ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਸਿੱਖ ਪੰਥ ਦੇ ਅਣਗੋਲੇ ਵਿਦਵਾਨ ਪ੍ਰੋ. ਗੁਰਮੁਖ ਸਿੰਘ ਜੀ

ਗੁਰਸ਼ਰਨ ਸਿੰਘ ਕਸੇਲ, ਕਨੇਡਾ


ਭਾਂਵੇਂ ਸਾਰੇ ਕਾਰਜ ਅਕਾਲ ਪੁਰਖ ਹੀ ਕਰਦਾ ਹੈ ਪਰ ਹਰੇਕ ਕੰਮ ਲਈ ਕੋਈ ਢੰਗ–ਤਰੀਕਾ ਉਹ ਆਪ ਹੀ ਪੈਦਾ ਕਰਦਾ ਹੈ। ਸਿੱਖ ਕੌਮ ਜਦ ਕਾਫ਼ੀ ਡਿੱਗ ਚੁਕੀ ਸੀ ਤਾਂ ਸਤਿਗੁਰੂ ਜੀ ਨੇ ਭਾਈ ਗੁਰਮੁਖ ਸਿੰਘ ਜੀ ਤੇ ਅਪਾਰ ਕ੍ਰਿਪਾ ਕੀਤੀ ਤੇ ਆਪ ਜੀ ਨੂੰ ਮਲਾਹ ਬਣਾ ਸਿੱਖ ਕੌਮ ਦੀ ਬੇੜੀ ਨੂੰ ਘੁੰਮਣ ਘੇਰੇ ‘ਚੋਂ ਬਚਾਉਣ ਲਈ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਚਪੁ ਲਾ ਕੇ ਕੇਵਲ ਮਿਟਣ ਤੋਂ ਹੀ ਨਹੀਂ ਬਚਾਇਆ ਸਗੋਂ ਸਚਾਈ ਪ੍ਰਗਟ ਕਰ ਫੇਰ ਦੂਸਰੀਆਂ ਕੌਮਾਂ ਦੇ ਮੁਕਾਬਲੇ ਤੇ ਖੜਾ ਹੋਵਣ ਲਈ ਤਿਆਰ ਕਰ ਦਿੱਤਾ। ਭਾਈ ਗੁਰਮੁਖ ਸਿੰਘ ਜੀ ਦਾ ਜੀਵਨ ਹੀ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਅਰੰਭਕ ਇਤਿਹਾਸ ਹੈ। ਅਜ ਕਲ ਦੀ ਗੁਰਮਤ ਅਵਸਥਾ, ਪੰਜਾਬੀ ਦੀ ਉਨਤੀ ਤੇ ਵਿਦਯਾ ਦਾ ਵਾਧਾ ਹੋਵਣ ਦਾ ਸੇਹਰਾ ਆਪ ਜੀ ਦੇ ਸਿਰ ਹੈ ਪਰ ਸਿੱਖ ਕੌਮ ਵਿਚ ਸੇਵਕਾਂ ਦੀ ਕੀਤੀ ਨੂੰ ਭੁਲਾ ਦੇਣ ਦੀ ਵਾਦੀ ਨੇ ਇਸ ਸੇਵਕ ਦਾ ਨਾਉ ਤਕ ਵੀ ਭੁਲਾ ਛਡਿਆ ਹੈ।

ਜਨਮ:
ਭਾਈ ਜੀ ਹੋਰਾਂ ਦਾ ਜਨਮ ਅਪ੍ਰੈਲ ਸੰਨ ੧੮੪੯ ਈ: ਵਿੱਚ ਗਰੀਬ ਮਾਪਿਆਂ ਦੇ ਘਰ ਕਪੂਰਥਲਾ ਵਿਖੇ ਹੋਇਆ ਸੀ। ਪਿਤਾ ਦਾ ਨਾਂਅ ਭਾਈ ਬਸਾਵਾ ਸਿੰਘ ਸੀ, ਜੋ ਰਾਜਾ ਨਿਹਾਲ ਸਿੰਘ ਜੀ ਕਪੂਰਥਲਾ ਦੇ ਲਾਂਗਰੀ ਸਨ। ਆਪ ਪਿੰਡ ਚੌਧਰ, ਜਿਲ੍ਹਾ ਗੁਜਰਾਂਵਾਲਾ ਦੇ ਵਸਨੀਕ ਸਨ।

ਪਿਛਲਾ ਹਾਲ:
ਪਿੰਡ ਦੀ ਜਮੀਨ ਥੋੜੀ ਸੀ, ਇਸ ਲਈ ਭਾਈ ਬਸਾਵਾ ਸਿੰਘ ਜੀ ਪਹਿਲੇ ਪਹਿਲ ਰੁਜਗਾਰ ਦੇ ਵਸ ਹੋ ਕੇ ਮਹਾਰਾਜਾ ਸ਼ੇਰ ਸਿੰਘ ਦੇ ਲਾਂਗਰੀਆਂ ਵਿੱਚ ਭਰਤੀ ਹੋ ਗਏ। ਉਸ ਸਮੇਂ ਲਾਹੌਰ ਵਿਚ ਬੜੇ ਤਜਰਬੇਕਾਰ ਖ਼ਾਨਸਾਮੇ ਮੌਜ਼ੂਦ ਸਨ, ਜਿਨ੍ਹਾਂ ਦੇ ਮਾਤਹਿਤ ਬਸਾਵਾ ਸਿੰਘ ਨੇ ਸ਼ਾਹੀ ਖਾਣੇ ਬਣਾਉਣ ਦਾ ਤਜਰਬਾ ਬੜੀ ਮਿਹਨਤ ਨਾਲ ਹਾਸਲ ਕੀਤਾ। ਪਿਛੋ ੧੫ ਸਤੰਬਰ ਸੰਨ ੧੮੪੩ ਈ: ਨੂੰ ਜਦ ਮਹਾਰਾਜਾ ਸ਼ੇਰ ਸਿੰਘ ਦਾਸੰਧਾਵਾਲੀਏ ਸਰਦਾਰਾਂ ਦੇ ਹੱਥੋਂ ਕਤਲ ਹੋਇਆ ਤਾਂ ਕਮਾਂਡੈਂਟ ਗੰਡਾ ਸਿੰਘ ਦੀ ਸਹਾਇਤਾ ਨਾਲ, ਜੋ ਉਸ ਮਹਾਰਾਜੇ ਦੇ ਰਸੋਈ ਖ਼ਾਨੇ ਦਾ ਅਫਸਰ ਸੀ, ਬਸਾਵਾ ਸਿੰਘ ਦੀ ਜਾਣ ਪਛਾਣ ਰਾਜਾ ਨਿਹਾਲ ਸਿੰਘ ਦੇ ਨਾਲ ਹੋ ਗਈ, ਤੇ ਆਪ ਇਸ ਵਿਧਿ ਨਾਲ ਕਪੂਰਥਲੇ ਪਹੁੰਚ ਗਏ। ਸੰਨ ੧੮੫੨ ਈ: ਵਿਚ ਨਿਹਾਲ ਸਿੰਘ ਦਾ ਦੇਹਾਂਤ ਹੋਣ ਤੋਂ ਪਹਿਲਾਂ ਬਸਾਵਾ ਸਿੰਘ ਹੋਰੀਂ ਰਾਜਾ ਰਣਧੀਰ ਸਿੰਘ ਪਾਸ ਤੇ ਫੇਰ ਕੰਵਲ ਬਿਕ੍ਰਮ ਸਿੰਘ ਦੀ ਸੇਵਾ ਵਿੱਚ ਬਦਲੇ ਗਏ।

ਵਿਦਿਆ ਪ੍ਰਾਪਤੀ ਤੇ ਗੁਰਮਤਿ ਦਾ ਉਤਸ਼ਾਹ:ਕੰਵਰ ਬਿਕ੍ਰਮ ਸਿੰਘ ਜੀ ਬੜੇ ਵਿਦਵਾਨ, ਕਵੀ ਤੇ ਨਾਮ-ਬਾਣੀ ਦੇ ਰਸੀਏ ਸਨ ਤੇ ਭਾਈ ਬਸਾਵਾ ਸਿੰਘ ਦੇ ਨਾਲ ਉਨ੍ਹਾਂ ਦਾ ਖ਼ਾਸ ਤੌਰ ਤੇ ਸਨੇਹ ਸੀ। ਇਸ ਲਈ ਉਨ੍ਹਾਂ ਦੇ ਪੁਤਰ ਗੁਰਮੁਖ ਸਿੰਘ ਨੂੰ ਉਨ੍ਹਾਂ ਨੇ ਬਚਪਨ ਤੋਂ ਹੀ ਪਾਲਿਆ-ਪੋਸਿਆ, ਪੜ੍ਹਾਇਆ ਤੇ ਪੰਥਕ ਸੇਵਾ ਦੇ ਯੋਗ ਬਣਾਇਆ। ਭਾਈ ਗੁਰਮੁਖ ਸਿੰਘ ਨੇ ਮੁੱਢਲੀ ਵਿਦਿਆ ਕਪੂਰਥਲੇ ਹੀ ਪ੍ਰਾਪਤ ਕੀਤੀ ਤੇ ਫੇਰ ਉਚੇਰੀ ਵਿਦਿਆ ਲਈ ਗਵਰਨਮੈਂਟ ਕਾਲਜ ਲਾਹੌਰ ਜਾ ਦਾਖ਼ਲ ਹੋਏ। ਜਿਨ੍ਹਾਂ ਦਿਨਾਂ ਵਿੱਚ ਅੰਮ੍ਰਿਤਸਰ ਸਿੰਘ ਸਭਾ ਕਾਇਮ ਹੋਈ, ਭਾਈ ਹੋਰੀ ਅਜੇ ਕਾਲਜ ਵਿੱਚ ਹੀ ਪੜ੍ਹਦੇ ਸਨ ਕਿ ਕੰਵਲ ਸਾਹਿਬ ਦੇ ਨਾਲ ਸਭਾ ਦੇ ਇਕੱਠਾਂ ਵਿੱਚ ਆਉਣ-ਜਾਣ ਹੋਣ ਕਰਕੇ ਆਪ ਨੂੰ ਗੁਰਮਤਿ ਦੇ ਪ੍ਰਚਾਰ ਦੀ ਚੇਟਕ ਲੱਗ ਗਈ, ਜਿਸ ਕਰਕੇ ਪੜ੍ਹਾਈ ਗ਼ਾਲਬਨ ਬੀ.ਏ ਵਿੱਚ ਹੀ ਅਧਵਾਟੇ ਛੱਡੀ ਤੇ ਇਸ ਪਾਸੇ ਜੁਟ ਗਏ।

ਮਾਨਸਿਕ ਝੁਕਾਉ:
ਭਾਈ ਗੁਰਮੁਖ ਸਿੰਘ ਦੇ ਨਿੱਜੀ ਕਾਗਜ਼ਾਤ ਦੇਖਣ ਤੋਂ ਪਤਾ ਲਗਦਾ ਹੈ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਚਿਤ੍ਰਕਲਾ ਦਾ ਬੜਾ ਸ਼ੌਕ ਸੀ । ਸੰਨ ੧੮੭੩ ਈ: ਵਿੱਚ ਜਦ ਉਹ ਅਜੇ ਪੜ੍ਹਦੇ ਹੀ ਸਨ ਤਾਂ ਮਹਿਕਮਾ ਤਾਲੀਮ ਦੇ ਕਾਇਮ ਮੁਕਾਮ ਡਾਇਰੈਕਟਰ ਮਿਸਟਰ ਸੀ. ਪਰਸਨ ਦਾ ਚਿਤ੍ਰ ਉਨ੍ਹਾਂ ਨੇ ਅਜਿਹਾ ਸੁੰਦਰ ਪਿੱਚਿਆ ਕਿ ਜਿਸ ਨੂੰ ਦੇਖਦੇ ਉਹ ਅੰਗਰੇਜ ਬੜਾ ਹੀ ਖ਼ੁਸ਼ ਹੋਇਆ। ਉਸਨੇ ਭਾਈ ਗੁਰਮੁਖ ਸਿੰਘ ਨੂੰ ਇੰਜਨੀਅਰੀ ਦੀ ਪੜ੍ਹਾਈ ਲਈ ਰੁੜਕੀ ਭੇਜਣਾ ਪ੍ਰਵਾਨ ਕਰ ਲਿਆ, ਪਰ ਭਾਈ ਹੁਰਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਇਸ ਲਈ ਰੁੜਕੀ ਨਾ ਗਏ। ਇਸ ਤਰ੍ਹਾਂ ਇਕ ਵਾਰ ਫੇਰ ਉਨ੍ਹਾਂ ਨੂੰ ਕੰਵਰ ਬਿਕ੍ਰਮ ਸਿੰਘ ਵਲੋਂ ਕਾਨੂੰਨ ਪੜ੍ਹਨ ਦੀ ਪ੍ਰੇਰਣਾ ਵੀ ਹੋਈ, ਪਰ ਇਸ ਪਾਸਿਓ ਵੀ ਕੰਡ ਭਵਾ ਗਏ। ਸੰਸਾਰਕ ਕੰਮਾਂ ਵੱਲੋਂ ਇਸ ਤਰ੍ਹਾਂ ਉਪਰਾਮਤਾ ਹੋਣ ਦਾ ਕਾਰਣ ਭਾਈ ਸਾਹਿਬ ਦੀਆਂ ਧਾਰਮਿਕ ਰੁਚੀਆਂ ਸਨ ਜੋ ਉਨ੍ਹਾਂ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ ਜੀਵਨ-ਇਤਿਹਾਸ ਵਿੱਚੋਂ ਪ੍ਰਾਪਤ ਹੋਈਆਂ ਸਨ।

ਅਮਲੀ ਪਰੋਗਰਾਮ:
ਸੰਨ ੧੮੭੬ ਈ: ਵਿੱਚ ਭਾਈ ਗੁਰਮੁਖ ਸਿੰਘ ਨੇ ਇਹ ਦੇਖ ਕੇ ਕਿ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਚਾਰ ਦਾ ਕੰਮ ਪਿੱਛੇ ਪੈ ਰਿਹਾ ਹੈ, ਤੇ ਗਵਾਂਢੀ ਲੋਕ ਸਿੱਖਾਂ ਦੇ ਮੁਕਾਬਲੇ ਤੇ ਕਾਫੀ ਅੱਗੇ ਵਧ ਗਏ ਹਨ, ਪੰਥਕ ਉਨੱਤੀ ਲਈ ਕੁਝ ਉਸਾਰੂ ਪ੍ਰੋਗਰਾਮ ਉਲੀਕਿਆ ਤੇ ਕੰਵਲ ਬਿਕ੍ਰਮ ਸਿੰਘ ਜੀ ਪਾਸ ਆਪਣੇ ਇਸ ਆਸ਼ੇ ਦਾ ਐਲਾਨ ਕਰ ਦਿੱਤਾ। ਇਸ ਐਲਾਨ ਦੇ ਅਨੁਸਾਰ ਭਾਈ ਸਾਹਿਬ ਦੇ ਇਹ ਆਦਰਸ਼ਕ ਵਿਚਾਰ ਸਨ:

੧. ਪੰਜਾਬੀ ਬੋਲੀ ਵਿੱਚ ਕੌਮੀ ਸਾਹਿੱਤ ਪੈਦਾ ਕਰਨਾ।
੨. ਸਿੱਖਾਂ ਨੂੰ ਧਾਰਮਿਕ ਤੇ ਵਿਹਾਰਿਕ ਵਿਦਿਆ ਦੇਣ ਦਾ ਜਤਨ ਕਰਨਾ।
੩. ਅਨਮਤ ਜਾਂ ਮਨਮਤ ਵਿੱਚ ਘੁਲ ਮਿਲ ਰਹੇ ਸਿੱਖਾਂ ਨੂੰ ਇਸ ਪਾਸਿਓ ਰੋਕ ਕੇ ਪੱਕੇ ਸਿੱਖ ਬਣਾਉਣਾ।
੪. ਵੇਲੇ ਦੀ ਅੰਗਰੇਜ਼ੀ ਹਕੂਮਤ ਦਾ ਬਿਨਾਂ ਵਿਰੋਧ ਕੀਤੇ ਸਿੱਖ ਧਰਮ ਦੇ ਪ੍ਰਚਾਰ ਦੀਆਂ ਜੜ੍ਹਾਂ ਨੂੰ ਪਾਤਾਲ ਵਿੱਚ ਲਾਉਣਾ।

ਭਾਈ ਸਾਹਿਬ ਦੇ ਇਹ ਵਿਚਾਰ ਉਸ ਸਮੇਂ ਦੀ ਨੀਤੀ ਦੇ ਐਨ ਅਨੁਕੂਲ ਸਨ, ਕਿਉਂਕਿ ਇਨ੍ਹਾਂ ਗੱਲਾਂ ਤੋਂ ਬੇਪ੍ਰਵਾਹ ਹੋ ਕੇ ਚੱਲਣ ਨਾਲ ਸਿੱਖਾਂ ਨੂੰ ਨੁਕਸਾਨ ਹੀ ਨੁਕਸਾਨ ਸੀ ਤੇ ਲਾਭ ਕੋਈ ਨਹੀਂ ਸੀ। ਕੰਵਲ ਸਾਹਿਬ ਨੇ ਉਨ੍ਹਾਂ ਦੇ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਹਰ ਤਰ੍ਹਾਂ ਤਨ, ਮਨ ਤੇ ਧਨ ਕਰਕੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

ਪਹਿਲਾ ਯਤਨ:
ਹੁਣ ਭਾਈ ਗੁਰਮੁਖ ਸਿੰਘ ਦਾ ਪਹਿਲਾ ਕੰਮ ਸ੍ਰੀ ਗੁਰੂ ਸਭਾ ਅੰਮ੍ਰਿਤਸਰ ਨੂੰ ਮੁੜ ਨਵੇਂ ਸਿਰਿਓਂ ਸੁਰਜੀਤ ਕਰਨਾ ਸੀ। ਇਸ ਕੰਮ ਦਾ ਮੁੱਢ ਤੋਰਨ ਲਈ ਉਹ ਭਾਈ ਕਰਮ ਸਿੰਘ ਪੁਜਾਰੀ ਨੂੰ ਨਾਲ ਲੈਕੇ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਨੂੰ ਮਿਲੇ। ਸਿੰਘ ਸਭਾ ਦੀ ਉੱਨਤੀ ਦੇ ਨਾਲ ਹੀ ਬਹੁਤ ਜ਼ੋਰ ਉਨ੍ਹਾਂ ਨੇ ਇਸ ਗੱਲ ਤੇ ਦਿੱਤਾ ਕਿ ਅੰਮ੍ਰਿਤਸਰ ਵਿੱਚ ਸਿੱਖ ਲੜਕਿਆਂ ਲਈ ਮਿਸ਼ਨ ਸਕੂਲ ਮੁਕਾਬਲੇ ਤੇ ਇਕ ਵੱਖਰਾ ਮਦਰਸਾ ( ਸਕੂਲ) ਜਾਰੀ ਕੀਤਾ ਜਾਵੇ ਤੇ ਦੂਜੇ ਇਹ ਵੀ ਕਿਹਾ ਕਿ ਅੰਜਮਨਿ ਪੰਜਾਬ ਦੀ, ਜੋ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੀ ਸ਼ਕਲ ਵਿੱਚ ਬਦਲ ਰਹੀ ਸੀ, ਹਰ ਮੁਮਕਨ ਤਰੀਕੇ ਨਾਲ ਸਹਾਇਤਾ ਕੀਤੀ ਜਾਵੇ। ਇਹ ਸਹਾਇਤਾ ਪੰਜਾਬੀ ਬੋਲੀ ਨੂੰ ਉਨਤੀ ਦੇਣ ਲਈ ਸੀ। ਡਾਕਟਰ ਲਾਇਟਨਰ, ਜੋ ਅੰਜਮਨਿ ਪੰਜਾਬ ਦਾ ਮੋਢੀ ਸੀ, ਇਸ ਸਮੇਂ ਭਾਈ ਗੁਰਮੁਖ ਸਿੰਘ ਦਾ ਮਿਤ੍ਰ ਬਣ ਗਿਆ। ਤੀਜੇ ਇਸ ਕੰਮ ਵਿੱਚ ਉਨ੍ਹਾਂ ਨਾਲ ਭਾਈ ਆਇਆ ਸਿੰਘ ਜੀ ਜੁੜ ਗਏ। ਉਪਰੋਂ ਸ੍ਰ: ਠਾਕੁਰ ਸਿੰਘ ਸੰਧਾਵਾਲੀਏ ਨੇ ਸਹਾਇਤਾ ਦਾ ਭਰੋਸਾ ਦਿੱਤਾ। ਸੰਨ ੧੮੭੬ ਵਿੱਚ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਖੁਲ੍ਹਿਆ ਤੇ ਇਸ ਤੋਂ ਅਗਲੇ ਸਾਲ ਸੰਨ ੧੮੭੭ ਵਿੱਚ ਇਨ੍ਹਾਂ ਤਿੰਨਾਂ ਸਜਣਾ ਦੇ ਜਤਨ ਨਾਲ ਓਰੀਐਂਟਲ ਕਾਲਜ ਵਿੱਚ ਪੰਜਾਬੀ ਬੋਲੀ ਪੜ੍ਹਾਈ ਜਾਣੀ ਮਨਜ਼ੂਰ ਹੋ ਗਈ।

ਕਾਲਜ ਦੀ ਸਰਵਸ:
ਪੰਜਾਬੀ ਮਨਜੂਰ ਹੋਣ ਸਾਰ ਹੀ ਭਾਈ ਗੁਰਮੁਖ ਸਿੰਘ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ। ਇਸ ਮੁਲਾਜਮਤ ਵਿੱਚ ਹੋ ਕੇ ਉਹ ਸੰਨ ੧੮੮੫ ਤਕ ਬੀ. ਓ. ਐਲ. ਦੇ ਵਿਦਿਆਰਥੀਆਂ ਨੂੰ ਹਿਸਾਬ, ਇਤਿਹਾਸ ਤੇ ਫਿਲਾਸਫੀ ਦੀ ਪੜ੍ਹਾਈ ਕਰਵਾਂਦੇ ਰਹੇ। ਇਸ ਸਮੇਂ ਦੇ ਦਰਮਿਆਨ ਸੰਨ ੧੮੮੧ ਵਿੱਚ ਪ੍ਰਾਈਵੇਟ ਤੌਰ ਤੇ ਉਂਨ੍ਹਾਂ ਨੇ ਹਿਸਾਬ ਦੇ ਆਨਰਜ਼ ਸਟੈਂਡਰਡ ਦਾ ਫਾਈਨਲ ਇਮਤਿਹਾਨ ਪਾਸ ਕੀਤਾ।

ਸੰਨ ੧੮੮੫ ਤੋਂ ਭਾਈ ਗੁਰਮੁਖ ਸਿੰਘ ਦੀ ਬਦਲੀ ਗਵਰਨਮੈਂਟ ਕਾਲਜ ਵਿੱਚ ਹੋ ਗਈ, ਜਿੱਥੇ ਆਪ ਜੂਨੀਅਰ ਕਲਾਸਾਂ ਨੂੰ ਹਿਸਾਬ ਤੇ ਇਤਿਹਾਸ ਪੜ੍ਹਾਉਣਦੇ ਰਹੇ। ਉਸ ਵੇਲੇ ਵਿਦਿਆ ਦਾ ਏਨਾ ਪ੍ਰਚਾਰ ਨਾ ਹੋਣ ਕਰਕੇ ਪੰਜਾਬੀ ਦਾ ਕੋਈ ਅਧਿਆਪਕ ਮਿਲਣਾ ਬੜਾ ਔਖਾ ਸੀ, ਇਸ ਲਈ ਸੰਨ ੧੮੮੮ ਵਿੱਚ ਆਪ ਫੇਰ ਓਰੀਐਂਟਲ ਕਾਲਜ ਵਿੱਚ ਬਦਲੇ ਗਏ। ਪੰਜਾਬੀ ਕਲਾਸਾਂ ਵਿੱਚ ਉਸ ਸਮੇਂ ਅਜ ਕਲ੍ਹ ਦੀ ਤਰ੍ਹਾਂ ਕਿੱਸੇ ਕਹਾਣੀਆਂ ਨਹੀਂ, ਸਗੋਂ ਵੇਦਾਂਤ ਆਦਿ ਵਿਸ਼ਿਆਂ ਦੇ ਬੜੇ ਗੂੜ੍ਹ ਗ੍ਰੰਥ ਪੜ੍ਹਨੇ ਪੈਂਦੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਤੋਂ ਵਿਦਿਆਰਥੀਆਂ ਦਾ ਜਾਣੂ ਹੋਣਾ ਲਾਜ਼ਮੀ ਸੀ, ਇਸ ਲਈ ਓਰੀਐਂਟਲ ਕਾਲਜ ਵਿੱਚ ਰੋਜ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਤੇ ਗੁਰਮਤਿ ਫਿਲਾਸਫੀ ਉਤੇ ਲੈਕਚਰ ਦਿੱਤੇ ਜਾਂਦੇ ਸਨ।

ਪੰਜਾਬੀ ਪਤ੍ਰਕਾਰੀ:
ਗੁਰਮੁਖ ਸਿੰਘ ਜੀ ਨੇ ਪੰਜਾਬੀ ਪਤ੍ਰਕਾਰੀ ਵਿੱਚ ਵੀ ਪਹਿਲ ਕੀਤੀ ਤੇ ‘ਗੁਰਮੁਖੀ ਅਖ਼ਬਾਰ’ (੧੮੮੦) ਵਿਦਿਆਰਕ ਪੰਜਾਬ (੧੮੮੦) ‘ਰਸਾਲਾ ਸੁਧਾਰਕ’ ਅਤੇ ‘ਖ਼ਾਲਸਾ ਗਜ਼ਟ’ (੧੮੮੬) ਪ੍ਰਕਾਸ਼ਿਤ ਕਰਨੇ ਆਰੰਭੇ। ਇੰਨ੍ਹਾਂ ਤੋਂ ਬਿਨਾਂ ਪੰਜਵਾਂ ਇਕ ਹੋਰ ਪਤ੍ਰ ‘ਖ਼ਾਲਸਾ ਅਖਬਾਰ’ ਸੰਨ ੧੮੮੫) ਵਿੱਚ ਸਿੰਘ ਸਭਾ ਲਾਹੌਰ ਵਲੋਂ ਕੱਢਿਆ। ਇਹ ਪੰਜੇ ਪਤ੍ਰ ਪੰਜਾਬੀ ਬੋਲੀ ਤੇ ਸਾਹਿਤ ਦੇ ਵਾਧੇ ਲਈ ਭਾਈ ਸਾਹਿਬ ਦੇ ਮੋਲਿਕ ਜਤਨਾਂ ਦੇ ਨਤੀਜੇ ਸਨ।

ਗ੍ਰਿਹਸਥੀ ਜੀਵਨ:
ਸੰਨ ੧੮੮੦ ਤੋਂ ੧੮੮੮ ਈ: ਦੇ ਦਰਮਿਆਨ ਸਮੇਂ ਵਿੱਚ ਭਾਈ ਗੁਰਮੁਖ ਸਿੰਘ ਦੀਆਂ ਦੋ ਸ਼ਾਦੀਆਂ ਹੋਈਆਂ। ਪਹਿਲੀ ਸ਼ਾਦੀ ਸਿੰਘ ਸਭਾ ਤੇ ਨਿਯਮਾਂ ਮੁਤਾਬਿਕ ਜ਼ਾਤ ਪਾਤ ਦੇ ਖਿਲਾਫ ਨੂੰ ਇਕ ਪਾਸੇ ਰੱਖ ਕੇ ਪਿੰਡ ਦੋਦਪੁਰ ਵਿੱਚ ਤ੍ਰਖਾਣ ਸਿੰਘਾਂ ਦੇ ਘਰ ਹੋਈ। ਪਿੱਛੋਂ ਥੋੜਾ ਚਿਰ ਹੀ ਅਚਾਣਕ ਉਸ ਸੁਪਤਨੀ ਦਾ ਦਿਹਾਂਤ ਹੋਣ ਤੇ ਦੂਜੀ ਸ਼ਾਦੀ ਆਪ ਨੇ ਪਿੰਡ ਜੰਡੂ ਕੇ ਮੁਤਸਿਲ ਮਾਈਸਰਖਾਨਾ (ਬਠਿੰਡੇ ਦੇ ਨੇੜੇ) ਕੀਤੀ।

ਸ੍ਰੀ ਗੁਰੂ ਗਰੰਥ ਸਾਹਿਬ ਦਾ ਫ਼ਰੀਦਕੋਟੀ ਟੀਕਾ:
ਇਸ ਸਮੇਂ ਦਰਬਾਰ ਫਰੀਦਕੋਟ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਦਾ ਟੀਕਾ ਤਿਆਰ ਕਰਵਾਏ ਜਾਣ ਦਾ ਫੈਸਲਾ ਹੋਇਆ। ਬਹੁਤ ਸਾਰੇ ਵਿਦਵਾਨ ਤੇ ਗੁਣੀ-ਗਿਆਨੀ ਇਸ ਕੰਮ ਲਈ ਇਕੱਠੇ ਕੀਤੇ ਗਏ। ਭਾਈ ਗੁਰਮੁਖ ਸਿੰਘ ਤੇ ਉਨ੍ਹਾਂ ਦੇ ਇਕ ਦੋ ਸਾਥੀ ਵੀ ਇਕੱਠ ਵਿੱਚ ਗਏ। ਉਨ੍ਹਾਂ ਵਿਦਵਾਨਾਂ ਤੇ ਗਿਆਨੀਆਂ ਦੇ, ਜਿਨ੍ਹਾਂ ਵਿਚ ਬਾਬਾ ਸੁਮੇਰ ਸਿੰਘ ਮਹੰਤ ਪਟਨਾ ਸਾਹਿਬ ਵੀ ਸਨ, ਸਨਾਤਨੀ ਢੰਗ ਦੇ ਅਰਥ ਸੁਣਕੇ ਭਾਈ ਗੁਰਮੁਖ ਸਿੰਘ ਨੇ ਰਾਜਾ ਬਿਕ੍ਰਮ ਸਿੰਘ ਨੂੰ ਸਾਫ ਕਹਿ ਦਿੱਤਾ ਕਿ ਆਪ ਦੇ ਗੁਣੀ ਗਿਆਨੀ ਤੇ ਟੀਕਾਕਾਰ ਏਨੀ ਸਮਝ ਨਹੀਂ ਰਖਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹੀ ਅਰਥ ਕਰ ਸਕਣ, ਕਿਉਂਕਿ ਇਨ੍ਹਾਂ ਵਿੱਚ ਖੋਜ ਭਰੀ ਵਿਦਿਆ, ਬੁੱਧੀ ਤੇ ਗੁਰਮਤ ਫਿਲਾਸਫੀ ਦੀ ਪੁਣ-ਛਾਣ ਕਰਨ ਦੇ ਖਾਸ ਘਾਟੇ ਹਨ। ਇਸ ਕਰਕੇ ਟੀਕਾ ਕਰਨ ਦੇ ਕਦਾਚਿਤ ਜੋਗ ਨਹੀਂ ਹਨ। ਇਹ ਖਰੀ ਖਰੀ ਨੁਕਤਾ ਚੀਨੀ ਸੁਣਕੇ ਗਿਆਨੀ ਬਦਨ ਸਿੰਘ ਦੇ ਤਾਂ ਤਨ ਮਨ ਨੂੰ ਅੱਗ ਲੱਗ ਗਈ ਤੇ ਉਸਨੇ ਬੇਦੀ ਖੇਮ ਸਿੰਘ ਪਾਸ ਸ਼ਿਕਾਇਤ ਕਰ ਦਿੱਤੀ । ਰਾਜਾ ਬਿਕ੍ਰਮ ਸਿੰਘ ਹੋਰੀ ਚੂੰਕਿ ਬੇਦੀ ਸਾਹਿਬ ਨਾਲ ਅੱਛੀ ਖ਼ਾਸੀ ਅਕੀਦਤ ਰਖਦੇ ਸਨ, ਇਸ ਲਈ ਉਹ ਭਾਈ ਗੁਰਮੁਖ ਸਿੰਘ ਨੂੰ ਇਸ ਸ਼ੁਭ ਕਾਰਜ ਵਿੱਚ ਰੋਕ ਪਾਉਣ ਵਾਲੇ ਸਮਝ ਕੇ ਉਨ੍ਹਾਂ ਤੇ ਨਾਰਾਜ਼ ਹੋ ਗਏ।

ਭਾਈ ਗੁਰਮੁਖ ਸਿੰਘ ਉਤੇ ਦੂਸ਼ਨ:
ਇਸ ਤੋਂ ਪਿੱਛੋਂ ਭਾਈ ਗੁਰਮੁਖ ਸਿੰਘ ਵਿਰੁੱਧ ਮੌਕੇ ਦੀ ਭਾਲ ਹੋਣ ਲੱਗੀ ਤਾਂ ਜੋ ਉਸ ਤੋਂ ਇਸ ਵਿਰੋਦ ਦਾ , ਜੋ ਧੀਰੇ ਧੀਰੇ ਮਲੀਹ ਦੀ ਅੱਗ ਵਾਂਗੂ ਦੋਹਾਂ ਧਿਰਾਂ ਦੇ ਵਿਚਕਾਰ ਧੁਖਦਾ ਜਾ ਰਿਹਾ ਸੀ, ਬਦਲਾ ਲਿਆ ਜਾਵੇ। ਅਚਾਣਕ ਇਸ ਤੋਂ ਦੋ ਸਾਲ ਪਿੱਛੋਂ ਸੰਨ ੧੮੮੭ ਵਿੱਚ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ, ਜੋ ਵਿਲਾਇਤੋਂ ਮੁੜ ਕੇ ਪਾਂਡੀਚਰੀ ਪਹੁੰਚ ਚੁੱਕੇ ਸਨ, ਚਲਾਣਾ ਕਰ ਗਏ ਤੇ ਏਧਰ ਸਿੰਘ ਸਭਾ ਦੇ ਵੱਡੇ ਮੋਢੀ ਕੰਵਲ ਬਿਕ੍ਰਮ ਸਿੰਘ ਕਪੂਰਥਲਾ, ਦਾ ਦਿਹਾਂਤ ਵੀ ਹੋ ਗਿਆ। ਇਸ ਤੋਂ ਬਿਨਾਂ ਸਿੰਘ ਸਭਾ ਲਾਹੌਰ ਦੇ ਮੁਖੀਆਂ ਵਿੱਚ ਕੁਝ ਫੁੱਟ ਵੀ ਆ ਪਈ। ਇਸ ਤਰ੍ਹਾਂ ਆਪਣਾ ਪੱਖ ਕਮਜ਼ੋਰ ਹੋਣ ਤੇ ਭਾਈ ਗੁਰਮੁਖ ਸਿੰਘ ਇਕੱਲੇ ਹੀ ਇਸ ਮੈਦਾਨ ਵਿੱਚ ਰਹਿ ਗਏ। ਅੰਮ੍ਰਿਤਸਰੀ ਧੜੇ ਨੇ ਇਹ ਸਮਾਂ ਠੀਕ ਸਮਝਿਆ ਤੇ ਭਾਈ ਗੁਰਮੁਖ ਸਿੰਘ ਦੇ ਵਿਰੁੱਧ ਇਕ ਇਸ਼ਤਿਹਾਰ ਛਾਪ ਕੇ ਵੰਡਿਆ ਗਿਆ, ਜਿਸ ਵਿੱਚ ਉਨ੍ਹਾਂ ਉਤੇ ਦੂਸ਼ਣ ਲਾਏ ਗਏ ਸਨ:

(੧) ਭਾਈ ਸਾਹਿਬ ਗੁਰ-ਅੰਸ਼ (ਸਾਹਿਬਜ਼ਾਦਿਆਂ) ਦਾ ਸਨਮਾਨ ਨਹੀਂ ਕਰਦੇ।
(੨) ਜਨਮ ਸਾਖੀ ਬਾਲਾ ਵਿੱਚ ਸੁਮੇਲ ਪਰਬਤ ਨੂੰ ਝੂਠੀ ਕਲਪਨਾ ਮੰਨਦੇ।
(੩) ਬਚਿਤ੍ਰ ਨਾਟਕ ਨੂੰ ਗੁਰਬਾਣੀ ਨਹੀਂ ਮੰਨਦੇ।
(੪) ੨੬, ੨੭, ਫਰਵਰੀ ੧੮੮੭ ਨੂੰ ਸਿੰਘ ਸਭਾ ਲਾਹੌਰ ਦੇ ਜਲਸੇ ਵਿੱਚ ੨੪ ਅਵਤਾਰਾਂ ਦੀਆਂ ਤਸਵੀਰਾਂ ਲਗਾ ਕੇ ਉਂਨ੍ਹਾਂ ਦਾ ਖੰਡਨ ਕਿਊਂ ਕੀਤਾ ਗਿਆ?
(੫) ਇਕ ਹਿੰਦੂਓਂ ਮੁਸਲਮਾਨ ਹੋਏ ਸੱਜਣ ਨੂੰ ਦੀਵਾਨ ਵਲੋਂ ਸਿੰਘ ਸਾਜਿਆ ਗਿਆ।
(੬) ਭਾਈ ਸਾਹਿਬ ਨੇ ‘ਖਾਲਸਾ ਅਖ਼ਬਾਰ’ ਦੇ ਇਕ ਪਰਚੇ ਵਿੱਚ ਲਿਖਿਆ ਕਿ ਗੁਰਦੁਆਰਿਆਂ ਵਿਚ ਸ਼ਸਤਰ-ਪੂਜਾ ਦਾ ਰਿਵਾਜ ਹਿੰਦੂਆਂ ਦੀ ਦੇਖਾ ਦੇਖੀ ਸ਼ੁਰੂ ਹੋਇਆ ਹੈ, ਜੋ ਗੁਰਮਤ ਤੋਂ ਉਲਟ ਹੈ।
(੭) ਜਿਤਨਾ ਚਿਰ ਕੋਈ ਸਿੰਘ ਤਾਬੇ ਨਾ ਬੈਠਾ ਹੋਵੇ ਉਤਨਾ ਚਿਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ।

ਫਰੀਦਕੋਟ ਵਿੱਚ ਇਕੱਠ:
ਸਭ ਤੋਂ ਪਹਿਲਾਂ ਇਨ੍ਹਾਂ ਦੂਸ਼ਣਾਂ ਤੇ ਵਿਚਾਰ ਕਰਨ ਦੀ ਪ੍ਰੇਰਣਾ ਸ੍ਰੀ ਗੁਰੂ ਸਿੰਘ ਸਭਾ ਫਰੀਦਕੋਟ ਨੂੰ ਹੋਈ। ਇਸ ਮੌਕੇ ਤੇ ਗਿਆਨੀ ਬਦਨ ਸਿੰਘ (ਫਰੀਦ ਕੋਟੀ) ਬਾਬਾ ਖੇਮ ਸਿੰਘ ਬੇਦੀ, ਬਾਵਾ ਨਿਹਾਲ ਸਿੰਘ ਲੇਖਕ ‘ ਖ਼ੁਰਸ਼ੀਦ ਖ਼ਾਲਸਾ’ ਤੇ ਉਨ੍ਹਾਂ ਦੇ ਭਰਾ ਬਾਵਾ ਸਰਮੁਖ ਸਿੰਘ ਨੇ ਬੜੀ ਸਰਗਰਮੀ ਨਾਲ ਇਸ ਕੰਮ ਵਿੱਚ ਹਿੱਸਾ ਲਿਆ। ਇਕ ਉਚੇਚਾ ਇਕੱਠ ਫਰੀਦਕੋਟ ਕੀਤਾ, ਜਿਸ ਵਿੱਚ ਸ਼ਾਮਲ ਹੋਣ ਲਈ ਲਾਹੌਰ ਅਤੇ ਅੰਮ੍ਰਿਤਸਰ ਦੇ ਸਭ ਮੁਖੀਏ ਆਪਣੇ ਆਪ ਫ਼ਰੀਦਕੋਟ ਪਹੁੰਚ ਗਏ। ਜਦ ਇਕਤ੍ਰਤਾ ਹੋਈ ਤਾਂ ਫੈਸਲਾ ਕੀਤਾ ਗਿਆ ਕਿ ਭਾਈ ਗੁਰਮੁਖ ਸਿੰਘ ਜਿਤਨਾ ਚਿਰ ਆਪਣੇ ਪਿੱਛੇ ਦੱਸੇ ਗੁਨਾਹ ਨਾ ਬਖ਼ਸ਼ਾਵਾਵੇ ਉਤਨਾ ਚਿਰ ਉਸਨੂੰ ਖ਼ਾਲਸਾ ਪੰਥ ਤੋਂ ਅਲੱਗ ਰੱਖਿਆ ਜਾਵੇ। ਇਸ ਫੈਸਲੇ ਉਤੇ ਰਾਜਾ ਸਾਹਿਬ ਫ਼ਰੀਦਕੋਟ ਤੋਂ ਲੈ ਕੇ ਵੱਡੇ-ਵੱਡੇ ਸੰਤਾਂ ਮਹੰਤਾਂ ਆਦਿ ਸਭ ਨੇ ਦਸਤਖਤ ਕਰ ਦਿੱਤੇ ਤੇ ਪਿੱਛੇ ਇਹ ਵੱਡੀ ਸਭਾ ਦੀ ਮਨਜੂਰੀ ਵਾਸਤੇ ਅੰਮ੍ਰਿਤਸਰ ਭੇਜੀ ਗਈ।

ਭਾਈ ਗੁਰਮੁਖ ਸਿੰਘ ਦਾ ਅਕਾਲ ਤਖਤੋਂ ਛੇਕਿਆ ਜਾਣਾ:
ਵੱਡੀ ਸਭਾ ਅਰਥਾਤ-ਖਾਲਸਾ ਦੀਵਾਨ, ਅੰਮ੍ਰਿਤਸਰ ਵਿੱਚ ਵੀ ਸਭ ਇਕ ਧੜੇ ਦੇ ਹੀ ਆਦਮੀ ਸਨ, ਇਸ ਲਈ ਬਹੁ-ਸੰਮਤੀ ਨਾਲ ਫਰੀਦ ਕੋਟ ਦਾ ਫੈਸਲਾ ਹੀ ਅੱਖਰ ਅਖੱਰ ਸਹੀ ਰੱਖਿਆ ਗਿਆ।

ਸੁਪਨ ਨਾਟਕ ਦਾ ਮੁਕੱਦਮਾ:
ਗਿਆਨੀ ਦਿੱਤ ਸਿੰਘ ਜੀ ਇਸ ਸਮੇਂ ‘ਖਾਲਸਾ ਅਖ਼ਬਾਰ’ ਦੇ ਐਡੀਟਰ ਸਨ। ਉਂਨ੍ਹਾ ਨੇ ਇਸ ਪਤ੍ਰ ਵਿੱਚ ਭਾਈ ਗੁਰਮੁਖ ਸਿੰਘ ਜੀ ਦੀ ਛੇਕ ਛਿਕਾਈ ਬਾਰੇ ਅੰਮ੍ਰਿਤਸਰ ਧੜੇ ਦੀ ਅਸਲੀਅਤ ਆਪਣੇ ਪਾਠਕਾਂ ਨੂੰ ਖੋਲ੍ਹ ਕੇ ਦੱਸੀ। ਫ਼ਰੀਦ ਕੋਟ ਦੇ ਇਕੱਠ ਤੋਂ ਲੈ ਕੇ ਅੰਮ੍ਰਿਤਸਰ ਦੇ ਫ਼ੈਸਲੇ ਤਕ ਭਾਈ ਗੁਰਮੁਖ ਸਿੰਘ ਦੇ ਅਕਾਲ ਤਖਤੋਂ ਖ਼ਾਰਜ ਕੀਤੇ ਜਾਣ ਦਾ ਸਾਰਾ ਕਿੱਸਾ ‘ਸੁਪਨ ਨਾਟਕ’ ਦੇ ਰੂਪ ਵਿੱਚ ਹਾਸ-ਰਸੀ ਢੰਗ ਨਾਲ ਕਲਮਬੰਦ ਕਰਕੇ ਛਾਪਿਆ। ਇਸ ਨਾਟਕ ਵਿੱਚ ਰਾਜਾ ਬਿਕ੍ਰਮ ਸਿੰਘ, ਬਾਬਾ ਖੇਮ ਸਿੰਘ ਬੇਦੀ, ਗਿਆਨੀ ਝੰਡਾ ਸਿੰਘ, ਗਿਆਨੀ ਸੰਤ ਸਿੰਘ ਬਾਬਾ ਸੁਮੇਲ ਸਿੰਘ ਮਹੰਤ ਪਟਨਾ , ਬਾਬਾ ਉਦੇ ਸਿੰਘ ਬੇਦੀ(ਕਪੂਰਥਲਾ) ਆਦਿ ਮੋਢੀਆਂ ਬਾਰੇ ਬੜੀ ਕਨੁਕਤਾਚੀਨੀ ਕੀਤੀ ਤੇ ਸਭ ਦਾ ਮੌਜੂ ਉਡਾਇਆ ਸੀ। ਇਸ ਨਾਟਕ ਦੇ ਪ੍ਰਕਾਸ਼ਤ ਹੋਣ ਤੇ ਬਾਬਾ ਉਦੇ ਸਿੰਘ ਬੇਦੀ ਨੇ ਇਸ ਵਿੱਚ ਆਪਣਾ ਅਪਮਾਨ ਸਮਝਿਆ, ਜਿਸ ਕਰਕੇ ਲਾਹੌਰ ਅਦਾਲਤ ਦਾ ਬੂਹਾ ਜਾ ਖੜਕਾਇਆ। ਹੱਤਕ ਇੱਜ਼ਤ ਦਾ ਮੁਕੱਦਮਾ ਚਲਣ ਤੇ ਦੋਹਾਂ ਧਿਰਾਂ ਦੇ ਗਵਾਹ ਭੁਗਤੇ। ਅੰਤ ਵਿੱਚ ਫੈਸਲਾ ਹੋਣ ਤੇ ਗਿਆਨੀ ਦਿੱਤ ਸਿੰਘ ਨੂੰ ਅਦਾਲਤ ਵਲੋਂ ੫੧ ਰੁਪਏ ਜੁਰਮਾਨਾ ਹੋਇਆ। ਪਿੱਛੋਂ ਉਪਰਲੀ ਅਦਾਲਤ ਵਿੱਚ ਅਪੀਲ ਕਰਨ ਤੇ ਗਿਆਨੀ ਜੀ ਸਾਫ ਬਰੀ ਹੋ ਗਏ ਤੇ ਇਹ ਜੁਰਮਾਨਾ ਵੀ ਮਾਫ ਹੋ ਗਿਆ।

ਖਾਲਸਾ ਕਾਲਜ ਕਿਵੇਂ ਬਣਿਆ?
ਆਰੰਭਕ ਜਤਨ: ਸਿੱਖ ਵਿਦਿਆਕ ਲਹਿਰ, ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ, ਕਿ ਸੰਨ ੧੮੮੦ ਵਿੱਚ ਹੀ ਚੱਲ ਪਈ ਸੀ ਤੇ ਭਾਈ ਗੁਰਮੁਖ ਸਿੰਘ ਨੇ ਖਾਲਸਾ ਕਾਲਜ ਬਣਾਣ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੰਘ ਸਭਾ ਵਿੱਚ ਇਸ ਬਾਰੇ ਇਕ ਪ੍ਰਸਤਾਵ ਵੀ ਰੱਖਿਆ ਤੇ ‘ਗੁਰਮੁਖੀ ਅਖਬਾਰ’ ਵਿੱਚ ਇਸ ਵਿਸ਼ੇ ਤੇ ਲੇਖ ਵੀ ਲਿਖੇ ਗਏ। ਇਸ ਤੋਂ ਪਿਛੋਂ ਸੰਨ ੧੮੮੩ ਈ: ਨੂੰ ਲਾਲਾ ਸੰਤ ਰਾਮ ਦੀ ਕੋਠੀ ਅੰਮ੍ਰਿਤਸਰ ਸਿੱਖਾਂ ਦਾ ਇਕ ਇਕੱਠ ਹੋਇਆ ਜਿਸ ਵਿੱਚ ਪੰਥਕ ਮੁਖੀਆਂ ਅੱਗੇ ਭਾਈ ਗੁਰਮੁਖ ਸਿੰਘ ਨੇ ਖਾਲਸਾ ਕਾਲਜ ਕਾਇਮ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ। ਸਾਰਿਆਂ ਨੇ ਇਤਫਾਕ ਰਾਇ ਨਾਲ ਇਸ ਖਿਆਲ ਦੀ ਪ੍ਰੋੜਤਾ ਕੀਤੀ ਤੇ ਗੁਰਮਤਾ ਪਾਸ ਕਰਕੇ ਇਕ ਕਮੇਟੀ ਨਿਯਤ ਹੋਈ ਜਿਸ ਵਿੱਚ ਬਾਬਾ ਖੇਮ ਸਿੰਘ ਬੇਦੀ ਤੇ ਚਾਰ-ਪੰਜ ਹੋਰ ਸੱਜਣ ਲਏ ਗਏ।

ਸਿੱਖ ਰਈਸਾਂ ਦੀ ਦਿਲੀ ਇੱਛਾ:
ਹੁਣ ਸਿੰਘ ਸਭਾ ਲਾਹੌਰ ਦੇ ਮੋਢੀਆਂ ਦਾ ਉਤਸ਼ਾਹ ਹੋਰ ਵੀ ਵਧਿਆ । ਭਾਈ ਗੁਰਮੁਖ ਸਿੰਘ ਜੀ ਗਵਰਨਮੈਂਟ ਤੋਂ ਇਸ ਕਾਰਜ ਲਈ ਸਹਾਇਤਾ ਮੰਗਣ ਲੱਗੇ। ਸਿੱਖ ਰਿਆਸਤਾਂ ਵਿਚ ਚੰਦਾ ਇਕੱਠਾ ਕਰਨ ਲਈ ਉਨ੍ਹਾਂ ਨੇ ਕਈ ਗੇੜੇ ਲਗਾਏ, ਪਰ ਕੁਝ ਨਿਰਾਸਤਾ ਹੀ ਹੋਈ। ਮਹਾਰਾਜਾ ਫ਼ਰੀਦ ਕੋਟ ਨੇ ਕਿਹਾ, ਜੇ ਮੇਰੇ ਨਾਮ ਤੇ ਕਾਲਜ ਬਣਾਓ ਤਾਂ ਸਹਾਇਤਾ ਮਿਲ ਸਕਦੀ ਹੈ, ਇਸੇ ਤਰ੍ਹਾਂ ਕਈ ਹੋਰ ਰਾਜੇ ਮਹਾਰਾਜੇ ਤੇ ਰਈਸਾਂ ਨੇ ਇੱਛਾ ਪ੍ਰਗਟ ਕੀਤੀ। ਭਾਈ ਗੁਰਮੁਖ ਸਿੰਘ ਨੇ ਸਭ ਨੂੰ ਇਹੋ ਉਤਰ ਦਿੱਤਾ ਕਿ ਕਾਲਜ ਦਾ ਸਾਂਝਾ ਨਾਮ ‘ਖ਼ਾਲਸਾ ਕਾਲਜ’ ਹੀ ਰਹੇਗਾ ਤੇ ਚੰਦਾ ਵੀ ਤੁਹਾਨੂੰ ਦੇਣਾ ਪਵੇਗਾ।

ਖਾਲਸਾ ਕਾਲਜ ਕਿੱਥੇ ਬਣੇ:
ਕਈ ਲੱਖ ਰੁਪਏ ਜਮਾਂ ਹੋਣ ਤੇ ਵਿਚਾਰ ਛਿੜੀ ਕਿ ਖ਼ਾਲਸਾ ਕਾਲਜ ਕਿੱਥੇ ਬਣੇ, ਲਾਹੌਰ ਜਾਂ ਅੰਮ੍ਰਿਤਸਰ? ਖਾਲਸਾ ਦੀਵਾਨ ਲਾਹੌਰ ਦੇ ਮੋਢੀਆਂ ਦੀ ਰਾਇ ਲਾਹੌਰ ਦੇ ਹੱਕ ਵਿਚ ਸੀ ਤੇ ਗਵਰਨਮੈਂਟ ਵੀ ਚਾਹੁੰਦੀ ਸੀ ਕਿ ਇਹ ਕਾਲਜ ਲਾਹੌਰ ਹੀ ਬਣਾਇਆ ਜਾਵੇ। ਥਾਂ ਦੀ ਤਜਵੀਜ਼ ਵੀ ਗਵਰਨਮੈਂਟ ਕਾਲਜ ਤੇ ਡੀ. ਏ. ਵੀ. ਸਕੂਲ ਦੇ ਨੇੜੇ ਤੇੜੇ ਹੀ ਹੋਣ ਲੱਗੀ। ਇਹ ਦੇਖ ਕੇ ਆਰੀਆਂ ਸਮਾਜੀਆਂ ਨੂੰ ਪਿੱਸੂ ਪਏ। ਉਨ੍ਹਾਂ ਨੇ ਸੋਚਿਆ ਕਿ ਜੇ ਖ਼ਾਲਸਾ ਕਾਲਜ ਲਾਹੌਰ ਵਿੱਚ ਹੀ ਬਣ ਗਿਆ ਤਾਂ ਉਨ੍ਹਾਂ ਦੇ ਡੀ.ਏ.ਵੀ. ਕਾਲਜ ਦੀ ਸਕੀਮ ਤਾਂ ਧਰੀ-ਧਰਾਈ ਹੀ ਰਹਿ ਜਾਵੇਗੀ ਕਿਉਂਕਿ ਏਨਾ ਚੰਦਾ , ਇਕੱਠਾ ਕਰਨ ਦੀ ਉਨ੍ਹਾਂ ਵਿੱਚ ਤਾਕਤ ਨਹੀਂ ਸੀ।

ਖ਼ਾਲਸਾ ਕਾਲਜ ਦੀ ਸਥਾਪਨਾ:
ਇਸ ਤੋਂ ਪਿੱਛੋਂ ਫੇਰ ਅੰਮ੍ਰਿਤਸਰ ਬਾਰੇ ਵੀ ਸਵਾਲ ਪੈਦਾ ਹੋਇਆ ਕਿ ਕਾਲਜ ਕਿੱਥੇ ਬਣਾਇਆ ਜਾਵੇ। ਗਵਰਨਮੈਂਟ ਤਾਂ ਰੇਲਵੇ ਸਟੇਸ਼ਨ ਦੇ ਨਾਲ ਹੀ ਰਾਮ ਬਾਗ ਦੀ ਜ਼ਮੀਨ ਇਸ ਸ਼ੁਭ ਕਾਰਜ ਲਈ ਸਿੱਖਾਂ ਨੂੰ ਦੇਣੀ ਚਾਹੁੰਦੀ ਸੀ, ਪਰ ਕੁਝ ਆਗੂਆਂ ਨੇ ਸੋਚਿਆ ਕਿ ਜੇਕਰ ਸ਼ਹਿਰ ਦੇ ਨੇੜੇ ਕਾਲਜ ਬਣ ਗਿਆ ਤਾਂ ਵਿਦਿਆਰਥੀਆਂ ਦੇ ਆਚਰਣ ਉਤੇ ਸ਼ਹਿਰੀ ਜੀਵਨ ਦਾ ਭੈੜਾ ਅਸਰ ਪਵੇਗਾ, ਇਸ ਲਈ ਅੰਮ੍ਰਿਤਸਰ ਤੋਂ ਪੱਛਮ-ਉਤਰ ੪ ਮੀਲ ਦੇ ਫਾਸਲੇ ਤੇ ਲਾਹੌਰ ਨੂੰ ਜਾਣ ਵਾਲੀ ਸੜਕ ਦੇ ਸੱਜੇ ਹੱਥ ਪਿੰਡ ਕੋਟ ਸੈਦ ਮਹਿਮੂਦ ਦੇ ਜ਼ਿਮੀਦਾਰਾਂ ਤੋਂ ੧੦੦ ਏਕੜ ਜ਼ਮੀਨ ਖਰੀਦੀ, ਜਿੱਥੇ ੫ ਮਾਰਚ, ਸੰਨ ੧੮੯੨ ਈ: ਸਰ ਜੇਮਜ਼ ਲਾਇਲ ਲਾਟ ਸਾਹਿਬ ਪੰਜਾਬ ਦੇ ਹੱਥੀਂ ਖ਼ਾਲਸਾ ਕਾਲਜ ਦੀ ਨੀਂਹ ਰੱਖੀ ਗਈ।

ਦੀਵਾਨ ਲਾਹੌਰ ਦੀ ਕਾਮਯਾਬੀ:
ਭਾਈ ਗੁਰਮੁਖ ਸਿੰਘ ਨੂੰ ਅਕਾਲ ਤਖਤ ਤੋਂ ਛੇਕਣ ਦਾ ਜੋ ਨਾਟਕ ਰਚਿਆ ਗਿਆ ਉਹ ਅੰਮ੍ਰਿਤਸਰ ਧੜੇ ਦਾ ਅੰਤਲਾ ਵਾਰ ਸੀ, ਪਰ ਇਸ ਵਿੱਚ ਅਸਫਲਤਾ ਹੀ ਹੋਈ। ਖ਼ਾਲਸਾ ਕਾਲਜ ਬਣਨ ਪਿੱਛੋਂ ਦੀਵਾਨ ਲਾਹੌਰ ਦੀ ਕਾਮਯਾਬੀ ਦੇ ਕਾਰਨ ਉਸ ਦੇ ਪ੍ਰਚਾਰ ਆਦਿ ਦੇ ਕੰਮਾਂ ਵਿੱਚ ਹੋਰ ਵੀ ਤਰੱਕੀ ਹੋਈ ਤੇ ਭਾਈ ਗੁਰਮੁਖ ਸਿੰਘ ਦੀ ਸ਼ੁਹਰਤ ਵਧਣ ਲੱਗੀ।

ਪੁਜਾਰੀਆਂ ਦਾ ਡਰ: ਭਾਈ ਗੁਰਮੁਖ ਸਿੰਘ ਦੇ ਨਾਲ ਬਾਬਾ ਖੇਮ ਸਿੰਘ ਜੀ ਦਾ ਜੋ ਵਖਰੇਵਾਂ ਸੀ ਤਾਂ ਉਹ ਕੇਵਲ ਸਿੱਧਾਂਤਕ ਸੀ, ਹੋਰ ਕੋਈ ਬੁਨਿਆਦੀ ਵਿਰੋਧਤਾ ਨਹੀ ਸੀ, ਪਰ ਕਈ ਪੁਜਾਰੀ ਤੇ ਧਰਮਸਾਲੀਏ ਭਾਈ, ਜਿਨ੍ਹਾਂ ਦੇ ਹੱਥਾਂ ਵਿੱਚ ਗੁਰਦਵਾਰਿਆਂ ਦੀਆਂ ਜਾਇਦਾਦਾਂ ਸਨ, ਭਾਈ ਗੁਰਮੁਖ ਸਿੰਘ ਦੇ ਸੁਧਾਰਕ ਕੰਮਾਂ ਤੋਂ ਬੁਨਿਆਦੀ ਤੌਰ ਤੇ ਵਿਰੁੱਧੀ ਸਨ। ਉਂਨ੍ਹਾਂ ਨੂੰ ਡਰ ਸੀ ਕਿ ਕਿਤੇ ਇਸ ਸੁਧਾਰ ਵਿੱਚ ਉਨ੍ਹਾਂ ਦੀਆਂ ਜਾਇਦਾਦਾਂ ਹੀ ਨਾ ਖੁੱਸ ਜਾਣ, ਇਸੇ ਲਈ ਉਹ ਭਾਈ ਸਾਹਿਬ ਦੇ ਪ੍ਰਚਾਰ ਨੂੰ ਕੈਰੀ ਅੱਖ ਨਾਲ ਦੇਖਦੇ ਸਨ। ਸੋ, ਇਹ ਵਿਰੋਧਤਾ ਵਧਦੀ ਹੀ ਚਲੀ ਗਈ।

ਦੋ ਮਹਿਜਰ ਨਾਮੇ:
ਸੰਨ ੧੮੯੦ ਵਿੱਚ ਜਦ ਖਾਲਸਾ ਕਾਲਜ ਲਈ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ ਕੁਝ ਲੋਕਾਂ ਨੇ ਜਿਨ੍ਹਾਂ ਵਿੱਚ ਪੁਜਾਰੀ ਸਨ, ਇਕ ਮਹਿਜਰ ਨਾਮਾ ਇਸ ਭਾਵ ਦਾ ਤਿਆਰ ਕੀਤਾ ਕਿ ਭਾਈ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਤਨਖਾਹੀਏ ਹਨ, ਇਸ ਲਈ ਇਨ੍ਹਾਂ ਨੂੰ ਚੰਦਾ ਨਾ ਦਿੱਤਾ ਜਾਵੇ, ਪਰ ਜਦ ਇਸ ਦਾ ਅਸਰ ਸਿੱਖ ਜਨਤਾ ਉਤੇ ਕੁਝ ਨਾ ਹੋਇਆ ਤੇ ਖਾਲਸਾ ਕਾਲਜ ਬਣ ਹੀ ਗਿਆ ਤਾਂ ੧੫੦ ਲੋਕਾਂ ਦੇ ਦਸਤਖਤਾਂ ਹੇਠ ਇਕ ਹੋਰ ਦੂਜਾ ਮਹਿਜਰ ਨਾਮਾ ਲਿਖਿਆ ਗਿਆ। ਉਸ ਦਾ ਭਾਵ ਵੀ ਇਹੋ ਸੀ ਕਿ ਭਾਈ ਗੁਰਮੁਖ ਸਿੰਘ ਚ੍ਹੰਕਿ ਸਿੱਖੀਓਂ ਖ਼ਾਰਜ ਹੈ, ਇਸ ਲਈ ਇਸ ਨੂੰ ‘ਕਾਲਜ –ਕੌਂਸਲ ਦਾ ਮੈਂਬਰ ਨਾ ਬਣਾਇਆ ਜਾਵੇ।

ਖ਼ਾਲਸਾ ਪ੍ਰੈਸ ਤੇ ਅਖ਼ਬਾਰ:
ਭਾਈ ਗੁਰਮੁਖ ਸਿੰਘ ਜੀ ਆਪਣੀ ਧੁਨ ਦੇ ਪੱਕੇ ਸਨ ਇਸ ਲਈ ਇਨ੍ਹਾਂ ਕਾਗਜੀ ਹਮਲਿਆਂ ਦਾ ਉਨ੍ਹਾਂ ਦੇ ਦਿਲ ਉਤੇ ਕੋਈ ਵੀ ਅਸਰ ਨਾ ਪਿਆ। ਖ਼ਾਲਸਾ ਕਾਲਜ ਦੀ ਸਥਾਪਨਾ ਤੋਂ ਫਾਰਿਗ ਹੁੰਦਿਆਂ ਹੀ ਉਨ੍ਹਾਂ ਨੇ ‘ਖ਼ਾਲਸਾ ਪ੍ਰੈਸ’ ਤੇ ‘ਖਾਲਸਾ ਅਖਬਾਰ’ ਦਾ ਪ੍ਰਬੰਧ ਨਵੇਂ ਸਿਰਿਓਂ ਠੀਕ ਕੀਤਾ। ‘ਖਾਲਸਾ ਪ੍ਰੈਸ’ ਲਈ ਨਵਾਂ ਟਾਈਪ ਖਰੀਦਿਆ ਅਤੇ ‘ਖਾਲਸਾ ਅਖਬਾਰ’ ਜੋ ਸੰਨ ੧੮੮੭ ਵਿੱਚ ‘ਸੁਪਨ ਨਾਟਕ’ ਦੇ ਮੁਕੱਦਮੇ ਵਿੱਚ ਉਲਝਣ ਕਰ ਕੇ ਕੁਝ ਚਿਰ ਪਿੱਛੋਂ ਬੰਦ ਹੋ ਗਿਆ ਸੀ, ਸੰਨ ੧੮੯੩ ਈ: ਤੋਂ ਫੇਰ ਨਵੇਂ ਸਿਰੇ ਚਾਲੂ ਕੀਤਾ ਗਿਆ।

ਭਾਈ ਗੁਰਮੁਖ ਸਿੰਘ ਦਾ ਅਕਾਲ ਚਲਾਣਾ:
ਸਰਦਾਰ ਗੁਰਮੁਖ ਸਿੰਘ ਜੀ ਏਨੀ ਵੱਡੀ ਉਮਰ ਦੇ ਨਹੀਂ ਸਨ, ਖ਼ਾਲਸਾ ਕਾਲਜ ਦੀ ਜੱਦੋ-ਜਹਿਦ ਦੇ ਦਿਨਾਂ ਵਿੱਚ ਕਮਜੋਰ ਹੋ ਗਏ । ਇਸ ਤੋਂ ਥੋੜਾ ਕੁ ਚਿਰ ਪਿੱਛੋਂ ਉਨ੍ਹਾਂ ਨੂੰ ਕੁਝ ਦਿਲ ਦੀ ਤਕਲੀਫ ਰਹਿਣ ਲੱਗ ਪਈ। ਇਸ ਦੌਰਾਨ ਵਿੱਚ ਕਾਫੀ ਕਰਜੇ ਦਾ ਭਾਰ ਵੀ ਸਿਰ ਤੇ ਚੜ੍ਹ ਗਿਆ। ਆਪਣੀ ਸਿਹਿਤ ਠੀਕ ਕਰਨ ਲਈ ਉਨ੍ਹਾਂ ਨੇ ਪੰਥਕ ਕੰਮਾਂ ਤੋਂ ਇਕ ਸਾਲ ਦੀ ਛੁੱਟੀ ਵੀ ਲਈ, ਪਰ ਇਸ ਦਾ ਕੋਈ ਖ਼ਾਸ ਲਾਭ ਨਾ ਹੋਇਆ।

ਜਦ ਸਿੱਖ ਕੌਮ ਜਰਾ ਧੌਣ ਚੁਕਣ ਜੋਗੀ ਹੋਈ ਤਾਂ ਮੌਤ ਵੀ ਇਸ ‘ਸਿੱਖ ਧਰਮ’ ਦੇ ਸਾਰੇ ਵਿਸ਼ਵਾਸੀ, ਹਿਤੈਸ਼ੀ ਤੇ ਕੌਮ ਦੇ ਤਕੜੇ ਚੌਕੀਦਾਰ, ਪੰਜਾਬੀ ਜਬਾਨ ਦੇ ਮਦਦਗਾਰ, ਦੇ ਚਾਹਵਾਨ ਦੀ ਉਪਮਾ ਤੇ ਸੇਵਾ ਨਾ ਸਹਾਰ ਸਕੀ। ਅੰਤ ੨੪ਨਵੰਬਰ, ਸੰਨ ੧੮੯੮ ਈ: ਨੂੰ, ਜਦ ਉਹ ਮਹਾਰਾਣਾ ਧੌਣ ਪੁਰ ਤੋਂ ਚੰਦਾ ਲੈਣ ਵਾਸਤੇ ਕੰਡੇ ਘਾਟ (ਪਟਿਆਲਾ) ਗਏ ਸਨ, ਤਾਂ ਸ੍ਰੀ ਨਗਰ ਦੇ ਮੁਕਾਮ ਤੇ ਦਿਲ ਦੀ ਹਰਕਤ ਬੰਦ ਹੋ ਜਾਣ ਕਰ ਕੇ ਉਂਨ੍ਹਾਂ ਦਾ ਦੇਹਾਂਤ ਹੋ ਗਿਆ।

ਗੁਣ, ਕਰਮ ਤੇ ਸੁਭਾਉ:
ਭਾਈ ਗੁਰਮੁਖ ਸਿੰਘ ਦੀ ਇਹ ਬੇ-ਵਕਤ ਮੌਤ ਖ਼ਾਲਸਾ ਦੀਵਾਨ ਲਾਹੌਰ ਲਈ ਅਸਹਿ ਸੱਟ ਤੇ ਖਾਲਸਾ ਕਾਲਜ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਸੀ। ਭਾਈ ਸਾਹਿਬ ਸੱਚ ਮੁੱਚ ਹੀ ਸਿੱਖਾਂ ਦੇ ਇਕ ਵੱਡੇ ਆਗੂ ਤੇ ਪੰਥਕ ਭਲਾਈ ਲਈ ਉੱਚੀਆਂ ਸਕੀਮਾਂ ਦੇ ਮਾਲਕ ਸਨ। ਜੇ ਉਨ੍ਹਾਂ ਨੂੰ ਸਿੱਖਾਂ ਦੇ ਸਰ ਸੱਯਦ ਅਹਿਮਦ ਕਿਹਾ ਜਾਵੇ ਤਾਂ ਕੋਈ ਅਯੋਗ ਜਾਂ ਅਣ-ਫਬਦੀ ਉਪਮਾ ਨਹੀਂ ਹੈ। ਭਗਤ ਲਛਮਣ ਸਿੰਘ ਜੀ, ਜਿਨ੍ਹਾਂ ਨੇ ਉਨ੍ਹਾਂ ਨੂੰ ਅੱਖੀਂ ਦੇਖਿਆ ਸੀ, ਪੰਥਕ ਖਿਦਮਤਾਂ ਬਾਰੇ ਉਨ੍ਹਾਂ ਦੀ ਪ੍ਰਸੰਸਾ ਕਰਦੇ ਹੋਏ ਮਾਰਚ ਸੰਨ ੧੯੪੧ ਦੇ ਰਸਾਲਾ ਪੰਜ ਦਰਿਆ (ਲਾਹੌਰ) ਵਿੱਚ ਇੰਜ਼ ਲਿਖਦੇ ਹਨ:

ਸਿੱਖ ਰਜਵਾੜਿਆਂ ਦੀ ਉਦਾਰਤਾ ਤਾਂ ਮੰਨੀ ਪ੍ਰਮੰਨੀ ਕਹਾਵਤ ਹੈ ਤੇ ਉਹ ਆਪਣੇ ਜਤਨਾਂ ਨਾਲ ਸਿੱਖੀ ਪ੍ਰਚਾਰ ਲਈ ਦਿਲ ਖੋਲ੍ਹਕੇ ਦਾਨ ਦੇਂਦੇ ਸਨ, ਪਰ ਕਿਸੇ ਨੂੰ ਕੀ ਪਤਾ ਸੀ ਕਿ ਸਿੱਖਾਂ ਨੂੰ ਮੁੜ ਜਾਗਤ੍ਰ ਕਰਨ ਦਾ ਸੇਹਰਾ ਇਕ ਗਰੀਬ ਸਿੱਖ ਜੱਟ ਦੇ ਸਿਰ ਬੰਨ੍ਹੀਵੇਗਾ। ਮੇਰੀ ਮੁਰਾਦ ਭਾਈ ਗੁਰਮੁਖ ਸਿੰਘ ਤੋਂ ਹੈ, ਜਿਨ੍ਹਾਂ ਨੂੰ ਸਿੱਖੀ ਸੇਵਾ ਦੀ ਉਹ ਲਗਨ ਸੀ ਕਿ ਸ਼ਾਇਦ ਹੀ ਕਿਸੇ ਨੂੰ ਹੋਵੇਗੀ। ਆਪ ਨੇ ਕੌਮ ਨੂੰ ਉਚਾ ਕਰਨ ਦਾ ਉਪਰਾਲਾ ਕੀਤਾ, ਪਰ ਆਪ ਕਦੀ ਉਚੇ ਹੋਣ ਦਾ ਸੁਪਨਾ ਵੀ ਨਹੀਂ ਸੀ ਲਿਆ। ੭੦-੮੦ ਰੁਪੈ ਮਹੀਨਾ ਤਨਖਾਹ ਮਿਲਦੀ ਸੀ...। ਬੱਚੀ ਬੱਚਾ ਕੋਈ ਨਹੀਂ ਸੀ, ਕੇਵਲ ਇਕ ਸਿੰਘਣੀ ਹੀ ਸੀ। ਰੋਟੀ ਕੱਪੜੇ ਤੋਂ ਜੋ ਬਚੇ ਸਿੱਖ ਨੌਜਵਾਨਾਂ ਦੀ ਪੜ੍ਹਈ ਵਿੱਚ ਲਗਦਾ ਸੀ।

ਪ੍ਰੋ: ਗੁਰਮੁਖ ਸਿੰਘ ਜੀ ਦਾ ਇਹ ਸੰਖੇਪ ਜੀਵਨ, ਸਤਿਕਾਰ ਸਹਿਤ “ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਵੱਲੋਂ ਲਿਖੀ ਕਿਤਾਬ, ਸਿੰਘ ਸਭਾ ਲਹਿਰ” ਵਿੱਚੋਂ ਲਿਆ ਗਿਆ ਹੈ। ਬੇਨਤੀ ਹੈ ਕਿ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਇਹ ਕਿਤਾਬ ਪੜ੍ਹੋ ਜੀ।