਖੀਰ ਵਿਚ ਹੀ ਸੁ਼ਰੂ ਹੋਇਆਂ ਸੀ ਤਾਂ ਵੀ ਇਸ ਦੇ ਅਰੰਭ ਹੋਣ ਦਾ ਸਮਾ (ਦੁਆਪਰ ੧੨੯੬੦੦੦ ਸਾਲ + ਤ੍ਰੇਤਾ ੮੬੪੦੦੦ + ਕਲਯੁਗ ੫੦੦੫ ਸਾਲ ) ੨੧੬੫੦੦੫ ਸਾਲ ਪਹਿਲਾਂ ਦਾ ਬਣਦਾ ਹੈ ਪਰ ਇਸ ਯੁਧ ਦੇ ‘ਅੱਖੀਂ ਡਿੱਠੇ ਹਾਲ’ ਲਿਖੇ ਨੂੰ ਸਿਰਫ ੩੦੯ ਸਾਲ ਹੀ ਹੋਏ ਹਨ।

ਇਹ ਹੈ ਉਸ ਪੂਰੇ ਚਰਿਤ੍ਰ ੪੦੪ ਦੀ ਸਖੇਪ ਵਾਰਤਾ ਜਿਸ ਦੇ ਕੁਲ ੪੦੫ ਬੰਦ ਹਨ ਅਤੇ ਇਹਨਾ ਵਿਚੋ ਅਸੀ ੩੭੭ ਤੋ ੪੦੧ ਤੱਕ ਭਾਵ ੨੫ ਬੰਦਾਂ ਨੂੰ ਬਾਣੀ ਦਾ ਦਰਜਾ ਦਿੰਦੇ ਹਾ। (ਡੇਰੇਦਾਰਾਂ ਵਲੋ ੩੭੫ ਤੋ ੪੦੫ ਤੱਕ, ੩੧ ਬੰਦ)। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕੇ ਜੇ ਇਹ ੨੫ ਬੰਦ ਬਾਣੀ ਹੈ ਤਾਂ ਬਾਕੀ ੩੮੦ ਬੰਦ (੧ ਤੋ ੩੭੬ ਅਤੇ ੪੦੨ ਤੋ ੪੦੫) ਕੀ ਹੈ?। ਤੇ ਜੇ ਬਾਕੀ ਰਚਨਾ ਬਾਣੀ ਨਹੀ ਹੈ ਤਾਂ ਇਹ ੨੫ ਬੰਦ ਬਾਣੀ ਕਿਵੇ ਹੋਏ?

ਇਸ ਲੇਖ ਦਾ ਮੰਤਵ ਕੋਈ ਨਿਜੀ ਨਿਰਨਾ ਕਰਨਾ ਨਹੀ ਹੈ, ਪਰ ਪੈਦਾ ਹੋਏ ਸਿਧਾਂਤਕ ਸੰਕੇ ਬਾਰੇ ਵਿਚਾਰ ਵਿਟਾਦਰਾ ਤਾਂ ਹੋਣਾ ਹੀ ਚਾਹੀਦਾ ਹੈ। ਪਾਠਕਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ ਉਪ੍ਰੋਕਤ ਵਾਰਤਾ ਨੂੰ ਪੜ੍ਹ ਕੇ ਜਲਾਲ ਵਿਚ ਆਉਣ ਦੀ ਥਾਂ, ਇਸ ਗੰਭੀਰ ਸ਼ੰਕੇ ਦਾ ਨਿਰਵਾਣ ਲਿਖ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।