ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਗੁਰਬਾਣੀ ਵਿੱਚ ਪੌਰਾਣਕ ਕਥਾਵਾਂ

ਪ੍ਰੋ: ਇੰਦਰ ਸਿੰਘ ਘੱਗਾ


ਸਿੱਖ ਪੰਥ ਅਕਾਲੀ ਬਾਣੀ, ਧੁਰਕੀ ਬਾਣੀ ਨੂੰ “ਸ਼ਬਦ ਰੂਪ ਵਿੱਚ” ਵਿੱਚ ਜ਼ਿੰਦਗੀ ਦਾ ਸੋਮਾ,“ਗੁਰੂ” ਸਵੀਕਾਰ ਕਰਦਾ ਆ ਰਿਹਾ ਹੈ। ਇਹੋ ਹੁਕਮ ਸਤਿਗੂਰ ਸਾਹਿਬ ਜੀ ਦਾ ਹੈ। ਮਨ ਅੰਦਰ ਵਾਹਿਦ ਪ੍ਰਮੇਸਰ ਵਲੋਂ ਆਵੇਸ ਹੋਈ ਬਾਣੀ ਨੂੰ ਮਨੁੱਖਤਾ ਦੇ ਕਲਿਆਣ ਹਿਤ, ਅਗਰ ਸਾਂਭਣਾ ਹੋਵੇ ਤਾਂ ਇਸਨੂੰ ਅੱਖਰਾਂ ਦਾ ਰੂਪ ਦੇਣਾ ਪਵੇਗਾ। ਅੱਖਰ ਭੀ ਉਹ ਲਿਖਣੇ ਹੁੰਦੇ ਹਨ, ਜਿਨ੍ਹਾਂ ਰਾਹੀਂ ਲਿਖੀ ਗਈ ਵਿਚਾਰ, ਬਹੁਤੇ ਲੋਕਾਂ ਨੂੰ ਸੌਖਿਆਂ ਸਮਝ ਆਉਂਦੀ ਰਹੇ। ਸਤਿਗੁਰੂ ਨਾਨਕ ਸਾਹਿਬ ਪੰਜਾਬ ਵਿੱਚ ਪ੍ਰਗਟੇ, ਵਡੇ ਹੋਏ ਪ੍ਰਵਾਨ ਚੜ੍ਹੇ। ਕੁਦਰਤੀ ਸੀ ਕਿ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੀ ਹੋਵੇ। ਜਿਸ ਵਾਤਾਵਰਨ ਅਤੇ ਜਨ ਸਮੂਹ ਵਿੱਚ ਮਨੁੱਖ ਬਹੁਤਾ ਸਮਾਂ ਬਿਤਾਉਂਦਾ ਹੈ, ਉਸਦੀ ਬਣਤਰ, ਕਿੱਤਾ, ਧਰਮ, ਰਾਜ ਸਮਾਜ ਵਿੱਚ ਰਹਿੰਦਿਆਂ ਬਾਰੀਕੀਆਂ ਨੂੰ ਭਲੀ ਭਾਂਤ ਸਮਝ ਸਕਦਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਪਹਿਲਾਂ ਸਾਰੇ ਪ੍ਰਚਲਤ ਧਰਮਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ। ਇਸੇ ਕਾਰਨ ਉਹਨਾਂ ਦੀ ਰਚਨਾ ਵਿਚੋਂ ਸੁੱਤੇ-ਸਿੱਧ ਪੁਰਾਤਨ ਪ੍ਰਚਲਤ ਕਥਾਵਾਂ ਦੇ ਹਵਾਲੇ ਆਮ ਮਿਲ ਜਾਂਦੇ ਹਨ। ਸਤਿਗੁਰੂ ਜੀ ਦੇ ਵਿਚਾਰ ਕਰਾਂਤੀਕਾਰੀ ਸਨ ਨਵੀਨ ਸਨ, ਪਰ ਲੋਕੀ ਤਾਂ ਉਹੀ ਸਨ ਜੋ ਸਦੀਆਂ ਤੋਂ ਇਕੋ ਸੰਚੇ ਵਿੱਚ ਢਲੇ (ਬ੍ਰਾਹਮਣੀ ਵਿਚਾਰ) ਜੀਵਨ ਜਿਉ ਹੇ ਸਨ, ਤੇ ਬੁਰੀ ਤਰ੍ਹਾਂ ਮਾਨਸਿਕ ਖੜੋਤ ਦਾ ਸ਼ਿਕਾਰ ਹੋ ਚੁੱਕੇ ਸਨ। ਵਿਚਾਰਾਂ ਦਾ ਪੌਦਾ ਤਾਂ ਨਵਾਂ ਸੀ, ਪਰ ਮਿੱਟੀ ਹਵਾ ਪਾਣੀ ਤਾਂ ਉਹੀ ਪੁਰਾਣੇ ਸਨ। ਅਜਿਹੀ ਜੁਗਤ ਅਪਣਾਉਣੀ ਅਵੱਸ਼ਕ ਸੀ, ਕਿ ਇਹ ਨਵਾਂ ਲਾਇਆ ਵਿਚਾਰਾਂ ਦਾ ਬੂਟਾ, ਮੁਰਝਾ ਨਾ ਜਾਵੇ, ਸੁੱਕ ਨਾ ਜਾਵੇ, ਸਗੋਂ ਤੇਜੀ ਨਾਲ ਵਧੇ ਫੁੱਲੇ । ਸੰਸਾਰੀ ਜੀਵ ਇਸ ਰੁੱਖ ਦੀ ਠੰਢੀ ਛਾਂ ਮਾਨਣ, ਮਿੱਠੇ ਫਲ ਖਾਵਣ।

ਰੱਬੀ ਨੂਰ, ਗਿਆਨ ਦੇ ਸਾਗਰ, ਕਰਾਂਤੀਕਾਰੀ, ਨਿਰਭੈ ਯੋਧੇ, ਮਹਾਨ ਪਰਉਪਕਾਰੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਵਲੋਂ ਅਲਹਾਮੀ (ਧੁਰ ਕੀ ਬਾਣੀ) ਵਿਚਾਰਾਂ ਨੂੰ ਸੌਖੀ ਬੋਲੀ ਵਿੱਚ ਜਨ ਸਮੂੰਹ ਤਕ ਪੁਚਾਣ ਵਾਸਤੇ ਅਨੇਕ ਢੰਗ ਵਰਤੇ। ਜਦੋਂ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸੰਬੋਧਨ ਹੋਇ ਤਾਂ ਫੁਰਮਾਇਆ-“ਮਨੁ ਹਾਲੀ ਕਿਰਸਾਣੀ ਕਰਣੀ, ਸਰਮੁ ਪਾਣੀ ਤਨੁ ਖੇਤੁ”॥ ੫੯੫

ਇਸ ਬੰਦ ਵਿਚ ਕਿਸਾਨੀ ਕਿੱਤੇ ਨਾਲ ਸਬੰਧਤ, ਉਦਾਹਰਣਾਂ ਦਿੱਤੀਆਂ ਗਈਆਂ ਹਨ। ਅੱਗੇ ਬ੍ਰਾਹਮਣ ਨੂੰ ਉਸਦੀ ਰੋਜਾਨਾ ਜੀਵਨ ਕਿਰਿਆ ਵਿਚੋਂ ਪਰਮਾਣ ਦੇ ਕੇ ਸਮਝਾ ਹੇ ਹਨ-“ਸਾਲ ਗ੍ਰਾਮ ਬਿਪ ਪੂਜਿ ਮਨਾਵਹੁ, ਸੁਕ੍ਰਿਤ ਤੁਲਸੀ ਮਾਲਾ”॥ (੧੧੭੧) ਜਦੋਂ ਜੋਗੀਆਂ ਨਾਲ ਵਿਚਾਰ ਚਰਚਾ ਕਰਦੇ ਹਨ ਤਦੋਂ ਉਹਨਾਂ ਦੀ ਬੋਲੀ ਵਰਤਦੇ ਹਨ-“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ”। ਉਪਰ ਵਰਣਿਤ ਗੁਰਬਾਣੀ ਟੂਕਾਂ ਕੇਵਲ ਉਦਾਹਰਣਾਂ ਮਈ ਖਾਸ ਵਿਸ਼ੇ ਵਸਤੂ ਵਾਲੀ ਸਥਿਤੀ ਵਿੱਚ ਉਚਾਰਨ ਕੀਤੀਆ ਗਈਆਂ ਹਨ ਤਾਂ ਕਿ ਸਬੰਧਤ ਵਿਅਕਤੀ, ਜੱਥੇਬੰਦੀ ਜਾਂ ਸਮਾਜ ਨੂੰ ਉਸੇ ਦੀ ਬੋਲੀ ਵਿੱਚ ਉਪਦੇਸ਼ ਦਿੱਤਾ ਜਾ ਸਕੇ। ਇੰਨ ਬਿੰਨ ਇਸੇ ਤਰਾਂ ਹੀ ਗੁਰਬਾਣੀ ਵਿੱਚ ਪੌਰਾਣਿਕ ਕਥਾਵਾਂ ਦੇ ਹਵਾਲੇ ਦਿੱਤੇ ਗਏ ਹਨ। ਇਹ ਕਥਾਵਾਂ ਹਿੰਦੂ ਸਮਾਜ ਵਿਚ ਬਹੁਤ ਪ੍ਰਚਲਤ ਸਨ। ਇਹਨਾਂ ਦੀ ਲੰਮੀ ਵਿਆਖਿਆ ਦੀ ਜਰੂਰਤ ਨਹੀਂ ਸੀ। ਇਹਨਾਂ ਦੇ ਰਾਹੀਂ ਸਤਿਗੁਰੂ ਜੀ ਨੇ, ਹਿੰਦੂ ਜਨ ਸਮੂੰਹ ਨੂੰ ਆਪਣੀ ਗੱਲ ਸੌਖਿਆਂ ਹੀ ਸਮਝਾ ਦਿੱਤੀ- ਫੁਰਮਾਨ ਵੇਖੋ:

ਹਰਏ ਨਮਸਤੇ ਹਰਏ ਨਮਹ॥ ਹਰਿ ਹਰਿ ਕਰਤ ਨਹੀਂ ਦੁਖੁ ਜਮਹ॥ ਰਹਾਓ॥
ਹਰਿ ਹਰਨਾਖਸ ਹਰੇ ਪਰਾਨ॥ ਅਜੈਮਲ ਕੀਓ ਬੈਕੁੰਠਹਿ ਥਾਨ॥
ਸੂਆ ਪੜਾਵਤ ਗਨਿਕਾ ਤਰੀ॥ ਸੋ ਹਰਿ ਨੈਨਹੁ ਕੀ ਪੂਤਰੀ॥
ਹਰਿ ਹਰਿ ਕਰਤ ਪੂਤਨਾ ਤਰੀ॥ ਬਾਲ ਘਾਤਨੀ ਕਪਟਹਿ ਭਰੀ॥
ਸਿਮਰਨ ਦ੍ਰੋਪਦ ਸੁਤ ਉਧਰੀ॥ ਗਊਤਮ ਸਤੀ ਸਿਲਾ ਨਿਸਤਰੀ॥
ਕੇਸੀ ਕੰਸ ਮਥਨੁ ਜਿਨਿ ਕੀਆ॥ ਜੀਅ ਦਾਨੁ ਕਾਲੀ ਕਉ ਦੀਆ॥
ਪ੍ਰਣਵੈ ਨਾਮਾ ਐਸੋ ਹਰੀ॥ ਜਾਸੁ ਜਪਤ ਭੈ ਅਪਦਾ ਟਰੀ॥ ੮੭੪

ਇਹਨਾਂ ਹਵਾਲਿਆਂ ਰਾਹੀਂ ਨਾਮਦੇਵ ਜੀ ਸਮਝਾਉਂਦੇ ਹਨ, ਕਿ ਹੇ ਭਾਈ ! ਜੇ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਹਰੀ ਨਾਮ ਜਪਦਿਆਂ, ਨਿਸਤਾਰਾ ਹੋ ਜਾਇਆ ਕਰਦਾ ਹੈ, ਤਾਂ ਫਿਰ ਅੱਜ ਭੀ ਉਸ ਪ੍ਰਮੇਸ਼ਰ ਨੂੰ ਯਾਦ ਵਿੱਚ ਵਸਾਓ। ਮੇਰੀ ਨਾਮਦੇਵ ਦੀ ਦੁਬਿਧਾ ਆਦਿ ਉਸ ਦੇ ਸਿਮਰਨ ਕੀਤਿਆਂ ਦੂਰ ਹੋ ਗਈ ਹੈ। ਉਪਰ ਦਿਤੇ ਹਵਾਲੇ ਕੇਵਲ ਸਮਝਾਉਣ ਹਿਤ ਹਨ, ਇਹ ਪਾਤਰ ਧਰਤੀ ਉਪਰ ਕਦੀ ਪ੍ਰਗਟ ਹੋਏ ਭੀ ਹਨ ਕਿ ਨਹੀਂ ਕੋਈ ਨਹੀਂ ਜਾਣਦਾ। ਜਿਵੇਂ ਇਹ ਕਹਾਣੀਆਂ ਪ੍ਰਚਲਤ ਹਨ, ਇਸ ਤਰ੍ਹਾਂ ਵਾਪਰਨੀਆਂ ਨਾ ਮੁਮਕਿਨ ਹਨ। ਫਿਰ ਸਤਿਗੁਰੂ ਜੀ ਨੇ ਤਾਂ ਬਾਣੀ ਵਿਚ ਪਸ਼ੂਆਂ ਪੰਛੀਆਂ ਦੇ ਹਵਾਲੇ ਭੀ ਦਿੱਤੇ ਹਨ। ਕੀ ਸਤਿਗੁਰੂ ਜੀ ਜਾਨਵਰਾਂ ਲਈ ਉਪਦੇਸ਼ ਕਰਨ ਆਏ ਸਨ? ਵਾਕ ਹਨ:

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਏ ਰਾਤਾ ਰਾਮ॥ ੪੩੭

ਕਾਲੀ ਕੋਇਲ ਤੂੰ ਕਿਤ ਗੁਨ ਕਾਲੀ॥ ੭੯੪

ਦਾਦਰ, (ਡੱਡੂ) ਤੂੰ ਕਬਹਿ ਨ ਜਾਨਸਿ ਰੇ॥ ੯੯੦

ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ॥ ੪੩੮

ਮਛੁਲੀ ਵਿਛੁਨੀ, ਨੈਣ ਰੁੰਨੀ, ਜਾਲੁ ਬਧਿਕ ਪਾਇਆ॥ ੪੩੮

ਮਿਠੈ ਮਖੁ ਮੁਆ, ਕਿਉ ਲਏ ਉਡਾਰੀ॥ ਹਸਤੀ ਗਰਤਿ ਭਇਆ, ਕਿਉਂ ਤਰੀਐ ਤਾਰੀ॥ ੪੬੦

ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਮਨੁੱਖ ਮਾਤਰ ਦੇ ਕਲਿਆਣ ਲਈ ਹਨ, ਨਾਂ ਕਿ ਪਸ਼ੂਆਂ ਪੰਛੀਆਂ ਲਈ। ਜਾਨਵਰਾਂ ਕੋਲ ਮਨੁੱਖੀ ਬੋਲੀ ਨੂੰ ਸਮਝਣ ਦੀ ਸੂਝ ਨਹੀਂ ਹੁੰਦੀ। ਤੋਤਾ ਆਦਿਕ ਮਨੁੱਖ ਦੇ ਸਿਖਾਏ ਕੁਝ ਸੀਮਤ ਜਿਹੇ ਵਾਕ ਹੀ ਬੋਲ ਸਕਦਾ ਹੈ, ਜਿਆਦਾ ਨਹੀਂ। ਉਸਨੂੰ ਬੋਲੇ ਗਏ ਵਾਕਾਂ ਦੇ ਅਰਥਾਂ ਬਾਰੇ ਕੋਈ ਸੂਝ ਨਹੀਂ ਹੁੰਦੀ। ਜਰਾ ਸੋਚੋ। ਅਗਰ ਅੱਜ ਕਦੀ ਗੁਰਦਵਾਰੇ ਸੰਗਤ ਵਿੱਚ ਕਾਂ ਕੁੱਤੇ, ਊਠ, ਹਾਥੀ, ਘੋੜੇ, ਹਿਰਨ, ਡੱਡੂ, ਮੱਛੀਆਂ ਅੰਦਰ ਆ ਜਾਣ ਤਾਂ ਇਨਸਾਨ ਉਥੇ ਬੈਠ ਸਕਣਗੇ? ਇਹ ਜਾਨਵਰ ਖੁਦ ਚੰਗੀ ਤਰ੍ਹਾਂ ਬੰਨ੍ਹਣ ਤੋਂ ਬਿਨਾਂ, ਟਿਕ ਕੇ ਬੈਠ ਸਕਣਗੇ? ਜਾਨਵਰਾਂ ਵਾਲੀ ਥਾਂ ਨੂੰ ਗੁਰਦਵਾਰਾ ਆਖ ਸਕਾਂਗੇ? ਕੀ ਅਜਿਹੇ ਥਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕੀਤਾ ਜਾ ਸਕਦਾ ਹੈ? ਜਵਾਬ ਹੋਵੇਗਾ, ਹਰਗਿਜ ਨਹੀਂ।

ਇਹਨਾਂ ਕਥਾਂ ਕਹਾਣੀਆਂ ਨੂੰ ਹਿੰਦੂ ਸਮਾਜ ਵਿਚ ਪੜਿਆ ਲਿਖਿਆ ਚੇਤੰਨ ਵਰਗ ਖੁਦ ਮੰਨਣ ਤੋਂ ਇਨਕਾਰੀ ਹੈ। ਜਿਸ ਤਰ੍ਹਾਂ ਦੇ ਪਰਾਭੌਤਿਕ ਵਰਤਾਰੇ ਪੇਸ਼ ਕਰਦੇ ਪਾਤਰ ਇਹਨਾਂ ਕਥਾਵਾਂ ਵਿੱਚ ਨਜ਼ਰ ਆਉਂਦੇ ਹਨ, ਉਹ ਕਿਸੇ ਸੂਰਤ ਵਿਚ ਅਮਲੀ ਜੀਵਨ ਅੰਦਰ ਨਹੀਂ ਘਟ ਸਕਦੇ। ਜਿਸ ਸਭਿਅਤਾ ਵਿਚ ਸਤਿਗੁਰੂ ਜੀ ਵਿਚਰੇ ਉਸ ਦੇ ਆਲੇ ਦੁਆਲਿਓ ਉਹਨਾਂ ਨੇ ਹੀ ਪਰਮਾਣ ਨਹੀਂ ਦਿੱਤੇ ਸਗੋਂ ਦੁਨੀਆਂ ਵਿਚ ਹਰ ਵਿਅਕਤੀ, ਕਵੀ, ਸਾਹਿਤਕਾਰ, ਇਵੇਂ ਹੀ ਕਰਦਾ ਹੈ। ਹਰ ਮਨੁੱਖ ਇਸੇ ਤਰ੍ਹਾਂ ਆਪਣੀ ਬੋਲਚਾਲ ਵਿਚ ਹਰ ਰੋਜ, ਅਖਾਣ, ਮੁਹਾਵਰੇ, ਲੋਕੋਕਤੀਆਂ, ਪ੍ਰਕਿਰਤੀ ਵਰਤਾਰੇ ਆਦਿ ਦੀ ਖੁੱਲੀ ਵਰਤੋਂ ਕਰਦਾ ਹੈ। ਇਸ ਵਿਚ ਕੋਈ ਦੋਸ਼ ਨਹੀਂ ਹੈ, ਬਸ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਦੀ ਵਰਤੋਂ ਕਿਨਾਂ ਅਰਥਾਂ ਵਿਚ ਕੀਤੀ ਗਈ ਹੈ। ਭਾਰਤ ਦੇ ਇਸ ਖਿੱਤੇ ਪੰਜਾਬ ਵਿਚ, ਪਪੀਹੇ ਦਾ ਚਹਿਕਣਾ, ਕੋਇਲਾਂ ਦਾ ਗਾਉਣਾ, ਡੱਡੂਆਂ ਦੀ ਗੜੈਂ-ਗੜੈਂ, ਮੋਰਾਂ ਦੀ ਰੁਣ ਝੁਣ, ਤਾਰਿਆਂ ਦਾ ਟਿਮਟਿਮਾਉਣਾ, ਰੁੱਤਾਂ ਦਾ ਬਦਲਣਾ..... ਕਿੰਨਾ ਸੁੰਦਰ ਸੰਗੀਤਕ ਮਾਹੌਲ ਪੈਦਾ ਕਰਦਾ ਹੈ। ਇਹਨਾਂ ਸੰਕੇਤਾਂ ਦਾ ਗੁਰਬਾਣੀ ਵਿਚ ਅਣਗਿਣਤ ਵਾਰੀ ਹਵਾਲਾ ਦਿੱਤਾ ਗਿਆ ਹੈ। ਯੋਰਪੀਨ ਮੁਲਕਾਂ ਵਾਲਿਆਂ ਨੂੰ, ਇਹਨਾਂ ਸਿੰਬਲਾਂ ਦੀ ਸਮਝ ਨਹੀਂ ਆ ਸਕਦੀ। ਪੰਜਾਬ ਦੇ ਬਸਿੰਦਿਆਂ ਨੂੰ ਇਹਨਾਂ ਦੀ ਵਿਆਖਿਆ ਕਰਕੇ ਸਮਝਾਉਣ ਦੀ ਲੋੜ ਨਹੀਂ, ਸੁੱਤੇ-ਸਿੱਧ ਸਮਝ ਆ ਜਾਂਦੇ ਹਨ।

ਬ੍ਰਾਹਮਣੀ ਗ੍ਰੰਥਾਂ ਵਿਚ ਪਾਰਜਾਤ, ਕਲਪ ਰੁੱਖ, ਪਾਰਸ ਵੱਟੀ, ਕਾਮਧੇਨ ਦਾ ਜਿਕਰ ਬਹੁਤ ਥਾਈਂ ਮਿਲਦਾ ਹੈ। ਇਹ ਚੀਜਾਂ ਆਮ ਭਾਰਤੀ ਲੋਕਾਂ ਦੀ ਜਬਾਨ ਤੇ ਖੇਢਦੀਆਂ ਵੇਖੀਆਂ ਜਾ ਸਕਦੀਆਂ ਹਨ। ਸਤਿਗੁਰੂ ਜੀ ਨੇ ਇਹਨਾਂ ਦੀ ਬਹੁਤ ਥਾਈਂ ਵਰਤੋਂ ਕੀਤੀ ਹੈ, ਪੜ੍ਹ ਕੇ ਇਉਂ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਸ਼ਾਇਦ ਇਹ ਕੋਈ ਵਾਸਤਵਿਕ ਚੀਜਾਂ ਹੋਣਗੀਆਂ। ਅਸਲੀਅਤ ਇਹ ਹੈ ਕਿ ਇਹਨਾਂ ਦੀ ਕਿਧੇ ਹੋਂਦ ਨਹੀਂ ਹੈ, ਕੇਵਲ ਕਲਪਨਾ ਹੈ। ਸਤਿਗੁਰੂ ਜੀ ਨੇ ਇਹਨਾਂ ਦੀ ਵਰਤੋਂ ਬਾਣੀ ਵਿਚ ਕਈ ਥਾਈਂ ਕੀਤੀ ਹੈ, ਲੇਕਿਨ ਖੁਦ ਹੀ ਸਮਝਾ ਭੀ ਦਿਤਾ ਹੈ ਕਿ ਅਸਲ ਵਿਚ ਪ੍ਰਮਾਤਮਾ ਤੇ ਉਸਦਾ ਨਾਮ ਹੀ ਪਾਰਜਾਤ, ਪਾਰਸ ਮਣੀ ਜਾਂ ਕਾਮਧੇਨ ਹੈ। ਇਸ ਪਰਥਾਏ ਗੁਰਬਾਣੀ ਪਰਮਾਣ ਵੇਖੋ:

ਗੁਰੁ ਤੀਰਥੁ, ਗੁਰੁ ਪਾਰਜਾਤੁ” ਗੁਰੁ ਮਨਸਾ ਪੂਣ ਹਾਰੁ॥ ੫੨

“ਪਾਰਜਾਤੁ” ਘਰਿ ਆਂਗਨਿ ਮੇਰੈ ਪੁਹਪ ਪਤ੍ਰ ਤਤ ਡਾਲਾ॥ ੫੦੩

ਭਾਈ ਰੇ, ਸੰਤ ਜਨਾ ਕੀ ਰੇਣੁ॥ ਸੰਤ ਸਭਾ ਗੁਰੁ ਪਾਈਐ, ਮੁਕਤਿ ਪਦਾਰਥੁ “ਧੇਣੁ”॥ ੧੮

“ਪਾਰਜਾਤੁ” ਇਹੁ ਹਰਿ ਕੋ ਨਾਮ॥ “ਕਾਮਧੇਨ” ਹਰਿ ਹਰਿ ਗੁਣ ਗਾਮ॥ ੨੬੫

ਬਿਰਖ ਜੰਮਿਓ ਹੈ “ਪਾਰਜਾਤ”॥ ਫੂਲ ਲਗੇ ਫਲ ਰਤਨ ਭਾਂਤਿ॥ ੧੧੮੦

ਉਪਰ ਲਿਖੇ ਗੁਰਬਾਣੀ ਵਾਕਾਂ ਵਿਚ ਕਾਮਧੇਨ ਆਦਿ ਨੂੰ ਨਿਰਸੰਕੋਚ ਵਰਤਿਆ ਗਿਆ ਹੈ। ਹੂਬ-ਹੂ ਸਵੀਕਾਰ ਨਾ ਕਰਕੇ ਨਵੇਂ ਅਰਥਾਂ ਵਿਚ ਵਰਤੋਂ ਕੀਤੀ ਗਈ ਹੈ। ਸਤਿਗੁਰੂ ਅਤੇ ਪ੍ਰਮੇਸਰ ਦਾ ਨਾਮ ਹੀ ਕਾਮਧੇਨ ਪਾਰਜਾਤ ਹੈ, ਹੋਰ ਕੋਈ ਜੀਜ ਨਹੀਂ ਹੈ।

ਇਸੇ ਸੋਹਣੇ ਅੰਦਾਜ ਵਿਚ ਆਪਣੀ ਜਿੰਦਗੀ ਦੇ ਸੋਮੇ, ਵਾਹਿਗੁਰੂ/ ਸਤਿਗੁਰੂ ਬਾਰੇ ਭੀ ਸਿੰਬਲਾ ਦੁਆਰਾ ਸਮਝਾਉਣ ਦਾ ਜਤਨ ਕੀਤਾ ਗਿਆ ਹੈ। ਜਿਨਾਂ ਵਸਤਾਂ ਦੀ ਸਾਡੀ ਜਿੰਦਗੀ ਵਿਚ ਆਮ ਵਰਤੋਂ ਹੈ, ਉਹਨਾਂ ਦੇ ਪ੍ਰਮਾਣ ਵਰਤੇ ਹਨ। ਗੁਰ ਫੁਰਮਾਨ ਵੇਖੋ:

ਗੁਰੁ ਪਾਉੜੀ, ਬੇੜੀ ਗੁਰੂ, ਗੁਰੁ ਤੁਲਹਾ, ਹਰਿ ਨਾਉਂ॥
ਗੁਰੁ ਸਰੁ ਸਾਗਰੁ, ਬੋਹਿਥੋ, ਗੁਰੁ ਤੀਰਥੁ, ਦਰੀਆਉ॥ ੧੭

ਗੁਰੁ ਦਾਤਾ, ਗੁਰੁ ਹਿਵੈ ਘਰੁ, ਗੁਰੁ ਦੀਪਕ, ਤਿਹ ਲੋਇ॥ ੧੩੭

ਗੁਰਦੇਵ ਤੀਰਥੁ ਅੰਮ੍ਰਿਤੁ ਸਰੋਵਰੁ ਗੁਰ ਗਿਆਨੁ ਮਜਨੁ ਅਪ੍ਰੰਪਰਾ॥ ੨੫੦

ਅਗੋਂ ਅਸੀਂ ਪ੍ਰਮਾਤਮਾ ਦੇ ਕੁਝ ਨਾਵਾਂ ਬਾਰੇ ਵਿਚਾਰ ਕਰ ਰਹੇ ਹਾਂ। ਅਸਲ ਤਤ ਸਾਰ ਤਾਂ ਇਹ ਹੈ ਉਹ ਅਨਾਮੀ ਹੈ, ਤਾਂ ਉਸ ਦਾ ਨਾਮ ਕਿਵੇਂ ਰੱਖਿਆ ਜਾ ਸਕਦਾ ਹੈ? ਸ੍ਰਿਸਟੀ ਬਣੀ ਨੂੰ ਅਰਬਾਂ ਸਾਲ ਗੁਜਰ ਚੁੱਕੇ ਹਨ, ਰੱਬ ਜੀ ਉਸ ਤੋਂ ਭੀ ਪਹਿਲਾਂ ਦੇ ਹਨ। ਫਿਰ ਮਨੁੱਖ ਦੀ ਕੀ ਪਾਇਆ ਹੈ ਕਿ ਉਸ ਦਾ ਨਾਮ ਕਰਣ ਕਰੇ। ਅਸਲ ਵਿਚ ਉਸਦਾ ਕੋਈ ਨਾਮ ਨਹੀਂ ਹੈ। ਜੋ ਨਾਮ ਅਸੀਂ ਰੱਖੇ ਹੋਏ ਹਨ, ਉਹ ਜਾਂ ਤੇ ਵਿਸ਼ੇਸ਼ਣੀ ਹਨ, ਜਾਂ ਕਿਰਤਮ ਹਨ। ਭਾਵ ਪ੍ਰਮਾਤਮਾ ਦੇ ਗੁਣਾਂ ਅਤੇ ਕੰਮਾਂ ਤੇ ਅਧਾਰਤ ਨਾਮ ਹਨ। ਇਸਾਈ, ਮੁਸਲਮਾਨਾਂ ਆਪਣੇ ਤਰੀਕੇ, ਯਹੂਦੀ, ਪਾਰਸੀ ਬੁੱਧ ਜੈਨ ਹਿੰਦੂ ਸਿੱਖ, ਸਾਰਿਆਂ ਵਲੋਂ, ਆਪਣੀ ਇੱਛਾ ਮੁਤਾਬਕ, ਨਾਮਕਰਣ ਕੀਤਾ ਗਿਆ ਹੈ। ਸਤਿਗੁਰੂ ਅਰਜਣ ਸਾਹਿਬ ਰੱਬ ਦੇ, ਹਿੰਦੂ ਮੁਸਲਮਾਨਾਂ ਵਾਲੇ ਅਨੇਕਾਂ ਨਾਲ ਲਿਖਕੇ, ਅੰਤ ਵਿਚ ਫੈਸਲਾ ਸੁਣਾ ਦਿੰਦੇ ਹਨ ਕਿ ਉਸਦਾ ਕੋਈ ਨਾਮ ਨਹੀਂ ਹੈ। ਬਸ ਉਹ ਸਚਾਈ ਦਾ ਮੁਜੱਸਮਾ ਹੈ, ਸਤ ਹੈ, ਸਤ ਨਾਮ ਹੈ। ਵਾਕ ਹਨ:

ਅਚੁਤ ਪਾਰਬ੍ਰਹਮ ਪਰਮੇਸ ਅੰਤਜਾਮੀ॥ ਮਧੁਸੂਦਨ ਦਾਮੋਦ ਸੁਆਮੀ॥
ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ...
ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ॥ ੧੦੮੩

ਇਸ ਲੰਮੇ ਸ਼ਬਦ ਵਿਚ ਇੱਕ ਸੌ ਤੋਂ ਵੱਧ ਨਾਵਾਂ ਦਾ ਜਿਕਰ ਹੈ, ਅੰਤ ਵਿਚ ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ, ਕਿ ਤੇਰਾ ਕੋਈ ਨਾਮ ਨਹੀਂ। “ਸਤਿ ਨਾਮ” ਤੂੰ ਸਤ ਹੈਂ, ਸਚਾਈ ਤੇ ਅਧਾਰਤ ਹੈ... ਤੇ ਬਸ।

ਇਸੇ ਤਰ੍ਹਾਂ ਹਿੰਦੂ ਦੇਵਤਿਆਂ ਨਾਲ ਜੋੜੀਆਂ ਪਰਾਭੌਤਕ ਕਹਾਣੀਆਂ ਤੋਂ ਪਰਭਾਵਤ ਹੋ ਕੇ ਸਿੱਖ ਲੇਖਕਾਂ ਨੇ ਭੀ ਉਹ ਕਰਾਮਾਤੀ ਕਹਾਣੀਆਂ ਗੁਰੂ ਸਾਹਿਬਾਨ ਨਾਲ ਜੋੜ ਦਿੱਤੀਆਂ ਹਨ। ਭਾਵੇਂ ਇਹਨਾਂ ਕਥਾਵਾਂ ਰਾਹੀਂ ਲੇਖਕ ਸਤਿਗੁਰੂ ਜੀ ਨੂੰ ਮਹਾਨ ਸ਼ਕਤੀਸ਼ਾਲੀ ਵਿਖਾਣਾ ਚਾਹੁੰਦੇ ਹਨ। ਪਰ ਇਸ ਤਰ੍ਹਾਂ ਕੀਤਿਆਂ ਜਿੰਦਗੀ ਦੀ ਅਸਲੀਅਤ ਗੁੰਮ ਜਾਂਦੀ ਹੈ। ਪੌਰਾਣਕ ਕਥਾ ਮੁਤਾਬਕ ਹਨੂਮਾਨ ਸੂਰਜ ਨੂੰ ਮੂੰਹ ਵਿਚ ਪਾ ਕੇ ਨਿਗਲ ਜਾਂਦਾ ਹੈ। ਹਿਮਾਲਾ ਪਰਬਤ ਨੂੰ ਚੁੱਕ ਲਿਜਾਂਦਾ ਹੈ। ਅਗਸਤ ਮੁਨੀ ਕਿਸੇ ਗੱਲੋਂ ਨਰਾਜ ਹੋ ਕੇ ਸਾਰੇ ਸਮੁੰਦਰਾਂ ਦਾ ਪਾਣੀ ਪੀ ਜਾਂਦਾ ਹੈ। ਜਦੋਂ ਦਿਲ ਕੀਤਾ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦਾ ਹੈ। ਰਾਖਸ਼ ਅਤੇ ਦੇਵਤੇ (ਅਖੌਤੀ) ਸਮੁੰਦਰ ਰਿੜਕਣ ਲਈ ਇੱਕਠੇ ਹੋਏ। ਬਾਸ਼ਕ ਨਾਗ ਦਾ ਨੇਤਾ ਬਣਾਇਆ। ਹਿਮਾਲਾ ਪਰਬਤ ਨੂੰ ਮਧਾਣੀ ਬਣਾਇਆ। ਕਛੂਕੁੰਮੇ ਦੀ ਖੋਪਰੀ ਤੇ ਟਿਕਾਇਆ ਗਿਆ। ਫਿਰ ਸਮੁੰਦਰ ਵਿਚੋਂ ਚੌਦਾ ਰਤਨ ਕੱਢੇ ਗਏ। ਕੁਝ ਰਾਖਸ ਧਰਤੀ ਨੂੰ ਚੁੱਕ ਕੇ ਨੱਸ ਗਏ, ਦੇਵਤਿਆਂ ਵਾਪਸ ਲਿਆਂਦੀ। ਗੈਰ ਕੁਦਰਤੀ ਤਰੀਕੇ ਜਨਮ ਅਤੇ ਗੈਰ ਕੁਦਰਤੀ ਕੰਮ, ਆਮ ਪੜ੍ਹਨ ਸੁਣਨ ਨੂੰ ਮਿਲਦੇ ਹਨ। ਜੇ ਕਰਾਮਾਤ ਰਾਹੀਂ ਸਤਿਗੁਰੂ ਜੀ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਹਨਾਂ ਦੇ ਅਖੌਤੀ ਮਹਾਂਪੁਰਖਾਂ ਨਾਲੋਂ ਗੁਰੂ ਜੀ ਨੂੰ ਕਈ ਗੁਣਾ ਵੱਡੀਆਂ ਕਰਾਮਾਤਾਂ ਕਰਦੇ ਵਿਖਾਉਣਾ ਪਵੇਗਾ। ਇਹਨਾਂ ਭਾਵਨਾਵਾਂ ਅਧੀਨ ਹੀ ਸਿੱਖ ਸੇਵਕਾਂ ਵਲੋਂ ਸਤਿਗੁਰੂ ਜੀ ਦੀਆਂ ਸਾਖੀਆਂ ਵਿਚ ਕਰਾਮਾਤੀ ਅੰਸ਼ ਦਾਖਲ ਕਰ ਦਿੱਤਾ ਗਿਆ ਹੈ। ਜੇ ਕਰਾਮਾਤਾਂ ਨਾਲ ਵਿਗੜੇ ਕਾਰਜ ਹੋ ਸਕਦੇ ਹੁੰਦੇ ਤਾਂ ਸਤਿਗੁਰੂ ਜੀ ਨੂੰ ਕਠਨ ਮਿਹਨਤ ਕਰਨ ਦੀ ਕੀ ਲੋੜ ਸੀ? ਸਤਿਗੁਰੂ ਜੀ ਦੇ ਉਪਕਾਰਾਂ ਨੂੰ ਜਨ ਸਮੂੰਹ ਦੀ ਜਿੰਦਗੀ ਦੇ ਨੇੜੇ ਰਹਿਣ ਦਿੱਤਾ ਜਾਵੇ। ਵਰਨਾ ਹਿੰਦੂ ਦੇਵਤਿਆਂ ਵਾਲੀ ਹਾਲਤ ਸਤਿਗੁਰੂ ਦੀ ਹੋ ਜਾਵੇਗੀ। ਕੇਵਲ ਪੂਜਣਜੋਗ ਵਸਤੂ... ਤੱਤਸਾਰ ਖਤਮ ਹੋ ਜਾਵੇਗਾ।