ਸਾਧ ਦੀਆਂ ਨੰਗੀਆਂ ਲੱਤਾਂ ਦਾ ਇਕ ਹੋਰ ਪੁਆੜਾ?
ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ
ਖਾਲਸਾ ਜੀ! ਇਸ ਸਾਧ (ਦਲਜੀਤ) ਕੋਲ ਤਾਂ ਆਪਣੇ ਵੱਡੇ ਤੋਂ ਵੱਡੇ ਜੱਥੇਦਾਰ ਵੀ ਆ ਕੇ ਠਹਿਰਦੇ ਹਨ ਤੇ ਇਸ ਨੇ ਉਨ੍ਹਾਂ ਦੀ ਵੀ ਮੁਠੀ-ਚਾਪੀ ਗੋਰੇ ਭਾਈਚਾਰੇ ਕੋਲੋਂ ਕਰਵਾਈ ਹੈ। ਇਸ ਕਰਕੇ ਹੀ ਉਨ੍ਹਾ ਨੇ ਇਸ ਨੂੰ ਮਾਨਮਾਨੀਆਂ ਕਰਨ ਦੀ ਇਜ਼ਾਜ਼ਤ ਦਿੱਤੀ ਹੋਈ ਹੈ। ਬਹੁਤ ਚਿਰ ਪਹਿਲਾਂ ਮੈਨੂੰ ਇਹ ਵੀ ਪਤਾ ਚੱਲਿਆ ਸੀ ਕਿ ਹਰਭਜਨ ਸਿੰਘ ਜੋਗੀ, ਜਿਸ ਨੇ ਕਾਫੀ ਸਾਰੇ ਗੋਰੇ ਤੇ ਗੋਰੀਆਂ ਨੂੰ ਸਿੱਖੀ ਵਿਚ ਤਬਦੀਲ ਕੀਤਾ ਹੋਇਆ ਹੈ, ਨੇ ਜਿਹੜੇ ਜਿਹੜੇ ਵੀ ਵੱਡੇ ਬੰਦੇ/ਜੱਥੇਦਾਰ ਉਸ ਕੋਲ ਆ ਕੇ ਠਹਿਰੇ ਹਨ ਉਨ੍ਹਾਂ ਸਾਰਿਆਂ ਦੀ ਗੋਰੀਆਂ ਕੋਲੋਂ ਮਾਲਸ਼ ਨੂੰ ਕੈਮਰਾ ਬੰਦ ਕੀਤਾ ਹੋਇਆ ਹੈ। ਇਸ ਕਰਕੇ ਜੋਗੀ ਜੀ ਵੀ ਕਦੇ ਅਕਾਲ ਤਖਤ ਤੇ ਤਲਬ ਨਹੀ ਕੀਤੇ ਗਏ। ਜੇ ਕਦੇ ਉਹ ਫਿਰ ਵੀ ਬੋਲਣ ਲੱਗੇ ਤਾਂ ਡੇਢ-ਦੋ ਕਰੋੜ ਦੇ ਹੀਰਿਆਂ ਜੜੀ ਕਿਰਪਾਨ ਭੇਟ ਕਰਕੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਗਿਆ। ਇਸ ਕਰਕੇ ਹੀ ਤਾਂ ਦੋ ਕੁ ਸਾਲ ਪਹਿਲਾਂ ਸ਼੍ਰੋ. ਗੁ. ਪ੍ਰ. ਕਮੇਟੀ ਕੋਲ ਇਸ ਕਿਰਪਾਨ ਦੇ ਨਾ ਹੋਣ ਦਾ ਰੌਲਾ ਪਿਆ ਸੀ ਪਰ ਬਾਅਦ ਵਿਚ ਬਗੈਰ ਹੀਰਿਆਂ ਦੇ ਕਿਰਪਾਨ ਜ਼ਰੂਰ ਮਿਲ ਗਈ ਸੀ।
1968-69 ਅੰਮ੍ਰਿਤਸਰ ਸ਼ਹਿਰ ਵਿਚ ਇਕ ਸਾਲ ਬਤਾਉਣ ਕਾਰਣ ਸੰਤ ਚੰਨਣ ਸਿੰਘ ਤੇ ਸੰਤ ਫਤਿਹ ਸਿੰਘ ਹੋਰਾਂ ਦੀ ਨਿਜ਼ੀ ਜ਼ਿੰਦਗੀ ਬਾਰੇ ਕਾਫੀ ਪਤਾ ਚੱਲਿਆ। ਜਸਟਿਸ ਗੁਰਨਾਮ ਸਿੰਘ, ਜੋ ਪੰਜਾਬ ਦੇ ਚੀਫ-ਮਨਿਸਟਰ ਵੀ ਰਹੇ ਹਨ, ਨਾਲ ਉਨ੍ਹਾਂ ਦੇ ਆਪਣੇ ਪਿੰਡ ਦੇ ਸਰਪੰਚ ਸ੍ਰ. ਗੱਜਣ ਸਿੰਘ ਹੋਰਾਂ ਦੀ ਜਬਾਨੀ, "ਮੈਂ ਸਮਝਦਾ ਸਾਂ ਕਿ ਦੋ ਕੁ ਸਾਧ ਚੰਗੇ ਹੋ ਸਕਦੇ ਹਨ ਪਰ ਅੱਜ ਦੇਖ ਲਿਆ ਕਿ ਸਾਧ ਕੋਈ ਵੀ ਚੰਗਾ ਨਹੀ"। 1969 ਦੀਆਂ ਚੋਣਾਂ ਸਨ ਤੇ ਪ੍ਰਚਾਰ ਦੌਰੇ ਦੁਰਾਨ ਸ੍ਰ. ਗੁਰਨਾਮ ਸਿੰਘ ਜੀ ਸੰਤ ਦਰਬਾਰੀ ਦਾਸ ਦੇ ਡੇਰੇ ਵੋਟਾਂ ਦੀ ਖਾਤਰ ਚਲੇ ਗਏ। ਭੋਰੇ ਦੇ ਦਰਵਾਜ਼ੇ ਮੂਹਰੇ ਇਕ ਆਦਮੀ ਨੰਗੀ ਤਲਵਾਰ ਲਈ ਪਹਿਰਾ ਦੇ ਰਿਹਾ ਹੈ ਤੇ ਆਖਦਾ ਹੈ ਕਿ ਸੰਤਾਂ ਨੂੰ ਕੋਈ ਮਿਲ ਨਹੀ ਸਕਦਾ। ਆਖਰ ਨੂੰ ਸ੍ਰ. ਗੁਰਨਾਮ ਸਿੰਘ ਜੀ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ਪਕੜੋ। ਧੱਕੇ ਨਾਲ ਦਰਵਾਜ਼ਾ ਖੋਲਿਆ ਤੇ ਦੇਖਿਆ ਕਿ ਸੰਤ ਜੀ ਨੰਗੇ ਪਏ ਇਕ ਜ਼ਨਾਨੀ ਤੋਂ ਮਾਲਸ਼ ਕਰਵਾ ਰਹੇ ਸਨ। ਹੋ ਸਕਦਾ ਹੈ ਕਿ ਬਾਕੀ ਦਾ ਪ੍ਰੋੁਗਰਾਮ ਕੁਝ ਸਮੇਂ ਮੁਲਤਵੀ ਕਰ ਦਿੱਤਾ ਗਿਆ ਹੋਵੇ। ਦਰਬਾਰੀ ਦਾਸ ਦੇ ਆਪਣੇ ਦੋ ਕੁੜੀਆਂ ਹੀ ਸਨ ਪਰ ਲੋਕਾਂ ਦੀਆਂ ਜ਼ਨਾਨੀਆ ਨੂੰ ਉਹ ਮੁੰਡੇ ਜ਼ਰੂਰ ਦਿਆ ਕਰਦਾ ਸੀ। ਇਸੇ ਹੀ ਤਰ੍ਹਾਂ ਬਾਘੇ ਪੁਰਾਣੇ ਵਾਲੇ ਸੰਤ ਗੁਰਮੇਲ ਸਿੰਘ ਨੂੰ ਮੈਂ ਆਪਣੇ ਬਚਪਨ ਤੋਂ ਹੀ ਕਾਫੀ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਉਸਦੀ ਬਣਾਈ ਹੋਈ ਧਰਮ-ਭੈਣ ਪਿੰਡ ਜਿਉਣ ਵਾਲੇ ਮੇਰੇ ਗੁਆਂਢ ਵਿਚ ਵਿਆਹੀ ਹੋਈ ਸੀ ਤੇ ਇਸ ਸੰਤ ਬਾਰੇ ਬਾਕੀ ਦੀ ਜਾਣਕਾਰੀ ਦਿੱਲ੍ਹੀ ਵਿਚ ਰਹਿੰਦਿਆਂ (1986-99) ਇਕੱਠੀ ਕਰ ਲਈ ਸੀ। ਗੁਰਮੇਲ ਸਿੰਘ ਨੂੰ ਬਾਘੇ ਪੁਰਾਣੇ ਭੋਰੇ ਵਿਚ ਸੀ. ਡੀ. ਆਈ ਇੰਨਸਪੈਕਟਰ ਠਾਕੁਰ ਸਿੰਘ ਨੇ ਰੰਗੇ ਹੱਥੀਂ ਪਕੜਿਆ। ਪਿਛਲੇ ਕੁੱਝ ਸਮੇਂ ਵਿਚ ਤੁਸੀਂ ਮਾਨ ਸਿੰਘ ਪਿਹੋਵਾ, ਰਣਜੀਤ ਸਿੰਘ ਢੱਢਰੀਆਂ, ਢੱਕੀ ਵਾਲੇ ਸੰਤਾਂ, ਸਾਧ ਧਨਵੰਤ ਸਿੰਘ ਤੇ ਸੰਤ ਮੱਖਣ ਸਿੰਘ ਸੱਤੋ ਦੀ ਗਲੀ ਵਾਲਿਆਂ ਦੇ ਕੁੜਮ ਨੂੰ ਰੇਪ ਦੇ ਕੇਸ ਵਿਚ ਦਸ ਸਾਲ ਦੀ ਸਜ਼ਾ ਆਦਿ ਬਾਰੇ ਬਹੁਤ ਕੁੱਝ ਸੁਣ ਚੁਕੇ ਹੋ। ਰੱਬ ਦੀ ਰਹਿਮਤ ਹੋਵੇ ਕਿ ਸਿੱਖ ਕੌਮ ਆਪਣੀ ਬੇਹੋਸ਼ੀ ਦੀ ਹਾਲਤ ਵਿਚੋਂ ਹੋਸ਼ੀ ਦੀ ਹਾਲਤ ਵਿਚ ਵਾਪਸ ਆਵੇ ਤੇ 1925 ਤੋਂ ਪੈਦਾ ਹੋਏ ਸਾਰੇ ਦੇ ਸਾਰੇ ਸਾਧਾਂ ਨੂੰ ਨਿਕਾਰ ਦੇਵੇ। ਗੁਰੂ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਸਿੱਖ ਧਰਮ ਵਿਚ ਕੋਈ ਵੀ ਸਾਧ ਜ਼ਾਂ ਸੰਤ ਨਹੀ ਅਖਵਾਇਆ। ਸਿਰਫ ਭਾਈ ਜ਼ਾਂ ਬਾਬਾ ਨਾਮ ਹੀ ਪ੍ਰਚੱਲਤ ਸੀ। ਜਿਵੇਂ ਭਾਈ ਮਰਦਾਨਾ ਤੇ ਬਾਬਾ ਬੁਢਾ ਜੀ ਆਦਿ। ਗੁਰੂ ਗ੍ਰੰਥ ਸਾਹਿਬ ਮੁਤਾਬਕ ਸਿੱਖੀ ਵਿਚ ਕਿਸੇ ਵਿਹਲੜ ਅਤੇ ਲੋਕਾਂ ਦੀ ਕਮਾਈ ਤੇ ਪਲਣ ਵਾਲੇ ਸੰਤ ਨੂੰ ਕੋਈ ਥਾਂ ਨਹੀ। ਅੱਜ ਸਾਧ ਲਫਜ਼ ਦੀ ਨਿਰਾਦਰੀ ਹੋ ਚੁਕੀ ਹੋਣ ਕਰਕੇ ਇਹ ਲੋਕ ਆਪਣੇ ਆਪ ਨੂੰ ਬਾਬਾ ਜੀ ਜ਼ਾਂ ਸੰਤ ਬਾਬਾ ਜ਼ਾਂ ਬਾਬਾ ਸੰਤ ਅਖਵਾਉਣਾ ਜ਼ਿਆਦਾ ਪਸੰਦ ਕਰਦੇ ਹਨ।
ਇਸ ਵਾਰ ਆਪਾਂ ਗੱਲ ਕਰਦੇ ਹਾਂ ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਦੀ। ਖਾੜਕੂ ਲਹਿਰ ਦੇ ਜ਼ੋਰ ਵਿਚ ਥੋੜਾ ਜਿਹੀ ਢਿੱਲ਼-ਮੱਠ ਆਉਣ ਤੋਂ ਜਲਦੀ ਬਾਅਦ ਦਲਜੀਤ ਸਿੰਘ ਸ਼ਿਕਾਗੋ, ਅਨੰਦ-ਪੁਰ ਸਾਹਿਬ ਗ੍ਰੰਥੀ ਤੋਂ ਦੋ ਕੁ ਮਹੀਨਿਆਂ ਲਈ ਜੱਥੇਦਾਰ ਬਣੇ ਤੇ ਇਸੇ ਸਮੇਂ ਦੇ ਦਰਮਿਆਨ ਹੀ ਇਨ੍ਹਾਂ ਨੇ ਆਪਣੀ ਚਾਤਰ ਬੁਧੀ ਨਾਲ ਅਮਰੀਕਾ ਦਾ ਵੀਜ਼ਾ ਲੈ ਲਿਆ ਤੇ ਬਾਹਰ ਆ ਗਏ। ਰਿਚਮੁੰਡ ਹਿਲ (ਨਿਉਯਾਰਕ) ਗੁਰਦੁਆਰਾ ਸਾਹਿਬ ਵਿਚ, ਗੁਰਦੁਆਰਾ ਸਾਹਿਬ ਦੀ ਮੈਨਿਜ਼ਮਿੰਟ ਨੇ ਕਮੇਟੀ ਦੇ ਭਿਣਕ ਪੈਣ ਤੇ ਗੁਰਦੁਆਰੇ ਦੇ ਕਮਰੇ ਵਿਚ ਹੀ ਦਲਜੀਤ ਸਿੰਘ ਨੂੰ ਰੰਗੇ ਹੱਥੀ ਫੜ ਲਿਆ। ‘ਅਪਰਾਧੀ ਦੂਣਾ ਨਿਵੈ’ ਦੇ ਫੁਰਮਾਣ ਮੁਤਾਬਕ ਤੇ ਜੱਥੇਦਾਰੀ ਦਾ ਵਾਸਤਾ ਪਾਉਂਦਾ ਹੋਇਆ ਇਹ ਚਲਾਕ ਦਲਜੀਤ ਸਿੰਘ ਕਮੇਟੀ ਕੋਲੋਂ ਜੁਤੀਆਂ ਦੀ ਬੁਛਾੜ ਖਾ ਕੇ ਛੁੱਟਣ ਵਿਚ ਸਫਲ ਹੋ ਗਿਆ ਤੇ ਇਹ ਗੱਲ ਜਨਤਾ ਵਿਚ ਜ਼ਾਹਰ ਨਾ ਹੋਈ। ਇਸ ਤੋਂ ਬਾਅਦ ਬਾਬਾ ਜੀ ਦੋ ਸਾਲ ਲਈ ਵੱਖਰੇ ਵੱਖਰੇ ਮੁਲਕਾਂ ਵਿਚ ਅਗਿਆਤ ਵਾਸ ਹੋ ਗਏ ਤੇ ਆਪਣੀ ਜੱਥੇਦਾਰੀ ਦਾ ਵਾਸਤਾ ਪਾ-ਪਾ ਕੇ ਸਿੱਖ ਕੌਮ ਨੂੰ ਲੁਟਦੇ ਰਹੇ।
ਫਿਰ ਇਨ੍ਹਾਂ ਨੂੰ ਸ਼ਿਕਾਗੋ ਵਿਚ ਦੋ ਸਕੀਆਂ ਭੈਣਾਂ ਮਿਲ ਗਈਆਂ ਜਿਨ੍ਹਾਂ ਨੇ ਇਨ੍ਹਾਂ ਨੂੰ ਇਕ ਚਰਚ ਦੀ ਬਿਲਡਿੰਗ ਗੁਰਦੁਆਰਾ ਬਣਾਉਣ ਵਾਸਤੇ ਲੈ ਕੇ ਦਿੱਤੀ ਤੇ ਬਾਬਾ ਜੀ ਨਾਲ ਐਸ਼ ਕਰਦੀਆਂ ਰਹੀਆਂ। "ਦੁਖਾਂ ਦੀ ਮਾਰੀ ਦੁਨੀਆ ਘਰ ਛੱਡਦੀ ਕੋਈ ਸਾਧ ਬਣਦਾ ਕੋਈ ਡਾਕੂ" ਕੰਮ ਦੋਹਾਂ ਦਾ ਇੱਕੋ ਹੀ ਹੈ ਇੱਕ ਬੰਦੂਕ ਦੀ ਨਾਲੀ ਤੇ ਲੋਕਾਂ ਦੀ ਲੁਟ ਮਾਰ ਕਰਦਾ ਹੈ ਤੇ ਦੂਸਰਾ ਗੱਲੀਂ ਬਾਤੀ ਲੋਕਾਂ ਨੂੰ ਲੁਟਦਾ ਹੈ। ਡਾਕੂ ਆਪਣੇ ਧੰਦੇ ਮੁਤਾਬਕ ਇਮਾਨਦਾਰ ਹੈ ਪਰ ਸਾਧ ਬੇਈਮਾਨ ਹੈ। ਡਾਕੂ ਕਹਿੰਦਾ ਹੈ ਮੈਂ ਆ ਗਿਆ ਹਾਂ, ਬੱਚ ਜਾਓ ਤੇ ਸਾਧ ਵੀ ਆਖਦਾ ਹੈ ਕਿ ਮੈਂ ਆ ਗਿਆ ਮੇਰੇ ਕੋਲ ਆਓ। ਸਾਧ ਲੋਕਾਂ ਨੂੰ ਵਿਸ਼ਵਾਸ਼ ਵਿਚ ਲੈ ਕੇ ਲੁਟਦਾ ਹੈ ਤੇ ਵਿਸ਼ਵਾਸ਼ਘਾਤ ਕਰਦਾ ਹੈ ਪਰ ਡਾਕੂ ਵਿਸ਼ਵਾਸ਼ਘਾਤ ਨਹੀ ਕਰਦਾ। ਇਸ ਕਰਕੇ ਮੁਕਾਬਲਤਨ ਡਾਕੂ ਸਾਧ ਨਾਲੋਂ ਚੰਗਾ ਹੈ। ਫਿਰ ਬਾਬਾ ਜੀ ਨੇ ਦੋਹਾਂ ਭੈਣਾਂ ਨੂੰ ਆਪਸ ਵਿਚ ਲੜਾ ਦਿੱਤਾ ਤੇ ਬਾਬਾ ਜੀ ਦਾ ਦੋਹਾਂ ਤੋਂ ਹੀ ਖਹਿੜਾ ਛੁੱਟ ਗਿਆ। ਇਸ ਤਰ੍ਹਾਂ ਬਾਬਾ ਜੀ ਦੀਆਂ ਹੀਰਾਂ ਦੀਆਂ ਕਹਾਣੀਆਂ ਦਾ ਕਿਸਾ ਅੱਗੇ ਚੱਲਦਾ ਚੱਲਦਾ ਇਸ ਨਿਉਯਾਰਕ ਵਾਲੀ ਹੀਰ ਸਲੇਟੀ ਤਕ ਪਹੁੰਚਦਾ ਹੈ।
ਇਹ ਹੀਰ ਸਲੇਟੀ ਦੀ ਕਹਾਣੀ ਕੁੱਝ ਇਸ ਤਰ੍ਹਾਂ ਹੈ। ਇਸ ਦਾ ਨਾਮ ਮੀਨਾ ਸਿੰਘ ਹੈ ਤੇ ਨਿਉਯਾਰਕ ਸਟੇਟ ਦੇ ਰਹਿਣ ਵਾਲੀ ਹੈ। ਇਸ 43 ਸਾਲਾ ਅੋਰਤ ਦੇ ਹੁਣ ਤਕ ਸਿਰਫ ਇਕ ਲੜਕੀ ਹੀ ਹੈ ਤੇ ਬਾਬਾ ਜੀ ਨੇ ਇਸ ਨੂੰ ਕੁੱਝ ਮਹੀਨੇ ਪਹਿਲਾਂ ਤਵੀਤ ਦਿੱਤੇ ਸਨ ਤੇ ਇਸ ਰਾਤ ਨੂੰ ਇਹ ਵੀਚਾਰੀ ਔਰਤ ਬਾਬਾ ਜੀ ਕੋਲੋਂ ਮੁੰਡਾ ਹੀ ਤਾਂ ਲੈਣ ਆਈ ਸੀ। ਐਵੇਂ ਵੀਚਾਰੀਆਂ ਭੁੱਲੜ ਜਿਹੀਆਂ ਸਿੱਖ ਸੰਗਤਾਂ ਨੇ ਇਕੱਠੀਆਂ ਹੋ ਕੇ ਇਸ ਵੀਚਾਰੀ ਗਰੀਬੜੀ ਔਰਤ ਦੇ ਮੁੰਡਾ ਲੈਣ ਵਾਲੇ ਕੰਮ ਵਿਚ ਵਿਘਨ ਪਾ ਦਿੱਤਾ ਹੈ ਤੇ ਫਿਰ ਬਾਬਾ ਜੀ ਨਾਲ ਇਸ ਤਰ੍ਹਾਂ ਦਾ ਮੇਲ ਮਿਲਾਪ ਸ਼ਾਈਦ ਹੀ ਹੋ ਪਾਵੇ। ਪੁਲੀਸ ਰੀਪੋਰਟ ਮੁਤਾਬਕ ਬਾਬਾ ਜੀ ਦੀ ਸ਼ਨਾਖਤ ਵੀ ਕੁੱਝ ਇਸ ਤਰ੍ਹਾਂ ਦੀ ਹੋਈ ਹੈ। ਬਾਬਾ ਦਲਜੀਤ ਸਿੰਘ, ਜਨਮ ਤਾਰੀਖ 05.03.1960, ਲੰਬਾਈ 5 ਫੁੱਟ 6 ਇੰਚ, ਭਾਰ 165 ਪੌਂਡ, ਅੱਖਾਂ ਦਾ ਰੰਗ ਭੂਰਾ। ਇਹ ਸਾਰੀ ਜਾਣਕਾਰੀ ਪੁਲੀਸ ਦੀ ਰੀਪੋਰਟ ਮੁਤਾਬਕ ਹੈ। ਕਿਸੇ ਨੂੰ ਸ਼ੱਕ ਹੋਵੇ ਤਾਂ ਮੇਰੇ ਕੋਲੋਂ ਸਾਰੀ ਜਾਣਕਾਰੀ ਈ-ਮੇਲ ਰਾਂਹੀ ਪ੍ਰਾਪੱਤ ਕੀਤੀ ਜਾ ਸਕਦੀ ਹੈ।
18 ਨਵੰਬਰ 2005 ਨੂੰ ਦਿਨੇ ਟਰੱਕ ਡਰਾਈਵਰ ਸੀ.ਬੀ. ਰੈਡੀਓ ਤੇ ਬਾਬੇ ਦੀਆਂ ਗੱਲਾਂ ਕਰਦੇ ਕਰਦੇ ਇਹ ਆਖਦੇ ਹਨ ਕਿ "ਐਨੇ ਪੈਸੇ ਕਮਾਉਂਦੇ ਹਾਂ ਪਰ ਫਿਰ ਵੀ ਭਰਾਵਾ ਆਪਣਾ ਤਾਂ ਤੋਰੀ-ਫੁਲਕਾ ਹੀ ਚੱਲਦਾ ਹੈ"।
ਮੈਂ ਸੀ. ਬੀ. ਤੇ ਘੱਟ ਹੀ ਗੱਲਾਂ ਕਰਦਾ ਹਾਂ ਤੇ ਇਸ ਗਰਮ ਖਬਰ ਕਾਰਨ ਉਸ ਦਿਨ ਮੈਂ ਵੀ ਸੀ. ਬੀ. ਰੈਡੀਓ ਲਾਇਆ ਹੀ ਹੋਇਆ ਸੀ। ਇਸ ਕਰਕੇ ਇਹ ਗੱਲ ਮੇਰੇ ਕੰਨੀ ਪੈ ਗਈ। ਮੈਂ ਕਿਹਾ ਵੀਰ ਜੀਓ, "ਆਪਣਾ ਤਾਂ ਸਿਰਫ ਦਾਲ ਫੁਲਕਾ ਹੀ ਚੱਲਦਾ ਹੈ ਤੋਰੀ ਫੁਲਕਾ ਤਾਂ ਬਾਬਿਆਂ ਦਾ ਚੱਲਦਾ ਹੈ" ਉਹ ਕਹਿਣ ਲੱਗੇ ਕਿ ਇਸ ਦਾ ਕੀ ਮਤਲਬ ਹੈ। ਮੈਂ ਕਿਹਾ ਵੀਰ ਜੀ ਤੋਰੀ ਤਾਂ ਉਹ ਹੁੰਦੀ ਹੈ ਜੋ ਨਿਉਯਾਰਕ ਤੋਂ ਆਪ ਹਵਾਈ ਜ਼ਹਾਜ ਤੇ ਚੱੜ੍ਹ ਕੇ ਆਵੇ। ਆਪਾਂ ਤਾਂ ਇਸ ਦੁਨੀਆਂ ਵਿਚ ਗੁਜ਼ਾਰਾ ਹੀ ਕਰ ਰਹੇ ਹਾਂ ਤੇ ਕਦੇ ਕਦੇ ਮਸਰਾਂ ਦੀ ਦਾਲ ਨਾਲ ਹੀ ਗੁਜ਼ਾਰਾ ਕਰਦੇ ਹਾਂ।
ਬਾਕੀ ਬਾਬਾ ਜੀ ਨੇ ਕਿਤਨੇ ਬੰਦੇ ਸਮੱਗਲ ਕੀਤੇ ਹਨ ਇਹ ਕਿੱਸਾ ਵੀ ਜਲਦੀ ਹੀ ਜੱਗ ਜ਼ਾਹਰ ਹੋ ਜਾਵੇਗਾ। ਅੰਮ੍ਰਿਤਸਰ ਵੀਕਲੀ ਨੇ ਤਾਂ ਹੁਣ ਤਕ ਸਿਰਫ ਗੁਰਤੇਜ ਸਿੰਘ, ਜਿਹੜਾ ਅਮਰੀਕਾ ਦੀ ਜੇਲ ਵਿਚ ਬੰਦ ਹੈ, ਦੇ ਬਿਆਨ ਹੀ ਲਾਏ ਹਨ। ਗੁਰਤੇਜ ਸਿੰਘ ਐਮ. ਏ. ਪਾਸ ਵਿਆਕਤੀ ਹੈ ਜਿਹੜਾ ਪੱਛਮੀ ਮੁਲਕਾਂ ਦੀ ਲਹਿਰ-ਬਹਿਰ ਦੀਆਂ ਖਬਰਾਂ ਤੋਂ ਪ੍ਰਭਾਵੱਤ ਹੋ ਕੇ ਬਾਬਾ ਜੀ ਨੂੰ ਕਈ ਲੱਖਾਂ ਰੁਪੈ ਦੇ ਕੇ ਬਾਬਾ ਜੀ ਦੇ ਨਾਲ ਹੀ ਅਮਰੀਕਾ ਵਿਚ ਆਇਆ ਸੀ। ਕੁੱਝ ਸਮਾਂ ਬਾਬਾ ਜੀ ਲਈ ਮੁਫਤ ਕੰਮ ਕਰਨ ਤੋਂ ਬਾਅਦ ਜਦੋਂ ਉਸ ਨੇ ਆਪਣਾ ਪਾਸ ਪੋਰਟ ਮੰਗਿਆ ਤਾਂ ਬਾਬਾ ਜੀ ਦੀ ਮਿਸਟਰਿਸ ਨੇ ਪੁਲੀਸ ਨੂੰ ਫੂਨ ਕਰਕੇ ਗੁਰਤੇਜ ਸਿੰਘ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਤੇ ਅੱਜ-ਕੱਲ੍ਹ ਗੁਰਤੇਜ ਸਿੰਘ ਜ਼ੇਲ੍ਹ ਵਿਚ ਹਨ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਬੰਦੇ ਹੋ ਸਕਦੇ ਹਨ ਪਰ ਡਰਦੇ ਮਾਰੇ ਆਪਣੀ ਜ਼ਬਾਨ ਖੋਲ੍ਹਣ ਲਈ ਤਿਆਰ ਨਹੀ ਇਸ ਕਰਕੇ ਹੀ ਸਿੱਖ ਰੀਲਿਜ਼ਸ ਸੋਸਾਈਟੀ ਵਾਲਿਆ ਨੇ ਇਕ ਡੀਟੈਕਟਰ ਨੂੰ ਖਰਚਾ ਕਰਕੇ ਐਸੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ। ਛੇਤੀ ਹੀ ਪਤਾ ਲੱਗ ਜਾਵੇਗਾ ਕਿ ਊਠ ਕਿਸ ਕਰਵੱਟ ਪਰ ਬੈਠਾ ਹੈ। ਪ੍ਰੋ. ਗੁਰਸ਼ਰਨਜੀਤ ਸਿੰਘ, ਗੁਰੂ ਨਾਨਕ ਯੂਨੀਵਰਸਿਟੀ, ਵਾਲੇ ਆਪਣੀ ਨਵੀਂ ਕਿਤਾਬ, "ਗੁਰਮਤਿ ਨਿਰਣੈ ਕੋਸ਼" ਵਿਚ, ‘ਸੰਤ ਸਾਧ’ ਦੀ ਵਿਆਖਿਆ ਕਰਦੇ ਲਿਖਦੇ ਹਨ ਕਿ "ਸਾਧਾਂ ਦੇ ਡੇਰੇ ਅਮੀਰਾਂ ਦੀਆਂ ਕੋਠੀਆਂ ਨਾਲੋਂ ਵੀ ਵਧੀਆ ਹਨ। ਅਮੀਰਾਂ ਵਾਲੀ ਹਰ ਸਹੂਲਤ ਮੁਹੱਈਆ ਹੈ। ਮਹਿੰਗੀਆਂ ਕਾਰਾਂ ਤੋਂ ਲੈ ਕੇ ਏਅਰਕੰਡੀਸ਼ਨ ਵੀ ਉਪਲੱਭਦ ਹਨ। ਖਾਸ ਕਰਕੇ ਔਰਤਾਂ ਦਾ ਜਿਨਸੀ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਆਮ ਲੋਕਾਂ ਦਾ ਵਿਸ਼ਵਾਸ਼ ਇਨ੍ਹਾਂ ਸਾਧਾਂ ਵਿਚ ਗੁਰੂ ਨਾਲੋਂ ਜ਼ਿਆਦਾ ਬਣਿਆ ਰਹਿੰਦਾ ਹੈ। ਇਨ੍ਹਾਂ ਦੇ ਡੇਰੇ ਸਿਆਸਤ ਦਾਨਾਂ ਦੇ ਧਨ ਦੇ ਨਾਲ ਭਰੇ ਪਏ ਹਨ। ਦਿਆਨਤਦਾਰੀ ਨਾਲ ਜੇ ਇਨ੍ਹਾਂ ਦੇ ਡੇਰਿਆਂ ਦੀ ਤਲਾਸ਼ੀ ਲਈ ਜਾਵੇ ਤਾਂ ਇਤਨਾ ਧਨ ਮਿਲ ਸਕਦਾ ਹੈ ਕੇ ਸਾਰੇ ਪੰਜਾਬ ਵਿਚ ਖੁਸ਼ਹਾਲੀ ਹੋ ਸਕਦੀ ਹੈ। ਮਿਸਾਲ ਦੇ ਤੌਰ ਤੇ ਪੰਜਾਬ ਦੇ ਗਵਰਨਰ ਦਾ ਜਦੋਂ ਇੱਕ ਹੈਲੀਕੈਪਟਰ ਡਿਗਿਆ ਸੀ ਤਾਂ ਉਸ ਵਿਚੋਂ ਨੋਟਾਂ ਦੀ ਬਾਰਸ਼ ਹੋਈ ਸੀ ਧਿਆਨ ਗੋਚਰੀ ਗੱਲ ਹੈ"।
ਅਸੀਂ ਤਾਂ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਸਾਧ ਕੋਲ ਕੁੱਝ ਨਹੀ। ਗੁਰਬਾਣੀ ਮੁਤਾਬਕ ਕੋਈ ਸਾਧ ਜ਼ਾਂ ਬਾਬਾ ਕਿਸੇ ਨੂੰ ਵਰ-ਸਰਾਪ ਨਹੀ ਦੇ ਸਕਦਾ। ਵਰ-ਸਰਾਪ ਮਾਨਸਿਕ ਕਮਜ਼ੋਰੀ ਦੀ ਨਿਸ਼ਾਨੀ ਹੁੰਦੇ ਹਨ ਤੇ ਗੁਰੂ ਜੀ ਬਾਣੀ ਵਿਚ ਇਸ ਨੂੰ ਨਿਕਾਰਦੇ ਹਨ। ਆਪਣਾ ਪੈਸਾ ਆਪਣੇ ਤੇ ਲਾਓ। ਆਪਣੇ ਪੈਸੇ ਦੀਆਂ ਚੰਗੀਆਂ ਕਿਤਾਬਾਂ ਤੇ ਸੀ.ਡੀਜ਼. ਖਰੀਦਣ ਲਈ ਸ੍ਰ. ਪ੍ਰਮਿੰਦਰ ਸਿੰਘ ਪ੍ਰਮਾਰ ਫੂਨ ਨੰਬਰ 905 858 8904 ਅਤੇ ਸ੍ਰ. ਜਸਵੀਰ ਸਿੰਘ ਮਾਂਗਟ ਫੂਨ ਨੰਬਰ 416 627 1984 ਤੇ ਸੰਪਰਕ ਕਰੋ ਜੀ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਨਟਰਨੈਸ਼ਨਲ ਬਰੈਂਪਟਨ।