ਤੇ ਸੰਤ ਭਲੇ ਗੁਰਸਿਖ ਹੈ
ਪ੍ਰੋ: ਇੰਦਰ ਸਿੰਘ ਘੱਗਾ
ਸੰਸਾਰ ਵਿਚ ਧਾਰਮਕ ਸਖਸੀਅਤਾਂ, ਸਾਧੂ ਸੰਤਾਂ ਦਾ, ਆਮ ਲੋਕਾਂ ਦੇ ਮਨਾਂ ਤੇ ਬੜਾ ਪਰਭਾਵ ਬਣਿਆ ਹੋਇਆ ਹੁੰਦਾ ਹੈ। ਆਮ ਜਗਿਆਸੂ ਦੁਨਿਆਵੀ ਧੰਦਿਆਂ ਵਿਚ ਉਲਝਿਆ ਹੋਣ ਕਰਕੇ, ਪ੍ਰਵਾਰਿਕ ਸਮਾਜਕ ਜਿੰਮੇਵਾਰੀਆਂ ਨਿਭਾਉਣ ਕਰਕੇ, ਅਪਣੇ ਆਪ ਨੂੰ ਫਸਿਆ ਜਿਹਾ ਮਹਿਸੂਸ ਕਰਦਾ ਹੈ। ਧਰਮ ਗ੍ਰੰਥਾਂ ਦਾ ਡੂੰਘਾ ਮੁਤਾਲਿਆ ਕਰਨਾ, ਵਿਦਵਾਨਾਂ ਦੇ ਵਿਚਾਰ ਸੁਣਨੇ, ਜਾਂ ਚੰਗਾ ਸਾਹਿਤ ਪੜਨਾ ਭੀ ਆਮ ਵਿਅਕਤੀ ਲਈ ਸੰਭਵ ਨਹੀਂ ਹੈ। ਭਾਰਤ ਦਾ ਰਾਜਸੀ ਤੰਤਰ ਏਨਾਂ ਨਿੱਘਰ ਚੁਕਿਆ ਹੈ, ਉਪਰਲੇ ਗਲਿਆਰਿਆਂ ਤੋਂ ਲੈ ਕੇ, ਹੇਠਲੇ ਮਾਮੂਲੀ ਮੁਲਾਜਮ ਤਕ (ਵਿਰਲੇ ਨੂੰ ਛਡ ਕੇ) ਹਰ ਕੋਈ ਭ੍ਰਿਸਟਾਚਾਰ ਦੀ ਗੰਗਾ ਵਿਚ ਡੁਬਕੀਆਂ ਲਾ ਰਿਹਾ ਹੈ। ਹੁਣ ਤਾਂ ਇਨਸਾਫ ਦਾ ਮੰਦਰ ਭਾਰਤੀ ਅਦਾਲਤਾਂ ਭੀ ਇਸ "ਹਮਾਮ" ਵਿਚ, "ਜੀਵਨ ਸਫਲਾ" ਕਰਦੀਆਂ ਪਰਤੱਖ ਦਿਸ ਰਹੀਆਂ ਹਨ। ਰਾਜਸੀ ਲੁਟੇਰਿਆਂ ਵਲੋਂ, ਸਰਕਾਰੀ ਮੁਲਾਜਮਾਂ/ਅਫਸਰਾਂ ਵਲੋਂ, ਵਕੀਲਾਂ ਅਦਾਲਤਾਂ ਵਲੋਂ, ਪੁਲੀਸ ਅਤੇ ਡਾਕਟਰਾਂ ਵਲੋਂ, ਦਿਨ ਦਿਹਾੜੇ ਦੋਹੀਂ ਹੱਥੀਂ ਸਮਾਜ ਨੂੰ ਲੁੱਟਿਆ ਜਾ ਰਿਹਾ ਹੈ। ਬੇਈਮਾਨੀਆ ਕਰਨ ਵਾਲੇ ਲੁਟੇਰੇ ਭੀ "ਸ਼ਾਂਤੀ" ਦੀ ਭਾਲ ਵਿਚ ਹਨ, ਲੁੱਟ ਦਾ ਸ਼ਿਕਾਰ ਹੋਏ ਆਮ ਲੋਕੀ ਭੀ ਪ੍ਰੇਸ਼ਾਨ ਹਨ। ਦੋਵੇਂ ਧਿਰਾਂ ਫੌਰੀ ਸਾਂਤੀ ਦੀ ਇੱਛਾ ਨਾਲ, ਧਾਰਮਕ ਚੋਲਿਆਂ ਵਾਲੇ ਲੋਕਾਂ ਦੇ ਚਰਨਾਂ ਤੇ, ਜਾ ਸਿਰ ਟਿਕਾਉਂਦੀਆਂ ਹਨ। ਅੱਗੇ ਲੰਮਾਂ ਚੋਲਾ, ਗਲ ਵਿਚ ਮਾਲਾ, ਇਕ ਵੱਖਰੇ ਅੰਦਾਜ਼ ਨਾਲ ਬੰਨੀ ਦਸਤਾਰ, ਬੈਠਣ ਲਈ ਵਿਸ਼ੇਸ਼ ਕਿਸਮ ਦੇ ਆਸਣ ਚੌਕੀਆਂ, ਖਾਸ ਗੁਪਤ ਏ. ਸੀ. ਲੱਗੇ "ਭਗਤੀ ਅਸਥਾਨ" ਵਿਚ, ਅਜਗਰੀ ਕੁੰਡਲ ਮਾਰੀ ਬੈਠੇ ਸਈਆਦ, ਅਜਿਹੇ ਸ਼ਿਕਾਰ ਦੀ ਬੇਸਬਰੀ ਨਾਲ ਉਡੀਕ ਕਰਦਿਆਂ "ਮੰਤਰ ਜਾਪ" ਕਰ ਰਹੇ ਹੁੰਦੇ ਹਨ।
ਮਨ ਬਿਰਤੀ ਕਰਕੇ ਕੋਈ ਇਨਸਾਨ ਧਾਰਮਕ ਹੋਵੇ ਤਾਂ ਉਸ ਨੂੰ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੁੰਦੀ। ਅਜਿਹਾ ਨੇਕ ਪੁਰਸ, ਅਪਣੇ ਨਿਤ ਦੇ ਕਿਰਦਾਰ, ਤੇ ਵਰਤੋਂ ਵਿਹਾਰ ਰਾਹੀ, ਧਰਮੀ ਹੋਣ ਦਾ ਸਬੂਤ ਦਿੰਦਾ ਰਹਿੰਦਾ ਹੈ। ਇਹ ਭਲਾ ਪੁਰਖ ਸੰਪਰਕ ਵਿਚ ਆਏ ਹਰ ਮਨੁਖ ਨੂੰ, ਵਿਕਾਰ ਤਿਆਗ ਕੇ, ਗੁਣਾਂ ਨਾਲ ਭਰਪੂਰ ਜੀਵਨ ਜਿਉਣ ਦੀ ਸਿਖਿਆ ਦੇਵੇਗਾ। ਸਮਾਜ ਦੇ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਕੇ, ਦੀਨਾਂ ਨਿਮਾਣਿਆਂ, ਦੁਖਿਆਰਿਆਂ ਦੀ ਸੇਵਾ ਕਰਨਾ, ਧਰਮ ਦਾ ਵਿਸ਼ੇਸ਼ ਅੰਗ ਹੋਣਾ ਦ੍ਰਿੜ ਕਰਵਾਏਗਾ। ਪਰ ਅੱਜ ਦਾ "ਮੱਠਾਧੀਸ" (ਅਖੌਤੀ ਸਾਧ ਸੰਤ) ਘਰੇਲੂ ਹਾਲਾਤ ਕਾਰਨ, ਜਾਂ ਮਨ ਬੁੱਧੀ ਦੀ ਕਮਜੋਰੀ ਕਾਰਨ, ਸਕੂਲ ਵਿਚ ਦਾਖਲ ਨਾਂ ਹੋ ਸਕਿਆ। ਤੇ ਸ਼ਾਇਦ ਕਾਲਜ ਦੇ ਕਿਸੇ ਬਾਹਰਲੇ ਗੇਟ ਅੱਗੋਂ ਭੀ ਨਾਂ ਲੰਘਿਆ ਹੋਵੇ। ਫਿਰ ਕਿੱਤਾ ਕੋਈ ਸਿੱਖਿਆ ਨਹੀਂ, ਪੇਟ ਪੂਰਤੀ ਕਿਵੇਂ ਕੀਤੀ ਜਾਵੇ? ਪ੍ਰਵਾਰ ਦੇ ਮੈਂਬਰ ਮਖੱਟੂ ਵਿਅਕਤੀ ਨੂੰ ਕਿਤਨੀ ਕੁ ਦੇਰ ਤਕ ਸੰਭਾਲ ਸਕਦੇ ਹਨ? ਅਣਪੜ, ਬੇਰੁਜਗਾਰ, ਜਮੀਨ ਜਾਇਦਾਤ ਤੋਂ ਖਾਲੀ ਲੜਕੇ ਨੂੰ, ਅਪਣੀ ਬੇਟੀ ਕੋਈ ਕਿਵੇਂ ਦੇ ਸਕਦਾ ਹੈ? ਸੋ ਅਜਿਹੇ ਬਹੁਤੇ "ਸੰਤ ਸਾਧ" ਅਕਸਰ ਛੜੇ ਹੀ ਰਹਿ ਜਾਂਦੇ ਹਨ। ਵਿਆਹ ਦੀ ਉਮਰ ਵਿਹਾ ਚੁਕਣ ਤੋਂ ਬਾਦ "ਬਾਲ ਬ੍ਰਹਮਚਾਰੀ" ਹੋਣ ਦਾ ਢੋਲ ਵਜਾ ਦਿੰਦੇ ਹਨ। ਇਸ ਮਰਜ ਦੇ ਅਨੇਕਾਂ ਮਰੀਜ ਡੇਰਿਆਂ, ਟਕਸਾਲਾਂ, ਨਿਹੰਗ ਛੋਣਿਆਂ, ਅਤੇ ਹੋਰ ਧਰਮ ਸਥਾਨਾਂ ਤੇ ਥੋਕ ਵਿਚ ਪ੍ਰਾਪਤ ਹੋ ਸਕਦੇ ਹਨ। ਆਮ ਪ੍ਰਾਣੀ ਕੋਲ ਧਰਮ ਦੀ ਸੂਝ ਨਹੀ ਹੁੰਦੀ, ਜਾਣੇ ਅਣਜਾਣੇ ਵਿਚ, ਬਹੁਤ ਸਾਰੇ ਨਜਾਇਜ ਕੰਮ ਕੀਤੇ, ਮਨ ਤੇ ਬੜਾ ਵਜਨ ਆ ਪਿਆ। ਜਿੰਦਗੀ ਵਿਚ ਜੋ ਚਾਹਿਆ ਸੀ, ਉਹ ਪ੍ਰਾਪਤ ਨਾ ਹੋਇਆ, ਕਈ ਅਣਕਿਆਸੀਆਂ ਦੁਖਦਾਈ ਘਟਨਾਵਾਂ ਨੇ ਆਣ ਦਬੋਚਿਆ। ਫਿਰ ਧਰਮੀ ਹੋਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ, ਇਹ ਪ੍ਰੇਸ਼ਾਨ ਵਿਅਕਤੀ, ਸੰਤਾਂ ਸਾਧਾਂ ਦੇ ਚਰਨਾਂ ਵਿਚ ਹਾਜਰ ਹੋ ਕੇ, ਬਿਨਾਂ ਦੇਰੀ ਤੋਂ ਸਾਂਤੀ/ਨਾਮ ਦੀ ਜਾਚਨਾ ਕਰਦੇ ਹਨ। ਬਦਲੇ ਵਿਚ ਸਮਰਥਾ ਮੁਤਾਬਕ, ਚੰਗੀ ਚੋਖੀ ਮਾਇਆ, ਭੇਟ ਪੂਜਾ ਅਰਪਣ ਕਰਦੇ ਹਨ। ਇਸ ਤਰ੍ਹਾਂ ਧਰਮ ਦੇ ਨਾਮ ਤੇ, ਧਾਰਮਕ ਪਹਿਰਾਵੇ ਵਿਚ, ਧਰਮ ਅਸਥਾਨਾਂ ਅੰਦਰ, ਧਰਮ ਗ੍ਰੰਥਾਂ ਦੀ, ਅਪਣੀ ਗਰਜ ਲਈ, ਤੇ ਜਗਿਆਸੂਆਂ ਨੂੰ ਲੁੱਟਣ ਲਈ ਸ਼ਰੇਆਮ ਵਰਤੋਂ ਦਾ ਬੱਜਰ ਪਾਪ ਕਰਦੇ ਹਨ। ਹੈ ਕੋਈ ਅਜਿਹਾ ਸਿਰਲੱਥ ਸੂਰਮਾ ਜੋ ਇਸ ਅਧਰਮੀ ਵਰਤਾਰੇ ਨੂੰ ਠੱਲਣ ਲਈ, ਜੈ ਕਾਰਾ ਗਜਾ ਕੇ ਮੈਦਾਨ ਵਿਚ ਨਿੱਤਰ ਸਕੇ? ਅਫਸੋਸ, ਕਿ ਅਜਿਹਾ ਨਾਂ ਹੋਣ ਦਾ ਮੁੱਖ ਕਾਰਨ ਹੈ, ਪਾਵਨ ਗੁਰਬਾਣੀ ਵੱਲ ਅਗਿਆਨਤਾ। ਪੁਸਤਕਾਂ ਨਾਂ ਪੜ੍ਹਨ ਦੀ ਤਬਾਹਕੁਨ ਬਿਰਤੀ। ਇਸੇ ਲਈ ਬਹੁ ਗਿਣਤੀ ਸਿੱਖ ਅਖਵਾਉਣ ਵਾਲੇ, ਕਬਰਾਂ, ਮੱਠਾਂ, ਮੜੀਆਂ, ਮੂਰਤੀਆਂ, ਧਾਗੇ ਤਵੀਤਾਂ ਜਾਦੂ ਮੰਤਰਾਂ, ਝਾੜ ਫੂਕਾਂ, ਹਥੌਲਿਆਂ ਭੂਤਾਂ ਪ੍ਰੇਤਾਂ ਵਰਗੇ ਅਣਗਿਣਤ ਭਰਮਾਂ ਵਿਚ ਡੁੱਬੇ ਲੋਕਾਂ ਦੀਆਂ, ਭੀੜਾਂ ਦਰ ਭੀੜਾਂ ਹਰ ਥਾਂ ਵੇਖੀਆਂ ਜਾ ਸਕਦੀਆਂ ਹਨ। ਲੁਟੇਰੇ ਨਵੇਂ ਰੂਪਾਂ ਤੇ ਨਵੇਂ ਢੰਗ ਤਰੀਕਿਆਂ ਨਾਲ ਲੈਸ ਹੋ ਕੇ, ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਸਤੇ ਆਮ ਅੱਡੇ ਬਣਾਈ ਬੈਠੇ ਦਿਸ ਰਹੇ ਹਨ।
ਜਦੋਂ ਇਕ ਵਾਰੀ ਮਨੁਖ ਜਿੰਦਗੀ ਦੇ ਰਾਹ ਤੋਂ ਭਟਕ ਜਾਵੇ, ਸਮੇਂ ਸਿਰ ਉਸ ਨੂੰ ਅਸਲੀ ਰਾਹ ਤੇ ਲਿਆਉਣ ਵਾਲਾ, ਬਾਬਾ ਨਾਨਕ ਜੀ ਵਲੋਂ ਵਰੋਸਾਇਆ, ਪਰਉਪਕਾਰੀ ਗੁਰਸਿਖ ਭੀ ਨਾਂ ਮਿਲੇ, ਫਿਰ ਉਸਦਾ ਵਾਪਸ ਪਰਤਣਾ ਨਾਮੁਮਕਿਨ ਜਿਹਾ ਹੋ ਜਾਂਦਾ ਹੈ। ਸਗੋਂ ਇਸ ਦੇ ਉਲਟ, ਉਹ ਕੁਰਾਹੇ ਪਿਆ ਜੀਵ, ਅਪਣੇ ਉਸੇ ਕਿਤੇ ਵਿਚ, ਸਿਰੇ ਦੀ ਮੁਹਾਰਤ ਹਾਸਲ ਕਰਨ ਲਈ ਜਤਨਸੀਲ ਰਹਿੰਦਾ ਹੈ। ਉਪਰੋਂ ਘੋਰ ਨਿਰਾਸਤਾ ਦੀ ਗਲ ਇਹ ਕਿ ਸਿੱਖ ਪੰਥ ਦੀਆਂ ਸ੍ਰੋਮਣੀ ਅਖਵਾਉਣ ਵਾਲੀਆਂ ਜਥੇਬੰਦੀਆਂ, ਅਤੇ ਜਥੇਦਾਰ, ਘੂਕ ਗਫਲਤ ਦੀ ਹਨੇਰ ਕੋਠੀ ਵਿਚ ਵੜ, ਘੁਰਾੜੇ ਮਾਰ ਰਹੇ ਹਨ। ਜਦੋਂ ਚਾਰੇ ਪਾਸੇ ਕੋਈ ਖਤਰਾ ਜਾਂ ਰੋਕ ਟੋਕ ਨਾਂ ਹੋਵੇ, ਭੋਲੀਆਂ ਸੰਗਤਾਂ "ਸੁਖ ਸ਼ਾਂਤੀ" ਦੀ ਖ੍ਰੀਦ ਕਰਨ ਲਈ, ਇਕ ਦੂਜੇ ਤੋਂ ਅੱਗੇ ਨਿਕਲ ਜਾਣ ਲਈ ਕਮਰਕਸੀ ਫਿਰਨ, ਤਦੋਂ "ਫਸੀ ਨੂੰ ਫਟਕਣ ਕੀ "? ਡੇਰਿਆਂ ਵਿਚ ਬੈਠੇ ਬਹੁਗਿਣਤੀ ਲੋਕਾਂ ਨੇ ਅਪਣੇ ਪਹਿਰਾਵੇ ਆਮ ਸਿੱਖਾਂ ਨਾਲੋਂ ਅਲੱਗ ਕਿਸਮ ਦੇ ਧਾਰਨ ਕਰ ਲਏ ਹਨ। ਅਪਣੇ ਡੇਰਿਆਂ ਦੀ ਮਰਿਆਦਾ, ਆਪੋ ਅਪਣੀ ਮਨਮਰਜੀ ਦੀ ਹੈ। ਇਹਨਾਂ ਥਾਂਵਾਂ ਤੇ ਗੁਰਬਾਣੀ ਦੇ ਅਰਥ ਅਪਣੀ ਨਿਜੀ ਸੋਭਾ ਵਾਲੇ "ਘਸੀਟ ਕੇ" ਕੀਤੇ ਜਾਂਦੇ ਹਨ। ਗੁਰਬਾਣੀ ਰਚਣਹਾਰੇ ਮਹਾਂਪੁਰਖਾਂ, ਦਸ ਗੁਰੂ ਸਹਿਬਾਨ, ਜਾਂ ਮਹਾਨ ਸੂਰਮੇ ਸਿੱਖਾਂ ਦਾ ਇਤਿਹਾਸ, ਇਹਨਾਂ ਥਾਵਾਂ ਤੇ ਨਹੀਂ ਸੁਣਾਇਆ ਜਾਂਦਾ, ਅਪਣੇ ਤੋਂ ਪਹਿਲਾਂ ਹੋ ਗੁਜਰੇ "ਸੰਤ ਜੀ " ਦੇ "ਪਰਉਪਕਾਰ" ਹੀ ਸੰਗਤਾਂ ਨੂੰ ਸਰਵਣ ਕਰਵਾਏ ਜਾਂਦੇ ਹਨ। ਗੁਰਬਾਣੀ ਵਿਚੋਂ ਕੁਝ ਚੋਣਵੀਆਂ ਤੁਕਾਂ ਲੈ ਕੇ, ਚੇਲਿਆਂ ਵਲੋਂ ਸੰਤ ਜੀ ਦੀ ਸੋਭਾ ਕਰਵਾਈ ਜਾਂਦੀ ਹੈ। "ਦੇਖੋ ਜੀ! ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਵਿਚ ਸਾਧ ਸੰਤ ਦੀ ਬਹੁਤ ਉਸਤਤ ਕੀਤੀ ਹੈ। ਹੋਰ ਬਹੁਤ ਥਾਈ ਗੁਰਬਾਣੀ ਵਿਚ "ਸੰਤ" ਦੀ ਵਡਿਆਈ ਵੇਖੀ ਜਾ ਸਕਦੀ ਹੈ। ਉਹ ਬਾਣੀ ਇਹਨਾਂ ਪੁਰਖਾਂ ਵਾਸਤੇ ਹੀ ਤਾਂ ਉਚਾਰੀ ਗਈ ਹੈ"।
"ਚਾਰ ਪਦਾਰਥ ਜੇ ਕੋ ਮਾਗੈ।।’’ਸਾਧ" ਜਨਾ ਕੀ ਸੇਵਾ ਲਾਗੈ ।।" (ਸੁਖਮਨੀ)
ਚਰਨ ਸਾਧ ਕੇ ਧੋਇ ਧੋਇ ਪੀਉ।। ਅਰਪ ਸਾਧ ਕਉ ਅਪਨਾ ਜੀਉ।।
ਸਾਧ ਕੀ ਧੂਰਿ ਕਰਹੁ ਇਸਨਾਨ ।। ਸਾਧ ਊਪਰਿ ਜਾਈਐ ਕੁਰਬਾਨ ।। (ਸੁਖਮਨੀ)
ਉਪਰ ਵਰਣਿਤ ਪੰਕਤੀਆਂ ਅਤੇ ਇਹਨਾਂ ਭਾਵਾਂ ਨਾਲ ਮਿਲਦੀਆਂ ਬਹੁਤ ਸਾਰੀਆਂ ਤੁਕਾਂ (ਸ਼ਬਦ) ਗੁਰਬਾਣੀ ਵਿੱਚੋਂ, ਵੱਡੀ ਗਿਣਤੀ ਵਿਚ ਮਿਲ ਜਾਂਦੀਆਂ ਹਨ। ਹੁਣ ਵਿਚਾਰਨ ਵਾਲੀ ਗਲ ਇਹ ਹੈ ਕਿ ਸਤਿਕਾਰਯੋਗ ਸਤਿਗੁਰੂ ਜੀ, ਅਪਣੇ ਸੇਵਕਾਂ ਨੂੰ ਸਤਿਗੁਰੂ + ਵਾਹਿਗੁਰੂ ਦਾ ਪੱਲਾ ਫੜਨ ਦੀ ਥਾਂਵੇਂ, ਇਹਨਾਂ ਅਖੌਤੀ ਸੰਤਾਂ ਦੇ ਪਿੱਛੇ ਲਾ ਗਏ ਹਨ? ਸਿੱਖਾਂ ਸੇਵਕਾਂ ਦਾ ਪਾਰ ਨਿਸਤਾਰਾ ਕਰਨ ਲਈ, ਉਹਨਾਂ ਕੋਲ ਯੋਗਤਾ ਨਹੀ ਸੀ? ਸਤਿਗੁਰੂ ਜੀ ਸਿਖਾਂ ਨੂੰ ਇਕੋ ਸੂਤਰ (ਇਕ ਵਿਚਾਰਧਾਰਾ) ਵਿਚ ਪਰੋਣਾ ਚਹੁੰਦੇ ਸਨ, ਜਾਂ ਹਜਾਰਾਂ ਡੇਰੇਦਾਰਾਂ ਦੇ ਪੈਰੀ ਪਾਉਣਾ ਚਾਹੁੰਦੇ ਸਨ? ਇਸ ਗਲ ਦਾ ਇਹਨਾਂ ਸਾਧਾਂ ਕੋਲ ਕੀ ਸਬੂਤ ਹੈ, ਕਿ "ਸਾਧ ਸੰਤ " ਸ਼ਬਦ ਅੱਜ ਵਾਲੇ ਲਾਣੇ ਲਈ ਹੀ ਉਚਾਰਨ ਕੀਤਾ ਹੋਇਆ ਹੈ। ਕੀ ਇਹਨਾਂ ਵਿਅਕਤੀਆਂ ਦੀ ਗੁਰਬਾਣੀ ਵਿਚ ਨਾਮ ਲਿਖਕੇ ਵਡਿਆਈ ਕੀਤੀ ਗਈ ਹੈ? ਜਦੋਂ ਇਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿਚ, ਢੂੰਡਿਆਂ ਨਹੀਂ ਮਿਲਦਾ, ਜਦੋਂ ਬਾਣੀ ਦੀ ਰਚਨਾ ਕੀਤੀ ਗਈ ਹੈ, ਤਦੋਂ ਇਹਨਾਂ ਦਾ ਨਾਮੋ ਨਿਸ਼ਾਨ ਕਿਤੇ ਨਹੀ ਸੀ। ਫਿਰ ਮਨੁਖਤਾ ਜਾਂ ਪੰਥ ਦੇ ਵਡੇਰੇ ਹਿਤਾਂ ਵਾਲਾ, ਇਹਨਾਂ ਜਿਕਰਯੋਗ ਕਾਰਜ ਕੋਈ ਨਹੀ ਕੀਤਾ ਤਾਂ "ਅਪਣੇ ਮੂੰਹ ਆਪੇ ਮੀਆਂ ਮਿੱਠੂ" ਬਣਨ ਤੋਂ ਸਿਵਾਏ ਹੋਰ ਕੁਝ ਨਜਰ ਨਹੀਂ ਆੳਂਦਾ। "ਸੰਤ" ਸ਼ਬਦ ਗੁਰਬਾਣੀ ਵਿਚ ਲਗਪਗ ਚਾਰ ਅਰਥਾਂ ਵਿਚ ਆਇਆ ਹੈ। ਪਹਿਲਾ ਅਕਾਲ ਪੁਰਖ ਵਾਸਤੇ, ਦੂਜਾ ਸਤਿਗੁਰੂ ਲਈ, ਤੀਜਾ ਬਾਣੀ ਰਚੈਤਾ ਭਗਤਾਂ ਮਹਾਪੁਰਖਾਂ ਲਈ, ਚੌਥਾ ਆਇਆ ਹੈ, ਸਾਧ ਸੰਗਤ ਜਾਂ ਸਿੱਖਾਂ ਸੇਵਕਾਂ ਲਈ। ਆਉ ਹੁਣ ਇਕ ਇਕ ਨੁਕਤੇ ਦੀ ਵਿਚਾਰ ਕਰੀਏ:
ਨੰ: 1: "ਹਮਰੋ ਭਰਤਾ ਬਡੋ ਬਿਬੇਕੀ, ਆਪੇ ਸੰਤ ਕਹਾਵੈ। ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ।। (476) ਇਸ ਸਬਦ ਵਿਚ ਪਵਿਤਰ ਉਪਦੇਸ ਹੈ ਕਿ ਸਾਡਾ ਮਾਲਕ (ਪਤੀ ਭਰਤਾ) ਬਹੁਤ ਸਮਝ ਵਾਲਾ ਹੈ, ਉਹ ਆਪੇ ਹੀ ਵੱਡਾ "ਸੰਤ" ਕਹਿਆ ਜਾਣ ਯੋਗ ਹੈ। ਜਦੋਂ ਤਕ ਉਹ ਵਾਹਿਗੁਰੂ ਸੰਤ ਸਾਡੇ ਮੱਥੇ (ਹਿਰਦੇ) ਵਿਚ ਮੌਜੂਦ ਹੈ ਹੋਰ ਕੋਈ ਸਾਡੇ ਨੇੜੇ ਨਹੀਂ ਢੁੱਕ ਸਕਦਾ।
ਤਨੁ ‘ਸੰਤਨ` ਕਾ ਧਨੁ ‘ਸੰਤਨ` ਕਾ ਮਨੁ ‘ਸੰਤਨ` ਕਾ ਕੀਆ।। ‘ਸੰਤ` ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ।। (610) ਇਹ ਸਰੀਰ ਪ੍ਰਮਾਤਮਾ ਦੀ ਬਖਸਿਸ ਹੈ, ਸਰੀਰ ਦੀਆਂ ਲੋੜਾਂ ਵਾਸਤੇ ਸਾਰੇ ਪਦਾਰਥ ਭੀ ਰੱਬ ਦੀ ਦੇਣ ਹਨ। ਇਹ ਮਨ ਭੀ ਉਸੇ ਸੰਤ (ਵਾਹਿਗੁਰੂ) ਨੇ ਬਣਾਇਆ ਹੈ। ਉਸੇ ਸੰਤ ਰਬ ਦੀ ਕਿਰਪਾ ਨਾਲ ਉਸਦਾ "ਨਾਮ" ਧਿਆਇਆ ਤਾਂ ਸਭ ਸੁਖ ਸ਼ਾਂਤੀ ਪ੍ਰਾਪਤ ਹੋਈ। ਤਨ ਮਨ ਧਨ, ਰੱਬੀ ਪਿਆਰਿਆਂ ਦੀ ਸੇਵਾ ਵਿਚ ਹਾਜਰ ਹੈ।
2. (ਸਤਿਗੁਰੂ ਲਈ) ਗਿਆਨ ਅੰਜਨੁ ਗੁਰ ਦੀਆ ਅਗਿਆਨ ਅੰਧੇਰ ਬਿਨਾਸੁ।। ਹਰਿ ਕਿਰਪਾ ਤੇ ‘ਸੰਤ` ਭੇਟਿਆ ਨਾਨਕ ਮਨਿ ਪਰਗਾਸੁ।। (ਸੁਖਮਨੀ 293)
ਇਸ ਪਾਵਨ ਪੰਕਤੀ ਵਿਚ ਫੁਰਮਾਨ ਹੈ ਕਿ ਗਿਆਨ ਰੂਪੀ ਸੁਰਮਾ, ਗੁਰੂ ਨੇ ਬਖਸ ਦਿਤਾ, ਅਗਿਆਨਤਾ ਦਾ ਹਨੇਰਾ ਮਿਟ ਗਿਆ। ਪਰਮੇਸਰ ਦੀ ਕਿਰਪਾ ਨਾਲ ਸੰਤ+ਗੁਰੂ ਮਿਲ ਗਿਆ, ਤੇ ਅੰਦਰ ਗਿਆਨ ਦੇ ਚਾਨਣ ਨਾਲ ਭਰਪੂਰ ਹੋ ਗਿਆ। ਇਕੋ ਪੰਕਤੀ ਵਿਚ ਸੰਤ ਅਤੇ ਸਤਿਗੁਰੂ ਇਕੱਠਾ ਵਰਤਿਆ ਗਿਆ ਹੈ।
ਮਰਨ ਭਏ ਸੰਤ ਬੋਹਿਥਾ ਤੇਰੇ ਸਾਗਰ ਜੇਤ।। ਮਾਰਗ ਪਾਏ ਉਦਿਆਨ ਮਹਿ ਗੁਰ ਦਸੇ ਭੇਤ।। (910)
ਇਸ ਬਚਨ ਰਾਹੀ ਸਤਿਗੁਰੂ ਸਮਝਾ ਰਹੇ ਹਨ ਕਿ (ਸੰਤ) ਗੁਰੂ ਦੇ ਚਰਨ (ਨਾਮ) ਮੇਰੇ ਲਈ ਬੇੜੀ ਦੀ ਨਿਆਈ ਹਨ, ਜਿਸ ਰਾਹੀ ਸੰਸਾਰ ਸਮੁੰਦਰ ਤਰੀਦਾ ਹੈ। ਜੰਗਲ ਵਿਚ ਭਟਕ ਰਹੇ ਨੂੰ ਸਤਿਗੁਰੂ ਨੇ ਰਾਹ ਦਸ ਦਿਤਾ, ਮਾਨੋ ਜਿੰਦਗੀ ਦਾ ਭੇਤ ਮੈਨੂੰ ਸਮਝਾ ਦਿਤਾ।
ਕਰਿ ਕਿਰਪਾ ‘ਸੰਤ` ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ।। ‘ਸੰਤੀ` ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਆ।। (205) ਨੂੰ ਕਿਰਪਾ ਕਰਕੇ ਸੰਤ+ਗੁਰੂ ਮਿਲ ਗਿਆ, ਉਸ ਨੇ ਮੈਨੂੰ ਮਾਨਸਿਕ ਟਿਕਾਉ ਦਿਤਾ। ਸੰਤ+ਗੁਰੂ ਨੇ ਮੈਨੂੰ ਨਾਮਮੰਤਰ ਬਖਸ ਦਿਤਾ, ਮੈ ਨਿਰਭਉ ਹੋ ਗਿਆ, ਗੁਰੂ ਦੇ ਸਬਦ ਮੁਤਾਬਕ ਜੀਵਨ ਚਲਣ ਬਣਾ ਲਿਆ।
ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰ ਕੈ ਹਥੁ।। ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ।। (958) ਸਤਿਗੁਰੂ ਜੀ ਨੇ ਵਾਹਿਗੁਰੂ (ਸੰਤ) ਨੂੰ ਮਿਲਵਾ ਦਿਤਾ। ਵਡਾ ਸਾਹਿਬ ਅਕਾਲਪੁਰਖ ਗੁਰੂ ਨੇ ਮਿਲਾ ਦਿਤਾ, ਜੋ ਸਾਰਿਆਂ ਨੂੰ ਤਾਰਨ ਜੋਗ ਹੈ।
3 (ਬਾਣੀ ਰਚੈਤਾ ਭਗਤਾਂ ਬਾਰੇ) ਭਲੋ ਕਬੀਰ ਦਾਸ ਦਾਸਨ ਕੋ, ਉਤਮ ਸੈਨ ਜਨ ਨਾਈ।।
ਊਚ ਤੇ ਊਚ ਨਾਮ ਦੇਉ ਸਮਦਰਸੀ, ਰਵਿਦਾਸ ਠਾਕੁਰ ਬਣ ਆਈ।।
ਜੀਉ ਪਿੰਡੁ ਤਨ ਧਨ ‘ਸਾਧਨ` ਕਾ, ਇਹੁ ਮਨ ‘ਸੰਤ` ਰੇਨਾਈ।।
ਸੰਤ ਪ੍ਰਤਾਪਿ ਭਰਮ ਸਭ ਨਾਸੇ ਨਾਨਕ ਮਿਲੇ ਗੋੁਸਾਈ।। (1207)
ਮਨਮੋਹਕ ਬਚਨਾਂ ਰਾਹੀ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਕਬੀਰ ਬਹੁਤ ਨੇਕ ਹੈ, ਬੇਅੰਤ ਉੱਚੇ ਜੀਵਨ ਦੇ ਬਾਵਜੂਦ, ਸਭਨਾਂ ਦਾ ਸੇਵਕ ਬਣ ਕੇ ਬਿਚਰਦਾ ਹੈ। ਜਾਤ ਦਾ ਨਾਈ, ਸੈਨ ਭਗਤ ਬਹੁਤ ਉਚੇ ਜੀਵਨ ਵਾਲਾ ਹੈ, ਪਰ ਬੜਾ ਨਿਰਮਾਣ ਹੈ। ਉਚਿਆਂ ਤੋਂ ਭੀ ਉਚਾ ਨਾਮਦੇਵ ਹੈ, ਸਾਰਿਆਂ ਨੂੰ ਇਕੋ ਨਜਰ ਵੇਖਦਾ ਹੈ। ਰਵਿਦਾਸ ਬਹੁਤ ਨੇਕ ਹੈ, ਉਤਮ ਗੁਣਾ ਕਰਕੇ ਪ੍ਰਮੇਸਰ ਦਾ ਪਿਆਰਾ ਹੈ। ਮੇਰਾ ਜੀਵਨ, ਸਰੀਰ, ਧਨ, ਸਭ ਕੁਝ ਇਹਨਾਂ ਭਲੇ ਸੰਤਾਂ ਤੋਂ ਕੁਰਬਾਨ ਹੈ, ਮੇਰਾ ਮਨ ਇਹਨਾਂ ਸੰਤਾਂ ਦੇ ਚਰਨਾਂ ਦੀ ਧੂੜੀ ਹੈ। ਇਹਨਾਂ ਮਹਾਂਪੁਰਖਾਂ (ਸੰਤਾਂ) ਦੇ ਉਤਮ ਗਿਆਨ ਸਦਕਾ ਮਨੁਖਤਾ ਭਰਮਾਂ ਵਿਚੋਂ ਨਿਕਲ ਰਹੀ ਹੈ। ਸੁਚੱਜੀ ਜੀਵਨ ਜਾਚ ਸਦਕਾ ਪ੍ਰਭੂ ਨੂੰ ਪ੍ਰਾਪਤ ਕਰ ਲਈਦਾ ਹੈ, ਉਸ ਵਿਚ ਲੀਨ ਹੋ ਜਾਈਦਾ ਹੈ।
ਜਿਹ ਪਿਖਤ ਅਤਿ ਹੋਇ ਰਹਸ ਮਨਿ, ਸੋਈ ਸੰਤ ਸਹਾਰੁ ਗੁਰੂ ਰਾਮਦਾਸੁ।। (1406)
ਜਿਨਾਂ ਦੇ ਦਰਸਨ ਕੀਤਿਆ (ਗੁਰਬਾਣੀ ਉਪਦੇਸ ਰਾਹੀ) ਮਨ ਟਿਕ ਜਾਂਦਾ ਹੈ, ਉਹੀ ਹੈ ਸੰਤਾਂ ਦਾ ਸਹਾਰਾ ਵੱਡਾ ਸੰਤ, ਸਤਿਗੁਰੂ ਰਾਮ ਦਾਸ ਜੀ।
ਨੰ: 4 (ਸਾਧ ਸੰਗਤ ਤੇ ਸਿਖਾਂ ਲਈ) ਅੰਤਰ ਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ।। ਨਾਨਕ ਦਾਸੁ ਇਹੈ ਸੁਖੁ ਮਾਗੈ ਮੋਕਉ ਕਰਿ ‘ਸੰਤਨ` ਕੀ ਧੂਰੈ।। (13)
ਹੇ ਅੰਤਰਜਾਮੀ ਵਾਹਿਗੁਰੂ ਮੇਰੇ ਮਨ ਦੀ ਸ਼ਰਧਾ ਸਤਿਕਾਰ, ਸੰਪੂਰਣ ਅਪਣੇ ਚਰਣਾਂ ਨਾਲ ਜੋੜੀ ਰਖਣੀ। ਮੈ ਨਿਮਾਣਾ ਸੇਵਕ ਇਹੀ ਦਾਤ ਮੰਗਦਾ ਹਾਂ, ਮੈਨੂੰ ਸਾਧ ਸੰਗਤ ਦੇ ਚਰਨਾਂ ਦੀ ਧੂੜੀ (ਨਿਮਰਤਾ ਭਾਵ) ਬਣਾਈ ਰੱਖੀਂ।
ਜਿਨੀ "ਗੁਰ ਕੇ ਬਚਨਿ" ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ।।
ਤੇ ‘ਸੰਤ` ਭਲੇ ‘ਗੁਰਸਿਖ` ਹੈ ਜਿਨ ਨਾਹੀ ਚਿੰਤ ਪਰਾਈ ਚੁਖਾ।। (588)
ਜਿਨਾ ਭਲੇ ਜੀਵਾਂ ਨੇ ਸਤਿਗੁਰੂ ਦੇ ਉਪਦੇਸ ਦੁਆਰਾ, ਪ੍ਰਭੂ ਨੂੰ ਸਿਮਰਿਆ (ਜੀਵਨ ਬਤੀਤ ਕੀਤਾ) ਉਹਨਾਂ ਦੇ ਸਾਰੇ ਦੁਖ ਖਤਮ ਹੋ ਗਏ। ਉਹ ‘ਸੰਤ` ਤੇ ‘ਸਿੱਖ` (ਭਾਵ ਸਿੱਖ ਹੀ ਸੰਤ ਹੈ) ਨੇਕ ਜੀਵਨ ਵਾਲੇ ਬਣ ਜਾਂਦੇ ਹਨ, ਸਤਿਗੁਰੂ ਜੀ ਦੇ ਉਪਦੇਸ ਨਾਲ, ਰੱਤੀ ਮਾਸਾ ਭੀ ਚਿੰਤਾ ਆਦਿਕ ਨਹੀ ਰਹਿੰਦੀ।
‘ਸਤਿਗੁਰ ਸੰਤੁ` ਮਿਲੈ ਸਾਂਤਿ ਪਾਈਐ ਕਿਲਬਿਖ ਕਾਟੇ ਸਭਿ ਦੂਰਿ।।
ਅਠਸਠਿ ਤੀਰਥ ਮਜਨੁ ਕੀਆ ‘ਸਤ ਸੰਗਤਿ` ਪਗ ਨਾਏ ਧੂਰਿ।। (1198)
ਸਤਿਗੁਰੂ ਸੰਤ ਮਿਲੇ ਤੋਂ, ਮਾਨਸਿਕ ਸਾਂਤੀ ਪ੍ਰਾਪਤ ਹੁੰਦੀ ਹੈ, ਸਾਰੇ ਦੁਖ ਕਲੇਸ ਕੱਟੇ ਜਾਂਦੇ ਹਨ। ਮਾਨੋ ਅਠਾਹਠ ਤੀਰਥਾਂ ਦਾ ਇਸਨਾਨ ਹੋ ਗਿਆ, ਜਦੋਂ ਸੇਵਾ ਕਰਦਿਆਂ ਸੰਗਤਾਂ ਦੀ ਚਰਨ ਧੂੜੀ ਸਰੀਰ ਉਪਰ ਪੈ ਗਈ।
ਨੰ: 5 (ਸਾਂਝਾ ਉਪਦੇਸ) ਧੰਨੁ ਧੰਨੁ ਭਾਗ ਤਿਨਾ ‘ਭਗਤ` ਜਨਾ, ਜੋ ਹਰਿ ਨਾਮਾ ਹਰਿ ਮੁਖਿ ਕਹਤਿਆ।।
ਧੰਨੁ ਧੰਨੁ ਭਾਗ ਤਿਨਾਂ ‘ਸੰਤ` ਜਨਾ, ਜੋ ਹਰਿ ਜਸੁ ਸ੍ਰਵਣੀ ਸੁਣਤਿਆ।।
ਧੰਨੁ ਧੰਨੁ ਭਾਗ ਤਿਨਾਂ ‘ਗੁਰਮੁਖਾਂ`, ਜੋ ਗੁਰਸਿਖ ਲੈ ਮਨ ਜਿਣਤਿਆ।।
ਸਭ ਦੂੰ ਵਡੇ ਭਾਗ "ਗੁਰਸਿਖਾਂ" ਕੇ, ਜੋ ਗੁਰ ਚਰਣੀ ਸਿਖ ਪੜਤਿਆ।। (649)
ਇਸ ਪਾਵਨ ਸਬਦ ਵਿਚ ਸਤਿਗੁਰੂ, ਸੰਤ, ਸਾਧ, ਗੁਰਮੁਖ, ਭਗਤ, ਆਦਿਕ ਸਾਰਿਆਂ ਦਾ ਸਤਿਕਾਰ ਕਰਦੇ ਹਨ, ਪਰ ਤਾਂ, ਜੇ ਕਰ ਇਹ ਸਾਰੇ ਗੁਰੂ ਦੀ ਸਿਖਿਆ, ਮਨ ਬਚਨ ਤੇ ਕਰਮ ਕਰਕੇ ਪਰਵਾਣ ਕਰ ਲੈਣ। ਲੇਕਿਨ ਸਾਰਿਆਂ ਤੋਂ ਵੱਡੇ ਭਾਗੁ ਗੁਰਸਿਖਾਂ ਦੇ ਹਨ, ਜਿਨਾਂ ਨੇ ਆਪਾ ਭਾਵ ਗਵਾ ਕੇ, ਗੁਰੂ ਦੀ ਸ਼ਰਣ ਵਿਚ (ਗੁਰੂ ਆਗਿਆ ਵਿਚ) ਤੁਰਨਾ ਪਰਵਾਣ ਕਰ ਲਿਆ ਹੈ।
ਸਤਿਗੁਰੂ ਜੀ ਦੇ ਵਰੋਸਾਏ, ਗੁਰਬਾਣੀ ਦੇ ਵਿਆਖਿਆਕਾਰ, ਭਾਈ ਗੁਰਦਾਸ ਜੀ, ਬਹੁਤ ਸੁੰਦਰ ਬਚਨਾ ਰਾਹੀਂ ਫੁਰਮਾਨ ਕਰਦੇ ਹਨ:
ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਾਏ, ਤੈਸਾ ਪੁੰਨ ਏਕ ਗੁਰਸਿਖ ਕੋ ਨਵਾਏ ਕਾ।।
ਸਿਖ ਕੋ ਪਿਲਾਏ ਪਾਨੀ, ਭਾਉ ਕਰਿ ਕੁਲਖੇਤ, ਅਸਮੇਧ ਜਗ ਫਲ ਸਿਖ ਕੋ ਜਿਵਾਏ ਕਾ।।
ਜੈਸੇ ਬੀਸ ਬਾਰ, ਦਰਸ਼ਨ ਕੀਆ ਸਾਧੂ ਕਾਹੂ, ਤੈਸਾ ਪੁੰਨ ਸਿਖ ਕਉ, ਚਾਪ ਪਗ ਸੁਆਏ ਕਾ।। (ਭਾਗ : 673)
ਭਾਈ ਗੁਰਦਾਸ ਜੀ ਸਮਝਾ ਰਹੇ ਹਨ, ਕਈ ਵਾਰੀ ਗੰਗਾ, ਕਈ ਵਾਰੀ ਪਰਾਗ ਇਸ਼ਨਾਨ ਤੋਂ ਗੁਰਸਿੱਖ ਨੂੰ ਨਵ੍ਹਾਂ ਦੇਣਾ ਬਹੁਤ ਉਤਮ ਹੈ। ਕੁਰੂਕਸ਼ੇਤਰ ਵਿਖੇ ਅਸ਼ਵ ਮੇਵ ਯੱਗ ਦਾ ਫਲ ਅਤੇ ਇਸ਼ਨਾਨ ਨਾਲੋਂ, ਗੁਰਸਿੱਖ ਨੂੰ ਜਲ ਛਕਾਉਣਾ ਤੇ ਪ੍ਰਸ਼ਾਦਾ ਛਕਾ ਦੇਣਾ, ਕਿਤੇ ਵਧ ਫਲਦਾਇਕ ਹੈ। ਜੇਕਰ ਸਤ ਮਹਿਲ ਸੋਨੇ ਨਾਲ ਮੜ੍ਹਕੇ ਦਾਨ ਕਰ ਦਿੱਤੇ ਜਾਣ, ਇਹਨਾਂ ਤੋਂ ਵਧ ਫਲ ਸਿੱਖ ਨੂੰ ਗੁਰਮਤ ਦੀ ਸੋਝੀ ਦੇਣ ਵਿਚ ਹੈ। ਜਿਵੇਂ ਅਨੇਕ ਵਾਰੀ, ਸਾਧਾਂ ਸੰਤਾਂ ਦੇ ਦਰਸ਼ਨ ਤੇ ਸੇਵਾ ਕੀਤੀ ਉਤਮ ਮੰਨੀ ਜਾਂਦੀ ਹੈ, ਇਸ ਤੋਂ ਭੀ ਜਿਆਦਾ ਪੁੰਨ ਫਲ, ਸਿੱਖ ਦੀ ਸੇਵਾ ਕਰਨੀ, ਮੁੱਠੀ ਚਾਪੀ ਤੇ ਸੇਵਾ ਕਰਨੀ ਆਰਾਮ ਕਰਨ ਲਈ ਮੰਜਾ ਬਿਸਤਰਾ ਦੇਣਾ ਬਹੁਤ ਚੰਗਾ ਹੈ। ਸੋ ਇਸ ਕਬਿੱਤ ਰਾਹੀਂ ਭਾਈ ਗੁਰਦਾਸ ਜੀ ਨੇ, ਗੁਰਸਿੱਖ ਨੂੰ ਅਤਿਅੰਤ ਊਚਾ ਮਾਣ ਦਿਤਾ ਹੈ, ਸਾਧਾਂ ਸੰਤਾਂ ਨੂੰ ਬਹੁਤ ਮਾਮੂਲੀ ਦਰਜਾ ਦਿੱਤਾ ਹੈ।
ਹੁਣ ਜਰਾ ਕੁ ਇਤਿਹਾਸ ਵਲ ਪੜਚੋਲਵੀਂ ਨਜ਼ਰ ਮਾਰ ਲਈਏ। ਸਤਿਗੁਰੂ ਸੱਚੇ ਪਾਤਿਸ਼ਾਹ ਜੀ ਨੇ, ਸਿੱਖ ਪੰਥ ਜਾਂ ਖਾਲਸਾ ਪੰਥ ਬਣਾਇਆ ਹੈ, ਸਾਧ ਪੰਥ ਜਾਂ ਸੰਤ ਪੰਥ ਕਿਧਰੇ ਨਹੀਂ ਲਿਖਿਆ ਮਿਲੇਗਾ। ਸਤਿਗੁਰੂ ਨਾਨਕ ਸਾਹਿਬ ਜੀ ਤੋਂ ਵੇਖੀਏ ਤਾਂ ਸਭ ਤੋਂ ਪਹਿਲੇ ਸਤਿਗੁਰੂ ਜੀ ਦੇ, ਅਨਿੰਨ ਸਾਥੀ ਸਿੱਖ "ਭਾਈ" ਮਰਦਾਨਾ ਜੀ ਸਨ। ਉਹਨਾਂ ਪੰਜਾਹ ਸਾਲ ਤੋਂ ਵੱਧ ਸਮਾਂ, ਸਤਿਗੁਰੂ ਨਾਨਕ ਨਿਰੰਕਾਰੀ ਜੀ ਦੀ ਪਾਵਨ ਬਾਣੀ ਗਾਉਂਦਿਆਂ, ਵਿਚਾਰ ਚਰਚਾ ਕਰਦਿਆਂ, ਸੁਣਦਿਆਂ ਬਤੀਤ ਕੀਤਾ। ਵੇਖੋ, ਨਾ ਸੰਤ ਬਣੇ ਨਾ ਬ੍ਰਹਮ ਗਿਆਨੀ ਤੇ ਨਾ ਸ਼੍ਰੀ 108 ਜਾਂ 1008 ਸੰਤ ਬਣੇ। ਕੇਵਲ "ਭਾਈ।। ਭਾਈ ਮਰਦਾਨਾ ਜੀ!!! ਗੁਰੂ ਜੀ ਦੇ ਸਾਹਿਬਜਾਦਿਆਂ ਨੂੰ ਸਤਿਕਾਰ ਨਾਲ ‘ਬਾਬਾ` ਆਦਿ ਹੀ ਕਿਹਾ ਜਾਂਦਾ ਹੈ। ਸ੍ਰੀ ਚੰਦ ਜੀ ਨੇ ਭਾਵੇਂ ਆਪਣਾ ਵਖਰਾ ਫਿਰਕਾ ਖੜਾ ਕਰ ਲਿਆ ਸੀ ਪਰ ਉਹ ਭੀ ਸਾਰੀ ਉਮਰ ‘ਬਾਬਾ` ਹੀ ਅਖਵਾਏ, ‘ਸੰਤ` ਜਾਂ ‘ਬ੍ਰਹਮ` ਗਿਆਨੀ ਨਹੀਂ। ਭਾਈ ਗੁਰਦਾਸ ਜੀ ਜੋ ਗੁਰੂਬਾਣੀ ਦੇ ਸ਼੍ਰੋਮਣੀ ਵਿਆਖਿਆਕਾਰ ਸਨ, ਉਹਨਾਂ ਕਦੀ ‘ਸੰਤ` ਆਦਿ ਬੇਲੋੜੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਬੁੱਢਾ ਜੀ ਕੇਵਲ ‘ਬਾਬਾ` ਅਖਵਾਏ ‘ਸੰਤ` ਨਹੀਂ। ਭਾਈ ਬਿਧੀ ਚੰਦ, ਭਾਈ ਲਾਲੋ, ਭਾਈ ਭਿਖਾਰੀ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਮਨੀ ਸਿੰਘ...। ਇਹ ਗਿਣਤੀ ਅਨੰਤ ਲੰਮੀ ਹੈ। ਜਦੋਂ ਦਸਮ ਪਾਤਸ਼ਾਹ ਨੇ ਖਾਲਸਾ ਸਾਜਣ ਦਾ ਕਾਰਜ ਕੀਤਾ, ਤਾਂ ਪੰਜੇ ਆਪਾ ਵਾਰਨ ਵਾਲੇ, ਭਾਈ ਤੇ ਪਿਆਰੇ, ਭਾਵ "ਪਿਆਰੇ ਭਾਈ" ਅਖਵਾਏ। ਸਰਬ ਲੋਹ ਗ੍ਰਥ ਵਿਚ ਅੰਕਿਤ ਹੈ:
ਖਾਲਸਾ ਮੇਰੋ ਰੂਪ ਹੈ ਖਾਸ।। ਖਾਲਸੇ ਮਹਿ ਹਉਂ ਕਰਉ ਨਿਵਾਸ।।
ਖਾਲਸਾ ਮੇਰੋ ਮੁਖ ਹੈ ਅੰਗਾ।। ਖਾਲਸੇ ਕੇ ਹਉਂਸਦਸਦ ਸੰਗਾ।
...ਤਾਤ ਪਰਜ ਇਹ ਪਈ ਇਹ ਕਿਧਰੇ ਲਿਖਿਆ ਨਹੀਂ ਮਿਲੇਗਾ ਪਈ "ਸਾਧ ਸੰਤ" ਮੇਰੋ ਰੂਪ ਹੈ ਖਾਸ...। ਦਸਮ ਪਾਤਿਸ਼ਾਹ ਹਜ਼ੂਰ ਨੇ ਸਰੀਰ ਸੰਕੋਚਣ ਵਕਤ ਫਿਰ ਇਹੀ ਹੁਕਮ ਕੀਤਾ ; "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ"। ਕਿਤੇ ਨਹੀਂ ਲਿਖਿਆ ਦੀਦਾਰ "ਸੰਤ" ਦਾ। ਬੰਦਾ ਸਿੰਘ, ‘ਸੰਤ` ਜਾਂ ਗੁਰੂ ਬਣ ਚੁਕੇ ਇਨਸਾਨ ਨੂੰ ਦਸਮ ਪਾਤਿਸ਼ਾਹ ਨੇ, ਸਿਖ ਬਣਾਇਆ "ਬਹਾਦਰ" ਬਣਾਇਆ। ਜੰਗੀ ਜਰਨੈਲ ਬਣਾਇਆ, ਸੰਤ ਪੁਣਾ ਸਾਰਾ ਧੋ ਕੇ ਬਾਹਰ ਕੱਢ ਮਾਰਿਆ। ਮਿਸਲਾਂ ਵਕਤ "ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ, ਚਰਖੀਆਂ ਤੇ ਚੜੇ, ਸਿੱਖੀ ਕੇਸਾਂ ਮੁਆਸਾਂ ਸੰਗ ਨਿਭਾਈ"। ਇਕ ਭੀ ਸਾਧ ਸੰਤ ਕਿਧਰੇ ਚਿਰਾਗ ਲੈ ਕੇ ਢੂੰਡਿਆ ਨਹੀਂ ਲਭਦਾ ਸਾਰੇ ਮਿਸਲਾਂ ਦੇ ਔਖੇ ਦੌਰ ਵਿਚ। ਅਰਦਾਸ ਦੇ ਇਕ ਅਗਲੇ ਬੰਦ ਵਿਚ ਇਹ ਬਚਨ ਅੰਕਿਤ ਹਨ- "ਪ੍ਰਥਮੇ ਸਰਬੱਤ "ਖਾਲਸਾ" ਜੀ ਕੀ ਅਰਦਾਸ ਹੈ ਜੀ..."। ਅੱਗੇ ਹੋਰ ਪੜੋ- "ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ..."। ਸੌ ਹੱਥ ਰੱਸਾ ਸਿਰੇ ਤੇ ਗੰਢ ਕਿ ‘ਸਾਧਾਂ ਸੰਤਾਂ ਦਾ` ਅਰਦਾਸ ਵਿਚ ਕਿਧਰੇ ਜਿਕਰ ਨਹੀਂ ਮਿਲਦਾ। ਕਿਉਂਕਿ ਇਹ ‘ਸੰਤ` ਰੂਪ ਪਦਾਰਥ ਭਿਆਨਕ ਦੌਰ ਵਿਚ ਪੈਦਾ ਹੋਣ ਦੀ ਜੁਅੱਰਤ ਹੀ ਨਹੀਂ ਕਰ ਸਕਿਆ। ਮਾਨੋ ਇਸ ਤਰ੍ਹਾਂ ਭਾਣਾ ਵਾਪਰ ਗਿਆ ਕਿ "ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ"। ਜਾਂ ਇਉਂ ਕਹਿ ਲਈਏ ਕਿ "ਖਾਣ ਪੀਣ ਨੂੰ ਸਾਧ ਲਾਣਾ, ਤੇ ਲੜਨ ਮਰਨ ਲਈ ਸਿੱਖ"।
ਸਤਿਗੁਰੂ ਜੀ ਨੇ ਸਿੱਖਾਂ ਨੂੰ ਹੀ ਦੂਹਰਾ ਅਹੁਦਾ ਬਖਸਿਆ ਹੈ,’’ਸੰਤ ਅਤੇ ਸਿਪਾਹੀ"। ਅਗਰ ਸਿੱਖ, ਦੋ ਅਹੁਦਿਆਂ ਕਾਰਨ ਪਹਿਲੋਂ ਹੀ ਉਚੇ ਰੁਤਬੇ ਤੇ ਬਿਰਾਜਮਾਨ ਹੈ, ਤਾਂ ਇਕਹਿਰੇ ਪਦ ਵਾਲੇ ਵਿਅਕਤੀ ਅਗੇ ਕਿਉਂ ਝੁਕੇ? ਛੋਟੇ ਅਫਸਰ ਵੱਡਿਆਂ ਅਫਸਰਾਂ ਨੂੰ ਸਲੂਟ ਮਾਰਦੇ ਹਨ ਵੱਡੇ ਛੋਟਿਆਂ ਨੂੰ ਨਹੀਂ। ਇਸ ਨਿਰਣੇ ਮੁਤਾਬਕ ਸਾਧ ਸੰਤ ਨਾਲੋਂ ਸਿੱਖ ਦਾ ਦਰਜਾ ਉਤਮ ਹੈ, ਉਹ ਕਿਉਂ ਸਾਧਾਂ ਅੱਗੇ ਝੁਕੇ, ਸਲਾਮਾਂ ਕਰੇ? ਆਮ ਸਿੱਖ ਜੀਵਨ ਦਾਤ ਬਖਸਣ ਵਾਲੀ, ਪਵਿੱਤਰ ਗੁਰਬਾਣੀ ਨੂੰ ਵਿਸਾਰ ਚੁੱਕਿਆ ਹੈ। ਜਿਵੇਂ ਕੀਮਤ ਅਦਾ ਕਰਕੇ ਬਜਾਰ ਵਿਚੋਂ ਸਾਰੀਆਂ ਲੋੜੀਂਦੀਆਂ ਵਸਤਾਂ ਮਿਲ ਜਾਂਦੀਆਂ ਹਨ, ਤਿਵੇਂ ਹੀ ਕੁਝ ਭੇਟਾਂ ਪੂਜਾ ਅਰਪਣ ਕਰਕੇ "ਧਰਮ" ਖ੍ਰੀਦਣ ਦੀ ਬਿਰਤੀ ਪੈਦਾ ਹੋ ਗਈ ਹੈ। ਧਰਮ ਖ੍ਰੀਦਿਆ ਨਹੀਂ ਜਾ ਸਕਦਾ, ਇਹ ਤਾਂ ਜੀਵਨ ਭਰ ਕਮਾਇਆ ਜਾਂਦਾ ਹੈ। ਸਵੱਛ ਪਵਿੱਤਰ ਵਿਕਾਰਾਂ ਤੋਂ ਰਹਿਤ ਜਿੰਦਗੀ ਜਿਉਣੀ ਹੁੰਦੀ ਹੈ। ਪਿਛਲੇ ਲੰਮੇ ਅਰਸੇ ਤੋਂ ਪੁਜਾਰੀ ਲੋਕ, ਇਹੀ ਪ੍ਰਚਾਰਦੇ ਆ ਰਹੇ ਹਨ, "ਜੇ ਤੁਹਾਡੇ ਤੋਂ ਕੋਈ ਪਾਪ ਗੁਨਾਹ ਹੋ ਗਿਆ ਹੈ, ਤਾਂ ਕੁਝ ਚੋਣਵੇਂ ਮੰਤਰਾਂ ਦਾ ਜਾਪ ਕਰਕੇ, ਤੇ ਕੁਝ ਪੁਜਾਰੀ (ਸਾਧ ਸੰਤ ਕੋਈ ਭੀ ਹੋਵੇ) ਅੱਗੇ ਭੇਟਾ ਅਰਪਣ ਕਰਨ ਤੋਂ, ਤੁਹਾਡੇ ਗੁਨਾਹ ਬਖਸ਼ੇ ਜਾ ਸਕਦੇ ਹਨ"। ਜਿੰਨੀ ਦੇਰ ਤਕ ਦਾਨ ਰਾਹੀਂ, ਪਾਪ ਮੁਆਫ ਕੀਤੇ ਜਾ ਸਕਣ ਦਾ ਸੰਕਲਪ, ਸਮਾਜ ਵਿਚ ਰਹੇਗਾ, ਉਦੋਂ ਤਕ ਲਗਾਤਾਰ ਪਾਪ ਜਰੂਰ ਹੁੰਦੇ ਰਹਿਣਗੇ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਸਾਧਾਂ ਦੇ ਚੇਲੇ ਚੇਲੀਆਂ, ਬਹੁਤ ਕਰਕੇ ਅਮੀਰ ਪ੍ਰਵਾਰਾਂ ਵਿਚੋਂ ਹੁੰਦੇ ਨੇ। ਅਮੀਰੀ ਕਿਵੇਂ ਆਈ? ਬੇਬਹਾ ਪੈਸਾ ਕਿਵੇਂ ਕਮਾਇਆ ਕਿਤਨੇ ਮਾਸੂਮਾਂ ਦਾ ਖੂਨ ਨਚੋੜਿਆਂ, ਕੋਈ ਸਾਧ ਨਹੀਂ ਪੁੱਛੇਗਾ। ਉਸੇ ਪਾਪ ਦੀ ਖੱਟੀ ਵਿਚੋਂ ਭੇਟਾ ਲੈ ਕੇ "ਕਾਰੋਬਾਰ" ਵਧਣ ਦੀਆਂ ਅਰਦਾਸਾਂ, ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਉਸੇ ਦੋ ਨੰਬਰ ਦੀ ਕਮਾਈ ਵਿਚੋਂ ਭੇਟਾਂ ਚੜਾਵਾ ਪ੍ਰਾਪਤ ਕਰਕੇ ਸੰਤ ਜੀ "ਸੁੱਖ ਸ਼ਾਂਤੀ" ਵਾਲੀ ਜਿੰਦਗੀ ਬਤੀਤ ਕਰ ਰਹੇ ਹਨ। ਜਗਤ ਤਾਰਕ ਬਾਬਾ ਜੀ ਤਾਂ, ਭਾਈ ਲਾਲੋ ਜੀ ਦੀ ਰੁੱਖੀ ਸੁੱਖੀ ਰੋਟੀ ਛਕ ਸਕਦੇ ਹਨ। ਮਲਕ ਭਾਗੋ ਨੂੰ ਲੋਕਾਂ ਦੇ ਵੱਡੇ ਇੱਕਠ ਸਾਹਵੇ, ਗਰਜਵੀਂ ਆਵਾਜ਼ ਵਿਚ ਆਖ ਸਕਦੇ ਹਨ- "ਤੇਰੇ ਇਹਨਾਂ ਮਾਹਲ ਪੂੜਿਆਂ ਵਿੱਚ, ਛੱਤੀ ਪ੍ਰਕਾਰ ਦੇ ਸੋਹਣੇ ਪਦਾਰਥਾਂ ਵਿਚ ਮੈਨੂੰ ਇਹਨਾਂ ਗਰੀਬਾਂ ਦਾ ਖੂਨ ਪ੍ਰਤੱਖ ਪਿਆ ਦਿਸਦਾ ਹੈ। ਜੁਲਮ ਰਾਹੀਂ ਮਾਇਆ ਇੱਕਤਰ ਕਰਕੇ, ਉਸ ਵਿਚੋਂ ਕੁਝ ਹਿੱਸਾ ਸਾਧਾਂ ਨੂੰ ਖੁਆ ਕੇ, ਪਾਪ ਮੁਆਫ ਨਹੀਂ ਹੋ ਜਾਣੇ। ਇਰਸ਼ਾਦ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।। ਗੁਰੁ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰੁ ਨਾ ਖਾਇ।।
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ।। ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ।। (141)
ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ, ਹੇ ਮਨੁੱਖ (ਪਰਥਾਏ ਮਲਕ ਭਾਗੋ) ਪਰਾਇਆ ਹੱਕ ਹਿੰਦੂ ਲਈ ਗਊ ਦੇ ਮਾਸ ਤੁਲ ਹੈ, ਮੁਸਲਮਾਨ ਲਈ ਸੂਰ ਦੇ ਮਾਸ ਵਾਂਗ (ਵਰਜਿਤ) ਹੈ। ਗੁਰੂ ਪੀਰ ਧਾਰਮਕ ਆਗੂ ਤਾਂ ਤੁਹਾਡੀ ਸਹਾਇਤਾ ਕਰਨਗੇ ਜੇ ਰਿਸ਼ਵਤ ਆਦਿ (ਮੁਰਦਾਰ) ਦਾ ਤਿਆਗ ਕਰੋਗੇ। ਕੇਵਲ ਗਲੀ ਬਾਤੀ ਸਵਰਗ ਵਿਚ ਨਹੀਂ ਜਾਇਆ ਜਾ ਸਕਦਾ, ਸਚਾਈ ਦੇ ਮਾਰਗ ਤੇ ਟੁਰਨਾ ਅਤੀ ਜਰੂਰੀ ਹੈ। ਪਰਾਏ ਮਾਲ ਨੂੰ ਜੋ ਹਰਾਮ ਹੈ, ਮਸਾਲੇ ਪਾ ਕੇ ਤਿਆਰ ਕਰਨ ਤੇ ਉਹ ਆਪਣਾ ਹੱਕ (ਹਲਾਲ) ਨਹੀਂ ਬਣ ਜਾਂਦਾ। ਪਰ ਅਜ ਦੇ ਬਹੁਤੇ ਸੰਤ (ਵਿਰਲਿਆਂ ਨੂੰ ਛੱਡ ਕੇ) ਖੁਦ ਹੀ ਹਰਾਮ ਦੀ ਕਮਾਈ ਤੇ ਨਹੀਂ ਪਲ ਰਹੇ? ਰੋਜੀ ਰੋਟੀ ਲਈ ਕੋਈ ਕਿਰਤ ਕਰਦੇ ਹਨ? ਦੂਜਿਆਂ ਦੀ ਕਮਾਈ ਤੇ ਪਲਣ ਵਾਲੇ, ਜੇ ਰਾਜਨੀਤਕ ਲੋਕ ਬੜੇ ਘਟੀਆ ਹਨ, ਸਰਕਾਰੀ ਡਿਊਟੀ ਉਪਰ ਲਗੇ ਅਫਸਰ/ ਮੁਲਾਜਮ ਅਗਰ ਰਿਸਵਤ ਖੋਰੀ ਕਾਰਨ ਕਮੀਣੇ ਹਨ, ਤਾਂ ਕੀ ਧਰਮ ਦਾ ਚੋਲਾ ਪਹਿਨ ਕੇ, ਧਰਮ ਅਸਥਾਨ ਵਿਚ ਬੈਠ ਕੇ, ਧਰਮ ਗ੍ਰੰਥ ਵਿਚੋਂ ਕੁਝ ਸ਼ਬਦ/ ਮੰਤਰ ਪੜ੍ਹ ਕੇ, ਭੋਲੇ ਸ਼ਰਧਾਲੂਆਂ ਨੂੰ ਭਰਮਾਂ ਵਿਚ ਪਾ ਕੇ ਖੂਨ ਪੀਣ ਵਾਲੇ ਅਖੌਤੀ ਧਰਮੀ ਲੋਕ ਕਿਵੇਂ ਚੰਗੇ ਹੋਏ?
"ਜਾਹਰਪੀਰ ਜਗਤ ਗੁਰ ਬਾਬਾ" ਜੀ ਨੇ ਸਿੱਖੀ ਦੀ ਪਰਖ ਕਸਵੱਟੀ ਹੀ ਇਹ ਰੱਖੀ ਸੀ, "ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ। ਨਾਮ ਦਾ ਮਤਲਬ ਹੈ ਗੁਰੂ ਹੁਕਮਾਂ ਮੁਤਾਬਕ ਜਿੰਦਗੀ ਹੋਣੀ। ਹੱਕ ਹਲਾਲ ਦੀ ਕਿਰਤ ਕਮਾਈ ਕਰਨੀ, ਤੇ ਉਸ ਵਿਚੋਂ ਲੋੜਵੰਦਾਂ ਨਾਲ ਵੰਡ ਕੇ ਛਕਣਾ। ਉਪ੍ਰੰਤ ਗ੍ਰਿਸਤੀ ਹੋਣਾ, ਇਕ ਅਕਾਲ ਪੁਰਖ ਨੂੰ ਮੰਨਣਾ, ਕੁਲ ਮਨੁਖਤਾ ਨੂੰ ਇਕੋ ਜਿਹਾ ਪਿਆਰ ਕਰਨਾ, ਗੁਰੂ ਤੇ ਭਰੋਸਾ ਰਖਣਾ। ਬਹੁਗਿਣਤੀ ਸਾਧ ਲਾਣਾ, ਗ੍ਰਿਸਤੀ ਜੀਵਨ ਤੋਂ ਭਗੌੜਾ ਹੋ ਚੁਕਿਆ ਹੈ। ਪ੍ਰਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਹੈ। ਚੰਗਾ ਖਾਣਾ, ਚੰਗਾ ਪਹਿਨਣਾ, ਸਰੀਰਕ ਕੰਮ ਕੋਈ ਕਰਨਾ ਨਹੀਂ, ਫਿਰ ਕਾਮ ਸ਼ਕਤੀ ਸਿਰ ਨੂੰ ਚੜੇਗੀ। ਜਾਇਜ ਤਰੀਕੇ ਕਾਮ ਤ੍ਰਿਪਤੀ ਨਾ ਹੋਵੇ, ਤਾਂ ਨਜਾਇਜ ਢੰਗ ਵਰਤੇ ਜਾਣਗੇ। ਸੰਸਾਰ ਦਾ ਕੋਈ ਪ੍ਰਾਣੀ ਇਸ ਤੇ ਕਾਬੂ ਨਹੀਂ ਪਾ ਸਕਿਆ। ਇਸ ਪਰਥਾਏ ਸਤਿਗੁਰੂ ਜੀ ਦੇ ਅਨਮੋਲ ਬਚਨ ਹਨ:
ਜਤਨ ਕਰੈ ਬਿੰਦੁ ਕਿਵੈ ਨ ਰਹਾਈ।। ਮਨੂਆ ਡੋਲੈ ਨਰਕੇ ਪਾਈ।। ਜਮਪੁਰ ਬਾਧੋ ਲਹੈ ਸਜਾਈ।। 906
ਬਿੰਦੁ ਨ ਰਾਖਹਿ ਜਤੀ ਕਹਾਵਹਿ।। ਮਾਈ ਮਾਂਗਤ ਤ੍ਰੈ ਲੋ ਭਾਵਹਿ।। 903
ਇਸੇ ਲਈ ਬਹੁਤੇ "ਬਾਲ ਬ੍ਰਹਮਚਾਰੀ" ਸੰਤਾਂ ਦੇ ਡੇਰਿਆਂ ਤੋਂ ਨੌਜਵਾਨ "ਬੀਬੀਆਂ" ਦੇ ਝੁਰਮਟ ਸਦਾ ਵੇਖੇ ਜਾ ਸਕਦੇ ਹਨ। ਅਨੇਕ ਪ੍ਰਕਾਰ ਦੇ "ਵਰਦਾਨ" ਦੇ ਕੇ ਬਾਬਾ ਜੀ ਸ਼ਰਧਾਲੂਆਂ ਨੂੰ ਤਾਰ ਰਹੇ ਹੁੰਦੇ ਹਨ। ਜੇ ਕਦੀ ਅਕਾਲ ਪੁਰਖ ਇਹਨਾਂ ਸਾਧਾਂ ਦੇ ਆਖੇ ਲਗਕੇ, ਗਲਤੀ ਕਰ ਬੈਠੇ, ਸਭਨਾਂ ਨੂੰ ਪੁੱਤਰ ਹੀ ਦੇਣ ਲਗ ਪਵੇ, ਜਰਾ ਸੋਚੋ। ਸ੍ਰਿਸਟੀ ਦਾ ਸੰਤੁਲਨ ਵਿਗੜ ਨਹੀਂ ਜਾਵੇਗਾ? ਉਹਨਾਂ ਪੁੱਤਰਾਂ ਦਾ ਵਿਆਹ ਕੀਹਦੇ ਨਾਲ ਕਰੋਗੇ? ਇਸ ਤਰ੍ਹਾਂ ਸਮਾਜ ਵਿਚ ਵਿਭਚਾਰ ਨਹੀਂ ਪਸਰ ਜਾਵੇਗਾ? ਆਪਣੇ ਦਿਲ ਨੂੰ ਹੌਸਲਾ ਦਿਓ! ਬਹੁਤ ਸਖਤ ਅਤੇ ਕਰੂਰ ਸੱਚ ਸੁਨਣ ਲਈ ਤਿਆਰ ਹੋਵੋ!! ਸਤਿਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰਯੋਗ ਪੂਰਨ ਗੁਰਸਿੱਖ ਵੱਡੀ ਭੈਣ, ਬੇਬੇ ਨਾਨਕ ਜੀ ਦੀ "ਕੁੱਖ ਹਰੀ" ਨਹੀਂ ਹੋਈ। ਉਹਨਾਂ ਦੀ ਗੋਦ ਧੀ ਪੁੱਤਰ ਤੋਂ ਸੱਖਣੀ ਰਹਿ ਗਈ। ਉਹ ਖੁਦ ਉਤਮ ਜੀਵਨ ਵਾਲੇ ਸਨ, ਜਗਤ ਤਾਰਕ, ਰੱਬੀ ਨੂਰ, ਬਾਬਾ ਨਾਨਕ ਉਹਨਾਂ ਦਾ ਮਾਂ ਜਾਇਆ ਸਕਾ ਵੀਰ। ਫਿਰ ਆਪਣੇ ਘਰ ਪੁੱਤਰ ਪ੍ਰਾਪਤੀ ਵਾਸਤੇ, ਉਹਨਾਂ ਸਤਿਗੁਰੂ ਜੀ ਅਗੇ ਪੁਕਾਰ ਕਿਉਂ ਨਾ ਕੀਤੀ? ਸਤਿਗੁਰੂ ਜੀ ਬੇਬੇ ਨਾਨਕੀ ਵਾਸਤੇ, ਧੁਰ ਦਰਗਾਹੋਂ ਪੁੱਤਰ ਕਿਉਂ ਨਾ ਲੈ ਕੇ ਆਏ? ਪੁੱਤਰਾਂ ਦੀ ਇੱਛਾ ਕਰਨ ਵਾਲਿਓ! ਕੀ ਤੁਸੀਂ ਸਮਝਦੇ ਹੋ ਕਿ ਕੋਈ ਵਿਅਕਤੀ ਪ੍ਰਮੇਸਰ ਦੀ ਇੱਛਾ ਨੂੰ ਬਦਲ ਦੇਣ ਦੀ ਸਮਰੱਥਾ ਰੱਖਦਾ ਹੈ? ਫਿਰ ਹੜ੍ਹ, ਹਨੇਰੀਆਂ, ਭੂਚਾਲ, ਮਹਾਂਮਾਰੀਆਂ, ਜੰਗ ਯੁੱਧ ਆਦਿਕ ਸਾਧਾਂ ਸੰਤਾਂ ਨੂੰ ਬੇਨਤੀ ਕਰਕੇ ਕਿਉਂ ਨਹੀਂ ਰੁਕਵਾ ਲਏ ਜਾਂਦੇ? ਵੈਸੇ ਤਾਂ ਲੋਕੀ ਸ਼ਰਮ ਦੇ ਮਾਰੇ ਬਹੁਤੀਆਂ ਸ਼ਿਕਾਇਤਾਂ ਦਰਜ ਹੀ ਨਹੀਂ ਕਰਾਉਂਦੇ, ਜਿੰਨੀਆਂ ਕੁ (10%) ਦਰਜ ਹੁੰਦੀਆਂ ਹਨ ਉਹਨਾਂ ਕਾਰਨ ਦੇਸ ਵਿਚਲੇ ਬਹੁਤ ਸਾਰੇ ਸਾਧ ਸੰਤਾਂ ਵਿਰੁੱਧ ਮੁਕੱਦਮੇ ਚਲ ਰਹੇ ਹਨ, ਕਈ ਸਾਰੇ ਜੇਲ ਦੀਆਂ ਸਲਾਖਾਂ ਪਿਛੇ ਬੰਦ ਅੱਡੀਆਂ ਰਗੜ ਰਹੇ ਹਨ। ਇਸਾਈ ਪਾਦਰੀਆਂ (ਪ੍ਰਚਾਰਕਾਂ) ਨੂੰ ਵਿਆਹ ਕਰਾਉਣ ਦੀ ਆਗਿਆ ਨਹੀਂ ਹੈ। ਵਾਸਨਾਂ ਵਿਚ ਅੰਨੇ ਹੋ ਕੇ ਜੋ ਜੋ ਕੁਕਰਮ ਉਹਨਾਂ "ਬਾਲ ਬ੍ਰਹਮਚਾਰੀ" ਪਾਦਰੀਆਂ ਨੇ ਕੀਤੇ, ਉਹਨਾਂ ਨੂੰ ਪੜ੍ਹ ਸੁਣਕੇ ਸੁੰਨ ਹੋ ਜਾਈਦਾ ਹੈ। ਹੋਰ ਤਾਂ ਹੋਰ ਉਹਨਾਂ ਛੋਟੀ ਉਮਰ ਦੇ ਬੱਚੇ ਬੱਚੀਆਂ ਨਾਲ ਵੀ ਦੁਸ਼ਟਕਰਮ ਕੀਤੇ। ਬਹੁਤ ਸਾਰੇ ਪਾਦਰੀਆਂ ਵਿਰੁੱਧ ਅਦਾਲਤਾਂ ਵਿਚ ਮੁਕਦਮੇ ਚੱਲੇ, ਸਜਾਵਾ ਹੋਈਆਂ। ਪਿਛਲੇ ਦਿਨੀ ਇਸਾਈ ਧਰਮ ਦੇ ਮੁਖੀ (ਪੋਪ) ਨੇ ਸੰਸਾਰ ਕੋਲੋਂ ਇਹਨਾਂ ਪਾਪ ਕਰਮਾਂ ਲਈ ਮੁਆਫੀ ਮੰਗੀ ਹੈ।
ਗਿਆਨੀ ਦਿੱਤ ਸਿੰਘ ਜੀ ਇੱਕ ਬੜੇ ਵਿਦਵਾਨ ਪੁਰਖ ਹੋਏ ਸਨ। ਉਹ ਇੱਕ ਥਾਂ ਲਿਖਦੇ ਹਨ-’’ਮੈਂ ਸਭਨਾਂ ਨੂੰ ਡੰਕੇ ਕੀ ਚੋਟ ਗੈਲ (ਪੁਆਧੀ ਬੋਲੀ) ਦੱਸਣਾ ਚਾਹੁੰਦਾ ਹਾਂ ਕਿ ਸਾਡੇ ਘਰ ਕੇ ਨਜਦੀਕ ਇੱਕ ਕੁੱਤੀ, ਹਰ ਛੇ ਮਹੀਨੇ ਮਗਰੋਂ ਪੰਜ ਛੇ ਬੱਚਿਆਂ ਨੂੰ ਜਨਮ ਦੇ ਦਿਆ ਕਰਦੀ ਹੈ। ਮੈਂ ਆਮ ਵੇਖਿਆ ਹੈ ਕਿ ਹਰ ਛੇ ਮਹੀਨੇ ਬਾਦ ਸੂਰੀਆਂ ਦਸ ਦਸ ਬੱਚਿਆਂ ਨੂੰ ਜਨਮ ਦਿਆ ਕਰਦੀਆਂ ਹਨ। ਕੁਕੜੀਆਂ ਹਰ ਰੋਜ ਆਂਡੇ ਦੇਈ ਜਾਂਦੀਆਂ ਹਨ। ਪਰ ਕਦੀ ਵੇਖਿਆ ਹੈ ਕੋਈ ਕੁੱਤੀ, ਸੂਰੀ, ਕੁੱਕੜੀ, ਕਿਸੇ ਸਾਧ ਕੇ ਡੇਰੇ ਪੁੱਤਰ (ਬੱਚਾ) ਪ੍ਰਾਪਤ ਕਰਨ ਗਈ ਹੋਵੇ? ਕਦੀ ਕਿਸੇ ਨੇ ਧਾਗਾ ਤਵੀਤ ਹਥੌਲਾ ਕਰਾਇਆ ਹੋਵੇ? ਕੁਦਰਤ ਕੇ ਨਿਯਮਾਂ ਅਨੁਸਾਰ ਬੱਚੇ ਨੇ ਜਨਮ ਲੈਣਾ ਹੈ। ਪਰ ਇਹ ਮੇਰੀਆਂ ਭੈਣਾਂ ਬੇਟੀਆਂ ਕਿਤਨੀਆਂ ਨਾ ਸਮਝ ਹਨ, ਕਿ ਡੇਰੇਦਾਰਾਂ ਕੇ ਅੱਗੇ ਪਿੱਛੇ ਨੱਚਦੀਆਂ ਫਿਰ ਰਹੀਆਂ ਨੇ। ਕਿਥੇ ਗਈ ਇਹਨਾਂ ਕੀ ਅਕਲ? ਜੇ ਕੋਈ ਕਮਜੋਰੀ ਹੈ ਤਾਂ ਡਾਕਟਰੀ ਇਲਾਜ ਕਰੋ। ਇਹ ਸਾਧ ਕੌਣ ਹੁੰਦੇ ਹੈ ਮੁੰਡੇ ਦੇਣ ਵਾਲੇ? ਇਹਨਾਂ ਕੇ ਤਾਂ ਆਪਣੇ ਕੋਈ ਬੱਚਾ ਨਹੀਂ ਹੈ। ਗੁਰੂ ਦੇ ਸਿਖ ਅਖਵਾਣ ਵਾਲਿਓ। ਜੇ ਗੁਰੂ ਨਾਨਕ ਦੇ ਚਰਨਾਂ ਵਿਚ ਕੀਤੀ ਅਰਦਾਸ ਪ੍ਰਵਾਨ ਨਹੀਂ ਹੋਈ, ਜੇ ਦਸਾਂ ਪਾਤਿਸ਼ਾਹੀਆਂ ਦੀ ਜੋ, ਪੈਂਤੀ ਮਹਾਂਪੁਰਖਾਂ ਦੀ ਪਵਿੱਤਰ ਬਾਣੀ ਤੋਂ ਮੁਰਾਦ ਪੂਰੀ ਨਹੀਂ ਹੋਈ, ਜੇ ਅਕਾਲ ਪੁਰਖ ਨੇ ਤੁਹਾਡੀ ਝੋਲੀ ਨਹੀਂ ਭਰੀ, ਫਿਰ ਦੁਨੀਆਂ ਵਿਚੋਂ ਤੁਹਾਨੂੰ ਕਿਤੇ ਭੀ ਖੈਰ ਨਹੀਂ ਪਵੇਗੀ। ਇਹ ਡੇਰੇਦਾਰ ਗੁਰੂ ਨਾਨਕ ਸਾਹਿਬ ਨਾਲੋਂ ਅਕਾਲ ਪੁਰਖ ਨਾਲੋਂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡੇ ਨਹੀਂ ਹਨ। ਸਤਿਗੁਰੂ ਜੀ ਨੇ ਵਿਚਕਾਰ ਕੋਈ ਵਿਚੋਲਾ ਭੀ ਨਹੀਂ ਰਹਿਣ ਦਿਤਾ, ਸਾਨੂੰ ਸਿੱਧੇ ਵਾਹਿਗੁਰੂ ਚਰਨਾਂ ਨਾਲ ਜੋੜਿਆ ਹੈ। ਗੁਰਵਾਕ ਹਨ:
ਸਤਿਗੁਰੁ ਦਾਤਾ ਰਾਮਨਾਮ ਕਾ, ਹੋਰ ਦਾਤਾ ਕੋਈ ਨਾਹੀ।। ਜੀਅ ਦਾਨੁ ਦੇਹਿ ਤ੍ਰਿਪਤਾਸੇ, ਸਚੈ ਨਾਮਿ ਸਮਾਹੀ।। 1258
ਆਉ ਜਰਾ ਇਕ ਹੋਰ ਨੁਕਤੇ ਤੇ ਵਿਚਾਰ ਕਰੀਏ! ਬੇਅੰਤ ਪਾਵਨ ਪੰਕਤੀਆਂ ਅਤੇ ਸ਼ਬਦ ਮੌਜੂਦ ਹਨ, ਜਿਨ੍ਹਾਂ ਵਿਚ ਇਸ ਤਰ੍ਹਾਂ ਦੇ ਭਾਵ ਲਿਖੇ ਹੋਏ ਹਨ; ਮੇਰੇ ਉਪਰ ਕਿਰਪਾ ਕਰੋ, ਸੰਤਾਂ ਦੇ ਚਰਨਾਂ ਤੇ ਮੇਰਾ ਸਿਰ ਟਿਕਿਆ ਹੋਵੇ ਨੇਤਰਾਂ ਨਾਲ ਸੰਤਾਂ ਦੇ ਦਰਸ਼ਨ ਕਰਾਂ, ਸਰੀਰ ਤੇ ਸੰਤਾਂ ਦੀ ਚਰਨ ਧੂੜ ਪੈਂਦੀ ਹੈ। ਹੇ ਪ੍ਰਭੂ ਜੀ! ਮੇਰੇ (ਪੰਜਵੇ ਨਾਨਕ) ਤੁਸੀਂ ਦਾਤੇ ਹੋ, ਸੰਤਾਂ ਦੀ ਸੰਗਤ ਸਦਕਾ ਮੇਰਾ ਉਧਾਰ ਕਰ ਦਿਉ। ਗੁਰਵਾਕ ਇਉਂ ਹਨ:
ਐਸੀ ਕਿਰਪਾ ਮੋਹਿ ਕਰਹੁ।। ਸੰਤਹ ਚਰਨ ਹਮਾਰੋ ਮਾਥਾ ਨੈਨ ਦਰਸ ਤਨ ਧੂਰਿ ਪਰਹੁ।।
ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗਿ ਲੇ ਮੋਹਿ ਉਧਰਹੁ।। 828
ਜਰਾ ਸਤਿਗੁਰੂ ਜੀ ਦੀ ਮਹਾਨ ਸਖਸ਼ੀਅਤ, ਪਰ ਉਪਕਾਰ, ਗਿਆਨ, ਕੁਰਬਾਨੀ ਵਲ ਨਿਗਾਹ ਮਾਰੋ। ਉਹਨਾਂ ਦੇ ਮੁਕਾਬਲੇ ਤੇ ਲੱਖਾਂ ਕਰੋੜਾਂ ਦੀਆਂ ਭੀੜਾਂ ਭੀ ਨਹੀਂ ਖਲੋ ਸਕਦੀਆਂ। ਗੁਰੂ ਪਿਆਰ ਵਾਲਾ ਸਿੱਖ, ਸੌ ਸੌ ਵਾਰ ਸਤਿਗੁਰੂ ਅਗੇ ਸੀਸ ਝੁਕਾਉਂਦਾ ਹੈ। ਪਰ ਹਉਮੈ ਹੰਕਾਰ ਅਤੇ ਮੂਰਖਤਾ ਦੀ ਸਿਖਰ ਵੇਖੋ। ਉਪਰ ਵਰਣਿਤ ਪੰਕਤੀਆਂ ਦੇ ਅਗਰ ਅੱਖਰੀ ਅਰਥ ਕਰੀਏ ਤਾਂ ਸਤਿਗੁਰੂ ਜੀ ਨਾਲ ਘੋਰ ਅਨਿਆਇ ਹੋਵੇਗਾ। ਤੇ ਅਖੌਤੀ ‘ਸੰਤ` ਸਤਿਗੁਰੂ ਜੀ ਨੂੰ ਆਪਣੇ ਪੈਰੀ ਪੈਣ ਲਈ ਆਖ ਰਿਹਾ ਹੋਵੇਗਾ। ਅਜਿਹਾ ਪਾਪੀ ਮਨੁੱਖ ‘ਸੰਤ` ਤਾਂ ਕਿਤਾ ਰਿਹਾ, ਸਿੱਖ ਭੀ ਨਹੀਂ ਹੈ। ਸਗੋਂ ਗੁਰੂ ਦੋਖੀ ਹੈ, ਆਪਣੇ ਆਪ ਨੂੰ ਗੁਰੂ ਨਾਲੋਂ ਵੱਡਾ ਸਿੱਧ ਕਰ ਰਿਹਾ ਹੈ। ਰਤਾ ਮਾਸਾ ਭੀ ਅਜਿਹਾ ਵਿਅਕਤੀ ਸਤਿਕਾਰ ਦਾ ਹਕਦਾਰ ਨਹੀਂ ਹੈ। ਹੋਰ ਵੇਖੋ:
ਹਮ ਸੰਤਨ ਕੀ ਰੇਨੁ ਪਿਆਰੇ, ਹਮ ਸੰਤਨ ਕੀ ਸਰਣਾ।। ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ।।
ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਉਹਾਰਾ।। ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ।। 614
ਕੀ ਸਤਿਗੁਰੂ ਜੀ ਸਾਧ ਸੰਤਾਂ ਦੀ ਸਰਣ ਵਿਚ ਰਹਿਣਾ ਚਾਹੁੰਦੇ ਹਨ? ਅਜੋਕੇ ਸਾਧ ਇਤਨੇ ਉਚੇ ਹਨ ਕਿ ਸਤਿਗੁਰੂ ਜੀ ਨੂੰ ਤੁੱਛ ਜਾਨਣ ਵਰਗਾ, ਬੱਜਰ ਪਾਪ ਕਰਕੇ, ਨਰਕਾਂ ਦੇ ਭਾਗੀਦਾਰ ਬਣ ਰਹੇ ਹਨ? ਪੜ੍ਹੋ ਵਾਕ:
ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ।। ਭਇਓ ਕਿਰਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ।। 531
ਇਹਨਾਂ ਉਪਰਲੀਆਂ ਪੰਕਤੀਆਂ ਵਿਚ ‘ਸਾਧ ਸੰਤ` ਸ਼ਬਦ ਸਤਿਗੁਰੂ ਵਾਸਤੇ ਆਇਆ ਹੈ, ਕਿਸੇ ਐਰੇ ਗੈਰੇ ਸਾਧ ਵਾਸਤੇ ਨਹੀਂ। ਆਓ ਅੱਗੇ ਗੁਰੂ ਅਤੇ ਸਾਧੂ ਸ਼ਬਦ ਇਕੋ ਥਾਵੇਂ ‘ਗੁਰੂ` ਵਾਸਤੇ ਵਰਤੇ ਵੇਖੀਏ:
ਪਾਰਬ੍ਰਹਮ ਜਬ ਭਏ ਕ੍ਰਿਪਾਲ।। ਤਬ ਭੇਟੇ ਗੁਰ ਸਾਧ ਦਇਆਲ।। 863
ਭਾਗੁ ਹੋਆ ਗੁਰਿ ਸੰਤੁ ਮਿਲਾਇਆ।। ਪ੍ਰਭ ਅਬਿਨਾਸੀ ਘਰ ਮਹਿ ਪਾਇਆ।। 97
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ।। ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ।। 1117
ਸੰਤ ਧੂੜਿ ਪਾਈਐ ਵਡਭਾਗੀ।। ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ।। 194
‘ਗੁਰ ਕਾ ਬਚਨ ਸਦਾ ਅਬਿਨਾਸੀ।। ਗੁਰ ਕੈ ਬਚਨ ਕਟੀ ਜਮ ਫਾਸੀ।।
ਜੋ ‘ਗੁਰਿ` ਦੀਆ ਸੋ ਮਨ ਕੈ ਕਾਮ।। ‘ਸੰਤ` ਕਾ ਕੀਆ ਸਤ ਕਰਿ ਮਾਨ।। 177
‘ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ।। ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ।। 260
"ਗੁਰੂ ਸਾਧੂ" ਅੰਮ੍ਰਿਤ, ਗਿਆਨ ਸਰਿ ਨਾਇਣੁ।। ਸਭਿ ਕਿਲਵਿਖ ਪਾਪ ਗਏ ਗਾਵਾਇਣੁ।। 1134
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨ ਜਾਨੁ।। "ਸਾਧੂ ਸਤਿਗੁਰੂ" ਜੇ ਮਿਲੈ, ਤਾਂ ਪਾਈਐ ਗੁਣੀ ਨਿਧਾਨੁ।। 21
ਉਪਰ ਵਰਣਿਤ ਸਾਰੇ ਪਰਮਾਣਾਂ ਵਿਚ ਸਾਧੂ ਅਤੇ ਸਤਿਗੁਰੂ, ਇਕੋ ਥਾਵੇਂ ਇਕੋ ਅਰਥ ਵਿਚ ਆਏ ਹਨ। ਭਾਵ ਗੁਰੂ ਹੀ ਸਾਧੂ ਹੈ, ਬਸ ਸਬਦਾਵਲੀ ਦਾ ਹੀ ਅੰਤਰ ਹੈ। ਸਿੱਖ ਪੰਥ ਨੂੰ ਜੋ ਅਕਾਲ ਪੁਰਖ ਬਾਰੇ ਸੋਝੀ ਬਖਸਿਸ ਕੀਤੀ ਤਾਂ ਸਤਿਗੁਰੂ ਨੇ ਸਦੀਵਕਾਲ ਵਾਸਤੇ ਅਗਵਾਈ ਦਾ ਸੋਮਾ, ਸ਼ੁੱਧ ਰੂਪ ਵਿਚ ਗੁਰਬਾਣੀ ਦੀ ਬਖਸ਼ਿਸ਼ ਕੀਤੀ ਤਾਂ ਸਤਿਗੁਰੂ ਨੇ ਦੁਖ-ਸੁਖ ਵਿਚ, ਅਮਨ ਤੇ ਜੰਗ ਵਿਚ, ਨਾਮ ਸਿਮਰਨ ਤੇ ਸੇਵਾ ਵਿਚ, ਜਿੰਦਗੀ ਦੇ ਹਰ ਪਹਿਲੂ ਤੇ ਜੀਵਨ ਜਿਉ ਕੇ ਵਿਖਾਇਆ ਤਾਂ ਸਤਿਗੁਰੂ ਨੇ । ਬੜੇ ਦੁਖ ਦੀ ਬਾਤ ਹੈ ਕਿ ਅੱਜਕਲ ਕੱਚੇ ਜੀਵਨ ਵਾਲੇ, ਕੱਚੀ ਵਿਦਿਆ ਵਾਲੇ, ਕੱਚੇ ਪਿੱਲੇ ਦਿਮਾਗ ਵਾਲੇ, ਕੱਚੇ ਪਿਲ ਪਿਲ ਕਰਦੀਆਂ ਗੋਗੜਾਂ ਵਾਲੇ, ਸੰਤਗੀਰੀ ਦਾ ਲੇਬਲ ਚਿਪਕਾ ਕੇ ਸ਼੍ਰੀ 1008 ਬਣਕੇ, ਅਜੀਬੋ ਗਰੀਬ ਪਹਿਰਾਵਿਆਂ ਵਾਲੇ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਸਖਸੀਅਤ ਦੀ ਬਰਾਬਰੀ ਕਰਨ ਦਾ ਘੋਰ ਪਾਪ ਕਰ ਰਹੇ ਹਨ। ਸਿਤਮ ਇਹ ਕਿ ਆਮ ਸ਼ਰਧਾਲੂ, ਬਿਨਾਂ ਸੋਚੇ ਸਮਝੇ, ਇਹਨਾਂ ਦੇ ਚਰਨੀ ਢੈਹ ਪਿਆ ਹੈ। ਦਸ ਗੁਰੂ ਸਾਹਿਬਾਨ ਵਕਤ ਕੋਈ ਸੰਤ ਨਹੀਂ ਉਗਿਆ, ਜਿਸ ਜੁਲਮ ਵਿਰੁਧ ਆਵਾਜ ਬੁਲੰਦ ਕੀਤੀ ਹੋਵੇ। ਮਿਸਲਾਂ ਦੇ ਭਿਆਨਕ ਦੌਰ ਵਿਚ, ਸੌ ਸਾਲ ਤਕ ਕੋਈ ਸੰਤ ਨਹੀਂ ਜੰਮ ਸਕਿਆ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਚੁੱਕੇ ਸਨ। ਸ਼ਿਕਾਰ ਕੀਤਾ ਜਾ ਰਿਹਾ ਸੀ, ਬੰਦ ਬੰਦ ਕਟੇ ਜਾ ਰਹੇ ਸਨ, ਖੋਪਰੀਆਂ ਉਤਰ ਰਹੀਆਂ ਸਨ, ਬੱਚਿਆਂ ਦੇ ਟੁਕੜੇ ਕਰ, ਗਲਾਂ ਵਿਚ ਆਂਦਰਾ ਦੇ ਹਾਰ ਪਹਿਨਾਏ ਜਾ ਰਹੇ ਸਨ... ਤਦੋਂ ਕੋਈ ਸੰਤ ਨਹੀਂ ਲੱਭਦਾ। ਅਮਨ ਦੇ ਦਿਨ ਪਰਤੇ, ਸਿੱਖਾਂ ਦਾ ਬੋਲ ਬਾਲਾ ਹੋਇਆ, ਖਤਰਾ ਟਲ ਗਿਆ ਤਾਂ ਸਾਧੂ ਸਨਿਆਸੀ ਨਿਰਮਲੇ ਸ੍ਰੀਚੰਦੀਏ, ਮਹੰਤ, ਆਦਕ ਥਾਂ ਥਾਂ ਸਿਰ ਕੱਢਣ ਲੱਗ ਪਏ। ਸੰਨ 1901 ਤੋਂ ਪਹਿਲਾਂ ਨਿਰੰਕਾਰੀ, ਨਾਮਧਾਰੀ (ਕੂਕੇ) ਰਾਧਾ ਸੁਆਮੀ ਤਾਂ ਕਿਤੇ ਕਿਤੇ ਇਤਿਹਾਸ ਵਿਚੋਂ ਲਭ ਜਾਂਦੇ ਹਨ, ਪਰ ਸੰਤ ਕੋਈ ਨਹੀਂ। ਵੀਹਵੀਂ ਸਦੀ ਦੇ ਸ਼ੁਰੂ ਹੁੰਦਿਆ ਕੁਝ ਇੱਕ ‘ਸੰਤ` ਨਜਰ ਆਏ, ਤੋਰੀ ਫੁਲਕਾ ਇਸ ਢਕਵੰਜ ਨਾਲ ਚੰਗਾ ਚਲਦਾ ਵੇਖ ਕੇ ਚਾਰੇ ਬੰਨੇ, ਸੰਤਗੀਰੀ ਦੇ ਅੱਡੇ ਡੇਰੇ, ਖੁੰਬਾਂ ਵਾਂਗ ਉੱਗਣੇ ਸ਼ੁਰੂ ਹੋ ਗਏ। ਹੁਣ ਤਾਂ "ਸੰਤਾਂ ਦੇ ਵਗ ਫਿਰਦੇ"...। ਗੁਰਦਵਾਰਿਆਂ ਵਿਚੋਂ ਇਸ ਮਹੰਤਪੁਣੇ ਨੂੰ ਕੱਢਣ ਵਾਸਤੇ, ਗੁਰੂ ਕੀ ਗੋਲਕ ਦੀ ਦੁਰਵਰਤੋਂ ਰੋਕਣ ਲਈ, ਮਨਮਤਾਂ ਨੂੰ ਬਾਹਰ ਖਦੇੜਨ ਲਈ, ਗੁਰਸਿੱਖਾਂ ਨੇ ਸਿਰ ਤੇ ਖੱਫਣ ਬੰਨ ਕੇ, ਬੇਅੰਤ ਕੁਰਬਾਨੀਆਂ ਕੀਤੀਆਂ। ਇਹਨਾਂ ਸੂਰਮਿਆਂ ਦੇ ਅੱਗੇ ਗੋਰੀ ਸਰਕਾਰ ਤਾਂ ਝੁਕ ਗਈ, ਪਰ ਮਹੰਤਗੀਰੀ ਸਿੰਘਾਂ ਦਾ ਸਾਥ ਦੇਣਾ ਤਾਂ ਦਰਕਿਨਾਰ ਡਟਕੇ ਵਿਰੋਧੀ ਕਰਦੀ ਰਹੀ। ਦੇਸ਼ ਦੀ ਆਜਾਦੀ ਦੀ ਲੰਮੀ ਲੜਾਈ ਲੜੀ ਗਈ। ਜੇਹਲਾਂ ਦੇ ਤਸੀਹੇ, ਜਮੀਨਾਂ ਦੀਆਂ ਕੁਰਕੀਆਂ, ਭਾਰੀ ਜੁਰਮਾਨੇ, ਅਣਗਿਣਤ ਸ਼ਹੀਦੀਆਂ, ਗੁਰੂ ਵਰੋਸਾਏ ਸਿੰਘਾਂ ਦੇ ਹਿੱਸੇ ਆਈਆਂ। ਸੰਤਾਂ ਮਹੰਤਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਲਭਦਾ। ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਗੁਰਮਤ ਦੇ ਪਰਚਾਰ ਵਲੋਂ ਮੁਜਰਮਾਨਾ ਹਦ ਤਕ, ਅਵੇਸਲੀ ਹੋ ਗਈ। ਕੁਝ ਸਮੇਂ ਤੋਂ ਬਾਦ ਧਰਮ ਨੂੰ ਗੰਦੀ ਰਾਜਨੀਤੀ ਨੇ ਆਪਣਾ ਦੁਬੇਲ ਬਣਾ ਲਿਆ ਹੈ। ਸਿੱਖਾਂ ਨੂੰ ਜਾਗ੍ਰਤ ਕਰਨ ਵਾਸਤੇ ਕੋਈ ਪਾਇਦਾਰ ਸਿੱਖ ਅਖਬਾਰ, ਰਸਾਲਾ, ਲਿਟਰੇਚਰ ਆਦਿ ਸਿੱਖ ਸੰਗਤਾਂ ਤੱਕ ਨਾ ਪੁਚਾਇਆ ਗਿਆ। ਅਗਿਆਨਤਾ ਵਸ ਮੁੜ ਮੁੜ ਉਹਨਾਂ ਹੀ ਉਜੱਡ ਲੀਡਰਾਂ ਦੇ ਪਿਛੇ ਸਿੱਖ ਲਗੇ ਰਹੇ। ਜਿਨ੍ਹਾਂ ਨੂੰ ਸਿੱਖ ਰਾਜਨੀਤੀ ਵਲੋਂ ਨਫਰਤ ਹੋ ਗਈ, ਧਰਮ ਗੁਲਾਮ ਬਣਿਆ, ਪਰਤੀਤ ਹੋਇਆ, ਗੁਰਬਾਣੀ ਦੀ ਸਮਝ ਨਾ ਆਈ, ਉਹਨਾਂ ਵਿਚੋਂ ਕੁਝ ਰਾਧਾ ਸੁਆਮੀਏ ਬਣ ਗਏ। ਕੁਝ ਨਿਰੰਕਾਰੀ ਦਰਬਾਰਾਂ ਦੀ ਰੌਣਕ ਵਧਾਉਣ ਲਗੇ। (ਸਮੇਤ ਵੱਡੇ ਸਿੱਖ ਲੀਡਰਾਂ ਦੇ) ਕੁਝ ਸਾਧਾਂ ਸੰਤਾਂ ਦੇ ਡੇਰਿਆਂ ਵਿਚ ਸ਼ਾਂਤੀ ਦੀ ਭਾਲ ਕਰਨ ਲੱਗੇ। ਜਦੋਂ ਅਮੀਰ ਵਜੀਰ ਅਫਸਰ ਆਦਿ, ਇਹ ਡੇਰਿਆਂ ਵਿਚ ਬਾਬਿਆਂ ਅੱਗੇ ਸੀਸ ਝੁਕਾਉਣ, ਫਿਰ ਆਮ ਸਿੱਖ ਤਾਂ ਇਹਨਾਂ ਅੱਗੇ ਮਾਨੋ ਲੰਮਾ ਹੀ ਪੈ ਜਾਵੇਗਾ। ਬਸ ਫਿਰ ਕੀ ਸੀ, ਇਹਨਾਂ ਡੇਰਿਆਂ ਦੀ ਥਾਵੇਂ ਆਲੀਸ਼ਾਨ ਬਹੁਮੰਜਲੀਆਂ ਕੋਠੀਆਂ ਉਸਰਨੀਆਂ ਸ਼ੁਰੂ ਹੋ ਗਈਆਂ। ਲੰਮੀਆਂ ਮਹਿੰਗੀਆਂ ਕਾਰਾਂ ਘੂਕਣ ਲੱਗੀਆਂ। ਚੇਲਿਆਂ ਦੀਆਂ ਕਤਾਰਾਂ ਅੱਗੇ ਪਿਛੇ ਸੇਵਾ ਵਿਚ ਹਾਜਰ ਹੋਣ ਲਗੀਆਂ। ਬਾਬਿਆਂ ਦੇ "ਵਿਸਰਾਮ ਗ੍ਰਿਹ" ਅਤੇ "ਨਾਮ ਜਪਣ ਵਾਲਾ ਸਥਾਨ" ਏ.ਸੀ. ਦੀ ਠੰਡਕ ਪੁਚਾਉਣ ਲੱਗਿਆ। ਗਿਰੀਆਂ, ਬਦਾਮ, ਕਾਜੂ, ਪਿਸਤਾ, ਸੇਬ, ਅੰਗੂਰ, ਬਾਬਾ ਜੀ ਦੇ ਸਾਦੇ ਜਿਹੇ ਭੋਜਨ ਦਾ ਅੰਗ ਬਣ ਗਏ। ਰੇਸਮੀ ਚੋਲਿਆਂ ਅੰਦਰ ਥੁੱਲ ਥੁੱਲ ਕਰਦੀਆਂ ਗੋਗੜਾਂ, ਵੱਡੀ ਅਮੀਰੀ ਦੇ ਦਰਸ਼ਨ ਕਰਵਾ ਰਹੀਆਂ ਦਿਸਣ ਲੱਗੀਆਂ। ਹੋਰ ਨਵੇਂ ਸੰਤ, ਹੋਰ ਨਵੇਂ ਡੇਰੇ, ਗੁਰਦਵਾਰੇ, ਨਿੱਤ ਉਸਰਨ ਲੱਗ ਪਏ। ਆਮ ਸਿੱਖ ਹੋਰ ਗਰੀਬ, ਵਹਿਮੀ, ਕਰਮਕਾਂਡੀ ਨਸ਼ੱਈ ਤੇ ਹੋਰ ਪਤਿਤਪੁਣੇ ਵਿਚ ਗਰਕਦਾ ਚਲਾ ਗਿਆ।
`84 ਦੇ ਘਲੂਘਾਰੇ ਵਕਤ ਬਾਬਰਕਿਆਂ ਨੇ ਇਹਨਾਂ ਸਤਰਾਂ ਦੇ ਲੇਖਕ ਨੂੰ ਦੇਸ਼ ਧਰੋਹੀ ਕੇਸ ਪਾ ਕੇ, ਪੰਦਰਾਂ ਦਿਨਾਂ ਦੇ ਅਣਮਨੁੱਖੀ ਤਸੀਹੇ ਦੇਣ ਤੋਂ ਬਾਦ, ਅਧ ਮੋਇਆ ਕਰਕੇ ਜੇਹਲ ਦੀ ਕੋਠੜੀ ਵਿਚ ਬੰਦ ਕਰ ਦਿਤਾ। ਇਸੇ ਤਰ੍ਹਾਂ ਦੇ ਨਾਜਾਇਜ ਕੇਸਾਂ ਅਧੀਨ ਹੋਰ ਭੀ ਬਹੁਤ ਸਾਰੇ ਸਿੱਖ ਮਾਈ ਭਾਈ ਬੰਦ ਕੀਤੇ ਗਏ ਸਨ। ਮਹੀਨੇ ਕੁ ਤਕ ਸਿਹਤ ਵੱਲ ਹੋ ਗਈ, ਅੰਦਰਲੇ ਹਾਲਾਤ ਬਾਰੇ ਭੇਤ ਆ ਗਿਆ, ਪਹਿਲਾਂ ਵਾਲਾ ਕੁਝ ਕੁ ਸਹਿਮ ਭੀ ਘਟ ਗਿਆ। ਮਿਸ਼ਨਰੀ ਸਪਿਰਟ ਨੇ ਉਛਾਲਾ ਖਾਧਾ, ਜੇਹਲ ਸੁਪਰਡੈਂਟ ਤੋਂ ਇਜਾਜਤ ਲੈ ਕੇ ਜੇਹਲ ਅੰਦਰਲੇ ਛੋਟੇ ਜਿਹੇ ਗੁਰਦਵਾਰੇ ਵਿਚ, ਕਥਾ ਸ਼ੁਰੂ ਕਰ ਦਿੱਤੀ ਗਈ। ਮੈਂ ਇਹ ਦਾਹਵਾ ਤਾਂ ਨਹੀਂ ਕਰ ਰਿਹਾ ਕਿ ਮੇਰੀ ਕੀਤੀ ਗਈ ਗੁਰਬਾਣੀ ਕਥਾ ਬਹੁਤ ਵਧੀਆ ਸੀ। ਜੇਹਲ ਵਿਚ ਤਾਂ ਕੈਦੀ ਪੁਰਾਣੇ ਪੁਰਾਣੇ ਰੱਦੀ ਅਖਬਾਰ ਨੂੰ ਭੀ ਚਾਅ ਨਾਲ ਪੜਦੇ ਹਨ। ਨਵੇਂ ਆਏ ਹਵਾਲਾਤੀ ਤੋਂ ਜਾਂ ਮੁਲਾਕਾਤੀਆਂ ਤੋਂ, ਬਾਹਰ ਦੀਆਂ ਖਬਰਾਂ ਪੱਬਾਂ ਭਾਰ ਹੋ ਕੇ ਸੁਣਦੇ ਹਨ। ਇਥੇ ਗੁਰਬਾਣੀ ਦੀ ਕਥਾ ਜੇਹਲ ਵਿਚ? ਤੋਬਾ ਤੋਬਾ, ਮਸੀਂ ਸੁਨਣੀ ਪ੍ਰਾਪਤ ਹੋਈ ਸੀ। ਹਵਾਲਾਤੀ, ਪੱਕੇ ਕੈਦੀ, ਅਤੇ ਸਾਡੇ ਵਾਲੇ "ਅੱਤਵਾਦੀ ਭਰਾ" ਸਾਰੇ ਹੀ ਹੁੰਮ ਹੁਮਾ ਕੇ ਆਉਣ ਲੱਗੇ। ਹਾਲ ਵਿਚ ਬੈਠਣ ਜੋਗੀ ਥਾਂ ਨਾ ਰਹੀ, ਬਾਹਰ ਦਰੀਆਂ ਵਿਛਣ ਲਗੀਆਂ। ਪੰਦਰਾਂ ਕੁ ਦਿਨ ਇਹ ਗੁਰਮਤ ਦਾ ਸੋਹਣਾ ਰੰਗ ਖਿੜਿਆ। ਦਿਨੇ ਦਾਸ ਕੋਲ ਮਹਿਫਲ ਜੁੜਨ ਲਗੀ, ਸਵਾਲ ਜਵਾਬ, ਗੁਰਬਾਣੀ ਸ਼ੁੱਧ ਪਾਠ ਕਰਨ ਦੀਆਂ ਕਲਾਸਾਂ, ਸੰਗਤੀ ਨਿਤਨੇਮ ਆਦਿ।
ਤਿਆਗ ਦੀ ਸਾਖਸਾਤ ਮੂਰਤ, ਪੂਰਨ ਬ੍ਰਹਮ ਗਿਆਨੀ ਸ਼੍ਰੀ ਮਾਨ... ਸੰਤ ਜੀ ਭੀ ਜੇਹਲ ਵਿਚ ਇਥੇ ਹੀ ਬੰਦ ਸਨ। ਉਹਨਾਂ ਦੇ ਚੇਲਿਆਂ ਨੇ ਖਬਰਦਾਰ ਕੀਤਾ ; ਬਾਬਾ ਜੀ! ਜੇ ਇਹ ਮਨਮੁਖ ਬੰਦਾ ਇਸੇ ਤਰ੍ਹਾਂ ਸੰਗਤਾਂ ਨੂੰ ਕੁਰਾਹੇ ਪਾਉਂਦਾ ਰਿਹਾ, ਤਾਂ ਆਪਾਂ ਨੂੰ ਕੌਣ ਨਮਸਕਾਰਾਂ ਕਰੂ? ਬਾਬਾ ਜੀ ਨੇ ਪਹਿਲਾ ਤੀਰ ਦਾਗਿਆ, ਸੁਪਰਡੰਟ ਰਾਹੀਂ, ਕਥਾ ਬੰਦ ਕਰਾਉਣੀ ਚਾਹੀ। ਸਫਲਤਾ ਨਾ ਮਿਲਣ ਤੇ, ਇਕ ਇਕ ਦਿਨ ਵੰਡ ਕੇ ਕਥਾ ਕਰਨ ਦੀ ਇਜਾਜਤ ਲੈ ਲਈ। ਸ੍ਰੀਮਾਨ ਸੰਤ ....... ਜੀ ਨੇ ਤਿਆਗਦਾ ਵਿਸ਼ਾ ਚੁਣਕੇ, ਗੁਰਬਾਣੀ ਵਿਚੋਂ ਪ੍ਰਮਾਣ ਦੇ ਕੇ, ਇਹ ਸਿੱਧ ਕੀਤਾ, "ਇਹ ਮਾਇਆ, ਕਾਰਾਂ ਕੋਠੀਆਂ ਪੁੱਤਰ ਪਤਨੀ, ਆਦਿ ਸਭ ਮੋਹ ਮਾਇਆ ਹੈ, ਛਲਾਵਾ ਹੈ, ਰਬੀ ਰਾਹ ਵਿਚ ਰੋਕ ਹੈ"........। ਅਗਲੇ ਦਿਨ ਦਾਸ ਨੇ ਪੰਚਮ ਗੁਰਦੇਵ ਜੀ ਦਾ ਇਕ ਸ਼ਬਦ ਸਨਮੁਖ ਰੱਖ ਕੇ (ਮਾਂਗਨਾ ਮਾਂਗਨੁ ਨੀਕਾ, ਹਰਿ ਜਸੁ ਗੁਰ ਤੇ ਮਾਂਗਨਾ-1018) ਕਥਾ ਵਿਚਾਰ ਕੀਤੀ। ਸਤਿਗੁਰੂ ਜੀ ਨੇ ਘਰ ਜਮੀਨ ਔਲਾਦ ਪਤਨੀ ਪੈਸਾ ਆਦਿ ਤਿਆਗਣ ਦਾ ਕੋਈ ਹੁਕਮ ਨਹੀਂ ਦਿੱਤਾ। ਸਤਿਗੁਰੂ ਸਾਹਿਬਾਨ ਖੁਦ ਪ੍ਰਵਾਰਿਕ ਜਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਰਹੇ ਹਨ। ਉਹਨਾਂ ਮੋਹ ਦਾ ਤਿਆਗ ਕੀਤਾ ਸੀ, ਜਿੰਮੇਵਾਰੀਆਂ ਦਾ ਤਿਆਰ ਨਹੀਂ ਕੀਤਾ। ਸਿੱਖਾਂ ਨੂੰ-’’ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਤਿਆਗਨਾ" 1018 ਆਖਿਆ ਹੈ। ਇਹ ਬਾਬਾ ਜੀ ਇਥੇ ਜੇਹਲ ਵਿਚ ਭੀ ਤਿਆਗ ਦੀ ਪੱਟੀ ਪੜ੍ਹ ਰਹੇ ਹਨ, ਜਦੋਂ ਕਿ ਇੱਥੇ ਜਬਰੀ ਸਭ ਵਸਤਾਂ ਦਾ ਸਮੇਤ ਪ੍ਰਵਾਰ ਦੇ ਤਿਆਗ ਕਰਵਾ ਦਿੱਤਾ ਜਾਂਦਾ ਹੈ। ਜਿਹਨਾਂ ਸੇਵਕਾਂ ਨੂੰ ਅੰਦਰ ਬਾਹਰ "ਸੰਤ ਜੀ" ਤਿਆਗ ਦਾ ਉਤਮ ਉਪਦੇਸ਼" ਦ੍ਰਿੜ ਕਰਵਾ ਰਹੇ ਹਨ, ਆਓ ਜਰਾ ਉਹਨਾਂ ਦੇ ਘਰ ਵਿਚ ਉਡਦੀ ਜਿਹੀ ਝਾਤੀ ਮਾਰ ਲਈਏ।
ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਣ ਵਾਲੇ ਬਹੁ ਗਿਣਤੀ ਸੇਵਕਾਂ ਕੋਲ ਸਕੂਟਰ ਕਾਰ ਨਹੀਂ ਹੈ, ਪਰ ਸੰਤ ਜੀ ਕੋਲ ਵੱਡੀ ਕਾਰ ਹੈ। ਸਾਈਕਲਾਂ ਤੇ ਸਫਰ ਕਰਨ ਵਾਲੇ ਆਪਣਾ ਸਾਈਕਲ ਭੀ ਤਿਆਗ ਦੇਣ ਤੇ ਬਾਬਾ ਜੀ ਆਪਣੀ ਮਹਿੰਗੀ ਕਾਰ ਤੇ ਹਵਾ ਵਿਚ ਉਡਦੇ ਫਿਰਨਾ? ਆਮ ਘਰਾਂ ਵਿਚ ਛੱਤ ਵਾਲਾ ਪੱਖਾਂ ਜਾਂ ਮੇਜ ਤੇ ਰੱਖਿਆ (ਟੇਬਲ ਫੈਨ) ਪੱਖਾ ਹੀ ਮੁਸ਼ਕਲ ਨਾਲ ਨਸੀਬ ਹੁੰਦਾ ਹੈ, ਬਾਬਾ ਜੀ ਦੇ "ਤਪ ਅਸਥਾਨ" ਜਾਂ ਵਿਸਰਾਮ ਗ੍ਰਿਹ" ਵਿਖੇ ਏ.ਸੀ. ਲੱਗੇ, ਸਿਮਲੇ ਵਰਗੀਆਂ ਠੰਢੀਆਂ ਹਵਾਵਾਂ ਝੱਲ ਰਹੇ ਹੁੰਦੇ ਹਨ। ਆਮ ਲੋਕਾਂ ਦੇ ਘਰ ਇਕ ਦੋ ਕਮਰੇ, ਫਰਸ ਤੋਂ ਬਿਨਾਂ, ਗੋਹੇ ਲਿੱਪੇ, ਛੱਤ ਵਿਚੋਂ ਮਿੱਟੀ ਕਿਰਦੀ, ਬਰਸਾਤ ਵਿਚ ਅੰਦਰ ਛੱਪੜ ਬਣੇ ਹੋਏ, ਰਸੋਈ ਟਾਟਕਾ ਧੁੱਪ ਵਿਚ ਮੰਜਾ ਟੇਢਾ ਕਰਕੇ, ਸਜਾਈ ਗਈ। ਬਾਥਰੂਮ ਲੈਟਰੀਨ ਨਾਮ ਦੀ ਚੀਜ ਘਰ ਵਿਚੋਂ ਢੂੰਡਿਆ ਨਹੀਂ ਮਿਲੇਗੀ। ਦੂਜੇ ਬੰਨੇ ਬਾਬਾ ਜੀ ਦਾ ਆਲੀਸ਼ਾਨ ਮਹਿਲ, ਕਈ ਕਮਰੇ, ਕਈ ਗੁਸਲਖਾਨੇ, ਡਰਾਇੰਗ ਰੂਮ ਤੇ ਹੋਰ ਪਤਾ ਨਹੀਂ ਕੀ ਸੀ। ਸਾਧਾਰਨ ਸਿੱਖ ਆਪਣੇ ਛੱਪਰਨੁਮਾ ਘਰ ਨੂੰ ਤਿਆਗ ਦੇਵੇ, ਜਾਂ ਬਾਬਾ ਆਪਣੇ ਮਹਿਲ ਨੂੰ ਤਿਆਗੇ? ਹੋਰ ਵੇਖੋ! ਆਮ ਸਿੱਖ, ਸਾਦੀ ਜਿਹੀ ਦਾਲ ਸਬਜੀ, ਚੱਟਣੀ ਪਿਆਜ ਆਚਾਰ ਨਾਲ ਰੋਟੀ ਖਾ ਕੇ ਗੁਜਾਰਾ ਕਰ ਰਿਹਾ ਹੈ। ਸੰਤ ਜੀ ਵਾਸਤੇ ਮੱਖਣ, ਪਨੀਰ, ਗਿਰੀਆਂ, ਕਾਜੂ, ਸੇਬ, ਅੰਗੂਰ..... ਦੁਨੀਆਂ ਭਰ ਦੇ ਕੀਮਤੀ ਖਾਦ ਪਦਾਰਥ। ਆਮ ਸਿੱਖ ਆਪਣਾ ਸੁੱਕਾ ਟਿੱਕੜ ਭੀ ਤਿਆਗ ਦੇਵੇ ਤੇ ਮਹਾਂਪੁਰਖ ਜੀ ਕੀਮਤੀ ਫਲ ਤੇ ਮੇਵੇ ਭੀ ਨਾ ਤਿਆਗਣ। ਮਹਾਂਪੁਰਖ ਜੀ ਦੇ ਤਨ ਤੇ ਸ਼ਸ਼ੋਭਤ ਹਨ ਆਲੀਸ਼ਾਨ ਰੇਸ਼ਮੀ ਬਸਤਰ, ਜਿਨ੍ਹਾਂ ਦੀ ਗਿਣਤੀ ਕਰਨੀ ਭੀ ਸੰਭਵ ਨਹੀਂ ਹੈ। ਆਮ ਪੇਂਡੂ ਸਿੱਖ ਸਾਦੇ ਜਿਹੇ ਕੁਰਤੇ ਪਜਾਮੇ ਨਾਲ ਤਨ ਢਕਦਿਆਂ ਜੀਵਨ ਬਤੀਤ ਕਰ ਲੈਂਦਾ ਹੈ। ਤਿਆਗ ਕੁਰਤੇ ਪਜਾਮੇ ਵਾਲਾ ਕਰੇ ਜਾਂ ਕੀਮਤੀ ਬਸਤਰਾਂ ਦੇ ਢੇਰਾਂ ਵਾਲਾ ਕਰੇ? ਆਮ ਵਿਅਕਤੀ ਦਾ ਔਸਤ ਸਰੀਰਕ ਵਜਨ, ਸੱਠ ਕੁ ਕਿਲੋ ਹੁੰਦਾ ਹੈ। ਕਈ ਵਾਰੀ ਕੰਮ ਦੀ ਬੁਹਤਾਤ, ਖੁਰਾਕ ਦੀ ਕਮੀ ਕਾਰਣ ਇਹ ਵਜਨ ਖਤਰਨਾਕ ਹਦ ਤਕ ਘਟਿਆ ਹੁੰਦਾ ਹੈ। ਬਸ ਬੰਦੇ ਤੋਂ ਮਸੀਂ ਇੱਕ "ਕਾਂ ਰਜਦਾ ਹੈ"। ਢਿੱਡ ਸੁੱਕ ਕੇ ਪਿਛਾਂਹ ਰੀੜ ਦੀ ਹੱਡੀ ਨੂੰ ਜਾ ਲਗਦਾ ਹੈ। ਵਾਹ! ਵਾਰੇ ਵਾਰੇ ਜਾਈਏ ਰੱਬ ਦੇ ਇਨਸਾਫ ਤੋਂ, ਇਹਨਾਂ ਬਾਬਿਆਂ ਦੀਆਂ ਗੋਗੜਾਂ ਇਕ ਕੁਇੰਟਲ ਤੋਂ ਲੈ ਕੇ ਡੇਢ ਦੋ ਕੁਇੰਟਲ ਤਕ ਦੀਆਂ ਫੁੱਲੀਆਂ ਵੇਖੀਆਂ ਜਾ ਸਕਦੀਆਂ ਹਨ। ਕੋਸ਼ਿਸ਼ ਕਰਨ ਤੇ ਭੀ ਸਰੀਰ ਵਿਚੋਂ ਕੋਈ ਹੱਡੀ ਨਹੀਂ ਲਭੇਗੀ, ਮਾਸ ਤੇ ਚਰਬੀ ਦੇ ਲੇਪ ਚੜ੍ਹੇ ਹੀ ਦਿਸਣਗੇ। ਇਕ ਪਾਸੇ ਹੱਡੀਆਂ ਦੀ ਮੁੱਠ ਇਨਸਾਨ, ਖੂਨ ਚਰਬੀ ਨਾਂਹ ਦੇ ਬਰਾਬਰ, ਇਕ ਪਾਸੇ ਖੂਨ ਚਰਬੀ, ਵਜਨ ਇੰਨਾ ਜਿਆਦਾ ਕਿ ਕਿਸੇ ਵਕਤ ਭੀ ਦੌਰਾ ਪੈ ਸਕਦਾ ਹੈ। ਤਿਆਗ ਇਹਨਾਂ ਭਾਰੀ ਭਰਕਮ ਹਾਥੀ ਨੁਮਾ ਗੋਗੜਾਂ ਦਾ ਹੋਵੇ ਕਿ ਮਾਮੂਲੀ ਸਰੀਰਾਂ ਵਿਚਲੇ ਹੱਡ ਚੰਮ ਦਾ? ਬਸ ਆਖਰੀ ਗਲ! ਹੁਣ ਬਿਨਾਂ ਦੇਰੀ ਤੋਂ ਇਥੇ ਗੰਨੇ ਪੀੜਨ ਵਾਲਾ ਵੇਲਣਾ (ਘਲਾੜੀ) ਗੱਡ ਲਿਆ ਜਾਵੇ। ਸਾਨੂੰ ਆਮ ਬੰਦਿਆਂ ਨੂੰ ਉਸ ਵਿਚ ਪੀੜ / ਨਿਚੋੜ ਲਿਆ ਜਾਵੇ। ਸਾਡੇ ਕੋਲ ਤਿਆਗਣ ਵਾਸਤੇ ਹੋਰ ਕੁਝ ਨਹੀਂ ਬਚਿਆ। ਹੁਣ ਸਾਡਾ ਖੂਨ ਕੱਢ ਕੇ, ਇਹਨਾਂ ਸੱਜਣ ਠੱਗਾਂ ਨੂੰ ਬਾਟੇ ਭਰਕੇ ਪਿਆ ਦਿੱਤਾ ਜਾਵੇ ਤਾਂਕਿ ਇਹਨਾਂ ਦੇ ਚਿਹਰੇ ਤੇ ਹੋਰ ਲਾਲੀ ਚੜ ਜਾਵੇ, ਇਹਨਾਂ ਦੀ ਤੋਂਦ (ਗੋਗੜ) ਹੋਰ ਫੁਲ ਜਾਵੇ। ਸਾਡੇ ਬਾਲ ਬੱਚੇ, ਪਤਨੀ, ਭੈਣ ਤੇ ਮਾਂ ਭੀ ਇਹਨਾਂ ਦੇ ਹਵਾਲੇ ਕਰ ਦੇਣੀਆਂ। ਹੋਰ ਤਾਂ ਸਾਡੇ ਕੋਲ ਤਿਆਗਣ ਲਈ ਬਚਿਆ ਹੀ ਕੁਝ ਨਹੀਂ..."।
ਇਹ ਪ੍ਰਵਚਨ ਬੋਲ ਕੇ ਦਾਸ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚੋਂ ਹਾਲੀ ਖੜ੍ਹਾ ਹੀ ਹੋਇਆ ਸੀ ਕਿ ਸ਼ਾਂਤੀ ਸਰੂਪ, ਨਿਮਰਤਾ ਦੇ ਮੁਜੱਸਮੇਂ, ਤਿਆਗ ਦੀ ਮੂਰਤੀ, ਪੂਰਨ ਬ੍ਰਹਮ ਗਿਆਨੀ, ਸੰਤ ਜੀ ਦੇ ਨੇਤਰਾਂ ਵਿਚੋਂ ਲਾਟਾਂ ਨਿਕਲੀਆਂ। ਬੋਲਾਂ ਨੇ ਅਗਨ ਬਾਣ ਛੱਡੇ। ਸੰਤ ਜੀ ਦੇ ਪਾਲਤੂ ਚਾਟੜੇ ਮੇਰੇ ਤੇ ਟੁਟਕੇ ਪੈ ਗਏ। ਧੱਕਾ ਮੁੱਕੀ ਗਾਲੀ ਗਲੋਚ ਹੋਇਆ। ਮੈਨੂੰ ਕੁਝ ਕੁ ਅਹਿਸਾਸ ਸੀ ਕਿ ਘੁਸਰ ਮੁਸਰ ਹੋ ਰਹੀ ਹੈ ਕੋਈ ਭਾਣਾ ਵਰਤ ਸਕਦਾ ਹੈ। ਇਤਨੇ ਵਿਚ ਜੇਹਲ ਦੇ ਨੰਬਰਦਾਰ ਵਿਚ ਪੈ ਗਏ, ਦੋ ਚਾਰ ਜੇਹਲ ਵਾਰਡਨ ਆਏ, ਸਾਨੂੰ ਵੱਖੋ ਵੱਖ ਕਰ ਦਿੱਤਾ ਗਿਆ। ਲਹਿਰਾ ਬੇਗਾ ਪਿੰਡ ਦੇ ਗੁਰਸਿਖ ਅਤੇ ਕੁਝ ਹੋਰ ਨੌਜਵਾਨ ਮੇਰੀ ਹਮਾਇਤ ਤੇ ਆ ਡਟੇ। ਜੇਹਲ ਸੁਪਰਡੰਟ ਆ ਪੁਜਿਆ, ਸਮੇਤ ਵੱਡੀ ਗਾਰਦ ਦੇ। ਉਸਨੇ ਸਮਝਾ ਬੁਝਾ ਕੇ, ਅੱਡੋ ਅੱਡ ਇਮਾਰਤਾਂ ਵਿੱਚ ਬੰਦ ਕਰ ਦਿੱਤਾ। ਜਦੋਂ ਸਾਡੀ ਪਾਰਟੀ ਗੁਰਦਵਾਰੇ ਮੱਥਾ ਟੇਕਣ ਜਾਂਦੀ, ਤਾਂ ਉਹ ਧਿਰ ਬੰਦ ਹੁੰਦੀ, ਜਦੋਂ ਉਹ ਮੱਥਾ ਟੇਕਣ ਜਾਂਦੇ, ਤਾਂ ਅਸੀਂ ਬੰਦ ਹੁੰਦੇ। ਰਹਿੰਦਾ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ। ਇਕ ਹੋਰ ਤੀਰ ਦਾਗਿਆ ਸੀ ਸੰਤਾਂ ਨੇ, ਜੇਹਲ ਵਾਲਿਆਂ ਕੋਲ ਚੁਗਲੀਆਂ ਲਾ ਕੇ ਅਤੇ ਚੰਗੀ ਤਕੜੀ ਰਿਸਵਤ ਦੇ ਕੇ, ਮੇਰਾ ਦੁਬਾਰਾ ਪੁਲਿਸ ਰੀਮਾਂਡ ਦਾ ਵਾਰੰਟ ਆ ਗਿਆ। ਪੰਦਰਾਂ ਕੁ ਦਿਨਾਂ ਤਕ ਦੁਬਾਰਾ ਸੀ. ਆਈ. ਏ. ਸਟਾਫ ਵਿਚ ਤਸੀਹੇ ਝੱਲੇ। ਇਸ ਥਾਂ ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਨਹੀਂ ਤਾਂ "ਪੁਲਿਸ ਮੁਕਾਬਲਾ" ਤਾਂ ਵੱਟ ਤੇ ਪਿਆ ਸੀ। ਗਲ ਇਸ ਤਰਾਂ ਹੋਈ ਕਿ ਜਿਸ ਪੁਲਿਸ ਅਫਸਰ ਨੇ ਮੇਰੇ ਤੇ ਜੇਹਲ ਵਿਚ ਹੀ ਝੂਠਾ ਕੇਸ ਪਾਇਆ ਸੀ। ਸੁਪਰਡੰਟ ਦੇ ਕਮਰੇ/ਦਫਤਰ ਵਿਚ ਹੀ ਪੁੱਛਗਿੱਛ ਕੀਤੀ ਸੀ। ਫਿਰ ਕਈ ਵਾਰੀ ਸੀ. ਆਈ. ਏ. ਸਟਾਫ ਵਿਚ ਜਾ ਕੇ ਦੁਖ ਦਿੰਦਾ ਰਿਹਾ ਸੀ, ਕੁਝ ਹੀ ਦਿਨਾਂ ਦੇ ਅੰਦਰ, ਖਾੜਕੂ ਯੋਧਿਆਂ ਨੇ ਉਸ ਪਾਪੀ ਨੂੰ ਨਰਕਾਂ ਵਿਚ ਪੁਚਾ ਦਿਤਾ। ਇਸ ਤੋਂ ਬਾਦ ਮੈਨੂੰ ਕਿਸੇ ਕੁਝ ਨਾਂ ਆਖਿਆ, ਸਗੋਂ ਪੁਲਿਸ ਵਾਲੇ ਬਹੁਤ ਹੀ ਸਲੀਕੇ ਨਾਲ ਗਲ ਕਰਨ ਲਗ ਪਏ। ਇਸ ਤਬਦੀਲੀ ਦਾ ਮੈਨੂੰ ਕਾਫੀ ਦੇਰ ਬਾਦ ਪਤਾ ਲਗਾ। ਵਾਪਸ ਜੇਹਲ ਵਿਚ ਪਰਤ ਕੇ ਭੀ ਮੈਂ ਮਹਿਸੂਸ ਕੀਤਾ ਕਿ ਜੇਹਲ ਮੁਲਾਜਮਾਂ ਅਤੇ ਅਫਸਰਾਂ ਦੇ ਰਵਈਏ ਵਿਚ ਨਰਮੀ ਸੀ। ਇਹ ਤਾਂ ਵਾਹਿਗੁਰੂ ਨੇ ਹੱਥ ਦੇ ਕੇ ਬਚਾ ਲਿਆ, ਵਰਨਾਂ ਸੰਤਾਂ ਨੇ ਤਾਂ ਮੇਰੇ ਤੇ ਪਰਉਪਕਾਰ ਕਰਕੇ ਉਪਰ ਭੇਜਣ ਦਾ ਪੂਰਾ ਪ੍ਰਬੰਧ ਕਰ ਦਿਤਾ ਸੀ।
ਇਹਨਾਂ ਸੰਤ ਬਾਬਿਆਂ ਦੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਹੈ, ਇਹਨਾਂ ਰਾਹੀਂ ਲੋਕਾਂ ਦੇ ਸਰਕਾਰੀ ਗੈਰ ਸਰਕਾਰੀ ਕੰਮ ਕੀਤੇ ਕਰਾਏ ਜਾਂਦੇ ਹਨ। ਉਪਰਾਲਿਆਂ ਨੂੰ ਕੰਮ ਹੋਣ ਤੋਂ ਬਾਦ ਜਾਂ ਪਹਿਲਾਂ, ਜੋ ਲੱਛਮੀ ਭੇਜੀ ਜਾਂਦੀ ਹੈ, ਉਸ ਵਿਚੋਂ ਬਾਬਾ ਜੀ ਅਪਣਾ "ਦਸਵੰਧ", ਪਵਿਤਰ ਕਰ ਕਮਲਾਂ ਨਾਲ, ਮਹਾਰਾਜ ਦੇ ਚਰਨਾਂ ਨੂੰ ਛੁਹਾ ਕੇ ਰਖ ਲੈਂਦੇ ਹਨ। ਚੰਡੀਗੜ੍ਹ ਉਹ ਸ਼ਹਿਰ ਹੈ ਜਿਥੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੁੰਦੀ ਦਸੀ ਜਾਂਦੀ ਹੈ। ਇਸੇ ਸਹਿਰ ਵਿਚ ਮੰਦਰ ਗੁਰਦਵਾਰੇ, ਡੇਰੇ, ਬਿਨਾ ਜਮੀਨ ਖਰੀਦਣ ਤੋਂ, ਮਿਲ ਮਿਲਾ ਕੇ ਬਣਾਏ ਹੋਏ ਹਨ। ਫਿਰ ਹੋਰ ਵੇਖੋ ! ਗੁਰੂ ਸਹਿਬਾਨ ਨਾਲ ਸਬੰਧਤ ਇਤਿਹਾਸਕ ਨਿਸਾਨੀਆਂ/ਵਸਤਾਂ, ਇਹਨਾਂ ਮਿੱਟੀ ਵਿਚ ਮਿਲਾ ਦਿਤੀਆਂ ਹਨ। ਹਰ ਗੁਰਦਵਾਰਾ ਇਕੋ ਕਿਸਮ ਦਾ। ਇਕ ਗੁਰਦਵਾਰਾ ਵੇਖਣ ਤੋਂ ਬਾਦ ਹੋਰ ਵੇਖਣ ਦੀ ਲੋੜ ਨਹੀਂ ਰਹਿੰਦੀ। ਕਿਉਂਕਿ ਸਾਰੇ ਹੀ ਇਕੋ ਤਰਾਂ ਦੇ ਬਣੇ ਹੋਏ ਹਨ ਚਿੱਟਾ ਪੱਥਰ, ਮਾਰਵਲ, ਤੇ ਬਸ। ਉਜੜ ਚੁਕੇ ਪੰਜਾਬ ਨੂੰ ਬਚਾਉਣ ਵਾਸਤੇ, ਪਿਛਲੇ ਘਲੂਘਾਰਿਆਂ ਵਿਚ ਮਾਰ ਦਿਤੇ ਗਏ ਨੌਜਵਾਨਾਂ ਦੇ ਪ੍ਰਵਾਰ, ਬੱਚੇ ਦਰ ਦਰ ਦੀਆਂ ਠੋਹਕਰਾਂ ਖਾਂਦੇ ਰਹੇ, ਦੁਖ ਭੋਗਦੇ ਰਹੇ, ਘਰ ਢਾਹ ਦਿਤੇ ਗਏ, ਜਮੀਨਾਂ ਬੰਜਰ ਬਣ ਗਈਆਂ, ਕਈ ਭੈਣਾਂ ਪਾਗਲ ਹੋ ਗਈਆਂ, ਬਹੁਤ ਸਾਰੇ ਸਿੱਖ ਨੌਜਵਾਨ ਅੱਜ ਭੀ ਨਜਾਇਜ ਤਰੀਕੇ ਕਾਲ ਕੋਠੜੀਆਂ ਵਿਚ ਬੰਦ ਕੀਤੇ ਹੋਏ ਹਨ। ਕਦੀ ਵੇਖਿਆ ਪੜਿਆ ਹੈ ਕਿਸੇ ਬ੍ਰਹਮਗਿਆਨੀ ਦੀ ਪਲਕ ਭਿਜੀ ਹੋਵੇ। ਕਿਸੇ ਦੇ ਕਲੇਜੇ ਨੂੰ ਖੋਹ ਪਈ ਹੋਵੇ, ਕਿਸੇ ਨੂੰ ਰਾਤੀ ਨੀਂਦ ਨਾ ਆਉਂਦੀ ਹੋਵੇ। ਇਹ ਤਾਂ ਬਸ ਧਰਮ ਉਪਦੇਸ਼ ਕਰ ਰਹੇ ਹਨ। ਮੰਤਰ ਜਾਪ ਕਰ ਰਹੇ ਹਨ, ਕੀਰਤਨ ਦਰਬਾਰ ਜਾਂ ਪਾਠਾਂ ਦੀ ਲੜੀਆਂ ਚਲਾ ਰਹੇ ਹਨ, ਜਾਂ ਚਲੀਹੇ ਕੱਟ ਕੇ ਸਿੱਖਾਂ ਦੇ ਗ੍ਰਿਹ ਕੱਟਣ ਦੀ ਮਹਾਨ ਸੇਵਾ ਕਰ ਰਹੇ ਹਨ। ਬਹੁਤ ਰੁਝੇਵੇਂ ਹਨ ਬਾਬਿਆਂ ਨੂੰ। ਪੰਜਾਬ ਵਿਚ ਸੰਤਾਂ ਦੇ ਵੱਗ ਟੁਰੇ ਫਿਰਦੇ ਹਨ, ਪੰਜਾਬ ਦੁਨੀਆਂ ਦਾ ਨੰਬਰ ਇਕ ਸ਼ਰਾਬੀ ਸੂਬਾ ਬਣ ਚੁਕਿਆ ਹੈ। ਸੰਤਾਂ ਦੇ ਟੋਲੇ ਚਿਮਟੇ ਢੋਲਕੀਆਂ ਲੈ ਕੇ ਪਿੰਡ ਪਿੰਡ ਫਿਰ ਰਹੇ ਹਨ ਸਿਖਾਂ ਦੇ ਕੇਸ ਕੇਵਲ 10% ਬਾਕੀ ਰਹਿ ਗਏ। ਅੱਜ ਸਿੱਖਾਂ ਦੀਆਂ ਭੀੜਾਂ ਵਡਭਾਗ ਸਿੰਘ ਦੇ ਡੇਰੇ ਤੇ, ਕਬਰਾਂ ਤੇ, ਮੜੀਆਂ ਤੇ, ਮੰਦਰਾਂ ਵਿੱਚ, ਆਮ ਵੇਖੀਆ ਜਾ ਸਕਦੀਆਂ ਹਨ। ਹੈ ਕੋਈ ਸੰਤ ਅਜਿਹਾ ਜੋ ਗਿਆਨ ਖੜਗ ਰਾਹੀਂ ਸਿੱਖ ਸੰਗਤਾਂ ਨੂੰ ਸਤ ਮਾਰਗ, ਗੁਰਮਤ ਗਾਡੀ ਰਾਹ ਵਲ ਮੋੜ ਕੇ ਲਿਆ ਸਕੇ? ਬੇਈਮਾਨ ਸਿੱਖ ਲੀਡਰਾਂ ਦੀਆਂ ਕਰਤੂਤਾਂ ਨੰਗੀਆਂ ਕਰ ਸਕੇ। ਪੰਜਾਬ ਦੇ, ਖਾਸਕਰ ਸਿੱਖਾਂ ਦੇ ਅਨੇਕ ਬਿਗੜੇ ਕਾਰਜ ਰਾਸ ਕਰਵਾ ਸਕੇ?
ਇਹ ਸਾਧਗੀਰੀ ਦੀ ਦੁਕਾਨ ਬਹੁਤ ਸਾਰੇ ਸਾਧਾਂ ਨੇ ਕੁਝ ਅਜਿਹੀ ਵਿਧੀ ਨਾਲ ਚਲਾਈ ਹੈ ਕਿ ਹੁਣ ਕੋਈ ਸਾਧ ਲਖਪਤੀ ਨਹੀਂ ਮਿਲੇਗਾ, ਬਹੁਤੇ ਕਰੋੜਪਤੀ ਅਤੇ ਕਈ ਇਕ ਅਰਬਾਂ ਪਤੀ ਸੰਤ ਸਾਧ ਮਿਲਣਗੇ। ਸੰਗਤਾਂ ਤੋਂ ਤਿਆਗ ਕਰਵਾਕੇ, ਅਪਣੇ ਅੱਗੇ ਮਾਇਆ ਦੇ ਅੰਬਾਰ ਕਠੇ ਕਰ ਰਹੇ ਹਨ। ਪਿਛੇ ਜਿਹੇ ਇਕ ਬਾਬੇ ਨੇ (ਮਾਰਚ 2000 ਵਿੱਚ) ਅਪਣੇ ਲਾਡਲੇ ਪੁੱਤਰ ਦਾ ਅਨੰਦ ਕਾਰਜ "ਪੂਰਨ ਗੁਰਮਰਿਆਦਾ ਅਨੁਸਾਰ" ਕਰਦਿਆਂ ਗਰੀਬੀ ਦਾਵੇ ਵਿਚ ਸਿਰਫ ਪੰਦਰਾਂ ਕਰੋੜ ਰੁਪਿਆ ਖਰਚਿਆ ਸੀ। ਜੇ ਚਾਹੁੰਦੇ ਤਾਂ ਬਾਬਾ ਜੀ ਹੋਰ ਭੀ ਖਰਚ ਕਰ ਸਕਦੇ ਸਨ, ਪਰ ਉਹ ਗੁਰੂ ਮਹਾਰਾਜ ਦੀ ਦਸੀ ਸਾਦਗੀ ਵਾਲੀ ਹੱਦ ਪਾਰ ਨਹੀਂ ਕਰਨੀ ਚਾਹੁੰਦੇ ਸਨ। ਧੰਨ ਬਾਬਾ ਬਿਧੀ ਚੰਦੀਏ, ਬੜੀ ਕਿਰਪਾ ਹੈ ਤੁਹਾਡੇ ਤੇ ਲਛਮੀ ਦੇਵੀ ਦੀ। ਕੁਝ ਇਕ ਸੰਤ ਜੀ ਅਪਣੇ ਨਾਲ ਹੀ ਗੱਡੀ ਵਿਚ ਦਰੀਆਂ ਚਾਦਰਾਂ, ਤੇ ਫੁੱਲ ਹਾਰ ਆਦਿ ਨਾਲ ਹੀ ਲੈ ਕੇ ਜਾਂਦੇ ਹਨ। ਸੰਗਤਾਂ ਕੋਲ ਪੁੱਜ ਕੇ ਚੇਲੇ ਸਭ ਕੁਝ ਸਮਝਾ ਦਿੰਦੇ ਹਨ। ਝਟਪਟ, ਗਡੀਆਂ ਵਿਚੋਂ ਕਢ ਕੇ ਚਾਦਰਾਂ ਵਿਛਾ ਦਿਤੀਆਂ ਜਾਂਦੀਆਂ ਹਨ, ਫਿਰ ਬਾਬਾ ਜੀ ਅਗੇ ਕਦਮ ਰਖਦੇ ਹਨ। ਨਾਲ ਲੈ ਕੇ ਆਂਦੇ ਫੁੱਲਾਂ ਦੀ ਵਰਖਾ ਭੀ ਬਾਬਾ ਜੀ ਤੇ ਹੋਣ ਲਗ ਜਾਂਦੀ ਹੈ। ਜੈਕਾਰੇ ਗੂੰਜਦੇ ਹਨ ਨਾਹਰੇ ਲਗਦੇ ਹਨ, ਸਾਰਾ ਕਾਰਜ "ਪੂਰਨ ਭੈ ਭਾਵਨੀ ਵਿਚ, ਗੁਰਮਰਿਆਦਾ ਮੁਤਾਬਕ" ਸਿਰੇ ਚੜਾਇਆ ਜਾਂਦਾ ਹੈ। ਆਉ ਜਰਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਖੰਡੀ ਸੰਤਾਂ ਬਾਰੇ ਪੁੱਛੀਏ:
ਰਹਿਓ ਸੰਤ ਹਉ ਟੋਲਿ ਸਾਧ ਬਹੁ ਤੇਰੇ ਡਿਠੇ।। ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ।।
ਬਰਸੁ ਏਕੁ ਹਉ ਫਿਰਿਉ ਕਿਨੈ ਨਹੁ ਪਰਚਾ ਲਾਯਉ।। ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ।। (1396)
ਅਰਥ ਬੜੇ ਸਪਸ਼ਟ ਹਨ ਕਿ ਲੰਮੇ ਅਰਸੇ ਤੋਂ ਅਸੀਂ ਮਨੁਖਤਾ ਦੇ ਹਮਦਰਦ, ਪਰਉਪਕਾਰੀ ਸੂਰਮੇ ਸੰਤ ਦੀ ਭਾਲ ਵਿਚ ਸਾਂ। ਬੜੇ ਡੇਰੇਦਾਰ, ਤਰਾਂ ਤਰਾਂ ਦੀਆਂ ਮਤਾਂ ਤੇ ਮਰਿਆਦਾਵਾਂ ਵਾਲੇ, ਅਨੇਕ ਪਰਕਾਰ ਦੇ ਭੇਖਾਂ ਵਾਲੇ ਸੰਤ ਅਸ਼ੀ ਪਰਖ ਕੇ ਵੇਖੇ। ਬਸ ਇਕੋ ਗਲ ਹਰ ਥਾਂ ਉਘੜ ਕੇ ਸਾਹਮਣੇ ਆਈ ਕਿ ਜਬਾਨੀ ਕਲਾਮੀ ਸਾਰੇ ਬੜੇ "ਮੀਆਂ ਮਿੱਠੂ " ਬਣਦੇ ਹਨ, ਅਪਣੀ ਨੇਕੀ ਦੇ ਪੁਲ ਬੰਨਦੇ ਹਨ। ਅਫਸੋਸ ਕਿ ਅਮਲੀ ਜੀਵਨ ਵੱਲੋਂ ਖੋਖਲੇ ਖਾਲੀ ਨਜਰ ਆਏ। ਕਬੀਰ ਜੀ ਬੜੀ ਕਰਾਰੀ ਚੋਟ ਕਰਦੇ ਹੋਏ ਫਰਮਾਉਂਦੇ ਹਨ:
ਗਜ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨਿ ਤਗ।। ਗਲੀ ਜਿਨ੍ਹਾ ਜਪਮਾਲੀਆਂ ਲੋਟੇ ਹਥਿ ਨਿਬਗ।।
ਉਏ ਹਰਿ ਕੇ ਸੰਤ ਨ ਆਖੀਅਹਿ ਬਨਾਰਸਿ ਕੇ ਠਗ।।
ਐਸੇ ਸੰਤ ਨ ਮੋਕਉ ਭਾਵਹਿ।। ਡਾਲਾ ਸਿਉ ਪੇਡਾ ਗਟਕਾਵਹਿ।। (476)
ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ (ਸੁੰਦਰ ਬਸਤਰ) ਧਰਮ ਦਾ ਚਿੰਨ ਜੰਜੂ ਗਲ ਪਾਇਆ ਹੋਇਆ, ਗਲਾਂ ਵਿਚ ਕੀਮਤੀ ਮਾਲਾ ਪਾ ਲਈ, ਹੱਥਾਂ ਵਿਚ ਚਮਕਦੇ ਹੋਏ ਲੋਟੇ (ਗੜਵਾ ਤੇ ਗੜਵਈ) ਫੜ ਲਈ। ਕੀ ਇਸ ਤਰ੍ਹਾਂ ਦਾ ਭੇਖ ਧਾਰਨ ਕਰ ਲੈਣ ਨਾਲ ਕੋਈ ਸੰਤ ਬਣ ਜਾਂਦਾ ਹੈ? ਉਹ ਪਾਖੰਡੀ ਹਨ, ਰਬ ਜੀ ਦੇ ਸੇਵਕ ਧਰਮੀ ਪੁਰਖ ਨਹੀਂ ਹਨ। ਭੋਲੇ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ ਠੱਗ ਹਨ। ਅਜਿਹੇ ਧੋਖੇਬਾਜਾਂ ਨੂੰ ਮੈਂ ਪਸੰਦ ਨਹੀਂ ਕਰਦਾ। ਜਿਹੜੇ ਨਿਤ ਦਿਨ ਲੋਕਾਂ ਦੀ ਕਿਰਤ ਕਮਾਈ ਫਰੇਬ ਰਾਹੀ ਲੁੱਟ ਕੇ ਖਾ ਰਹੇ ਹਨ। ਇਹ ਬੇਸਬਰੇ ਕੇਵਲ ਰੁਖ ਨਾਲੋਂ ਤੋੜ ਕੇ ਫਲ ਹੀ ਨਹੀਂ ਖਾਂਦੇ, ਸਗੋਂ ਸਬੂਤੇ ਰੁਖਾਂ ਨੂੰ ਨਿਗਲ ਰਹੇ ਹਨ। ਸਤਿਗੁਰੂ ਅਮਰਦਾਸ ਜੀ ਦਾ ਫੁਰਮਾਨ:
ਹਿਰਦੈ ਜਿਨ ਕੈ ਕਪਟ ਹੈ ਬਾਹਰੋ ਸੰਤ ਕਹਾਹਿ।। ਤ੍ਰਿਸਨਾ ਮੂਲਿ ਨ ਚੂਕਈ ਅੰਤਿ ਗਏ ਪਛੁਤਾਹਿ।। (391)
ਉਪਰੋਂ ਧਰਮੀ ਹੋਣ ਦਾ ਢੌਂਗ ਕਰਨ ਵਾਲੇ ਅੰਦਰੋਂ ਕਪਟ ਨਾਲ ਭਰੇ ਲੋਕ ਸੰਤ ਅਖਵਾ ਰਹੇ ਹਨ। ਇਹ ਤ੍ਰਿਸਨਾ ਅਗਨੀ ਵਿਚ ਗਰਕ ਹੋਏ ਲੋਕ, ਅੰਤ ਨੂੰ ਵਿਲਕਦੇ ਹੋਇ ਜੀਵਨ ਦੀ ਬਾਜੀ ਸੰਸਾਰ ਤੋਂ ਹਾਰ ਕੇ ਜਾਣਗੇ। ਇਕ ਪੁਰਾਤਨ ਲਿਖਾਰੀ ਭਾਈ ਕੋਇਰ ਸਿੰਘ ਅਪਣੀ ਪੁਸਤਕ ਦੇ ਚਰਨ 87 ਰਾਹੀ, ਵਾਸਨਾਂ ਵਿਚ ਡੁਬੇ ਸੰਤਾਂ ਬਾਰੇ ਲਿਖਦੇ ਹਨ:
ਗ੍ਰਿਹ ਗ੍ਰਿਹ ਪੋਥੀ ਗ੍ਰੰਥ ਲਿਖਾਰੀ। ਪੂਜਾ ਭਖਤ ਭਜਨ ਨਹਿ ਗ੍ਰਾਹੀ।
ਹਰਿ ਸਿਮਰਨ ਬਿਨ ਕਾਮ ਵਿਕਾਰੀ। ਸੰਤ ਕਹਾਵੈ ਚਿਤ ਪਰ ਨਾਹੀ।
ਇਹਨਾਂ ਪਾਖੰਡੀ ਸਾਧਾਂ ਨੇ ਅਪੋ ਅਪਣੇ ਡੇਰਿਆਂ ਵਿਚ ਗੁਰਬਾਣੀ ਦੀਆਂ ਪੋਥੀਆਂ ਜਾਂ ਸੰਪੂਰਣ ਗੁਰੂ ਗ੍ਰੰਥ ਸਾਹਿਬ ਟਿਕਾਏ ਹੋਏ ਹਨ। ਗੁਰਬਾਣੀ ਅੱਗੇ ਆਈ ਭੇਟਾ ਪੂਜਾ ਸਾਰੀ ਡਕਾਰ ਖਾਂਦੇ ਹਨ ਰੱਬ ਦੇ ਨਾਮ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀ। ਦਿਨ ਰਾਤ ਵਿਕਾਰਾਂ ਵਿਚ ਗਰਕੇ ਹੋਏ ਹਨ ਇਹ ਲੋਕ। ਅਪਣੇ ਆਪ ਨੂੰ ਵਡੇ ਸੰਤ ਅਖਵਾ ਰਹੇ ਹਨ, ਪਰਾਈਆਂ ਔਰਤਾਂ ਪਿਛੇ ਲੰਪਟ ਹੋਏ ਵੇਖੇ ਜਾ ਸਕਦੇ ਹਨ। ਭਾਈ ਗੁਰਦਾਸ ਜੀ ਗਲ ਨੂੰ ਹੋਰ ਸਪਸਟ ਕਰ ਰਹੇ ਹਨ:
ਸਾਧਨ ਦੁਹਾਇ ਕੈ ਅਸਾਧ ਅਪਰਾਧ ਕਰੈ, ਉਲਟੀਐ ਚਾਲ ਕਲੀ ਕਾਲ ਭ੍ਰਮ ਭਾਖੀਐ (532)
ਭਾਈ ਗੁਰਦਾਸ ਜੀ ਸਮਝਾ ਰਹੇ ਹਨ ਕਿ ਸਾਰੇ ਢੰਗ ਤਰੀਕੇ ਪਹਿਰਾਵਾ ਬੋਲ ਚਾਲ ਸਾਧਾਂ ਵਾਲੀ ਕਰ ਲੈਂਦੇ ਹਨ। ਲੋਕੀ ਉਪਰੇਪਣ ਨੂੰ ਪਛਾਣ ਨਹੀ ਸਕਦੇ। ਫਿਰ ਅਜਿਹਾ ਸਾਧ ਬਾਣਾ ਧਾਰ ਕੇ, ਇਹ ਅਸਾਧ (ਪਾਪੀ) ਕੁਕਰਮ ਕਮਾਉਦੇ ਹਨ। ਸਾਰੀ ਚਾਲ ਹੀ ਇਹਨਾਂ ਦੀ ਉਲਟੀ ਹੋ ਗਈ ਹੈ। ਵਾਰਿਸਸ਼ਾਹ ਬਹੁਤ ਪਤੇ ਦੀ ਗਲ ਲਿਖਦਾ ਹੈ, ਜਦੋਂ ਰਾਂਝੇ ਦਾ ਸਾਧ ਬਣਨਾ ਬਿਆਨ ਕਰਦਾ ਹੈ। ਰਾਂਝਾ ਪਿੰਡਾਂ ਵਿਚ ਹੋਕਾ (ਉਚੀ ਆਵਾਜ) ਦਿੰਦਾ ਘੁੰਮ ਰਿਹਾ ਹੈ। ਆਉ ਵੀਰੋ ! ਮੇਰੇ ਨਾਲ ਆਉ, ਆਪਾਂ ਫਕੀਰ ਬਣੀਏ। ਬੜਾ ਵਧੀਆ ਕੰਮ ਹੈ ਇਹ, ਬਸ ਲੋਕਾਂ ਦੇ ਘਰਾਂ ਵਿਚ ਰੋਟੀਆਂ ਮੰਗ ਕੇ ਖਾਣੀਆਂ, ਕੋਈ ਕੰਮ ਨਾ ਕਰਨਾ, ਨਾ ਹੀ ਮੱਝਾਂ ਚਾਰਨੀਆਂ ਨਾ ਉਹਨਾਂ ਦਾ ਦੁਧ ਚੋਣਾ। ਬਸ ਕੰਨ ਪੜਵਾ ਕੇ ਪਿੰਡੇ ਨੂੰ ਸੁਆਹ ਮਲ ਲੈਣੀ ਹੈ, ਫਿਰ ਸਾਰੇ ਸੰਸਾਰ ਦਾ ਗੁਰੂ ਹੋਣ ਦਾ ਐਲਾਨ ਕਰ ਦੇਈਦਾ ਹੈ। ਨਾ ਕਿਸੇ ਘਰ ਖੇਤ ਵਿਚ ਦਿਹਾੜੀ ਕਰਨੀ, ਨਾ ਖੁਦ ਕੋਈ ਕੰਮ ਕਰਨਾ, ਨਾ ਰੁਜਗਾਰ ਦਾ ਕੋਈ ਫਿਕਰ ਕਰਨਾ। ਹਾਂ ਸਾਰਿਆਂ ਤੋਂ ਪੂਜਾ ਕਰਾਉਣੀ ਵੱਡੇ ਨਾਢੂ ਸ਼ਾਹ ਵਾਂਗ ਆਕੜ ਵਿਚ ਹੰਕਾਰ ਵਿਚ ਜੀਵਨ ਬਤੀਤ ਕਰੋ। ਇਹ ਤਾਂ ਕੰਮ ਹੀ ਬੜਾ ਵਧੀਆ ਹੈ। ਕਵਿਤਾ ਇਉਂ ਹੈ:
ਹੋਕਾ ਫਿਰੇ ਦੇਂਦਾ ਪਿੰਡਾਂ ਵਿਚ ਸਾਰੇ ਆਉ ਕਿਸੇ ਫਕੀਰ ਭੀ ਹੋਵਣਾ ਜੇ।
ਮੰਗ ਖਾਵਣਾ ਕੰਮ ਨਾ ਮੂਲ ਕਰਨਾ, ਤੇ ਨਾ ਕੁਝ ਚਾਰਨਾ ਨਾ ਕੁਝ ਚੋਵਣਾ ਜੇ।
ਜਰਾ ਕੰਨ ਪੜਾ ਸਵਾਹ ਮਲਣੀ, ਗੁਰੂ ਸਾਰੜੇ ਜਗਤ ਦਾ ਹੋਵਣਾ ਜੇ।
ਨਾ ਦਿਹਾੜੀ ਨਾ ਕਸਬ ਰੁਜਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫਤ ਦਾ ਹੋਵਣਾ ਜੇ। (ਵਾਰਿਸ਼ ਸ਼ਾਹ)
ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰਾਂ ਦੀਆਂ ਪੰਕਤੀਆਂ ਸ਼ਬਦ ਹਨ ਜਿਥੇ ਸਤਿਗੁਰੂ ਜੀ ਅਪਣੇ ਕੇਸਾਂ ਦਾ ਚੌਰ ਕਰਕੇ, ਸਾਧੂਆਂ ਸੰਤਾਂ ਸਿੱਖਾਂ ਦੇ ਚਰਨ ਝਾੜਨ ਬਾਰੇ ਲਿਖਦੇ ਹਨ। ਕੀ ਇਹ ਯੋਗ ਹੈ ਕਿ ਸਤਿਗੁਰੂ ਜੀ ਮਹਾਨ ਉਚੀ ਪਦਵੀ ਵਾਲੇ, ਅਪਣੇ ਸੇਵਕਾਂ ਦੇ ਚਰਨ ਸੀਸ ਦੇ ਕੇਸਾਂ ਨਾਲ ਸਾਫ ਕਰਨ? ਕੀ ਇਸ ਤਰਾਂ ਸੰਭਵ ਭੀ ਹੈ? ਜਵਾਬ ਹੋਵੇਗਾ ਨਹੀਂ।
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ।। (500)
ਅਗਲੀ ਤੁਕ ਵਿਚ ਸਤਿਗੁਰੂ ਜੀ ਅਤੀ ਨਿਮਰਤਾ ਦਾ ਸਬੂਤ ਦੇ ਰਹੇ ਹਨ, ਕਿ ਮੈਂ ਅਪਣੇ ਕੇਸਾਂ ਦਾ ਪੱਖਾ ਤਿਆਰ ਕਰ ਲਵਾ ਸੰਤ ਨੂੰ ਹਵਾ ਝੱਲਾਂ। ਫਿਰ ਸੰਤ ਦੇ ਚਰਨ ਅਪਣੇ ਕੇਸਾਂ ਨਾਲ ਸਾਫ ਕਰਾਂ, ਸੀਸ ਚਰਨਾ ਤੇ ਰੱਖਦਿਆਂ, ਸੰਤ ਦੇ ਚਰਨਾਂ ਦੀ ਧੂੜੀ ਚਿਹਰੇ ਤੇ ਮਲ ਲਵਾਂ ...। ਉਹ ਕਿਹੜਾ ਮਹਾਨ ਸੰਤ ਹੈ ਜਿਸ ਅੱਗੇ ਪੰਚਮ ਗੁਰਦੇਵ ਸੀਸ ਝੁਕਾ ਰਹੇ ਹਨ? ਉਹ ਹੈ ਸਤਿਗੁਰੂ ਨਾਨਕ ਸਾਹਿਬ, ਅਤੇ ਪ੍ਰਭੂ ਪ੍ਰਮਾਤਮਾ। ਵਾਕ ਹਨ:
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ।। ਸੀਸ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ।। (745)
ਅੱਗੇ ਸਤਿਗੁਰੂ ਜੀ ਹੋਰ ਫੁਰਮਾਨ ਕਰਦੇ ਹਨ - ਹੇ ਵਾਹਿਗੁਰੂ ! ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ। ਉਹਨਾਂ ਦੀ ਸੇਵਾ ਮੈਂ ਅਪਣੇ ਕੇਸਾਂ ਦਾ ਚਉਰ ਬਣਾ ਕੇ ਚਰਨ ਝਾੜਦਿਆਂ ਕਹਾਂ। ਉਹਨਾ ਦੀ ਚਰਨ ਧੂੜੀ ਮੱਥੇ (ਮੁਖਿ) ਨੂੰ ਜਾਵਾਂ।
ਮੇਰੇ ਰਾਮ ! ਹਰਿ ਜਨ ਕੈ ਹਉ ਬਲਿ ਜਾਈ।। ਕੇਸਾਂ ਕਾ ਕਰਿ ਚਵਰੁ ਢੁਲਾਵਾ ਚਰਣਧੂੜਿ ਮੁਖਿ ਲਾਈ।। (749)
ਹੋਰ ਵੇਖੋ - ਟਹਲ ਕਰਉ ਤੇਰੇ ਦਾਸ ਕੀ ਪਗਝਾਰਉ ਬਾਲ।। ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ।।(810)
ਹੇ ਭਾਈ ! ਮੈਂ ਪ੍ਰਮਾਤਮਾ ਦੇ ਸੇਵਕਾਂ ਦੀ ਸੇਵਾ ਕਰਦਾ ਰਹਾਂ, ਤਿਨਾਂ ਦੇ ਚਰਨ ਅਪਣੇ ਕੇਸਾਂ ਨਾਲ ਸਾਫ ਕਰਾਂ। ਮੈਂ ਅਪਣਾ ਸਿਰ ਉਹਨਾਂ ਨੂੰ ਭੇਟਾ ਵਿਚ ਚੜਾ ਦਿਆਂ, ਫਿਰ ਉਹਨਾਂ ਤੋਂ ਰਬ ਦੇ ਨਾਮ ਦੀ ਮਹਿਮਾ ਸੁਣਾ। ਗੁਰਬਾਣੀ ਵਿਚ ਇਕੋ ਵਿਚਾਰ ਨੂੰ ਕਈ ਕਈ ਢੰਗ ਤਰੀਕਿਆਂ ਨਾਲ ਬਿਆਨ ਕੀਤਾ ਗਿਆ ਹੈ, ਤਾਂ ਕਿ ਗਲ ਰੋਚਕ ਭੀ ਬਣੀ ਰਹੇ, ਹਰ ਇਕ ਦੇ ਸਮਝ ਗੋਚਰੀ ਭੀ ਰਹੇ। ਇਕ ਉਦਾਹਰਣ ਗੁਰਬਾਣੀ ਵਿਚੋਂ ਦੇ ਕੇ ਸਪਸਟ ਕਰਨ ਦੀ ਕੋਸਿਸ ਕਰ ਰਿਹਾ ਹਾਂ। ਗੁਰਬਾਣੀ ਵਿਚ ਤੇ ਸਿੱਖ ਸਬਦਾਵਲੀ ਵਿਚ "ਅੰਮ੍ਰਿਤ" ਸਬਦ ਬਹੁਤ ਵਾਰੀ ਆਉਂਦਾ ਹੈ। ਜਰਾ ਨੀਝ ਲਾ ਕੇ ਪਰਖ ਕਰੋ, ਕਿਨ੍ਹਾਂ ਕਿਨ੍ਹਾਂ ਅਰਥਾਂ ਵਿਚ ਅੰਮ੍ਰਿਤ ਸਬਦ ਦੀ ਵਰਤੋਂ ਹੋਈ ਹੈ।
ਨਾਮ - ਅੰਮ੍ਰਿਤ ਨਾਮੁ ਮੰਨਿ ਵਸਾਏ ।। ਹਉਮੈ ਮੇਰਾ ਸਭੁ ਦੁਖੁ ਗਵਾਏ ।। (118)
ਬਾਣੀ - ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ।। (118)
ਜੁਬਾਨ - ਅੰਮ੍ਰਿਤ ਬੋਲੈ ਸਦਾ ਮੁਖਿ ਵੈਣੀ।। (118)
ਨਿਗਾਹ - ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ।। (118)
ਸਤਿਗੁਰੂ - ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ, ਅੰਮ੍ਰਿਤੁ ਕਹੈ ਕਹਾਏ।। (1423)
ਹੁਕਮ - ਅਮਰਦਾਸਿ ਅੰਮਿਰਤ ਛਤ੍ਰ ਗੁਰ ਰਾਮਹਿ ਦੀਅਉ।। (1408)
ਵੇਲਾ - ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। (ਜਪੁਜੀ)
ਮੱਖਣ - ਰਸਨਾ ਨਾਮ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤ ਪਾਵਹੁ।। (728)
ਦੁੱਧ - ਸੋਇਨ ਕਟੋਰੀ ਅੰਮ੍ਰਿਤ ਭਰੀ।। ਲੇ ਨਾਮੇ ਹਰਿ ਆਗੈ ਧਰੀ।। (1163)
ਆਬਿਰਯਾਤ - ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ।। (102)
ਊਚੇ - ਜਿਹਵੇ ਅੰਮ੍ਰਿਤ ਹਰਿ ਗੁਣ ਗਾਉ।। (1219)
ਭੋਜਨ - ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।। (269)
ਸਬਦ - ਅੰਮ੍ਰਿਤ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ।। (644)
ਸੁਧਾਰ - ਬਿਖੁ ਸੇ ਅੰਮ੍ਰਿਤੁ ਭਏ ਗੁਰਮਤਿ ਬੁਧਿ ਪਾਈ।। ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ।। (565)
ਨੇਕੀ - ਗੁਰਸਿਖੀ ਹਰਿ ਅੰਮ੍ਰਿਤ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤ ਪਾਇਆ।। (304)
ਸਰੀਰ - ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ।। (154)
ਇਸੇ ਤਰਾਂ ਪਰਉਪਕਾਰੀ ਸਖਸੀਅਤ ਰੱਬੀ ਨੂਰ ਜਗਤ ਤਾਰਕ ਸਤਿਗੁਰੂ ਸਹਿਬਾਨ ਨੂੰ ਅਣਗਿਣਤ ਢੰਗਾਂ ਨਾਲ ਮਾਣ ਦਿਤਾ ਗਿਆ ਹੈ। ਉਸ ਵਿਚੋਂ ਕੁਝ ਵੰਨਗੀਆਂ ਗੁਰਬਾਣੀ ਵਿਚੋਂ ਹਾਜਰ ਹਨ:
ਗੁਰ ਦਾਤਾ, ਗੁਰੁ ਹਿਵੇ ਘਰੁ, ਗੁਰੁ ਦੀਪਕ, ਤਿਹ ਲੋਇ।। (137)
ਗੁਰੂ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ।। ਨਾਨਕ ਗੁਰ ਬਿਨੁ ਮਨਕਾ ਤਾਕ ਨ ਉਘੜੈ ਅਵਰੁ ਨ ਕੂੰਜੀ ਹਥਿ।। (1237)
ਗੁਰ ਬੋਹਿਥ ਤਾਰੇ ਭਵਪਾਰਿ।। ਗੁਰ ਸੇਵਾ ਜਮ ਤੇ ਛੁਟਕਾਰਿ।। (864)
ਗੁਰੂ ਗੋਬਿੰਦ, ਗੋਬਿੰਦੁ ਗੁਰੂ ਹੈ, ਨਾਨਕ ਭੇਦੁ ਨਾ ਭਾਈ।। (442)
ਗੁਰੂ ਪਉੜੀ, ਬੇੜੀ ਗੁਰੂ, ਗੁਰੂ ਤੁਲਹਾ, ਹਰਿ ਨਾਉ।। ਗੁਰੁ ਸਰੁ ਸਾਗਰੁ ਬੋਹਿਥੋ, ਗੁਰੂ ਤੀਰਥੁ ਦਰੀਆਉ।। (17)
ਗੁਰ ਦਰੀਆਉ ਸਦਾ ਜਲੁ ਨਿਰਮਲੁ ,ਮਿਲਿਆ ਦੁਰਮਤਿ ਮੈਲ ਹਰੈ।। (1329)
ਗੁਰਦੇਵ ਤੀਰਥੁ, ਅੰਮ੍ਰਿਤੁ ਸ੍ਰੋਵਰ, ਗੁਰ ਗਿਆਨੁ ਮਜਨੁ ਅਪਰੰਪਰਾ।। (250)
ਗੁਰ ਸਾਗਰੁ ਅੰਮ੍ਰਿਤਸਰੁ ਜੋ ਇਛੇ ਜੋ ਫਲੁ ਪਾਏ।। (1012)
ਹੋਰ ਵਿਸਥਾਰ ਨਾਂ ਦਿੰਦਿਆਂ ਸਮੇਟਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਤਿਗੁਰੂ ਜੀ ਨੂੰ ਹੀ ਸਾਜਨ, ਮਿਤਰ, ਪਿਆਰਾ, ਸਖਾ ਬੰਧਪ, ਪਤੀ, ਪਿਤਾ, ਭਰਾ, ਰੁਖ, ਪਾਰਜਾਤ, ਕਾਮਧੇਨ, ਪਾਰਸ, ਪਰਬਤ, ਸੂਰਜ, ਚੰਦਰਮਾ ਆਦਿ ਅਨੇਕ ਵਿਸ਼ੇਸ਼ਣਾ ਦੁਆਰਾ ਵਡਿਆਈ ਦਿਤੀ ਗਈ ਹੈ। ਇਸੇ ਤਰ੍ਹਾਂ ਬਹੁਤੀਆਂ ਥਾਵਾਂ ਤੇ ਸੰਤ ਸਾਧ ਸ਼ਬਦ ਭੀ ਸਤਿਗੁਰੁ ਜੀ ਲਈ ਹੀ ਵਰਤਿਆ ਗਿਆ ਹੈ। ਗੁਰੂ ਨੂੰ "ਜਨ" ਭੀ ਆਖਿਆ ਹੈ, ਵੰਨਗੀ ਵੇਖੋ:
ਜਨਮ ਮਰਣ ਦੁਹਰੂ ਮਹਿ ਨਾਹੀ "ਜਨ" ਪਰਉਪਕਾਰੀ ਆਏ।। (749)
ਧੰਨੁ ਧੰਨੁ ਧੰਨੁ "ਜਨੁ" ਆਇਆ।। ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ।।
"ਜਨ" ਆਵਨ ਕਾ ਇਹੈ ਸੁਆਉ।। "ਜਨ" ਕੇ ਸੰਗਿ ਚਿਤਿ ਆਵੈ ਨਾਉ।।
"ਆਪ" ਮੁਕਤੁ, ਮੁਕਤੁ ਕਰੈ ਸੰਸਾਰੁ।। ਨਾਨਕ ਤਿਸੁ "ਜਨ" ਕਉ ਸਦਾ ਨਮਸਕਾਰੁ।। (295)
ਸਾਰੀ ਵਿਚਾਰ ਦਾ ਸਿਟਾ ਇਹ ਕਿ ਸਿੱਖ ਵਾਸਤੇ, ਕੇਵਲ ਸਤਿਗੁਰੂ ਸਹਿਬਾਨ ਸਿਰ ਦਾ ਤਾਜ ਹਨ। ਹਿਰਦੇ ਰੂਪੀ ਤਖਤ ਦੇ ਬਾਦਸ਼ਾਹ ਹਨ, ਬਾਕੀ ਸਾਰੇ ਸਿੱਖਾਂ ਦੇ ਭਰਾ ਭੈਣਾਂ ਹਨ। ਸੰਤ ਸਾਧ ਕੋਈ ਵਿਸੇਸ ਹਸਤੀ ਇਸ ਪੰਥ ਵਿਚ ਸਵੀਕਾਰ ਨਹੀ ਕੀਤੀ ਗਈ। ਜਦੋਂ ਸਾਰਾ ਪੰਥ ਬਰਾਬਰ ਹੈ, ਫਿਰ ਕਿਉ ਕੋਈ ਊਚਾ ਹੋਣ ਦਾ ਪਾਪ ਕਰੇ? ਕਿਉ ਅਪਣੇ ਭਰਾਵਾਂ ਭੈਣਾਂ ਤੋਂ ਪੈਰੀ ਹੱਥ ਲੁਆਵੇ? ਕਿਉ ਅਪਣੀ ਪੂਜਾ ਕਰਾਵੇ? ਪਾਵਨ ਗੁਰਬਾਣੀ ਪੈਂਤੀ ਮਹਾਂਪੁਰਖਾਂ ਨੇ ਉਚਾਰਣ ਕੀਤੀ ਹੈ, ਤਿਨਾ ਨੂੰ ਬਾਰ ਬਾਰ ਨਮਸਕਾਰ ਹੈ। ਉਹ ਕਿਹੜਾ ਸਾਧ ਹੈ ਜਿਸ ਨੇ ਬਾਣੀ ਉਚਾਰਨ ਕੀਤੀ ਹੈ? ਉਹ ਭੀ ਮਹਾਨ ਸਤਿਗੁਰੂ ਸਾਧ ਹੀ ਹੈ। ਪਾਵਨ ਵਾਕ ਹਨ:
ਉਥੈ ਅੰਮ੍ਰਿਤ ਵੰਡੀਐ ਸੁਖੀਆ ਹਰਿ ਕਰਣੇ।। ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ।।
ਜਿਸ ਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਣੇ।। "ਬਾਣੀ ਉਚ ਰਹਿ ਸਾਧ ਜਨ" ਅਮਿਉ ਚਲਹਿ ਝਰਣੇ।।
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ।। (320)
ਇਕ ਵਖਰਾ ਵਰਗ (ਸਾਧ ਸੰਤ ਵਰਗ) ਸਿੱਖਾਂ ਵਿਚ ਪੈਦਾ ਹੋ ਕੇ ਖਤਰਨਾਕ ਹਦ ਤਕ ਪ੍ਰਫੂਲਤ ਹੋ ਚੁਕਿਆ ਹੈ। ਜੋ ਸਤਿਗੁਰੂ ਦੀ ਬਰਾਬਰੀ ਕਰਨ ਦਾ ਪਾਪ ਕਰਮ ਕਰਦਾ ਪ੍ਰਤੱਖ ਦਿਸ ਰਿਹਾ ਹੈ। ਇਹਨਾਂ ਨੂੰ ਸਤਿਗੁਰੂ ਦੀ ਹਰ ਇਕ ਮਰਿਆਦਾ, ਵਿਸਰ ਚੁਕੀ ਹੈ, ਅਪੋ ਅਪਣੀ ਡੇਰੇਦਾਰੀ ਦੀ ਅਲੱਗ ਅਲੱਗ ਮਰਿਆਦਾ ਹੈ। ਵਾਹਿਗੁਰੂ ਜੀ ਕੀ ਫਤਿਹ ਦਾ ਭੋਗ ਪਾ ਦਿਤਾ ਗਿਆ ਹੈ, ਗੋਡੇ ਗਿੱਟੇ ਪੂਜਣ ਦੀ ਪਿਰਤ ਸੁਰੁ ਕਰਵਾ ਦਿਤੀ ਗਈ ਹੈ। ਜੇ ਸੰਗਤਾਂ ਨੂੰ ਗੁਰਬਾਣੀ ਦਾ ਗਿਆਨ ਵਸੀਹ ਪੈਮਾਨੇ ਤੇ ਨਾਂ ਦਿਤਾ ਗਿਆ ਤਾਂ ਬਹੁਤ ਨੁਕਸਾਨ ਹੋ ਚੁਕਿਆ ਹੋਵੇਗਾ। ਜਿਸ ਦੀ ਪੂਰਤੀ ਹੋਣੀ ਨਾ ਮੁਮਕਿਨ ਹੋ ਜਾਵੇਗੀ। ਕਿੰਨਾ ਚੰਗਾ ਹੋਵੇ ਇਹ ਸਾਰੇ ਪ੍ਰਚਾਰਕ (ਸਾਧ ਲਾਣਾ) ਕੇਵਲ ਸਿੱਖ ਬਣਕੇ ਗੁਰੂ ਦੀ ਬਾਣੀ ਅਤੇ ਇਤਿਹਾਸ ਦਾ ਪ੍ਰਚਾਰ ਕਰਨ। ਆਪੋ ਅਪਣੇ ਡੇਰਿਆਂ ਵਿਚਲੇ ਪਹਿਲਾਂ ਹੋ ਗੁਜਰੇ ਬਾਬਿਆਂ ਦੀਆਂ ਕਥਾ ਕਹਾਣੀਆਂ, ਪਾਉਣ ਤੋਂ ਅਪਣੇ ਆਪ ਨੂੰ ਵਰਜ ਲੈਣ। ਹੈ ਕੋਈ ਪੰਥ ਪਿਆਰ ਵਾਲਾ ਆਗੂ, ਜੋ ਇਸ ਭਿਆਨਕ ਦਸਾਤਕ ਵਿਗੜੇ ਹਾਲਾਤ ਨੂੰ ਸੁਧਾਰਨ ਵਾਸਤੇ, ਸਾਰਥਕ ਹੰਭਲਾ ਮਾਰੇ? ਸਤਿਗੁਰੂ ਬਹੁੜੀ ਕਰਨ