ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਵਿਚੋਂ ਕੌਣ ਗੁਰੂ ਨਾਨਕ ਸਾਹਿਬ ਦਾ ਸਾਥੀ ਸੀ ? ਕੀ ਭਾਈ ਮਰਦਾਨਾ ਜੀ ਬਾਣੀਕਾਰ ਸਨ?
ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ
ਡਾ: ਮਹਿੰਦਰ ਕੌਰ ਗਿਲ, ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ, ਨਾਲ ਵਿਸ਼ੇਸ਼ ਮੁਲਾਕਾਤ!
ਪੁਛੇ ਗਏ ਸੁਆਲ ਉਨ੍ਹਾਂ ਦੀ ਉਸੇ ਕਿਤਾਬ, ਗੁਰੂ ਅਰਜਨ ਦੇਵ ਜੀਵਨ ਤੇ ਬਾਣੀ, ਵਿਚੋਂ ਹਨ ਜਿਸ ਕਰਕੇ ਉਨ੍ਹਾਂ ਨੇ ਪੀ.ਐਚ. ਡੀ. ਦੀ ਡਿਗਰੀ ਪ੍ਰਾਪੱਤ ਕੀਤੀ ਸੀ।
ਸੁਆਲ: ਡਾ: ਸਾਹਿਬਾ ਟੋਰਾਂਟੋ ਦੇ ਅਖਬਾਰਾਂ ਵਿਚੋਂ ਤੇ ਤੁਹਾਡੀ ਕਿਤਾਬ, “ਗੁਰੂ ਅਰਜਨ ਦੇਵ ਜੀਵਨ ਤੇ ਬਾਣੀ”, ਤੋਂ ਪਤਾ ਚੱਲਿਆ ਹੈ ਕਿ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨੇ ਤੇ ਭਾਈ ਬਾਲੇ ਦੀ ਹੋਂਦ ਨੂੰ ਸਵੀਕਾਰ ਕਰਦੇ ਹੋ।ਪਰ ਜਦੋਂ ਮੈਂ ਭਾਈ ਗੁਰਦਾਸ ਦੀ ਪਹਿਲੀ ਵਾਰ ਦੀ 35 ਵੀਂ ਪਉੜੀ ਵੱਲ ਨਜ਼ਰ ਮਾਰਦਾ ਹਾਂ “ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ” ਤੇ ਗਿਆਰਵੀਂ ਵਾਰ ਦੀ 18ਵੀਂ ਪਉੜੀ, “ਬਾਲਾ ਕਿਸਨਾ ਝਿੰਗਰਣਿ ਪੰਡਿਤ ਰਾਇ ਸਭਾ ਸੀਗਾਰਾ” ਵੀ ਇਹੀ ਆਖਦੀ ਹੈ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਿੱਖ ਨਹੀ ਸੀ ਬਲਕਿ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ਤੁਹਡੀ ਜਾਣਕਾਰੀ ਦਾ ਕੀ ਸਰੋਤ ਹੈ ਕਿ ਭਾਈ ਬਾਲਾ ਗੁਰੂ ਅਰਜਨ ਦੇਵ ਜੀ ਦਾ ਸਿੱਖ ਨਹੀ ਬਲਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ?
ਉੱਤਰ: ਤੁਸੀਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ, ਗੁਰੂ ਨਾਨਕ ਸਾਹਿਬ ਦੇ ਸੇਹਲੀ ਟੋਪੀ ਪਾਈ ਹੈ।ਇਕ ਪਾਸੇ ਰਬਾਬੀ ਮਰਦਾਨਾ ਬੈਠਾ ਹੈ ਤੇ ਦੂਜੇ ਪਾਸੇ ਭਾਈ ਬਾਲਾ ਚੌਰ ਕਰ ਰਿਹਾ ਹੈ। ਜਿਹੜੀ ਪੁਰਾਤਨ ਜਨਮ ਸਾਖੀ ਹੈ। ਉਸ ਵਿਚ ਇਹ ਗੱਲ ਬੜੇ ਸਪੱਸ਼ਟ ਰੂਪ ਵਿਚ ਆਉਂਦੀ ਹੈ ਕਿ ਭਾਈ ਬਾਲੇ ਨੇ ਇਹ ਜਨਮ ਸਾਖੀ ਆਪਣੀ ਸਿਮਰਤੀ ਤੋਂ ਲਿਖਾਈ। ਕਿਉਂਕਿ ਗੁਰੂ ਨਾਨਕ ਸਾਹਿਬ ਨਾਲ ਕੋਈ ਸਾਖੀਕਾਰ ਤਾਂ ਰਿਹਾ ਹੀ ਨਹੀ। ਆਖਰ ਗੁਰੂ ਨਾਨਕ ਸਾਹਿਬ ਨਾਲ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸਨ ਉਨ੍ਹਾਂ ਨੂੰ ਰੀਕਾਰਡ ਕੌਣ ਕਰ ਰਿਹਾ ਸੀ। ਸੋਚੋ ਜ਼ਰਾ, ਉਨ੍ਹਾਂ ਨਾਲ ਲਿਖਾਰੀ ਤਾਂ ਕੋਈ ਹੈ ਨਹੀ ਸੀ। ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਭਾਈ ਤੁਸੀਂ ਗੁਰੂ ਨਾਨਕ ਦੇਵ ਜੀ ਨਾਲ ਲੰਬਾ ਅਰਸਾ ਵਿਚਰੇ ਹੋ।ਜੋ ਵੀ ਤੁਹਾਡੀ ਯਾਦਾਸ਼ਤ ਵਿਚ ਹੈ, ਸਾਨੂੰ ਗੁਰੂ ਨਾਨਕ ਸਾਹਿਬ ਬਾਰੇ ਦੱਸੋ। ਇਸ ਕਰਕੇ ਭਾਈ ਬਾਲੇ ਨੇ ਆਪਣੀ ਸਿਮਰਤੀ ਤੋਂ ਇਹ ਪੁਰਾਤਨ ਜਨਮ ਸਾਖੀ ਲਿਖਵਾਈ।
ਜਿਤਨੀ ਦੇਰ ਸਾਡੇ ਕੋਲ ਗੁਰੂ ਨਾਨਕ ਸਾਹਿਬ ਦਾ ਅੱਗੇ ਲਿਖਿਆ ਸਲੋਕ ਹਾਜ਼ਰ ਹੈ ਉਤਨੀ ਦੇਰ ਅਸੀਂ ਤੁਹਾਡੀ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਸੇਹਲੀ ਟੋਪੀ ਪੁਆਉਣ ਵਾਲੀ ਗੱਲ ਵੀ ਨਹੀ ਸਵੀਕਾਰ ਕਰ ਸਕਦੇ। ਡਾ: ਸਾਹਿਬਾ ਉਹ ਸਲੋਕ ਇੰਝ ਹੈ: ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹੇ ਛਜ॥ ਮ:1, ਪੰਨਾ 1281॥
ਇਸ ਸਲੋਕ ਵਿਚ ਸੇਹਲੀ ਟੋਪੀ ਪੁਵਾਉਣ ਵਾਲਿਆਂ ਗੁਰੂਆਂ ਤੇ ਚੇਲਿਆਂ ਨੂੰ ਮੂਰਖ ਤੇ ਬੇਇਜ਼ਤੇ ਕਿਹਾ ਗਿਆ ਹੈ ਤੇ ਜਿਵੇਂ ਜੇ ਚੂਹੇ ਦੇ ਲੱਕ ਨਾਲ ਛੱਜ ਬੰਨ ਦਿੱਤਾ ਜਾਵੇ ਤਾਂ ਉਹ ਆਪਣੀ ਖੱਡ ਵਿਚ ਵੀ ਨਹੀ ਵੜ ਸਕਦਾ ਇਹੀ ਹਾਲਤ ਉਨ੍ਹਾਂ ਗੁਰੂਆਂ ਤੇ ਚੇਲਿਆਂ ਦੀ ਹੈ ਜੋ ਗੁਰੂ ਚੇਲੇ ਨੂੰ ਗੱਦੀ ਦੀ ਰਸਮ ਅਦਾ ਕਰਨ ਵੇਲੇ ਸੇਹਲੀ ਟੋਪੀ ਪੁਆ ਕੇ ਇਹ ਆਖਦਾ ਹੈ ਕਿ ਹੁਣ ਤੂੰ ਗੁਰੂ ਬਣ ਗਿਆ ਹੈਂ ਤੇ ਲੋਕਾਂ ਦਾ ਅੱਗੇ ਸੁਧਾਰ ਕਰ ਸਕਦਾ ਹੈਂ। ਗੁਰੂ ਨਾਨਕ ਸਾਹਿਬ ਦਾ ਇਹ ਆਪਣਾ ਸਲੋਕ ਇਹੀ ਜ਼ਾਹਰ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਸੇਹਲੀ ਟੋਪੀ ਨੂੰ ਪਸੰਦ ਨਹੀ ਕਰਦੇ। ਫਿਰ ਇਹ ਹੋ ਹੀ ਨਹੀ ਸਕਦਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਅਮਲੀ ਜੀਵਨ ਵਿਚ ਕਦੀ ਵੀ ਸੇਹਲੀ ਟੋਪੀ ਪਾਈ ਹੋਵੇ।
ਸੁਆਲ: ਡਾ:ਸਾਹਿਬਾ ਮੈਂ ਤੁਹਨੂੰ ਸੁਆਲ ਕੀਤਾ ਸੀ ਕਿ ਜਿਹੜੇ ਗੁਰੂ ਸਾਹਿਬਾਨ ਦੇ ਮਸ਼ਹੂਰ ਸਿੱਖ ਹੋਏ ਹਨ, ਜਦੋਂ ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਉਨ੍ਹਾਂ ਦਾ ਵਰਨਣ ਕਰਦੇ ਹਨ ਤਾਂ ਭਾਈ ਬਾਲੇ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿਚ ਵਰਨਣ ਨਹੀ ਕਰਦੇ, ਗੁਰੂ ਅੰਗਦ ਦੇਵ ਜੀ ਦੇ ਸਿੱਖਾਂ ਵਿਚ ਵੀ ਭਾਈ ਬਾਲੇ ਦਾ ਨਾਮ ਨਹੀ ਆਉਂਦਾ, ਇਸੇ ਤਰ੍ਹਾਂ ਤੀਸਰੀ ਤੇ ਚੌਥੀ ਪਾਤਸ਼ਾਹੀ ਦੇ ਸਿੱਖਾਂ ਵਿਚ ਭਾਈ ਬਾਲੇ ਦਾ ਨਾਮ ਨਹੀ ਆਉਂਦਾ, ਭਾਈ ਬਾਲੇ ਦਾ ਨਾਮ ਪੰਜਵੀ ਪਾਤਸ਼ਾਹੀ ਦੇ ਸਿੱਖਾਂ ਵਿਚ ਜਾ ਕੇ ਆਉਂਦਾ ਹੈ।ਜਿਹੜੀ ਪੁਰਾਤਨ ਜਨਮ ਸਾਖੀ ਹੈ ਉਸਨੂੰ ਲਿਖਣ ਵਾਲੇ ਕੋਈ ਹੋਰ ਹਨ। ਨਾਮ ਭਾਈ ਬਾਲੇ ਦਾ ਪਾਇਆ ਹੈ। ਪੁਰਾਤਨ ਜਨਮ ਸਾਖੀ ਦੀ ਲਿਖਣ ਸ਼ੈਲੀ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਨਹੀ ਲਿਖੀ ਗਈ। ਪੁਰਾਤਨ ਜਨਮ ਸਾਖੀ ਨੂੰ ਲਿਖਣ ਵਾਲੇ ਹੰਦਾਲੀਏ ਹਨ ਪਰ ਇਸ ਜਨਮ ਸਾਖੀ ਨੂੰ ਪ੍ਰਸਿੱਧਤਾ/ ਮਸ਼ਹੂਰੀ ਦਿਵਾਉਣ ਲਈ ਲਿਖਾਰੀ ਆਪਣਾ ਨਾਮ ਲਕੋ ਕੇ ਇਹ ਜਨਮ ਸਾਖੀ ਭਾਈ ਬਾਲੇ ਦੇ ਮੂੰਹੋਂ ਕਢਵਾਉਂਦਾ ਹੈ, ਲਿਖਣ ਵਾਲਾ ਪੈੜਾ ਮੋਖਾ ਦੱਸਿਆ ਹੈ ਤੇ ਸੁਝਾਓ ਗੁਰੂ ਅੰਗਦ ਦੇਵ ਜੀ ਦਾ ਹੈ।ਜਦੋਂ ਕਿ ਭਾਈ ਗੁਰਦਾਸ ਜੀ ਭਾਈ ਬਾਲੇ ਤੇ ਪੈੜੇ ਮੋਖੇ ਦਾ ਨਾਮ, ਆਪਣੀ ਗਿਆਰਵੀ ਵਾਰ ਦੀ 18 ਵੀਂ ਪਉੜੀ ਵਿਚ ਪੰਜਵੀ ਪਾਤਸ਼ਾਹੀ ਦੇ ਸਿੱਖਾਂ ਵਿਚ, ਲਿਖਦੇ ਹਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਵੇ ਜਾਂ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋਵੇ ਤੇ ਭਾਈ ਗੁਰਦਾਸ ਉਨ੍ਹਾਂ ਦਾ ਨਾਮ ਲਿਖਣਾ ਭੁੱਲ ਜਾਣ?
ਦੁਸਰੀ ਗੱਲ ਇਹ ਕਿ ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਪੰਨਾ 715 ਤੇ ਨਿਰੰਜਨੀਏ ਦੇ ਸਿਰਲੇਖ ਹੇਠ ਲਿਖਦੇ ਹਨ ਕਿ ਹੰਦਾਲ ਦਾ ਪੁਤਰ ਬਿਧੀਚੰਦ ਕੁਕਰਮੀ ਸੀ। ਉਸ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਬਹੁਤ ਅਸ਼ੁੱਧ ਕਰ ਦਿੱਤੀ ਅਤੇ ਮਨ ਮੰਨੀਆ ਗੱਲਾਂ ਲਿਖਕੇ ਆਪਣੇ ਔਗਣਾਂ ਨੂੰ ਸਿੱਖੀ ਦਾ ਨਿਯਮ ਸਾਬਤ ਕਰਨ ਦਾ ਯਤਨ ਕੀਤਾ। ਇਹੀ ਹੀ ਨਹੀ ਕਈ ਇਤਹਾਸਕਾਰ ਤਾਂ ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ ਦੀ 18 ਵੀਂ ਪਉੜੀ ਦੀ ਓਟ ਲੈ ਕੇ ਇਹੀ ਆਖਦੇ ਹਨ ਕਿ ਇਹ ਪੁਰਤਾਨ ਜਨਮ ਸਾਖੀ ਸਾਰੀ ਦੀ ਸਾਰੀ ਹੀ ਇਸ ਬਿਧੀ ਚੰਦ ਹੰਦਾਲੀਏ ਦੀ ਹੀ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਦਾ ਮੱਕੇ ਮਦੀਨੇ ਦੀ ਉਦਾਸੀ ਤੇ ਬੰਬਈ ਵਲੋਂ ਜਾਣਾ ਉਕਾ ਹੀ ਗਲਤ ਹੈ ਤੇ ਇਸ ਜਨਮ ਸਾਖੀ ਵਿਚ ਸਾਖੀਕਾਰ ਗੁਰੂ ਬਾਬੇ ਨੂੰ ਇੱਕ ਹਵਾਈ ਜਹਾਜ਼ ਵਿਚ ਉਡਾ ਕੇ ਲੈ ਕੇ ਜਾ ਰਿਹਾ ਹੈ।ਜਦੋਂ ਹੀ ਭਾਈ ਮਰਦਾਨਾ ਜੀ ਇਹ ਆਖਦੇ ਹਨ ਕਿ ਗੁਰੂ ਜੀ ਇਹ ਚਾਰ ਗੁਬੰਦ ਤਾਂ ਮੱਕੇ ਵਾਲੇ ਹੀ ਲੱਗਦੇ ਹਨ ਤਾਂ ਗੁਰੂ ਨਾਨਕ ਸਾਹਿਬ ਆਪਣੇ ਜਹਾਜ਼ ਦਾ ਲੈਂਡਿੰਗ ਗੇਅਰ ਪਾਉਂਦੇ ਹਨ ਤੇ ਧਰਤੀ ਤੇ ਲੈਂਡ ਕਰ ਜਾਂਦੇ ਹਨ ਜੋ ਕਿ ਮੰਨਣ ਯੋਗ ਨਹੀ।ਅੱਗੇ ਜਾ ਕੇ ਤਾਂ ਇਸ ਸਾਖੀ ਵਿਚ ਕਰਤੇ ਨੇ ਬਹੁਤ ਥਾਂਈ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਵੀ ਕੀਤੀ ਹੈ ਪਰ ਅਸੀਂ ਲੋਕ ਦਿਮਾਗੀ ਰੋਸ਼ਨੀ ਵਿਚ ਇਸ ਸ਼ਾਖੀ ਨੂੰ ਪੜ੍ਹਨਾ ਹੀ ਨਹੀ ਚਾਹੁੰਦੇ।
ਉੱਤਰ:ਤੁਹਡਾ ਸ਼ੰਕਾ ਤੇ ਬਜਾ ਹੋ ਸਕਦਾ ਹੈ।ਪਰ ਕਈ ਵਾਰੀ ਕੋਈ ਤੱਥ ਰੀਕਾਰਡ ਕਰਨ ਵਲੋਂ ਰਹਿ ਜਾਂਦਾ ਹੈ। ਜੇ ਮੈਂ ਤੁਹਡੇ ਕੋਲੋਂ ਇਕ ਸੁਆਲ ਪੁਛਾਂ। ਪੰਚਮ ਪਾਤਸ਼ਾਹ ਦੀ ਸ਼ਹੀਦੀ ਹੋਈ। ਦਸਮ ਪਾਤਸ਼ਾਹ, “ਤੇਗ ਬਹਦਾਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ” ਤਾਂ ਕਹਿੰਦੇ ਨੇ ਲੇਕਨ ਪੰਚਮ ਪਾਤਸ਼ਾਹ ਦਾ ਕਿਧਰੇ ਵੀ ਜਿਕਰ ਨਹੀ ਕਰਦੇ। ਹੁਣ ਤੁਸੀਂ ਦੱਸੋ ਕਿ ਦਸਮ ਪਿਤਾ ਨੂੰ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਪਤਾ ਨਹੀ ਸੀ? ਕਿਸੇ ਵੀ ਲੇਖਕ ਤੋਂ ਅਸੀਂ ਇਹ ਮੰਗ ਨਹੀ ਕਰ ਸਕਦੇ ਕਿ ਉਸਨੇ ਇਹ ਗੱਲ ਕਿਉਂ ਲਿਖੀ ਹੈ ਤੇ ਇਹ ਗੱਲ ਕਿਊਂ ਨਹੀ ਲਿਖੀ?
ਸੁਆਲ: ਡਾ: ਸਾਹਿਬਾ! ਮੇਰੇ ਸਵਾਲ ਦਾ ਤੁਹਾਡਾ ਇਹ ਉੱਤਰ ਢੁਕਵਾਂ ਨਹੀ। ਗੁਰੂ ਗੋਬਿੰਦ ਸਿੰਘ ਜੀ ਦਾ ਦਸਮ ਗ੍ਰੰਥ ( ਜੋ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੀ ਨਹੀ ) ਵਿਚ ਕਿਸੇ ਸ਼ਹੀਦੀ ਦਾ ਵਰਨਣ ਕਰਨਾ ਤੇ ਕਿਸੇ ਦਾ ਨਾ ਵਰਨਣ ਕਰਨਾ ਇਕ ਵੱਖਰਾ ਵਿਸ਼ਾ ਹੈ। ਇਹ ਦੋ ਸ਼ਹੀਦੀਆਂ ਵੱਖਰੇ ਵੱਖਰੇ ਸਮੇਂ ਹੋਈਆਂ ਹਨ ਤੇ ਦੂਜੇ ਪਾਸੇ ਦੋ ਵੱਖਰੇ ਵੱਖਰੇ ਸਿੱਖ ਜੋ ਵੱਖ ਵੱਖ ਸਮੇਂ ਹੋਏ ਹਨ ਉਨ੍ਹਾਂ ਨੂੰ ਇਕ ਗੁਰੂ ਦੇ ਸਿੱਖ ਸਿੱਧ ਕਰਨਾ ਇਕ ਵੱਖਰਾ ਵਿਸ਼ਾ ਹੈ। ਮੈਂ ਇਕ ਵਾਰ ਫਿਰ ਤੁਹਾਨੂੰ ਓਹੀ ਸੁਆਲ ਪਾਉਂਦਾ ਹਾਂ ਕਿ ਗੁਰੂ ਨਾਨਕ ਸਾਹਿਬ ਨਾਲ 30-35 ਸਾਲ ਉਦਾਸੀਆਂ ਕਰਨ ਵਾਲੇ ਦੋ ਸਿੱਖਾਂ ਵਿਚੋਂ ਭਾਈ ਗੁਰਦਾਸ ਇਕ ਸਿੱਖ ਦਾ ਨਾਮ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿਚ ਲਿਖਣ ਤੇ ਇਕ ਦਾ ਨਾਮ ਪੰਜਵੇ ਪਾਤਸ਼ਾਹ ਦੇ ਸਿੱਖਾਂ ਵਿਚ ਲਿਖਣ, ਇਹ ਨਹੀ ਹੋ ਸਕਦਾ ਕਿ ਭਾਈ ਗੁਰਦਾਸ ਜੀ ਭੁੱਲ ਗਏ ਹੋਣ ਜਾਂ ਵਰਨਣ ਨਾ ਕਰਨਾ ਚਾਹੁੰਦੇ ਹੋਣ। ਇਹ ਇਕ ਢੁਚੱਰ ਹੈ। ਭਾਈ ਗੁਰਦਾਸ ਦੀ ਗਿਆਰਵੀਂ ਵਾਰ ਸਾਡੇ ਕੋਲ ਇਕ ਬਹੁਤ ਵੱਡਾ ਇਤਹਾਸਿਕ ਸਬੂਤ ਹੈ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਦੇ ਨਾਲ ਨਹੀ ਹੋਇਆ। ਹਾਂ ਜੇ ਇਕੱਲੇ ਭਾਈ ਬਾਲੇ ਦਾ ਨਾਮ ਪੰਜਵੀਂ ਪਾਤਾਸ਼ਾਹੀ ਦੇ ਸਿੱਖਾਂ ਵਿਚ ਆਉਂਦਾ ਤਾਂ ਇਹ ਵੀ ਹੋ ਸਕਦਾ ਸੀ ਕਿ ਇਹ ਭਾਈ ਬਾਲਾ ਕੋਈ ਹੋਰ ਹੈ ਪਰ ਜਦੋਂ ਲਿਖਣ ਤੇ ਲਿਖਾਉਣ ਵਾਲੇ ਦੋਨੋ ਸਿੱਖ, ਭਾਈ ਬਾਲਾ ਤੇ ਪੈੜਾ ਮੋਖਾ ਦਾ ਨਾਮ ਗਿਆਰਵੀਂ ਵਾਰ ਦੀ 18ਵੀਂ ਪਉੜੀ ਵਿਚ ਭਾਈ ਗੁਰਦਾਸ ਜੀ ਵਰਨਣ ਕਰਦੇ ਹਨ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਨਾਲ ਨਹੀ ਹੋਏ ਸਗੋਂ ਉਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਸਿਖ ਸਨ ਇਹ ਅਸਲੀਅੱਤ ਹੈ।। ਬਾਕੀ ਜਿਹੜਾ ਤੁਸੀਂ ਹੁਣੇ ਕਿਹਾ ਹੈ ਕਿ ਦਸਮ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜਿਕਰ ਤਾਂ ਬਚਿਤ੍ਰ ਨਾਟਕ ਵਿਚ ਕਰਦੇ ਹਨ ਪਰ ਪੰਜਵੇ ਪਾਤਸ਼ਾਹ ਦੀ ਸ਼ਹੀਦੀ ਦਾ ਜਿਕਰ ਨਹੀ ਕਰਦੇ।ਇਹੀ ਤਾਂ ਨੁਕਤਾ ਹੈ ਕਿ ਇਹ ਦਸਮ ਗ੍ਰੰਥ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੀ ਨਹੀ। ਡਾ: ਸਾਹਿਬਾ, ਜੋ ਗ੍ਰੰਥ ਕਾਮ ਉਕਸਾਊ ਹੋਵੇ, ਨਸ਼ਿਆਂ ਦੀ ਵਰਤੋਂ ਦੀ ਪੂਰੀ ਖੁਲ ਦਿੰਦਾ ਹੋਵੇ, ਔਰਤਾਂ ਦੀ ਨਿੰਦਿਆ ਕਰਦਾ ਹੋਵੇ, ਔਰਤਾਂ ਨੂੰ ਪੈਦਾ ਕਰਕੇ ਰੱਬ ਜੀ ਨੂੰ ਵੀ ਪਰੇਸ਼ਾਨ ਦਿਖਵੇ, ਔਰਤਾਂ ਦੇ ਚਲਿਤ੍ਰ ਵੀ ਰੱਬ ਜੀ ਦੀ ਸਮਝ ਤੋਂ ਬਾਹਰ ਹੋਣ ਆਦਿ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਗ੍ਰੰਥ ਨਹੀ ਹੋ ਸਕਦਾ। ਇਹ ਸੱਭ ਉਨ੍ਹਾਂ ਦੇ ਨਾਮ ਨਾਲ ਮੜਿਆ ਜਾ ਰਿਹਾ ਹੈ। ਦਸਮ ਗ੍ਰੰਥ ਬਾਰੇ ਆਪਾਂ ਫਿਰ ਕਦੀ ਗੱਲ ਕਰਾਂਗੇ।
ਉੱਤਰ: ਵਿਚਾਰਾਂ ਦੇ ਵੱਖਰੇਵੇਂ ਦੀ ਤਾਂ ਮੈਂ ਕਦਰਦਾਨ ਹਾਂ।ਜੇ ਤੁਹਾਡੀ ਇਹੀ ਰਾਏ ਹੋਵੇ ਕਿ ਗੁਰੂ ਨਾਨਕ ਸਾਹਿਬ ਨਾਲ ਕੋਈ ਭਾਈ ਬਾਲਾ ਨਹੀ ਹੋਇਆ ਤਾਂ ਮੈਨੂੰ ਇਹਦੇ ਵਿਚ ਕੋਈ ਇਤਰਾਜ ਨਹੀ।ਲੇਕਿਨ ਪ੍ਰੰਪਰਾ ਦੇ ਮੁਤਾਬਕ ਹੁਣ ਤਕ ਮੈਂ ਜੋ ਸੁਣਦੀ ਚਲੀ ਆਈ ਹਾਂ ਉਸ ਮੁਤਾਬਕ ਤਾਂ ਇਹੀ ਸੀ।
ਸੁਆਲ: ਡਾ: ਸਾਹਿਬਾ! ਤੁਹਾਡੇ ਮੁਤਾਬਕ ਤਾਂ ਹਰੀਮੰਦਰ ਸਾਹਿਬ ਦੇ ਅੰਦਰ ਵੜਨ ਵਾਲੇ ਦਰਵਾਜੇ ਦੇ ਐਨ ਉਪਰ ਇਕ ਤਸਵੀਰ ਲੱਗੀ ਹੋਈ ਹੈ। ਜਿਸ ਵਿਚ ਭਾਈ ਬਾਲਾ ਗੁਰੂ ਨਾਨਕ ਸਾਹਿਬ ਨੂੰ ਚੌਰ ਕਰ ਰਹੇ ਹਨ ਤੇ ਭਾਈ ਮਰਦਾਨਾ ਜੀ ਵੀ ਨਾਲ ਬੈਠੇ ਹਨ। ਸਾਖੀਕਾਰ ਤੇ ਕਥਾਕਾਰ ਵੀ ਇਹੀ ਕਹਿੰਦੇ ਆ ਰਹੇ ਹਨ ਕਿ ਹਰੀਮੰਦਰ ਸਾਹਿਬ ਦੇ ਦਰਵਾਜੇ ਤੇ ਇਕ ਫੋਟੋ ਲੱਗੀ ਹੋਈ ਹੈ। ਹਰੀਮੰਦਰ ਸਾਹਿਬ ਅਬਦਾਲੀ ਵੇਲੇ ਬਾਰੂਦ ਨਾਲ ਇਕ ਵਾਰੀ ਢਾਹਿਆ ਗਿਆ ਹੈ।ਉਸ ਤੋਂ ਬਾਅਦ ਇਸਨੂੰ ਕਿਸ ਨੇ ਬਣਾਇਆ ਕਿਵੇ ਬਣਾਇਆ? ਮਹਾਂਰਾਜਾ ਰਣਜੀਤ ਸਿੰਘ ਜਿਹੜਾ ਅੱਖਰ ਬੋਧ ਤੋਂ ਬਿਲਕੁਲ ਕੋਰਾ ਸੀ ਜੇ ਕਿਤੇ ਥੋੜਾ ਬਹੁਤ ਪੜਿਆ ਲਿਖਿਆ ਹੁੰਦਾ ਤਾਂ ਸਿੱਖ ਰਾਜ ਦਾ ਖਾਤਮਾ ਨਾ-ਮੁਮਕਿਨ ਸੀ। ਮਹਾਂਰਾਜੇ ਨੂੰ ਪੰਡਤਾਂ ਨੇ ਕੀ ਸਿਖਾਇਆ।ਇਹ ਤਸਵੀਰ ਮਹਾਂਰਾਜਾ ਰਣਜੀਤ ਸਿੰਘ ਵੇਲੇ ਕਿਸੇ ਚਿਤਰਕਾਰ ਤੋਂ ਬਣਵਾਈ ਤੇ ਸੋਨੇ ਦੀ ਸੇਵਾ ਦੇ ਸਮੇਂ ਨਾਲੋ ਨਾਲ ਹਰੀਮੰਦਰ ਸਾਹਿਬ ਦੇ ਦਰਵਾਜੇ ਤੇ ਟੰਗ ਦਿੱਤੀ ਗਈ।ਤੁਹਡਾ ਇਹਦੇ ਬਾਰੇ ਕੀ ਖਿਆਲ ਹੈ?
ਉੱਤਰ: ਮੈਂ ਤੁਹਨੂੰ ਪਹਿਲੇ ਵੀ ਕਹਿ ਚੁੱਕੀ ਹਾਂ ਕਿ ਸਾਨੂੰ ਵਿਚਾਰਾਂ ਦੇ ਵੱਖਰੇਵੇਂ ਦਾ ਹੱਕ ਹੈ ਤੇ ਅਸੀਂ ਇਸ ਵੱਖਰੇਵੇਂ ਨੂੰ ਬੜੀ ਸੁਹਿਰਦਤਾ ਨਾਲ ਰੱਖੀਏ ਵੀ। ਜੇ ਤੁਹਨੂੰ ਇਸ ਗੱਲ ਵਿਚ ਜ਼ਿਆਦਾ ਤਸੱਲੀ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਨੇ ਇਹ ਚਿਤਰ ਬਾਅਦ ਵਿਚ ਲਗਵਾਇਆ ਹੈ ਤਾਂ ਮੇਰੀ ਇਸ ਬਾਰੇ ਕੋਈ ਦੂਸਰੀ ਰਾਏ ਨਹੀ। ਹੋ ਸਕਦਾ ਹੈ ਕਿ ਤੁਹਡੀ ਗੱਲ ਜ਼ਿਆਦਾ ਠੀਕ ਹੋਵੇ ਤੇ ਮੇਰੀ ਗੱਲ ਨਾ ਠੀਕ ਹੋਵੇ।
ਮੇਹਰਬਾਨੀ ਡਾ: ਸਾਹਿਬਾ।ਇਹ ਸਵਾਲ ਉਸ ਪੁਸਤਕ ਵਿਚੋਂ ਹੈ ਜਿਸ ਪੁਸਤਕ ਨੂੰ ਲਿਖ ਕੇ ਤੁਸੀਂ ਪੀ. ਐਚ. ਡੀ. ਦੀ ਡਿਗਰੀ ਲਈ ਹੈ। ਭਾਈ ਬਾਲੇ ਦੀ ਹੋਂਦ ਨੂੰ ਤੁਸੀਂ ਸੁਣੀ ਸੁਣਾਈ ਕਹਾਣੀ ਦੇ ਆਧਾਰ ਠੀਕ ਮੰਨ ਲਿਆ ਜਦੋਂ ਕਿ ਸਚਾਈ ਇਸਦੇ ਬਿਲਕੁਲ ਉਲਟ ਹੈ। ਤੁਸੀਂ ਆਪਣੇ ਜਵਾਬ ਵਿਚ ਕੋਈ ਵੀ ਠੋਸ ਸਬੂਤ ਨਹੀ ਦਿੱਤਾ ਜਿਸਦੇ ਆਧਾਰ ਤੇ ਅਸੀਂ ਇਹ ਮੰਨ ਲੈਂਦੇ ਕੇ ਤੁਹਡੀ ਖੋਜ ਤਸੱਲੀ ਬਖਸ਼ ਹੈ।ਮੈਨੂੰ ਤੁਹਡੇ ਜੈਸੀ ਸਕਾਲਰ ਕੋਲੋਂ ਇਸ ਤਰ੍ਹਾਂ ਦੇ ਉੱਤਰ ਦੀ ਉਮੀਦ ਨਹੀ ਸੀ।
ਸਵਾਲ:ਡਾ: ਸਾਹਿਬਾ! ਤੁਸੀਂ ਉੱਪਰ ਲਿਖੀ ਆਪਣੀ ਪੁਸਤਕ ਵਿਚ ਬਾਣੀਕਾਰਾਂ ਦੇ ਨਾਮ ਲਿਖਦੇ ਸਮੇਂ ਭਾਈ ਮਰਦਾਨੇ ਨੂੰ ਵੀ ਬਾਣੀਕਾਰਾਂ ਵਿਚ ਸ਼ਾਮਲ ਕਰਦੇ ਹੋ।ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਤਿੰਨ ਸਲੋਕ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨੇ ਨੂੰ ਸਬੋਧਨ ਕਰਕੇ ਲਿਖੇ ਹੋਏ ਹਨ ਜਿਨ੍ਹਾਂ ਦਾ ਸਿਰਲੇਖ ਇਸ ਤਰ੍ਹਾਂ ਚੱਲਦਾ ਹੈ, “ਸਲੋਕ ਮਰਦਾਨਾ ਪਹਿਲਾ”। ਪ੍ਰਿਸੀਪਲ ਸਤਬੀਰ ਸਿੰਘ ਜੀ ਵੀ ਆਪਣੀ ਪੁਸਤਕ “ਸੌ ਸਵਾਲ” ਵਿਚ ਇਹੀ ਮੰਨਦੇ ਹਨ ਕਿ ਮਰਦਾਨਾ ਬਾਣੀਕਾਰ ਹੈ ਪਰ ਦਲੀਲ ਕੋਈ ਨਹੀ ਦਿੰਦੇ ਕਿ ਉਹ ਭਾਈ ਮਰਦਾਨੇ ਨੂੰ ਬਾਣੀਕਾਰ ਕਿਊਂ ਮੰਨਦੇ ਹਨ। ਸਲੋਕ ਦੇ ਅਖੀਰ ਵਿਚ ਜਿਥੇ ਕਵੀ ਆਪਣਾ ਨਾਮ ਲਿਖਦਾ ਹੈ ਉਥੇ ਇਨ੍ਹਾਂ ਤਿੰਨਾਂ ਹੀ ਸਲੋਕਾਂ ਵਿਚ ਗੁਰੂ ਨਾਨਕ ਸਾਹਿਬ ਆਪਣਾ ਨਾਮ ਲਿਖਦੇ ਹਨ। ਜੇ ਇਹ ਬਾਣੀ ਭਾਈ ਮਰਦਾਨੇ ਦੀ ਹੈ ਤਾਂ ਗੁਰੂ ਨਾਨਕ ਸਾਹਿਬ ਸ਼ਾਇਰ ਦੇ ਰੂਪ ਵਿਚ ਆਪਣਾ ਨਾਮ ਕਦੀ ਨਹੀ ਲਿਖਣਗੇ? ਤੁਸੀਂ ਇਹ ਕਿਵੇਂ ਸਿੱਧ ਕਰੋਗੇ ਕਿ ਇਹ ਤਿਨੋ ਸਲੋਕ ਭਾਈ ਮਰਦਾਨੇ ਦੇ ਹਨ?
ਉੱਤਰ:ਜਿਥੋਂ ਤੁਸੀਂ ਇਹ ਗੱਲ ਪੜ੍ਹ ਰਹੇ ਹੋ ਨਾ ਇਥੇ ਕੁੱਝ ਸਿੱਧਾਂ ਦੀ ਬਾਣੀ ਵੀ ਹੋਵੇਗੀ। ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੀ ਬਾਣੀ ਦਾ ਖਿਆਲ, ਖਿਆਲ ਭਾਈ ਮਰਦਾਨੇ ਦਾ ਹੈ ਲਿਖਤ ਗੁਰੂ ਨਾਨਕ ਸਾਹਿਬ ਦਾ ਹੈ। ਕਿਊਂਕਿ ਗੁਰੂ ਨਾਨਕ ਸਾਹਿਬ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਭਾਈ ਮਰਦਾਨਾ ਵੀ ਬਾਣੀ ਕਾਰਾਂ ਦੀ ਜਮਾਤ ਵਿਚ ਆ ਸਕਦਾ ਹੈ। ਲੇਕਿਨ ਉਹ ਬਾਣੀ ਕਿਵੇਂ ਉਚਾਰ ਰਿਹਾ ਹੈ ਗੁਰੂ ਸਾਹਿਬ ਉਸ ਵਿਚ ਕਿਸੇ ਤਰ੍ਹਾਂ ਦਾ ਸੰਦੇਹ ਨਹੀ ਰਹਿਣ ਦੇਣਾ ਚਾਹੁੰਦੇ ਇਸ ਕਰਕੇ ਇਹ ਖਿਆਲ ਭਾਈ ਮਰਦਾਨੇ ਦਾ ਹੈ ਤੇ ਲਿਖਤ ਗੁਰੂ ਸਾਹਿਬ ਦੀ ਆਪਣੀ ਹੈ। ਇਸੇ ਤਰ੍ਹਾਂ ਦੀ ਗੱਲ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਬਾਬਾ ਫਰੀਦ ਦੇ ਸਲੋਕਾਂ ਵਿਚ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਲੋਭੁ ਰਤੁ ਨ ਹੋਇ ॥51॥ ਮ :3॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਆ ਤਨੇ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਲੋਭੁ ਰਤੁ ਵਿਚਹੁ ਜਾਇ॥ ਜਿਥੇ ਸ਼ੰਕਾ ਆ ਸਕਦਾ ਹੈ ਉਥੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੀ ਗਲ ਕੀਤੀ ਹੈ।
ਸਵਾਲ: ਵਿਚੋਂ ਹੀ ਡਾ:ਮਹਿੰਦਰ ਕੌਰ ਗਿੱਲ ਨੂੰ ਟੋਕ ਕੇ ਮੈਨੂੰ ਆਪਣਾ ਸਵਾਲ ਫਿਰ ਤੋਂ ਦੁਹਰਾਉਣਾ ਪਿਆ ਕਿਊਂਕਿ ਭਾਈ ਮਰਦਾਨੇ ਦੇ ਸਲੋਕਾਂ ਵਾਲੀ ਤੇ ਬਾਬਾ ਫਰੀਦ ਜੀ ਦੇ ਸਲੋਕਾਂ ਵਾਲੀ ਸਥਿਤੀ ਬਿਲਕੁਲ ਵੱਖਰੀ ਵੱਖਰੀ ਹੈ।ਜਿਥੇ ਤੀਸਰੀ ਪਾਤਸ਼ਾਹੀ ਨੇ ਬਾਬੇ ਫਰੀਦ ਜੀ ਦੇ ਸਲੋਕਾਂ ਦੇ ਨਾਲ ਆਪਣਾ ਸਲੋਕ ਲਿਖਿਆ ਹੈ ਉਥੇ ਤੀਸਰੀ ਪਾਤਸ਼ਾਹੀ ਨੇ ਮਹਲਾ ਤੀਜਾ ਲਿਖਿਆ ਹੋਇਆ ਹੈ। ਇਕ ਹੋਰ ਵੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ ਕਿ ਜੇ ਕਿਸੇ ਗੁਰ ਵਿਅਕਤੀ ਨੇ ਕਿਸੇ ਹੋਰ ਭਗਤ ਜਾਂ ਕਿਸੇ ਵਿਅਕਤੀ ਨਾਲ ਅਪਣੇ ਦੋ ਚਾਰ ਅੱਖਰ ਉਸਦੇ ਸਲੋਕ ਦੇ ਵਿਚ ਹੀ ਲਿਖੇ ਹਨ ਤਾਂ ਸਿਰਲੇਖ ਇੰਝ ਲਿਖਿਆ ਮਿਲਦਾ ਹੈ:
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5॥ ਪੰਨਾ 326॥
ਤੇ ਇਸ ਤਰ੍ਹਾਂ ਦੀਆਂ ਹੋਰ ਵੀ ਉਦਾਹਰਣਾਂ ਗੁਰੁ ਗ੍ਰੰਥ ਸਾਹਿਬ ਵਿਚ ਮੌਜ਼ੂਦ ਹਨ॥ ਜਦੋਂ ਮੈਂ ਇਸ ਤਰ੍ਹਾਂ ਦੀਆ ਉਦਾਹਰਣਾਂ ਦੇਖਦਾ ਹਾਂ ਤਾਂ ਮੈਨੂੰ ਗੁਰੂ ਸਾਹਿਬਾਨ “ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਪੰਨਾ 141 ਮ:1॥ ਤੇ ਹਰ ਵਕਤ ਪਹਿਰਾ ਦਿੰਦੇ ਨਜ਼ਰ ਆਊਂਦੇ ਹਨ। ਇਥੇ ਫਿਰ ਮੇਰਾ ਓਹੀ ਸਵਾਲ ਕਿ ਸਲੋਕ ਮਰਦਾਨਾ ਪਹਿਲਾ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਮਰਦਾਨਾ ਪਹਿਲਾ, ਦੂਜਾ, ਤੀਜਾ, ਚੌਥਾ ਹੁੰਦਾ ਤਾਂ ਇਥੋਂ ਇਹ ਪਤਾ ਚੱਲਣਾ ਸੀ ਕਿ ਮਰਦਾਨਾ ਕਿਹੜਾ? ਜਦੋਂ ਮਰਦਾਨਾ ਹੋਰ ਕੋਈ ਹੋਇਆ ਹੀ ਨਹੀ ਤਾਂ ਸਲੋਕ ਮਰਦਾਨਾ ਪਹਿਲਾ ਦਾ ਮਤਲਬ ਕੋਈ ਹੋਰ ਹੈ।ਜਿਥੇ ਜਿਥੇ ਇਹ ਤਿਨੋ ਸਲੋਕ ਖਤਮ ਹੁੰਦੇ ਹਨ ਉਥੇ ਕਰਤੇ ਕਵੀ ਨੇ ਆਪਣਾ ਨਾਮ ਨਾਨਕ ਲਿਖਿਆ ਹੈ। ਤੁਹਾਡੀ ਆਪਣੀ ਦਲੀਲ ਨੂੰ “ਕਿ ਇਹ ਖਿਆਲ ਮਰਦਾਨੇ ਦਾ ਹੈ ਤੇ ਪੱਕੀ ਸ਼ੈਲੀ ਗੁਰੂ ਨਾਨਕ ਸਾਹਿਬ ਦੀ ਹੈ” ਕਿਵੇ ਸਿੱਧ ਕਰੋਗੇ?
ਉੱਤਰ: ਇਥੇ, ਸਲੋਕ ਮਰਦਾਨਾ ਪਹਿਲਾ ਦਾ ਮਤਲਬ ਹੈ ਕਿ ਮੂਲ ਲੇਖਕ ਜਿਹੜਾ ਹੈ ਉਹ ਮਰਦਾਨਾ ਹੈ, ਕਿਊਂਕਿ ਉਸ ਦੀ ਸ਼ੈਲੀ ਬੜੀ ਪੱਕੀ ਨਹੀ ਸੀ ਇਸ ਕਰਕੇ ਪੱਕੀ ਸ਼ੈਲੀ ਦੇ ਵਿਚ, ਗੁਰਬਾਣੀ ਦੀ ਸ਼ੈਲੀ ਵਿਚ ਗੁਰੂ ਨਾਨਕ ਸਾਹਿਬ ਨੇ ਉਚਾਰਣ ਕੀਤਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਦਾ ਨਾਮ ਨਾਲ ਲਿਖਿਆ ਹੈ ਕਿਊਂਕਿ ਵਿਚਾਰ ਮਰਦਾਨੇ ਦਾ ਹੈ।
ਮੇਰੇ ਸਵਾਲ ਦਾ ਇਹ ਸੰਤੋਖਜਨਕ ਉੱਤਰ ਨਹੀ ਕਿਊਂਕਿ ਤੁਸੀਂ ਕਿਹੜਾ ਕੋਲ ਬੈਠੇ ਸੀ ਕਿ ਇਹ ਵਿਚਾਰ ਮਰਦਾਨੇ ਦਿੱਤਾ ਸੀ ਤੇ ਪੱਕੀ ਸ਼ੈਲੀ ਵਿਚ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀ। ਜਿਹੜੀ ਅਸਲ ਗੱਲ ਹੈ ਉਸ ਵੱਲ ਤੁਸੀਂ ਤਵੱਜ਼ੋ ਨਹੀ ਦਿੰਦੇ ਪਏ। ਅਸਲ ਵਿਚ ਇਹ ਠੀਕ ਹੈ ਕਿ ਭਾਈ ਮਰਦਾਨੇ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਸਾਹਿਬ ਬਾਣੀ ਉਚਾਰਣ ਕਰ ਰਹੇ ਹਨ। ਇਥੋਂ ਇਕ ਹੋਰ ਗੱਲ ਧਿਅਨ ਗੋਚਰੀ ਹੁੰਦੀ ਹੈ ਕਿ ਜਿਸ ਤਰ੍ਹਾਂ ਦੀ ਕਥਾ ਕਹਾਣੀਆਂ ਅਸੀਂ ਭਾਈ ਮਰਦਾਨੇ ਪ੍ਰਤੀ ਘੜੀਆਂ ਹੋਈਆਂ ਹਨ ਉਹ ਵੀ ਆਪਣੇ ਆਪ ਗਲਤ ਸਿੱਧ ਹੋ ਜਾਂਦੀਆਂ ਹਨ ਕਿ ਭਾਈ ਮਰਦਾਨਾ ਅਣਪੜ੍ਹ ਸੀ। ਅਣਪੜ੍ਹ ਤੋਂ ਮੇਰਾ ਮਤਲਬ ਬੇਸਮਝ ਹੈ। ਅੱਖਰੀ ਗਿਆਨ ਨਾ ਹੋਣਾ ਇਕ ਹੋਰ ਗੱਲ ਹੈ ਪਰ ਭਾਈ ਮਰਦਾਨਾ ਸਮਝਦਾਰ ਮਨੁੱਖ ਸੀ ਇਸੇ ਕਰਕੇ ਤਾਂ ਗੁਰੂ ਨਾਨਕ ਸਾਹਿਬ ਆਪਣੇ ਵੀਚਾਰ ਇਤਨੀ ਡੂਘੀ ਸ਼ੈਲੀ ਵਿਚ ਉਚਾਰਦੇ ਹਨ ਨਹੀ ਤਾਂ ਗੁਰੂ ਸਾਹਿਬ ਮਰਦਾਨੇ ਨੂੰ ਸਮਝਾਊਣ ਵਾਸਤੇ ਸੌਖੇ ਲਫਜ਼ ਵੀ ਵਰਤ ਸਕਦੇ ਸਨ। ਦੂਜੀ ਗੱਲ ਇਹ ਕਿ ਗੁਰੂ ਨਾਨਕ ਸਾਹਿਬ ਆਪਣੇ ਨਾਲ ਕਿਸੇ ਬੇਸਮਝ ਵਿਅਕਤੀ ਨੂੰ 30-35 ਸਾਲ ਰੱਖ ਹੀ ਨਹੀ ਸਕਦੇ।
- ਸਲੋਕ ਮਰਦਾਨਾ1॥ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਬਾ ਅਹੰਕਾਰ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ ਸਤੁ ਗੁੜ ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥ਪੰਨਾ 533॥
- ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ॥
- ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥
- ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ॥ ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ॥
ਉਪਰ ਲਿਖੇ ਚਾਰਾਂ ਸਲੋਕਾਂ ਨੂੰ ਅਸੀਂ ਜਦੋਂ ਧਿਆਨ ਨਾਲ ਵੇਖਾਂਗੇ ਤਾਂ ਸਪੱਸ਼ਟ ਜ਼ਾਹਰ ਹੁੰਦਾ ਹੈ ਕਿ ਇਹ ਚਾਰੋ ਸਲੋਕ ਇੱਕ ਹੀ ਲਿਖਾਰੀ ਦੇ ਹਨ। ਜੋ ਇਤਹਾਸਕਾਰ ਇਹ ਆਖ ਰਹੇ ਹਨ ਕਿ 553 ਪੰਨੇ ਵਾਲੇ ਤਿਨੇ ਸਲੋਕ ਮਰਦਾਨੇ ਦੇ ਹਨ ਉਹ ਗੁਰੂ ਨਾਨਕ ਸਾਹਿਬ ਨਾਲ ਧੋਖਾ ਕਰ ਰਹੇ ਹਨ। ਉਪਰਲੀ ਉਦਾਹਰਣ, ਇਕ ਦੋ ਤਿੰਨ ਚਾਰ ਨੰਬਰ ਵਾਲੇ ਸਲੋਕ, ਇਹ ਸਿੱਧ ਕਰਦੀ ਹੈ ਕਿ ਲਿਖਾਰੀ ਗੁਰੂ ਨਾਨਕ ਸਾਹਿਬ ਹੀ ਹਨ ਤੇ ਉਨ੍ਹਾਂ ਮਰਦਾਨੇ ਨੂੰ ਸੰਬੋਧਨ ਕਰਨ ਲਈ ਸਿਰਲੇਖ ਵਿਚ ਨਾਮ ਮਰਦਾਨਾ ਲਿਖਿਆ ਹੈ।ਗੁਰੂ ਨਾਨਕ ਸਾਹਿਬ ਨੂੰ ਇਹ ਸਿੱਧ ਕਰਨ ਦੀ ਕੀ ਜ਼ਰੂਰਤ ਪਈ ਸੀ ਕਿ ਮਰਦਾਨਾ ਵੀ ਬਾਣੀਕਾਰਾਂ ਵਿਚ ਸ਼ਾਮਲ ਹੋ ਸਕਦਾ ਹੈ।ਇਥੋਂ ਇਹ ਗੱਲ ਵੀ ਆਪਣੇ ਆਪ ਸਿੱਧ ਹੋ ਗਈ ਕਿ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਸਨ ਅਤੇ ਗੁਰੂ ਨਾਨਕ ਸਾਹਿਬ ਦੇ ਪੱਕੇ ਮਿਤਰ ਸਿੱਖ ਸਨ।