ਜੁਗ ਪੁਰਸ਼
ਪ੍ਰੋ: ਇੰਦਰ ਸਿੰਘ ਘੱਗਾ
ਹਿਮਾਲਾ ਪਰਬਤ ਦੀ ਸੁੰਦਰਵਾਦੀ, ਮਨਮੋਹਕ ਦ੍ਰਿਸ, ਫੁੱਲਾਂ ਲੱਦੀ ਸੁਹਾਵਣੀ ਖੁਸਬੂ ਭਰੀ ਹਵਾ, ਨਿੱਘੀ ਧੁੱਪ। ਦੁਆਪੁਰ ਯੁਗ ਦਾ ਯੋਧਾ ਲਾਸਾਨੀ ਤੀਰ ਅੰਦਾਜ ਅਰਜਣ ਤੇ ਸਿਖਿਆ ਦਾਤਾ, ਸਤਿਕਾਰ ਯੋਗ ਗੁਰੂ ਦਰੋਣ ਅਚਾਰੀਆ ਆਰਾਮ ਫੁਰਮਾ ਰਹੇ ਹਨ। ਲੰਮੀ ਚੁਪ ਤੋਂ ਬਾਦ ਅਰਜਣ ਬੋਲਿਆ- “ਗੁਰੂ ਜੀ ਤੁਸੀਂ ਸਾਨੂੰ ਸਾਰੇ ਭਰਾਵਾਂ ਨੂੰ ਅਨੇਕ ਪ੍ਰਕਾਰ ਦੀ ਵਿਦਿਆ ਦਿਤੀ, ਹਰ ਤਰਾਂ ਦੇ ਸ਼ਸ਼ਤਰ ਅਸਤਰ ਚਲਾਉਣ ਵਿਚ ਨਿਪੁੰਨ ਕੀਤਾ। ਮੇਰੇ ਛੱਡੇ ਤੀਰਾਂ ਨੂੰ ਵੇਖ ਕੇ ਤੁਸਾਂ ਕਈ ਵਾਰ ਆਖਿਆ ਸੀ, ਬੇਟੇ ਅਰਜਣ ਤੂੰ ਮੇਰਾ ਮਾਣ ਵਧਾਇਆ ਹੈ, ਮੈਂ ਜਿਤਨੀ ਮਿਹਨਤ ਕੀਤੀ ਤੂੰ ਉਸ ਤੋਂ ਵਧ ਸਫਲਤਾ ਹਾਸਲ ਕੀਤੀ। ਜੰਗ ਵਿਚ ਮੇਰੇ ਤੀਰਾਂ ਦੇ ਕਰਤਬ ਤੇ ਮਾਰੂ ਸਮਰਥਾ ਵੇਖਕੇ ਤੁਸੀਂ ਮੈਨੂੰ ਸਰਬ ਸੰਸਾਰ ਦਾ ਸ੍ਰੋਮਣੀ ਧਨੁਖਧਾਰੀ ਆਖਿਆ ਸੀ। ਘਰ ਘਰ ਮੇਰੇ ਬਾਹੂਬਲ ਦੀ ਚਰਚਾ ਹੁੰਦੀ ਸੀ...।
“ਹਾਂ ਹਾਂ ਅਰਜਣ! ਕਹੁ ਤੂੰ ਕੀ ਕਹਿਣਾ ਚਹੁੰਦਾ ਹੈਂ, ਰੁਕ ਕਿਉਂ ਗਿਆ?” ਦਰੋਣ ਨੇ ਉਤਸੁਕਤਾ ਜਗਾਈ। “ਪਿਤਾ ਗੁਰੂ ਜੀ! ਲੋਕ ਬੜੇ ਨਾ ਸਮਝ ਨੇ, ਬਹੁਤ ਛੇਤੀ ਭੁਲ ਜਾਂਦੇ ਨੇ। ਦੁਆਪਰ ਵਿਚ ਮੇਰੇ ਸੋਹਲੇ ਗਾਉਂਦੇ ਸੀ, ਅਜਕਲ ਹਵਾ ਹੀ ਬਦਲ ਗਈ। ਕਿਸੇ ਹੋਰ ਹੀ ਤੀਰ ਅੰਦਾਜ ਦੀ ਘਰ ਘਰ ਵਡਿਆਈ ਹੋ ਰਹੀ ਹੈ, ਘੋਰ ਕਲਜੁਗ ਦੀ ਇਹੀ ਤਾਂ ਨਿਸਾਨੀ ਹੈ।” ਅਰਜਣ ਨੇ ਹਉਕਾ ਲੈ ਕੇ ਆਖਿਆ।
ਅਪੋ ਅਪਣੇ ਸਮੇਂ ਦੀ ਜੁਗਾਂ ਦੀ ਵਡਿਆਈ ਹੈ, ਪਰ ਇਕ ਗਲ ਮੈਂ ਵਿਸਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਜੋ ਕਲਜੁਗ ਵਿਚ ਪ੍ਰਗਟਿਆ ਤੀਰ ਅੰਦਾਜ ਹੈ ਇਹ ਬਹੁਤ ਸਾਰੇ ਗੁਣਾ ਵਿਚ ਤੇਰੇ ਨਾਲੋਂ ਕਿਤੇ ਅੱਗੇ ਹੈ। ਤੈਨੂੰ ਕੌੜਾ ਸੱਚ ਅੱਜ ਕਲ੍ਹ ਸਵੀਕਾਰ ਕਰਨਾ ਹੀ ਪਵੇਗਾ। ਇਸ ਨੇ ਜੋ ਕੁਝ ਕਰ ਵਿਖਾਇਆ ਹੈ, ਉਹ ਤੂੰ ਨਹੀਂ ਕਰ ਸਕਿਆ ਬੇਟਾ ਅਰਜਣ।
“ਇਹ ਤੁਸੀਂ ਕੀ ਕਹਿ ਰਹੇ ਹੋ ਗੁਰੂ ਜੀ?” ਅਰਜਣ ਚੌਂਕਿਆ।
“ਦਿਲ ਕਰੜਾ ਕਰਕੇ ਸੁਣ ਬੇਟਾ, ਮੈਂ ਭਾਵੇਂ ਉਸ ਮਹਾਂਪੁਰਖ ਨੂੰ ਨੇੜਿਓਂ ਨਹੀਂ ਵੇਖਿਆ, ਪਰ ਰੁਖਾਂ ਨੇ ਫੁਲਾਂ ਨੇ ਉਸ ਦੀ ਸੋਭਾ ਕੀਤੀ ਹੈ। ਪੰਛੀਆਂ ਉਸਦੇ ਗੀਤ ਗਾਏ ਹਨ, ਹਵਾ ਉਸ ਦੀ ਸੁਗੰਧੀ ਇਥੇ ਹਿਮਾਲਾ ਦੀ ਚੋਟੀ ਤਕ ਭੀ ਲੈ ਆਈ ਹੈ। ਉਸ ਦੇ ਤੀਰਾਂ ਦੀ ਗੁੰਜਾਰ ਗਗਨ ਮੰਡਲਾਂ ਤਕ ਸੁਣੀ ਗਈ ਹੈ। ਉਸ ਦੀ ਤਲਵਾਰ ਦੀ ਚਮਕ ਬਿਜਲੀਆਂ ਨੂੰ ਮਾਤ ਦੇਂਦੀ ਰਹੀ ਹੈ। ਉਸ ਦੀ ਆਤਮਕ ਅਡੋਲਤਾ, ਵਾਹਾ! ਵਾਹ! ਸਾਗਰ ਡੋਲ ਜਾਵੇ, ਹਿਮਾਲਾ ਕੰਬ ਜਾਵੇ ਬੇਸਕ, ਪਰ ਇਸਦੇ ਦ੍ਰਿੜ ਨਿਸਚੇ ਨੂੰ ਡੋਲਾਇਆ ਨਹੀ ਜਾ ਸਕੇਗਾ...।”
“ਕੀ ਆਖ ਰਹੇ ਹੋ ਮਹਾਰਾਜ? ਕੀ ਹੋ ਗਿਆ ਤੁਹਾਨੂੰ ਅੱਜ, ਮੇਰੇ ਸਾਹਮਣੇ ਕਿਸੇ ਹੋਰ ਦੀ ਸੋਭਾ ਪਰ ਕੀ ਵੇਖਿਆ ਤੁਸੀਂ ਉਸ ਵਿਚ?” ਅਰਜਣ ਬੇਚੈਨ ਹੋ ਉਠਿਆ।
“ਧਿਆਨ ਨਾਲ ਸੁਣ ਆਰੀਆ ਪੁੱਤਰ!” ਦਰੋਣ ਬੋਲੇ,” ਜਦੋਂ ਮਹਾਂਭਾਰਤ ਦੀ ਜੰਗ ਹੋਈ ਸੀ, ਤਾਂ ਮੋਟਾ ਜਿਹਾ ਕਾਰਨ ਸੀ ਜੂਆ ਤੇ ਜਾਇਦਾਦ ਦੀ ਵੰਡ। ਕੌਰਵਾਂ ਨੇ ਬਲਦੀ ਉਪਰ ਤੇਲ ਪਾਉਣ ਵਾਲਾ ਬੁਰਾ ਕੰਮ ਇਹ ਕੀਤਾ ਕਿ ਭਰੀ ਸਭਾ, ਰਾਜ ਦਰਬਾਰ ਵਿਚ ਦ੍ਰੋਪਦੀ ਨੂੰ ਬੇਇਜਤ ਕੀਤਾ। ਬਜੁਰਗਾਂ ਵਲੋਂ ਸਮਝਾਉਣ ਦੇ ਬਾਵਜੂਦ ਇਸ ਤਬਾਹਕੁਨ ਜੰਗ ਨੂੰ ਰੋਕਿਆ ਨਾ ਜਾ ਸਕਿਆ। ਉਂਜ ਧਿਆਨ ਮਾਰ ਦੇਸ ਤੇ ਕਿਸੇ ਬਦੇਸੀ ਵਲੋਂ ਹਮਲਾ ਨਹੀਂ ਕੀਤਾ ਗਿਆ ਸੀ। ਆਰੀਆ ਧਰਮ, ਵੈਦਿਕ ਮਤ ਨੂੰ ਕੋਈ ਖਤਰਾ ਨਹੀਂ ਸੀ। ਦੇਸ ਵਾਸੀ ਅਮਨ ਦਾ ਜੀਵਨ ਬਿਤਾ ਰਹੇ ਸਨ। ਤੁਹਾਡੀ ਭਰਾਵਾਂ ਦੀ ਰਾਜ ਵੰਡ ਕਾਰਨ ਅਨੰਤ ਲੋਕਾਂ ਨੂੰ ਜਾਨ ਗਵਾਉਣੀ ਪਈ।”
ਹੋਰ ਸੁਣ ਮੇਰੇ ਬੱਚੇ ਅਰਜਣ! ਤੈਨੂੰ ਅਸਤਰ ਸਸਤਰ ਚਲਾਉਣ ਵਿਚ ਮੈਂ ਭਾਵੇਂ ਪੂਰਨ ਮਾਹਰ ਬਣਾ ਦਿਤਾ, ਪਰ ਤੂੰ ਕਦੀ ਭੀ ਅਪਣੀ ਸੋਚ ਨਾਲ ਖੁਦ ਫੈਸਲਾ ਨਾ ਕਰ ਸਕਿਆ ਕਿ ਤੀਰ ਕਿਥੇ ਚਲਾਉਣਾ ਹੈ, ਤੇ ਕਦੋਂ ਚਲਾਉਣਾ ਹੈ। ਕੀ ਤੈਨੂੰ ਯਾਦ ਨਹੀਂ, ਤੂੰ ਤਾਂ ਐਨ ਜੰਗ ਦੀ ਸਿਖਰਲੀ ਅਵਸਥਾ ਵਕਤ ਲੜਨੋਂ ਇਨਕਾਰੀ ਹੋ ਗਿਆ ਸੀ, ਸਸਤਰ ਜ਼ਮੀਨ ਤੇ ਰਖ ਕੇ ਰੋ ਪਿਆ ਸੀ। ਤੇਰਾ ਰਥਵਾਹੀ ਕ੍ਰਿਸ਼ਨ ਅਗਰ ਤੈਨੂੰ ਲੜਨ ਵਾਸਤੇ ਤਿਆਰ ਨਾ ਕਰਦਾ,” ਸਾਰੇ ਯੋਧੇ ਪਹਿਲਾਂ ਹੀ ਮਰ ਚੁਕੇ” ਨਾ ਵਿਖਾ ਦਿੰਦਾ, ਤਾਂ ਤੂੰ ਮੈਦਾਨ ਛੱਡ ਕੇ ਨੱਸ ਜਾਣਾ ਸੀ। ਫਿਰ ਜਿਥੇ ਕ੍ਰਿਸਨ ਜੀ ਕਹਿੰਦੇ ਤੂੰ ਤੀਰ ਚਲਾਉਂਦਾ, ਤੇਰੀ ਅਪਣੀ ਅਕਲ ਕੰਮ ਨਹੀ ਕਰਦੀ ਸੀ। ਸੋਲਾਂ ਕਲਾਂ ਸੰਪੂਰਨ ਭਗਵਾਨ ਕ੍ਰਿਸਨ ਤੇਰਾ ਰਿਸਤੇਦਾਰ, ਤੇਰੀ ਪਿਠ ਤੇ, ਅਣਗਿਣਤ ਰਿਆਸਤਾਂ ਦੇਸਾਂ ਦੇ ਰਾਜੇ, ਅਪਣੀਆਂ ਫੌਜਾਂ ਸਮੇਤ ਤੇਰੇ ਨਾਲ ਹਮਾਇਤ ਵਿਚ ਤਿਆਰ ਸਨ। ਅਸਲਾ ਬਾਰੂਦ ਰਥ ਘੋੜੇ ਹਾਥੀ, ਅੰਨ ਵਸਤਰ ਦੀ ਕੋਈ ਤੋਟ ਨਹੀਂ ....ਤੂੰ ਫਿਰ ਭੀ ਡੋਲ ਗਿਆ। ਪਰ ਮੈਂ ਸਮੇਂ ਦੀ ਧੁਪ ਚਾਦਰ ਤੇ ਲਿਖਿਆ ਪੜਿਆ ਹੈ, ਚੰਦ ਸੂਰਜ ਗਵਾਹੀ ਭਰਦੇ ਨੇ, ਕਿ ਜਦੋਂ ਇਸ ਕਲਜੁਗ ਵਿਚ ਪੈਦਾ ਹੋਏ ਬਹਾਦਰ ਨੇ ਜੰਗ ਲੜੀ ਹੈ, ਤਦੋਂ ਭਾਰਤ ਵਰਸ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜਿਆ 700 ਸਾਲ ਹੋ ਚੁਕੇ ਸਨ। ਵਸਦਾ ਰਸਦਾ ਦੇਸ ਤਬਾਹ ਕਰ ਦਿਤਾ ਗਿਆ ਸੀ। ਧਰਮ ਮੰਦਰ ਗਿਰਾਏ ਜਾ ਰਹੇ ਸਨ, ਤਿਲਕ ਜੰਜੂ ਉਤਾਰੇ ਜਾ ਰਹੇ ਸਨ। ਦੇਸ ਦੀ ਆਬਰੂ ਦੁਨੀਆਂ ਦੇ ਬਜਾਰਾਂ ਵਿਚ ਨੀਲਾਮ ਹੋ ਰਹੀ ਸੀ। ਇਸ ਕੋਲ ਨਾ ਕੋਈ ਰਾਜ ਨਾ ਕਿਲੇ, ਨਾਂ ਫੌਜਾਂ ਨਾਂ ਹਾਥੀ ਘੋੜੇ। ਨਾਂ ਰਾਜੇ ਮਹਾਰਾਜਿਆਂ ਵਲੋਂ ਕੋਈ ਸਹਾਇਤਾ। ਨਾਂ ਅੰਨ ਧੰਨ ਦੇ ਭੰਡਾਰ ਨਾਂ ਹਥਿਆਰਾਂ ਬਾਰੂਦ ਦੇ ਜਖੀਰੇ। ਸਗੋਂ ਅਪਣੇ ਹੀ ਗੁਆਢੀ ਰਾਜੇ ਦਗਾ ਦੇ ਗਏ, ਦੇਸ ਦੇ ਦੁਸਮਣ ਨਾਲ ਜਾ ਰਲੇ। ਲੜਨ ਵਾਲੇ ਸਾਧਾਰਣ ਲੋਕ ਸਾਧਾਂ ਦੇ ਟੋਲੇ। ਇਸ ਤੀਰ ਅੰਦਾਜ ਨੇ ਜੋ ਅਗਨ ਬਾਣ ਛੱਡੇ ਉਹਨਾਂ ਦੀ ਜੁਆਲਾ ਮੈਂ ਹਿਮਾਲਾ ਤਕ ਦਹਿਕਦੀ ਹੋਈ ਵੇਖੀ ਸੀ। ਇਸ ਦੀ ਲਾਸਾਨੀ ਤੇਗ ਦੀ ਚਮਕਾਰ ਹਨੇਰੀਆਂ ਰਾਤਾਂ ਨੂੰ ਚੀਰਦੀ ਹੋਈ ਅਪਣੀ ਅਥਾਹ ਸ਼ਕਤੀ ਦੁਆਰਾ ਧਰਤੀ ਅਕਾਸ ਨੂੰ ਕੰਬਾ ਦਿੰਦੀ ਸੀ। ਦੁਸਮਣ ...ਨਹੀ ਨਹੀ ਧਰਮਦੋਖੀ ਲੋਕਾਂ ਦੇ ਟੋਲੇ ਕੱਖਾਂ ਵਾਂਗ ਉਡ ਜਾਇਆ ਕਰਦੇ ਸਨ। ਇਸ ਦੇ ਜੈਕਾਰੇ ਦੀ ਗੂੰਜ ਤਾਂ ਅਜ ਤਕ ਮਿੱਟੀ ਦੇ ਜਰਿਆ ਵਿਚੋਂ ਭੀ ਸੁਣਾਈ ਦੇ ਰਹੀ ਹੈ। ਇਸ ਦੇ ਸਿਖਾਏ ਵਰੋਸਾਏ ਸ਼ੇਰਾਂ ਨੇ ਉਹ ਕੌਤਕ ਵਰਤਾਏ ਜੋ ਮਹਾਂਭਾਰਤ ਦੀ ਜੰਗ ਨੂੰ ਕਿਤੇ ਪਿਛਾਂਹ ਛਡ ਗਏ। ਤੇ ਇਹ ਨਿਰਾਲਾ ਯੋਧਾ ਸਾਰੇ ਕਾਰਜ ਖੁਦ ਹੀ ਕਰਿਆ ਕਰਦਾ ਸੀ। ਇਸ ਨੇ ਫੌਜਾਂ ਨੂੰ ਸਿਖਿਆ ਭੀ ਖੁਦ ਹੀ ਦਿਤੀ। ਸੈਨਾਂ ਦਾ ਚੀਫ ਕਮਾਂਡਰ ਭੀ ਖੁਦ ਹੀ ਹੋਇਆ ਕਰਦੀ ਸੀ। ਅੰਨ ਦਾਣੇ ਤੇ ਅਸਤਰ ਸਸਤਰ ਭੀ ਇਸ ਨੂੰ ਖੁਦ ਹੀ ਤਿਆਰ ਕਰਵਾਉਣੇ ਪੈਂਦੇ ਸਨ। ਇਹ ਸਭ ਦਾ ਸਤਿਕਾਰਯੋਗ ਧਰਮ ਗੁਰੂ ਭੀ ਸੀ। ਤੇ ਇਸ ਦਾ ਕ੍ਰਿਸ਼ਨ ਵਾਂਗ ਕੋਈ ਹੋਰ ਸਲਾਹ ਕਾਰ ਨਹੀਂ ਸੀ। ਤਤਫੱਟ, ਸਾਰੇ ਫੈਸਲੇ ਇਹ ਖੁਦੀ ਹੀ ਕਰਿਆ ਕਰਦਾ ਸੀ...।
“ਬਸ ਕਰੋ ਅਚਾਰੀਆ ਜੀ ਬਸ ਕਰੋ! ਮੈਥੋਂ ਹੋਰ ਕਿਸੇ ਦੀ ਪ੍ਰਸੰਸਾ ਬਰਦਾਸਤ ਨਹੀ ਹੁੰਦੀ, ਕੋਈ ਹੋਰ ਗਲ ਕਰ ਲਉ” ਅਰਜਣ ਕੁਰਲਾਇਆ।
ਦਰੋਣ ਨੇ ਅਣਸੁਣੀ ਕਰਕੇ ਗੱਲ ਅੱਗੇ ਟੋਰੀ “ਵੇਖ ਅਰਜਣ ਅਸੀਂ ਤੇਰਾ ਵਿਰੋਧੀ ਕੋਈ ਨਹੀ ਰਹਿਣ ਦਿਤਾ। ਇਕ ਵਾਰੀ ਸ਼ੱਕ ਪਿਆ ਸੀ, ਪਈ ਇਕ ਸ਼ੂਦਰ ਇਕਲੱਵਿਯਾ ਤੇਰੇ ਵਾਸਤੇ ਖਤਰਾ ਬਣ ਸਕਦਾ ਹੈ। ਤੇ ਮੈਂ ਖੁਦ ਇਹ ਪਾਪ ਕਰਮ ਕੀਤਾ। ਗੁਰੂ ਦਕਸ਼ਣਾ ਦੇ ਬਹਾਨੇ ਉਸ ਦੇ ਸੱਜੇ ਹਥ ਦਾ ਅੰਗੂਠਾ ਕੱਟ ਦਿਤਾ, ਤਾਂ ਕਿ ਅਗੇ ਨੂੰ ਕਮਾਣ ਦਾ ਚਿੱਲਾ ਨਾ ਚਾਹੜ ਸਕੇ। ਕਰਣ ਤੇਰੇ ਨਾਲੋਂ ਸੈਕੜੇ ਗੁਣ ਤਾਕਤਵਰ ਸੀ, ਪਰ ਕ੍ਰਿਸ਼ਨ ਜੀ ਅਤੇ ਤੇਰੀ ਮਾਤਾ ਕੁੰਤੀ ਰਾਹੀਂ ਉਸ ਦੀਆਂ ਸਾਰੀਆ ਸਕਤੀਆਂ ਖੋਹ ਲਈਆਂ, ਤਾਂ ਕਿ ਤੈਨੂੰ ਜੇਤੂ ਘੋਸਿਤ ਕੀਤਾ ਜਾ ਸਕੇ। ਕਰਣ ਦਾ ਕੀ ਹੈ ਉਹ ਤਾਂ ਵਿਚਾਰਾ ਸੂਦ ਪੁੱਤਰ ਸੀ। ਕਿਸੇ ਨੂੰ ਜਮੀਨ ਤੋਂ ਚੁਕਕੇ ਉਪਰ ਉਠਾਉਣਾ ਹੋਵੇ ਤਾਂ ਜਿਆਦਾ ਮੁਸਕਲ ਨਹੀਂ ਹੈ। ਪਰ ਜੇ ਕੋਈ ਕਿਸੇ ਡੂੰਘੀ ਖਾਈ ਵਿਚ, ਹਨੇਰੀ ਗੁਫਾ ਵਿਚ, ਜਾਂ ਭਿਆਨਕ ਦਲਦਲ ਵਿਚ ਧਸਿਆ ਪਿਆ ਹੋਵੇ, ਉਸ ਨੂੰ ਬਾਹਰ ਕਢਣਾ ਸਾਵੇਂ ਪੈਰੀ ਖੜਾ ਕਰਨਾ, ਹਿੰਮਤ ਹੌਂਸਲਾ ਭਰਨਾ ਤੇ ਸਦੀਆਂ ਤੋਂ ਰਾਜ ਮਦ ਵਿਚ ਅੰਨੇ ਹੋਏ ਧਰਮ ਦੋਖੀਆਂ ਨਾਲ ਲੜਾ ਦੇਣ ਦੀ ਸਮਰਥਾ ਪੈਦਾ ਕਰ ਦੇਣੀ .....ਸ੍ਰਿਸਟੀ ਦੀ ਅਲੋਕਾਰ ਘਟਨਾ ਸੀ। ਇਕ ਪਾਸੇ ਸਾਰੇ ਹੀ ਸੂਦ ਪੁੱਤਰ, ਦੂਜੇ ਬੰਨੇ ਜਾਤੀ ਨਸ਼ੇ ਵਿਚ ਅੰਨੇ ਹੋਏ ਧਰਮ ਦੋਖੀ। ਖੁਦਾ ਦੀ ਖਲਕਤ ਤੇ ਕਹਿਰ ਢਾਹੁਣ ਵਾਲੇ ਖੁਦਾ ਨੂੰ ਮੰਨਣ ਦਾ ਨਾਟਕ ਕਰਨ ਵਾਲੇ ਪਾਪੀ ਟੋਲੇ। ਇਸ ਨੇ ਸ਼ੂਦ ਪੁੱਤਰਾਂ ਦੇ ਅੰਗੂਠੇ ਨਹੀ ਕੱਟੇ, ਸਸਤਰ ਖੋਹ ਕੇ ਜਾਲਮ ਬਘਿਆੜਾਂ ਦੇ ਹਵਾਲੇ ਨਹੀ ਕੀਤਾ, ਸੂਦ ਪੁਤਰਾਂ ਨੂੰ ਸਰਮਸਾਰ ਨਹੀ ਕੀਤਾ ਸਗੋਂ ਅਪਣੇ ਪੁੱਤਰ ਆਖ ਕੇ ਮਾਣ ਦਿਤਾ। ਸਾਰਿਆਂ ਨੂੰ ਸਾਂਝਾ ਧਰਮ ਉਪਦੇਸ ਦਿਤਾ। ਸਭ ਅਸਤਰਾਂ ਸਸਤਰਾਂ ਨਾਲ ਧਰਮ ਅਤੇ ਸਵੈਮਾਣ ਦੀ ਰਾਖੀ ਕਰਨੀ ਸਿਖਾਈ। ਬੇ ਗੈਰਤ ਜੀਵਨ ਨਾਲੋਂ ਸੂਰਮਿਆਂ ਵਾਂਗ ਮਰਨਾ ਸਿਖਾਇਆ। ਤੇ ਜਦੋਂ ਕਦੀ ਇਹ ਮਹਾਨ ਯੋਧਾ ਗਾਂਡੀਵ (ਕਮਾਣ) ਤੇ ਚਿੱਲਾ ਚੜਾਉਂਦਾ ਸੀ, ਤਦੋਂ ਗਾਂਡੀਵ ਦੀਆਂ ਹੱਡੀਆਂ ਕੜਕ ਜਾਂਦੀਆਂ ਸਨ। ਦੁਸਮਣ ਦਲ ਵਿਚ ਹਾਹਾਕਾਰ ਮਚ ਜਾਂਦੀ ਸੀ। ਹਵਾ ਨੂੰ ਚੀਰਦਾ ਬੱਦਲਾਂ ਨੂੰ ਅੱਗ ਲਾਉਂਦਾ ਇਹ ਅਗਨਬਾਣ ਧਰਮ ਦੋਖੀਆਂ ਤੇ ਡਿਗਦਾ ਸੀ, ਤਦੋਂ ਧਰਤੀ ਕੰਬਣ ਲਗ ਜਾਂਦੀ ਸੀ। ਸਮੁੰਦਰ ਡੋਲ ਜਾਦੇ ਸਨ...।”
“ਅਚਾਰੀਆ ਜੀ! ਜਬਾਨ ਨੂੰ ਲਗਾਮ ਦਿਓ, ਵਰਨਾਂ ਮੈਂ ਕੋਈ ਸਖਤ ਕਦਮ ਚੁਕਣ ਲਈ ਮਜਬੂਰ ਹੋਵਾਂਗਾ। ਤੁਹਾਡੇ ਦਿਮਾਗ ਨੂੰ ਕੀ ਹੋ ਗਿਆ ਅਜ? ਕਿਸ ਰਾਹ ਪੈ ਗਏ ਹੋ ਤੁਸੀ? ਪਤਾ ਨਹੀ ਕਿਸ ਬੂਰੇ ਵਕਤ ਮੈ ਇਸ ਕੰਬਖਤ ਤੀਰ ਅੰਦਾਜ ਦੀ ਗਲ ਛੇੜ ਬੈਠਾ...।” ਅਰਜਣ ਪੂਰੇ ਕਰੋਧ ਵਿਚ ਉਬਲ ਰਿਹਾ ਸੀ।
“ਸ਼ਾਂਤੀ ਬੇਟਾ ਸ਼ਾਂਤੀ ਰੱਖ! ਧੀਰਜ ਨਾਲ ਸੁਣ! ....ਜਦੋਂ ਮੈਂ ਤੁਹਾਡੀ ਅਸਤਰ ਸਸਤਰ ਵਿਦਿਆ ਦੀ ਪ੍ਰੀਖਿਆ ਲੈ ਰਿਹਾ ਸਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਾਰੀ ਵਾਰੀ ਇਕ ਪੰਛੀ ਫੁੰਡਣ ਵਾਸਤੇ ਕਿਹਾ ਸੀ। ਪਰ ਜਦੋਂ ਤੇਰੀ ਵਾਰੀ ਆਈ ਤਾਂ ਤੂੰ ਕਿਹਾ ਸੀ ਕਿ ਮੈਨੂੰ ਪੰਛੀ ਨਹੀ ਦਿਸਦਾ ਕੇਵਲ ਪੰਛੀ ਦੀ ਅੱਖ ਨਜਰ ਆਉਂਦੀ ਹੈ। ਤੂੰ ਤੀਰ ਛੱਡਿਆ ਤੇ ਤੀਰ ਪੰਛੀ ਦੀ ਅੱਖ ਵਿੰਨ ਗਿਆ ਸੀ। ਸਾਰਿਆਂ ਦੇ ਮੂੰਹੋਂ ਆਪ ਮੁਹਾਰੇ ਤੇਰੀ ਵਾਹ ਵਾਹ ਹੋਈ ਸੀ। ਮੈਂ ਉਸੇ ਵਕਤ ਤੈਨੂੰ ਸ੍ਰੋਮਣੀ ਤੀਰ ਅੰਦਾਜ ਦਾ ਖਿਤਾਬ ਦੇ ਦਿਤਾ। ਤੂੰ ਮੱਛੀ ਦੀ ਅੱਖ ਨੂੰ ਭੀ ਨਿਸਾਨਾ ਬਣਾਇਆ ਦ੍ਰੋਪਦੀ ਨੂੰ ਵਰਨ ਖਾਤਰ ਕੇਵਲ। ਤਾਂ ਭੀ ਤੇਰੀ ਜੈ ਜੈ ਕਾਰ ਦੇ ਡੰਕੇ ਵਜੇ ਸਨ। ਉਸ ਦੁਆਪੁਰ ਜੁਗ ਦਾ ਤੂੰ ਸਚ ਮੁਚ ਹੀ ਲਾਜਵਾਬ ਤੀਰ ਅੰਦਾਜ ਸੀ। ਜੁਗ ਬਦਲ ਗਿਆ, ਤੇਰਾ ਨਾਮ ਧੁੰਦਲਾ ਪੈਣਾ ਸ਼ੁਰੂ ਹੋ ਗਿਆ। ਤੇਰੀ ਜੰਗ ਅਪਣੇ ਆਪ ਵਾਸਤੇ ਸੀ, ਅਪਣੇ ਪਿਤਰੀ ਰਾਜ ਲਈ ਸੀ। ਵੇਖ ਤੇਰਾ ਪੁੱਤਰ ਅਭਿਮੰਨੂੰ ਜੰਗ ਵਿਚ ਜਦੋਂ ਮਾਰਿਆ ਗਿਆ ਸੀ ਤੂੰ ਉਸ ਵਕਤ ਭੀ ਲੜਨੋਂ ਨਾਂਹ ਕਰ ਦਿਤੀ। ਫਿਰ ਪੁੱਤਰ ਦੇ ....ਕਾਤਲ ਨੂੰ ਸੂਰਜ ਡੁਬਣ ਤੋਂ ਪਹਿਲਾਂ ਮਾਰ ਮੁਕਾਉਣ ਦਾ ਪ੍ਰਣ ਕੀਤਾ। ਜੇ ਕਾਮਯਾਬ ਨਾਂ ਹੋਇਆ ਤਾਂ “ਅਗ ਵਿਚ ਸੜ ਮਰਾਂਗਾ” ਆਖਿਆ ਸੀ। ਇਹ ਤਾਂ ਕ੍ਰਿਸ਼ਨ ਨੇ ਛਲ ਮਾਇਆ ਨਾਲ ਤੈਨੂੰ ਕਾਮਯਾਬੀ ਦਿਵਾ ਦਿਤੀ, ਵਰਨਾਂ ਤੂੰ ਉਸ ਵਕਤ ਆਤਮ ਦਾਹ ਕਰ ਲੈਣਾ ਸੀ...”
“ਗੁਰੂ ਜੀ ਤੁਹਾਡੀਆਂ ਗਲਾਂ ਸਚ ਦੇ ਨੇੜੇ ਪ੍ਰਤੀਤ ਹੋ ਰਹੀਆਂ ਨੇ। ਪਰ ਗਲ ਨੂੰ ਛੇਤੀ ਕਿਨਾਰੇ ਲਾਓ।” ਅਰਜਣ ਦੀਆਂ ਨਸਾਂ ਢਿਲੀਆਂ ਪੈ ਰਹੀਆਂ ਸਨ।
“ਹਾਂ ਮੇਰੇ ਆਰੀਆ ਪੁੱਤਰ ਲਾਡਲੇ ਸੁਣ! ਮੈਂ ਇਸ ਜੁਗ ਦੇ ਲਾਮਿਸਾਲ ਤੀਰ ਅੰਦਾਜ ਨੂੰ ਇਕ ਦਿਨ ਇਸਾਰੇ ਨਾਲ ਪੁੱਛਿਆ, ਕੀ ਤੁਹਾਨੂੰ ਔਹ ਸਾਹਮਣੇ ਬੈਠੇ ਪੰਛੀ ਨਜਰ ਆਉਂਦੇ ਹਨ? ਕਹਿਣ ਲਗੇ ਨਹੀ, ਫਿਰ ਤੁਹਾਨੂੰ ਵਿਚਕਾਰਲੇ ਪੰਛੀ ਦੀ ਅੱਖ ਤਾਂ ਨਜਰ ਆ ਹੀ ਨਹੀਂ ਸਕਦੀ। ਆਖਣ ਲਗੇ ਨਹੀ। ਫਿਰ ਤੁਹਾਨੂੰ ਔਹ ਰੁਖ ਨਜਰ ਆਉਂਦਾ ਹੈ ਜਿਸ ਤੇ ਪੰਛੀ ਬੈਠੇ ਹਨ ਆਖਣ ਲਗੇ ਨਹੀ। ਮੈਂ ਹੈਰਾਨ ਹੋ ਕੇ ਪੁੱਛਿਆ ਤੁਹਾਨੂੰ ਕੁਝ ਦਿਸਦਾ ਭੀ ਹੈ ਕਿ ਨਹੀ? ਆਖਣ ਲੱਗੇ, ਮੈਨੂੰ ਸਾਰੀਆਂ ਸਥੂਲ ਵਸਤਾਂ ਭੀ ਦਿਸਦੀਆਂ ਹਨ ਤੇ ਸੁਖਮ ਭੀ ਪਰ ਇਸ ਵਕਤ ਮੈਨੂੰ ਰੁਖ, ਪੰਛੀ ਜਾਂ ਪੰਛੀ ਦੀ ਅੱਖ ਨਹੀ ਦਿਸਦੀ ਮੈਨੂੰ ਧਰਮ ਦੋਖੀਆਂ ਦੀ ਪਾਪਾਂ ਨਾਲ ਭਰੀ ਰੂਹ ਨਜਰ ਆਉਂਦੀ ਹੈ। ਮੈਂ ਇਕ ਪੰਛੀ ਤੇ ਤੀਰ ਨਹੀ ਛਡਾਂਗਾ ਸਗੋਂ ਪਾਪੀਆਂ ਦੀ ਆਤਮਾ ਤੇ ਪਰਹਾਰ ਕਰਾਂਗਾ। ਇਹਨਾਂ ਦੇ ਮਨਾਂ ਨੂੰ ਫੁੰਡਦਿਆਂਗਾ ਤੇ ਉਸ ਨੇ ਮੇਰੇ ਵੇਖਦਿਆਂ ਵੇਖਦਿਆਂ ਅਨੇਕ ਪਾਧੀਆਂ ਦੇ ਮਲੀਨ ਮਨਾਂ ਨੂੰ ਤੀਰਾਂ ਨਾਲ ਫੁੰਡ ਦਿਤਾ। ਲੋਕ ਪ੍ਰਲੋਕ ਵਿਚ ਜੈ ਜੈ ਕਾਰ ਹੋਈ। ਨਾਂ ਉਹ ਪੁਤਰਾਂ ਦੇ ਲੇਖੇ ਲਗਣ ਤੇ ਵਿਲਕਿਆ ਨਾ ਮਾਤਾ ਪਿਤਾ ਦੇ ਸਹੀਦ ਹੋਣ ਤੇ। ਨਾ ਆਤਮਦਾਹ ਦਾ ਪ੍ਰਣ ਕੀਤਾ ....ਅਜ ਦੁਨੀਆ ਦੇ ਕੋਨੇ ਕੋਨੇ ਵਿਚ ਉਹਨਾਂ ਦੇ ਗੀਤ ਹਨ, ਵਡਿਆਈਆਂ ਹਨ ਚਰਚਾ ਹੈ। ਇਹ ਸੀ ਮਹਾਬਲੀ ਤੀਰ ਅੰਦਾਜ ਸਤਿਗੁਰੂ ਗੋਬਿੰਦ ਸਿੰਘ ਜੀ! ਮੇਰੀ ਨਮਸਕਾਰ ਹੈ ਉਸ ਨੂੰ... ਤੂੰ ਭੀ ਸੀਸ ਝੁਕਾ... ਤੇ ਅਰਜਣ ਦੇ ਦੋਵੇਂ ਹਥ ਜੁੜ ਗਏ, ਸਿਰ ਝੁਗ ਗਿਆ, ਅੱਖਾਂ ਵਿਚੋਂ ਵੈਰਾਗ ਦੇ ਹੰਝੂਆਂ ਦੀ ਧਾਰਾ ਵਹਿ ਟੂਰੀ। ਰੁਮਕਦੀ ਹਵਾ ਨੇ ਪਿਆਰ ਵਿਚ ਆ ਕੇ ਗੁੰਜਾਰ ਪਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।