ਕੀ ਸ੍ਰ. ਹਰੀ ਸਿੰਘ ‘ਰੰਧਾਵੇ ਵਾਲੇ’ ਗੁਰਮਤਿ ਦਾ ਪ੍ਰਚਾਰ ਕਰਦੇ ਹਨ?
ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ
ਪਿਛਲੇ ਹਫਤੇ ਲੋਕਲ ਟੀ. ਵੀ. ਤੇ ਸ੍ਰ. ਹਰੀ ਸਿੰਘ ‘ਰੰਧਾਵੇ ਵਾਲੇ’ ਦਿਨ ਐਤਵਾਰ ਸ਼ਾਮ ਨੂੰ ਅੱਠ ਵਜੇ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਤੇ ਬੋਲਦੇ ਹੋਏ ਇਹ ਕਹਿ ਰਹੇ ਸਨ ਕਿ, “ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲਿ ਜਾਂਹਿ ॥233॥ {ਪੰਨਾ 1377}” ਭਾਂਗ ਦਾ ਮਤਲਬ ਮਾਸ ਹੈ। ਇਹ ਲਫਜ ਗੁਰੂ ਗ੍ਰੰਥ ਸਾਹਿਬ ਵਿਚ ਦੋ ਕੁ ਵਾਰੀ ਆਉਂਦਾ ਹੈ ਤੇ ਦੋਨੋ ਵਾਰੀ ਹੀ ਪ੍ਰੋ. ਸ਼ਾਹਿਬ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ‘ਭਾਂਗ ਦੇ ਅਰਥ ਭੰਗ (ਪੀਣ ਵਾਲਾ) ਨਸ਼ਾ ਹੀ ਕਰਦੇ ਹਨ।
1. ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲਿ ਜਾਂਹਿ ॥233॥ {ਪੰਨਾ 1377} ਪਦ ਅਰਥ:— ਭਾਂਗ—ਭੰਗ । ਮਾਛੁਲੀ—ਮੱਛੀ । ਸੁਰਾ—ਸ਼ਰਾਬ । ਪਾਨ—ਪੀਣਾ । ਪਾਨਿ—ਪੀਣ ਵਾਲਾ (ਜਿਵੇਂ, ‘ਧਨ’ ਤੋਂ ‘ਧਨਿ’=ਧਨ ਵਾਲਾ, ‘ਗੁਣ’ ਤੋਂ ‘ਗੁਣਿ’= ਗੁਣ ਵਾਲਾ) ।ਹੇ ਕਬੀਰ ! ਜੇ ਲੋਕ ‘ਭਗਤਨ ਸੇਤੀ ਗੋਸਟੇ’ ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ।233।
2. ਤਿਲੰਗ ਮਹਲਾ 1 ਘਰੁ 2 ੴ ਸਤਿਗੁਰ ਪ੍ਰਸਾਦਿ ॥ ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥1॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥1॥ ਰਹਾਉ ॥ {ਪੰਨਾ 721} ਪਦ ਅਰਥ :—ਭਉ—ਡਰ, ਅਦਬ । ਭਾਂਗ—ਭੰਗ । ਖਲੜੀ—ਗੁੱਥੀ । ਦੇਵਾਨਾ—ਨਸ਼ਈ, ਮਸਤਾਨਾ । ਅਰਥ :—(ਹੇ ਪ੍ਰਭੂ !) ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ ।1।ਰਹਾਉ। ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ । (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ । ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ ।1।
3. ਭਾਈ ਕਾਹਨ ਸਿੰਘ ਨਾਭਾ ‘ਮਹਾਨ ਕੋਸ਼ ਦੇ ਪੰਨਾ 911 ਤੇ ‘ਭਾਂਗ’ ਦੇ ਅਰਥ ਕਰਦੇ ਹਨ: ਭੰਗਾ. ਸੰਗਯਾ (ਨਾਮ)- ਭੰਗ, ਇਕ ਬੂਟੀ, ਜਿਸ ਵਿਚ ਨਸ਼ਾ ਹੈ। ਦੇਖੋ, ਭੰਗਾ, “ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ” (ਤਿਲੰ. ਮ:1)। ਭਾਂਗ ਦਾ ਹੋਰ ਕੋਈ ਅਰਥ ਨਹੀ। ਸ੍ਰ. ਹਰੀ ਸਿੰਘ (ਰੰਧਾਵੇ ਵਾਲੇ) ਜੀਓ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਤੁਸੀਂ ਕਿਹੜੇ ਵਿਧੀ ਵਿਧਾਨ ਨਾਲ ‘ਭਾਂਗ’ ਦੇ ਅਰਥ ਮਾਸ ਕਰਦੇ ਹੋ? ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਨਹੀ ਲੋਕਾਂ ਨੂੰ ਮਾਸ ਖਾਣੋ ਹਟਾਉਣਾ ਜਾਂ ਮਾਸ ਖਾਣ ਲਾਉਣਾ। ਗੁਰੂ ਜੀ ਦਾ ਵਿਸ਼ਾ ਹੈ ਲੋਕਾਂ ਨੂੰ ਇਨਸਾਨ ਬਣਾਉਣਾ। ਇਸੇ ਕਰਕੇ ਹੀ ਗੁਰੂ ਜੀ ਮਾਸ ਖਾਣ ਵਾਲਿਆਂ ਤੇ ਨਾ ਖਾਣ ਵਾਲਿਆਂ ਦੇ ਝਗੜੇ ਨੂੰ ਦੇਖ ਕੇ ਗੁਰੂ ਸਾਹਿਬ ਫੁਰਮਾਣ ਕਰਦੇ ਹਨ:
ਮਃ 1 ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ...ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥2॥ (ਪੰਨਾ 1289-1290)
ਅਰਥ:— (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ । (ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ । ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ); (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ । ਪਰ, ਹੇ ਨਾਨਕ ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ । ਪਾਠਕ-ਜਨ ਪੰਨਾ 1289-90 ਤੇ ਇਨਾਂ ਤਿੰਨਾਂ ਸਲੋਕਾਂ ਦੇ ਅਰਥ ‘www.gurugranthdarpan.com’ ਤੇ ਜਾ ਕੇ ਪੜ੍ਹ ਸਕਦੇ ਹਨ। ‘ਕਈਆਂ ਨੂੰ ਮਾਂਹ ਮਾਫਕ ਤੇ ਕਈਆਂ ਨੂੰ ਬਾਦੀ’ ਦੇ ਮੁਹਾਵਰੇ ਮੁਤਾਬਕ ਹੋ ਸਕਦਾ ਹੈ ਕਿ ਕੋਈ ਅੰਨ ਖਾ ਹੀ ਨਾ ਸਕਦਾ ਹੋਵੇ।ਟੋਰਾਂਟੋ ਦੇ ਇਲਾਕੇ ਵਿਚ ਜ਼ਿਆਦਾ ਤਰ ਲੋਕ ਪੰਜਾਬੋਂ ਖੇਤੀ ਕਰਦੇ ਹੀ ਆਏ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਘਾਹ ਖਾਣ ਵਾਲੇ ਜਾਨਵਰਾਂ ਦੇ ਸਿਰਫ ਹੇਠਲੇ ਦੰਦ ਹੁੰਦੇ ਹਨ। ਜਿਵੇਂ ਮੱਝ, ਗਾਂ, ਘੋੜਾ, ਬਲਦ, ਬੱਕਰੀ ਆਦਿ ਅਤੇ ਇਨ੍ਹਾਂ ਦੇ ਉੱਪਰਲੇ ਦੰਦ ਤੇ ਸੂਏ ਨਹੀ ਹੁੰਦੇ ਜਿਵੇ: ਸ਼ੇਰ, ਬਘਿਆੜ ਬਿਲੀ, ਕੁੱਤਾ ਆਦਿ ਦੇ ਹੁੰਦੇ ਹਨ। ਜੇ ਹੁਣ ਤੁਸੀਂ ਇਹ ਕਹੋ ਕਿ ਸੱਪ ਦੇ ਸੂਏ ਨਹੀ ਹੁੰਦੇ ਤਾਂ ਜਵਾਬ ਇਹ ਹੋਵੇਗਾ ਕਿ ਸੱਫ ਮਾਸ ਖਾਂਦਾ ਨਹੀ ਬਲਕਿ ਨਿਗਲਦਾ ਹੈ ਤੇ ਰੱਬ ਜੀ ਨੇ ਉਸਦੇ ਪੇਟ ਵਿਚ ਕੋਈ ਅਜਿਹਾ ਵਿਧੀ-ਵਿਧਾਨ ਬਣਾਇਆ ਹੈ ਕਿ ਸੱਪ ਨੂੰ ਮਾਸ ਚਬਾਉਣ ਤੋਂ ਬਗੈਰ ਹੀ ਹਜ਼ਮ ਆ ਜਾਂਦਾ ਹੈ। ਹੁਣ ਵੇਖਣਾ ਇਹ ਹੈ ਕਿ ਕੀ ਆਦਮੀ ਦੇ ਦੰਦਾਂ ਦਾ ਢਾਂਚਾ ਸ਼ੇਰ, ਬਘਿਆੜ ਤੇ ਬਿਲੀ ਵਰਗਾ ਹੈ ਜਾਂ ਮੱਝ, ਗਾਂ, ਖੋਤੇ, ਘੋੜੇ ਵਰਗਾ ਹੈ। ਆਦਮੀ ਦੇ ਦੰਦਾਂ ਦਾ ਢਾਂਚਾ ਸ਼ੇਰ, ਬਘਿਆੜ ਤੇ ਬਿਲੀ ਵਾਲਾ ਹੈ ਇਸ ਕਰਕੇ ਮਨੁੱਖ ਨੂੰ ਕੁਰਦਤ ਨੇ ਮਾਸ ਖਾਣ ਦੀ ਮਨਾਹੀ ਨਹੀ ਕੀਤੀ। ਸਾਨੂੰ ਸੱਭ ਨੂੰ ਇਹ ਵੀ ਪਤਾ ਹੈ ਕਿ ਜਿਨ੍ਹਾਂ ਚਿਰ ਤਕ ਮਨੁੱਖ ਨੇ ਅੱਗ ਦੀ ਕਾਢ ਨਹੀ ਕੱਢੀ ਸੀ ਉਤਨਾ ਚਿਰ ਇਸਦਾ ਖਾਣਾ ਵੀ ਕੱਚਾ ਹੁੰਦਾ ਸੀ ਤੇ ਮਾਸ ਵੀ ਕੱਚਾ ਹੀ ਖਾਂਦਾ ਸੀ। ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥6॥ {ਮ:4, ਪੰਨਾ 130}
ਗੁਰਬਾਣੀ ਨੂੰ ਅਸੀਂ ਜੁਗੋ ਜੁਗ ਅਟੱਲ ਮੰਨਦੇ ਹਾਂ। ਸਿੱਖ ਧਰਮ ਦੀ ਹਿੰਦੂ ਧਰਮ ਨਾਲੋਂ ਇਨ੍ਹਾਂ ਪੰਗਤੀਆਂ ਕਰਕੇ ਵੀ ਵਿਲੱਖਣਤਾ ਹੈ ਕਿ ਰੱਬ ਜੀਵ ਜੰਤੂਆਂ ਦਾ ਭੋਜਨ ਪਹਿਲਾਂ ਪੈਦਾ ਕਰਦਾ ਹੈ ਤੇ ਇਨ੍ਹਾਂ ਨੂੰ ਇਸ ਸੰਸਾਰ ਵਿਚ ਬਾਅਦ ਵਿਚ ਭੇਜਦਾ ਹੈ ਜਦੋਂ ਕਿ ਹਿੰਦੂ ਵੀਰ ਇਸਦੇ ਉਲਟ ਵਿਸ਼ਵਾਸ਼ ਕਰਦੇ ਹਨ। ਹੁਣ ਆਪਾਂ ਉਦਾਹਰਣ ਲੈਂਦੇ ਹਾਂ ਅਲਾਸਕਾ ਦੇ ਐਸਕੀਮੋਜ਼ ਦੀ। ਸਾਈਂਸ ਦੇ ਇਤਨੀ ਤਰੱਕੀ ਕਰਨ ਦੇ ਬਾਵਜੂਦ ਵੀ ਅੱਜ ਤਕ ਉੱਥੇ ਰਹਿ ਰਹੇ ਲੋਕਾਂ ਦੇ ਨਿਰਬਾਹ ਕਰਨ ਲਈ ਸਬਜ਼ੀਆਂ ਤੇ ਅੰਨ ਪੈਦਾ ਨਹੀ ਕੀਤਾ ਜਾ ਸਕਦਾ। ਮਨੁੱਖਾਂ ਦੇ ਖਾਣ ਲਈ ਜੰਗਲੀ ਜਾਨਵਰ ਤੇ ਮੱਛੀਆਂ ਹੀ ਹਨ। ਜੇ ਮਾਸ ਖਾਣਾ ਸਿੱਖ ਧਰਮ ਮੁਤਾਬਕ ਮਾੜਾ ਹੈ ਤਾਂ ਸ੍ਰ. ਹਰੀ ਸਿੰਘ ‘ ਰੰਧਾਵੇ ਵਾਲੇ’ ਜੀਓ ਅਲਾਸਕਾ ਵਿਚ ਮਨੁੱਖੀ ਜੀਵਾਂ ਦੇ ਖਾਣ ਲਈ ਰੱਬ ਜੀ ਨੇ ਸਬਜ਼ੀਆਂ ਕਿਉਂ ਨਹੀ ਪੈਦਾ ਕੀਤੀਆਂ? ਹੁਣ ਤੁਸੀਂ ਇਹ ਵੀ ਨਹੀ ਕਹਿ ਸਕਦੇ ਕਿ ਗੁਰਬਾਣੀ ਅਲਾਸਕਾ ਵਿਚ ਲਾਗੂ ਨਹੀ ਹੁੰਦੀ।
ਸਮੁੰਦਰ ਦੀਆਂ ਮੱਛੀਆਂ ਮੱਛੀਆਂ ਨੂੰ ਖਾ ਕੇ ਹੀ ਗੁਜਾਰਾ ਕਰਦੀਆਂ ਹਨ। ਜੇ ਜਾਨਵਰ ਮਾਰਨੇ ਸ੍ਰ. ਹਰੀ ਸਿੰਘ ‘ਰੰਧਾਵੇ ਵਾਲੇ’ ਜੀਓ ਤੁਹਾਡੇ ਮੁਤਾਬਕ ਪਾਪ ਹਨ ਤਾਂ ਤੁਸੀਂ ਮੱਛੀਆਂ ਨੂੰ ਵੀ ਸਮਝਾਓ ਕਿ ਪਾਪ ਕਰਨੇ ਮਾੜੇ ਹਨ ਤੇ ਮੱਛੀਓ ਤੁਸੀਂ ਹੁਣ ਸਮੁੰਦਰੀ ਪੌਦੇ ਹੀ ਖਾਇਆ ਕਰੋ। ਸਰਦਾਰ ਜੀ ਇਹ ਵੀ ਸੋਚ ਲੈਣਾ ਕਿ ਕਿਤੇ ਪੌਦੇ ਸਬਜ਼ੀਆਂ ਤੇ ਅੰਨ ਦੇ ਦਾਣੇ ਵੀ ਤਾਂ ਜਿਉਂਦੇ ਨਹੀ? ਇਸ ਬਾਰੇ ਗੁਰੂ ਫਰੁਮਾਣ ਇਸ ਤਰ੍ਹਾਂ ਹੈ।
ਸਲੋਕੁ ਮਃ 1 ॥ ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥1॥ {ਪੰਨਾ 472}
ਇਸ ਉੱਪਰ ਲਿਖੇ ਸਲੋਕ ਮੁਤਾਬਕ ਤਾਂ ਸਾਨੂੰ ਗੋਹਾ ਤੇ ਲੱਕੜੀ ਵੀ ਨਹੀ ਬਾਲਣੀ ਚਾਹੀਦੀ ਕਿਉਂਕਿ ਉਸ ਵਿਚ ਕੀੜੇ ਹਨ। ਅੰਨ ਨਹੀ ਖਾਣਾ ਚਾਹੀਦਾ ਕਿਉਂਕਿ ਉੱਸ ਵਿਚ ਵੀ ਕੀੜੇ ਹਨ। ਪਾਣੀ ਨਹੀ ਪੀਣਾ ਚਾਹੀਦਾ ਕਿਉਂਕਿ ਪਾਣੀ ਵੀ ਜਿਉਂਦਾ ਹੈ। ਗੁਰਬਣੀ ਮੁਤਾਬਕ ਅੰਨ ਵਿਚ ਕੀੜੇ ਹਨ ਤਾਂ ਸ੍ਰ. ਹਰੀ ਸਿੰਘ ‘ਰੰਧਾਵੇ ਵਾਲੇ’ ਜੀਓ ਤੁਸੀਂ ਇਹ ਦੱਸਣਾ ਕਿ ਅਸੀਂ ਕੀ ਖਾਈਏ?
ਇੱਸ ਤੋਂ ਪਿਛਲੀ ਵਾਰੀ ਦੀ ਕਥਾ ਦੀ ਤੁਹਾਡੀ ਸੀ. ਡੀ ਮੇਰੇ ਕੋਲ ਹੈ । ਉੱਸ ਵਿਚ ਤੁਸੀਂ ਗੁਰੂ ਨਾਨਕ ਸਾਹਿਬ ਦਾ ਸ਼ਰੀਰ ਪਾਣੀ ਵਾਂਗਰ ਪਿਘਲਿਆ ਕਹਿ ਰਹੇ ਹੋ। ਗੁਰਬਾਣੀ ਦੇ ਕਿਸੇ ਸਲੋਕ ਨਾਲ ਤੁਸੀਂ ਇਸ ਸਿਧਾਂਤ ਦੀ ਪ੍ਰੋੜਤਾ ਕਰ ਸਕਦੇ ਹੋ? ਇਸ ਤੋਂ ਬਾਅਦ ਤੁਸੀਂ ਇਹ ਵੀ ਆਖਦੇ ਹੋ ਕਿ ਭਾਈ ਬਾਲਾ ਜੀ ਤੇ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਸਾਹਿਬ ਵਲੋਂ ਇਹ ਵਰ ਪ੍ਰਾਪੱਤ ਸੀ ਕਿ ਜਦੋਂ ਵੀ ਉਹ ਅਵਾਜ਼ ਮਾਰਨਗੇ ਤਾਂ ਗੁਰੂ ਨਾਨਕ ਸਾਹਿਬ ਹਾਜ਼ਰ ਹੋ ਜਾਣਗੇ। ਪਹਿਲੀ ਗੱਲ ਤਾਂ ਇਹ ਕੇ ਗੁਰਬਾਣੀ ਮੁਤਾਬਕ ਵਰ-ਸਰਾਪ ਨਹੀ ਹਨ। ਦੂਜਾ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਸਾਥੀ ਸੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਮਰਦਾਨੇ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਦਰਜ਼ ਹੈ ਤੇ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਪਉੜੀ 35 ਵਿਚ, ‘ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ’। ਵਾਰ ਗਿਆਰਵੀਂ ਪਉੜੀ 13, ‘ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ’ ਲਿਖਦੇ ਹਨ। ਇਸ ਕਰਕੇ ਭਾਈ ਮਰਦਾਨਾ ਜੀ ਤਾਂ ਹੋਏ ਹਨ ਪਰ ਭਾਈ ਬਾਲਾ ਜੀ ਨਹੀ ਹੋਏ। ਪਰ ਹੁਣ ਤੁਸੀਂ ਇਹੀ ਕਹੋਗੇ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਹੈ। ਇਹ ਸੱਭ ਕਲਪੱਤ ਹੈ ਤੇ ਨਾਲੇ ਝੂਠ।
ਝੂਠ ਬੋਲਣ ਨੂੰ ਗੁਰੂ ਸਾਹਿਬ ਬਾਣੀ ਵਿਚ ਮੁਰਦਾਰ ਖਾਣਾ, ਮਨੁੱਖੀ ਜੀਵ ਦੇ ਮੁਰਦੇ ਸ਼ਰੀਰ ਤੋਂ ਭਾਵ ਬਹੁਤ ਹੀ ਮਾੜਾ, ਫੁਰਮਾਉਂਦੇ ਹਨ।
ਸਲੋਕੁ ਮ: 1 ॥ ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥1॥ {ਪੰਨਾ 140}
ਅਰਥ :—(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ), ਹੇ ਨਾਨਕ ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ਕਿ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ ।1।
ਸਰਦਾਰ ਜੀ ਹੁਣ ਦੇਖਣਾ ਇਹ ਹੈ ਕਿ ਕਿਤੇ ਅਸੀਂ ਐਸਾ ਪ੍ਰਚਾਰ ਹੀ ਤਾਂ ਨਹੀ ਕਰ ਰਹੇ? ਟੀ.ਵੀ. ਤੇ ਤੁਸੀਂ ਇਹ ਵੀ ਬਿਆਨ ਕੀਤਾ ਕਿ ਮਨੁੱਖਾ ਸਰੀਰ ਨਾਲ ਸੰਤ ਲਫਜ਼ ਲੱਗ ਸਕਦਾ ਹੈ। ਪੰਗਤੀਆਂ ਹਨ:
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ, ਹਰਨਾਖਸੁ ਨਖ ਬਿਦਰਿਓ ॥3॥ ਘਰ ਕੇ ਦੇਵ, ਪਿਤਰ ਕੀ ਛੋਡੀ, ਗੁਰ ਕੋ ਸਬਦੁ ਲਇਓ ॥ ਕਹਤ ਕਬੀਰੁ, ਸਗਲ ਪਾਪ ਖੰਡਨੁ, ਸੰਤਹ ਲੈ ਉਧਰਿਓ ॥4॥4॥ {ਪੰਨਾ 856}
ਆਓ ਹੁਣ ਦੇਖੀਏ ਕਿ ਕਿਹੜੇ ਸਰੀਰ ਨਾਲ ਲਫਜ਼ ਸੰਤ ਲੱਗ ਸਕਦਾ ਹੈ?
ਮਾਰੂ ਮਹਲਾ 5 ॥ ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥ ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥1॥ ਮਨ ਮੇਰੇ ਰਾਮ ਰਉ ਨਿਤ ਨੀਤਿ ॥ ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥1॥ ਰਹਾਉ ॥ {ਪੰਨਾ 1017-1018}
ਅਰਥ :—ਹੇ ਮੇਰੇ ਮਨ ! ਦਇਆਲ, ਪ੍ਰਕਾਸ਼-ਰੂਪ, ਕਿਰਪਾਲ ਗੋਬਿੰਦ ਦੇ (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੁ (ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ ? ਉਹਨਾਂ) ਸੰਤ ਜਨਾਂ ਦੀ ਜੀਵਨ-ਮਰਯਾਦਾ ਸੁਣ ।1।ਰਹਾਉ। (ਹੇ ਮੇਰੇ ਮਨ ! ਜਿਸ ਮਨੁੱਖ ਨੇ ਰੁੱਖ ਨੂੰ ਕਿਸੇ) ਤੇਜ਼ ਹਥਿਆਰ ਨਾਲ ਕੱਟ ਸੁੱਟਿਆ (ਰੁੱਖ ਨੇ ਆਪਣੇ) ਮਨ ਵਿਚ (ਉਸ ਉੱਤੇ) ਗੁੱਸਾ ਨਾਹ ਕੀਤਾ, (ਸਗੋਂ ਰੁੱਖ ਨੇ) ਉਸ ਦਾ ਕੰਮ ਸਵਾਰ ਦਿੱਤਾ, ਤੇ, (ਉਸ ਨੂੰ) ਰਤਾ ਭਰ ਭੀ ਕੋਈ ਦੋਸ਼ ਨਾਹ ਦਿੱਤਾ ।1। (ਹੇ ਮੇਰੇ ਮਨ ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ, ਭਿਆਨਕ ਸਮੁੰਦਰ (ਦਰੀਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ ।2। (ਹੇ ਮੇਰੇ ਮਨ ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ; ਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੁੱਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ ।3। (ਹੇ ਮੇਰੇ ਮਨ !) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ । (ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ।
ਆਸਾ ਮਹਲਾ 5 ॥ ਆਠ ਪਹਰ ਨਿਕਟਿ ਕਰਿ ਜਾਨੈ ॥ ਪ੍ਰਭ ਕਾ ਕੀਆ ਮੀਠਾ ਮਾਨੈ ॥ ਏਕੁ ਨਾਮੁ ਸੰਤਨ ਆਧਾਰੁ ॥ ਹੋਇ ਰਹੇ ਸਭ ਕੀ ਪਗ ਛਾਰੁ ॥1॥ ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥1॥ ਰਹਾਉ ॥ ਵਰਤਣਿ ਜਾ ਕੈ ਕੇਵਲ ਨਾਮ ॥ ਅਨਦ ਰੂਪ ਕੀਰਤਨੁ ਬਿਸ੍ਰਾਮ ॥ ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥2॥ ਕੋਟਿ ਕੋਟਿ ਅਘ ਕਾਟਨਹਾਰਾ ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥3॥ ਤਾ ਕਾ ਸੰਗੁ ਬਾਛਹਿ ਸੁਰਦੇਵ ॥ ਅਮੋਘ ਦਰਸੁ ਸਫਲ ਜਾ ਕੀ ਸੇਵ ॥ ਕਰ ਜੋੜਿ ਨਾਨਕੁ ਕਰੇ ਅਰਦਾਸਿ ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥4॥37॥88॥ {ਪੰਨਾ 392}
ਸਾਧ ਧੰਨਵੰਤ ਸਿੰਘ ਦੇ ਬਲਾਤਕਾਰ ਦੀ ਕਹਾਣੀ, ਮਾਨ ਸਿੰਘ ਪੇਹੋਵੇ ਵਾਲੇ ਦੀ ਬਾਥਰੂਮ ਵਾਲੀ ਗਾਥਾ ਹੁਣੇ ਹੁਣੇ ਅਖਬਾਰ ਵਿਚ ਛਪੀ ਸੀ ਤੇ ਬਾਕੀ ਸਾਖੀਆਂ ਪਹਿਲਾਂ ਛੱਪ ਚੁਕੀਆਂ ਹਨ, ਭਨਿਆਰੇ ਵਾਲੇ ਤੇ ਨੂਰ ਮਹਿਲੀਆਂ ਦੀਆਂ ਕਹਾਣੀਆਂ, ਸੱਚੇ ਸੌਦੇ ਵਾਲੇ ਰਾਮ ਰਹੀਮ ਸਿੰਘ ਦੀਆਂ 50 ਕੁ ਰਖੇਲਾਂ ਦੀਆਂ ਕਹਾਣੀਆਂ ਅਸੀਂ ਸੁਣ ਚੁੱਕੇ ਹਾਂ। ਢੱਢਰੀਆਂ ਵਾਲੇ ਦੀਆਂ ਸਿੱਧੀਆਂ ਧਾਰਣਾਂ, ਗੁਰੂ ਬਾਣੀ ਨੂੰ ਵਿਗਾੜ ਕੇ, ਗਾਉਂਦੇ ਨੂੰ ਅਸੀਂ ਸੁਣ ਚੁੱਕੇ ਹਾਂ। ਇੱਸ ਕੱਲ੍ਹ ਦੇ ਮੁੰਡੇ ਨੂੰ ਤਾਂ ਗੁਰਬਾਣੀ ਪੜ੍ਹਨੀ ਵੀ ਨਹੀ ਆਉਂਦੀ ਤੇ ਨਾਮ ਨਾਲ ਸੰਤ। ਸੰਤ ਮੱਖਣ ਸਿੰਘ ਜੋ ਤੁਹਡੇ ਸੰਤ ਸਮਾਜ ਦੇ ਸਾਥੀ ਹਨ ਇੰਗਲੈਂਡ ਤੇ ਇੱਥੇ ਕਿਸੇ ਵੀ ਗੁਰਦੁਆਰੇ ਆ ਕੇ ਕਥਾ ਨਹੀ ਕਰ ਸਕਦੇ। ਉਹ ਛੁਪ ਛਪਾ ਕੇ ਆਉਂਦੇ ਹਨ ਤੇ ਘਰੋ ਘਰੀ ਜਾ ਕੇ ਡਾਲਰ ਇਕੱਠੇ ਕਰ ਕੇ ਮੁੜ ਜਾਂਦੇ ਹਨ। ਕੀ ਇਹ ਸਾਰੇ ਤੁਹਾਡੇ ਸੰਤ ਸਮਾਜ ਦੇ ਸੰਤ ਹਨ? ਇਨ੍ਹਾਂ ਵਿਚੋਂ ਕੋਈ ਵੀ ਇਨ੍ਹਾਂ ਉੱਪਰ ਲਿਖੇ ਦੋ ਸਲੋਕਾਂ ਵਾਲ਼ੀ ਸੰਤ ਦੀ ਪ੍ਰੀਭਾਸ਼ਾ ਤੇ ਪੂਰਾ ਉਤਰਦਾ ਹੈ? ਨਹੀ। ਇਸ ਕਰਕੇ ਕਿਸੇ ਸਰੀਰ ਨਾਲ ਸੰਤ ਲਫਜ਼ ਦਾ ਵਰਤਣਾ ਗਲਤ ਹੈ।