ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

ਅਜਾਦੀ ਜਾਂ ਗੁਲਾਮੀ?

ਗੁਰਦੇਵ ਸਿੰਘ ਸੱਧੇਵਾਲੀਆ


ਅਜਾਦੀ ਹਰੇਕ ਕੌਮ ਦਾ ਹੱਕ ਹੈ। ਜਿਸ ਕੌਮ ਦੀ ਅਜਾਦ ਸੋਚਣੀ ਤੇ ਅਜਾਦ ਹੋਣ ਦੀ ਤਮੰਨਾ ਮਰ ਜਾਏ ਸਮਝੋ ਉਸ ਵਿਚੋਂ ਕੌਮੀਅਤ ਮਰ ਗਈ। ਅਜਾਦ ਹੋਣ ਤੋਂ ਬਿਨਾ ਕਿਸੇ ਕੌਮ ਦੇ ਜਿਉਂਦੇ ਰਹਿਣ ਦੇ ਅਸਾਰ ਖਤਰਨਾਕ ਹੋ ਸਕਦੇ ਹਨ। ਸਿੱਖ ਕੌਮ ਦੀ ਅਜਾਦੀ ਦੀ ਤੜਪ ਹਮੇਸ਼ਾਂ ਰਹੀ ਤੇ ਰਹੇਗੀ, ਇਹ ਗੱਲ ਉਸ ਦੇ ਰੋਜਾਨਾ ਗੁਰੂ ਦੀ ਹਜੂਰੀ ਵਿੱਚ ਖੜੋ ਕੇ ਪੜੇ ਜਾਂਦੇ ‘ਰਾਜ ਕਰੇਗਾ ਖਾਲਸਾ’ ਤੋਂ ਜਾਹਰ ਹੈ ਤੇ ਇਹ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੈ। ਸਿੱਖ ਕੌਮ ਵਿੱਚ ਕਦੇ ਹਿੰਦੂ ਦੀ ਗੁਲਾਮੀ ਦਾ ਅਹਿਸਾਸ ਜੋਰ ਫੜ ਲੈਂਦਾ ਹੈ ਤੇ ਕਦੇ ਠੰਡਾ ਪੈ ਜਾਂਦਾ ਹੈ ਇਹ ਉਤਰਾਅ-ਚੜਾਅ ਕੋਈ ਬਹੁਤੇ ਚਿੰਤਾ ਵਾਲੇ ਨਹੀ ਹਨ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਅਸੀਂ ਅਜਾਦ ਕਿਸ ਤੋਂ ਹੋਣਾ ਚਾਹੁੰਦੇ ਹਾਂ? ਜਵਾਬ ਬੜਾ ਸਾਦਾ ਹੈ ਕਿ ਹਿੰਦੂ ਤੋਂ ਯਾਨੀ ਬ੍ਰਹਾਮਣ ਤੋਂ। ਲਫਜ ਕੋਈ ਵੀ ਵਰਤ ਲੌ ਫਰਕ ਨਹੀ ਪੈਂਦਾ। ਮੰਨ ਲਉ ਅਸੀਂ ਅਜਾਦੀ ਲੈ ਲਈ ਪਰ ਅਜਾਦੀ ਤੋਂ ਬਾਅਦ ਸਾਡੀਆਂ ਜੜ੍ਹਾਂ ਤੀਕ ਨਾਗ ਵਲ ਮਾਰੀ ਬੈਠਾ ਬ੍ਰਹਾਮਣ ਕੀ ਨਿਕਲ ਜਾਏਗਾ? ਰਾਮ ਕਥਾ ਕੀ ਗੁਰੂ ਦੀ ਹਜੂਰੀ ਵਿਚੋਂ ਬੰਦ ਹੋ ਜਾਏਗੀ? ‘ਬਿਸਨ ਭਗਤ ਕੀ ਇਹ ਫਲ ਹੋਈ’ ਅਸੀਂ ਛੱਡ ਦੇਵਾਂਗੇ? ਦਸਮ ਗਰੰਥ ਰਾਹੀਂ ਸਾਡੇ ਸਿਰਾਂ ਵਿੱਚ ਬੋਲ ਰਿਹਾ ਬ੍ਰਹਾਮਣ ਬੋਲਣੋਂ ਹਟ ਜਾਵੇਗਾ?

ਜੇ ਨਹੀ ਤਾਂ ਅਜਾਦੀ ਤੋਂ ਬਾਅਦ ਵੀ ਜੇ ਇਹੀ ਝਗੜਾ ਰਿਹਾ ਤਾਂ ਸਾਡੇ ਚੋਂ ਬਚੇਗਾ ਕਿਹੜਾ? ਕਿਉਂਕਿ ਬ੍ਰਹਾਮਣ ਤੇ ਗੁਰੂ ਦੀ ਸਿਧਾਂਤਕ ਲੜਾਈ ਹਮੇਸ਼ਾਂ ਰਹੀ ਤੇ ਰਹੇਗੀ। ਮਨੁੱਖਤਾ ਨੂੰ ਅੰਨ੍ਹੇ ਖੁਹ ਵਿੱਚ ਸੁਟਣ ਦੇ ਬ੍ਰਾਹਮਣ ਦੇ ਬਜਰ ਪਾਪ ਨੂੰ ਗੁਰੂ ਨੇ ਹਮੇਸ਼ਾਂ ਵੰਗਾਰਿਆ ਤੇ ਵੰਗਾਰਦਾ ਰਹੇਗਾ। ਸਰਾਧਾਂ ਵਰਤਾਂ ਤੋਂ ਲੈ ਕੇ ਸੂਤਕਾਂ-ਪਾਤਕਾਂ, ਦੇਵਦਾਸੀਆਂ, ਕਰਵਤ ਦੇ ਆਰਿਆਂ, ਪੱਥਰਾਂ ਗੀਟਿਆਂ ਤੇ ਜਾਤ ਪ੍ਰਨਾਣਨਾਲੀਆਂ, ਸਤੀਆਂ, ਦਾਨ-ਪੁੰਨਾ, ਸਵਰਗਾਂ- ਨਰਕਾਂ, ਪਖੰਡਾਂ ਭਰਮਾਂ ਭੇਖਾਂ ਤਕ, ਗੁਰੂ ਨੇ ਬ੍ਰਹਾਮਣ ਦਾ ਛਡਿਆ ਹੀ ਕੀ ਹੈ ਜਿਥੇ ਉਸ ਬ੍ਰਹਮਾਣ ਦੀ ਦੁੱਖਦੀ ਰਗ ਤੇ ਹੱਥ ਨਾ ਰੱਖਿਆ ਹੋਵੇ ਤੇ ਉਸਦੀ ਲੁੱਟ ਨੂੰ ਠੱਲ ਨਾ ਪਾਈ ਹੋਵੇ। ਜੇ ਬਾਹਰੋਂ ਅਜਾਦ ਹੋ ਕੇ ਵੀ ਸਿਰ ਸਾਡੇ ਬ੍ਰਹਾਮਣ ਦੇ ਗੁਲਾਮ ਹੀ ਰਹੇ ਤਾਂ ਉਹ ਅਜਾਦੀ ਕਿਸ ਕੰਮ? ਅਸੀਂ ਸੋਚ ਵੀ ਨਹੀ ਸਕਦੇ ਕਿ ਉਹ ਅਜਾਦੀ ਕਿੰਨੀ ਖਤਰਨਾਕ ਹੋਵੇਗੀ? ਸਾਨੂੰ ਪਤੈ ਕਿ ਅਸੀਂ ਇਸ ਅੱਜ ਦੇ ਬ੍ਰਹਾਮਣੀ ਸਿਸਟਮ ਵਿੱਚ ਦਮ ਤੋੜ ਰਹੇ ਹਾਂ ਪਰ ਅਲਹਿਦਾ ਹੋਣ ਤੇ ਵੀ ਜੇ ਅਸੀਂ ਬ੍ਰਹਾਮਣ ਨਾਲ ਹੀ ਚੁੱਕ ਲਿਆਏ ਤਾਂ ਕੀ ਉਹ ਅੱਜ ਤੋਂ ਵੀ ਖਤਰਨਾਕ ਨਹੀ ਹੋਵੇਗਾ?

ਸਾਡੀ ਬੜੀ ਗਲਤ ਫਹਿਮੀ ਹੈ ਕਿ ਅਜਾਦੀ ਤੋਂ ਬਾਅਦ ਕੌਮ ਨੇ ਇੱਕਠੀ ਹੋ ਕੇ ਸਾਰੇ ਫੈਸਲੇ ਰਲ ਕੇ ਕਰ ਲੈਣੇ ਨੇ। ਕੀ ਰਾਗ ਮਾਲਾ ਪੜਨ ਜਾਂ ਨਾ ਪੜਨ ਵਾਲੇ ਅਪਣੇ ਅਪਣੇ ‘ਬ੍ਰਹਮਗਿਆਨੀਆਂ’ ਨੂੰ ਰੱਦ ਕਰ ਦੇਣਗੇ? ਕਕਾਰਾਂ ਦੇ ਝਗੜੇ ਕੀ ਮੁੱਕ ਜਾਣਗੇ? ਦਸਮ ਗਰੰਥ ਤਖਤਾਂ ਤੋਂ ਕੀ ਹਟਾ ਲਿਆ ਜਾਵੇਗਾ? ਜੇ ਇਹ ਸਾਰਾ ਕੁੱਝ ਬਾਅਦ ਵਿੱਚ ਅਸੀਂ ਕਰ ਲਵਾਂਗੇ ਤਾਂ ਹੁਣੇ ਕਿਉਂ ਨਹੀ? ਹੁਣੇ ਤਾਂ ਅਸੀ ਜੋ ਬਣਿਆ ਉਸ ਨੂੰ ਵੀ ਮੰਨਣ ਨੂੰ ਤਿਆਰ ਨਹੀ। ਹਾਲ ਦੀ ਘੜੀ ਅਸੀਂ 1925 ਵਾਲੀ ਮਰਿਯਾਦਾ ਹੀ ਮੰਨ ਕੇ ਵੇਖ ਲਈਏ। ਕੀ ਕੋਈ ਡੇਰੇਦਾਰ ਜਾਂ ਸੰਪ੍ਰਦਾ ਤਿਆਰ ਹੈ? ਅਸੀਂ ਕਿਉਂ ਭੋਲੀ ਲੁਕਾਈ ਨੂੰ ਮੂਰਖ ਬਣਾ ਕੇ ਖਾਲਿਸਤਾਨ ਜਾਂ ਅਜਾਦੀ ਦੇ ਨਾਂ ਤੇ ਲੁੱਟ ਰਹੇ ਹਾਂ। ਹੁਣ ਤੱਕ ਅਸੀਂ ਲੈ ਕੇ ਕੀ ਦਿੱਤਾ ਕੌਮ ਨੂੰ? ਸਾਡਾ ਖਾਲਿਸਤਾਨ ਹੁਣ ਕੀ ਟੱਲੀਆਂ ਤੇ ਢੋਲਕੀਆਂ ਖੜਕਾਉਂਣ ਵਾਲੇ ਬਾਬਿਆਂ ਵਿੱਚ ਬਦਲ ਗਿਆ ਦਿਸਦਾ ਨਹੀ ਲੁਕਾਈ ਨੂੰ? ਸੋ ਕਾਲ ਖਾਲਿਸਤਾਨੀਆਂ ਦੇ ਗੁਰਦੁਆਰਿਆਂ ਵਿੱਚ ਕੀ ਹੋ ਰਿਹਾ ਹੈ। ਸਭ ਤੋਂ ਉਚੀ ਅਵਾਜ ਬ੍ਰਹਾਮਣ ਦੀ ਹੈ ਹੀ ਉਥੇ। ਗੁਰੂ ਦੀ ਹਜੂਰੀ ਵਿੱਚ ਸਾਨੂੰ ਦਸਿਆ ਜਾ ਰਿਹਾ ਹੈ ਕਿ ਦਸਰਥ ਦੇ ਰਾਮ ਦੀ ਕਥਾ ਜਿਹੜਾ ਗਾਵੇ ਉਸਦੇ ਦੁਖ ਪਾਪ ਸਭ ਨਸ਼ਟ ਹੋ ਜਾਂਦੇ ਹਨ! ਜਿਸਦੇ ਗੁਰਬਾਣੀ ਪੜਕੇ ਨਹੀ ਹੋਏ ਕੀ ਰਾਮ ਦੀ ਕਥਾ ਗਾਉਣ ਨਾਲ ਹੋ ਜਾਣਗੇ? ਇਹ ਲੈ ਕੇ ਦੇਣਗੇ ਸਾਨੂੰ ਅਜਾਦੀ? ਇਸਦਾ ਨਾਮ ਹੋਵੇਗਾ ਖਾਲਸਾ ਰਾਜ? ਅਸੀਂ ਸਮਝਦੇ ਹਾਂ ਕਿ ਸਾਡੀਆਂ ਇਹ ਸਤਰਾਂ ‘ਅਜਾਦੀ ਪਸੰਦ’ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਨਗੀਆਂ ਤੇ ਉਹ ਨਾਸਤਿਕ ਜਾਂ ਗਦਾਰ ਹੋਣ ਦੇ ਜਾਂ ਏਜੰਸੀਆਂ ਦੇ ਬੰਦੇ ਹੋਣ ਦੇ ਫਤਵੇ ਵੀ ਦੇਣਗੇ ਪਰ ਸਾਹਮਣੇ ਖੜੇ ਨੰਗੇ ਸੱਚ ਤੋਂ ਕਿਵੇਂ ਅੱਖਾਂ ਮੀਟਾਂਗੇ? ਅੱਜ ਜਲੀਲ ਹੋ ਕੇ ਵੀ ਜੇ ਅਸੀਂ ਗੁਰੂ ਗਰੰਥ ਸਾਹਿਬ ਦੇ ਦੁਆਲੇ ਇਕੱਠੇ ਹੋਣ ਨੂੰ ਤਿਆਰ ਨਹੀ ਤੇ ਅਪਣੇ-ਅਪਣੇ ਡੇਰਦਾਰਾਂ ਦਾ ਕਿਹਾ ਹੀ ਆਖਰੀ ਸੱਚ ਮੰਨ ਕੇ ਚਲੀ ਜਾ ਰਹੇ ਹਾਂ ਤਾਂ ਅਜਾਦ ਹੋ ਕੇ ਤਾਕਤ ਵਿੱਚ ਆਏ ਗਰੁੱਪ ਜਾਂ ਡੇਰੇਦਾਰਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ।

ਗੁਰੂ ਸਬਦ ਤੋਂ ਟੁੱਟ ਕੇ ਤਾਂ ਅਸੀਂ ਉਹ ਰਾਜ ਵੀ ਗੁਆ ਬੈਠੇ ਜਿਸਦੀਆਂ ਧਾਕਾਂ ਖੈਬਰ ਤੱਕ ਜਾ ਪਈਆਂ ਸਨ ਪਰ ਅੱਜ ਗੁਰੂ ਤੋਂ ਬੇੱਮੁਖ ਹੋ ਕੇ ਹੋਰ ਗਰੰਥਾਂ ਦਾ ਭਾਰ ਸਿਰ ਤੇ ਚੁੱਕੀ ਅਸੀਂ ਅਜਾਦੀ ਵਲ ਕਿਵੇਂ ਤੁਰ ਸਕਦੇ ਹਾਂ। ਮਹਾਰਾਜਾ ਰਣਜੀਤ ਸਿੰਘ ਬੇਸ਼ਕ ਮਾਣ ਕਰਨ ਜੋਗ ਸਖਸ਼ੀਅਤ ਹੈ ਪਰ ਜੇ ਉਹ ਗੁਰੂ ਸਬਦ ਦੀ ਲੋਅ ਵਿੱਚ ਜਿਉਂਦਾ ਹੁੰਦਾ ਤਾਂ ਬ੍ਰਹਾਮਣ ਰਾਜ ਦਰਬਾਰ ਤੱਕ ਕਦੇ ਨਾ ਪਹੁੰਚਦਾ। ਉਥੇ ਹਵਨ ਕਦੇ ਨਾ ਹੁੰਦੇ, ਏਕਾ ਨਾਰੀ ਉਪਰ ਚਲਦਾ ਉਹ ਕਦੇ ਰਾਣੀਆਂ ਦੀਆਂ ਹੇੜਾਂ ਨਾ ਇੱਕਠੀਆਂ ਕਰਦਾ ਤੇ ਨਾ ਉਸ ਦੇ ਮਰਨ ਤੇ ਉਹ ਸਤੀ ਹੀ ਹੋ ਸਕਦੀਆਂ ਹੁੰਦੀਆਂ ਜਦ ਕਿ ਗੁਰੂ ਸਬਦ ਇਸ ਨੂੰ ਮੁੱਢੋਂ ਰੱਦ ਕਰਦਾ ਹੈ। ਉਸ ਦੇ ਮਰਨ ਤੋਂ ਬਾਅਦ ਖਾਲਸਾ ਰਾਜ ਦਾ ਵਾਰਸ ਉਸਦੇ ਕਮਜੋਰ ਜਿਹੇ ਵੱਡੇ ਪੁੱਤਰ ਦੀ ਥਾਂ ਕੋਈ ਨਲੂਏ ਜਾਂ ਅਟਾਰੀ ਵਰਗਾ ਸਰਦਾਰ ਹੁੰਦਾ। ਇਹ ਸਾਰੀ ਬਰਬਾਦੀ ਕੀ ਗੁਰੂ ਸਬਦ ਤੋਂ ਟੁੱਟ ਕੇ ਨਹੀ ਹੋਈ?

1947 ਦੇ ਲੀਡਰ ਜੇ ਗੁਰੂ ਸਬਦ ਦੀ ਲੋਅ ਵਿੱਚ ਜਿਉਂਦੇ ਹੁੰਦੇ ਤਾਂ ਬ੍ਰਹਾਮਣ ਦਾ ਕਦੇ ਵਿਸਾਹ ਨਾ ਕਰਦੇ, ਗੁਰੂ ਦੀ ਬ੍ਰਹਾਮਣ ਨਾਲ ਸਿਧਾਂਤਕ ਲੜਾਈ ਨੂੰ ਸਮਝਦਿਆਂ ਕਦੇ ਸਿੱਖ ਕੌਮ ਨੂੰ ਕੱਟੜ ਬ੍ਰਹਮਾਣੀ ਸੋਚ ਦੇ ਨੁਮਾਇੰਦਿਆਂ, ਨਹਿਰੂ ਜਾਂ ਗਾਂਧੀ ਅੱਗੇ ਸਿੱਖ ਕੌਮ ਦਾ ਕੁੱਤਰਾ ਕਰਨ ਲਈ ਨਾ ਸੁੱਟਦੇ। ਗੁਰੂ ਲਿਵ ਤੋਂ ਟੁੱਟਕੇ ਹੀ ਸਿੱਖ ਕੌਮ ਦੀ ਬਰਬਾਦੀ ਦੂਜੀ ਵਾਰ ਫਿਰ ਹੋਈ ਜਿਹੜੀ ਹੁਣ ਤੱਕ ਹੋ ਰਹੀ ਹੈ। ਆਮ ਸਿੱਖ ਵਰਗ ਵੀ ਜੇ ਗੁਰੂ ਸਬਦ ਨਾਲ ਜੁੜਿਆ ਰਿਹਾ ਹੁੰਦਾ ਤਾਂ ਉਹ ਅਜਿਹੇ ਗੀਦੀ, ਲਾਲਚੀ ਤੇ ਖੁਦਗਰਜ ਲੀਡਰਾਂ ਨੂੰ ਸਿੱਖ ਪਲੇਟਫਾਰਮ ਤੇ ਚ੍ਹੜਨ ਹੀ ਨਾ ਦਿੰਦਾ। ਬੂਹੇ ਅੱਗੇ ਆਏ ਸਿੱਖ ਰਾਜ ਨੂੰ ਧੱਕਾ ਕਿਉਂ ਦਿੱਤਾ ਗਿਆ? ਕਿਉਂਕਿ ਸਬਦ ਗੁਰੂ ਦੀ ਲਿਵ ਕੋਲ ਨਹੀ ਸੀ। ਅਗਵਾਈ ਗੁਰੂ ਗਰੰਥ ਸਾਹਿਬ ਤੋਂ ਨਹੀ ਬਲਕਿ ਗਾਂਧੀਆਂ-ਨਹਿਰੂਆਂ ਤੋਂ ਲਈ ਜਾਂਦੀ ਸੀ। ਸਬਦ ਦੀ ਲਿਵ ਮਨੁੱਖ ਦੇ ਲੋਭ ਨੂੰ ਕੁੱਤਾ ਆਖਕੇ ਦੁੜਾਉਂਦੀ ਹੈ, ਸਬਦ ਦੀ ਲਿਵ ਵੱਡੇ ਤੋਂ ਵੱਡੇ ਖੱਬੀਖਾਨ ਅੱਗੇ ਵੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜੁਅਰਤ ਪੈਦਾ ਕਰਦੀ ਹੈ, ਸਬਦ ਦੀ ਲਿਵ ਨੇ ਦੱਸ ਦੇਣਾ ਸੀ ਕਿ ਤਾਰਾ ਸਿੰਘਾ, ਬਲਦੇਵ ਸਿੰਘਾ ਜਿਸ ਬ੍ਰਹਾਮਣ ਦੇ ਪੈਰਾਂ ਵਿੱਚ ਤੂੰ ਕੌਮ ਨੂੰ ਸੁੱਟਣ ਜਾ ਰਿਹਾ ਹੈਂ ਇਸ ਦੇ ਵੇਦ, ਸ਼ਾਸਤਰ, ਸਿੰਮ੍ਰਤੀਆਂ ਸਾਰੀਆਂ ਮੈ ਸੋਧ ਵੇਖੀਆਂ ਨੇ ਸਿਵਾਏ ਧੋਖੇ ਜਾਂ ਫਰੇਬ ਤੋਂ ਤੇਰੇ ਕੱਖ ਪੱਲੇ ਨਹੀ ਪੈਣਾ।

ਬਲਦੇਵ ਸਿੰਘ ਕੀ ਜਲੀਲ ਹੋ ਕੇ ਨਹੀ ਮਰਿਆ? ਤਾਰਾ ਸਿੰਘ ਸਾਰੀ ਉਮਰ ਨਹਿਰੂਆਂ ਅੱਗੇ ਲਿਲੜੀਆਂ ਲੈਂਦਾ ਜਲੀਲ ਹੁੰਦਾ ਰਿਹਾ! ਕਿਉਂ? ਕਿਉਂਕਿ ਉਸ ਗੁਰੂ ਗਰੰਥ ਸਾਹਿਬ ਕੋਲੋਂ ਪੁੱਛਿਆ ਹੀ ਨਹੀ ਕਿ ਬ੍ਰਹਾਮਣ ਕੀ ਸ਼ੈਅ ਹੈ। ਗੁਰੂ ਤਾਂ ਪੁਕਾਰ ਪੁਕਾਰ ਕੇ ਦਸ ਰਿਹਾ, “ਹਿੰਦੂ ਮੂਲੇ ਭੁਲੇ’ ‘ਪਾਥਰ ਲੇ ਪੂਜੇ ਮੁਗਧ ਗਵਾਰ’ ‘ਹਿੰਦੂ ਅੰਨਾ ਤੁਰਕੂ ਕਾਣਾ’ ਲੈ ਭਾੜ ਕਰੇ ਵਿਆਹੁ, ਕਢ ਕਾਗਲ ਦਸੇ ਰਾਹੁ’ ਬ੍ਰਹਾਮਣ ਨਾਵੈ ਜੀਆ ਘਾਇ’ ‘ਮਥੇ ਟਿਕਾ ਤੇੜ ਧੋਤੀ ਕਖਾਈ, ਹਥ ਛੁਰੀ ਜਗਤ ਕਸਾਈ॥’ ਗਲ ਮਾਲਾ ਤਿਲਕ ਲਿਲਾਟੰ, ਦੁਇ ਧੋਤੀ ਬਸਤ੍ਰ ਕਪਾਟੰ॥ ਗੁਰੂ ਥਾਂ-ਥਾਂ ਦਸ ਰਿਹਾ ਸੀ ਪਰ ਗੁਰੂ ਦੀ ਸੁਣੀ ਕਿਸੇ? ਤੇ ਨਤੀਜਾ?

ਹੁਣ ਅੱਜ ਵਲ ਆਉ। ਅੱਜ ਦੇ ਅਜਾਦੀ ਬਰਦਾਰਾਂ ਨੂੰ ਪੁੱਛੋ ਕਿ ਉਹ ਗੁਰੂ ਦੀ ਸੁਣ ਰਹੇ ਨੇ ਜਾਂ ਅਪਣਿਆਂ-ਅਪਣਿਆਂ ਡੇਰਿਆਂ ਦੀ? ਜੇ ਗੁਰੂ ਗਰੰਥ ਸਾਹਿਬ ਦੀ ਸੁਣ ਰਹੇ ਤਾਂ ਫਿਰ, ‘ਰੋਵੇ ਰਾਮ ਨਿਕਾਲਾ ਭਇਆ’ ਦੀ ‘ਰਾਮ ਕਥਾ ਜੁਗ ਜੁਗ ਅਟਲ’ ਕਿਵੇਂ ਹੋਈ? ਜੇ ਗੁਰੂ ਗਰੰਥ ਸਾਹਿਬ ਦੀ ਸੁਣ ਰਹੇ ਨੇ ਤਾਂ ‘ਕਛਾਉਟੀ’ ਦਾ ਕਛਹਿਰਾ ਕਿਵੇਂ ਬਣ ਗਿਆ ਜਿਹੜਾ ਹੰਨੂਮਾਨ ਤੋਂ ਲੈ ਕੇ ਖਾਲਸੇ ਨੂੰ ਦਿਤਾ ਗਿਆ ਦਸਿਆ ਜਾ ਰਿਹਾ ਹੈ। ਬਿਸਨ ਦੀ ਭਗਤੀ ਦਾ ਫਲ ਕੀ ਗੁਰੂ ਗਰੰਥ ਸਾਹਿਬ ਵਿੱਚ ਹੈ? ਅਸੀਂ ਕਿਵੇਂ ਬੁਝਿਆ ਕਿ ਭਾਈ ਦਇਆ ਸਿੰਘ ਜੀ ਲਊ ਦੇ ਅਵਤਾਰ ਸਨ, ਸਾਨੂੰ ਕਿਵੇਂ ਪਤਾ ਲੱਗਾ ਕਿ ਭਾਈ ਹਿੰਮਤ ਸਿੰਘ ਜੀ ਚਤਰਭੁਜੀ ਨੂੰ ਪਕੜਨ ਵਾਲੇ ਫੰਧਕ ਦੇ ਅਵਤਾਰ ਸਨ? ਕੀ ਇਹ ਸਾਰਾ ਕੁੱਝ ਸਾਨੂੰ ਗੁਰੂ ਗਰੰਥ ਸਾਹਿਬ ਨੇ ਦਸਿਆ? ਕੋਈ ਹੋਰ ‘ਗੁਹਜ ਪੋਥੀ’ ਜਾਂ ਗਰੰਥ ਵੀ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਦੇੜ ਵਿਖੇ ਮੱਥਾ ਟੇਕਿਆ? ਜੇ ਨਹੀ ਤਾਂ ਕਿਸੇ ਹੋਰ ਗਰੰਥ ਨੂੰ ਗੁਰੂ ਗਰੰਥ ਸਾਹਿਬ ਦੇ ਬਰਾਬਰ ਰੱਖਣ ਦੀ ਪ੍ਰੋੜਤਾ ਕਰਨ ਵਾਲੇ ਕੌਣ ਹਨ? ਗੁਰੂ ਗਰੰਥ ਸਾਹਿਬ ਦੇ ਸਿੱਖ ਜਾਂ ਕਿਸੇ ਹੋਰ ਗਰੰਥ ਦੇ? ਇਹ ਵੰਡੀਆਂ ਪਾਉਂਣ ਵਾਲੇ ਕੌਣ ਹਨ? ਚਾਹੇ ਉਹ ਕਿਡੇ ਵੀ ਵੱਡੇ ਸੰਤ ਬਾਬੇ ਹੋ ਗੁਜਰੇ ਹੋਣ ਪਰ ਕੀ ਗੁਰੂ ਗਰੰਥ ਸਾਹਿਬ ਚੈਲਿੰਜ ਹੋ ਸਕਦਾ ਉਹਨਾ ਦੇ ਨਾਂ ਤੇ?

ਬੜੇ ਸਵਾਲ ਨੇ ਜਿੰਨਾ ਵਿੱਚ ਸਿੱਖ ਕੌਮ ਅੱਜ ਡੇਰੇਦਾਰਾਂ ਦੀ ਕ੍ਰਿਪਾ ਕਰਕੇ ਘਿਰੀ ਪਈ ਹੈ ਤੇ ਬ੍ਰਹਾਮਣੀ ਜਾਲ ਵਿੱਚ ਬੁਰੀ ਤਰ੍ਹਾਂ ਫਸ ਕੇ ਦਮ ਤੋੜ ਰਹੀ ਹੈ ਪਰ ਮੰਗ ਰਹੇ ਹਾਂ ਅਸੀਂ ਅਜਾਦੀ? ਕੌਣ ਲੈ ਕੇ ਦੇਵੇਗਾ ਸਾਨੂੰ ਅਜਾਦੀ? ਅਜਾਦੀ ਜਿਸ ਦੀ ਰਹਿਨੁਮਾਈ ਹੇਠ ਸਾਨੂੰ ਮਿਲਣੀ ਸੀ ਉਸ ਦੇ ਬਰਾਬਰ ਤਾਂ ਅਸੀਂ ਹੋਰ ਸਰੀਕ ਖੜੇ ਕਰ ਰਹੇ ਹਾਂ। ਕੌਮ ਦੀ ਤਾਕਤ ਕਿਸ ਵਿੱਚ ਹੈ? ਕੌਮ ਦੀ ਤਾਕਤ ਹੈ ਗੁਰੂ ਸਬਦ ਵਿਚ, ਗੁਰੂ ਦੇ ਗਿਆਨ ਵਿਚ। ਕੌਮ ਦੇ ਇੱਕ ਸੁਰ ਹੋਣ ਦਾ ਇੱਕੋ ਤੇ ਕੇਵਲ ਇੱਕੋ ਰਾਹ ਗੁਰੂ ਗਰੰਥ ਸਾਹਿਬ ਹੈ। ਜਿੰਨਾ ਚਿਰ ਇਸ ਗੁਰੂ ਗਿਆਨ ਦੇ ਸੱਚ ਨੂੰ ਮੁੱਲ ਦੇ ਅਖੰਡ ਪਾਠਾਂ, ਸੰਪਟ ਪਾਠਾਂ ਤੇ ਮਹਾਂ ਸੰਪਟ ਪਾਠਾਂ ਵਿਚੋਂ ਕੱਢ ਕੇ ਲੁਕਾਈ ਤੱਕ ਨਹੀ ਪਹੁੰਚਾਇਆ ਜਾਂਦਾ ਉਨਾ ਚਿਰ ਲੁਕਾਈ ਧਾਗਿਆਂ, ਟੂਣਿਆਂ, ਪੀਰਾਂ, ਸਯਦਾ, ਪੰਡਤਾਂ, ਪ੍ਰੋਹਤਾਂ, ਭਾਈਆਂ, ਪੁਜਾਰੀਆਂ, ਡੇਰੇਦਾਰਾਂ, ਸਾਧਾਂ-ਸੰਤਾਂ ‘ਬ੍ਰਹਮਗਿਆਂਨੀਆਂ’ ਦੇ ਭਰਮ ਜਾਲ ਵਿਚੋਂ ਨਹੀ ਨਿਕਲ ਸਕੇਗੀ। ਗੁਰੂ ਗਿਆਨ ਦਾ ਨਿਰਮਲ ਜਲ ਕੌਮ ਤੀਕ ਨਾ ਪਹੁੰਚਣ ਕਾਰਨ ਹੀ ਲੁਕਾਈ ਤਾਂ ਹਾਲੇ ਤੱਕ ਬਿੱਲੀਆਂ ਦੇ ਰਾਹ ਕੱਟਣ ਤੋਂ ਡਰੀ ਜਾ ਰਹੀ ਹੈ, ਕਿਸੇ ਨੂੰ ਕਦੇ ਨਾ ਦਿਸੇ ਭੂਤ-ਪ੍ਰੇਤ ਹੀ ਉਸਦਾ ਖਹਿੜਾ ਨਹੀ ਛੱਡ ਰਹੇ, ਨਿੱਛ ਆਈ ਤੋਂ ਘਬਰਾਈ ਜਾ ਰਹੀ ਹੈ, ਇਸ ਦੇ ਵਾਹਦ ਲੋਕ ਹਾਲੇ ਤਾਂ ਭਿੱਟ ਜਾਣ ਤੋਂ ਹੀ ਨਿਜਾਤ ਨਹੀ ਪਾ ਸਕੇ, ਜਾਤ-ਪਾਤੀ ਜੱਟ ਚੂਹੜਾ ਇਸ ਦੇ ਅੰਦਰ ਘਰ ਕਰ ਗਿਆ ਹੋਇਆ ਹੈ, ਪੱਥਰ ਇਸ ਦੇ ਵੀ ਰੱਬ ਬਣ ਬੈਠੇ ਹਨ, ਮੂਰਤੀਆਂ ਇਸ ਨੇ ਵੀ ਗਲ ਪਾ ਲਈਆਂ ਹੋਈਆਂ ਹਨ, ਨਰਕ ਤੋਂ ਡਰਦੀ ਤੇ ਸਵਰਗ ਵਿੱਚ ਪਹੁੰਚਣ ਲਈ ਇਹ ਕੌਮ ਵੀ ਤਰਲੋਮੱਛੀ ਹੋਈ ਪੁਜਾਰੀਆਂ ਤੇ ਸਾਧਾਂ-ਬਾਬਿਆਂ ਤੋਂ ਲੁੱਟ ਹੋ ਰਹੀ ਅਪਣਾ ਧਨ ਤੇ ਇੱਜਤਾਂ ਬਰਬਾਦ ਕਰ ਰਹੀ ਹੈ ਪਰ ਗੱਲ ਅਸੀਂ ਅਜਾਦੀ ਦੀ ਕਰ ਰਹੇ ਹਾਂ! ਅਸੀਂ ਫਿਰ ਦੁਹਰਾ ਦਈਏ ਅਜਾਦੀ ਸਾਡਾ ਕੌਮੀ ਹੱਕ ਹੈ, ਦੁਨੀਆਂ ਦੀਆਂ ਜੇ ਬਾਕੀ ਸਾਰੀਆਂ ਕੌਮਾ ਅਜਾਦ ਹਨ ਤਾਂ ਅਸੀਂ ਗੁਲਾਮ ਕਿਉਂ ਰਹੀਏ ਪਰ ਗੁਰੂ ਸਬਦ ਤੋਂ ਪਰ੍ਹੇ ਦੀ ਕਿਸੇ ਅਜਾਦੀ ਨਾਲ ਸਾਡਾ ਕੋਈ ਸਮਝੌਤਾ ਨਹੀ ਹੋ ਸਕਦਾ। ਲਕੀਰ ਤੋਂ ਪਾਰ ਵੀ ਜੇ ਅਸੀਂ ਬ੍ਰਹਾਮਣ ਨੂੰ ਗਲੋਂ ਨਾ ਲਾਹਿਆ, ਭਾਵ ਉਸਦੀ ਡੇਰੇਦਾਰੀ ਹੇਠ ਪਨਪ ਰਹੀ ਸੋਚ ਨਾਲ ਹੀ ਚੁੱਕੀ ਫਿਰਦੇ ਰਹੇ ਜਿਹੜੀ ਗੁਰੂ ਗਰੰਥ ਸਾਹਿਬ ਨੂੰ ਹੀ ਚੈਲਿੰਜ ਹੈ ਤਾਂ ਯਕੀਨਨ ਅਸੀਂ ਅਜਾਦ ਹੋ ਕੇ ਵੀ ਗੁਲਾਮ ਹੀ ਰਹਾਂਗੇ। ਗੁਰੂ ਸਬਦ ਤੋਂ ਬਿਨਾ ਜੇ ਪਹਿਲੀਆਂ ਸਾਡੀਆਂ ਅਜਾਦੀਆਂ ਕਾਇਮ ਨਹੀ ਰਹੀਆਂ ਤਾਂ ਅਗੋਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ।

ਇੱਕ ਗੱਲ ਸਾਨੂੰ ਕਦੇ ਨਹੀ ਭੁੱਲਣੀ ਚਾਹੀਦੀ ਕਿ ਸਿੱਖ ਖਾਲਿਸਾਤਾਨ ਦੇ ਖਿਲਾਫ ਨਹੀ, ਬਲਕਿ ਖਾਲਿਸਾਤਾਨੀਆਂ ਦੇ ਖਿਲਾਫ ਹੈ। ਜਿਹੜਾ ਕ੍ਰੈਕਟਰ ਹੁਣ ਖਾਲਿਸਤਾਨੀਆਂ ਨੇ ਬਿਲਡ ਕੀਤਾ ਉਹਨਾ ਮਗਰ ਲੱਗ ਕੋਈ ਮੁਫਤ ਵਿੱਚ ਵੀ ਖਾਲਿਸਤਾਨ ਲੈਣ ਲਈ ਤਿਆਰ ਨਾ ਹੋਵੇ। ਪਰ ਹੈਰਾਨਗੀ ਦੀ ਗੱਲ ਕਿ ਹਾਲੇ ਵੀ ਉਹੀ ਕੁਰੱਪਟ ਲੋਕ ਸਿੱਖ ਕੌਮ ਦੇ ਵਾਹਦ ਲੀਡਰ ਹਨ। ਇਧਰ ਬਾਹਰ ਬੈਠੇ ਅਜਾਦੀ ਘੁਲਾਟੀਆਂ’ ਦੀ ਗੱਲ ਕਰੀਏ, ਤੁਹਾਨੂੰ ਹਰ ਸ਼ਾਖ ਪੇ ਉੱਲੂ ਬੈਠਾ ਨਜਰ ਨਹੀ ਆਉਂਦਾ? ਜੀਹਨਾ ਬਾਦਲਾਂ ਨੂੰ ਗਾਹਲਾਂ ਕੱਢ ਕੇ ਰੋਟੀਆਂ ਸੇਕੀਆਂ ਉਹਨਾ ਹੀ ਬਾਦਲਾਂ ਦੇ ਖਾਸ ਮਹਿਮਾਨ ਨਹੀ ਅਸੀਂ? ਉਸੇ ਹੀ ਬਾਦਲ ਦੀ ਮੈਂਬਰਸ਼ਿਪ ਲਈ ਪੱਬਾਂ ਭਾਰ ਹੋਏ ਹੋਏ ਨੇ ਖਾਲਿਸਤਾਨੀ? ਜਿਸ ਸਿਸਟਮ ਦੇ ਖਿਲਾਫ ਝੰਡੇ ਚੁੱਕੀ ਰੱਖੇ ਉਸੇ ਸਿਸਟਮ ਦੇ ਪਿਤਾਮਾ ਦੀ ਸਮਾਧ ਤੇ ਮੱਥੇ? ਕਿਧਰ ਗਈ ਸਾਡੀ ਅਜਾਦੀ? ਅਜਾਦੀ ਸਾਡੀ ਕੀ ਗੁਰਦੁਆਰਿਆਂ ਦੇ ਕਬਜਿਆਂ ਖਾਤਰ ਕੋਰਟਾਂ ਵਿੱਚ ਨਹੀ ਰੁਲ ਰਹੀ? ਜੀਹਨੂੰ ‘ਸਰਾਦਾਰੀ’ ਮਿਲ ਜਾਂਦੀ ਉਹ ਉਤਰਦਾ ਨਹੀ ਜੀਹਨੂੰ ਨਹੀ ਮਿਲਦੀ ਉਹ ਕੋਰਟ ਚਲੇ ਜਾਂਦਾ! ਜੇ ਇਹੀ ਖੇਹ ਅਸੀਂ ਉਡਾਉਣੀ ਸੀ ਤਾਂ ਕਿਉਂ ਮਰਵਾਇਆ ਅਪਣਾ ਡੇੜ ਲੱਖ ਗੱਭਰੂ? ਸਾਡੇ ਸਿਰਜੇ ‘ਬ੍ਰਹਮਗਿਆਨੀ’ ਕੀ ਹਿੰਦੂ ਫਾਸ਼ੀ ਜਥੇਬੰਦੀ ਆਰ. ਐਸ. ਐਸ. ਦੇ ਮੁੱਢਲੇ ਮੈਬਰਾਂ ਵਿਚੋਂ ਨਹੀ ਹਨ? ਬੋਲਿਆ ਕੋਈ ਸਿੱਖ?

ਜਿੰਨਾ ਚਿਰ ਸਿੱਖ ਦੇ ਘਰ-ਘਰ ਗੁਰੂ ਗਿਆਂਨ ਦਾ ਚਾਨਣ ਨਹੀ ਜਾਂਦਾ, ਬੱਚੇ ਬੱਚੇ ਨੂੰ ਇਸਦਾ ਸੁਨੇਹਾ ਨਹੀ ਮਿਲਦਾ, ਜੀਅ-ਜੀਅ ਨੂੰ ਪਤਾ ਨਹੀ ਲੱਗਦਾ ਕਿ ਇਸ ਮਹਾਨ ਗੁਰੂ ਦੇ ਫਲਸਫੇ ਨੂੰ ਖੁਦ ਗੁਰੂ ਨੇ ਹੀ ਮੱਥਾ ਕਿਉਂ ਟੇਕ ਦਿੱਤਾ, ਇਸ ਬ੍ਰਹਮੰਡੀ ਗਿਆਨ ਦੇ ਮਗਰ ਕਿੰਨੇ ਭਗਤਾਂ, ਮਹਾਂਪੁਰਖਾਂ, ਗੁਰੂ ਸਹਿਬਾਨਾ ਦੀਆਂ ਘਾਲਣਾਵਾਂ ਕੁਰਬਾਨੀਆਂ ਤੇ ਜਿੰਦਗੀ ਦੇ ਪ੍ਰੈਕਟੀਕਲ ਕੀਤੇ ਹੋਏ ਸੱਚ ਲਿਖੇ ਨੇ, ਉਨਾ ਚਿਰ ਕੌਮ ਇਵੇਂ ਹੀ ਡੇਰੇਦਾਰਾਂ ਦੇ ਕਿਹੇ ਨੂੰ ਸੱਚ ਮੰਨ ਕੇ ਚਲਦੀ ਆਪਸ ਵਿੱਚ ਭਿੜਦੀ ਅਪਣਾ ਸਮਾ ਤੇ ਤਾਕਤ ਬਰਬਾਦ ਕਰਦੀ ਕੁੱਟ ਖਾਂਦੀ ਰਹੇਗੀ। ਤੇ ਅਜਾਦੀ ਦੀ ਥਾਂ ਬਰਬਾਦੀ ਹੁੰਦੀ ਦੇਖਦੀ ਰਹੇਗੀ। ਨਾਹਰੇ ਜੈਕਾਰਿਆਂ ਨਾਲ ਨਾ ਕਦੇ ਅਜਾਦੀ ਮਿਲੀ ਨਾ ਮਿਲਣੀ ਹੈ ਜੇ ਜੈਕਾਰਿਆਂ ਨਾਹਰਿਆਂ ਨਾਲ ਹੀ ਅਜਾਦੀ ਮਿਲ ਸਕਦੀ ਹੁੰਦੀ ਤਾਂ ਭੰਗ ਪੀਣੇ ਨਿਹੰਗਾਂ ਤੋਂ ਵੱਧ ਤੇ ਉੱਚੀ ਜੈਕਾਰੇ ਕੋਈ ਨਹੀ ਲਾ ਸਕਦਾ ਜਿਹੜੇ ਦਸਮ ਗਰੰਥ ਨੂੰ ਹਿੱਕ ਨਾਲ ਲਾਈ ਉਸ ਵਿਚਲੇ ਤਰੀਕੇ ਵਰਤ ਕੇ ਭੰਗੀ ਤੇ ਸਿਰੇ ਦੇ ਨਸ਼ਈ ਤੇ ਗੀਦੀ ਹੋ ਚੁੱਕੇ ਹੋਏ ਹਨ।