ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਸਾਕਾ ਸਰਹੰਦ

ਪ੍ਰੋ: ਇੰਦਰ ਸਿੰਘ ਘੱਗਾ


ਦਸੰਬਰ 1705 ਈ. ਕਾਲੀ ਬੋਲੀ ਰਾਤ, ਸਰਸਾ ਨਦੀ ਕਿਨਾਰੇ ਭਿਆਨਕ ਖੂਨੀ ਜੰਗ, ਬਹੁਤ ਸਾਰੇ ਸਿੱਖ ਸੂਰਮੇ ਸ਼ਹੀਦੀਆਂ ਪਾ ਗਏ। ਸਤਿਗੁਰੂ ਜੀ ਦਾ ਪਰਿਵਾਰ ਅਤੇ ਸਿੱਖ ਖਿੱਲਰ ਗਏ, ਵਿਛੁੱੜ ਗਏ। ਮਾਤਾ ਗੁਜਰੀ ਜੀ ਦੋਵਾਂ ਸਾਹਿਬਜ਼ਾਦਿਆਂ ਨੂੰ ਉਂਗਲ ਲਾ ਕੇ ਜੰਗਲਾਂ ਹਨ੍ਹੇਰਿਆਂ ਠੋਹਕਰਾਂ, ਰੁਕਾਵਟਾਂ ਨੂੰ ਬਰਦਾਸ਼ਤ ਕਰਦੇ, ਟੁਰੇ ਜਾ ਰਹੇ ਹਨ, ਪਤਾ ਨਹੀਂ ਕਿਧਰ? ਕੋਈ ਮੰਜ਼ਿਲ, ਬਾਕੀ ਪ੍ਰਵਾਰ ਦਾ ਕੀ ਬਣਿਆ, ਕੋਈ ਖਬਰ ਨਹੀਂ; ਅਗੋਂ ਕੀ ਤੂਫਾਨ ਆਉਣ ਵਾਲਾ ਹੈ, ਕੁੱਛ ਕਿਹਾ ਨਹੀਂ ਜਾ ਸਕਦਾ। ਸੋਹਣੇ ਲਾਡਲੇ ਲਾਲ ਆਪਸ ਵਿੱਚ ਗੱਲਾਂ ਕਰਦੇ ਹੋਏ ਦਾਦੀ ਜੀ ਨਾਲ ਟੁਰ ਰਹੇ ਹਨ। ਇਸ ਸਫਰ ਨੂੰ ਮਹਾਨ ਕਵੀ ਅੱਲਾਯਾਰ ਖਾਨ ਯੋਗੀ ਜੀ ਨੇ ਜ਼ਜ਼ਬਾਤੀ ਰਉਂ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ:

ਜੋਰਾਵਰ ਔਰ ਫਤਿਹ ਕਾ ਇਸ ਦਮ ਬਿਆਂ ਸੁਨੋ। ਪਹੁੰਚੇ ਬਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ।
ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ? ਦਰਿਆ ਪੇ ਹਮੇ ਛੋੜ ਕੇ ਰਾਹੀ ਕਿਧਰ ਗਏ...
ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ। ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ।
ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ...
ਬੱਚੋਂ ਕੀ ਗੁਫਤਗੂ ਸੁਨੀ ਜੋ ਦਾਦੀ ਜਾਨ ਨੇ। ਬੇ ਇਖਤਿਆਰ ਰੋ ਦੀਆ ਉਸ ਵਾਲਾਸ਼ਾਨ ਨੇ।

ਮਾਤਾ ਜੀ ਨੂੰ ਅਹਿਸਾਸ ਹੈ ਕਿ ਕਮੀਨੇ ਦੁਸ਼ਮਣ, ਪਿਛਲੇ ਬਹੁਤ ਲੰਬੇ ਅਰਸੇ ਤੋਂ, ਗੁਰੂ ਘਰ ਨਾਲ ਪਾਪ ਭਰੀ ਨੀਅਤ ਨਾਲ ਜੰਗ ਲੜ ਰਹੇ ਹਨ। ਅਨੰਦਪੁਰ ਨੂੰ ਅੱਠ ਮਹੀਨੇ ਘੇਰਾ ਪਿਆ ਰਿਹਾ। ਅੰਦਰੋਂ ਅੰਨ ਪਾਣੀ ਕੱਪੜਾ ਘਾਹ ਲੱਕੜਾਂ ਤੱਕ ਸਭ ਕੁੱਝ ਖਤਮ ਹੋ ਗਿਆ। ਵਿਸ਼ਵਾਸ ਕਰਕੇ ਨਿਕਲਣ ਤੇ, ਫਿਰ ਭਿਆਨਕ ਹਮਲਾ ਕੀਤਾ ਗਿਆ। ਅਗੋਂ ਕੋਈ ਖੈਰ ਗੁਜਰਨ ਵਾਲੀ ਨਹੀਂ। ਮੈਂ ਤਾਂ ਬਜ਼ੁਰਗ ਹਾਂ, ਪਰ ਇਹਨਾਂ ਨਿੱਕੀਆਂ ਜਿੰਦਾਂ ਨੂੰ ਕਿਵੇਂ ਨਾ ਕਿਵੇਂ ਬਚਾ ਲਵਾਂ...। ਯੋਗੀ ਜੀ ਤੋਂ ਸੁਣੋ - ਆਤੇ ਥੇ ਸ਼ੇਰ ਸਾਹਮਣੇ ਗਰਦਨ ਕੋ ਡਾਲਕੇ। ਤਕਤੇ ਹਿਰਨ ਭੀ ਆਜ ਹੈਂ ਆਖੇਂ ਨਿਕਾਲ ਕੇ। ... ਦਰਪੇਸ ਅਨ ਕਰੀਬ ਕੋਈ ਇਮਤਿਹਾਨ ਹੈ। ਖਤਰੇ ਮੇਂ ਦਿਖ ਰਹੀ ਮੁਝੇ ਬੱਚੋਂ ਕੀ ਜਾਨ ਹੈ। ਪਾਪੀ ਗੰਗੂ ਦੀ ਸ਼ਿਕਾਇਤ ਤੇ ਮੋਰਿੰਡੇ ਦੇ ਪੁਲਿਸ ਵਾਲੇ ਜਾਨੀ ਖਾਂ ਮਾਨੀ ਖਾਂ ਆਣ ਪੁੱਜੇ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ “ਗ੍ਰਿਫਤਾਰ” ਕਰ ਲਿਆ ਗਿਆ। ਦੋਵਾਂ ਸਾਹਿਬਜ਼ਾਦਿਆਂ ਨੂੰ ਖੁਰਜੀਆਂ (ਸਾਮਾਨ ਪਾਉਣ ਵਾਲੇ ਵੱਡੇ ਬੋਰੇ) ਪਾ ਕੇ ਖੱਚਰਾਂ ਉੱਤੇ ਲਟਕਾ ਦਿੱਤਾ ਗਿਆ। ਮਾਤਾ ਜੀ ਨੂੰ ਹੱਥਾਂ ਵਿੱਚ ਲੰਮਾ ਰੱਸਾ ਬੰਨ੍ਹ ਕੇ ਤੇਜ਼ ਤੁਰਨ ਲਈ ਮਜਬੂਰ ਕੀਤਾ ਗਿਆ। ਇਸੇ ਤਸੀਹਿਆਂ ਭਰੇ ਲੰਮੇ ਸਫਰ ਤੋਂ ਬਾਅਦ ਸਰਹੰਦ ਪਹੁੰਚਾਇਆ ਗਿਆ।

ਨਵਾਬ ਵਜ਼ੀਰ ਖਾਨ ਤੇ ਹੋਰ ਅਫਸਰ ਅਜੇ ਚਮਕੌਰ ਦੀ ਜੰਗ ਵਲੋਂ ਵਾਪਸ ਨਹੀਂ ਮੁੜੇ ਸਨ। ਪਰਤ ਕੇ ਇਕ ਦਿਨ ਆਰਾਮ ਕੀਤਾ ਫਿਰ ਸਾਹਿਬਜ਼ਾਦਿਆਂ ਨੂੰ ਪੇਸ਼ੀ ਦਾ ਹੁਕਮ ਦਿੱਤਾ ਗਿਆ। ਇਹ ਕਰਮ ਤਿੰਨ ਦਿਨਾਂ ਤੱਕ ਚਲਿਆ ਮੰਨਿਆਂ ਜਾਂਦਾ ਹੈ। ਪਰ ਇਥੇ ਸੰਖੇਪ ਵਿੱਚ ਹੀ ਵਿਚਾਰ ਕੀਤੀ ਜਾ ਰਹੀ ਹੈ। ਸਿਪਾਹੀ “ਮੁਲਜ਼ਮਾਂ” ਨੂੰ ਅਦਾਲਤ ਵਿੱਚ ਇਨਸਾਫ ਵਾਸਤੇ ਲੈਣ ਆ ਗਏ। ਮਾਤਾ ਜੀ ਨੇ ਲਾਲਾਂ ਨੂੰ ਤਿਆਰ ਕੀਤਾ ਸਿੱਖਿਆ ਦਿੱਤੀ। ਯੋਗੀ ਜੀ ਵੱਲੋਂ ਸੁਣੋ:

ਜਾਨੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ॥ ਕੇਸੋਂ ਕੋ ਕੰਘੀ ਕਰੂੰ ਜਰਾ ਮੂੰਹ ਧੁਲਾ ਤੋ ਲੂੰ।
ਪਿਆਰੇ ਸਰੋਂ ਪੈ ਨੰਨੀ ਸੀ ਕਲਗੀ ਸਜਾ ਤੋਂ ਲੂੰ। ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਨਾ ਤੋ ਲੂੰ...
ਬੇਟੇ ਸੇ ਪਹਿਲੇ ਬਿਛੜੀ ਥੀ ਤੁਮ ਭੀ ਬਿਛੜ ਚਲੇ। ਬਿਗੜੇ ਹੂਏ ਨਸੀਬ ਥੇ ਜ਼ਿਆਦਾ ਬਿਗੜ ਚਲੇ।
ਬੇ ਰਹਿਮ ਦੁਸ਼ਮਨ ਕੇ ਤੁਮ ਹਾਥੋਂ ਮੇਂ ਪੜ ਚਲੇ। ਜੰਜੀਰਿ ਗਮ ਮੇਂ ਮੁਝ ਕੋ ਯਹਾਂ ਪਰ ਜਕੜ ਚਲੇ।

ਕੋਮਲ ਮਲੂਕ ਜਿੰਦਾਂ ਜੋ ਮਨ ਕਰਕੇ ਅਤੀ ਬਲਵਾਨ ਸਨ, ਸੂਬੇ ਸਾਹਮਣੇ ਪੇਸ਼ ਕੀਤੇ ਗਏ। ਉਥੇ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ। ਲਾਲਚ ਦਿੱਤੇ ਗਏ, ਪਰ ਅਡੋਲ ਸ਼ਕਤੀਆਂ ਕਿਵੇਂ ਡੋਲ ਸਕਦੀਆਂ ਸਨ? ਜਦੋਂ ਵਜ਼ੀਰ ਖਾਨ ਨੇ ਸਖ਼ਤੀ ਕੀਤੀ ਕੁਰਾਨ ਦੇ ਕਾਨੂੰਨ ਦਾ ਹਵਾਲਾ ਦਿੱਤਾ ਤਾਂ ਜੋਰਾਵਰ ਸਿੰਘ ਨੇ ਕੜਕ ਕੇ ਜੁਆਬ ਦਿੱਤਾ। ਅੱਲਾ ਯਾਰ ਖਾਨ ਯੋਗੀ ਜੀ ਇਸ ਤਰਾਂ ਬਿਆਨ ਕਰਦੇ ਹਨ:

ਸਤਿਗੁਰ ਕੇ ਲਾਡਲੋਂ ਨੇ ਦੀਆ ਰੋਹਬ ਸੇ ਜਬਾਬ। ਕਿਸ ਜਾ ਲਿਖਾ ਹੈ ਜੁਲਮ ਦਿਖਾ ਤੂੰ ਹਮੇ ਕਿਤਾਬ?

ਤਾਲੀਮ ਜ਼ੋਰ ਕੀ ਕਹੀ ਕੁਰਆਨ ਮੇ ਨਹੀਂ। ਖੂਬੀ ਤੁਮਾਰੇ ਸਾਹ ਕੇ ਇਮਾਨ ਮੇਂ ਨਹੀਂ।

ਅਗੋਂ ਆਪਣੀ ਗੱਲ ਨੂੰ ਸਾਹਿਬਜ਼ਾਦੇ ਚੰਗੀ ਤਰ੍ਹਾਂ ਖੋਹਲ ਕੇ ਸਮਝਾ ਰਹੇ ਹਨ। ਕਚਹਿਰੀ ਵਿੱਚ ਹਾਜ਼ਰ ਸਾਰੇ ਅਫਸਰ ਕਾਜ਼ੀ ਬਿੱਟ ਬਿੱਟ ਇਹਨਾਂ ਵੱਲ ਹੈਰਾਨ ਹੋ ਕੇ ਤੱਕ ਰਹੇ ਹਨ। ਹੈਂ ਐਨੀ ਛੋਟੀ ਉਮਰ ਇਤਨਾ ਵੱਡਾ ਹੌਸਲਾ, ਇੰਨੀ ਉਚੀ ਸੋਚ? ਹੱਦ ਹੋ ਗਈ। ਅਗੋਂ ਹੋਰ ਸੁਣੋ:

ਕੁਛ ਬੁਤ ਪ੍ਰਸਤ ਭੀ ਨਹੀਂ, ਨ ਬੁਤ ਸਿਕਨ ਹੈਂ ਹਮ। ਅੰਮ੍ਰਿਤ ਛਕਾ ਹੈ ਜਬਸੇ ਨਿਹਾਇਤ ਮਗਨ ਹੈ ਹਮ।
ਰੋਕਾ ਜੋ ਜੁਲਮ ਸੇ ਤੋ ਮੁਸਲਮਾਂ ਬਿਗੜ ਗਏ। ਬੁਤ ਕੋ ਬੁਰਾ ਕਹਾ ਤੋ ਯਿਹ ਹਿੰਦੂ ਬਿਟਰ ਗਏ...
ਫੌਜੋਂ ਪੇ ਨਾਜ ਇਨੇ, ਉਨੇ ਦੇਵੀ ਕਾ ਮਾਨ ਹੈ। ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ।
ਸਚ ਕੋ ਮਿਟਾਉਗੇ ਤੋ ਮਿਟ ਜਾਉਗੇ ਜਹਾਨ ਸੇ। ਡਰਤਾ ਨਹੀਂ ਅਕਾਲ ਸਹਿਨਸ਼ਾਹ ਕੀ ਸ਼ਾਨ ਸੇ।

ਅਨੇਕ ਤਰੀਕੇ, ਬਹਾਨੇ, ਹਥਕੰਡੇ ਵਰਤ ਕੇ ਅਤੇ ਪਵਿੱਤਰ ਕੁਰਾਨ ਨੂੰ ਕਾਜ਼ੀ ਰਾਹੀਂ ਵਿਚਕਾਰ ਟਿਕਾ ਕੇ, ਸਾਹਿਬਜ਼ਾਦਿਆਂ ਨੂੰ ਬੜੀ ਦਰਿੰਦਗੀ ਨਾਲ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਸਨ, ਇਹ ਜਾਬਰ ਲੋਕ? ਤੇ ਦੂਸਰੇ ਪਾਸੇ ਇੱਕ ਵੱਖਰੀ ਹੀ ਮਿੱਟੀ ਦੇ ਸਾਜੇ ਸੰਵਾਰੇ ਸਨ ਗੁਰੂ ਕੇ ਲਾਡਲੇ। ਨਾ ਡਰੇ ਕੰਬੇ ਨਾ ਬਿਆਨ ਬਦਲੇ .....। ਨੀਹਾਂ ਵਿੱਚ ਚਿਣੇ ਜਾਣ ਦਾ ਹੁਕਮ ਸੁਣਾ ਦਿੱਤਾ ਗਿਆ ਤਾਂ ਭੀ ਕੋਈ ਘਬਰਾਹਟ ਨਾ ਹੋਈ। ਯੋਗੀ ਤੋਂ ਸੁਣੋ:

ਜਿਸ ਦਮ ਗਲੇ ਗਲੇ ਥੇ ਵੁਹ ਮਾਸੂਮ ਗੜ ਗਏ। ਦਿਨ ਛੁਪਨੇ ਭੀ ਨਾ ਪਾਇਆ ਥਾ ਕਿ ਕਾਤਿਲ ਉਜੜ ਗਏ।

ਇਸ ਸ਼ਹੀਦੀ ਦਾ ਸਿੱਖ ਮਨਾਂ ਤੇ ਬਹੁਤ ਗਹਿਰਾ ਅਸਰ ਹੋਇਆ। ਸਰਹੰਦ ਪ੍ਰਤੀ ਸਿੱਖਾਂ ਦੇ ਮਨ ਅੰਦਰ ਮਾਨੋ ਅੱਗ ਦੇ ਭਾਂਬੜ ਬਲ ਪਏ। ਜਦੋਂ ਭੀ ਸਿੱਖਾਂ ਨੇ ਕਦੀ ਸਰਹੰਦ ਤੇ ਚੜ੍ਹਾਈ ਕਰਨੀ ਤਾਂ ਲੰਮੇ ਲੈਕਚਰ ਦੇਣ ਦੀ ਲੋੜ ਨਾਂ ਪੈਂਦੀ, ਕੇਵਲ ਇੰਨਾ ਕਹਿਣਾ ਹੀ ਕਾਫੀ ਸੀ- “ਸਿੰਘੋ ਗੁਰੂ ਮਾਰੀ ਸਰਹੰਦ ਵਿਚ ਸਾਹਿਬਜ਼ਾਦੇ ‘ਵਾਜਾਂ ਮਾਰ ਰਹੇ ਹਨ”। ਸਿੰਘ ਸੂਰਮੇ ਹਥਿਆਰ ਬੰਨ ਕੇ ਘੋੜਿਆਂ ਤੇ ਸਵਾਰ ਹੋ, ਬਿਨ੍ਹਾਂ ਦੇਰ ਕੀਤੇ ਸਰਹੰਦ ਤੇ ਮਾਰੂ ਹੱਲਾ ਬੋਲ ਦਿੰਦੇ। ਯੋਗੀ ਜੀ ਦੀ ਜ਼ੁਬਾਨੀ:

ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ। ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ।
ਗੁਰਿਆਈ ਕਾ ਹੈ ਕਿਸਾ ਜਹਾਂ ਮੇਂ ਬਨਾ ਚਲੇ। ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।
ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ। ਦੁਨੀਆ ਸੇ ਜਾਲਮੋਂ ਕਾ ਨਿਸ਼ਾਂ ਤਕ ਮਿਟਾਏਗੀ।
ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ। ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ।

ਸੱਚਮੁੱਚ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਨੇ ਯੱਖ ਬਣੇ ਖੂਨ ਨੂੰ ਖੌਲਣ ਲਈ ਮਜਬੂਰ ਕਰ ਦਿੱਤਾ। ਜੋਸ਼ ਜਵਾਲਾ ਭੜਕ ਉੱਠੀ। ਹਕੂਮਤ ਦੇ ਜ਼ੁਲਮਾਂ ਅੱਗੇ ਝੁਕਣ ਵਾਲੇ ਸਿਰ ਤਣ ਖਲੋਤੇ, ਜੁੜਨ ਵਾਲੇ ਹੱਥ ਕਿਰਪਾਨਾਂ ਦੇ ਮੁੱਠਿਆਂ ਨੂੰ ਜਾ ਪਏ। ਘਰੀਂ ਬੈਠਣ ਵਾਲੇ ਘੋੜਿਆਂ ਤੇ ਸਵਾਰ ਹੋ ਗਏ। ਰਜਾਈਆਂ ਦਾ ਨਿੱਘ ਮਾਨਣ ਵਾਲੇ ਜੰਗਲਾਂ ਦਾ ਨਿੱਘ ਮਾਨਣ ਲੱਗੇ। ਗੋਰੀਆਂ ਦੀਆਂ ਜੁਲਫਾਂ ਨਾਲ ਖੇਡਣ ਵਾਲੇ ਦੁਸ਼ਮਣਾਂ ਨਾਲ ਜੰਗੀ ਕਾਰਨਾਮੇ, ਲੁਕਣ ਮੀਟੀ ਖੇਡਣ ਲੱਗੇ। ਝਾਂਜਰਾਂ ਚੂੜੀਆਂ ਦੀ ਸੰਗੀਤਮਈ ਆਵਾਜ਼ ਸੁਣਨ ਦੀ ਥਾਂ ਜੰਗੀ ਨਾਹਰੇ ਗੁੰਜਾਉਣ ਲੱਗ ਪਏ। ਇਸ਼ਕ ਮਜ਼ਾਜ਼ੀ ਦੇ ਗੀਤ ਗਾਉਣ ਦੀ ਥਾਵੇਂ “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ” ਦੀਆਂ ਗੁਜਾਰਾਂ ਪੈਣ ਲੱਗੀਆਂ। ਭਾਰਤ ਦਾ ਰਾਸ਼ਟਰੀ ਕਵੀ ਮੈਥਲੀ ਸ਼ਰਨ ਗੁਪਤ ਸਾਹਿਬਜ਼ਾਦਿਆਂ ਦੀ ਲਾਮਿਸਾਲ ਕੁਰਬਾਨੀ ਬਾਰੇ ਲਿਖਦਾ ਹੈ:

ਜਿਸ ਕੁਲ ਕੌਮ ਜਾਤ ਕੇ ਬੱਚੇ ਦੇ ਸਕਤੇ ਯੂੰ ਬਲੀਦਾਨ ਉਸਕਾ ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਮਹਾਂ ਮਹਾਨ।

ਲਗਭਗ 1927 ਵਿੱਚ ਸਰਹੰਦ ਵਿੱਚੋਂ ਦੀ ਰੇਲ ਲਾਈਨ ਕੱਢੀ ਗਈ। ਉਦੋਂ ਤੱਕ ਥਾਂ ਥਾਂ ਇਥੇ ਇੱਟਾਂ ਮਲਬੇ ਦੇ ਢੇਰ ਲੱਗੇ ਵੇਖੇ ਜਾਂਦੇ ਸਨ। ਕੋਈ ਵਿਕਅਤੀ ਆਪਣਾ ਘਰ ਬਣਾਉਣ ਵਕਤ ਇਹਨਾਂ ਇੱਟਾਂ ਮਲਬੇ ਦੀ ਵਰਤੋਂ ਨਹੀਂ ਕਰਨੀ ਚਾਹੁੰਦਾ ਸੀ। ਇਹ ਗੁਰੂ ਮਾਰੀ ਸਰਹੰਦ ਹੈ, ਇਸ ਮਲਬੇ ਵਿੱਚ ਕਿਤੇ ਮਾਸੂਮਾਂ ਦਾ ਖੂਨ ਲੱਗਾ ਹੋਵੇਗਾ। ਬੰਦਾ ਸਿੰਘ ਬਹਾਦਰ ਨੇ ਮਲੀਆ ਮੇਟ ਕੀਤਾ ਹੈ ਅਸੀਂ ਕਿਉਂ ਇਹਦੀ ਘਰਾਂ ਵਿਚ ਵਰਤੋਂ ਕਰੀਏ।”

ਹਰ ਸਾਲ ਦਸੰਬਰ ਦੇ ਆਖਰੀ ਹਫਤੇ ਸੰਸਾਰ ਭਰ ਤੋਂ ਗੁਰੂ ਘਰ ਨੂੰ ਪਿਆਰ ਕਰਨ ਵਾਲੇ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਵਾਸਤੇ, ਉਤਸ਼ਾਹ ਅਤੇ ਪ੍ਰੇਰਨਾ ਲੈਣ ਵਾਸਤੇ, ਇਥੇ ਲਗਭਗ ਦਸ ਲੱਖ ਮਾਈ ਭਾਈ ਆ ਜੁੜਦੇ ਹਨ। ਧੰਨ ਹਨ ਅਜਿਹੇ ਪਿਆਰ ਵਾਲੇ ਬਜ਼ੁਰਗ ਬੀਬੀਆਂ ਬੱਚੇ ਨੌਜਵਾਨ। ਨਮਸਕਾਰ ਹੈ ਉਹਨਾਂ ਦੇ ਸਿਦਕ ਨੂੰ, ਸ਼ਰਧਾ ਨੂੰ ਲੱਖ ਲੱਖ ਪ੍ਰਣਾਮ। ਰਾਹਾਂ ਵਿਚ ਲੰਗਰ ਲਾਉਣ ਵਾਲਿਆਂ ਨੂੰ, ਫਤਿਹਗੜ੍ਹ ਸਾਹਿਬ ਵਿਖੇ ਲੰਗਰਾਂ ਸਮੇਤ ਅਨੇਕ ਪ੍ਰਕਾਰ ਸੇਵਾ ਕਰਨ ਵਾਲਿਆਂ ਨੂੰ, ਨਮਸਕਾਰ ਹੈ ਅਨੇਕ ਵਾਰ। ਪਰ ਲਾਹਣਤ ਹੈ ਉਹਨਾਂ ਲੋਕਾਂ ਤੇ ਜੋ ਅਜਿਹੇ ਪਵਿੱਤਰ ਭਾਵਨਾਂ ਵਾਲੇ ਦਿਨ ਗੰਦਗੀ/ਪ੍ਰਦੂਸ਼ਣ ਫੈਲਾਉਂਦੇ ਰਤੀ ਸ਼ਰਮ ਨਹੀਂ ਕਰਦੇ। ਮੇਰੀ ਮੁਰਾਦ ਹੈ ਪਾਖੰਡੀ ਤੇ ਢੌਂਗੀ ਪਰਪੰਚੀ ਧਾਰਮਕ ਮੁਖੀਆਂ ਤੋਂ (ਗੁਰਮੁਖਿ ਜਨ ਖਿਮਾਂ ਕਰਨ) ਜਿਨ੍ਹਾਂ ਇਥੇ ਆਪਣੀਆਂ ਨਿੱਜੀ ਕਿਸਮ ਦੀਆਂ ਡੇਰੇ ਦਾਰੀਆਂ, ਨਿੱਜੀ ਮਰਿਆਦਾਵਾਂ, ਆਪਣੇ ਹੀ ਮਰ ਚੁੱਕੇ ਬਾਬਿਆਂ ਦੀ ਕਹਾਣੀਆਂ ਬੜੀ ਬੇ-ਸ਼ਰਮੀ ਨਾਲ ਸੁਣਾ ਰਹੇ ਹੁੰਦੇ ਹਨ। ਆਪੋ ਆਪਣੀ ਤਰ੍ਹਾਂ ਦੀਆਂ ਮੱਤਾਂ ਦੇ ਰਹੇ ਵੇਖੇ ਜਾ ਸਕਦੇ ਹਨ। ਆਪੋ ਆਪਣੇ ਡੇਰੇ ਵਿਅਕਤੀ ਦੀ ਤਾਰੀਫ ਪੂਜਾ ਵਾਲੀਆਂ ਪੁਸਤਕਾਂ ਤੇ ਫੋਟੋਆਂ, ਭੋਲੇ ਸ਼ਰਧਾਲੂਆਂ ਨੂੰ ਵੇਚ ਰਹੇ ਹੁੰਦੇ ਹਨ। ਸ਼੍ਰੋਮਣੀ ਕਮੇਟੀ ਵਾਲੇ ਜਿੰਮੇਂਵਾਰੀਆਂ ਤੋਂ ਕਦੋਂ ਦੇ ਭੱਜ ਚੁੱਕੇ ਹਨ। ਇਹਨਾਂ ਪਾਖੰਡੀਆਂ ਵਿਰੁੱਧ ਉਹਨਾਂ ਕੀ ਕਰਨਾ ਹੋਇਆ ਉਹ ਤਾਂ ਖੁਦ ਹੀ ਗਲ ਗਲ ਤਕ ਪਾਖੰਡ ਵਿਚ ਗਰਕ ਹੋ ਚੁਕੇ ਹਨ। ਉਹਨਾਂ ਦਾ ਆਪਣਾ ਪਰਚਾ ਗੁਰਮਤ ਪ੍ਰਕਾਸ਼ ਨਾਂ ਹੋ ਕੇ ਮਨਮਤ ਪ੍ਰਕਾਸ਼ ਬਣ ਚੁੱਕਿਆ ਹੋਇਆ ਹੈ। ਅਕਤੂਬਰ ਤੇ ਨਵੰਬਰ 03 ਦੇ ਪਰਚੇ ਸਬੂਤ ਵਾਸਤੇ ਵੇਖ ਲੈਣਾ। ਕਮੇਟੀ ਦਾ ਪ੍ਰਧਾਨ ਰੋਜ਼ਾਨਾ ਬੇਸਿਰ ਪੈਰ ਦੇ ਬਿਆਨ ਦਾਗ ਰਿਹਾ ਹੈ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ - “ਮਾਇਆ ਡਰ ਡਰਪਤ ਹਾਰ ਗੁਰਦੁਆਰੈ ਜਾਵੈ, ਤਰਾਂ ਜਉ ਮਾਇਆ ਬਿਆਪੈ ਕਹਾਂ ਠਹਿਰਾਈ ਐ॥”(544)

ਇਹਨਾਂ ਉੱਪਰ ਵਰਣਿਤ ਧਰਮ ਤੇ ਰਾਜਨੀਤੀ ਇਕੱਠੀ ਦੀ ਡੌਂਡੀ ਪਿੱਟਣ ਵਾਲੇ ਪ੍ਰਬੰਧਕਾਂ ਦੀ ਸਾਜਿਸ਼ੀ ਮਿਲੀ ਭੁਗਤ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦੁਆਲੇ ਠੱਗ, ਕੁਰਪਟ ਤੇ ਝੂਠੇ ਰਾਜਸੀ ਚੌਧਰੀਆਂ ਨੇ ਘੇਰਾ ਪਾਇਆ ਹੁੰਦਾ ਹੈ। ਆਪੋ ਆਪਣੀਆਂ ਥਾਵਾਂ ਕਬਜੇ ਵਿੱਚ ਲੈ ਕੇ ਤੰਬੂ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਕੰਨ ਪਾੜਵੀਆਂ ਉੱਚੀਆਂ ਆਵਾਜ਼ਾਂ ਵਾਲੇ ਕਈ ਕਈ ਸਪੀਕਰ ਲਾ ਕੇ ਕੁਫਰ ਤੋਲਦੇ ਹਨ। ਦੂਜੀਆਂ ਪਾਰਟੀਆਂ ਤੇ (ਸਾਰੇ ਹੀ ਇਕ ਦੂਜੇ ਤੇ ) ਬੇਸ਼ਰਮੀ ਭਰੇ ਗੰਦੇ ਇਲਜ਼ਾਮ ਲਾਏ ਜਾਂਦੇ ਹਨ। ਉਹਨਾਂ ਦਾ ਅੱਗਾ ਪਿੱਛਾ ਸਭ ਨੰਗਾ ਕਰ ਦਿਤਾ ਜਾਂਦਾ ਹੈ। ਕੀ ਇਸ ਤਰ੍ਹਾਂ ਇਹਨਾਂ ਨੂੰ ਕੂੜ ਦੀ ਮੰਡੀ ਲਾਉਣ ਦੀ ਆਗਿਆ ਮਿਲਣੀ ਚਾਹੀਦੀ ਹੈ ? ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਵਾਲਾ ਇਤਿਹਾਸਕ ਥਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ , “ਸਚ ਕੀ ਬਾਣੀ ਨਾਨਕ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।” ਅਜਿਹੇ ਪਵਿੱਤਰ ਥਾਵੇਂ, “ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜੈ ਕੇ ਖਲਵਾਰ” ਵਰਗੀ ਸਥਿਤੀ ਬਣੀ ਹੋਈ ਹੁੰਦੀ ਹੈ। ਇਹਨਾਂ ਰਾਜਸੀ ਲੋਕਾਂ ਨੂੰ ਮੀਡੀਏ ਵਿਚ ਰੋਜਾਨਾ ਝੂਠੇ ਬਿਆਨ ਦਿੰਦੇ ਸੁਣੀਦਾ ਵੇਖੀਦਾ ਹੈ। ਬਹੁਤ ਸਾਰਿਆਂ ਤੇ ਮੁਕੱਦਮੇ ਬਣੇ ਹੋਏ ਹਨ। ਫਿਰ ਧਰਮ ਅਸਥਾਨਾਂ ਤੇ ਭੀ ਸਿੱਖ ਸੰਗਤਾਂ ਨੂੰ ਮਕਾਰ ਲੋਕਾਂ ਦੇ ਚਿਹਰੇ ਕਿਉਂ ਦਿੱਸਣ? ਜੋ ਸਰਧਾਵਾਲ ਲੱਖਾਂ ਮਾਈ ਭਾਈ ਇਹਨਾਂ ਸਥਾਨਾਂ ਤੇ ਜਾਂਦੇ ਹਨ, ਕੀ ਰਾਜਸੀ ਲੋਕਾਂ ਤੋਂ ਕੂੜ ਤੇ ਫਰੇਬ ਸੁਨਣ ਜਾਂਦੇ ਹਨ? ਲੰਮੇ ਅਰਸੇ ਤੋਂ ਕਿਵੇਂ ਸ਼ਰਧਾਲੂਆਂ ਦੀਆਂ ਪਵਿੱਤਰ ਭਾਵਨਾਂ ਨੂੰ ਮਧੋਲਿਆਂ ਵਲੂੰਧਰਿਆ ਜਾ ਰਿਹਾ ਹੈ। ਹੈ ਕਿਸੇ ਨੂੰ ਫਿਕਰ? ਅਜਿਹੇ ਪਵਿੱਤਰ ਦਿਹਾੜੇ ਤੇ ਸਿਖ ਸੰਗਤਾਂ ਪਾਵਨ ਗੁਰਬਾਣੀ ਸੁਣ ਸਮਝ ਕੇ ਜੀਵਨ ਸਫਲਾ ਕਰਨਾ ਚਾਹੁੰਦੀਆਂ ਹਨ। ਇਤਿਹਾਸ ਤੋਂ ਪ੍ਰੇਰਨਾ ਲੈ ਕੇ ਜੀਵਨ ਵਿਚ ਉਤਸ਼ਾਹ ਭਰਨਾ ਚਾਹੁੰਦੀਆਂ ਹਨ। ਕਦੀ ਸੋਚਿਆ ਹੈ ਸਾਡੇ, ਜਥੇਦਾਰਾਂ/ਪ੍ਰਧਾਨਾਂ ਨੇ ਕਿ ਇਹ ਧਰਮ ਅਸਥਾਨਾਂ ਤੇ ਕੂੜ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ। ਜਦੋਂ ਕਦੀ ਕਿਸੇ ਗੁਰਦਵਾਰੇ ਵਿਚ ਸੰਗਤ ਜੁੜਦੀ ਹੈ ਤਾਂ ਕੂੜ ਕਪਟ ਨਾਲ ਭਰੇ ਰਾਜਸੀ ਨੇਤਾ ਪੁਜ ਜਾਂਦੇ ਹਨ। ਧਰਮ ਉਪਦੇਸ਼ ਕਰਨ ਲਈ। ਕੀ ਇਹਨਾਂ ਨੂੰ ਧਰਮ ਦੀ ਕੋਈ ਡੂੰਘੀ ਜਾਣਕਾਰੀ ਹੈ, ਕੀ ਇਹਨਾਂ ਦਾ ਅਪਣਾ ਜੀਵਨ ਧਰਮ ਤੇ ਅਧਾਰਤ ਹੈ? ਧਰਮ ਵਿਸ਼ੇ ਦਾ ਮਾਹਿਰ ਪਾਸੇ ਧੱਕ ਦਿੱਤਾ ਜਾਂਦਾ ਹੈ, ਤੇ ਰਾਜਨੀਤੀ ਦਾ ਕੂੜ ਕਬਾੜ ਧਰਮ ਸਥਾਨ ਦੀ ਸਟੇਜ ਤੇ ਵੰਡਿਆ ਜਾਣਾ ਸ਼ੁਰੂ ਹੋ ਜਾਂਦਾ ਹੈ, ਸ਼ਾਇਦ ਗੁਰੂ ਕਾ ਪ੍ਰਸਾਦਿ ਸਮਝ ਕੇ। ਸ੍ਰੋ: ਕਮੇਟੀ ਦੇ ਪ੍ਰਧਾਨ ਜੀ, ਖੁਦ ਪਿਛਲੇ ਵੀਹ ਸਾਲ ਤੋਂ ਰਾਜਸੀ ਦਲਦਲ ਵਿਚ ਚੁਭੀਆਂ ਮਾਰੀ ਜਾ ਰਹੇ ਹਨ। ਲੱਤਾਂ ਕਬਰਾਂ ਵਿੱਚ ਪੁੱਜ ਗਈਆਂ, ਰਾਜਸੀ ਲਾਲਸਾਵਾਂ ਉਸੇ ਤਰਾਂ ਉਸਲਵੱਟੇ ਲੈ ਰਹੀਆਂ ਹਨ। ਕਿੰਨਾ ਚੰਗਾ ਹੁੰਦਾ ਅਗਰ (ਜਾਂਦੀ ਵਾਰੀ ਸਹੀ) ਧਰਮ ਦਾ ਕੋਈ ਵਡੇਰਾ ਕਾਰਜ ਕਰਵਾ ਜਾਂਦੇ। ਛੇਤੀ ਹੀ ਸ੍ਰੋ: ਕਮੇਟੀ ਦੀਆਂ ਚੋਣਾਂ ਹੋਣ ਵਾਲੀਆਂ ਹਨ, ਉਹਨਾਂ ਦੇ ਮੱਦੇਨਜ਼ਰ ਕੁਝ ਰਸਮੀ ਜਿਹੀਆਂ ਮੀਟਿੰਗਾਂ, ਐਲਾਨ, ਬਿਆਨ ਦਿਤੇ ਜਾ ਰਹੇ ਹਨ। ਪਹਿਲਾਂ ਵਾਂਗ ਹੀ ਚੋਣਾਂ ਤੋਂ ਬਾਦ ਫਿਰ ਉਹੀ ਪੁਰਾਣਾ ਰਾਗ ਹੋਵੇਗਾ। ਪੰਥ ਨੂੰ ਖਤਰਾ ਹੋਰ ਕਿਸੇ ਤੋਂ ਇੰਨਾਂ ਨਹੀਂ ਹੈ ਜਿੰਨਾਂ ਇਹਨਾਂ ਸਾਡੇ ਸਿਰ ਤੇ ਹਿਕ ਦੇ ਤਾਣ ਬੈਠੇ ਚੌਧਰੀਆਂ ਤੋਂ ਹੈ। ਇਸ ਰਾਮ ਰੌਲੇ ਵਿਚ ਨਾਂ ਧਰਮ ਰਿਹਾ ਨਾਂ ਰਾਜਨੀਤੀ ਰਹੀ। ਬਸ ਫੋਕੇ ਦਮਗਜੇ ਮਾਰੇ ਜਾ ਰਹੇ ਹਨ। ਕੀ ਸਾਰੇ ਸਿੱਖ ਸਮਾਜ ਵਿਚ ਕੋਈ ਅਜਿਹੀ ਜਾਗਦੀ ਜਮੀਰ ਵਾਲਾ ਸਿੱਖ ਨਹੀਂ ਜਿਹੜਾ ਇਹਨਾਂ ਕੁਕਰਮਾਂ ਦੇ ਵਿਰੁੱਧ ਇਕ ਜਹਾਦ ਛੇੜ ਸਕੇ। ਜਾਂ ਇਹ ਮੰਨ ਲਈਏ ਕਿ ਇਹਨਾਂ ਦੀਆਂ ਬਾਹਵਾਂ ਬਹੁਤ ਲੰਮੀਆਂ ਹਨ? 26 ਅਕਤੂਬਰ ਦੀ ਕਨਵੈਸ਼ਨ ਵਿਚ ਗੁਰੂ ਘਰ ਦੇ ਸੱਚੇ ਹਿਤੈਸ਼ੀਆਂ ਨੂੰ ਆਵਾਜ ਮਾਰ ਕੇ ਸੱਦਿਆ ਗਿਆ ਸੀ। ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪਾਖੰਡੀਆਂ / ਝੂਠਿਆਂ ਨੂੰ ਕਾਂਬਾ ਛਿੜ ਗਿਆ। ਇਹ ਗਿਆਨ ਦੀ ਹਨੇਰੀ ਉਠ ਪਈ ਹੈ, ਕੂੜੇ ਕਖ - ਕਾਨੇ ਇਸ ਅੱਗੇ ਟਿਕ ਨਹੀਂ ਸਕਣਗੇ। ਲੋੜ ਹੈ ਗੁਰੂ ਗਿਆਨ ਨਾਲ ਲਬਰੇਜ ਹੋ ਕੇ ਜੋਰਦਾਰ ਹੰਭਲਾ ਮਾਰਨ ਦੀ ਸਤਿਗੁਰੂ ਜਰੂਰ ਬਾਂਹ ਫੜਨਗੇ।