ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਗੁਰੂ ਅਰਜਨ ਦੇਵ ਜੀ ਨੇ ਜ਼ਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤਾਂ ਸ਼ਰਧਾਲੂਆਂ ਮੱਥਾ ਕਿਸ ਤਰਾਂ ਟੇਕਿਆ?

ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ


ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ, ਸੰਨ 1604, ਦੀ ਖਬਰ ਸੁਣ ਕੇ ਸੰਗਤਾਂ ਵਿੱਚ ਖੁਸ਼ੀ ਦਾ ਹੜ ਆ ਗਿਆ।ਗੁਰੂ ਦੇ ਦਰਸ਼ਨਾਂ ਦੇ ਪਿਆਸੇ ਸਿਖ ਖੁਸ਼ੀ ਖੁਸ਼ੀ ਹੁੰਮ ਹੁਮਾ ਕੇ ਅਮ੍ਰਿਤਸਰ, ਸ੍ਰੀ ਹਰੀਮੰਦਰ ਸਾਹਿਬ ਪਹੁੰਚੇ। ਇਸ ਮੌਕੇ ਦੀ ਤਸਵੀਰ ਨੂੰ ਭਾਈ ਸੰਤੋਖ ਸਿੰਘ ਕਵੀ ਨੇ ਗੁਰੁ ਪ੍ਰਤਾਪ ਸੂਰਜ, ਰਾਸ 3 ਅਸੂ48 ਵਿੱਚ ਇੱਸ ਤਰਾਂ ਬਿਆਨ ਕੀਤਾ ਹੈ।

ਪੁਨ ਸ੍ਰੀ ਗੁਰ ਬੈਠਿ ਦੀਵਾਨ ਲਗਯੋ। ਗਨ ਸਿਖਯ ਪਿਖੁ ਮਨ ਪ੍ਰੇਮ ਪਗਯੋ। ਸਭ ਬੀਚ ਸੁਹਾਵਤ ਗ੍ਰੰਥ ਧਰਯੋ। ਕਰਿ ਸੇਵਕ ਸੁੰਦਰ ਚੌਰ ਫਿਰਯੋ। ਲਗਿ ਢੇਰ ਪ੍ਰਸਾਦਿ ਗਯੋ ਸੁ ਤਹਾਂ। ਬਹੁ ਲਯਾਵਤ ਸਿੱਖ ਅਨੰਦ ਮਹਾਂ। ਸ਼ੁਭ ਫੁਲਨਿ ਮਾਲ ਬਿਸਾਲ ਕਰੇ। ਬਹੁ ਰੰਗਨ ਕੈ ਬਿਚ ਗੁੰਫ ਧਰੇ। ਘਰ ਸ੍ਰੀ ਗੁਰ ਕੇ ਸਿੱਖ ਪਾਵਤ ਹੈਂ। ਬਹੁ ਭਾਤਿਨ ਫੁਲ ਚਢਾਵਤ ਹੈਂ। ਸ਼ੁਭ ਮਾਲ ਸੁ ਫੁਲ ਬਿਸਾਲ ਲਏ। ਗੁਰੂ ਗ੍ਰੰਥ ਸਮੀਪ ਚਢਾਇ ਦਏ।

ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਜ਼ਰੂਰ ਸੱਦਾ ਭੇਜਿਆ ਹੋਵੇਗਾ ਜਿਸ ਕਰਕੇ ਇੱਕ ਵੱਡੇ ਇੱਕਠ ਦੇ ਰੂਪ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਅਤੇ ਗੁਰੂ ਜੀ ਨੇ ਦੀਵਾਨ ਸਜਾ ਕੇ ਹਰੀਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ।ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ ਕਿ ਸੇਵਕ ਨੇ ਸੁੰਦਰ ਚੌਰ ਕੀਤਾ। ਸੰਗਤਾਂ ਨੇ ਫੁਲਾਂ ਅਤੇ ਪ੍ਰਸਾਦ ਦੇ ਢੇਰ ਲਗਾ ਦਿੱਤੇ। ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਦੇ ਗਲ ਵਿੱਚ ਵੀ ਫੁਲਾਂ ਦੇ ਹਾਰ ਪਾਏ। ਇੱਸ ਦਾ ਮਤਲਬ ਇੱਹ ਹੋਇਆ ਕੇ ਤਦ ਤਕ ਗੁਰੂਆਂ ਨੂੰ ਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੈਸਾ ਮੱਥਾ ਟੇਕਣ ਦਾ ਕੋਈ ਰਿਵਾਜ਼ ਨਹੀ ਸੀ। ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਵੀ ਫੁਲਾਂ ਦੀ ਖੇਤੀ ਇੱਸ ਗੱਲ ਸਬੂਤ ਪੇਸ਼ ਕਰ ਰਹੀ ਹੈ ਕਿ ਫੁਲਾਂ ਨੂੰ ਖਰੀਦਣ ਵਾਲੇ ਉੱਸ ਸ਼ਹਿਰ ਵਿੱਚ ਜ਼ਿਆਦਾ ਹਨ। ਉੱਹ ਫੁਲਾਂ ਦਾ ਕੀ ਕਰਦੇ ਹਨ? ਫੁਲਾਂ ਦੇ ਹਾਰ ਬਣਾ ਕਿ ਗੁਰੂ ਗ੍ਰੰਥ ਸਾਹਿਬ ਤੇ ਪਾਉਂਦੇ ਹਨ। ਚ੍ਹੜਦੇ ਵਾਲੀ ਦਿਸ਼ਾ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਵਾਰ ਗੁਲਾਬ ਦੇ ਫੁਲਾਂ ਦੇ ਅਣਗਿਣਤ ਬਾਗ ਹਨ। ਅੱਗੇ ਜਾ ਕੇ ਕਵੀ ਜੀ ਲਿਖਦੇ ਹਨ। ਬਹੁ ਧੁਪ ਸੁ ਆਗਿ ਧੁਖਾਵਤ ਹੈਂ।ਘਸਿ ਚੰਦਨ ਕੇਸਰ ਪਾਵਤ ਹੈਂ। ਚਰਚੇਂ ਅਰਚੇਂ ਸਿਖ ਪ੍ਰੀਤ ਧਰੇਂ।ਗਨ ਸ਼ੰਖ ਬਜਾਵਤ ਫੁਕ ਭਰੇਂ।

ਕਿ ਅੱਗ ਬਾਲ ਕਿ ਉੱਪਰ ਚੰਦਨ ਦੀ ਘਿਸਾਈ ਹੋਈ ਲਕੜੀ ਪਾ ਕੇ ਧੂਪ ਕੀਤੀ ਗਈ। ਸ਼ੰਖ ਵਜਾਉਣ ਤੇ ਕਈ ਪ੍ਰਕਾਰ ਦੇ ਸਾਜ਼ ਵਜਾਉਣ ਦਾ ਜਿਕਰ ਕੀਤਾ ਹੈ। ਜੇ ਕਰ ਸੰਗਤਾਂ ਨੇ ਪੈਸਾ ਮੱਥਾ ਟੇਕਿਆ ਹੁੰਦਾ ਤਾਂ ਕਵੀ ਜੀ ਜ਼ਰੂਰ ਜ਼ਿਕਰ ਕਰਦੇ। ਪਰ ਬਾਅਦ ਵਿੱਚ ਪਰਚੱਲਤ ਕੀਤੀ ਪ੍ਰੋਹਤ ਦੀ ਚਾਲ ਨੂੰ ਅੱਜ ਅਸੀਂ ਦੇਖਦੇ ਹੋਏ ਵੀ ਸਮਝਦੇ ਨਹੀ। ਅੱਜ ਅਸੀਂ ਦੋ ਚਾਰ ਡਾਲਰ ਮੱਥਾ ਟੇਕ ਕੇ ਆਪਣੇ ਵਲੋਂ ਦਾਤੇ ਦਾ ਸ਼ੁਕਰ ਕਰਦੇ ਹਾਂ ਤੇ ਨਾਲ ਦੀ ਨਾਲ ਹੀ ਹੋਰ ਜ਼ਿਆਦਾ ਡਾਲਰਾਂ ਦੀ ਮੰਗ ਖੜੀ ਕਰ ਦਿੰਦੇ ਹਾਂ ਤਾਂਕਿ ਸਾਡੀ ਜੱਗ ਵਿੱਚ ਸ਼ੋਭਾ ਹੋਵੇ। ਗੁਰੂ ਨਾਨਕ ਸਾਹਿਬ ਦਾ ਇੱਸ ਪ੍ਰਤੀ ਵਾਰ ਆਸਾ ਪੰਨਾ 466 ਫੁਰਮਾਨ ਇਊਂ ਹੈ। ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ॥

ਜੇ ਪੈਸੇ ਮੱਥਾ ਟੇਕਣ ਨਾਲ ਪ੍ਰਮਾਤਮਾ ਨੂੰ ਖੁਸ਼ ਕੀਤਾ ਜਾ ਸਕਦਾ ਹੁੰਦਾ ਤਾਂ ਬਾਜੀ ਫਿਰ ਅਮੀਰ ਮਾਰ ਜਾਂਦਾ ਕਿਊਕਿ ਉੱਸ ਕੋਲ ਪ੍ਰਮਾਤਮਾ ਨੂੰ ਦੇਣ ਵਾਸਤੇ ਪੈਸੇ ਜ਼ਿਆਦਾ ਹਨ। ਪੈਸੇ ਅਤੇ ਪ੍ਰਮਾਤਮਾ ਦਾ ਆਪਸ ਵਿੱਚ ਕੋਈ ਰਿਸ਼ਤਾ ਨਹੀ। ਗੁਰੂ ਨਾਨਕ ਸਾਹਿਬ ਜਪੁਜੀ ਵਿੱਚ ਇਊਂ ਫੁਰਮਾਨ ਕਰਦੇ ਹਨ। ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣ ਧਰੁ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ਉਸ ਪ੍ਰਮਾਤਮਾ ਦੇ ਅੱਗੇ ਕੀ ਰੱਖਇੇ ਕਿ ਉਸ ਦੇ ਦਰਬਾਰ ਵਿੱਚ ਜੋ ਰੱਖੀਏ ਉਹ ਦਿਸ ਪਵੇ। ਮੁੰਹ ਤੋਂ ਕੀ ਬੋਲੀਏ ਕਿ ਉਸ ਨੁੰ ਸੁਣ ਕਿ ਪ੍ਰਮਾਤਮਾ ਸਾਨੂੰ ਪਿਆਰ ਕਰਨ ਲੱਗ ਪਵੇ। ਫਿਰ ਜਵਾਬ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਅੰਮ੍ਰਿਤ ਵੇਲੇ ਉਠ ਕੇ ਸੱਚ ਨੂੰ ਮਨ ਵਿੱਚ ਵਸਾਉਣ ਦੀ ਕੋਸ਼ਿਸ ਕਰ। ਸੱਚ ਹੀ ਪ੍ਰਮਾਤਮਾ ਹੈ ਤੇ ਸੱਚ ਹੀ ਉਸ ਦੀ ਸਿਫਤ ਸਲਾਹ ਹੈ। ਉਹ ਦਾਤਾ ਬਹੁਤ ਵੱਡਾ ਹੈ ਤੇ ਉਸ ਨੂੰ ਲੋਭ ਲਾਲਚ ਬਿਲਕੁਲ ਨਹੀ। ਪੈਸੇ ਤੇ ਉੱਹ ਪਰੀਪੂਰਣ ਪ੍ਰਮਾਤਮਾ ਰੀਝਦਾ ਨਹੀ। ਗੁਰੂ ਨਾਨਕ ਸਾਹਿਬ ਦਾ ਜਪੁਜੀ ਵਿੱਚ ਫੁਰਮਾਣ ਇਊਂ ਹੈ। ਸਵੇਰੇ ਸਵੇਰੇ ਜਪੁਜੀ ਸਾਹਿਬ ਨੂੰ ਰੱਟਾ ਲਾਉਣ ਵਾਲਿਓ ਜ਼ਰਾ ਧਿਆਨ ਨਾਲ ਪਾਠ ਕਰੋ।ਸਮਝ ਕੇ। ਵਡਾ ਦਾਤਾ ਤਿਲੁ ਨ ਤਿਮਾਇ॥ ਉਸ ਦਾਤੇ ਨੂੰ ਤਿਲ ਜਿਤਨੀ ਵੀ ਤਮਾਂ ਨਹੀ।

ਗੁਰਦੁਆਰਿਆਂ ਦੀਆਂ ਸਟੇਜ਼ਾਂ ਤੋਂ ਹਰ ਰਾਗੀ ਸਿੰਘ, ਹਰ ਕਥਾ ਵਾਚਿਕ ਹਰ ਪ੍ਰਬੰਧਿਕ ਹਰ ਵਕਤ ਇਹ ਹੀ ਆਖਦੇ ਸੁਣੀਦਾ ਹੈ।ਮਾਈ ਭਾਈ ਦਿਲ ਖੋਲ ਕੇ ਦਾਨ ਕਰੋ ਜੀ। ਗੁਰੂ ਨਾਨਕ ਸਾਹਿਬ ਜਪੁਜੀ ਸਾਹਿਬ ਵਿੱਚ ਫੁਰਮਾਣ ਇਊਂ ਕਰਦੇ ਹਨ। ਤੀਰਥੁ ਤਪੂ ਦਇਆ ਦਤੁ ਦਾਨੁ॥ਜੇ ਕੋ ਪਾਵੈ ਤਿਲ ਕਾ ਮਾਨੁ॥ਤੀਰਥ ਯਾਤਰਾ ਕਰਨ ਨਾਲ, ਤਪਾਂ ਦੀ ਸਾਧਨਾ ਕਰਨ ਨਾਲ, ਜੀਵਾਂ ਤੇ ਦਇਆ ਕਰਨ ਨਾਲ ਅਤੇ ਦਿੱਤੇ ਹੋਏ ਦਾਨ ਦੇ ਵੱਟੇ ਜੇ ਕਿਸੇ ਨੂੰ ਕੋਈ ਵੱਡਿਆਈ ਮਿਲ ਭੀ ਜਾਵੇ ਤਾਂ ਭੀ ਉਹ ਸਿਰਫ ਤਿਲ ਜਿਤਨੀ ਹੀ ਹੋ ਸਕਦੀ ਹੈ। ਸਗੋਂ ਹੰਕਾਰ ਹੀ ਮਨ ਵਿਚ ਪੈਦਾ ਹੁੰਦਾ ਹੈ ਕਿ ਮੈਂ ਤੀਰਥ ਤੇ ਗਿਆ, ਮੈਂ ਦਾਨ ਕੀਤਾ ਆਦਿ। ਅਰਥ ਪ੍ਰੋ: ਸਾਹਿਬ ਸਿੰਘ ਡੀ.ਲਿਟ.। ਕਈ ਸੱਜਣ ਆਖਦੇ ਹਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜਿਆਂ ਵਾਂਗਰ ਸੱਤਿਕਾਰ ਕਰਦੇ ਹਾਂ। ਇੱਸ ਕਰਕੇ ਗੋਲਿਕ ਵਿੱਚ ਪੈਸੇ ਪਾਉਂਦੇ ਹਾਂ ਅਤੇ ਚੌਰ ਕਰਦੇ ਹਾਂ। ਫਿਰ ਮੇਰਾ ਇਹ ਸੁਆਲ ਹੈ ਕਿ ਕਿਸ ਰਾਜੇ ਦੇ ਦਰਬਾਰ ਵਿੱਚ ਕਿਸੇ ਨੇ ਨਕਦ ਪੈਸੇ ਮੱਥਾ ਟਿਕਦੇ ਵੇਖੇ ਹਨ? ਰਾਜੇ ਦਾ ਕਰ ਵਿਭਾਗ ਅਲੱਗ ਹੀ ਹੁੰਦਾ ਹੈ।ਉਸ ਦਾ ਬਕਾਇਦਾ ਹਿਸਾਬ ਕਿਤਾਬ ਹੁੰਦਾ ਹੈ। ਕਰਮਚਾਰੀ ਜੋ ਹਿਸਾਬ ਕਿਤਾਬ ਕਰਦੇ ਹਨ ਜਾਂ ਰੱਖਦੇ ਹਨ ਉਹਨਾਂ ਨੂੰ ਤਨਖਾਹ ਮਿਲਦੀ ਹੈ। ਬੇਈਮਾਨੀ ਕਰਦੇ ਪਕੜੇ ਜਾਣ ਤਾਂ ਸਖਤ ਤੋਂ ਸਖਤ ਸਜਾ ਵੀ ਮਿਲਦੀ ਹੈ।

ਹੁਣ ਆਪਾਂ ਆਈਏ ਪੈਸੇ ਪਿਛੇ ਗੁਰਦੁਆਰਿਆਂ ਵਿੱਚ ਹੁੰਦੀਆਂ ਲੜਾਈਆਂ ਵੱਲ, ਉਥੇ ਪੁਟੀਆਂ ਜ਼ਾਂਦੀਆਂ ਦਾਹੜੀਆਂ ਵੱਲ, ਉਥੇ ਚੱਲ ਰਹੀਆਂ ਰਹੁ ਰੀਤਾਂ ਤੇ ਮਰਯਦਾ ਵੱਲ। ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ ਕਿ ਇੱਸ ਮਾਇਆ ਨੇ ਇੱਸ ਜੱਗ ਨੂੰ ਬਗੈਰ ਦੰਦਾਂ ਦੇ ਖਾ ਲਿਆ ਹੈ।ਵਿਣੁ ਦੰਤਾਂ ਜਗੁ ਖਾਇਆ॥ ਇਹ ਜੋ ਕੁੱਝ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਇਹ ਉਸ ਪੈਸੇ ਦੇ ਢੇਰ ਪਿਛੇ ਹੋ ਰਿਹਾ ਹੈ ਜਿਹੜਾ ਉੱਥੇ ਤੁਸੀਂ ਇੱਕ ਇੱਕ ਸੈਂਟ ਕਰਕੇ ਲਾਉਂਦੇ ਹੋ। ਜ਼ਦੋਂ ਕੋਈ ਆਦਮੀ ਬਗੈਰ ਤਨਖਾਹ ਦੇ ਕਿਸੇ ਵੀ ਗੁਰਦੁਆਰੇ ਦੀ ਸਾਲ ਜ਼ਾਂ ਦੋ ਸਾਲ ਲਈ ਸੇਵਾ ਕਰਨ ਲਈ ਤਿਆਰ ਹੁੰਦਾ ਹੈ ਤਾਂ ਉਸ ਨੇ ਕਿਸੇ ਨਾਂ ਕਿਸੇ ਚੌਰ ਮੋਰੀ ਰਾਂਹੀ ਪੈਸ ਕਮਾਉਣ ਦੀ ਸੋਚ ਰੱਖੀ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਰਾਗੀ ਜੱਥਿਆਂ ਦਾ ਪ੍ਰਬੰਧ ਕਰਨਾ, ਸਪਾਂਸਰ ਕਰਨਾ, ਸਾਥ ਸਾਥ ਕਿਸੇ ਹੋਰ ਨੂੰ ਵੀ ਸਪਾਂਸਰ ਕਰਨਾ ਅਤੇ ਪਾਠੀਆਂ ਨੂੰ ਮੰਗਵਾਉਣਾ ਅਦਿ। ਇਸ ਕਰਕੇ ਹੀ ਹਰ ਆਦਮੀ ਪ੍ਰਧਾਨ ਜ਼ਾਂ ਫਿਰ ਸੈਕਟਰੀ ਬਨਣਾ ਚਾਹੁੰਦਾ ਹੈ।ਮੇਰੀ ਤਾਂ ਹਰ ਮਾਈ ਭਾਈ ਨੂੰ ਇਹੀ ਅਪੀਲ ਹੈ ਪੈਸੇ ਤੁਸੀਂ ਆਪਣੇ ਕੋਲ ਰੱਖੋ।ਇਹ ਲੜਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਜ਼ਦੋਂ ਗੋਲਕ ਵਿੱਚੋਂ ਪੈਸੇ ਖਤਮ ਹੋ ਜਾਣਗੇ। ਪ੍ਰਮਾਤਮਾ ਨੂੰ ਤਾਂ ਸਿਰਫ ਤੁਹਾਡਾ ਪਿਆਰ ਹੀ ਚਾਹੀਦਾ ਹੈ।ਉਸ ਨੂੰ ਮੱਥਾ ਟੇਕਣ ਦਾ ਮਤਲਬ ਹੈ ਆਪਣੀ ਮੱਤ ਤਿਆਗਣੀ ਤੇ ਉਸ ਦਾ ਹੁਕਮ ਮੰਨਣਾ। ਸੱਚੇ ਹਿਰਦੇ ਨਾਲ ਹੀ ਇਹ ਸੰਕਲਪ ਕਰਨਾ ਉਸ ਪ੍ਰਮਾਤਮਾ ਅੱਗੇ ਨਿਉਣਾ ਹੈ ਤੇ ਇਹੀ ਸੱਚੀ ਭੇਟਾ ਹੈ।

ਰਾਮਕਲੀ ਮਹਲਾ 1 ॥ ਤੁਧ ਨੋ ਨਿਵਣੁ ਮੰਨਣੁ ਤੇਰਾ ਨਾਉ ॥ ਸਾਚੁ ਭੇਟ ਬੈਸਣ ਕਉ ਥਾਉ ॥ ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥1॥ ਪੰਨਾ 878॥

ਗੁਰਦੁਆਰੇ ਜ਼ਰੂਰ ਜਾਓ ਪਰ ਲੜਾਈਆਂ ਖਤਮ ਕਰਾਉਣ ਬਾਰੇ ਜ਼ਰੂਰ ਸੋਚੋ?