ਸੰਖੇਪ ਇਤਿਹਾਸ - ਦਸਮ ਗ੍ਰੰਥ
ਪ੍ਰਿੰ: ਗਿਆਨੀ ਸੁਰਜੀਤ ਸਿੰਘ, ਸਿਖ ਮਿਸ਼ਨਰੀ, ਦਿੱਲੀ
ਸਨਿਮ੍ਰ ਬੇਨਤੀ ਹੈ, ਹੱਥਲੇ ਦਸਮ ਗ੍ਰੰਥ ਵਾਲੇ ਅਤਿ ਸੰਵੇਦਨਸ਼ੀਲ ਵਿਸ਼ੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦੋਨਾਂ ਪੱਖਾਂ ਦੇ ਵਿਦਵਾਨਾਂ ਦੀਆਂ ਗੋਸ਼ਟੀਆਂ ਕਰਵਾਕੇ, ਪੰਥ ਜਲਦੀ ਹੀ ਨਿਰਣਾਇਕ ਫੈਸਲੇ ਲਵੇ। ਜਿਨ੍ਹਾਂ ਰਚਨਾਵਾ ਬਾਰੇ ਸਾਰਾ ਪੰਥ ਇਕ ਮੱਤ ਹੈ ਕਿ ਰਚਨਾਵਾਂ ਦਸਮੇਸ਼ ਜੀ ਦੀਆਂ ਹੀ ਹਨ, ਉਹਨਾਂ ਨੂੰ ਛੱਡਕੇ ਬਾਕੀ ਦੋ ਰਾਵਾਂ ਵਾਲੀਆਂ ਰਚਨਾਵਾਂ ਪੰਥਕ ਸਟੇਜਾਂ ਤੇ ਪੜ੍ਹਣ ਵਾਸਤੇ ਓਦੋਂ ਤੀਕ ਪੱਕੀ ਰੋਕ ਲਗਾ ਦਿਤੀ ਜਾਵੇ, ਜਦ ਤੀਕ ਕਿ ਉਹਨਾਂ ਰਚਨਾਂਵਾਂ ਬਾਰੇ ਪੰਥ ਸਪਸ਼ਟ ਨਿਰਣੈ ਨਾ ਲੈ ਸਕੇ। ਵਿਦਵਾਨਾਂ ਨੂੰ ਡਰ ਹੈ ਕਿ ਕੁਝ ਦੋ ਰਾਵਾਂ ਵਾਲੀਆਂ ਅਤਿ ਲੋਕਪ੍ਰਿਅ ਹੋ ਚੁਕੀਆਂ ਅਤੇ ਵੱਧ ਤੋਂ ਵੱਧ ਪੜ੍ਹੀਆਂ ਜਾ ਰਹੀਆਂ ਰਚਨਾਵਾਂ ਦੇ ਸਿੱਟੇ ਵਜੋਂ ਪੰਥ ਦਾ ਇਕ ਵੱਡਾ ਹਿੱਸਾ ਬ੍ਰਾਹਮਣੀ ਤਪਾ-ਮਾਲਾ ਅਤੇ ਤੀਰਥ ਯਾਤਰਾਵਾਂ ਦਾ ਸ਼ਿਕਾਰ ਹੋ ਜਾਵੇਗਾ ਅਤੇ ਫਿਰ ਇਹ ਘਾਟਾ ਪੂਰਾ ਕਰਨਾ ਕਦੇ ਸੌਖਾ ਨਹੀਂ ਹੋਵੇਗਾ।
ਦਸਮ ਗ੍ਰੰਥ ਅਤੇ ਦਸਮੇਂ ਪਾਤਸ਼ਾਹ- ਕਿਸੇ ਗੁਰਸਿਖ ਵਾਸਤੇ ‘ਦਸਮ’ ਸ਼ਬਦ ਕਿੱਤਨੀ ਖਿੱਚ ਰਖਦਾ ਹੈ ਇਸ ਵਾਸਤੇ ਕੇਵਲ ਇੱਤਨਾ ਕਹਿ ਦੇਣਾ ਹੀ ਕਾਫ਼ੀ ਹੈ ਕਿ ਦਸਮ’ ਸ਼ਬਦ ਤੋਂ ਮਾਨੋਂ ਉਸਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਪ੍ਰਤੱਖ ਦਸ਼ਮੇਸ਼ ਜੀ ਦੇ ਹੀ ਦਰਸ਼ਨ ਹੋ ਰਹੇ ਹਨ। ਸ਼ਾਇਦ ਏਹੀ ਕਾਰਣ ਹੈ ਕਿ ਆਮ ਸੰਗਤਾਂ ‘ਦਸਮ ਗ੍ਰੰਥ’ ਦੇ ਨਾਮ ਤੋਂ ਹੀ ਇਹ ਪ੍ਰਭਾਵ ਲੈ ਲੈਂਦੀਆਂ ਹਨ ਕਿ ਇਸ ਗ੍ਰੰਥ ਵਿਚ ਸ੍ਰੀ ਕਲਗੀਧਰ ਜੀ ਦੀ ਬਾਣੀ ਹੈ ਅਤੇ ਇਸ ਗ੍ਰੰਥ ਦੇ ਵਿਰੋਧ ਵਿਚ ਇਕ ਵੀ ਲਫ਼ਜ ਸੁਨਣਾ ਪਸੰਦ ਨਹੀਂ ਕਰਦੀਆਂ।
ਸਚਾਈ ਇਹ ਹੈ ਕਿ ਇਹ ਗਲ ਵੀ ਬੜੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਪੰਥ ਅੰਦਰ ਅੱਜ 99 ਫ਼ੀ ਸਦੀ ਸੱਜਣ ਤਾਂ ਓਹ ਹਨ ਜਿਨ੍ਹਾਂ ਨੇ ਕਦੇ ਦਸਮ ਗ੍ਰੰਥ ਦੇ ਦਰਸ਼ਨ ਹੀ ਨਹੀਂ ਕੀਤੇ। ਜੇ ਕੁਝ ਨੇ ਦਰਸ਼ਨ ਕੀਤੇ ਵੀ ਹਨ ਤਾਂ ਓਹਨਾਂ ਵਿੱਚ ਵੀ ਬਹੁਤੇ ਓਹ ਹਨ ਜਿਨ੍ਹਾਂ ਨੇ ਇਸ ਅੰਦਰੋਂ ਕਦੀ ਰਚਨਾ ਵਸਤੂ ਨੂੰ ਪੜ੍ਹਿਆ ਹੀ ਨਹੀਂ। ਜੇ ਕੁਝ ਨੇ ਪੜ੍ਹਿਆ ਵੀ ਹੈ ਤਾਂ ਗਿਣਤੀ ਦੇ ਸੱਜਣ ਹਨ, ਬਹੁਤਿਆਂ ਨੂੰ ਤਾਂ ਇਸਦੇ ਅਰਥ ਹੀ ਸਪਸ਼ਟ ਨਹੀਂ ਹੋਏ। ਬਹੁਤੇ ਪੜ੍ਹਣ ਜਾਂ ਸੁਨਣ ਵਾਲਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਹੜੀਆਂ ਪੰਕਤੀਂਆਂ ਓਹ ਪੜ੍ਹ ਜਾਂ ਸੁਨ ਰਹੇ ਹਨ ਓਹਨਾਂ ਪੰਕਤੀਆਂ ਦਾ ਪਿਛੋਕੜ ਕੀ ਹੈ ਅਤੇ ਆਈਆਂ ਕਿਥੋਂ ਹਨ? ਓਹਨਾਂ ਪੰਕਤੀਆਂ ਦਾ ਅਗਾ-ਪਿੱਛਾ ਕੀ ਹੈ, ਅਤੇ ਕਿਸ ਸੰਬੰਧ ਵਿਚ ਹਨ ਭਾਵ ਇਹਨਾਂ ਪੰਕਤੀਆਂ ਦਾ reference to the context ਕੀ ਹੈ?, ਬਸ ਜਿਹੜੀਆਂ ਪੰਕਤੀਆਂ ਚੰਗੀਆਂ ਲਗੀਆਂ, ਵਿਚੋਂ ਚੁਕੀਆਂ ਅਤੇ ਓਹਨਾਂ ਦੇ ਅਰਥ ਤੌੜ-ਮਰੋੜ ਕੇ ਅਪਣੀ ਮਰਜ਼ੀ ਨਾਲ ਘੜ ਲਏ। ਅਨੇਕਾਂ ਤਾ ਓਹ ਸੱਜਣ ਵੀ ਮਿਲ ਜਾਂਦੇ ਹਨ, ਗਲ ਕਰਨ ਤੇ ਜਿਹੜੇ ਹੈਰਾਨ ਹੋਕੇ ਪੁਛਦੇ ਹਨ "ਕੀ ਅਮੁਕੀ ਬਾਣੀ ਗੁਰੂਗ੍ਰੰਥ ਸਾਹਿਬ ਜੀ ਵਿਚ ਨਹੀਂ?"
ਇਸ ਵਾਸਤੇ ਜ਼ਰੂਰੀ ਹੈ ਕਿ ਆਮ ਸੰਗਤਾਂ, ਜਿਸ ਨੂੰ ਕੇਵਲ ਸੁਨਣ ਕਰਕੇ ਹੀ ‘ਦਸ਼ਮੇਸ਼ ਬਾਣੀ’ ਸਮਝ ਰਹੀਆਂ ਹਨ ਓਹਨਾਂ ਨੂੰ ਉਸਦੀ ਕੁਝ ਜਾਣਕਾਰੀ ਦਿਤੀ ਜਾਵੇ। ਡੁੱਲੇ ਬੇਰਾਂ ਦਾ ਬਹੁਤ ਕੁਝ ਤਾਂ ਵਿਗੜ ਹੀ ਚੁਕਾ ਹੈ, ਜੇ ਫੋਕੇ ਤੇ ਅੰਨ੍ਹੇ ਜੋਸ਼ ਵਿਚ ਸਮੇਂ ਨੂੰ ਅਜੇ ਵੀ ਨਾ ਸੰਭਾਲਿਆ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਣਗੀਆਂ।
ਦਸਮੇਂ ਪਾਤਸ਼ਾਹ ਜੀ ਕਾ ਗ੍ਰੰਥ?
ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾੳਣ ਸਮੇਂ ‘ਦਸਮ ਗ੍ਰੰਥ’ ਨਾਮ ਦੀ ਕੋਈ ਰਚਨਾ ਮੌਜੂਦ ਹੀ ਨਹੀਂ ਸੀ। ਗੁਰਦੇਵ ਪਿਤਾ ਨੇ ਆਪ ਜਾਂ ਆਪ ਜੀ ਦੇ ਦਰਬਾਰੀ ਕਵੀਆਂ ਨੇ ਜੋ ਰਚਨਾਵਾਂ ਪਾਉਂਟਾ ਸਾਹਿਬ ਦੇ ਕਵੀ ਦਰਬਾਰਾਂ ਸਮੇਂ ਰਚੀਆਂ, ਸਭ ਇਤਿਹਾਸਕਾਰ ਇਸ ਗਲ ਨਾਲ ਸਹਿਮਤ ਹਨ ਕਿ ਇਹ ਸਾਰੀਆਂ ਰਚਨਾਂਵਾਂ ਅਨੰਦਪੁਰ ਸਾਹਿਬ ਛੱਡਣ ਸਮੇਂ ਸਰਸਾ ਨਦੀ ਦੀ ਭੇਂਟ ਹੋ ਗਈਆਂ ਜਾਂ ਦੁਸ਼ਮਣਾਂ ਨੇ ਸਾੜ ਦਿਤੀਆਂ। ਕੁਝ ਇਤਿਹਾਸਕਾਰਾਂ ਨੇ ਇਹਨਾਂ ਰਚਨਾਵਾਂ ਦਾ ਕੁਲ ਵਜ਼ਨ ਨੌਂ ਮਣ ਅਤੇ ਨਾਮ ‘ਵਿਦਿਆ ਸਾਗਰ’ ਜਾਂ ‘ਵਿਦਿਆ ਧਰ’ ਗ੍ਰੰਥ ਦਸਿਆ ਹੈ।
ਸਚਾਈ ਇਹ ਹੈ ਕਿ ਨਾਂਵੇਂ ਪਾਤਸ਼ਾਹ ਦੀ ਬਾਣੀ, ਆਦਿ ਬੀੜ ਵਿਚ ਦਰਜ ਕਰਵਾਉਣ ਉਪਰੰਤ, ਮੌਜੂਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਨਾਮ ਹੀ ਕੁਝ ਸਮੇਂ ਵਾਸਤੇ ਸੰਗਤਾਂ ਵਿਚ ‘ਦਸਵੇਂ ਪਾਤਸ਼ਾਹ ਜੀ ਕਾ ਗ੍ਰੰਥ’ ਕਰਕੇ ਪ੍ਰਚਲਤ ਹੋਇਆ ਮਿਲਦਾ ਹੈ। ਕਿਉਂਕਿ ਉਸ ਸਮੇਂ ਸੰਗਤਾਂ ਪਾਸ ਦੋਵੇਂ ਤਰ੍ਹਾਂ ਦੀਆਂ ਬੀੜਾਂ ਪ੍ਰਾਪਤ ਸਨ। ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਸੰਪਾਦਿਤ ‘ਆਦਿ ਬੀੜ’ ਅਤੇ ਦਸਵੇਂ ਪਾਤਸ਼ਾਹ ਰਾਹੀਂ ਸੰਪੂਰਨਤਾ ਪ੍ਰਾਪਤ, ਅਜੋਕੀ ਬੀੜ। ਸੰਗਤਾ ਵਿਚ ਇਹ ਲਫਜ ਕੁਝ ਸਮੇਂ ਵਾਸਤੇ ਕੇਵਲ ਪਹਿਚਾਣ ਵਾਸਤੇ ਸੀ। ਅਜ ਦੇ ਕੁਝ ਲਿਖਾਰੀ ਜਾਂ ਤਾਂ ਉਹਨਾਂ ਪੁਰਾਤਨ ਲਿਖਿਤਾਂ ਤੋਂ ਹੀ ਕੁਝ ਭੁਲੇਖਾ ਖਾ ਰਹੇ ਹਨ ਜਾਂ ਫਿਰ ਸ਼ਰਾਰਤੀ ਲੋਕ ਜਾਣਬੁਝ ਕੇ ਸੰਗਤਾਂ ਨੂੰ ਉਲਝਾੳਣ ਵਾਸਤੇ ਅਜੇਹਾ ਕੁਝ ਭੁਲੇਖਾ ਦੇ ਵੀ ਰਹੇ ਹਨ।
ਇਹ ਘੱਪਲਾ ਕਿਸਤਰ੍ਹਾਂ?
ਸੰਨ 1708 ਵਿਚ ਗੁਰਦੇਵ ਦੇ ਜੋਤੀ ਜੋਤ ਸਮਾਣ ਤੋਂ ਬਾਦ ਪੰਥ ਉਪਰ ਬੜੀ ਭੀੜਾ ਦਾ ਸਮਾਂ ਸੀ। ਕੌਮ ਨੂੰ ਆਪਣੇ ਨਿਸ਼ਾਨੇ ਵਲ ਅਗੇ ਟੁਰਨ ਵਾਸਤੇ ਜੰਗਲਾਂ, ਰਾਜਸਥਾਨ ਦੇ ਮਾਰੂਥਲਾਂ ਅਤੇ ਪਹਾੜਾਂ ਵਿਚ ਸਮਾਂ ਕੱਟਣਾ ਪਿਆ। ਇਤਿਹਾਸ ਵਿਚ ਕੁਝ ਅਜੇਹਾ ਜ਼ਿਕਰ ਅਉਂਦਾ ਹੈ ਕਿ ਦਸ਼ਮੇਸ਼ ਜੀ ਦੀਆਂ ਰਚਨਾਵਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਅਤੇ ਸੁਰਖਿਅਤ ਕੀਤਾ ਜਾਵੇ, ਪੰਥਕ ਆਗੂਆਂ ਨੇ ਇਸ ਬਾਰੇ ਭਰਵਾਂ ਜੱਤਨ ਕੀਤਾ। ਨਤੀਜਾ ਇਹ ਹੋਇਆ ਕਿ ਜਿੱਥੇ ਗੁਰਦੇਵ ਦੀ ਕੁਝ ਬਾਣੀ ਇੱਕਤਰ ਹੋਈ ਓਥੇ ਅਨੇਕਾਂ ਕੱਚੀਆਂ ਰਚਨਾਂਵਾਂ ਵੀ ਉਸ ਨਾਲ ਇਕਤ੍ਰ ਹੋ ਗਈਆਂ। ਵਿਰੋਧੀਆਂ ਨੇ ਵੀ ਸਮੇਂ ਦਾ ਪੂਰਾ ਪੂਰਾ ਲਾਭ ਉਠਾਇਆ ਅਤੇ ਬਹੁਤੀਆਂ ਰਚਨਾਵਾਂ ਮਿਲਦੇ ਜੁਲਦੇ ਸ਼ਬਦਾਂ ਵਿਚ ਘੱੜ੍ਹ ਕੇ ਇਕੱਤਰ ਕਰਵਾ ਦਿਤੀਆਂ। ਵਿਸ਼ੇਸ਼ ਕਰ ਕਰਮਕਾਂਡੀ ਬ੍ਰਾਹਮਣ ਵਰਗ, ਜਿਸ ਦੀ ਦੁਕਾਨਦਾਰੀ ਨੂੰ ਗੁਰਮੱਤ ਦੇ ਪ੍ਰਕਾਸ਼ ਨਾਲ ਸਭ ਤੋਂ ਵਧੇਰੇ ਸੱਟ ਪੁਜੀ ਸੀ, ਇਸ ਸਮੇਂ ਨੂੰ ਭਲਾ ਕਿਵੇਂ ਗੁਆ ਸਕਦਾ ਸੀ। ਇਸਨੇ ਤਾਂ ਪਹਿਲੇ ਜਾਮੇਂ ਤੋਂ ਹੀ ਗੁਰੂ-ਦਰਬਾਰ ਤੇ ਵਾਰ ਕਰਨ ਦਾ ਸਮਾਂ ਕਦੇ ਨਹੀਂ ਸੀ ਖੁੰਝਣ ਦਿਤਾ। ਇਸ ਸਮੇਂ ਦਾ ਉਸਨੇ ਪੂਰਾ ਪੂਰਾ ਲਾਭ ਉਠਾਇਆ। ਉਸਨੇ ਵੀ ਤਪਾਂ, ਤੀਰਥ ਇਸ਼ਨਾਂਨਾਂ, ਬ੍ਰਾਹਮਣਾਂ ਨੂੰ ਦਾਨ-ਪੁੰਨ ਅਤੇ ਹੋਰ ਅਨੇਕਾਂ ਬ੍ਰਾਹਮਣੀ ਕਰਮਕਾਂਡਾਂ ਨੂੰ ਗੁਰਮੱਤ ਦੀ ਚਾਸ਼ਨੀ ਚੜ੍ਹਾ ਕੇ ਬਲਕਿ ਕਈ ਹਾਲਤਾਂ ਵਿਚ ਇਹਨਾਂ ਰਚਨਾਂਵਾਂ ਦਾ ਸਿੱਧਾ ਸੰਬੰਧ ਗੁਰੂ ਸਾਹਿਬਾਨ ਨਾਲ ਜੋੜ ਕੇ ਜਾਂ ਫ਼ਿਰ ਗੁਰੂ ਸਾਹਿਬ ਦੇ ਹੀ ਮੁਖਾਰਬਿੰਦ ਤੋਂ ਕੱਢਵਾ ਕੇ-ਬੇਅੰਤ ਰਚਨਾਂਵਾਂ ਤਿਆਰ ਕੀਤੀਆਂ ਅਤੇ ਇੱਕਤਰ ਕਰਵਾ ਦਿਤੀਆਂ, ਸਪਸ਼ਟ ਮਾਲੂਮ ਹੁੰਦੀਆਂ ਹਨ। ਠੀਕ ਇਸੇਤਰਾਂ ਜਿਸ ਤਰ੍ਹਾਂ ਅਨੇਕਾਂ ਪੁਰਾਤਨ ਬ੍ਰਾਹਮਣੀ ਰਚਨਾਂਵਾਂ ਨੂੰ ਟਕਸਾਲੀ ਸਿੱਧ ਕਰਣ ਵਾਸਤੇ ਖੇਡਾਂ ਖੇਡੀਆਂ ਮਿਲਦੀਆਂ ਹਨ। ਮਿਸਾਲ ਦੇ ਤੌਰ ਤੇ ‘ਗਰੁੜ ਪੁਰਾਨ’ ਵਾਸਤੇ "ਇਸਨੂੰ ਵਿਸ਼ਨੂੰ ਜੀ ਨੇ ਆਪਣੇ ਵਾਹਨ ਗਰੁੜ ਨੂੰ ਜੀਵ ਦੀ ਗਤੀ ਵਾਸਤੇ ਸੁਣਾਇਆ"-- ‘ਰਾਮਾਇਣ’ ਵਾਸਤੇ…ਇਸਨੂੰ "ਸ਼ਿਵਜੀ ਨੇ ਪਾਰਬਤੀ ਨੂੰ ਸੁਣਾਇਆ"----ਆਦਿ। ਭਾਵ ਇਹ ਕਿ ਹਰ ਇਕ ਸਮੇਂ ਦੇ ਮੰਨੇ ਜਾਂਦੇ ਮਹਾਂਪੁਰਖਾਂ, ਜਾਂ ਮਨੁਖ ਵਿਸ਼ੇਸ਼ ਨੂੰ ਸਿੱਧੇ ਜਾਂ ਅਸਿੱਧੇ ਬ੍ਰਾਹਮਣ ਨੇ ਅਪਣੇ ਮੱਤ ਦਾ ਉਪਾਸ਼ਕ ਹੀ ਸਿੱਧ ਕੀਤਾ ਹੈ।
ਭਾਰਤ ਵਿਚ ਜਨਮੇਂ ਲਗਾਤਾਰ 1300 ਸਾਲਾਂ ਤੀਕ ਅਪਣੀਆਂ ਜੜ੍ਹਾਂ ਜਮਾ ਚੁਕੇ ਅਤੇ ਰਾਜ-ਪਾਟ ਦੇ ਮਾਲਿਕ ਤੀਕ ਬਣ ਚੁਕੇ ਬੁੱਧ ਧਰਮ ਦੀ ਤਾਂ ਜੜ੍ਹ ਵੀ ਹਿਂਦੁਸਤਾਨ ਵਿਚੋਂ ਕੱਟ ਦਿਤੀ। ਮਹਾਵੀਰ ਜੈਨ ਅਤੇ ਮਹਾਤਮਾ ਬੁਧ ਨੂੰ ਵਿਸ਼ਨੂੰ ਦਾ ਅਵਤਾਰ ਘੋਸ਼ਿਤ ਕਰਕੇ, ਓਹਨਾਂ ਦੀਆਂ ਮੂਰਤੀਆਂ ਨੂੰ ਮੰਦਿਰਾਂ ਵਿਚ ਟਿਕਾ ਕੇ ਕਿਹੜੀ ਖੇਡ ਖੇਡੀ ਗਈ, ਸਮਝਦੇ ਦੇਰ ਨਹੀਂ ਲਗਦੀ। ਸਿਖ ਧਰਮ ਉਪਰ ਤਾਂ ਅਜੇਹੇ ਵਾਰ ਪਹਿਲੇ ਦਿਨ ਤੋਂ ਹੀ ਹਨ। ਇਸ ‘ਦਸਮ ਗ੍ਰੰਥ’ ਰਸਤੇ ਉਸ ਰਾਹੀਂ ਏਹੀ ਖੇਡ, ਗੁਰੂ ਸਾਹਿਬਾਨ ਅਤੇ ਵਿਸ਼ੇਸ਼ ਕਰਕੇ ਦਸਮੇਸ਼ ਪਿਤਾ ਜੀ ਦਾ ਨਾਮ ਵਰਤਕੇ, ਬੜੇ ਯੋਜਨਾ ਬੱਧ ਤਰੀਕੇ ਨਾਲ ਖੇਡੀ ਗਈ ਸਪਸ਼ਟ ਹੈ। ਮੌਜੂਦਾ ‘ਦਸਮ ਗ੍ਰੰਥ’ ਦਾ ਵਿਸ਼ਾ ਵਸਤੂ ਵਾਚਿਆਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਾਕਤ ਮੱਤ ਵਾਲੇ, ਜਿਹੜੇ ਕਿ ਬ੍ਰਾਹਮਣ ਵਰਗ ਦੀ ਹੀ ਇਕ ਸ਼ਾਖਾ ਮਾਤਰ ਕਹੇ ਜਾ ਸਕਦੇ ਹਨ; ਓਹਨਾਂ ਨੇ ਵੀ ਸਮੇਂ ਦਾ ਪੂਰਾ-ਪੂਰਾ ਲਾਭ ਉਠਾਇਆ। "ਅਜੌਕੇ ਦਸਮ ਗ੍ਰੰਥ ਵਾਲਾ ਪਾਜ ਕਿੱਧਰੇ ਖੁਲ ਨਾ ਜਾਵੇ ਇਸ ਦੀ ਘਬਰਾਹਟ, ਅਜ ਕਿਸ ਨੂੰ ਸਭ ਤੋਂ ਵੱਧ ਹੈ, ਸਭ ਤੋਂ ਵੱਧ ਤੜਫ਼ ਕੋਣ ਰਿਹਾ ਹੈ" ਸਚਾਈ ਨੂੰ ਉਘੜਦੇ ਦੇਰ ਨਹੀਂ ਲਗਦੀ।
ਦਸਮ ਗ੍ਰੰਥ ਨਹੀਂ ਇਹ ਸਾਰਾ ‘ਬਚਿੱਤਰ ਨਾਟਕ’ ਹੀ ਸੀ
ਇਕੱਤਰ ਹੋਈਆਂ ਉਪਰੋਕਤ ਰਚਨਾਵਾਂ ਬਾਰੇ ਭਾਰੀ ਭੀੜਾ ਦੇ ਸਮੇਂ ਇਹ ਨਿਰਣਾ ਕਰਨਾ ਕਿ ਕਿਹੜੀ ਦਸ਼ਮੇਸ਼ ਜੀ ਦੀ ਹੋ ਸਕਦੀ ਅਤੇ ਕਿਹੜੀ ਮਿਲਾਵਟ, ਮੁਸ਼ਕਲ ਹੀ ਨਹੀਂ ਅਸੰਭਵ ਵੀ ਸੀ। ਸੱਚ ਤਾਂ ਇਹ ਹੈ ਕਿ ਕੁਝ ਸਮੇਂ ਵਾਸਤੇ ਇਸ ਸਾਰੇ ਨੂੰ ਇਕ ਜਿਲਦ ਵਿਚ ਸੰਭਾਲ ਰਖਣ ਵਾਸਤੇ ਵੀ ਪੰਥ ਅੰਦਰ ਤੀਬਰ ਮਤਭੇਦ ਸਨ। ਦਸ਼ਮੇਸ਼ ਬਾਣੀ ਦੇ ਨਾਲ ਕੱਚੀਆਂ ਅਤੇ ਅਸ਼ਲੀਲ ਰਚਨਾਵਾਂ ਵੀ ਇਕੋ ਹੀ ਜਿਲਦ ਵਿਚ ਰਖੀਆਂ ਜਾਣ-ਸੂਝਵਾਨ ਸੰਗਤਾਂ ਇਸ ਗਲ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੀਆਂ। ਉਸ ਸਮੇਂ ਦੀਆਂ ਇਹ ਵੀ ਖਬਰਾਂ ਸਨ ਕਿ ਹਰਿਮੰਦਰ ਸਾਹਿਬ ਦਾ ਸਰੋਵਰ ਪੂਰਿਆ ਜਾ ਚੁਕਾ ਹੈ ਅਤੇ ਅੰਦਰ ਮੱਸਾ ਰੰਘੜ ਵੇਸਵਾਵਾਂ ਦੇ ਨਾਚ ਕਰਵਾ ਰਿਹਾ ਹੈ। ਪੰਥ ਸਾਹਮਣੇ ਪਹਿਲਾ ਸੁਆਲ ਪੰਥ ਦੀ ਹੋਂਦ ਨੂੰ ਬਚਾਣਾ ਸੀ। ਬਹੁਤਿਆਂ ਦਾ ਸੁਝਾਵ ਸੀ ਬਾਣੀ ਛਾਂਟੀ ਦੇ ਇਸ ਕੰਮ ਨੂੰ ਕੁਝ ਸਮੇਂ ਵਾਸਤੇ ਅਗੇ ਪਾ ਦਿਤਾ ਜਾਵੇ। ਉਸ ਸਮੇਂ ਦੇ ਸਿਆਣੇ ਆਗੂਆਂ ਨੇ ਸਾਰੀ ਰਚਨਾ ਵਸਤੂ ਨੂੰ ਇਕ ਜਿਲਦ ਵਿਚ ਸੁਰਖਿਅਤ ਕਰ ਲਿਆ। ਆਗੂ ਸੂਝਵਾਨ ਅਤੇ ਸਿਆਣੇ ਸਨ, ਉਨ੍ਹਾਂ ਨੇ ਇਸ ਜਿਲਦ ਨੂੰ ‘ਬਚਿਤ੍ਰ ਨਾਟਕ’ ਭਾਵ ‘ਵਚਿਤਰ ਜਿਹਾ ਨਾਟਕੀਯ ਸੰਗ੍ਰਹਿ’ ਨਾਮ ਦੇ ਦਿਤਾ। ਸੋਚਿਆ ਹੋਵੇਗਾ ਕਿ "ਟੁਰੇ ਤੇ ਸਾਂ ਦਸ਼ਮੇਸ਼ ਜੀ ਦੀ ਬਾਣੀ ਨੂੰ ਇਕੱਤਰ ਕਰਨ ਪਰ ਇਹ ਇੱਕ ਨਾਟਕੀ ਸੰਗ੍ਰਹਿ ਬਣ ਗਿਆ ਹੈ"। ਕਿਉਂਕਿ ਇਸ ਬਾਰੇ ਜਲਦੀ ਵਿਚ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਕਿਹੜੀ ਰਚਨਾ ਕਲਗੀਧਰ ਜੀ ਦੀ ਹੋ ਸਕਦੀ ਹੈ ਤੇ ਕਿਹੜੀ ਨਹੀਂ। ਸਾਰੇ ਸੰਗ੍ਰਹਿ ਨੂੰ ‘ਬਚਿਤ੍ਰ ਨਾਟਕ’ ਦਾ ਨਾਮ ਦੇਣ ਦਾ ਕਾਰਣ ਸੀ ਕਿ ਆਉਣ ਵਾਲੀਆਂ ਨਸਲਾਂ ਗੁਮਰਾਹ ਨਾ ਹੋਣ। ਸ਼ਾਇਦ ਓਹ ਇਹ ਨਹੀਂ ਸਨ ਜਾਣਦੇ ਕਿ ਪੰਥ ਦੀ ਹਾਲਤ ਸੁਧਰਨ ਦੀ ਬਜਾਏ ਦਿਨੋ ਦਿਨ ਨਿਘਰਦੀ ਹੀ ਜਾਣੀ ਹੈ ਅਤੇ ਗੁਰਬਾਣੀ ਦੀ ਸੂਝ ਨਿੱਤ ਘੱਟਦੀ ਹੀ ਜਾਣੀ ਹੈ, ਨਹੀਂ ਤਾਂ ਓਹ ਜ਼ਰੂਰ ਕੋਈ ਹੋਰ ਉਪਰਾਲਾ ਕਰਦੇ।
ਸਪਸ਼ਟ ਹੈ ਕਿ ਆਰੰਭ ਵਿਚ ਸਾਰੀ ਪੋਥੀ ਦਾ ਨਾਮ ਹੀ ‘ਬਚਿਤ੍ਰ ਨਾਟਕ’ ਸੀ ਨਾ ਕਿ ਅੱਜ ਦੀ ਤਰ੍ਹਾਂ ਕੁਝ ਹਿੱਸੇ ਦਾ। ਉਨ੍ਹੀਵੀਂ ਸਦੀ ਦੇ ਅੰਤ ਤੀਕ ਮੌਜੂਦਾ ‘ਦਸਮ ਗ੍ਰੰਥ’ ਨਾਮ ਦੀ ਕੋਈ ਰਚਨਾ ਵਜੂਦ ਵਿੱਚ ਹੀ ਨਹੀਂ ਸੀ। ਇਸ ਸਾਰੇ ਨਾਟਕੀਯ ਸੰਗ੍ਰਹਿ ਵਿਚੋਂ ਕੇਵਲ ਦਸ਼ਮੇਸ਼ ਬਾਣੀ ਛਾਂਟਣ ਦਾ ਕੰਮ ਹੀ ਬਾਕੀ ਸੀ। ਪੁਰਾਤਨ ਰਚਨਾਂਵਾਂ ਅਨੁਸਾਰ ਪੰਥ ਕੇਵਲ ਪੰਜ ਰਚਨਾਵਾਂ ਉਪਰ ਹੀ ਸਹਿਮਤ ਸੀ ਕਿ ਦਸਮੇਸ਼ ਜੀ ਦੀਆਂ ਹੋ ਸਕਦੀਆਂ ਹਨ।
ਫਰਜ਼ੀ ਕਹਾਣੀਆਂ ਅਤੇ ਵਰ ਸਰਾਪ
ਫਰਜ਼ੀ ਕਹਾਣੀਆਂ ਅਤੇ ਵਰ-ਸਰਾਪ ਸਿਖ ਧਰਮ ਦਾ ਅੰਗ ਨਹੀਂ, ਇਹ ਨਿਰੋਲ ਬ੍ਰਾਹਮਣੀ ਸੋਚ ਦੀ ਉਪਜ ਹਨ। ਕੁਝ ਸ਼ਰਾਰਤੀ ਲੋਕਾਂ ਨੇ ਹਰਿਮੰਦਿਰ ਸਾਹਿਬ ਆਜ਼ਾਦ ਕਰਵਾਉਣ ਵਾਲੀ ਘਟਨਾ ਨਾਲ ਇਕ ਕਹਾਣੀ ਜੋੜ ਕੇ ਪ੍ਰਚਲਤ ਕਰ ਦਿਤੀ। ਕਹਾਣੀ ਅਨੁਸਾਰ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਜੇਕਰ ਮੱਸੇ ਰੰਘੜ ਨੂੰ ਕਤਲ ਕਰਕੇ ਹਰਿਮੰਦਿਰ ਸਾਹਿਬ ਆਜ਼ਾਦ ਕਰਵਾ ਆੳਣ ਤਾਂ ਜਿਲਦ ਇਕੱਠੀ ਰਹਿਣ ਦਿਤੀ ਜਾਵੇ ਨਹੀਂ ਤਾਂ ਪੰਜ ਰਚਨਾਂਵਾਂ ਤੋਂ ਬਾਹਿਰ ਬਾਕੀ ਵੱਖ ਕਰ ਦਿਤੀਆਂ ਜਾਣ। ਕਹਾਣੀ ਅਪਣੇ ਆਪ ਵਿਚ ਸਪਸ਼ਟ ਕਰਦੀ ਹੈ ਕਿ ਇਹ ਕਹਾਣੀ ਘਟਨਾ ਤੋਂ ਬਾਦ ਕੇਵਲ ਸ਼ਰਾਰਤ ਦਾ ਆਧਾਰ ਬਨਾਉਣ ਵਾਸਤੇ ਹੀ ਪ੍ਰਚਲਤ ਕੀਤੀ ਗਈ। ਠੀਕ ਇਸੇ ਤਰ੍ਹਾਂ ਜਿਵੇਂ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕਟੇ ਜਾਨ ਵਾਲੇ ਮਹਾਨ ਸਾਕੇ ਨੂੰ ਫ਼ਰਜ਼ੀ ਵਰ-ਸਰਾਪ ਵਾਲੀ ਕਹਾਣੀ ਰਾਹੀ ਛੁਟਿਆੳਣ ਦੀ ਖੇਡ ਖੇਡੀ ਗਈ।
ਇਸੇ ਤਰ੍ਹਾਂ ‘ਦਸਮ ਬਾਣੀ’ ਇੱਕਠੀ ਕਰਨ ਵਾਸਤੇ ਮਾਤਾ ਸੁੰਦਰ ਕੌਰ ਜੀ ਵਲੋਂ ਭਾਈ ਮਨੀ ਸਿੰਘ ਜੀ ਨੂੰ ਇਕ ਫ਼ਰਜ਼ੀ ਚਿਠੀ ਦਾ ਆਧਾਰ ਬਣਾਇਆ ਗਿਆ। ਸਮੇਂ ਨਾਲ ਭਾਸ਼ਾ ਵਿਗਿਆਨੀ ਸਾਬਤ ਕਰ ਚੁਕੇ ਹਨ ਕਿ ਓਹ ਚਿੱਠੀ ਵੀ ਨਕਲੀ ਹੈ ਅਤੇ ਇਹ ਵੀ ਸਾਬਤ ਕਰ ਦਿਤਾ ਹੈ ਕਿ ਉਦੋਂ ਲਿਖੀ ਗਈ ਜਦੋਂ ਉਨ੍ਹੀਵੀਂ ਸਦੀ ਦੇ ਅੰਤ ਤੇ ਨਿੱਬ ਦਾ ਪ੍ਰਚਲਣ ਹੋ ਚੁਕਾ ਸੀ ਪਰ ਦਸੀ ਜਾ ਰਹੀ ਹੈ ਅਠ੍ਹਾਰਵੀ ਸਦੀ ਦੇ ਅਰੰਭ ਦੀ। ਭਾਵ ਇਹ ਜੋ ਕੁਝ ਵੀ ਹੋਇਆ ਸਾਰਾ ਉਨ੍ਹੀਵੀ ਸਦੀ ਦੇ ਅੰਤਲੇ ਦਿਨਾਂ ਦੇ ਹੀ ਚਮਤਕਾਰ ਹਨ ਜਦੋਂ ਕਿ ਕੌਮ ਘੂਕ ਸੁੱਤੀ ਪਈ ਸੀ।
ਬਚਿੱਤਰ ਨਾਟਕ ਤੋ ਦਸਮ ਗ੍ਰੰਥ ਤੀਕ
ਸਮਾਂ ਬਦਲਦਾ ਗਿਆ, ਇਸ ਰਚਨਾ ਸੰਗ੍ਰਹਿ ਵਿਚੋਂ ਦਸ਼ਮੇਸ਼ ਜੀ ਦੀ ਬਾਣੀ ਛਾਂਟਣੀ ਤਾਂ ਦੂਰ ਪੰਥ ਦੀ ਹਾਲਤ ਗੁਰਮਤ ਅਤੇ ਗੁਰਬਾਣੀ ਸੋਝੀ ਪਖੋਂ ਦਿਨ-ਬ-ਦਿਨ ਨਿੱਘਰਦੀ ਗਈ। ਪ੍ਰਚਾਰ ਪ੍ਰਬੰਧ ਗੈਰ ਜ਼ਿੰਮੇਵਾਰ ਲੋਕਾਂ ਦੇ ਹੱਥਾਂ ਵਿਚ ਜਾਂਦਾ ਗਿਆ ਅਤੇ ਸਾਰੇ ਕਰਮਕਾਂਡ, ਸਿਖੀ ਘਰਾਂ ਦਾ ਅਤੇ ਸਿਖੀ ਪ੍ਰਚਾਰ ਦਾ ਅੰਗ ਬਣਦੇ ਗਏ। ਪੰਥ ਦੀ ਇਸ ਨਿੱਘਰੀ ਹੋਈ ਹਾਲਤ ਸਦਕਾ ਇਸ ‘ਬਚਿਤ੍ਰ ਨਾਟਕ’ ਦਾ ਨਾਮ ‘ਦਸਮ ਗ੍ਰੰਥ’ ਅਤੇ ਫਿਰ ‘ਸ੍ਰੀ ਦਸਮ ਗ੍ਰੰਥ’ ਅਤੇ ਹੁੰਦਾ ਹੁੰਦਾ ਹੁਣ ‘ਦਸਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਬਣ ਗਿਆ। ਨਾਮ ਲਿਖਣ ਦਾ ਢੰਗ ਵੀ ਬੜਾ ਅਜੀਬ ਹੈ। ‘ਦਸਮ’ ਉਪਰ ਛੋਟਾ ਜਿਹਾ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੂਜੀ ਪੰਕਤੀ ਵਿਚ ਵੱਡਾ ਸਾਰਾ। ਸੰਗਤਾਂ ਦੀ ਜਾਣਕਾਰੀ ਵਾਸਤੇ, ਇਸ ਦਾ ਸਰੂਪ ਜੋ ਬਣ ਚੁੱਕਾ ਹੈ ਉਹ ਕੁਝ ਇਸ ਪ੍ਰਕਾਰ ਹੈ :-"ਦਸਮ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਛਾਪਕ ਹਨ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਸੰਜ, ਅੰਮ੍ਰਿਤਸਰ ਅਤੇ ਹੋਰ ਵੀ ਕੁਝ।
ਆਖਿਰ ਗਰੁਗੱਦੀ ਕਿਸਨੂੰ ਮਿਲੀ?
ਸਾਰੇ ਇਤਿਹਾਸਕਾਰ ਇਸ ਗਲ ਨੂੰ ਮੰਨਦੇ ਹਨ ਕਿ ਗੁਰਗੱਦੀ ਮੋਜੂਦਾ "ਸ੍ਰੀ ਗੁਰੂ ਗ੍ਰੰਥ ਜੀ" ਨੂੰ ਪ੍ਰਾਪਤ ਹੋਈ। ਦਰਅਸਲ ਇਹ ਗੱਦੀ ਵੀ ਬਾਣੀ ਸਰੂਪ ਦੀ ਸੰਪੂਰਣਤਾ ਦਾ ਇਲਾਨ ਸੀ। ਨਹੀਂ ਤਾਂ ਬਾਣੀ ਦੇ ਗੁਰੂ ਹੋਣ ਦਾ ਇਲਾਣ ਵੀ ਪਹਿਲੇ ਜਾਮੇਂ ਤੋਂ ਹੀ ਸੀ। ਦਸਮੇਸ਼ ਜੀ ਤਾਂ ਆਪ ਹੀ ਨਾਨਕ ਜੋਤ ਸਨ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਦਸਵਾਂ ਸਰੂਪ। ਜੇ ਉਸ ਵੱਕਤ ਮੋਜੂਦਾ ‘ਦਸਮ ਗ੍ਰੰਥ’ ਦਾ ਕੋਈ ਵਜੂਦ ਜਾਂ ਮਹਤਵ ਹੁੰਦਾ ਤਾਂ ਉਸ ਬਾਰੇ ਵੀ ਅਪਣਾ ਕੋਈ ਸਪਸ਼ਟ ਫ਼ੈਸਲਾ ਜ਼ਰੂਰ ਦੇਂਦੇ। ਜਦੋਂ ਪਾਤਸ਼ਾਹ ਨੇ ਆਪ ਸਾਨੂੰ ਕੇਵਲ ਅਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਲੜ ਲਗਾਇਆ ਹੈ ਤਾਂ ਸਾਨੂੰ ਕੀ ਹੱਕ ਹੈ ਕਿਸੇ ਵੀ ਹੋਰ ਰਚਨਾਂ ਨੂੰ ਓਹਨਾਂ ਦੀ ਬਰਾਬਰੀ ਤੇ ਲਿਆੳਣ ਵਾਲੀ ਹੁਮਾਕਤ ਕਰੀਏ। ਕੀ ਅਪਣੀ ਕਰਤੂਤ ਨਾਲ ਅਸੀਂ ਇਹ ਕਹਿਣਾ ਚਾਹੁਂਦੇ ਹਾਂ ਕਿ "ਸਾਡਾ ਗੁਰੂ ਅਭੁਲ ਨਹੀਂ ਬਲਕਿ ਅਸੀਂ ਅਜ ਵੱਧ ਸਿਆਣੇ ਪੈਦਾ ਹੋ ਗਏ ਹਾਂ" ਆਖਿਰ ਉਸ ਵੱਕਤ ਇਹ ਮੋਜੂਦਾ ਦਸਮ ਗ੍ਰੰਥ ਕਿਥੇ ਸੀ?
ਸੱਚੀ ਗੱਲ ਤਾਂ ਇਹ ਹੈ ਕਿ ਉਨ੍ਹੀਵੀਂ ਸਦੀ ਦੇ ਅੰਤ ਤੀਕ ਸਾਰਾ ਪੰਥ ਇਕ ਮੱਤ ਸੀ ਕਿ ਦਸਮ ਗ੍ਰੰਥ ਦੀ ਸਾਰੀ ਰਚਨਾ, ਦਸ਼ਮੇਸ਼ ਜੀ ਦੀ ਨਹੀਂ। ਸਮੂਚੇ ਦਸਮ ਗ੍ਰੰਥ ਵਿਚੋਂ ਕੇਵਲ ਪੰਜ ਰਚਨਾਵਾਂ- ਜਾਪੁ ਸਾਹਿਬ, ਅਕਾਲ ਉਸਤਤ (ਅੰਤਮ ਕੁਝ ਸੁਆਲ ਛੱਡਕੇ) ਜ਼ਫਰ ਨਾਮ੍ਹਾ, ਤੇਤੀ ਸਵੇਯੈ ਅਤੇ ਸ਼ਬਦ ਹਜ਼ਾਰੇ (ਮਿਤ੍ਰ ਪਿਆਰੇ ਨੂੰ ਛੱਡਕੇ) ਹੀ ਦਸ਼ਮੇਸ਼ ਜੀ ਦੀਆਂ ਮਨੀਆਂ ਜਾਂਦੀਆਂ ਸਨ। ਬਾਕੀ ਝਗੜਾ ਸੀ ਤਾਂ ਕੇਵਲ ਬਾਣੀ ਦੀ ਹੋਰ ਛਾਂਟੀ ਦਾ, ਓਹ ਵੀ ਜੇਕਰ ਕੋਈ ਹੈ ਤਾਂ? ਨਵੇਂ ਝਗੜੇ ਦਾ ਆਰੰਭ ਤਾਂ ਪੰਡਿਤ ਤਾਰਾ ਸਿੰਘ ਨਰੋਤਮ ਦੀ ਰਚਨਾ ‘ਗੁਰਮਤ ਨਿਰਣੈ ਸਾਗਰ’ ਤੋਂ ਹੋਇਆ। ਹੁਣ ਅਸੀਂ ਇੱਤਨੀ ਡੂੰਘੀ ਖੱਡ ਵਿਚ ਡਿੱਗ ਚੁਕੇ ਹਾਂ ਕਿ ਅਜ ਪੰਥ ਵਿਚ ਕੁਝ ਅਜਿਹੇ ਵਿਦਵਾਨ ਵੀ ਉਭਰ ਆਏ ਹਨ ਅਤੇ ਬਾਹਰੋਂ ਘੁਸਪੈਠੀਏ ਵੀ ਇਸ ਕੰਮ ਵਾਸਤੇ ਅਪਣਾ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ ਜੋ ਸਾਰੀ ਰਚਨਾ ਨੂੰ ਹੀ ਦਸ਼ਮੇਸ਼ ਜੀ ਦੀ ਹੋਣ ਦਾ ਹੱਠ ਕਰ ਰਹੇ ਹਨ। ਇਸ ਦਾ ਮੂਲ ਕਾਰਣ ਹੈ ਪੰਥ ਅੰਦਰੋਂ ਗੁਰਬਾਣੀ ਸੋਝੀ ਦਾ ਘਟਣਾ, ਸਾਜ਼ਸ਼ੀਆਂ ਨੂੰ ਅਪਣਾ ਰਸਤਾ ਸਾਫ਼ ਹੁੰਦਾ ਨਜ਼ਰ ਆਉਣ ਲਗ ਜਾਣਾ ਅਤੇ ਪੋਥੀ ਦਾ ਨਾਮ "ਦਸਮ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਬਣ ਜਾਣਾ ਅਤੇ ਪ੍ਰਚਲਤ ਹੋ ਜਾਣਾ। ਵਿਰੋਧੀ ਆਖਿਰ ਇਸੇ ਦੌੜ ਵਿਚ ਤਾਂ ਇਕ ਲੰਮੇ ਸਮੇਂ ਤੋਂ ਹੀ ਸਨ।
‘ਦਸਮ ਗ੍ਰੰਥ’ ਦਾ ਪ੍ਰਕਾਸ਼ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ ਤੇ- ਇਸ ਗੁਰਮੱਤ ਪਾਠ ਦੀਆਂ ਪਹਿਲੀਆਂ ਕੇਵਲ ਚਾਰ ਪ੍ਰਿੰਟਾਂ ਤੀਕ ਇਹ ਖਦਸ਼ਾ ਜ਼ਾਹਿਰ ਕਰਦੇ ਆਏ ਹਾਂ ਕਿ ਜੇਕਰ ਪੰਥ ਨੇ ਅਜੇ ਵੀ ਆਪਣੀ ਜ਼ਿੰਮੇਵਾਰੀ ਨੂੰ ਨਾ ਸੰਭਾਲਿਆ ਅਤੇ ਸੂਝਵਾਨ ਤੱਬਕੇ ਨੇ ਇਸ ਪਾਸੇ ਵੇਲੇ ਸਿਰ ਧਿਆਨ ਨਾ ਦਿਤਾ ਤਾਂ ਕੋਈ ਵੱਡੀ ਗਲ ਨਹੀਂ ਕਲ ਨੂੰ ਕੁਝ ਮਨਮਤੀਏ ਕੁਝ ਥਾਈਂ ਆਦਿ ਬੀੜ ਦੇ ਨਾਲ ਇਸ ‘ਦਸਮ ਗ੍ਰੰਥ’ ਦੇ ਪ੍ਰਕਾਸ਼ ਦਾ ਵੀ ਹੀਆ ਵੀ ਕਰ ਲੈਣ। ਚੇਤਾਵਣੀ ਦੇਂਦੇ ਆ ਰਹੇ ਸਾਂ ਕਿ ਅੱਜ ਵੀ ਤਾਂ ਸ੍ਰੀ ਹਜ਼ੂਰ ਸਾਹਿਬ ਅਤੇ ਪਟਠਾ ਸਾਹਿਬ ਵਰਗੇ ਮਹਾਨ ਗੁਰੂ ਅਸਥਾਨਾਂ ਤੇ ਆਦਿ ਬੀੜ ਦੇ ਨਾਲ ਨਾਲ ਇਸਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਦੇਖਾ ਦੇਖੀ ਕੁਝ ਹੋਰ ਗੁਰਦੁਆਰਿਆਂ ਵਿਚ ਵੀ। ਸੂਝਵਾਨੋ, ਜਾਗੋ! ਕਿੱਧਰੇ ਅਜਿਹਾ ਨਾ ਹੋਵੇ ਕਿ ਅਜ ਦੀ ਲਾਪਰਵਾਹੀ ਕਾਰਣ ਅਸੀਂ ਇਸ ਸ਼ਹੀਦਾਂ ਦੀ ਜਥੇਬੰਦੀ ਨੂੰ ਰਸਾਤਲ ਵਿਚ ਸੁਟਣ ਦੇ ਜ਼ਿੰਮੇਵਾਰੀ ਬਣੀਏ। ਜੇ ਏਹੀ ਹਾਲਤ ਚਲਦੀ ਰਹੀ ਤਾਂ ਓਹ ਦਿਨ ਦੂਰ ਨਹੀਂ ਜਦੋਂ ਮਨੁਖਤਾ ਨੂੰ ਕਰਮਕਾਂਡਾਂ ਵਿਚੋਂ ਕੱਢਣ ਦੀ ਦਾਅਵੇਦਾਰ ਇਹ ਕੌਮ, ਇਸ ‘ਦਸਮ ਗ੍ਰੰਥ’ ਵਿੱਚਲੀਆਂ ਕੁਝ ਰਚਨਾਵਾਂ ਤੋਂ ਪ੍ਰਭਾਵਤ ਹੋ ਕੇ ਆਪ ਹੀ ਤੀਰਥਾਂ, ਤਪਾਂ ਤੇ ਕਰਮਕਾਂਡਾਂ ਵਿਚ ਉਲਝ ਜਾਵੇ। ਦੁਨੀਆਂ ਨੂੰ ਇਕ ਅਕਾਲ ਪੁਰਖ ਦੀ ਛੱਤਰ ਛਾਇਆ ਹੇਠ ਲਿਆਉਣ ਦੇ ਦਾਅਵੇ ਕਰਨ ਵਾਲੀ ਸਿਖ ਕੌਮ ਆਪ ਹੀ ਕਿਸੇ ਭਗਉਤੀ ਅਤੇ ਸ਼ਿਵਾ ਆਦਿ ਦੇਵੀਆਂ ਦੀ ਪੂਜਾ ਦੀ ਖੱਡ ਵਿਚ ਡਿਗ ਪਵੇ, ਕਿਸੇ ਹਦ ਤੀਕ ਇਹ ਕੁਝ ਹੋਣਾ ਸ਼ੁਰੂ ਹੀ ਹੋ ਚੁਕਾ ਹੈ। ਖਾਲਸਾ ਜੀ, ਜਾਗੋ! ਜਾਗੋ !!- ਦੂਜੇ ਪਾਸੇ, ਜੇ ਆਉਣ ਵਾਲੀਆਂ ਨਸਲਾਂ ਗੁਰਬਾਣੀ ਗਿਆਨ ਰਾਹੀਂ ਸੰਭਲ ਗਈਆਂ ਤਾਂ ਵੀ ਸਾਡੀ ਮੌਜੂਦਾ ਅਣਗਹਿਲੀ ਨੂੰ ਲਾਹਨਤਾ ਪਾਣ ਤੋਂ ਬਿਨਾਂ ਸਾਨੂੰ ਕੋਈ ਸਤਿਕਾਰ ਨਹੀਂ ਦੇਣਗੀਆਂ।
ਇਸ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਅਜ ਵਿਰੋਧੀਆਂ ਵਲੋਂ ਓਹ ਕੋਸ਼ਿਸ਼ਾਂ ਅਤੇ ਖੁਲੇ-ਡੁਲੇ ਇਲਾਨ ਵੀ ਹੋ ਚੁਕੇ ਹਨ ਕਿ ਹਰ ਇਕ ਗੁਰਦੁਆਰੇ ਵਿਚ ‘ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ‘ਦਸਮ ਗ੍ਰੰਥ ਦਾ ਪ੍ਰਕਾਸ਼ ਵੀ ਕਰਵਾਉਣਗੇ। ਕੇਵਲ ਇਲਾਨ ਹੀ ਨਹੀਂ ਹੋਏ ਬਲਕਿ ਅੰਮ੍ਰਿਤ ਛੱਕਣ ਅਤੇ ਅਪਣਾ ਰੂਪ ਬਦਲਣ ਦਾ ਨਾਟਕ ਤੀਕ ਕਰਕੇ ਕਨੇਡਾ ਵਰਗੀ ਮਹਿੰਗੀ ਧਰਤੀ ਤੇ ਜ਼ਮੀਨ ਦਾ ਵਡਾ ਟੁਕੜਾ ਖਰੀਦ ਕੇ ਇਕ ਨਵਾਂ ਗੁਰਦੁਆਰਾ ਕਾਇਮ ਕੀਤਾ ਗਿਆ ਅਤੇ ਓਥੇ ਪ੍ਰਕਾਸ਼ ਕੀਤਾ ਗਿਆ ‘ਦਸਮ ਗ੍ਰੰਥ’ ਦਾ। ਆਖਿਰ ਇਸ ਦਸਮ ਗ੍ਰੰਥ ਰਸਤੇ "ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ" ਦੀ ਅਜ਼ਮਤ ਉਪਰ, ਅਸੀਂ ਹੋਰ ਕਿਸ ਹਮਲੇ ਦੀ ਉਡੀਕ ਕਰ ਰਹੇ ਹਾਂ?
‘ਸ੍ਰੀ ਮੁਖਵਾਕ ਪਾਤਸ਼ਾਹੀ 10’
ਦੇਖਨ ਦੀ ਗਲ ਹੈ ਕਿ ਕੀ ਇਹ ਨੀਯਮ ਇਸਤੋਂ ਪਹਿਲਾਂ ਵੀ ਕਿੱਧਰੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਮੋਜੂਦ ਹੈ ਜਿਹੜਾ ਕਿ ਕਿਸੇ ਵੀ ਰਚਨਾਂ ਦੇ ਆਰੰਭ ਵਿਚ ਦਸਮ ਗ੍ਰੰਥ ਵਿਚ ਵਰਤਿਆ ਗਿਆ ਹੈ। ਉਥੇ ਤਾਂ ਹਰਇਕ ਰਚਨਾਂ ਦਾ ਆਰੰਭ ਹੀ ਮੰਗਲਾਚਰਣ "ੴਸਤਿ ਗੁਰਪ੍ਰਸਾਦਿ" ਨਾਲ ਜਾਂ ਇਸੇ ਮੰਗਲਾਚਰਣ ਦੇ ਉਪਰਲੇ ਤਿੰਨ ਰੂਪ ਹਨ ਅਤੇ ਕਾਵ ਸੂਚਨਾ ‘ਨਾਨਕੁ ਦਾਸ, ਨਾਨਕੁ ਨੀਚੁ, ਕਹਿ ਰਵੀਦਾਸ’ ਆਦਕ ਸ਼ਬਦਾਂ ਨਾਲ ਹੈ। ਦਰਅਸਲ ਇਹ ਸੂਚਨਾ ‘ਸ੍ਰੀ ਮੁਖਵਾਕ ਪਾਤਸ਼ਾਹੀ 10’ ਹੀ ਸਪਸ਼ਟ ਕਰਦੀ ਹੈ ਕਿ ਕਿਸੇ ਰਚਨਾ ਬਾਰੇ ਇਹ ਸੂਚਨਾ ਵੀ ਦਸਮੇਸ਼ ਜੀ ਰਾਹੀਂ ਅਪਣੀ ਦਿਤੀ ਹੋਈ ਨਹੀਂ ਬਲਕਿ ਪੰਥ ਨੇ ਆਪ ਦਿਤੀ ਹੈ। ਇਸੇ ਦਾ ਨਤੀਜਾ ਹੈ ਕਿ ਚੂਕਿ ਰਸਤਾ ਖੁਲਾ ਸੀ, ਮਿਲਾਵਟ ਸਮੇ ਜਿਥੇ ਕਿਸੇ ਨੂੰ ਰਾਸ ਆਈ ਇਹ ਸੂਚਨਾ ਜੋੜ ਦਿਤੀ ਗਈ। ਸਚਮੁਚ ਜੇ ਅਸੀਂ ਜਾਗ ਕੇ ਚਲੀਏ ਤਾਂ ਇਸ ਸੂਚਨਾ ਨੂੰ ਹੀ ਰਸਤਾ ਬਣਾ ਕੇ ਅਸੀਂ ਸਚਾਈ ਦੀ ਹੋਰ ਗਹਿਰਾਈ ਤੀਕ ਵੀ ਪੁਜ ਸਕਦੇ ਹਾਂ।
ਮੌਜੂਦਾ ‘ਦਸਮ ਗ੍ਰੰਥ ਦੇ ਅੰਦਰ ਦੀ ਇਕ ਝਾਤ
ਜਿਹੜੇ ਸੱਜਣ ਦਸਮ ਗ੍ਰੰਥ ਦੀ ਸਮੂਹ ਰਚਨਾ ਨੂੰ ਦਸ਼ਮੇਸ਼ ਕ੍ਰਿਤ ਮੰਣਦੇ ਜਾਂ ਸਮਝਦੇ ਹਨ ਓਹਨਾਂ ਦੇ ਚਰਣਾਂ ਵਿਚ ਸਨਿਮ੍ਰ ਬੇਨਤੀ ਹੈ ਕਿ ਹੈ ਕਿ ਹੇਠ ਦਿੱਤੀਆਂ ਕੁਝ ਪੰਕਤੀਆਂ ਨੂੰ ਪੜ੍ਹਨ ਤੇ ਅੰਦਾਜ਼ਾ ਲਗਾਣ ਕਿ ਕੀ ਇਹ ਰਚਨਾਵਾਂ ਆਤਮਕ ਜੀਵਨ ਦਾਤੇ, ਦਸਵੇਂ ਨਾਨਕ, ਪੰਥ ਦੇ ਵਾਲੀ ਸ੍ਰੀ ਦਸ਼ਮੇਸ਼ ਜੀ ਦੀਆਂ ਹੋ ਸਕਦੀਆਂ ਹਨ? ਜੇ ਨਹੀਂ ਤਾਂ ਅਜ ਅਸੀਂ ਕਿਥੇ ਖੜੇ ਹਾਂ? ਪਰ ਇਹ ਇੱਕ ਸਚਾਈ ਹੈ ਕਿ ਇਹ ਪੰਕਤੀਆਂ ਉਸੇ ਹੀ ‘ਦਸਮ ਗ੍ਰੰਥ’ ਵਿਚੋਂ ਕੇਵਲ ਇਸ਼ਾਰਾ ਮਾਤਰ ਹਨ ਜਿਸ ਨੂੰ ਅਸੀਂ ਬਿਨਾਂ ਪੜ੍ਹੇ-ਵਾਚੇ ਦਸ਼ਮੇਸ਼ ਕ੍ਰਿਤ ਮੰਣਦੇ ਆ ਰਹੇ ਹਾਂ "ਪੋਸਤ ਭਾਂਗ ਅਫੀਮ ਖਿਲਾਏ, ਆਸਨ ਤਾਂ ਤਰ ਦਿਯੋ ਬਨਾਇ ।ਚੁੰਬਨ ਰਾਇ ਅਲਿੰਗਨ ਲਏ, ਲਿੰਗ ਦੇਤ ਤਿਹ ਭਗ ਮੋ ਭਏ ॥24॥ ਭਗ ਮੋ ਲਿੰਗ ਦਿਯੋ ਰਾਜਾ ਜਬ, ਰੁਚਿ ਉਪਜੀ ਤਰੁਨੀ ਕੇ ਜਿਯੇ ਤਬ ।ਲਪਟਿ ਲਪਟਿ ਆਸਨ ਤਰ ਗਈ, ਚੁੰਬਨ ਕਰਤ ਭੂਪ ਕੇ ਭਈ॥25॥ ਗਹਿ ਗਹਿ ਤਿਹ ਕੋ ਗਰੇ ਲਗਾਵਾ, ਆਸਨ ਸੌ ਆਸਨਹਿ ਛੁਹਾਵਾ। ਅਧਰਨ ਸੌ ਦੋਊ ਅਧਰ ਲਗਾਈ, ਦੁੰਹੂ ਕੁੰਚਨ ਸੌ ਕੁਚ ਮਿਲਾਈ ॥26॥ (ਚਰਿਤਰ 403) (ਨੋਟ-ਪਾਠਕ ਸੱਜਣ ਆਪ ਅਰਥ ਦੇਖ ਲੈਣ, ਲਿਖਣੇ ਸੋਭਨੀਕ ਨਹੀਂ) ਹੋਰ ਪੜ੍ਹੋ:
ਜੋ ਅਮਲਨ ਕੱਹੇ ਖਾਇ ਖਤਾ ਕਬਹੂੰ ਨਹਿ ਖਾਵੇ। ਮੂੰਡਿ ਅਵਰ ਕੋ ਜਾਹਿ ਆਪੁ ਕਬਹੂ ਨ ਮੁੰਡਾਵੇ। ਚੰਚਲਾਨ ਕੋ ਚਿੱਤ ਚੋਰ ਛਿਨ ਇਕ ਮਹਿ ਲੈਹੀਂ। ਭਾਂਤਿ ਭਾਂਤਿ ਭਾਮਿਨਨਿ ਭੋਗ ਭਾਵਤ ਮਨ ਦੇਂਹੀ॥23॥…..ਅਮਲ ਪਾਨ ਸੁਭ ਅੰਗ ਧਨਖ ਸਰ ਜਿਨ ਲਯੋ। ਹੋ ਸੋ ਨਰ ਜੀਵਤ ਮੁਕਤਿ ਜਗਤ ਭੀਤਰ ਭਯੋ ॥27॥ (ਚਰਿਤਰ 245)
ਭਾਵ- ਜਿਹੜੇ ਮਨੁਖ (ਸ਼ਰਾਬ, ਭੰਗ, ਅਫੀਮ ਆਦਿ ਦੇ) ਅਮਲ ਕਰਦੇ ਹਨ, ਉਹ ਕਦੀ ਧੋਖਾ ਨਹੀਂ ਖਾਦੇ। ਉਹ ਦੂਜਿਆਂ ਦੇ ਸਿਰ ਤਾਂ ਮੁਨ ਲੈਂਦੇ ਹਨ ਪਰ ਉਹਨਾਂ ਨੂੰ ਕੋਈ ਨਹੀਂ ਠੱਗ ਸਕਦਾ। ਸੁੰਦਰੀਆਂ ਦੇ ਮਨ ਇਕ ਖਿਨ ਵਿਚ ਮੋਹ ਲੈਂਦੇ ਹਨ ਅਤੇ ਭਾਂਤ ਭਾਂਤ ਦੀਆਂ ਮਨ ਭਾਉਂਦੀਆਂ ਇਸਤਰੀਆਂ ਨੂੰ ਭੋਗਦੇ ਹਨ। ਇਸ ਤਰ੍ਹਾਂ ਇਸ ਪ੍ਰਕਾਰ ਦੇ ‘ਸ਼ੁਭ’ ਨਸ਼ੇ ਜੋ ਕਰਦੇ ਹਨ, ਓਹ ਮਨੁੱਖ ਮਾਨੋ ਇਸ ਸੰਸਾਰ ਵਿਚ ਮੁਕਤ ਹੋ ਜਾਂਦੇ ਹਨ। ਇਸੇ ਤਰ੍ਹਾਂ ਹੋਰ ਲਵੋ:- "ਕਬਹੂੰ ਨ ਖਾਏ ਪਾਨ, ਅਮਲ ਕਬਹੂੰ ਨਹਿ ਪੀਯੋ ॥ ਕਬਹੂੰ ਨ ਖੇਲ ਅਖੇਟ ਨ ਸੁਖ ਨਿਰਧਨ ਕਹ ਕੀਯੋ ॥ ਕਬਹੂੰ ਨ ਸੌਂਧਾ ਲਾਇ ਰਾਗ ਮਨ ਭਾਇਯੋ ॥ ਹੋ ਕਰਯੋ ਨ ਭਾਮਿਨ ਭੋਗ, ਜਗਤ ਕਯੋਂ ਆਇਯੋ" ॥28॥ (ਚਰਿਤ੍ਰ 245)
ਇਸ ਪ੍ਰਕਾਰ ਦੀਆਂ ਅਨੇਕਾਂ ਨਸ਼ੇ ਪ੍ਰੇਰਕ ਖੁਲੇ ਨੰਗੇਜਵਾਦ ਅਤੇ ਕਾਲ ਭੰਗ ਦੋਸ਼ ਆਦਿ ਅਨੇਕਾਂ ਦੋਸ਼ਾਂ ਨਾਲ ਭਰਪੂਰ ਰਚਨਾਵਾਂ ਇਸ ਕਹੇ ਜਾਂਦੇ ‘ਦਸਮ ਗ੍ਰੰਥ’ ਪਰ ਮੂਲ ਰੂਪ ਵਿਚ ‘ਬਚਿਤ੍ਰ ਨਾਟਕ’ ਵਿਚ ਇਕਤ੍ਰਿਤ ਹਨ। ਹੁਣ, ਆਪ ਹੀ ਦਸੋ! ਇਸ ਤਰ੍ਹਾਂ ਬਿਨਾਂ ਪਰਖੇ ਵਿਚਾਰੇ, ਕੇਵਲ ਨਾਮ ਤੋਂ ਪ੍ਰਭਾਵਤ ਹੋ ਕੇ ਸਾਰੀ ਰਚਨਾ ਨੂੰ ਦਸ਼ਮੇਸ਼ ਕ੍ਰਿਤ ਕਹੀ ਜਾਣਾ ਕਿਥੋਂ ਦੀ ਲਿਆਕਤ ਹੈ? ਇਹ ਆਪਣੇ ਨਾਲ, ਪੰਥ ਨਾਲ ਤੇ ਆਉਣ ਵਾਲੀਆਂ ਨਸਲਾਂ ਨਾਲ ਜ਼ੁਲਮ ਨਹੀਂ ਤਾਂ ਹੋਰ ਕੀ ਹੈ? ਇਸਨੂੰ ਗੁਰੂ ਘਾਤੀ ਹੋਣਾ ਨਹੀਂ ਤਾਂ ਹੋਰ ਕੀ ਆਖੋਗੇ?
ਥੋੜਾ ਜਿਹਾ ਵੀ ਗੁਰਬਾਣੀ ਨਾਲ ਪਿਆਰ ਰਖਣ ਵਾਲਾ ਸੱਜਣ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਕਿਤੱਨੀ ਵੀ ਚੰਗੀ ਰਚਨਾ ਕਿਉਂ ਨਾ ਹੋਵੇ, ਉਸਨੂੰ ਗੁਰਬਾਣੀ ਦੀ ਬਰਾਬਰੀ ਦੇ ਦਿਤੀ ਜਾਵੇ। ਸਿਖਾਂ ਦਾ ਗੁਰੂ ਕੇਵਲ ਅਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹਨ ਹੋਰ ਕੋਈ ਨਹੀਂ। ਗੁਰਬਾਣੀ ਤਾਂ ਸਿਖ ਵਾਸਤੇ ਸਰਵ-ਉੱਚ ਹੈ। ਅਜ ਅਪਣੀ ਹੀ ਨਾਸਮਝੀ ਕਾਰਣ ਸ਼ਾਇਦ ਅਸੀਂ ਆਪ ਹੀ ਓਹ ਸਭ ਕੁਝ ਕਰੀ ਵੀ ਜਾ ਰਹੇ ਹਾਂ ਜੋ ਸਿਖੀ ਸਿਧਾਂਤ ਅਤੇ ਸਤਿਕਾਰ ਦੇ ਉਲਟ ਹੈ। ਗੁਰਸਿਖ ਕਦੇ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਗੁਰਬਾਣੀ ਦੇ ਉਚੇ ਸੁਚੇ ਸਿਧਾਂਤਾਂ ਸਾਹਮਣੇ ਕੋਈ ਮਨੁੱਖ ਫੋਕਟ ਕਰਮਕਾਂਡਾ ਨੂੰ ਉਚਿਆਏ ਜਾਂ ਗੁਰਬਾਣੀ ਉਪਦੇਸ਼ਾਂ ਦੀ ਖਿੱਲੀ ਉਡਾਣ ਦੀ ਕੋਈ ਹਰਕਤ ਕਰੇ, ਪਰ ਇਸ ਕਹੇ ਜਾਂਦੇ ਦਸਮ ਗ੍ਰੰਥ ਅੰਦਰ ਬਹੁਤੀਆਂ ਕੱਚੀਆਂ ਅਤੇ ਸ਼ਰਾਰਤੀ ਲੋਕਾਂ ਰਾਹੀ ਇਕੱਤਰ ਕਰਵਾਈਆਂ ਰਚਨਾਵਾਂ ਰਾਹੀ ਬਿਨਾਂ ਅਰਥ ਬੋਧ ਦੇ, ਉਹਨਾਂ ਨੂੰ ਦਸ਼ਮੇਸ਼ ਰਚਨਾ ਮੰਨ ਕੇ ਸ਼ਾਇਦ ਅਸੀਂ ਆਪ ਹੀ ਇਸ ਕੁਕਰਮ ਦਾ ਸ਼ਿਕਾਰ ਹੋ ਰਹੇ ਹਾਂ।
ਦਸ਼ਮੇਸ਼ ਜੀ ਦੀਆਂ ਰਚਨਾਵਾਂ ਦਾ ਸਤਿਕਾਰ- ਅੱਜ ਪੰਥ ਦਰਦੀ, ਗੁਰਬਾਣੀ ਸੂਝ ਵਾਲੇ ਸੱਜਣ ਹੋਰ ਹੋਰ ਰੁਝੇਵਿਆਂ ਨੁੰ ਛੱਡ ਕੇ ਇਸ ਪਾਸੇ ਉਚੇਰਾ ਧਿਆਨ ਦੇਣ, ਪੰਥਕ ਆਗੂ ਘੂਕ ਨੀਂਦਰ ਤੋਂ ਜਾਗਣ ਅਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਗੋਸ਼ਟੀਆਂ ਕੀਤੀਆਂ ਜਾਣ, ਕਹੇ ਜਾਦੇ ਦਸਮ ਗ੍ਰੰਥ ਦੀ ਪ੍ਰਤੇਕ ਰਚਨਾ ਵਸਤੂ ਨੂੰ, ਖੋਜਬੀਨ ਨਾਲ ਗੁਰਬਾਣੀ ਸਿਧਾਂਤ ਦੀ ਕਸਵਟੀ ਤੇ ਕਸਿਆ ਜਾਵੇ, ਨਿਰਣਾਇਕ ਫੈਸਲੇ ਕੀਤੇ ਜਾਣ ਅਤੇ ਦਸ਼ਮੇਸ਼ ਬਾਣੀ ਨੂੰ ਅਲੱਗ ਕਰਕੇ ਪੰਥ ਨੂੰ ਸਦਾ ਵਾਸਤੇ ਇਸ ਜਿਲ੍ਹਨ ਵਿਚੋਂ ਕਢਿਆ ਜਾਵੇ। ਭਾਵੇਂ ਇਹ ਕੰਮ ਜਲਦਬਾਜ਼ੀ ਦਾ ਨਹੀਂ ਪਰ ਅਵੇਸਲੇ ਰਹਿ ਕੇ ਇਸਨੂੰ ਬਿਨਾਂ ਵਜ੍ਹਾ ਲਮਕਾਈ ਜਾਣਾ ਵੀ ਗੁਰਮਤਿ ਪ੍ਰਚਾਰ-ਪ੍ਰਸਾਰ ਨਾਲ ਗਦਾਰੀ ਹੈ।