ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਬਾਬੇ ਮੋਹਨ ਕੋਲੋਂ ਬਾਣੀ ਦੀਆਂ ਪੋਥੀਆਂ ਲੈ ਕੇ ‘ਆਦਿ ਗ੍ਰੰਥ’ ਦੀ ਰਚਨਾ ਕਰਨ ਵਾਲੀ ਕਹਾਣੀ ਵੀ ਝੂਠੀ।

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਅਤਿ ਦਰਜ਼ੇ ਦੀ ਅੰਨੀ ਸ਼ਰਧਾ ਤੇ ਅਗਿਆਨਤਾ ਕਾਰਨ ਸਿੱਖਾਂ ਨੇ ਉਹ ਸੱਭ ਕੁੱਝ ਸੁਣ ਕੇ ਆਪਣੇ ਖਾਲੀ ਖਜ਼ਾਨੇ ਵਿਚ ਪਾ ਲਿਆ ਜੋ ਗੁਰੂ ਸਾਹਿਬਾਨ ਦੀ ਤੌਹੀਨ ਵੀ ਕਰਦਾ ਹੈ ਤੇ ਸਿੱਖ ਸਿਧਾਤਾਂ ਦੇ ਉਲਟ ਵੀ ਜਾਂਦਾ ਹੈ। ਸਰਸਰੀ ਨਜ਼ਰ ਮਾਰਿਆਂ ਵੀ ਪਤਾ ਚੱਲਦਾ ਹੈ ਕਿ ਬਾਬੇ ਮੋਹਨ ਵਾਲੀ ਕਹਾਣੀ ਸਿੱਖ ਗੁਰੂ ਸਹਿਬਾਨ ਦੀ ਨਿਖੇਧੀ ਕਰਨ ਵਾਸਤੇ ਘੜੀ ਗਈ ਹੈ।

ਦੁਨੀਆਂ ਦਾ ਕੋਈ ਵੀ ਐਸਾ ਕਵੀ ਨਹੀ ਜਿਸਨੇ ਇੱਕ ਜਾਂ ਦੋ ਦੋਹਿਰੇ ਲਿਖੇ ਹੋਣ ਤੇ ਕਦੀ ਕਿਸੀ ਨੂੰ ਸੁਣਾਏ ਜਾਂ ਪੜ੍ਹਾਏ ਨਾ ਹੋਣ ਤੇ ਬਾਅਦ ਵਿਚ ਸਾਂਭ ਕੇ ਨਾ ਰੱਖੇ ਹੋਣ। ਜੇ ਇਹ ਸੱਚ ਹੈ ਤਾਂ ਮੇਰਾ ਪਹਿਲਾ ਸਵਾਲ ਸਿੱਖ ਸੰਗਤਾਂ ਨੂੰ ਇਹ ਹੈ ਕਿ ‘ਅਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਮਾੜੇ-ਮੋਟੇ ਕਵੀ ਵਰਗਾ ਵੀ ਨਹੀ ਸਮਝਦੇ ਜਦੋਂ ਉਨ੍ਹਾਂ ਦੀ ਆਪਣੀ ਰਚਨਾ ਉਨ੍ਹਾਂ ਦੇ ਉਤਰ-ਅਧਿਕਾਰੀ, ਬਾਬਾ ਲਹਿਣਾ ਜੀ, ਕੋਲ ਪਹੁੰਚਣ ਤੋਂ ਇਨਕਾਰੀ ਹੁੰਦੇ ਹਾਂ? ਇਸ ਤਰ੍ਹਾਂ ਕਰਕੇ ਅਸੀਂ ਗੁਰੂ ਸਾਹਿਬਾਨ ਨੂੰ ਅਲਗਰਜ਼ ਤੇ ਘਟੀਆ ਪ੍ਰਬੰਧਕ ਵੀ ਸਾਬਤ ਕਰਦੇ ਹਾਂ?’ ਜਦੋਂ ਹੀ ਐਸੇ ਕੁੱਝ ਸਵਾਲ ਸਿੱਖਾਂ ਦੇ ਮਨ ਵਿਚ ਉਤਪੱਨ ਹੋ ਜਾਣਗੇ ਤਦੋਂ ਹੀ ਸਿੱਖ ਗੁਰੂ ਸਾਹਿਬਾਨ ਦਾ ਸਿਧਾਂਤ ਸਮਝਣ ਵੱਲ ਤੁਰ ਪੈਣਗੇ। ਗੁਰੂ ਨਾਨਕ ਸਾਹਿਬ ਜਦੋਂ ਬਾਬਾ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਾ ਕੇ, ਗੁਰੂ ਪਦਵੀ ਦੀ ਬਖਸ਼ਿਸ਼ ਕਰਕੇ, ਅੰਗਦ ਦੇਵ ਬਣਾਕੇ, ਖਜ਼ਾਨੇ ਦੀ ਬਖਸ਼ਿਸ਼ ਕਰਦੇ ਹਨ ਤਾਂ ਇਹ ਖਜ਼ਾਨਾ ਓਹੀ ਸੀ ਜਿਸਦਾ ਗੁਰੂ ਅਰਜਨ ਦੇਵ ਜੀ ਗੁ. ਗ੍ਰੰ. ਸ਼ਾਹਿਬ ਦੇ ਪੰਨਾ 186 ਤੇ ਕਰਦੇ ਹਨ। ਕਰਤਾਰ ਪੁਰ ਦੀ ਜ਼ਮੀਨ ਜਾਇਦਾਦ ਤਾਂ ਗੁਰੂ ਨਾਨਕ ਸਾਹਿਬ ਸ੍ਰੀ ਚੰਦ ਤੇ ਲੱਖਮੀ ਚੰਦ ਹੋਰਾਂ ਵਾਸਤੇ ਹੀ ਛੱਡ ਦਿੰਦੇ ਹਨ ਤਾਂਕਿ ਇਹ ਇੱਥੇ ਹੀ ਟਿਕੇ ਰਹਿਣ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਥਾਪੇ ਗਏ ਗੁਰੂ ਅੰਗਦ ਦੇਵ ਜੀ ਦੇ ਰਾਹ ਵਿਚ ਰੋੜਾ ਨਾ ਬਣਨ। ਆਓ ਹੁਣ ਬਾਣੀ ਵਿਚੋਂ ਸਬੂਤ ਲੱਭੀਏ ਕਿ ਇੱਕ ਗੁਰੂ ਜੀ ਨੇ ਆਪਣੇ ਹੱਥੀਂ ਆਪਣਾ ਅਨਮੋਲ ਖਜ਼ਾਨਾ ਦੂਸਰੇ ਗੁਰੂ ਜੀ ਦੇ ਸਪੁਰਦ ਕੀਤਾ।

ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਦੀ ਬਣੀ ਵਿਚਲੀ ਸਾਂਝ। ਗੁਰੂ ਅੰਗਦ ਦੇਵ ਜੀ ਨੇ 62-63 ਸਲੋਕ ਹੀ ਉਚਾਰੇ ਹਨ। ਖਿਆਲਾਂ ਦੀ ਸਾਂਝ ਤਾਂ ਗੁਰੂ ਸਾਹਿਬਾਨ ਦੀ ਬਾਣੀ ਵਿਚ ਹੈ ਹੀ। ਪਰ ਅਗਲੇ ਦੋ ਸਲੋਕਾਂ ਦੀ ਅੱਖਰਾਂ ਦੀ ਸਾਂਝ ਇਹ ਦੱਸਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਦੇਵ ਜੀ ਕੋਲ ਮੌਜੂਦ ਸੀ।

ਸਲੋਕੁ ॥ਜਪੁ॥ ਪੰਨਾ 8॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥ ਮ: 2 ॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥2॥ {ਪੰਨਾ 146}

ਇਨ੍ਹਾਂ ਸਲੋਕਾਂ ਵਿਚ ਪਵਣੁ ਤੇ ਪਉਣ, ਦਿਵਸੁ ਤੇ ਦਿਨਸੁ, ਵਾਚੈ ਤੇ ਵਾਚੇ, ਕੇਤੀ ਤੇ ਹੋਰ ਕੇਤੀ ਦਾ ਫਰਕ ਹੈ। ਅੱਖਰਾਂ ਦੀ ਇਤਨੀ ਸਾਂਝ ਸਬਬ ਨਾਲ ਨਹੀ ਬਣ ਜਾਂਦੀ। ਇਹ ਸਬੂਤ ਹੈ ਕਿ ਗੁਰੂ ਸਹਿਬਾਨ ਆਪਣੀ ਬਾਣੀ ਸਾਂਭ ਕੇ ਰੱਖਦੇ ਤੇ ਅਗਲੇ ਗੁਰ ਵਿਆਕਤੀ ਨੂੰ ਆਪਣੇ ਹੱਥੀਂ ਇਹ ਅਨਮੋਲ ਖਜ਼ਾਨਾ ਦੇ ਜਾਂਦੇ।

ਪਉੜੀ॥ ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ॥ ਵਾਰ ਆਸਾ, ਮ:1, ਪੰਨਾ 474॥ ਸਲੋਕੁ ਮਹਲਾ 2 ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ {ਪੰਨਾ 474} ਪਉੜੀ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥ 22॥ {ਮ:1, ਪੰਨਾ 474} ਮਹਲਾ 2॥ ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥ ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ॥3॥ {ਪੰਨਾ 474} ਅੱਖਰਾਂ ਤੇ ਖਿਆਲਾਂ ਦੀ ਸਾਂਝ ਇਹ ਦਰਸਾਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਦੇਵ ਜੀ ਪਾਸ ਮੌਜੂਦ ਸੀ।

ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਵਿਚਲੀ ਸਾਂਝ।

ਸਲੋਕੁ ਮ: 1॥ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥1॥ {ਪੰਨਾ 145} ਮ: 3॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ 2॥ {ਪੰਨਾ 145}

ਗੁਰੂ ਗ੍ਰੰਥ ਸਾਹਿਬ ਦੀ ਲਿਖਣ ਵਿਧੀ ਇਹ ਹੈ ਕਿ ਸੱਭ ਤੋਂ ਪਹਿਲਾਂ, ਕਿਸੇ ਵੀ ਰਾਗ ਵਿਚ, ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਮੌਜੂਦ ਹੈ ਤਾਂ ਉੱਸ ਨੂੰ ਦਰਜ਼ ਕੀਤਾ ਜਾਂਦਾ ਹੈ। ਫਿਰ ਦੂਜੇ ਗੁਰੂ, ਫਿਰ ਤੀਜੇ, ਫਿਰ ਚੌਥੇ, ਫਿਰ ਪੰਜਵੇਂ ਤੇ ਨੌਂਵੇ ਪਾਤਸ਼ਾਹ ਦੀ ਬਾਣੀ ਦਰਜ਼ ਹੈ। ਪਰ ਪੰਨਾ 145 ਤੇ ਇਸ ਵਿਧੀ ਨੂੰ ਤੋੜ ਕੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਤੀਸਰੇ ਪਾਤਸ਼ਾਹ ਦਾ ਇੱਕ ਸਲੋਕ ਲਿਖ ਕੇ ਫਿਰ ਤੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਰਜ਼ ਕਰਦੇ ਹਨ। ਮਤਲਬ ਸਾਫ ਹੈ ਕਿ ਤੀਸਰੇ ਪਾਤਸ਼ਾਹ ਦਾ ਇਹ ਸਲੋਕ ਗੁਰੂ ਨਾਨਕ ਸਾਹਿਬ ਦੇ ਉੱਪਰ ਲਿਖੇ ਸਲੋਕ ਦੀ ਪ੍ਰਥਾਏ ਹੈ। ‘ਕਹੁ ਨਾਨਕ ਕਿਨਿ ਬਿਧਿ ਗਤਿ ਹੋਈ’ ਲਿਖ ਕੇ ਪਹਿਲੇ ਪਾਤਸ਼ਾਹ ਸਲੋਕ ਵਿਚ ਇਹ ਪੁੱਛ ਕਰਦੇ ਹਨ ਕਿ ਕਿਹੜੀ ਵਿਧੀ ਨਾਲ ਇਸ ਮਨੁੱਖੀ ਜੀਵ ਦੀ ਆਪਣੇ ਭੈੜੇ ਸੁਭਾਓ ਤੋਂ ਖਲਾਸੀ ਹੋਵੇ। ਇਸਦਾ ਉੱਤਰ ਤੀਸਰੇ ਪਿਤਾ ਆਪਣੇ ਸਲੋਕ ਵਿਚ ਦਿੰਦੇ ਹਨ ਕਿ ਪ੍ਰਮਾਤਮਾ ਦੀ ਸਿਫਤ ਸਲਾਹ/ ਪ੍ਰਮਾਤਮਾ ਦੇ ਗੁਣਾਂ ਨੂੰ ਅਪਣਾਉਣ ਨਾਲ ਹੀ ਜੀਵ ਆਪਣੇ ਭੈੜੈ ਸੁਭਾਓ ਤੋਂ ਛੁਟਕਾਰਾ ਪਾ ਸਕਦਾ ਹੈ।

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ 27॥ ਮਹਲਾ 3॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ 28॥ (ਪੰਨਾ 1412)

ਹੇ ਭਾਈ ! ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤਿ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ।27। ਮਹਲਾ 3 । ਹੇ ਭਾਈ ! (ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ।28। ਇਹ ਬਾਣੀ ਸਲੋਕ ਵਾਰਾਂ ਤੇ ਵਧੀਕ ਤੇ ਸਿਰਲੇਖ ਹੇਠਾਂ ਦਰਜ਼ ਹੈ। ਪਹਿਲੀ ਪੰਗਤੀ ਗੁਰੂ ਨਾਨਕ ਸਾਹਿਬ ਤੇ ਦੂਸਰੀ ਪੰਗਤੀ ਤੀਸਰੇ ਪਾਤਸ਼ਾਹ ਦੀ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ। ਇਹ ਤਰਤੀਬ ਇਹ ਦੱਸਦੀ ਹੈ ਕਿ ਤੀਸਰੀ ਪਾਤਸ਼ਾਹੀ ਕੋਲ ਪਹਿਲੇ ਪਾਤਸ਼ਾਹ ਦੀ ਬਾਣੀ ਮੌਜੂਦ ਸੀ। ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ 31 ਰਾਗਾਂ ਵਿਚੋਂ ਗੁਰੂ ਨਾਨਕ ਸਾਹਿਬ ਨੇ ਸਿਰਫ 19 ਰਾਗਾਂ ਵਿਚ ਬਾਣੀ ਉਚਾਰੀ। ਉਹ ਹਨ: ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਿਠ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੇਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ। ਤੀਸਰੇ ਪਾਤਸ਼ਾਹ ਤਿਲੰਗ ਤੇ ਤੁਖਾਰੀ ਰਾਗ ਨੂੰ ਛੱਡ ਕੇ ਬਾਕੀ 17 ਰਾਗਾਂ ਵਿਚ ਹੀ ਬਾਣੀ ਉਚਾਰਦੇ ਹਨ। ਇਹ ਸਬਬ ਨਾਲ ਨਹੀ ਸਗੋਂ ਪਹਿਲੇ ਤੇ ਦੂਜੇ ਪਿਤਾ ਦੀ ਬਾਣੀ ਤੀਸਰੇ ਕੋਲ ਮੌਜੂਦ ਸੀ।

ਰਾਗ ਆਸਾ ਵਿਚ ਗੁਰੂ ਨਾਨਕ ਸਾਹਿਬ ਪੱਟੀ ਲਿਖਦੇ ਹਨ ਤੇ ਇਸੇ ਹੀ ਰਾਗ ਵਿਚ ਤੀਸਰੇ ਪਾਤਸ਼ਾਹ ਵੀ ਪੱਟੀ ਲਿਖਦੇ ਹਨ। ਇਸੇ ਹੀ ਤਰ੍ਹਾਂ ਕਬੀਰ ਸਾਹਿਬ ਗਉੜੀ ਰਾਗ ਵਿਚ ਬਾਵਨ ਅੱਖਰੀ, ਪੰਨਾ 340, ਤੇ ਲਿਖਦੇ ਹਨ ਤੇ ਗੁਰੂ ਅਰਜਨ ਦੇਵ ਜੀ ਇਸੇ ਹੀ ਰਾਗ ਵਿਚ, ਪੰਨਾ 250, ਤੇ ਆਪਣੀ ਬਾਣੀ ਬਾਵਨ ਅੱਖਰੀ ਉਚਾਰਦੇ ਹਨ ਜੋ ਸੁਖਮਨੀ ਤੋਂ ਪਹਿਲਾਂ ਦਰਜ਼ ਹੈ।

ਪਹਿਲੇ ਗੁਰਾਂ ਦੀ ਬਾਣੀ ਦੂਜੇ ਗੁਰਾਂ ਕੋਲ ਹੋਣ ਦਾ ਸੱਭ ਤੋਂ ਵੱਡਾ ਸਬੂਤ ‘ਮਾਰੂ ਸੋਲਹੇ’ ਹਨ। ਜੇ ਗੁਰੂ ਨਾਨਕ ਸਾਹਿਬ ਦੇ ਮਾਰੂ ਸੋਲਹਿਆਂ ਵਿਚ ਪੰਨਾ 1020 ਤੇ ਤਰਜ਼ ਮੁਕਰਾਈ ਹੇ/ ਮਿਲਾਈ ਹੇ/ ਰਜਾਈ ਹੇ ਹੈ ਤਾਂ ਤੀਸਰੇ ਪਾਤਸ਼ਾਹ ਨੇ ਵੀ ਪੰਨਾ 1043 ਤੇ ਸਮਾਈ ਹੇ/ ਮਿਲਾਈ ਹੇ/ ਬੁਝਾਈ ਹੇ ਅਤੇ ਚੌਥੇ ਗੁਰੂ ਜੀ ਨੇ ਪੰਨਾ 1069 ਤੇ ਲਾਈ ਹੇ/ ਭਾਈ ਹੇ/ ਸਮਾਈ ਹੇ/ ਜਾਈ ਹੇ ਅਤੇ ਪੰਜਵੇਂ ਪਿਤਾ ਜੀ ਨੇ ਪੰਨਾ 1071 ਤੇ ਉਪਾਈ ਹੇ/ ਸਹਾਈ ਹੇ ਤੇ ਵੀ ਤਰਜ਼ ਓਹੀ ਰੱਖੀ ਹੈ।

ਕਈ ਸੱਜਣ ਇਸ ਖਿਆਲ ਦੇ ਵੀ ਧਾਰਣੀ ਹਨ ਕਿ ਭਗਤਾਂ ਦੀ ਬਾਣੀ ‘ਆਦਿ ਗ੍ਰੰਥ’ ਦੀ ਰਚਨਾ ਕਰਨ ਤੋਂ ਬਾਅਦ ਪ੍ਰਿਥੀ ਚੰਦ ਨੇ ਜਾਂ ਕਿਸੇ ਹੋਰ ਨੇ ਇਸ ਗ੍ਰੰਥ ਵਿਚ ਚੜ੍ਹਾ ਦਿੱਤੀ। ਇਸ ਗੱਲ ਦੀ ਪੁਸ਼ਟੀ ਲਈ ਕਿ ਭਗਤਾਂ ਦੀ ਬਾਣੀ ਵੀ ਗੁਰੂ ਨਾਨਕ ਸਾਹਿਬ ਜਾਂ ਦੂਸਰੇ ਗੁਰਾਂ ਕੋਲ ਮੌਜੂਦ ਸੀ ਗਵਾਹੀ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਲੱਭਦੇ ਹਾਂ।

ਬਾਬਾ ਫਰੀਦ ਜੀ, ਕਬੀਰ ਜੀ ਤੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਸਾਂਝ।

1. ਪਹਿਲੈ ਪਹਰੈ ਫੁਲੜਾ, ਫਲੁ ਭੀ ਪਛਾ ਰਾਤਿ॥ ਜੋ ਜਾਗੰਨਿ੍, ਲਹੰਨਿ ਸੇ, ਸਾਈ ਕੰਨੋ ਦਾਤਿ॥ 112॥ {ਪੰਨਾ 1384} ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ॥ ਇਕਿ ਜਾਗੰਦੇ ਨਾ ਲਹਨਿ੍, ਇਕਨਾ੍ ਸੁਤਿਆ ਦੇਇ ਉਠਾਲਿ॥ 113॥ {ਪੰਨਾ 1384}

ਇਹ ਸਲੋਕ ਗੁਰੂ ਨਾਨਕ ਸਾਹਿਬ ਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 83 ਤੇ ਮ:1 ਦੇ ਸਿਰਲੇਖ ਹੇਠ ਸਿਰੀ ਰਾਗ ਵਿਚ ਦਰਜ਼ ਹੈ।

ਫਰੀਦਾ ਪਾੜਿ ਪਟੋਲਾ ਧਜ ਕਰੀ, ਕੰਬਲੜੀ ਪਹਿਰੇਉ॥ ਜਿਨੑੀ ਵੇਸੀ ਸਹੁ ਮਿਲੈ, ਸੇਈ ਵੇਸ ਕਰੇਉ॥ 103॥ {ਪੰਨਾ 1383} ਮ: 3॥ ਕਾਇ ਪਟੋਲਾ ਪਾੜਤੀ, ਕੰਬਲੜੀ ਪਹਿਰੇਇ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ, ਜੇ ਨੀਅਤਿ ਰਾਸਿ ਕਰੇਇ॥104॥ {ਪੰਨਾ 1383}

103 ਨੰਬਰ ਸਲੋਕ ਫਰੀਦ ਜੀ ਦਾ ਹੈ ਤੇ ਇਸ ਦੇ ਪ੍ਰਥਾਏ/ ਸਬੰਧ ਵਿਚ ਸਲੋਕ 104 ਗੁਰੂ ਅਮਰਦਾਸ ਪਾਤਸ਼ਾਹ ਦਾ ਹੈ।

ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ॥…॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥ {ਪੰਨਾ 1136}

ਨੋਟ:—ਇਸ ਸ਼ਬਦ ਦਾ ਸਿਰਲੇਖ ਹੈ ‘ਮਹਲਾ 5’ । ਪਰ ਅਖ਼ੀਰ ਤੇ ਲਫ਼ਜ਼ ‘ਨਾਨਕ’ ਦੇ ਥਾਂ ‘ਕਬੀਰ’ ਹੈ । ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਲਿਖਿਆ ਹੋਇਆ ਹੈ, ਪਰ ਹੈ ਇਹ ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ । ਹੁਣ ਵੇਖੋ ਇਸੇ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰਬਰ 7 । ਉਸ ਵਿਚੋਂ ਹੇਠ-ਲਿਖੀਆਂ ਤੁਕਾਂ ਪੜ੍ਹ ਕੇ ਗੁਰੂ ਅਰਜਨ ਸਾਹਿਬ ਦੇ ਇਸ ਸ਼ਬਦ ਨਾਲ ਰਲਾਓ

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ 1॥ ਰਹਾਉ॥... ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ 3॥

ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿਚ ਕਬੀਰ ਜੀ ਦੇ ਦਿੱਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ।

ਮਹਲਾ 5॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ ॥ 1॥ ਰਹਾਉ ॥…॥ ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡ ਭਾਗਾ ॥4॥2॥ {ਪੰਨਾ 487} ਮਹਲਾ 5॥ ਕਬੀਰ ਕੂਕਰੁ ਭਉਕਨਾ, ਕਰੰਗ ਪਿਛੈ ਉਠਿ ਧਾਇ॥ ਕਰਮੀ ਸਤਿਗੁਰੁ ਪਾਇਆ, ਜਿਨਿ ਹਉ ਲੀਆ ਛਡਾਇ॥ 209॥ {ਪੰਨਾ 1375}

ਸ਼ਲੋਕ ਨੰ: 209, 210 ਅਤੇ 211 ਦਾ ਸਿਰਲੇਖ ਮ: 5 ਹੋਣ ਕਰਕੇ ਇਹ ਸਲੋਕ ਗੁਰੂ ਅਰਜਨ ਦੇਵ ਜੀ ਦੇ ਹਨ।

ਮਹਲਾ 5॥ ਕਬੀਰ ਧਰਤੀ ਸਾਧ ਕੀ, ਤਸਕਰ ਬੈਸਹਿ ਗਾਹਿ॥ ਧਰਤੀ ਭਾਰਿ ਨ ਬਿਆਪਈ, ਉਨ ਕਉ ਲਾਹੂ ਲਾਹਿ॥ 210॥ {ਪੰਨਾ 1375} ਮਹਲਾ 5॥ ਕਬੀਰ ਚਾਵਲ ਕਾਰਨੇ, ਤੁਖ ਕਉ ਮੁਹਲੀ ਲਾਇ॥ ਸੰਗਿ ਕੁਸੰਗੀ ਬੈਸਤੇ, ਤਬ ਪੂਛੈ ਧਰਮਰਾਇ॥ 211॥ {ਪੰਨਾ 1375}

ਕਬੀਰ ਸਾਹਿਬ ਦੇ ਸਲੋਕਾਂ ਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਤਦੋਂ ਹੀ ਕੋਈ ਸਲੋਕ ਉਚਾਰਣਗੇ ਜਦੋਂ ਇਹ ਸਲੋਕ ਉਨ੍ਹਾਂ ਦੇ ਕੋਲ ਹੋਣਗੇ ਤਾਂ। ਅਖੀਰ ਵਿਚ ਫੈਸਲਾ ਗੁਰੂ ਅਰਜਨ ਦੇਵ ਜੀ ਦਾ ਆਪਣਾ ਹੈ।

ਗਉੜੀ ਗੁਆਰੇਰੀ ਮਹਲਾ 5॥ ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥1॥ ਰਹਾਉ ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥1{ਪੰਨਾ 186}

ਗੁਰੂ ਅਰਜਨ ਦੇਵ ਜੀ ਬਾਣੀ ਉਚਾਰਦੇ ਹਨ ਕਿ ਅਸੀਂ ਪਿਉ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ ਭਾਵ ਜਦੋਂ ਉਹ ਗੁਰੂ ਬਣੇ ਤਾਂ ਚੌਥੇ ਪਾਤਸ਼ਾਹ ਨੇ ਜੋ ਖਜ਼ਾਨਾ ਉਨ੍ਹਾਂ ਨੂੰ ਦਿੱਤਾ ਉਹ ਇਹ ਅਨਮੋਲ ਬਾਣੀ ਹੀ ਸੀ ਹੋਰ ਕਿਸੇ ਜ਼ਮੀਨ ਜਾਇਦਾਦ ਦੀਆਂ ਰੀਜਿਸਟਰੀਆਂ ਨਹੀ ਸਨ।

ਲਫਜ਼ ਮੋਹਨ, ਮੋਹਨੁ ਅਤੇ ਮੋਹਨਿ ਗੁਰੂ ਗ੍ਰੰਥ ਸਾਹਿਬ ਵਿਚ 49 ਵਾਰੀ ਆਉਂਦਾ ਹੈ। ਮੋਹਨ ਕਿਸੇ ਮਨੁੱਖ ਵਾਸਤੇ ਨਹੀ ਆਇਆ ਸਗੋਂ ਮਨ ਨੂੰ ਮੋਹਨ ਵਾਲੇ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ। ਫਿਰ ਅਸੀਂ ਪੰਨਾ 248 ਉਪਰ ਆਏ ਸ਼ਬਦ ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ’ ਦੀ ਟੇਕ ਲੈ ਕੇ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਬਿਲਕੁਲ ਉਲਟ ਕਹਾਣੀ ਨੁੰ ਕਿਉਂ ਹਜ਼ਮ ਕਰੀ ਜਾਂਦੇ ਹਾਂ? ਸਾਰੇ ਗੁਰੂ ਸਾਹਿਬਾਨ ਨੇ ਕਿਸੇ ਵਿਸ਼ੇਸ਼ ਵਿਆਕਤੀ ਦੀ ਪ੍ਰਸੰਸਾ ਵਿਚ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ ਕੋਈ ਸਲੋਕ ਨਹੀ ਉਚਾਰਿਆ। ਸਿਰਫ ਤੇ ਸਿਰਫ ਰੱਬੀ ਉਸਤੱਤ ਕੀਤੀ ਹੋਣ ਕਰਕੇ ਹੀ ਤਾਂ ਇਹ ਬਾਣੀ ‘ਧੁਰ ਕੀ ਬਾਣੀ’ ਅਖਵਾਉਂਦੀ ਹੈ।