ਸਾਡਾ ਸੁਨੇਹਾ: ਸਾਥ ਦੀ ਮੰਗ

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾਂ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ-ਲੀਰ ਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਮਹੰਤ ਨਰੈਣੂ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਵਾਉਣ ਨੂੰ ਆਖਦੀ ਹੈ। ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ?

 

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥

ਨਰਕ ਸੁਰਗ ਕੀ ਹੈ?

ਪ੍ਰੋ: ਇੰਦਰ ਸਿੰਘ ਘੱਗਾ


ਮਨੁਖਤਾ ਦੇ ਸਚੇ ਰਹਿਬਰ, ਮਹਾਨ ਪਰਉਪਕਾਰੀ, ਭਰਮ ਨਾਸਕ, ਸੱਚ ਕੀ ਬਾਣੀ ਉਚਾਰਨ ਕਰਨ ਵਾਲੇ ਸਾਰੇ ਬੰਧਨਾਂ ਤੋਂ ਮਨੁਖਤਾ ਨੂੰ ਮੁਕਤ ਕਰ ਦੇਣ ਦੀ ਜੁਗਤੀ ਜਾਨਣ ਵਾਲੇ, ਸਤਿਗੁਰੂ ਨਾਨਕ ਸਾਹਿਬ ਜੀ ਨੇ ਅਕਾਲੀ ਬਾਣੀ ਦੁਆਰਾ ਸੱਚ ਧਰਮ ਦਾ ਉਪਦੇਸ਼ ਦਿਤਾ। ਸਤਿਗੁਰੂ ਜੀ ਦੀ ਮਿਕਨਾਤੀਸੀ ਸਖਸੀਅਤ ਦੁਆਰਾ ਲੋਕੀ ਭਰਮ ਜਾਲ ਵਿਚੋਂ ਧੜਾਧੜ ਨਿਕਲਣ ਲਗੇ। ਜਿਨਾਂ ਲੋਟੇਰਿਆਂ ਨੇ ਧਰਮ ਦਾ ਚੋਲਾ ਪਹਿਨ ਕੇ, ਧਰਮ ਦੀ ਆੜ ਵਿੱਚ, ਭੋਲੇ ਭਾਲੇ ਵਿਅਕਤੀਆਂ ਨੂੰ ਸਦੀਆਂ ਤੋਂ ਲੁੱਟਿਆ ਤਾਂ ਹੈ ਹੀ ਸੀ, ਸਗੋਂ ਗਿਆਨ, ਵਿਦਿਆ ਹਾਸਲ ਕਰਕੇ ਅਗੇ ਵਧਣ ਤੇ ਸਾਰੇ ਪਾਪ ਕਰਕੇ ਭੀ ਰੋਕਿਆ। ਉਹ ਕਿਵੇਂ ਬਰਦਾਸਤ ਕਰ ਲੈਂਦੇ, ਕਿ ਹਰ ਇਨਸਾਨ ਅਪਣੀ ਹੋਣੀ ਦਾ ਮਾਲਕ ਖੁਦ ਬਣ ਜਾਵੇ? ਗੁਰੂ ਨਾਨਕ ਸਾਹਿਬ ਦੀ ਬਾਣੀ ਪੜਕੇ ਪਰਮੇਸਰ ਨਾਲ ਸਿਧਾ ਰਾਬਤਾ ਕਾਇਮ ਕਰ ਲਵੇ। ਜੇ ਕਿਤੇ ਇਹਨਾਂ ਕੋਹਲੂ ਦੇ ਬਲਦ ਬਣੇ ਲੋਕਾਂ ਦੀਆਂ ਅੱਖਾਂ ਤੋਂ, ਅਗਿਅਨਤਾ ਦੀ ਪੱਟੀ ਉਤਰ ਗਈ, ਤਾਂ ਇਹ ਸਾਡੀ ਗੁਲਾਮੀ ਕਰਨੀ ਭੀ ਬੰਦ ਕਰ ਦੇਣਗੇ। ਤਾਂ ਤੇ ਸਾਇਦ ਜੁੰਮੇਵਾਰੀਆਂ ਦਾ ਕੋਹਲੂ ਕਿਤੇ ਸਾਨੂੰ ਹੀ ਖਿੱਚਣਾ ਨਾ ਪੈ ਜਾਵੇ। ਅਪਣੀ ਐਸ਼ ਪ੍ਰਸਤੀ ਬਣਾਈ ਰੱਖਣ ਲਈ, ਮੁਫਤਖੋਰੇ ਚਾਲਾਕ ਲੋਕਾਂ ਨੇ, ਇਨਸਾਨ ਨੂੰ ਗੁਲਾਮ ਬਣਾਈ ਰੱਖਣ ਲਈ, ਉਸ ਨੂੰ ਖੌਫਜ਼ਦਾ ਕਰਕੇ, ਖੂਨ ਪਸੀਨੇ ਵਾਲੀ ਕਮਾਈ ਹੜੱਪ ਕਰ ਲਈ, ਅਣਗਿਣਤ ਤਬਾਹਕੁੰਨ ਤਰੀਕੇ ਹੋਂਦ ਵਿੱਚ ਲਿਆਂਦੇ। ਇਹਨਾਂ ਨਾਯਾਬ ਨੁਖਸਿਆਂ ਵਿਚੋਂ ਇਕ, ਕਰੂਰਤਾ ਦੀ ਸਿਖਰ, "ਨਰਕ ਸੁਰਗ" ਦੀ ਕਲਪਨਾ ਭੀ ਸੀ।

ਪੌਰਾਣਕ ਕਥਾ ਕਹਾਣੀਆਂ ਵਿੱਚ, ਜਿਸ ਸੁਰਗ ਦੀ ਮਨਮੋਹਕ ਸੁੰਦਰਤਾ ਬਿਆਨ ਕੀਤੀ ਗਈ ਹੈ, ਉਸ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ। ਪਹਿਲੋਂ ਤਾਂ ਇਹ ਪਤਾ ਹੋਵੇ ਕਿ ਹਿੰਦੂ ਗ੍ਰੰਥਾਂ ਵਿਚਲਾ ਸੁਰਗ, ਹਿਮਾਲਾ ਦੀਆਂ ਚੋਟੀਆਂ ਤੇ ਸਥਿਤ ਹੈ। ਲੱਛੇਦਾਰ ਸ਼ਬਦਾਵਲੀ ਵਿਚ ਲਿਖਿਆ ਗਿਆ ਹੈ, ਕਿ ਕਿਸੇ ਉਚੇ ਮੰਡਲ ਵਿਚ ਇਕ ਆਲੀਸ਼ਾਨ ਜਗ੍ਹਾ ਹੈ। ਉਸ ਵਿੱਚ ਦਾਖਲ ਹੋਣ ਲਈ ਬਹੁਤ ਕਠਨ ਪ੍ਰੀਖਿਆਂ ਨੂੰ ਸਫਲਤਾ ਸਹਿਤ ਪਾਰ ਕਰਨਾ ਪੈਂਦਾ ਹੈ। ਉਥੇ ਪੁੱਜਣ ਤੋਂ ਪਹਿਲਾਂ ਜਿੰਦਗੀ ਵਿਚ ਕੀਤੇ ਦਾਨ ਪੁੰਨ ਦਾ ਲੇਖਾ ਜੋਖਾ ਰੱਬ ਦੇ ਹਿਸਾਬਦਾਨ "ਚਿੱਤਰ ਗੁਪਤ" ਕਰਕੇ ਰਿਪੋਟ ਪੇਸ਼ ਕਰਦੇ ਹਨ। ਰਿਪੋਟ ਪੜ੍ਹਨ ਤੋਂ ਬਾਦ ਧਰਮਰਾਜ ਸਬੰਧਤ ਪ੍ਰਾਣੀ ਨੂੰ ਸੁਰਗ ਵਿਚ ਦਾਖਲ ਹੋਣ ਦੀ ਇਜਾਜਤ ਤਾਂ ਦੇ ਦਿੰਦਾ ਹੈ, ਪਰ ਨਾਲ ਹੀ ਰਹਿਣ ਦੀ ਸਮਾਂ ਸੀਮਾ ਨਿਸਚਿਤ ਕਰ ਦਿੰਦਾ ਹੈ। ਅਖੇ ਮਨੁਖ ਦੇ ਕੀਤੇ ਦਾਨ ਪੁੰਨ ਦੇ ਵੱਟੇ ਵਿਚ ਇਕ ਦਿਨ, ਇਕ ਮਹੀਨਾ, ਇਕ ਸਾਲ, ਜਾਂ ਵੱਧ ਘੱਟ ਦੀ ਪ੍ਰਵਾਨਗੀ ਮਿਲਦੀ ਹੈ। ਮਿਥੇ ਸਮੇਂ ਤੋਂ ਬਾਦ ਮਨੁੱਖ ਨੂੰ ਸੁਰਗ ਵਿਚੋਂ ਕਢ ਦਿਤਾ ਜਾਂਦਾ ਹੈ। ਕਲਪਤ ਸੁਰਗ ਲੋਕ ਵਿਚ, ਕੋਈ ਵਿਅਕਤੀ ਉਪਜੀਵਕਾ ਲਈ ਕੰਮ ਨਹੀਂ ਕਰਦਾ। ਇਕੋ ਉਤਮ ਕੰਮ ਹੈ, ਅਯਾਸੀ, ਵਿਲਾਸਤਾ, ਐਸ਼ ਪ੍ਰਸਤੀ। ਕਿਉਂਕਿ ਸੁਰਗ ਦਾ ਰਾਜਾ ਇੰਦਰ ਦੇਵ ਸਿਰੇ ਦਾ ਵਿਲਾਸੀ ਦਰਸਾਇਆ ਹੈ। ਇੰਦਰ ਦੇ ਸਿੰਘਾਸਨ ਨੂੰ ਅਤੀ ਖੂਬਸੂਰਤ ਦਸਦਿਆਂ ਬਿਆਨ ਕੀਤਾ ਗਿਆ ਹੈ ਕਿ ਇਥੇ ਬਿਰਾਜਮਾਨ, ਇੰਦਰ ਦੁਆਲੇ ਮਨਮੋਹਕ ਸਾਜ ਵਜਦੇ ਹਨ। ਇਤਰ ਫੁਲੇਲ ਦੇ ਫੁਹਾਰੇ ਚਲ ਰਹੇ ਹਨ। ਅਧਨੰਗੀਆ ਖੂਬਸੂਰਤ ਔਰਤਾਂ (ਪਰੀਆਂ) ਇੰਦਰ ਦੁਆਲੇ ਝੁਰਮਟ ਪਾਈ ਰਖਦੀਆਂ ਹਨ। ਨਾਚ ਕਲਾ ਵਿਚ ਪ੍ਰਬੀਨ ਅਪਛਰਾਵਾਂ, ਵਿਲਾਸਤਾ ਵਾਲੇ ਹਾਵਭਾਵ ਕਰਦੀਆਂ, ਅੱਧਕਜੇ ਗਦਰਾਏ ਜੋਬਨ ਵਿਚ ਮਸਤ, ਕਲੋਲਾਂ ਕਰਦੀਆਂ ਥਕਦੀਆਂ ਹੀ ਨਹੀਂ। ਇੰਦਰ ਦੇਵ ਅਤੇ ਹੋਰਸੰਗੀ ਦੇਵੀਆਂ ਦੇਵਤੇ, ਕਈ ਕਈ ਘੜੇ ਸ਼ਰਾਬ (ਸੋਮਰਸ) ਦੇ ਪੀ ਜਾਂਦੇ ਹਨ। ਜਿਸ ਨੂੰ ਬਣਾਉਣ ਦੀ ਵਿਧੀ ਦੇਵਤਿਆਂ ਦੇ ਸੇਵਕ ਹੀ ਜਾਣਦੇ ਹਨ, ਜੋ ਬਹੁਤ ਹੀ ਖੂਸਬੂਦਾਰ ਅਤੇ ਅਨੰਦਤ ਕਰਨ ਵਾਲੀ ਹੈ। ਸ਼ਰਾਬ ਦੇ ਨਾਲ ਖਾਣ ਵਾਸਤੇ ਦੇਵਤਿਆਂ ਦੇ ਮਨ ਭਾਉਂਦੀ ਵਸਤੂ ਹੈ, ਗਾਵਾਂ ਬਲਦਾਂ ਦਾ ਅਨੇਕ ਪ੍ਰਕਾਰ ਤਿਆਰ ਕੀਤਾ ਗਿਆ ਸੁਆਦਲਾ ਮਾਸ। ਰੱਜਕੇ ਡਕਾਰ ਮਾਰਨ ਤੋਂ ਬਾਦ ਫਿਰ ਦੇਵੀਆਂ ਦੇਵਤੇ ਜੂਆ ਭੀ ਖੇਡਦੇ ਹਨ। ਧਰਮਰਾਜ (?) ਦਾ ਪੁੱਤਰ ਯੂਧਿਸਟਰ ਮਹਾਂਭਾਰਤ ਕਥਾ ਵਿਚ ਜੂਆ ਖੇਡਦਾ ਦਰਸਾਇਆ ਹੈ, ਜਿਸ ਵਿਚ ਰਾਜ ਭਾਗ, ਤੇ ਸਮੇਤ ਪਤਨੀ ਦ੍ਰੋਪਦੀ ਦੇ, ਸਭ ਕੁਝ ਹਾਰ ਜਾਂਦਾ ਹੈ। ਉਪਰ ਵਰਣਿਤ ਮਨਮੋਹਕ ਨਜਾਰੇ ਨੂੰ ਮਹਿਸੂਸ ਕਰਕੇ ਹੀ ਮਨ ਅੰਦਰ ਝਰਨਾਟਾਂ ਫੁੱਟਣ ਲਗਦੀਆਂ ਹਨ। ਸੁਰਗ ਦੇ ਨਜਾਰੇ ਪੜ ਸੁਣਕੇ, ਹਰ ਇਕ ਇਨਸਾਨ ਦਾ ਮਨ ਕਿਸੇ ਭੀ ਕੀਮਤ ਤੇ, ਇਸ ਸੁਰਗ ਵਿਚ ਪਹੁੰਚਣ ਲਈ ਵਿਆਕੁਲ ਹੋ ਜਾਂਦਾ ਹੈ। ਬਹੁਤੀ ਕੀਮਤ ਉਤਾਰ ਕੇ ਧਰਤੀ ਤੇ ਬਣੇ ਅਜਿਹੇ ਸੁਰਗ (ਨਾਚ ਘਰ ਪੱਬ ਕਲੱਬ) ਦਾ ਸੁਖ ਲੋਕੀ ਮਾਣਨ ਦਾ ਜਤਨ ਭੀ ਕਰਦੇ ਹਨ।

ਅਜਿਹਾ ਸੁਹਾਵਣਾ ਸੁਰਗ ਪ੍ਰਾਪਤ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਜੇ ਹਰ ਐਰੇ ਗੈਰੇ ਦੀ ਪਹੁੰਚ ਉਥੇ ਹੋ ਗਈ, ਫਿਰ ਉਹ ਸੁਰਗ ਕਿਵੇਂ ਰਹਿ ਸਕੇਗਾ? ਇਸ ਸੁਪਨਿਆਂ ਦੀ ਖੂਸਸੂਰਤ ਦੁਨੀਆਂ ਵਿਚ ਪੁੱਜਣ ਵਾਸਤੇ ਦਾਨ ਪ੍ਰਮੁਖ ਸਾਧਨ ਪ੍ਰਚਾਰਿਆ ਗਿਆ। ਗਰੀਬਾਂ ਕੋਲ ਦਾਨ ਕਰਨ ਲਈ ਧਨ ਪਦਾਰਥ ਤਾਂ ਕੋਈ ਹੁੰਦਾ ਨਹੀਂ, ਫਿਰ ਉਹ ਦਾਨ ਕਿਸ ਵਸਤੂ ਦਾ ਕਰੇ? ਘਬਰਾਉਣ ਦੀ ਜਰੂਰਤ ਨਹੀਂ ਹੈ, ਉਹ ਅਪਣੀ ਜਵਾਨ ਅਤੇ ਸੋਹਣੀ ਪਤਨੀ ਨੂੰ, ਗਹਿਣੇ ਕਪੜੇ ਨਾਲ ਸਜਾ ਸੰਵਾਰ ਕੇ, ਤਿਆਰ ਕਰਕੇ ਮਿੱਥੇ ਦਿਨ ਧਰਮ ਮੰਦਰ (?) ਵਿਚ ਪੁੱਜ ਕੇ ਅਪਣੀ ਅਰਧਅੰਗੀ (ਜੀਵਨ ਸਾਥੀ ਨੂੰ ਬ੍ਰਾਹਮਣ ਪੁਜਾਰੀ ਦੇ ਅਰਪਣ ਕਰ ਦੇਵੇ। ਨਾਲ ਯਥਾ ਸ਼ਕਤ ਸੋਨਾ ਚਾਂਦੀ, ਬਸਤਰ ਅਨਾਜ ਭੀ ਵਿਧੀ ਪੂਰਵਕ ਦਾਨ ਕਰੇ। ਅਜਿਹਾ ਮਹਾਂਦਾਨ ਕੀਤਿਆਂ ਸੁਰਗ ਦੀ ਇੱਛਾ ਰਖਣ ਵਾਲੇ ਲੋਕਾਂ ਦੀ ਸੂਚੀ ਵਿਚ, ਪ੍ਰਾਣੀ ਦਾ ਨਾਮ ਲਿਖ ਲਿਆ ਜਾਂਦਾ ਹੈ। ਸਾਇਦ ਨੰਬਰ ਲਗ ਹੀ ਜਾਵੇ। ਅਪਣੀ ਬਾਰਾਂ ਸਾਲ ਤੋਂ ਘਟ ਉਮਰ ਦੀ ਬੇਟੀ (ਕੰਨਿਆਂ ਦਾਨ ਇਸੇ ਪਾਪ ਕਰਮ ਵਿਚੋਂ ਪਰਗਟ ਹੋਇਆ ਹੈ) ਭੀ ਬ੍ਰਾਹਮਣ ਪੁਜਾਰੀ ਨੂੰ ਅਰਪਣ ਕੀਤੀ ਜਾ ਸਕਦੀ ਹੈ। ਦੇਵ ਦਾਸੀਆਂ, ਰਾਮ ਜਣੀਆਂ, ਜੋਗਣੀਆਂ, ਇਸੇ ਪ੍ਰਥਾ ਦਾ ਇਕ ਰੂਪ ਹਨ।

ਜੋ ਲੋਕ ਇਸ ਤਰਾਂ ਦੇ ਦਾਨ ਨਹੀਂ ਕਰ ਸਕਣਗੇ ਉਹਨਾਂ ਲਈ ਸੁਰਗ ਵਿਚ ਪੁੱਜਣ ਦਾ ਰਾਹ ਅਤੀ ਬਿਖੜਾ ਤੇ ਕਠੋਰ ਹੈ। ਜੇ ਉਹ ਸੁਰਗ ਦੀ ਇੱਛਾ ਰੱਖਦੇ ਹਨ, ਤਾਂ ਕਈ ਜਨਮਾਂ ਤਕ ਵਰਤ ਰਖਣੇ, ਤੀਰਥ ਇਸ਼ਨਾਨ ਕਰਨੇ, ਸਾਧੂਆਂ ਬ੍ਰਾਹਮਣਾਂ ਦੀ ਪੂਰੀ ਤਨ ਦੇਹੀ ਨਾਲ ਹਰ ਤਰਾ ਸੇਵਾ ਕਰਨੀ। ਧੂਣੀਆਂ ਤਾਪਣੀਆਂ, ਜਲਧਾਰੇ ਕਰਨੇ, ਚਲੀਹੇ ਕਟਣੇ, ਮੋਨਧਾਰ ਲੈਣਾ, ਸਰੀਰ ਦੇ ਅੰਗ ਤਕ ਕਟਵਾ ਦੇਣੇ … । ਸਦੀਆਂ ਤਕ ਅਨੇਕ ਕਸ਼ਟ ਭੋਗਦੇ ਰਹਿਣ ਤੋਂ ਬਾਦ ਸਾਇਦ ਕਦੀ ਸੁਰਗ ਵਿਚ ਜਾਣ ਦਾ ਸਬੱਬ ਬਣ ਹੀ ਜਾਵੇ। ਹਾਂ ਅਮੀਰਾਂ ਲਈ ਸੁਰਗ ਪੁਜਣ ਦਾ ਰਾਹ ਕੁਝ ਸੁਖਾਲਾ ਹੈ। ਉਹ ਕੇਵਲ ਦਾਨ ਦੇ ਬਲ, ਸੁਰਗ ਪ੍ਰਾਪਤ ਕਰ ਸਕਦੇ ਹਨ। ਸਿਰੇ ਦੇ ਅਮੀਰਾਂ (ਰਾਜਿਆਂ) ਲਈ ਅਸ਼ਵ ਮੇਧ ਯੱਗ (ਘੋੜੇ ਦੀ ਕੁਰਬਾਨੀ) ਗਊ ਮੇਧ ਯੱਗ, ਮਨੁਸ਼ ਮੇਧ ਯੱਗ, ਸਾਰਿਆਂ ਦਾ ਮਾਸ ਰਿੰਨ ਕੇ, ਪਕਾ ਕੇ ਮੰਤਰਾਂ ਦੁਆਰਾ ਪਵਿੱਤਰ ਕਰਕੇ, ਸਭਨੇ ਖਾਣਾ ਹੁੰਦਾ ਹੈ। ਯੱਗ ਦਾ ਸਮਾਂ ਨਿਸਚਤ ਕਰਨਾ ਬ੍ਰਾਹਮਣ ਦੀ ਮਰਜੀ ਤੇ ਨਿਰਭਰ ਹੈ। ਸਾਰੇ ਸਮੇਂ ਦੁਹਰਾਨ ਦਾਨ ਕਰੀ ਜਾਣਾ ਹੁੰਦਾ ਹੈ। ਸੰਪੂਰਣਤਾ ਵਕਤ ਰਾਜੇ ਤੋਂ ਜੋ ਚੀਜ ਭੀ ਬ੍ਰਾਹਮਣ ਪੁਜਾਰੀ ਮੰਗ ਲਵੇ ਉਹ ਦੇਣੀ ਜਰੂਰੀ ਹੈ। ਪੁੱਤਰੀ, ਪਤਨੀ ਤੇ ਰਾਜ ਤਕ ਭੀ ਦਾਨ ਕਰ ਦੇਵੇ। ਜੇ ਪੁਜਾਰੀ ਚਾਹੇ ਤਾਂ ਅਸੀਮ ਸਮੇਂ ਤਕ ਰਾਜਾ ਗਲਾਮ ਬਣ ਕੇ ਉਸ ਦੀ ਸੇਵਾ ਕਰਦਾ ਰਹੇ। ਫਿਰ ਭੀ ਕੀ ਪਤਾ ਸੁਰਗ ਦਾ ਮਾਲਕ ਇੰਦਰ ਤੁਹਾਨੂੰ ਉਥੇ ਪੁਜਣ ਦੇਵੇ ਕਿ ਨਾਂ? ਉਹ ਰੁਕਾਵਟਾਂ ਭੀ ਤਾਂ ਬਹੁਤ ਖੜੀਆਂ ਕਰਦਾ ਹੈ। ਜੇ ਕੋਈ ਹੋਰ ਵਿਅਕਤੀ ਉਥੇ ਪੁਜ ਕੇ ਰਾਜ ਦਾ ਮਾਲਕ ਬਣ ਗਿਆ, ਤਾਂ ਇੰਦਰ ਨੂੰ ਤਾਂ ਆਪਣਾ ਸਿੰਘਾਸਣ ਤੇ ਰਾਜ ਸੁਖ ਤਿਆਗਣਾ ਪੈ ਜਾਏਗਾ। ਇਸ ਲਈ ਉਹ ਕਿਸੇ ਦਾ ਯੱਗ ਸੰਪੂਰਣ ਹੋਣ ਹੀ ਨਹੀਂ ਦਿੰਦਾ।

ਇਕ ਹੋਰ ਲਾਜੁਆਬ ਨਖਸਾ ਸੁਰਗ ਦੇ ਰਾਹ ਦੀ ਦੱਸ ਪਾਉਂਦਾ ਪ੍ਰਤੀਤ ਹੁੰਦਾ ਹੈ। ਇਨਸਾਨ ਜੰਗਲਾਂ ਵਿਚ, ਪਹਾੜਾਂ ਦੀਆਂ ਗੁਫਾਵਾਂ ਵਿਚ, ਬਰਫ ਲੱਦੀਆਂ ਊਚੀਆਂ ਚੋਟੀਆਂ ਤੇ, ਮਾਰੂ ਰੇਤ ਥਲਾਂ ਵਿਚ, ਅਨੇਕ ਜਨਮਾਂ ਤਕ, ਹਜਾਰਾਂ ਸਾਲ ਬਿਨਾਂ ਕੁਝ ਖਾਧਿਆਂ ਅਖੰਡ ਤਪੱਸਿਆ ਕਰਨੀ। ਇਕ ਲੱਤ ਦੇ ਭਾਰ ਖਲੋਣਾ, ਪੁੱਠੇ ਲਟਕਣਾ, ਪਾਣੀ ਵਿਚ ਖਲੋਤੇ ਰਹਿਣਾ, ਸਰੀਰ ਨੂੰ ਸੁਕਾ ਕੇ ਪਿੰਜਰ ਬਣਾ ਲੈਣਾ। ਜਾਂ ਫਿਰ ਰਾਵਣ ਵਾਂਗ ਅਪਣਾ ਹੀ ਸਿਰ ਕਟਕੇ ਦੇਵਤੇ ਅਗੇ ਭੇਟ ਕਰਨਾ, ਸਿਵੀ ਰਾਜੇ ਵਾਂਗ, ਬਾਜ ਰੂਪ ਵਿਚ ਆਏ ਭਗਵਾਨ ਨੂੰ ਅਪਣਾ ਸਾਰਾ ਤਨ ਕੱਟ ਕੱਟ ਕੇ ਖੁਆ ਦੇਣ। ਬਿਕਰਮਾਜੀਤ ਰਾਜੇ ਵਾਂਗ ਤੇਲੇ ਦੇ ਕੜਾਹੇ ਵਿਚ ਅਪਣੇ ਸਰੀਰ ਨੂੰ ਰੋਜਾਨਾ ਤਲ ਕੇ ਦੇਵਤੇ ਨੂੰ ਖੁਆਂਦੇ ਜਾਣਾ… । ਹੋ ਸਕਦਾ ਹੈ ਕਦੀ ਸੁਰਗ ਪੁਜਣ ਦੀ ਰਾਹਦਾਰੀ ਮਿਲ ਹੀ ਜਾਵੇ। ਕਿਉਂਕਿ ਇਹਨਾਂ ਰਾਹਾਂ ਵਿਚ ਭੀ ਅਗੇ ਬਹੁਤ ਔਖੀਆਂ ਘਾਟੀਆਂ ਹਨ। ਤਪ ਕਰਦੇ ਵਿਸਵਾਮਿੱਤਰ ਦੀ ਤਪੱਸਿਆ ਭੰਗ ਕਰਨ ਵਾਸਤੇ ਇੰਦਰ ਨੇ ਮੋਹਣੀਆਂ ਕਾਮਣੀਆਂ ਭੇਜ ਦਿਤੀਆਂ। ਉਹਨਾਂ ਅਪਣੇ ਰੂਪ ਅਤੇ ਜੋਬਨ ਦੀ ਸ਼ਕਤੀ ਨਾਲ ਹਮੇਸ਼ਾਂ ਹੀ ਰਿਸ਼ੀਆਂ ਦੀ ਸਮਾਧੀ ਭੰਗ ਕੀਤੀ ਹੈ। ਤੇ ਭਗਤ ਸੁਰਗ ਸੁਖ ਤੋਂ ਵੰਚਿਤ ਹੋ ਜਾਂਦਾ ਹੈ। ਇਹਨਾਂ ਅਪਛਰਾਵਾਂ ਵਿਚੋਂ ਉਘੜਵੇਂ ਨਾਮ ਹਨ; ਰੰਭਾ, ਉਰਵਸੀ, ਮੇਨਕਾ ਆਦਿ। ਇਹਨੀ ਪਰੀਆਂ ਨੇ ਸੁਰਗ ਲਈ ਤਪੱਸਿਆ ਕਰ ਰਹੇ, ਅਨੇਕ ਸਾਧੂਆਂ ਦੀਆਂ ਬੇੜੀਆਂ ਮੰਝਧਾਰ ਵਿਚ ਡੋਬੀਆਂ। ਜੇ ਕੋਈ ਹਠੀ ਸਾਧੂ ਜਾਂ ਦਾਨੀ ਰਾਜਾ ਇਹਨਾਂ ਕਾਮਣੀਆਂ ਦੁਆਰਾ ਕਾਬੂ ਵਿਚ ਨਾ ਆਵੇ, ਤਾਂ ਇੰਦਰ ਦੇਵ ਜੀ ਅਪਣੇ ਵਡੇ ਭਰਾ ਵਿਸ਼ਨੂੰ ਦੀ ਸਹਾਇਤਾ ਪ੍ਰਾਪਤ ਕਰਦੇ ਹਨ। ਵਿਸ਼ਨੂੰ ਛਲ ਕਪਟ ਨਾਲ ਸਭ ਕੁਝ ਮਲੀਆ ਮੇਟ ਕਰਵਾ ਦਿੰਦਾ ਹੈ। ਠੀਕ ਹੀ ਤਾਂ ਹੈ, ਕੌਣ ਰਾਜਾ ਅਪਣਾ ਸੁਖ ਆਰਾਮ, ਮਾਨ ਵਡਿਆਈ, ਤਾਜ ਤਖਤ, ਲੱਖਾਂ ਮਿਰਗ ਨੈਣੀਆਂ, ਸੁਰਗਪਰੀਆਂ ਨੂੰ ਤਿਆਗਣਾ ਚਾਹੇਗਾ? ਕਿਉਂ ਕਿਸੇ ਨੂੰ ਅਪਣਾ ਸੁਆਮੀ ਬਣਾਏਗਾ, ਤੇ ਖੁਦ ਗੁਲਾਮੀ ਸਵੀਕਾਰ ਕਰੇਗਾ? ਅਸੰਭਵ।

ਹੁਣ ਜਰਾ ਨੀਝ ਲਾ ਕੇ ਦੂਜਾ ਪੱਖ ਵਿਚਾਰੋ। ਦਾਨ ਪੁੰਨ ਦੇ ਜਬਰਦਸਤ ਪ੍ਰਚਾਰ ਪ੍ਰਭਾਵ ਸਦਕਾ ਬ੍ਰਾਹਮਣ ਜਾਤੀ ਦਾ ਇਸੇ ਧਰਤੀ ਮਾਤਲੋਕ ਵਿਚ ਸੁਰਗ ਬਣਿਆ ਹੋਇਆ ਹੈ। ਪੁਜਾਰੀ ਸ਼੍ਰੇਣੀ ਹਜਾਰਾਂ ਸਾਲ ਤੋਂ ਹਥੀਂ ਕਿਰਤ ਕਰਨ ਨੂੰ ਤਿਲਾਂਜਲੀ ਦੇ ਚੁਕੀ ਹੈ, ਪਰ ਸਾਰੇ ਕਿਰਤੀ ਲੋਕਾਂ ਤੋਂ ਵੱਧ ਆਰਾਮ ਭਰੀ ਜਿੰਦਗੀ ਬਤੀਤ ਕਰ ਰਹੀ ਹੈ। ਬ੍ਰਾਹਮਣ ਨੇ ਕਦੀ ਦਾਨ ਪੁੰਨ ਨਹੀਂ ਕੀਤਾ, ਤਪੱਸਿਆ ਨਹੀਂ ਕੀਤੀ, ਤੀਰਥ ਬਰਤ ਨਹੀਂ ਕੀਤੇ, ਜੱਗ ਨਹੀਂ ਕੀਤੇ। ਫਿਰ ਇਹਨਾਂ ਨੂੰ ਕਦੀ ਕਿਸੇ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਆਪਣੇ ਲਈ ਸੁਰਗ ਜਾਣ ਦਾ ਪ੍ਰਬੰਧ ਕਿਉਂ ਨਹੀਂ ਕਰ ਰਹੇ? ਜਾਂ ਫਿਰ ਲੋਕਾਂ ਦੀ ਅਕਲ ਨੂੰ ਜਿੰਦਰੇ ਵਜੇ ਹੋਏ ਹਨ, ਜੋ ਸੋਚਦੇ ਹੀ ਨਹੀਂ। ਭਲਾ ਸੋਚੋ ਬ੍ਰਾਹਮਣ ਪੁਜਾਰੀ ਕਿਉਂ ਵਾਧੂ ਕਸਟ ਝੱਲਣ, ਜਦੋਂ ਕਿ ਸਾਰੇ ਸੁਰਗ ਵਾਲੇ ਸੁਖ ਇਥੇ ਹੀ ਪ੍ਰਾਪਤ ਹਨ। ਨਾਲੇ ਪੁਜਾਰੀ ਤਾਂ ਚੰਗੀ ਤਰਾਂ ਜਾਣਦਾ ਹੈ ਕਿ ਇਹ ਤਾਣਾ ਬਾਣਾ ਇਕ ਛਲਾਵਾ ਹੈ, ਭੋਲੇ ਭਾਲੇ ਲੋਕਾਂ ਦੀ ਕਿਰਤ ਨੂੰ ਲੁਟ ਕੇ ਐਸ਼ ਕਰਨ ਲਈ।

ਦੂਜੇ ਬੰਨੇ ਜਿਸ ਵਿਅਕਤੀ ਨੇ ਜੱਗ ਦਾਨ, ਤਪੱਸਿਆ ਆਦਿ ਨਹੀਂ ਕੀਤੀ ਉਹ ਘੋਰ ਪਾਪੀ ਹੈ। ਸੁਰਗ ਬਾਰੇ ਤਾਂ ਉਹ ਮਨ ਵਿਚ ਖਿਆਲ ਤਕ ਨਾ ਲਿਆਵੇ। ਹਾਂ ਕੁੰਭੀ ਨਰਕ ਦੇ ਭਿਆਨਕ ਸਜਾ ਕੇਂਦਰ, ਤਸੀਹੇ ਦੇਣ ਵਾਲੇ ਜਮਰਾਜ ਦੇ ਅਨੇਕ ਨੌਕਰ, ਉਸ ਦਾ ਇੰਤਜਾਰ ਕਰ ਰਹੇ ਹਨ। ਇਹਨਾਂ ਨਰਕਾਂ ਦਾ ਬਾਰ ਬਾਰ ਹਰ ਰੋਜ ਚੇਤਾ ਕਰਾਇਆ ਜਾਂਦਾ ਹੈ। ਅੰਤ ਕਮਜੋਰ ਮਨ ਵਾਲਾ ਮਨੁਖ ਵਿਆਕੁਲ ਹੋਇਆ ਬ੍ਰਾਹਮਣ ਪੁਜਾਰੀ ਦੇ ਚਰਨੀ ਢਹਿ ਪੈਂਦਾ ਹੈ। "ਦੇਵਤਾ ਜੀ * ਜੋ ਕੁਝ ਮੇਰੇ ਕੋਲ ਹੈ, ਸਭ ਲੈ ਲਵੋ, ਪਰ ਮੈਨੂੰ ਕੁੰਭੀ ਨਰਕ ਤੋਂ ਬਚਾ ਲਓ। "ਚੁਰਾਸੀ ਲੱਖ ਜੂਨਾਂ ਤੋਂ ਕਢ ਲਵੋ , ਕਲ ਜੁਗ ਦੇ ਕਲੇਸ਼ਾਂ ਤੋਂ ਉਭਾਰ ਲਵੋ" ਪੰਡਿਤ ਜੀ ਮੁਸਕਰਾ ਕੇ ਪੈਰਾ ਉਪਰ ਡਿਗੇ ਸੇਵਕ ਦੇ ਸਿਰ ਤੇ ਹੱਥ ਫੇਰਦੇ ਹੋਏ ਮਧੁਰ ਆਵਾਜ ਵਿਚ ਬੋਲਦੇ ਹਨ, "ਬੇਟਾ ਕੋਈ ਫਿਕਰ ਨਾ ਕਰ, ਤੇਰੇ ਸਾਰੇ ਦੁਖ ਕਲੇਸ਼ ਮੈਂ ਆਪਣੇ ਸਿਰ ਲੈ ਲਵਾਂਗਾ। ਜਿਵੇਂ ਅਸੀਂ ਆਖੀਏ ਉਵੇਂ ਕਰਦਾ ਜਾਵੀਂ…" ਫਿਰ ਕੀ ਸੀ ਗੁਲਾਮੀ ਸ਼ੁਰੂ ਹੋ ਗਈ। ਭੋਲਾ ਇਨਸਾਨ ਧਰਤੀ ਤੇ ਹੀ, ਇਸੇ ਜਨਮ ਵਿਚ, ਨਰਕ ਵਰਗੀ ਜਿੰਦਗੀ ਬਤੀਤ ਕਰਨ ਲਗ ਪਿਆ। ਹੋਰ ਵੱਡਾ ਸਿਤਮ ਵੇਖੋ, ਔਰਤਾਂ ਨੂੰ ਸੁਰਗ ਵਿਚ ਜਾਣ ਦੀ ਆਮ ਹਾਲਤਾਂ ਵਿਚ ਆਗਿਆ ਨਹੀਂ ਹੈ। ਜਮੀਨ, ਘਰ, ਧੀਆਂ ਪੁੱਤਰਾਂ ਤੇ ਇਸਤਰੀ ਦਾ ਹੱਕ ਨਹੀਂ ਹੈ, ਇਸ ਲਈ ਉਹ ਦਾਨ ਭੀ ਨਹੀਂ ਕਰ ਸਕਦੀ। ਉਹ ਪਤੀ ਦੀ ਇਕ ਖ੍ਰੀਦੀ ਹੋਈ ਵਸਤੂ ਵਾਂਗ ਹੈ। ਔਰਤ ਭਗਤੀ ਤਪੱਸਿਆ ਭੀ ਨਹੀਂ ਕਰ ਸਕਦੀ… । ਜਾਂ ਤੇ ਤੀਵੀਂ ਬ੍ਰਾਹਮਣ ਪੁਜਾਰੀ ਦੀ ਹਵਸ਼ ਪੂਰੀ ਕਰਨ ਵਾਸਤੇ ਹੈ, ਜਾਂ ਪਤੀ ਦੇ ਮਰਨ ਤੇ ਉਸ ਨਾਲ ਮਰ (ਸਤੀ) ਸਕਦੀ ਹੈ। ਜੇ ਕਦੀ ਤੀਵੀਂ ਬ੍ਰਾਹਮਣ ਦੇ ਘੁੰਮਣ ਘੇਰ ਵਿਚੋਂ ਨਿਕਲ ਕੇ, ਕਲਪਤ ਸੁਰਗ ਵਿਚ ਚਲੀ ਭੀ ਜਾਵੇ ਤਾਂ ਇੰਦਰ ਦੇ ਅਖਾੜੇ ਦੀ ਇਕ ਨਾਚੀ (ਵੇਸ਼ਵਾ) ਹੀ ਬਣ ਸਕੇਗੀ। ਰਿਸ਼ੀਆਂ, ਮੁੰਨੀਆਂ, ਦੇਵਤਿਆਂ ਦੀ ਹਵਸ਼ ਪੂਰਤੀ ਲਈ ਇਕ ਖਿਡੌਣਾ ਮਾਤਰ ਹੀ ਹੋਵੇਗੀ। ਜੈ ਜਗਦੰਬੇ।

ਸਤਿਗੁਰੂ ਨਾਨਕ ਸਾਹਿਬ ਸਚੇ ਪਾਤਿਸ਼ਾਹ ਜੀ ਨੇ, ਆਗਿਆਨਤਾ ਦੇ ਇਸ ਅੰਨੇ ਖੂਹ ਵਿਚ ਡਿੱਗਣ ਤੋਂ ਬਚਾਉਣ ਲਈ, ਗੁਰਬਾਣੀ ਦੁਆਰਾ ਸਾਡਾ ਰਾਹ ਰੌਸ਼ਨ ਕਰ ਦਿਤਾ। ਗਿਆਨ ਦੇ ਨੇਤਰ ਬਖਸ ਦਿਤੇ। ਧਰਮ ਦੇ ਨਾਮ ਤੇ ਕੀਤੇ ਜਾ ਰਹੇ ਅਨੇਕ ਪਾਪ ਕਰਮਾਂ ਨੂੰ ਜੰਤਾ ਦੀ ਕਚਹਿਰੀ ਵਿਚ ਨੰਗਿਆ ਕਰ ਦਿਤਾ। ਲੋਕੀ ਮਰਨ ਉਪਰੰਤ ਚੌਰਾਸੀ ਲੱਖ ਜੂਨਾਂ ਤੋਂ ਮੁਕਤੀ ਅਤੇ ਸੁਰਗ ਦੀ ਲਾਲਸਾ ਰਖਦੇ ਸਨ। ਨਰਕ ਘੋਰ ਦੇ ਦੁਖਾਂ ਦਾ ਨਾਮ ਸੁਣ ਕੇ ਹੀ ਕੰਬਣੀ ਛਿੜ ਜਾਂਦੀ ਸੀ। ਪਰਉਪਕਾਰੀ ਸਤਿਗੁਰੂ ਜੀ ਨੇ ਪਹਿਲਾਂ ਕਾਰਜ ਆਰੰਭਿਆ ਕਿ ਮਨੁਖਤਾ ਨੂੰ ਜੀਵਨ ਵਿਚ ਪਾਏ ਗਏ ਅਣਗਿਣਤ ਬੰਧਨਾਂ ਤੋਂ ਮੁਕਤ ਕਰਨਾ ਹੈ। ਮਰਨ ਤੋਂ ਮਗਰੋਂ ਮਿਲਣ ਵਾਲੀ ਮੁਕਤੀ ਬਾਰੇ ਫਿਰ ਸੋਚ ਲਵਾਂਗੇ, ਜੀਵਨ ਮੁਕਤ ਹੋਣਾ ਬਹੁਤ ਜਰੂਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਕ ਮਹਾਨ ਚਾਨਣ ਮੁਨਾਰਾ ਜਾਂ ਲਾਈਟ ਹਾਊਸ, ਮਨੁਖਤਾ ਦੇ ਸਨਮੁਖ ਪਰੋਸ ਦਿਤਾ। ਆਉ ਜਰਾ ਸਤਿਕਾਰ ਸਹਿਤ ਅੱਖਾਂ ਖੋਹਲ ਕੇ, ਸ਼ਰਧਾ ਭਾਵਨਾ ਨਾਲ ਜੀਵਨ ਮੁਕਤ ਮਨੁਖ ਬਾਰੇ ਗੁਰਬਾਣੀ ਤੋਂ ਪੁੱਛ ਵੇਖੀਏ:

  1. 1. ਜੀਵਨ ਮੁਕਤਿ ਜਾਂ ਸ਼ਬਦ ਸੁਣਾਏ॥ ਸਚੀ ਰਹਤ ਸਚਾ ਸੁਖ ਪਾਏ॥ ਸੁਖਦਾਤਾ ਦੁਖੁ ਮੇਟਣ ਹਾਰਾ॥ ਅਵਰੁ ਨ ਸੂਝਸਿ ਬੀਜੀ ਕਾਰਾ॥ 1342
  2. ਜੀਵਤ ਪਾਵਹੁ ਮੋਖ ਦੁਆਰ॥ ਅਨਭਉ ਸਬਦੁ ਤਤੁ ਨਿਜ ਸਾਰ॥ 343
  3. ਮੂਏ ਮੂਏ ਜਉ ਮੁਕਤਿ ਦੇ ਹੁਗੇ ਮੁਕਤਿ ਨ ਜਾਨੈ ਕੋਇਲਾ॥ 1292
  4. ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ॥ 1156
  5. ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ॥ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ॥ 519
  6. ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੇ ਜੁਗਤਿ॥ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ 522

ਉਪਰ ਵਰਣਿਤ ਪਰਮਾਣਾ ਤੋਂ ਇਲਾਵਾ ਇਸ ਪਰਥਾਇ ਹੋਰ ਬਹੁਤ ਸਬਦ ਮੌਜੂਦ ਹਨ। ਵਿਸਥਾਰ ਭੈ ਕਾਰਨ ਸੰਕੋਚ ਕਰਨਾ ਪਿਆ ਹੈ। ਸਤਿਗੁਰੂ ਜੀ ਨੇ ਸਪਸ਼ਟ ਤੌਰ ਉਪਦੇਸ਼ ਕਰਕੇ, ਸਾਰੇ ਨਰਕਾਂ ਆਦਿ ਦੇ ਡਰ ਭਰਮ, ਮਨਾਂ ਵਿਚੋਂ ਕੱਢ ਸੁੱਟਣ ਲਈ ਆਖਿਆ ਹੈ। ਗੁਰਬਾਣੀ ਦੀ ਅਗਵਾਈ ਪ੍ਰਾਪਤ ਕਰਕੇ, ਸੰਜਮ ਵਾਲੀ, ਵਿਕਾਰਾਂ ਤੋਂ ਰਹਿਤ ਜਿੰਦਗੀ ਬਤੀਤ ਕਰਨੀ, ਵਾਹਿਗੁਰੂ ਨੂੰ ਸਦਾ ਚੇਤੇ ਰੱਖਣਾ, ਗੁਣਾਂ ਨਾਲ ਭਰਪੂਰ ਹੋ ਜਾਣਾ, ਇਹੀ ਅਸਲ ਮੁਕਤੀ ਹੈ। ਬ੍ਰਾਹਮਣ ਵੱਲੋਂ ਲੁੱਟ ਖਸੁਟ ਵਾਲੀਆਂ ਅਨੇਕ ਬੰਦਸ਼ਾਂ , ਕਰਮਕਾਂਡੀ ਬੇੜੀਆਂ, ਗੁਰਬਾਣੀ ਦੀ ਵਦਾਣੀ ਚੋਟ ਨੇ ਚਕਨਾ ਚੂਰ ਕਰ ਦਿੱਤੀਆਂ ਹਨ। ਸਾਰੇ ਪਾਪਾਂ ਪੁੰਨਾਂ ਦੇ ਭਾਰ ਸਿੱਖਾਂ ਦੇ ਮਨਾਂ ਤੋਂ ਉਤਾਰ ਕੇ, ਹੌਲੇ ਫੁੱਲ ਬਣਾ ਦਿੱਤਾ ਹੈ। ਇਹ ਤਾਂ ਸੀ ਸੰਖੇਪ ਸਾਰ ਗੁਰਮਤਿ ਵਿੱਚ ਜੀਵਨ ਮੁਕਤ ਦਾ। ਹੁਣ ਕੁਝ ਅਗੋਂ ਵਿਚਾਰ ਕਰ ਵੇਖੀਏ ਕਿ ਗੁਰਬਾਣੀ ਪਾਪ ਪੁੰਨ ਬਾਰੇ ਇਸ ਦੇ ਮੂਲ ਸਰੋਤ ਵੇਦਾਂ ਬਾਰੇ, ਕੀ ਅਗਵਾਈ ਬਖਸਦੀ ਹੈ, ਅਤੇ ਨਰਕ ਸੁਰਗ ਬਾਰੇ ਕੀ ਸੇਧ ਦਿੰਦੀ ਹੈ?

ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨ ਬੀਰਾਗੁ॥ ਦੇਦੇ ਲੈਣ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥ 1243

ਭਾਵ ਅਜਿਹੀਆਂ ਕਥਾ ਕਹਾਣੀਆਂ ਦੀ ਘਾੜਤ ਵੇਦਾਂ ਰਾਹੀਂ ਘੜੀ ਤੇ ਪਰਚਾਰੀ ਗਈ ਹੈ ਕਿ ਪਾਪ ਕਿਵੇਂ ਲਗਦਾ ਹੈ, ਉਸ ਪਾਪ ਨੂੰ ਉਤਾਰਨ ਦੇ ਕੀ ਸਾਧਨ ਹਨ। ਦਾਨ ਦੇਣਾ ਇਕ ਧਿਰ ਨੇ ਤੇ ਲੈਣਾ ਦੂਜੀ ਧਿਰ (ਪੁਜਾਰੀ ) ਨੇ। ਨਰਕ ਸੁਰਗ ਦਾ ਸੰਕਲਪ ਅਤੇ ਅਵਤਾਰਵਾਦ ਦਾ ਮੂਲ ਸਰੋਤ ਵੇਦ ਹੀ ਹਨ।

ਬੇਦ ਕੀ ਪੁਤਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈਹੈਆਈ॥ 329

ਭਾਵ ਵੇਦਾਂ ਦਾ ਹੀ ਸਾਰੰਸ ਸਿਮਰਤੀਆਂ ਵਿਚ ਬਿਆਨਿਆ ਗਿਆ ਹੈ। ਮਨੁੱਖੀ ਸਮਾਜ ਨੂੰ ਅਨੰਤ ਬੰਧਨ ਰੂਪ ਬੇੜੀਆਂ ਵਿਚ ਜਕੜ ਦਿਤਾ ਗਿਆ ਹੈ। ਉਪਰੋਂ ਫਰੇਬ ਇਹ ਕੀਤਾ ਜਾ ਰਿਹਾ ਹੈ ਕਿ ਇਹ ਕਰਮਕਾਂਡ, ਬੰਧਨ ਰੂਪੀ ਬੇੜੀਆਂ ਨਹੀਂ ਹਨ , ਸਗੋਂ ਇਹ ਤਾਂ ਸੁੰਦਰ ਕੀਮਤੀ ਗਹਿਣੇ ਜੇਵਰਾਤ ਹਨ, ਇਹਨਾਂ ਨੂੰ ਪਿਆਰ ਕਰਨਾ ਚੰਗੇ ਜਾਣਨਾ। ਬੰਧਨਾਂ ਤੋਂ ਮੁਕਤ ਕਰਨਾ ਹੀ ਗੁਰਬਾਣੀ ਦਾ ਮੁੱਖ ਪ੍ਰਜੋਜਨ ਹੈ।

ਪੌਰਾਣਕ ਕਥਾਵਾਂ ਵਿਚ ਜਿਹਨਾਂ ਦੇਵਤਿਆਂ ਦੀ ਪੂਜਾ ਕਰਨੀ ਦੱਸੀ ਗਈ ਹੈ ਉਹ ਤਾਂ ਖੁਦ ਹੀ ਕਲਪਤ ਹਨ ਅਤੇ ਜੀਵਨ ਰਾਹ ਤੋਂ ਭਟਕੇ ਹੋਏ ਹਨ। ਜਿਹਨਾਂ ਦੇਵਤਿਆਂ ਨੂੰ ਸੁਰਗ ਦੇ ਮਾਲਕ ਦੱਸਿਆ ਗਿਆ ਹੈ, ਉਹ ਤਾਂ ਖੁਦ ਹੀ ਲੱਖਾਂ ਪਾਪ ਕਰਦੇ ਪਰਤੱਖ ਨਜਰ ਆਉਂਦੇ ਹਨ। ਅਜਿਹੇ ਦੇਵੀ ਦੇਵਤਿਆਂ ਨੂੰ ਗੁਰਬਾਣੀ ਵਿਚ ਕਿਤੇ ਭੀ ਸਤਿਕਾਰ ਨਹੀਂ ਦਿੱਤਾ ਗਿਆ। ਹਾਂ ਇਹਨਾਂ ਵੱਲੋਂ ਕੀਤੀਆਂ ਮੰਦ ਕਰਤੂਤਾਂ ਦਸ ਕੇ ਮਨੁੱਖ ਨੂੰ ਸੁਚੇਤ ਬਹੁਤ ਵਾਰੀ ਕੀਤਾ ਗਿਆ ਹੈ ਤਾਂਕਿ ਆਮ ਮਨੁੱਖ ਇਹਨਾਂ ਦੀ ਮੂਰਖਤਾ ਭਰੀ ਬੇ:ਮਾਹਿਨੀ ਪੂਜਾ ਤੋਂ ਬਚ ਸਕੇ। ਸੁਰਗ ਦਾ ਰਾਜਾ ਇੰਦਰ ਨੂੰ ਮਿਥਿਆ ਗਿਆ ਹੈ, ਨੇਤਰ ਖੋਹਲ ਧਿਆਨ ਨਾਲ ਵੇਖੋ, ਇੰਦਰ ਬਾਰੇ ਸਤਿਗੁਰੂ ਬਾਬਾ ਜੀ ਕੀ ਦਰਗਾਹੀ ਫੁਰਮਾਨ ਭੇਜ ਰਹੇ ਹਨ:

  1. 1. ਸਹੰਸਰ ਦਾਨੁ ਦੇਇ ਇੰਦਰੁ ਰੋ ਆਇਆ॥ ਪਰਸੁਰਾਮ ਰੋਵੇ ਘਰ ਆਇਆ॥ 953
    ਭਾਵ ਬਦਕਾਰੀ ਕਰਨ ਬਦਲੇ ਇੰਦਰ ਨੂੰ ਸਰਮਨਾਕ ਸਜਾ ਮਿਲੀ ਤੇ ਉਹ ਕਿਤੇ ਮੂੰਹ ਵਿਖਾਣ ਜੋਗਾ ਨਾ ਰਿਹਾ
  2. ਗੌਤਮੁ ਤਪਾ ਅਹਲਿਆ ਇਸਤਰੀ ਤਿਸੁ ਦੇਖਿ ਇੰਦ੍ਰ ਲੋਭਾਇਆ॥ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ 1244
    ਇੰਦਰ ਤੇ ਸਾਜਿਸ ਰਚ ਕੇ ਗੌਤਮ ਨਾਮੀ ਸਾਧੂ ਦੀ ਪਤਨੀ ਅਹਲਿਆ ਨਾਲ ਪਾਪ ਕਰਮ ਕੀਤਾ। ਪਤਾ ਲਗਣ ਤੇ ਗੌਤਮ ਨੇ ਅਜਿਹਾ ਸਰਮਨਾਕ ਸਰਾਪ ਦਿਤਾ ਕਿ ਇੰਦਰ ਸਦਾ ਲਈ ਵਿਲਕਣ, ਤੜਪਣ ਲਈ ਮਜਬੂਰ ਹੋ ਗਿਆ।

ਅਸਲ ਵਿਚ ਸਮਾਜ ਨੂੰ ਖੌਫਜਦਾ ਕਰਨ ਵਾਸਤੇ ਇਹਨਾਂ ਕਲਪਤ ਕਹਾਣੀਆਂ ਰਾਹੀਂ ਇਕ ਭਿਆਨਕਤਾ ਭਰੇ ਵਾਤਾਵਰਣ ਦੀ ਸਿਰਜਣਾ ਕੀਤੀ ਗਈ। ਇਹ ਸਥਾਨਕ ਹਾਲਾਤ ਮੁਤਾਬਕ ਅਤੇ ਧਾਰਮਕ (?) ਚਤਰ ਚਲਾਕ ਮੁਖੀਆਂ ਦੀ ਮਾਨਸਿਕ ਬਣਤਰ ਮੁਤਾਬਕ ਹੀ ਸੰਭਵ ਸੀ। ਅਰਬ ਦੇਸ਼ਾਂ ਵਿਚ ਅਤਿ ਦਰਜੇ ਦੀ ਲੂਹ ਦੇਣ ਵਾਲੀ ਧੁੱਪ ਵਰ੍ਹਦੀ ਹੈ। ਰੇਤ ਥਲ ਭੱਠ ਵਾਂਗ ਤਪਣ ਲੱਗਦੇ ਹਨ। ਪਾਣੀ ਦੀ ਬਹੁਤ ਕਮੀ ਹੈ। ਰੋਜਾਨਾ ਦੀ ਵਰਦੀ ਕੁਦਰਤੀ ਗਰਮੀ ਦੇ ਸਤਾਏ ਅਰਬ ਮੁਲਕਾਂ ਦੇ ਧਾਰਮਕ ਮੁਖੀਆਂ ਨੇ, ਪਾਪ ਕਰਮ ਕਰਨ ਵਾਲਿਆਂ ਲਈ ਦੋਜਖ ਦੀ ਅੱਗ ਵਿਚ ਸੜਨਾ ਸਭ ਤੋਂ ਭਿਆਨਕ ਸਜਾ ਮਿਥ ਦਿੱਤੀ। ਪਹਿਲਾਂ ਹੀ ਤਪਸ ਗਰਮੀ ਦੇ ਦੁਖੀ ਕੀਤੇ ਵਿਅਕਤੀ ਨੂੰ ਅੱਗ ਕੋਲ ਬੈਠਣ ਲਈ ਆਖਿਆ ਜਾਵੇ, ਉਹ ਤਾਂ ਵਿਲਕ ਉਠੇਗਾ। ਉਸ ਦੀ ਵਿਆਕੁਲਤਾ ਸੀਮਾ ਪਾਰ ਕਰ ਜਾਵੇਗੀ। ਇਸੇ ਲਈ ਉਹਨਾਂ ਵਿਚ ਬਲ ਰਹੀ ਅੱਗ ਦਾ ਭੈ, ਅਪਣੇ ਲੋਕਾਂ ਅਗੇ ਲਿਆ ਰੱਖਿਆ। ਭੋਲੇ ਲੋਕਾਂ ਨੇ ਇਸ ਭਿਆਨਕਤਾ ਅਗੇ ਸਿਰ ਨਿਵਾ ਦਿੱਤਾ। ਅੱਜ ਉਹ ਲੋਕ ਦੋਜਖ ਦੀ ਅੱਗ ਦਾ ਨਾਮ ਸੁਣਦਿਆਂ ਹੀ ਥਰ ਥਰ ਕੰਬਣ ਲੱਗ ਪੈਂਦੇ ਹਨ।

ਦੂਸਰੇ ਬੰਨੇ ਦੀ ਤਾਕੀ ਖੋਹਲ ਕੇ ਭੀ ਵੇਖ ਲਈਏ ਕਿ ਸਾਮੀ ਧਰਮਾਂ ਵਿਚ ਸੁਰਗ ਕਿਸ ਤਰਾਂ ਦਾ ਹੈ। ਹਿੰਦੂਆਂ ਵੱਲੋਂ ਕਲਪੇ ਗਏ ਸੁਰਗ ਨਾਲੋਂ ਬਹੁਤ ਜਿਆਦਾ ਭਿੰਨਤਾ ਨਹੀਂ ਹੈ। ਸਿਰਫ ਇੰਦਰ ਦੇਵਤਾ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ, ਬਾਕੀ ਸਭ ਕੁਝ ਬਹਿਸਤ ਅਤੇ ਸੁਰਗ ਵਿਚ ਸਾਂਝਾ ਹੀ ਨਜਰ ਆਉਂਦਾ ਹੈ। ਭਲੇ ਮੁਸਲਮਾਨਾਂ ਦੇ ਸੁਆਗਤ ਅਤੇ ਸੇਵਾ ਵਾਸਤੇ ਬਹਿਸਤ ਵਿਚ ਹੂਰਾਂ (ਅਤਿ ਹੁਸੀਨ ਔਰਤਾਂ) ਇੰਤਜਾਰ ਕਰ ਰਹੀਆਂ ਹਨ। ਅੰਗੂਰਾਂ ਅਤੇ ਖਜੂਰਾਂ ਦੀ ਬਹੁਤ ਵਧੀਆ ਸ਼ਰਾਬ ਪੀਣ ਨੂੰ ਮਿਲੇਗੀ। ਸੁਹਾਵਣੇ ਫੁੱਲਾਂ ਲੱਦੇ ਬਾਗ, ਤੇ ਠੰਢੇ ਪਾਣੀ ਦੇ ਵਗ ਰਹੇ ਝਰਨੇ… ਅਜਿਹਾ ਹੀ ਹੋਰ ਕਈ ਕੁਝ। ਇਸ ਦੀ ਵਿਰੋਧਤਾ ਕਰਦਿਆਂ ਇਕ ਮੁਸਲਮਾਨ ਸ਼ਾਇਰ ਲਿਖਦਾ ਹੈ:

ਜੰਨਤ ਮੇ ਜਾਕਰ ਤਹੂਰਨ ਪੀਉਗੇ, ਯਹਾਂ ਪੀਨਾ ਕਿਉਂ ਗੁਨਾਹ ਹੋ ਗਿਆ?
ਵਹਾਂ ਹੂਰੇਂ ਮਿਲਨੇ ਕਾ ਹੈ ਹੁਕਮ ਰੱਬੀ, ਯਹਾਂ ਕਿਉਂ ਜਨਾਹ ਕਾ ਗੁਨਾਹ ਹੋ ਗਿਆ?

ਇਸਲਾਮੀ ਜਗਤ ਵਿੱਚ ਇੱਕ ਮਾਤਾ ਰਾਬੀਆ ਹੋਈ ਸੀ। ਬਹੁਤ ਹੀ ਸੂਝਵਾਨ ਅਤੇ ਦਲੇਰ ਔਰਤ ਸੀ ਇਹ। ਆਪਣੇ ਉਪਦੇਸ਼ਾਂ ਭਰੇ ਕੌਤਕਾਂ ਦੁਆਰਾ ਇਸਨੇ, ਅਣਗਿਣਤ ਲੋਕਾਂ ਨੂੰ ਸੋਝੀ ਬਖਸੀ। ਇੱਕ ਦਿਨ ਮਾਤਾ ਰਾਬੀਆ, ਜੁਮੇ ਦੀ ਨਿਵਾਜ ਪੜ੍ਹਨ ਲਈ ਇਕੱਠੇ ਹੋਏ, ਮੁਸਲਮਾਨਾਂ ਕੋਲ ਅਚਨਚੇਤੀ ਮਸਜਿਦ ਵਿੱਚ ਜਾ ਪੁੱਜੀ। ਇਸ ਦੇ ਇੱਕ ਹੱਥ ਵਿਚ ਪਾਣੀ ਦੀ ਭਰੀ ਹੋਈ ਬਾਲਟੀ, ਦੂਜੇ ਹੱਥ ਵਿਚ ਅੱਗ ਦੀਆਂ ਲਾਟਾਂ ਛੱਡਦੀ ਵੱਡੀ ਲਕੜੀ। ਵੇਖਣ ਵਾਲੇ ਸਾਰੇ ਘਬਰਾ ਗਏ, ਇੱਧਰ ਉੱਧਰ ਨੱਸੇ। ਮਾਤਾ ਜੀ ਨੇ ਗਰਜਵੀ ਆਵਾਜ ਵਿਚ ਸਾਰਿਆਂ ਨੂੰ ਰੁਕਣ ਲਈ ਕਿਹਾ। ਧਿਆਨ ਨਾਲ ਸੁਣ ਲਉ, ਮੈਂ ਤੁਹਾਨੂੰ ਚੰਗੀ ਤਰਾਂ ਜਾਣਦੀ ਹਾਂ। ਤੁਸੀਂ ਖੁਦਾ ਲਈ ਨਮਾਜ ਅਦਾ ਕਰਨ ਨਹੀਂ ਆਉਂਦੇ, ਸਗੋਂ ਦੋਜਖ ਤੋਂ ਡਰ ਕੇ ਅਤੇ ਬਹਿਸ਼ਤ ਦੇ ਲਾਲਚ ਵਸ ਨਮਾਜ ਅਦਾ ਕਰਦੇ ਹੋ। ਘਬਰਾਉ ਨਾ ਆਹ ਜੋ ਮੇਰੇ ਹੱਥ ਵਿੱਚ ਪਾਣੀ ਦੀ ਬਾਲਟੀ ਹੈ, ਇਸ ਨਾਲ ਮੈਂ ਦੋਜਖ ਦੀ ਅੱਗ ਬੁਝਾ ਦਿਆਂਗੀ ਨਾਲ ਹੀ ਤੁਹਾਡੀ ਲਾਲਸਾ ਦਾ ਕੇਂਦਰ ਬਣੇ ਬਹਿਸ਼ਤ ਨੂੰ ਸਾੜ ਕੇ ਸੁਆਹ ਕਰ ਦਿਆਂਗੀ, ਇਸ ਬਲਦੀ ਲੱਕੜੀ ਨਾਲ। ਤੁਸੀਂ ਸੱਚੇ ਨਮਾਜੀ ਨਹੀਂ ਹੋ ਡਰਪੋਕ ਅਤੇ ਲਾਲਚੀ ਹੋ, ਅਜਿਹੇ ਬੰਦੇ ਧਰਮੀ ਨਹੀਂ ਹੋ ਸਕਦੇ… "। ਇਸ ਪਥਰਾਏ ਇੱਕ ਸ਼ਾਇਰ ਦਾ ਕਥਨ ਹੈ:

ਜੰਨਤ ਕੇ ਲਾਲਚ ਮੇਂ ਜੋ ਖੁਦਾ ਕਾ ਨਾਮ ਲੇਤੇ ਹੈਂ, ਵੋਹ ਇਬਾਦਤ ਨਹੀਂ ਮਹਿਜ ਏਕ ਤਜਾਰਤ ਹੈ।
ਅਰ ਜੋ ਡਰਕੇ ਦੋਜਖ ਸੇ ਖੁਦਾ ਕਾ ਨਾਮ ਲੇਤੇ ਹੈਂ, ਸਚੀ ਬੰਦਗੀ ਨਹੀਂ ਬੁਜਦਿਲਾਨਾ ਸ਼ਿਕਾਇਤ ਹੈ।(ਇਕਬਾਲ)

ਮਨੁਖਤਾ ਦੇ ਸੱਚੇ ਹਿਤੈਸ਼ੀਆਂ ਨੇ, ਅਕਾਲ ਪੁਰਖ ਦੀ ਲਿਵਲੀਨਤਾ ਵਿਚੋਂ, ਜੋ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਹ ਲੁਕਾ ਕੇ ਨਹੀਂ ਰੱਖੀਆਂ। ਲਿਖਤੀ ਰੂਪ ਦੇ ਕੇ, ਸ਼ੁੱਧ ਰੂਪ ਵਿੱਚ ਸਾਡੇ ਤੱਕ ਪੁੱਜਦੀਆਂ ਕਰ ਦਿੱਤੀਆਂ। ਜਦੋਂ ਭੀ ਅਸੀਂ ਕਿਸੇ ਮਸਲੇ ਬਾਰੇ ਦੁਬਿਧਾ ਵਿਚ ਹੋਈਏ, ਰਾਹ ਨਾ ਲਭਦਾ ਹੋਵੇ, ਤੁਰੰਤ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਤਿਕਾਰ ਸਹਿਤ ਪੁੱਛੀਏ। ਸੱਚੇ ਸਤਿਗੁਰੂ ਜੀਓ * ਸਾਡੇ ਮਨਾਂ ਵਿੱਚ ਉੱਠ ਰਹੇ ਸੰਕਿਆਂ ਦਾ ਨਿਵਾਰਣ ਕਰੋ ਤਾਂ ਸਾਹਿਬ ਜੀ ਬਿਨਾਂ ਦੇਰੀ ਤੋਂ ਜੁਆਬ ਦੇ ਕੇ ਸ਼ੰਕਿਆਂ ਵਿੱਚੋਂ ਕੱਢ ਦਿੰਦੇ ਹਨ। ਅੱਜ ਪਾਤਿਸ਼ਾਹ ਜੀ ਤੋਂ ਨਰਕ ਸੁਰਗ ਬਾਰੇ ਹੀ ਬੇਨਤੀ ਕਰ ਲਈਏ:

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਉ ਰਾਦੇ॥ 969
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰਪਰਸਾਦੇ॥

ਕੀ ਨਰਕ ਤੇ ਕੀ ਵਿਚਾਰਾ ਸੁਰਗ ਅਸਾਂ ਦੋਵੇਂ ਨੂੰ ਹੀ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਹੈ। ਅਕਾਲ ਪੁਰਖ ਦੀ ਕਿਰਪਾ ਸਦਕਾ ਹੁਣ ਅਸੀਂ ਕਿਸੇ ਬੰਧਨ ਵਿਚ ਨਹੀਂ ਹਾਂ, ਲਾਲਚ ਤੇ ਡਰ ਮੁਕਾ ਦਿੱਤੇ ਹਨ।

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥
ਚਰਨ ਕਮਲ ਕੀ ਮਉਜ ਮਹਿ ਰਹਿਓ ਅੰਤਿ ਅਰੁ ਆਦਿ॥ 1370

ਸੁਰਗ ਦਾ ਮਾਲਕ ਇੰਦਰ ਤਾਂ ਖੁਦ ਮੈਲਾ ਮਲੀਨ ਹੈ, ਦੁਸ਼ਟ ਕਰਮਾਂ ਵਿਚ ਮਰਕਿਆ ਹੋਇਆ ਹੈ, ਉਸਦੀ ਇੰਦਰ ਪੁਰੀ (ਸੁਰਗ) ਕਿਵੇਂ ਪਵਿਤਰ ਹੋ ਸਕਦੀ ਹੈ?

ਮੈਲਾ ਬ੍ਰਹਮਾ ਮੈਲਾ ਇੰਦੁ॥ ਰਵਿ ਮੈਲਾ ਮੈਲਾ ਹੈ ਚੰਦੁ… ॥
ਮੈਲੇ ਸਿਵ ਸੰਕਰਾ ਮਹੇਸ॥ ਮੈਲੇ ਸਿਧ ਸਾਧਿਕ ਅਰੁ ਭੇਖ॥ 1158

ਧਰਮਾਂ ਦੇ ਬਹੁਤੇ ਪ੍ਰਚਾਰਕ (ਸਮੇਤ ਸਿੱਖਾਂ ਦੇ) ਇਸੇ ਗੱਲ ਤੇ ਪੂਰਾ ਤਾਣ ਲਾ ਦਿੰਦੇ ਹਨ, ਕਿ ਕਿਹੜਾ ਕੰਮ (ਖਾਸ ਕਰ ਦਾਨ) ਕਰਨ ਤੇ ਸੁਰਗ ਪ੍ਰਾਪਤ ਹੋਵੇਗਾ ਤੇ ਕਿਸ ਕਾਰਜ ਕਰਕੇ, ਨਰਕਾਂ ਦੇ ਦੁਖ ਭੋਗਣੇ ਪੈਣਗੇ। ਇਹ ਬ੍ਰਾਹਮਣ ਦੀ ਸਦੀਆਂ ਤੋਂ ਚਲੀ ਆ ਰਹੀ ਲੁੱਟ ਨੀਤੀ ਦਾ ਇੱਕ ਵੱਡਾ ਕਾਮਯਾਬ ਹਥਿਆਰ ਸੀ ਤੇ ਹੈ। ਗੁਰ ਵਾਕ ਹੈ:

ਪਾਪ ਪੁੰਨ ਤਹ ਭਈ ਕਹਾਵਤ॥ ਕੋਊ ਨਰਕ ਕੋਊ ਸੁਰਗ ਬੰਛਾਵਤ॥ 292

ਵਿਸ਼ਨੂੰ ਭਗਵਾਨ (?) ਦੇ ਨਾਮ ਹੇਠ ਕਿਸੇ ਸਿਰੇ ਦੇ ਲੁਟੇਰੇ ਨੇ, ਗਰੁੜ ਪੁਰਾਣ ਨਾਮੀ ਕਿਤਾਬ ਲਿਖ ਕੇ, ਨਰਕ ਦਾ ਅਤਿਅੰਤ ਡਰਾੳਣਾ ਚਿੱਤਰ ਲੋਕਾਂ ਵਿਚ ਸਦੀਆਂ ਤੋਂ ਪ੍ਰਚਾਰਿਆ ਹੈ। ਸੁਰਗ ਦੇ ਮਨਮੋਹਣੇ ਦ੍ਰਿਸ਼, ਲੱਛੇਦਾਰ ਸ਼ਬਦਾਵਲੀ ਵਿਚ, ਪੇਸ਼ ਕੀਤੇ ਗਏ ਹਨ। ਨਤੀਜੇ ਦੇ ਤੌਰ ਤੇ ਜਿਥੇ ਕਿਤੇ ਭੀ ਇਹ ਦੁਸ਼ਟਤਾ ਭਰਿਆ ਪਰਚਾਰ ਪੁਜਿਆ, ਉਥੇ ਹੀ ਭੋਲੇ ਭਾਲੇ ਲੋਕ ਨਰਕ ਸੁਰਗ ਦੇ ਚਕਰਵਿਊ ਵਿਚ ਫਸਦੇ ਗਏ। ਇਸ ਮਾਰੂ ਹਥਿਆਰ ਦੀ ਪ੍ਰਚਾਰ ਸ਼ਕਤੀ ਰਾਹੀਂ, ਹਜਾਰਾਂ ਸਾਲ ਤੋਂ ਮਨੁੱਖਤਾ ਦੇ ਦੁਸ਼ਮਣ, ਬੜੀ ਬੇਰਹਿਮੀ ਨਾਲ ਸਮਾਜ ਦਾ ਖੂਨ ਪੀਂਦੇ ਆ ਰਹੇ ਹਨ। ਇਹਨਾਂ ਵਿਹਲੜ ਪੁਜਾਰੀਆਂ ਦੀਆਂ ਧਾੜਾਂ ਛਲ ਕਪਟ ਰਾਹ਼ੀ, ਗੁਲਛਰੇ ਉਡਾ ਰਹੀਆਂ ਹਨ। ਜੀਵਤ ਵਿਅਕਤੀਆਂ ਨੂੰ ਲੁੱਟਕੇ ਇਹਨਾਂ ਸਬਰ ਨਹੀਂ ਕੀਤਾ, ਬਲਕਿ ਮਰੇ ਪ੍ਰਾਣੀਆਂ ਨਮਿਤ, (ਉਹਨਾਂ ਦੇ ਵਾਸਤੇ) ਵਧੀਆ ਖਾਣੇ, ਕੀਮਤੀ ਬਸਤਰ, ਮੰਜੇ ਬਿਸਤਰੇ, ਰੁਪਏ, ਸੋਨਾ ਚਾਂਦੀ, ਦੁੱਧ ਪੀਣ ਲਈ ਮੱਝਾਂ ਗਾਈਆਂ, ਚੜਨ ਲਈ ਘੋੜੀਆਂ ਅਤੇ ਹੋਰ ਬਹੁਤ ਕੁਝ ਭੋਲੇ ਜਜਮਾਨਾਂ ਤੋਂ ਲੁੱਟਕੇ ਪੁਰੋਹਿਤ ਲੋਕ ਉਪਰ ਭੇਜ ਰਹੇ ਹਨ। ਅੱਜ ਭੀ ਅਗਿਆਨਤਾ ਭਰੀ ਇਹ ਲੁੱਟ ਭਾਰਤੀ ਸਮਾਜ ਵਿਚ ਆਮ ਪ੍ਰਚੱਲਤ ਹੈ। ਸਗੋਂ ਮਨਮੁੱਖਤਾ ਵਾਲੇ ਇਹ ਕੰਮ ਰੂਪ ਬਦਲ ਕੇ ਸਿੱਖਾਂ ਵਿਚ ਭੀ ਆਮ ਵੇਖੀਦੇ ਹਨ। ਜਿਸ ਬੁਰਾਈ ਤੋਂ ਸਤਿਗੁਰੂ ਜੀ ਨੇ ਪੁਕਾਰ ਪੁਕਾਰ ਕੇ ਵਰਜਿਆ ਸੀ, ਉਹੀ ਬੁਰਾਈ ਗੁਰਦਵਾਰੇ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ, ਭਾਈ ਜੀ ਵੱਲੋਂ ਅਰਦਾਸ ਕਰਕੇ ਗੁਰਮਤਿ ਬਣਾਉਣ ਦੀ ਹਿਮਾਕਤ ਕੀਤੀ ਜਾ ਰਹੀ ਹੈ। ਜੇ ਗੁਰਦਵਾਰੇ ਕੁਝ ਅਰਪਣ ਕਰਨ ਦੀ ਇੱਛਾ ਹੀ ਹੋਵੇ, ਤਾਂ ਬੇਅੰਤ ਖੁਸ਼ੀਆਂ ਦੇ ਮੌਕੇ ਆਉਂਦੇ ਹਨ, ਤਦੋਂ ਮੰਜੇ, ਬਿਸਤਰੇ ਭਾਂਡੇ ਮਾਇਆ ਦਿਤੀ ਜਾ ਸਕਦੀ ਹੈ। ਮਰੇ ਪ੍ਰਾਣੀ ਦੇ ਭੋਗ ਤੇ ਹੀ ਇਹ ਚੀਜਾਂ ਗੁਰਦਵਾਰੇ ਦੇਣੀਆਂ, ਗਰੁੜ ਪੁਰਾਣ ਦਾ ਬ੍ਰਾਹਮਣੀ ਕਰਮ ਕਾਂਡ ਸਪੱਸ਼ਟ ਨਜਰ ਆ ਜਾਂਦਾ ਹੈ।

ਗੁਰਬਾਣੀ ਨੇ ਵਾਹਿਗੁਰੂ ਦੀ ਯਾਦ ਵਿਚ ਜਿੰਦਗੀ ਬਿਤਾਉਂਦਿਆਂ ਸਾਰੇ ਭੈ ਉਤਾਰ ਦਿਤੇ। ਦੁਖ ਸੁਖ, ਮਿੱਟੀ ਸੋਨਾ, ਜਿੰਦਗੀ ਮੌਤ, ਉਸਤਤ ਨਿੰਦਾ, ਲੋਭ ਮੋਹ ਆਦਿ ਤੋਂ ਬਹੁਤ ਉਪਰ ਉਠਾ ਦਿਤਾ ਸੀ। ਇਸੇ ਤਰਾਂ ਨਰਕ ਸੁਰਗ ਤੋਂ ਭੀ ਉਪਰ ਪੁਚਾ ਦਿਤਾ ਗਿਆ ਸੀ। ਗੁਰ ਵਾਕ ਹੈ:

ਸੁਰਗ ਨਰਕ ਅੰਮ੍ਰਿਤ ਬਿਖੁਏ ਸਭ, ਤਿਉ ਕੰਚਨ ਅਰੁ ਪੈਸਾ॥
ਉਸਤਤਿ ਨਿੰਦਾ ਏ ਸਮ ਜਾਕੈ ਲੋਭੁ ਮੋਹੁ ਫੁਨਿ ਤੈਸਾ॥ 220

ਗੁਰਸਿੱਖ ਸਤਿਗੁਰਰੂ ਦੀ ਉਤਮ ਸਿਖਿਆ ਦੁਆਰਾ, ਇੰਨਾ ਸਥਿਰ ਤੇ ਅਡੋਲ ਅਵਸਥਾਵਾਲਾ ਬਣ ਜਾਵੇ, ਕਿ ਵਾਹਿਗੁਰੂ ਜੀ ਦੇ ਇਨਸਾਫ ਤੇ ਪੂਰਨ ਭਰੋਸਾ ਰਖੇ। ਨਰਕ ਤੋਂ ਤਾਂ ਡਰਨਾ ਹੀ ਕੀ ਹੈ, ਸਗੋਂ ਸੁਰਗ ਦੀ ਇੱਛਾ ਦਾ ਭੀ ਮੁਕੰਮਲ ਤਿਆਗ ਕਰ ਦੇਵੇ। ਵਾਕ ਹੈ:

ਮੁਕਤਿ ਬਪੁੜੀ ਭੀ ਗਿਆਨੀ ਤਿਆਗੈ॥ 1078

ਵਾਹਿਗੁਰੂ ਚੰਗੀ ਤਰਾਂ ਜਾਣਦਾ ਹੈ ਕਿ ਕੌਣ ਮਨੁੱਖ ਕਿਸ ਮਾਨ ਅਪਮਾਨ ਦਾ ਹਕਦਾਰ ਹੈ। ਉਸ ਨੂੰ ਮੁਕਤਿ ਕਰਨਾ ਹੈ ਜਾਂ ਆਵਾਗਵਣ ਵਿਚ ਪਾਉਣਾ ਹੈ। ਇਨਸਾਨੀਅਤ ਦੇ ਦੁਸ਼ਮਣ ਪੁਜਾਰੀਆਂ ਨੇ ਇਹ ਪ੍ਰਚਾਰ ਪੂਰੇ ਜੋਰ ਨਾਲ ਕੀਤਾ ਹੋਇਆ ਸੀ, ਕਿ ਜੋ ਕੁਝ ਤੁਹਾਡੇ ਕੋਲ ਹੈ ਜਮੀਨ ਘਰ ਸਮੇਤ ਪਤਨੀ ਅਤੇ ਧੀਆਂ ਦੇ। ਖੁਦ ਕਾਸ਼ੀ ਦੇ ਧਰਮ ਮੰਦਰ (?) ਵਿਖੇ ਪੁਜਕੇ ਸ਼ਰਧਾ ਨਾਲ ਸੀਸ ਝੁਕਾ ਦਿਉ ਰਾਮ ਨਾਮ ਜਪਦਿਆਂ ਆਰੇ ਨਾਲ ਸਰੀਰ ਦੋ ਫਾੜ ਕਰਵਾ ਲਵੋ… । ਤੁਸੀਂ ਬਿਨਾਂ ਰੋਕ ਸੁਰਗ ਜਾਉਗੇ, ਸਾਡੀ ਗਰੰਟੀ ਹੈ। ਜਿਥੇ ਬਿਮਾਰੀ ਬਹੁਤ ਫੈਲੀ ਹੋਵੇ ਵੈਦ ਡਾਕਟਰ ਦੀ ਲੋੜ ਭੀ ਉਥੇ ਹੀ ਜਿਆਦਾ ਹੈ। ਇਸ ਪਾਪ ਕਰਮ ਦਾ ਹੈਡ ਕੁਆਟਰ ਕਾਸ਼ੀ ਵਿਖੇ ਸੀ ਜਿਥੇ ਵਿਧੀ ਪੂਰਵਕ ਪੁਰਾਣਕ ਗ੍ਰੰਥਾਂ ਵਿਚੋਂ ਪ੍ਰਮਾਣ ਯਾਦ ਕਰਵਾ ਕੇ ਨਵੇਂ ਕਰਮ ਕਾਂਡੀ ਨੌਜਵਾਨ ਤਿਆਰ ਕੀਤੇ ਜਾਂਦੇ ਸਨ। ਸਾਰੇ ਦੇਸ਼ ਨੂੰ ਸਦੀਆਂ ਤਕ ਬੇ ਸਿਰ ਪੈਰ ਦੀਆਂ ਕਹਾਣੀਆਂ ਰਾਹੀਂ ਧਰਮ ਦਾ ਲੇਬਲ ਲਾ ਕੇ ਗੁਮਰਾਹ ਕੀਤਾ ਜਾਂਦਾ ਰਿਹਾ ਹੈ। ਇਥੇ ਦੀ ਸੁਧਾਈ ਵਾਸਤੇ ਰੱਬ ਜੀ ਨੇ ਕਬੀਰ ਜੀ ਨੂੰ, ਰਵੀਦਾਸ ਜੀ ਨੂੰ, ਕਾਸ਼ੀ ਵਿਚ ਹੀ ਪੈਦਾ ਕੀਤਾ। ਇਹਨਾਂ ਯੋਧਿਆਂ ਨੇ ਬੇਖੌਫ ਹੋ ਕੇ ਭਰਮਜਾਲ ਦੇ ਬਖੀਏ ਉਧੇੜ ਦਿਤੇ। ਲਲਕਾਰ ਕੇ ਆਵਾਜ ਦਿਤੀ:

ਗਜ ਸਾਢੇ ਤੈ ਤੈ ਧੋਤੀਆ ਤੀਹਰੇ ਪਾਇਨਿ ਤਗ॥ ਗਲੀ ਜਿਨਾ ਜਪਮਾਲੀਆਂ ਲੋਟੇ ਹਥ ਨਿਬਗ॥ ਉਏ ਹਰਿ ਕੇ ਸੰਤ ਨ ਆਖੀਐ ਬਾਨਾਰਸ ਕੇ ਠਗ॥ 476

ਕਾਂਸੀ ਦੇ ਨਜਦੀਕ ਮੁੰਗੇਰ ਦੇ ਅਸਥਾਨ ਤੇ ਮਹਾਨ ਪਰਉਪਕਾਰੀ ਮਹਾਤਮਾ ਬੁੱਧ ਜੀ ਨੇ ਸਰੀਰ ਤਿਆਗਿਆ ਸੀ। ਬੁੱਧ ਜੀ ਨੇ ਵੇਦਾਂ ਦੀ ਉਚਤਾ ਨੂੰ ਬ੍ਰਾਹਮਣ ਦੀ ਪ੍ਰਧਾਨਗੀ ਨੂੰ, ਅਤੇ ਜਾਤ ਪਾਤ ਨੂੰ ਕਰਾਰੀ ਚੋਟ ਮਾਰੀ ਸੀ। ਇਸੇ ਗਲ ਦਾ ਬਦਲਾ ਲੈਣ ਵਾਸਤੇ ਜਿਥੇ ਮਹਾਤਮਾ ਬੁੱਧ ਜੀ ਨੂੰ ਹੋਰ ਢੰਗਾਂ ਨਾਲ ਛੁਟਿਆਇਆ ਗਿਆ, ਉਥੇ ਇਹ ਭੀ ਕੂੜ ਪਰਚਾਰ ਕੀਤਾ ਗਿਆ ਕਿ ਜੋ ਵਿਅਕਤੀ ਮਗਹਰ (ਮੁੰਗੇਰ) ਸਰੀਰ ਤਿਆਗਦਾ ਹੈ, ਉਹ ਨਰਕਾਂ ਵਿਚ ਜਾਂਦਾ ਹੈ। ਫਿਰ ਅਨੇਕ ਜਨਮ ਖੋਤੇ ਦੀ ਜੂਨ ਪੈਂਦਾ ਹੈ। ਕਬੀਰ ਜੀ ਉਮਰ ਦੇ ਆਖਰੀ ਹਿੱਸੇ ਮੁੰਗੇਰ ਜਾ ਬਸੇ ਅਤੇ ਐਲਾਨ ਕਰ ਦਿਤਾ ਕਿ ਰਬ ਦਾ ਭਗਤ ਨੇਕ ਜੀਵਨ ਬਤੀਤ ਕਰਦਾ, ਕਿਤੇ ਭੀ ਸਰੀਰ ਤਿਆਗੇ ਇਕ ਸਮਾਨ ਹੈ। ਐ ਸੰਸਾਰ ਦੇ ਲੋਕੋ ਬੁਰੇ ਕੰਮ ਕਰਨ ਵਾਲਾ ਕਾਂਸੀ ਵਿਚ ਮਰ ਕੇ ਭੀ ਨਰਕਾਂ ਦਾ ਭਾਗੀ ਬਣੇਗਾ। ਮੇਰੇ ਵਾਸਤੇ ਦੋਨੋਂ ਹੀ ਕਾਂਸੀ ਤੇ ਮੁੰਗੇਰ:ਬਰਾਬਰ ਹਨ।

ਅਬ ਕਹੁ ਰਾਮ ਕਵਨ ਗਤਿ ਮੋਰੀ॥ ਤਜੀਲੇ ਬਨਾਰਸ ਮਤਿ ਭਈ ਥੋਰੀ॥ ਰਹਾਉ॥ 326
ਸਗਲ ਜਨਮ ਸ਼ਿਵ ਪੁਰੀ ਗਵਾਇਆ॥ ਮਰਤੀ ਬਾਰ ਮਰਾਹਰਿ ਉਠਿ ਆਇਆ॥ਕਾਸੀ ਮਰਾਹਰਿ ਸਮ ਬੀਚਾਰੀ… ॥

ਕਬੀਰ ਜੀ ਨੇ ਗਰਜ ਕੇ ਐਲਾਨ ਕੀਤਾ "ਐ ਬ੍ਰਾਹਮਣ ਤੇਰੀ ਇਸ ਠੱਗ ਵਿਦਿਆ ਦੀ ਆਵਾਜ ਬਹੁਤੀ ਦੇਰ ਗੁੰਜਦੀ ਨਹੀਂ ਰਹਿ ਸਕੇਗੀ। ਜਦੋਂ ਇਸ ਦਾ ਪਾਜ ਉਘੜ ਗਿਆ, ਫਿਰ ਤੇਰਾ ਤੇ ਤੇਰੇ:

ਇਸ ਧਰਮ ਅਸਥਾਨ ਦਾ ਕੀ ਬਣੇਗਾ? ਕਿਥੇ ਮੂੰਹ ਲੁਕਾਉਗੇ?

ਕਾਂਸੀ ਤੇ ਧੁਨਿ ਉਪਜੈ ਧੁਨਿ ਕਾਂਸੀ ਜਾਈ॥ ਕਾਂਸੀ ਫੂਟੀ ਪੰਡਿਤਾ ਧੁਨਿ ਕਹਾ ਸਮਾਈ॥ 857

ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਉਪਰੋਕਤ ਵਿਚਾਰ ਦੀ ਪ੍ਰੋੜਤਾ ਕਰਦਿਆਂ ਇਸ ਦਾ ਬਦਲ ਭੀ ਸਾਡੇ ਸਨਮੁਖ ਰੱਖਿਆ ਹੈ। ਐ ਭਾਈ ਕਾਂਸੀ ਵਿਚ ਉਤਮ ਕਲਿਆਣਕਾਰੀ ਉਪਦੇਸ਼ ਨਹੀਂ ਮਿਲਦਾ। ਸਤਿਗੁਰੂ ਦੀ ਸਰਨ ਆਵੋ, ਇਥੋਂ ਜੀਵਨ ਜਾਚ ਪ੍ਰਾਪਤ ਹੁੰਦੀ ਹੈ। ਵਾਕ ਹੈ:

ਨਾ ਕਾਂਸੀ ਮਤਿ ਉਪਜੈ ਨਾ ਕਾਂਸੀ ਮਤਿ ਜਾਇ॥ ਸਤਿਗੁਰ ਮਿਲਿਐ ਮਤਿ ਉਪਜੈ ਤਾਂ ਇਹ ਸੋਝ ਪਾਇ॥
ਗੁਰੂ ਘਰ ਦੇ ਉਪਦੇਸ਼ ਸਦਕਾ, ਬ੍ਰਾਹਮਣੀ ਧਰਮ ਅਸਥਾਨਾਂ ਤੇ ਸਿੱਖ ਜਾਣੋ ਘਟਦੇ ਗਏ। (491)

ਨਾਲ ਹੀ ਬ੍ਰਾਹਮਣੀ ਰੀਤਾਂ ਟੁੱਟਣ ਲਗੀਆਂ। ਬ੍ਰਾਹਮਣ ਦੀ ਉਚਤਾ ਦਾ ਭੀ ਭੋਗ ਪੈਣ ਲਗ ਪਿਆ। ਗੁਰੂ ਨਾਨਕ ਨਿਰੰਕਾਰੀ ਜੀ ਤਾਂ ਹਿੰਦੂ ਮਤ ਦੇ ਕਿਲੇ ਕਾਂਸ਼ੀ ਵਿਚ, ਸੰਨ ਲਾਹੀ ਆਏ ਸਨ। ਬਾਦ ਵਿਚ ਸਿੱਖ ਪੰਥ ਦੇ ਸਤਿਕਾਰਯੋਗ, ਧੁਰੰਤਰ ਵਿਦਵਾਨ, ਭਾਈ ਸਾਹਿਬ ਗੁਰਦਾਸ ਜੀ ਧਰਮ ਪਰਚਾਰ ਕਰਦੇ, ਅਨੇਕ ਥਾਵਾਂ ਗੁਰਮਤਿ ਦਾ ਛੱਟਾ ਦਿੰਦੇ, ਕਾਂਸ਼ੀ ਜਾ ਧੁੰਮਾਂ ਪਾਈਆਂ। ਉਥੋਂ ਦੇ ਪੰਡਿਆਂ ਨੇ ਇਸ ਵੱਧ ਰਹੇ ਰੁਝਾਨ ਨੂੰ ਵੱਡਾ ਖਤਰਾ ਅਨੁਭਵ ਕੀਤਾ। ਉਹਨਾਂ ਸਲਾਹ ਕਰਕੇ, ਸਭ ਤੋਂ ਗਿਆਨਵਾਨ ਪੰਡਿਤ, ਨਿਤਿਆ ਨੰਦ ਨੂੰ ਠੱਲ ਪਾਉਣ ਵਾਸਤੇ, ਸਿੱਖਾਂ ਅਤੇ ਸਤਿਗੁਰੂ ਜੀ ਨੂੰ ਸਹੀ ਧਰਮ ਦੀ ਸਿੱਖਿਆ ਦੇਣ ਵਾਸਤੇ, ਪੂਰੀ ਤਿਆਰੀ ਕਰਵਾ ਕੇ ਅੰਮ੍ਰਿਤਸਰ ਭੇਜਿਆ। ਨਿਤਿਆਨੰਦ ਨੇ ਸਤਿਗੁਰੂ ਹਰਿ ਗੋਬਿੰਦ ਸਾਹਿਬ ਜੀ ਅੱਗੇ ਬੇਨਤੀ ਕੀਤੀ, ਕਿ ਮੈਂ ਬਹੁਤ ਕੀਮਤੀ ਉਪਦੇਸ਼ ਲੈ ਕੇ ਤੁਹਾਡੇ ਦਰਬਾਰ ਵਿਚ ਹਾਜਰ ਹੋਇਆ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਡੇ ਸਿੱਖਾਂ ਦਾ ਪੁਰਾਤਨ ਗ੍ਰੰਥਾਂ ਤੋਂ ਧਾਰਮਕ ਗਿਆਨ ਪ੍ਰਾਪਤ ਕਰਕੇ ਕਲਿਆਣ ਹੋਵੇ। ਢੋਲ ਦਾ ਪੋਲ ਭਰੇ ਇਕੱਠ ਵਿਚ ਖੋਹਲਣ ਵਾਸਤੇ ਪੰਡਿਤ ਨੂੰ ਹਰ ਰੋਜ ਕਥਾ ਕਰਨ ਦੀ ਆਗਿਆ ਦੇ ਦਿਤੀ। ਨਿਤਿਆਨੰਦ ਨੇ ਪੰਦਰਾਂ ਕੁ ਦਿਨ ਗਰੁੜ ਪੁਰਾਣ ਦੀ ਕਥਾ ਚੰਗੇ ਮਸਾਲੇ ਲਾ ਕੇ ਸੁਣਾਈ। ਸਿਧ ਕਰਨ ਲਗਾ ਕਿ ਇਸ ਗ੍ਰੰਥ ਦੀ ਦਸੀ ਵਿਧੀ ਮੁਤਾਬਕ, ਕਿਰਿਆਵਾਂ ਕਰਨ ਤੇ, ਇਨਸਾਨ ਮਰਣ ਉਪਰੰਤ ਸੁਰਗ ਵਿਚ ਜਾਂਦਾ ਹੈ। ਉਲਟ ਚਲਣ ਵਾਲਾ ਨਰਕਾਂ ਵਿਚ ਸੜਦਾ ਹੈ। ਇਕ ਸਿੱਖ ਨੇ ਸਵਾਲ ਕੀਤਾ: "ਨਿਤਿਆ ਨੰਦ ਜੀ * ਸੁਰਗ ਪੁਜਣ ਵਾਸਤੇ ਕਿੰਨੇ ਦਿਨ ਮਹੀਨੇ ਲਗਦੇ ਹਨ? "ਇਕ ਸਾਲ ਲਗਦਾ ਹੈ। ਪਰ ਮੈਂ ਤਾਂ ਅੱਠਾਂ ਪਹਿਰਾਂ (24 ਘੰਟੇ) ਵਿਚ ਹੀ ਸੁਰਗ ਪੁੱਜ ਸਕਦਾ ਹਾਂ।" ਸਿੱਖ ਨੇ ਤੋੜਾ ਝਾੜਿਆ।

" ਮੈਂ ਇਕ ਪਹਿਰ ਵਿਚ ਹੀ ਸੁਰਗ ਪੁਜਣ ਦੀ ਸਮੱਰਥਾ ਰਖਦਾ ਹਾਂ। ਇਕ ਹੋਰ ਜਵਾਨ ਬੋਲਿਆ। "ਪੰਡਿਤ ਜੀ * ਅਸੀਂ ਸਾਰੇ ਸੁਰਗਾਂ ਨਰਕਾਂ ਨੂੰ ਡੁੰਘੇ ਟੋਏ ਵਿਚ ਸੁਟ ਨੱਪ ਦਿਤਾ ਹੈ। ਸਾਡੇ ਸਤਿਗੁਰੂ ਜੀ ਦੇ ਚਰਨ ਹੀ ਸਾਡੇ ਵਾਸਤੇ ਸੁਰਗਾਂ ਤੋਂ ਬਿਹਤਰ ਹਨ, ਤੁਸੀਂ ਜਾਓ, ਸਾਡਾ ਸਮਾਂ ਅਜਾਈ ਨਾ ਗੁਵਾਓ। ਨਿਤਿਆ ਨੰਦ ਬੜਾ ਛਿੱਥਾ ਪਿਆ, ਆਖਣ ਲੱਗਾ, "ਸਤਿਗੁਰੂ ਜੀਉ ਖਰਚ ਲਈ ਕੁਝ ਰੁਪੈ ਦਿਓ, ਮੈਂ ਆਪਣੇ ਜਵਾਨ ਬੇਟੇ ਨੂੰ ਕਾਂਸ਼ੀ ਭੇਜਣਾ ਹੈ, ਉਥੋਂ ਹੋਰ ਧਰਮ ਗ੍ਰੰਥ ਲੈ ਕੇ ਛੇਤੀ ਮੁੜ ਆਵੇਗਾ। ਫਿਰ ਮੈਂ ਸਾਰਿਆਂ ਦੀ ਤਸੱਲੀ ਕਰਵਾ ਦਿਆਂਗਾ। ਸਤਿਗੁਰੂ ਜੀ ਨੇ ਮਾਇਆ ਦੇ ਦਿਤੀ। ਪੰਡਿਤ ਲਗਨ ਸਗਨ ਮਹੂਰਤ ਸੋਧ ਕੇ ਪੱਤਰੀ ਵਾਚ ਕੇ ਅਪਣੇ ਬੇਟੇ ਨੂੰ ਵਿਦਾ ਕਰਨ ਲਗਾ। ਅਗੋਂ ਖੋਤਾ ਹੀਂਗਦਾ ਸੁਣ ਪਿਆ। ਪੰਡਿਤ ਨੇ ਬੇਟੇ ਨੂੰ ਵਾਪਸ ਮੋੜ ਲਿਆ, ਅਖੇ ਸਗਨ ਬੁਰਾ ਹੋ ਗਿਆ। ਕੱਲ੍ਹ ਚਲਾ ਜਾਵੀਂ। ਸਾਰੇ ਸਿੱਖਾਂ ਉਸ ਦਾ ਚੰਗਾ ਮਜਾਕ ਉਡਾਇਆ: ਐ ਪੰਡਿਤ, ਤੇਰਾ ਤਾਂ ਅਪਣਾ ਹੀ, ਅਪਣੇ ਗ੍ਰੰਥਾਂ ਤੇ ਵਿਸ਼ਵਾਸ਼ ਨਹੀਂ। ਤੂੰ ਇਕ ਖੋਤੇ ਦੇ ਆਖੇ ਪੁੱਤਰ ਨੂੰ ਵਾਪਸ ਮੋੜ ਲਿਆਂਦਾ। ਫਿਰ ਤੇਰੇ ਧਰਮ ਗ੍ਰੰਥਾਂ ਨਾਲੋਂ, ਤੇਰੇ ਲਈ ਖੋਤੇ ਦੀ ਆਖੀ ਜਿਆਦਾ ਮਹੱਤਵਪੂਰਨ ਹੋਈ। ਇਤਨੀ ਸਾਰੀ ਗਲਬਾਤ ਨੂੰ ਸੁਣ ਕੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਨਿਤਿਆ ਨੂੰ ਸਮਝਾਓ, ਇਹ ਸਿੱਖ ਹੁਣ ਤੁਹਾਡੇ ਫੈਲਾਏ ਜਾਲ ਵਿਚ ਨਹੀਂ ਫੱਸਣ ਲੱਗੇ।

ਭਾਈ ਸਾਹਿਬ ਗੁਰਦਾਸ ਜੀ ਨੇ ਇੱਕ ਕਬਿੱਤ ਦੀ ਵਿਆਖਿਆ ਸਾਰਿਆਂ ਸਨਮੁੱਖ ਰੱਖੀ: ਪੰਡਿਤ ਜੀ। ਜਿਵੇਂ ਇਕ ਕੀੜੀ ਰੁਖ ਤੇ ਲਗੇ ਫਲ ਤਕ ਪੁਜਣ ਵਾਸਤੇ ਬਹੁਤ ਹੌਲੀ ਟੁਰਦੀ, ਦੇਰ ਵਿਚ ਪਹੁੰਚਦੀ ਹੈ, ਪਰ ਪੰਛੀ ਉਡਾਰੀ ਮਾਰ ਕੇ ਝੱਟ ਫਲ ਲਾਗੇ ਜਾ ਬੈਠਦਾ ਹੈ। ਇਕ ਬੈਲ ਗੱਡੀ ਲੀਹਾਂ ਵਿਚ ਮਸੀ ਤੁਰਦੀ ਹੈ, ਘੋੜੇ ਤੇ ਅਸਵਾਰ ਮਨੁੱਖ ਤੇਜੀ ਨਾਲ ਕਿਤੇ ਦੀ ਕਿਤੇ ਨਿਕਲ ਜਾਂਦਾ ਹੈ। ਸਰੀਰ ਕਰਕੇ ਪੈਦਲ ਚਲਣਾ ਅਤੀ ਕਠਨ ਹੈ, ਆਤਮਾ ਕਰਕੇ ਇਨਸਾਨ ਅੱਖ ਪਲਕਾਰੇ ਵਿਚ ਦੁਨੀਆ ਘੁੰਮ ਲੈਂਦਾ ਹੈ। ਬੱਸ ਇਸੇ ਤਰਾਂ ਸਾਡੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਬਹੁਤ ਅੱਗੇ ਪਹੁੰਚਾ ਦਿੱਤਾ ਹੈ। ਹੁਣ ਤੁਹਾਡੇ ਗਰੁੜ ਪੁਰਾਣ ਅਤੇ ਹੋਰ ਉਪਦੇਸ਼ ਸਾਡੀ ਤਸੱਲੀ ਨਹੀਂ ਕਰਵਾ ਸਕਦੇ। ਤੁਸੀਂ ਜਾਉ ਕਿਉਂ ਸਮਾਂ ਅਜਾਈ ਗੁਆਉਂਦੇ ਹੋ। ਕਬਿੱਤ ਇਉਂ ਹੈ:

ਜੈਸੇ ਚੀਂਟੀ ਕ੍ਰਮ ਕ੍ਰਮ ਕੈ ਬਿਰਖ ਚੜੈ, ਪੰਛੀ ਉਡਿ ਜਾਇ ਬੈਸੇ ਨਿਕਟ ਹੀ ਫਲ ਕੈ॥
ਜੈਸੇ ਗਾਡੀ ਚਲੀ ਜਾਤ ਲੀਕਨ ਮੈਂ ਧੀਰਜ ਸੈ, ਘੋਰੇ ਦਉਰੇ ਜਾਇ ਬਾਇ ਦਾਹਨੇ ਸਬਲ ਕੈ॥
ਜੈਸੇ ਕੋਸ ਭਰ ਚਲ ਸਕੀਐ ਨ ਪਾਇਨਿ ਕੇ ਆਤਮਾ ਚਤੁਰ ਕੁੰਟ ਧਾਇ ਆਵੈ ਪਲ ਕੈ॥
ਤੈਸੋ ਲੋਕ ਬੇਦ ਭੇਦ ਗਿਆਨ ਉਨਮਾਨ ਪਛ, ਗੰਮ ਗੁਰਚਰਨ ਸਰਨ ਅਸਥਲ ਕੈ॥ 404

ਗੰਗਾ ਦੇ ਤੀਰਥ ਤੇ ਜੁੜੇ ਵੱਡੇ ਇਕੱਠ ਸਾਹਵੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਖੇਤਾਂ ਵਲ ਪਾਣੀ ਸੁੱਟਣਾ, ਤੇ ਵੱਡੇ ਭਰਮਜਾਲ ਨੂੰ ਤੋੜ ਦੇਣ ਦੀ ਘਟਨਾ ਜਗਤ ਬਿਖਿਆਤ ਹੈ। ਸਾਰੀ ਅਸਲੀਅਤ ਨਾ ਸਮਝ ਲੋਕਾਂ ਦੇ ਅਗੇ ਪਰਗਟ ਕਰ ਦਿੱਤੀ। ਐ ਭੋਲੇ ਇਨਸਾਨੋ। ਉਪਰ ਦਸਿਆ ਜਾ ਰਿਹਾ ਸੁਰਗ ਨਰਕ ਕਿਤੇ ਨਹੀਂ ਹੈ, ਨਾ ਹੀ ਕਿਸੇ ਖਾਸ ਥਾਵੇਂ ਤੁਹਾਡੇ ਵਡੇਰੇ ਬੈਠੇ ਹੋਏ ਹਨ। ਨਾ ਹੀ ਧਰਤੀ ਤੋਂ ਭੇਜਿਆ ਕੋਈ ਪਦਾਰਥ ਉੱਪਰ ਜਾ ਰਿਹਾ ਹੈ।

ਇਹ ਵਿਹਲੜ, ਚਾਲਾਕ ਪੁਜਾਰੀ, ਬਹਾਨਿਆਂ ਨਾਲ ਤੁਹਾਨੂੰ ਲੁੱਟ ਕੇ ਖਾ ਰਹੇ ਹਨ, ਬਚੋ। "ਹਰ ਗੁਰੂ ਘਰ ਵਿਚ ਜਿਥੇ ਭੀ ਆਸਾ ਕੀ ਵਾਰ ਗਾਇਨ ਕੀਤੀ ਜਾਂਦੀ ਹੈ, ਉਸੇ ਵਿਚ ਇਹ ਸਲੋਕ ਦਰਜ ਹੈ:

ਜੋ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥

ਇਸ ਸਲੋਕ ਦੁਆਰਾ ਸਤਿਗੁਰੂ ਉਸ ਪਾਖੰਡ ਨੂੰ ਨਸਰ ਕਰ ਰਹੇ ਹਨ, ਜਿਸ ਰਾਹੀਂ ਬੇਅੰਤ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਜੇ ਮੰਨ ਲਈਏ ਕਿ ਇਕ ਚੋਰ ਅਪਣੇ ਪਿਤਰਾਂ ਨਮਿਤ ਸ਼ਰਾਧ ਕਰਵਾ ਰਿਹਾ ਹੈ। ਉਸ ਨੇ ਹੋਰ ਕੋਈ ਕੰਮ ਤਾਂ ਕਰਨਾ ਨਹੀਂ। ਬਜੁਰਗਾਂ ਪ੍ਰਤੀ ਚੋਰੀ ਕੀਤੇ ਸਾਮਾਨ ਵਿੱਚੋਂ ਹੀ ਦਾਨ ਪੁੰਨ ਕਰੇਗਾ। ਚੋਰੀ ਦੇ ਮਾਲ ਵਿੱਚੋਂ ਬ੍ਰਾਂਹਮਣ ਨੂੰ ਦੇਵੇਗਾ, ਖੁਆਵੇਗਾ। ਜਿਸ ਘਰ ਵਿੱਚੋਂ ਪਦਾਰਥ ਚੋਰੀ ਕੀਤੇ ਗਏ ਸਨ, ਉਸ ਘਰ ਦਾ ਵੱਡਾ ਬਜੁਰਗ ਭੀ (ਕਲਪਨਾ) ਸੁਰਗ ਵਿੱਚ ਬੈਠਾ ਹੋਵੇਗਾ। ਚੋਰ ਦਾ ਵਡੇਰਾ ਭੀ ਇਥੇ ਹੀ ਹੈ। ਜੇ ਬ੍ਰਾਹਮਣ ਰਾਹੀਂ ਭੇਜਿਆ ਸਾਮਾਨ ਉੱਪਰ ਪੁੱਜਦਾ ਮੰਨ ਲਈਏ ਤਾਂ ਉਥੇ ਰਹਿ ਰਹੇ ਬਜੁਰਗ ਨੇ ਆਪਣੇ ਘਰੋਂ ਚੋਰੀ ਹੋਇਆ ਸਾਮਾਨ, ਝੱਟ ਪਛਾਣ ਲਿਆ। ਉਸ ਚੋਰ ਵਿਰੁਧ ਧਰਮਰਾਜ ਕੋਲ ਸ਼ਿਕਾਇਤ ਜਾ ਕੀਤੀ। ਸਾਰੀ ਗਲਬਾਤ ਸੁਣ ਕੇ ਧਰਮਰਾਜ ਨੇ ਇਨਸਾਫ ਇਹ ਕੀਤਾ, ਪਈ ਜਿਸ ਵਿਚੋਲੇ ਨੇ ਚੋਰੀ ਦਾ ਮਾਲ ਉੱਪਰ ਪੁਚਾਣ ਵਿੱਚ ਮੁੱਖ ਰੋਲ ਅਦਾ ਕੀਤਾ ਸੀ, ਉਸਦੇ ਦੋਵੇਂ ਹੱਥ ਵੱਢ ਦਿਤੇ ਜਾਣ। ਕਿਉਂਕਿ ਇਥੇ ਬੈਠੇ ਬਜ਼ੁਰਗ ਦਾ ਕੋਈ ਕਸੂਰ ਨਹੀਂ ਸੀ, ਉਸਨੂੰ ਐਵੇਂ ਪ੍ਰੇਸ਼ਾਨ ਹੋਣਾ ਪਿਆ। ਪਰ ਸਤਿਗੁਰੂ ਜੀ ਪਰਮਾਣ ਦੁਆਰਾ ਦੱਸ ਕੇ, ਅਖੀਰ ਵਿਚ ਅਪਣੀ ਸਿੱਖਿਆ ਦੇ ਰਹੇ ਹਨ। ਹੇ ਭਾਈ ਅੱਗੇ ਤੁਹਾਡੀਆਂ ਭੇਜੀਆਂ ਕੋਈ ਵਸਤਾਂ ਨਹੀਂ ਜਾਣੀਆਂ। ਤੁਹਾਡੇ ਵੱਲੋਂ ਕੀਤੇ ਨੇਕ ਕੰਮ, ਅਤੇ ਵਾਹਿਗੁਰੂ ਦੀ ਸਦਾ ਹਿਰਦੇ ਵਿਚ ਯਾਦ, ਇਹੀ ਨਾਲ ਨਿਭੇਗੀ।

ਕਈ ਹਜ਼ਾਰ ਸਾਲ ਪਹਿਲਾਂ ਪੱਛਮੀ ਏਸ਼ੀਆ ਦੇ ਕਿਸੇ ਖਿੱਤੇ ਵਿੱਚੋਂ ਪਲਾਇਨ ਕਰਕੇ, ਆਰੀਅਨ ਲੋਕ ਭਾਰਤ ਤੇ ਹਮਲਾਵਰ ਹੋਏ। ਜੇਤੂ ਆਰੀਅਨਾਂ ਨੇ, ਮੂਲ ਵਾਸੀਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ। ਸੈਂਕੜੇ ਸਾਲਾਂ ਤੱਕ ਖੂੰ ਰੇਜੀ ਹੁੰਦੀ ਰਹੀ, ਭਾਰਤੀ ਸੱਭਿਅਤਾ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀ ਗਈ। ਇਸ ਪੁਰਾਣੀ (ਅਤੀ ਸੁੰਦਰ) ਸੱਭਿਅਤਾ ਦੇ ਬਹੁਤ ਸਾਰੇ ਨਿਸ਼ਾਨ ਹੜੱਪਾ ਮਹਿੰਜੋਦੜੋ ਅਤੇ ਉੱਚਾ ਪਿੰਡ ਸੰਘੋਲ ਤੋਂ ਪ੍ਰਾਪਤ ਹੋਏ ਹਨ। ਜੇਤੂ ਲੋਕਾਂ ਸਭ ਕੁਝ ਆਪਣਾ ਲਾਗੂ ਕਰਵਾ ਦਿੱਤਾ। ਦੇਵੀ ਦੇਵਤੇ ਰੀਤੀ ਰਿਵਾਜ, ਪੂਜਾ ਅਰਚਨਾ ਤੇ ਨਰਕ ਸੁਰਗ ਭੀ, ਹਿੱਕ ਦੇ ਤਾਣ ਮੰਨ ਲੈਣ ਤੇ ਮਜਬੂਰ ਕਰ ਦਿਤਾ ਗਿਆ।

ਬ੍ਰਾਹਮਣਾ ਵੱਲੋਂ ਪ੍ਰਚਾਰਿਆ ਗਿਆ ਨਰਕ ਸੁਰਗ ਇਰਾਨ ਦੇਸ਼ ਵਿਚ ਅੱਜ ਤੱਕ ਮੌਜੂਦ ਹੈ। ਪੁਰਾਣੇ ਸਮਿਆਂ ਵਿੱਚ ਇਹ ਪੂਰਬੀ ਪਰਸੀਆ ਦਾ ਇਕ ਭੂਖੰਡ ਸੀ। ਇਸੇ ਥਾਂ ਨੂੰ ਅਜਕਲ ਇਰਾਨੀਅਨ ਪੈਰਾਡਾਈਜ (ਸੁਰਗ) ਕਿਹਾ ਜਾਂਦਾ ਹੈ। ਇਹ ਜਗ੍ਹਾ ਦੇਮਾਂਬੰਦ ਐਲਬੁਰਜ ਪਰਬਤ ਸਿੰਖਲਾ ਵਿੱਚ ਹੈ। ਕਸ਼ਮੀਰ ਵਾਂਗ ਇਹ ਥਾਂ ਅਤੀ ਸੁੰਦਰ ਰਮਣੀਕ ਅਤੇ ਮੌਸਮ ਪੱਖੋਂ ਸਦਾ ਖਿੱਚ ਦਾ ਕੇਂਦਰ ਰਹੀ ਹੈ। ਵੱਡੇ ਅਮੀਰਜ਼ਾਦੇ ਅਤੇ ਧਨਾਠ ਲੋਕ ਗਰਮੀਆਂ ਬਿਤਾਉਣ ਇਥੇ ਹੀ ਜਾਇਆ ਕਰਦੇ ਸਨ। ਅਮੀਰਾਂ ਦੇ ਮਨ ਪਰਚਾਵੇ ਲਈ ਉਥੇ ਸਾਰੀਆਂ ਨਿਹਮਤਾਂ ਪ੍ਰਾਪਤ ਸਨ। ਆਰੀਆ ਹਮਲਾਵਰ ਇਸੇ ਇਲਾਕੇ ਵਿਚੋਂ ਉੱਠਕੇ ਭਾਰਤ ਵੱਲ ਵੱਧੇ ਸਨ। ਇਸ ਸੁਰਗ ਬਾਰੇ ਉਹਨਾਂ ਨੂੰ ਚੰਗੀ ਤਰਾਂ ਪਤਾ ਸੀ। ਇਸੇ ਕਾਰਨ ਭਾਰਤ ਵਿੱਚ ਜਦੋਂ ਕੋਈ ਗ੍ਰੰਥ ਲਿਖੇ ਗਏ ਤਦੋਂ ਉਸੇ ਇਰਾਨੀ ਸੁਰਗ ਦੀ ਤਰਜ ਦੇ ਸੁਰਗ ਦਾ ਚਿੱਤਰ, ਭਾਰਤੀ ਪੌਰਾਣਿਕ ਗ੍ਰੰਥਾਂ ਵਿਚ ਚਿੱਤਰ ਦਿੱਤਾ ਗਿਆ। ਇਰਾਨੀ ਸੁਰਗ ਵਿੱਚ ਜੋ ਮਨਪਰਚਾਵੇ ਦੇ ਸਾਧਨ ਸਨ, ਲਗਭਗ ਉਹ ਸਾਰੇ, ਇਧਰਲੇ ਗ੍ਰੰਥਾਂ ਵਿਚੋਂ ਪ੍ਰਗਟ ਹੋ ਰਹੇ ਹਨ। ਉਹੀ ਸ਼ਰਾਬ ਦੇ ਦੌਰ, ਉਹੀ ਨਾਚ ਸੰਗੀਤ, ਉਹੀ ਗਦਰਾਏ ਜੁਆਨ ਅੱਧ ਕੱਜੇ ਮੋਹਣੀਆਂ ਦੇ ਸਰੀਰ… । ਥੋੜ੍ਹੇ ਫੇਰ ਬਦਲ ਨਾਲ ਇਰਾਨੀ ਸੁਰਗ ਅਤੇ ਭਾਰਤੀ ਪੌਰਾਣਕ ਕਥਾਵਾਂ ਦਾ ਸੁਰਗ ਇੱਕ ਦੂਜੇ ਤੋਂ ਵਿੱਛੜੇ, ਨਿਕਲੇ, ਜਾਂ ਨਕਲ ਕੀਤੀ, ਪਰਤੀਤ ਹੁੰਦੇ ਹਨ। ਭਾਵ ਜਿਥੇ ਅਸੀਮ ਸੰਸਾਰੀ ਖੁਸ਼ੀਆਂ ਹੋਣ ਉਹੀ ਸੁਰਗ ਮੰਨਿਆ ਗਿਆ। ਇਸੇ ਦਾ ਨਾਮ ਸੁਰਗ ਬਹਿਸਤ ਬੈਕੁੰਠ ਜਾਂ ਪੈਰਾਡਾਈਜ਼ ਹੈ।

ਇਰਾਨ ਵਿੱਚ ਹੀ ਦੋਜਖ ਜਾਂ ਨਰਕ ਨਾਮ ਦਾ ਅਸਥਾਨ ਭੀ ਹੈ। ਵਰਤਮਾਨ ਇਰਾਨ ਵਿੱਚ ਇਸ ਦਾ ਨਾਮ ਅਯਵਰਤ ਹੈ (ਦੋਜਖ) ਇਥੇ ਸਰੀਰ ਲੂਹ ਦੇਣ ਵਾਲੀ ਧੁੱਪ ਵਰ੍ਹਦੀ ਹੈ। ਦੂਰ ਤੱਕ ਪੀਣ ਵਾਲਾ ਪਾਣੀ ਕਿਤੇ ਨਹੀਂ ਮਿਲਦਾ। ਹਰਿਆਲੀ ਦਾ ਨਿਸ਼ਾਨ ਤੱਕ ਨਹੀਂ। ਉਜਾੜ ਬੀਆਬਾਨ ਚਾਰੇ ਬੰਨੇ। ਸਮੇਂ ਦੇ ਜਾਬਰਾਂ ਵੱਲੋਂ ਅਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਵਾਸਤੇ ਸੰਗਲਾਂ ਵਿਚ ਨਰੜ ਕੇ, ਲੰਮਾ, ਸਮਾਂ ਕਹਿਰ ਢਾਹੁਣ ਵਾਸਤੇ, ਇਥੇ ਸੁੱਟਿਆ ਜਾਂਦਾ ਸੀ। ਚੌਂਹ ਬੰਨੇ ਮਜ਼ਬੂਤ ਉੱਚੀਆਂ ਕੰਧਾਂ, ਦੁਆਲੇ ਹਥਿਆਰਬੰਦ ਜਰਵਾਣੇ ਪਹਿਰੇਦਾਰ। ਕੈਦੀਆਂ ਨੂੰ ਤੜਪਾਉਣ ਲਈ, ਸਰੀਰ ਦੇ ਅੰਗ ਗਰਮ ਤੇਲ ਵਿਚ ਪਾਏ ਜਾਂਦੇ। ਸਰੀਰ ਉੱਤੇ ਉੱਬਲਦਾ ਤੇਲ ਉਲੱਦ ਦੇਣਾ, ਹੱਥ ਪੈਰ ਕੱਟ ਦੇਣੇ, ਅੱਖਾਂ ਕੱਢ ਦੇਣੀਆਂ, ਜੀਭ ਕੱਟ ਦੇਣੀ, ਖਾਣਾਂ ਤਾਂ ਕਿਤੇ ਰਿਹਾ ਪਾਣੀ ਤਕ ਪੀਣ ਲਈ ਨਾ ਦੇਣਾਂ… । ਫਿਰ ਵਿਲਕ ਰਹੇ ਕਰਾਹ ਰਹੇ, ਦਮ ਤੋੜ ਰਹੇ ਲੋਕਾਂ ਨੂੰ ਵੇਖ ਕੇ ਹਾਕਮ ਟੋਲਿਆਂ ਨੇ ਖਿੱਲੀ ਉਡਾਣੀ, ਤੜਫ ਰਹੇ ਲੋਕਾਂ ਕੋਲ ਸਰਾਬਾਂ ਪੀ ਕੇ ਖੁਸ਼ੀਆਂ ਮਨਾਉਣੀਆਂ। ਅਜਿਹੇ ਖੌਫਨਾਕ ਤਸੀਹੇ ਝੱਲਦਿਆਂ ਕੁਝ ਦਿਨਾਂ ਜਾਂ ਮਹੀਨਿਆਂ ਵਿੱਚ ਕੈਦੀ ਦੀ ਮੌਤ ਹੋ ਜਾਣੀ। ਧਰਤੀ ਉੱਪਰ ਇਸ ਤੋਂ ਭਿਆਨਕ ਹੋਰ ਕੋਈ ਨਰਕ ਨਹੀਂ ਸੀ। ਇਹੀ ਸੀ ਕੁੰਭੀ ਨਰਕ, ਦੋਜਖ ਜਾਂ ਕੁਝ ਹੋਰ। ਆਮ ਇਨਸਾਨ ਇਸ ਦਾ ਨਾਮ ਸੁਣਕੇ ਹੀ ਕੰਬ ਉੱਠਦਾ ਸੀ। ਇਹ ਦੋਜਖ ਭੀ ਆਰੀਅਨ ਲੋਕਾਂ ਦਾ ਵੇਖਿਆ ਸੁਣਿਆ ਸੀ। ਇਸੇ ਨਰਕ ਨੂੰ ਬਦਲਵੇਂ ਰੂਪ ਵਿੱਚ ਬ੍ਰਾਹਮਣੀ ਪੌਰਾਣਕ ਗ੍ਰੰਥਾਂ ਰਾਹੀਂ ਭਾਰਤੀ ਸਭਿਅਤਾ ਅੰਦਰ ਠੋਸ ਦਿੱਤਾ ਗਿਆ ਹੈ। ਇਸ ਦੀ ਪਰਿਭਾਸ਼ਾ ਜਾਂ ਪੇਸ਼ਕਾਰੀ ਵਿੱਚ ਨਾਮਾਤਰ ਅੰਤਰ ਹੋ ਸਕਦਾ ਹੈ। ਇਸ ਦਾ ਮੂਲ ਸੋਮਾਂ ਜਾਂ ਪਿਛੋਕੜ ਇਕੋ ਹੈ।

ਫਿਰ ਹੁਣ ਵਿਚਾਰਨਾ ਪਵੇਗਾ ਕਿ ਗੁਰਬਾਣੀ ਵਿੱਚ ਸੁਰਗ ਜਾਂ ਨਰਕ ਕਿਸ ਤਰ੍ਹਾਂ ਦਾ ਹੈ। ਸੁਰਗ ਉਹ ਸਥਾਨ ਹੈ ਜਿੱਥੇ ਨੇਕ ਇਨਸਾਨ ਨਿਵਾਸ ਕਰਦੇ ਹਨ। ਗੁਰਮੁਖਿ ਜਨ ਵਾਹਿਗੁਰੂ ਦੇ ਨਾਮ ਵਿਚ ਸਦਾ ਲੀਨ ਰਹਿੰਦੇ ਹਨ। ਫੁਰਮਾਨ ਹੈ:

ਬੈਕੁੰਠ ਨਗਰੁ ਜਹਾਂ ਸੰਤ ਵਾਸਾ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥ 742

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥
ਤਹਾਂ ਬੈਕੁੰਠ ਜਹਾਂ ਕੀਰਤਨ (ਹਰੀਜਸ) ਤੇਰਾ ਤੂੰ ਆਪੇ ਸਰਧਾ ਲਾਇਹਿ॥ 749

ਪਾਵਨ ਗੁਰਬਾਣੀ ਪੁਕਾਰ ਕੇ ਆਖ ਰਹੀ ਹੈ, ਕਿ ਐ ਭਾਈ। ਨਰਕ ਦਾ ਭੈ ਅਤੇ ਸੁਰਗ ਦੀ ਲਾਲਸਾ ਮੁਕਤੀ ਦੀ ਇਛਾ, ਮਨ ਵਿੱਚੋਂ ਤਿਆਗ ਦਿਓ। ਕੀ ਤੁਹਾਨੂੰ ਪਰਮੇਸ਼ਰ ਦੇ ਪਵਿੱਤਰ ਇਨਸਾਫ ਤੇ ਭਰੋਸਾ ਨਹੀਂ ਰਿਹਾ? ਜੇ ਭਰੋਸਾ ਹੈ ਤਾਂ ਫਿਰ ਤਰਲੇ ਕਰਨ ਦੀ ਕੀ ਜ਼ਰੂਰਤ ਹੈ? ਉਸ ਸੱਚੇ ਦਰਬਾਰ ਵਿੱਚ ਉਚੀ ਜਾਤ ਬੇਮਾਹਿਨੀ ਹੈ। ਨਾ ਕੋਈ ਰਿਸ਼ਵਤ ਜਾਂ ਸਿਫਾਰਸ਼ ਮੰਨੀ ਜਾਣੀ ਹੈ। ਅਮੀਰ ਹੋਣਾ ਭੀ ਕਿਸੇ ਲੇਖੇ ਵਿੱਚ ਨਹੀਂ ਪੈਣਾ। ਗੁਰ ਫੁਰਮਾਨ ਹੈ:

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469

ਸਿੱਖ ਲਈ ਗੁਰੂ ਫੁਰਮਾਣ ਹੈ ਕਿ ਜੀਵਨ ਨੂੰ ਨੇਕੀ ਦੇ ਰਾਹ ਟੋਰ ਲੈਣਾ। ਪਰਮਾਤਮਾ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰਖਣਾ, ਰਜਾ ਵਿਚ ਰਾਜੀ ਰਹਿਣਾ, ਇਹੀ ਮੁਕਤੀ ਜਾਂ ਬੈਕੁੰਠ ਹੈ। ਵਾਕ ਹੈ:

ਗੁਰ ਕੀ ਸਾਖੀ (ਸਿਖਿਆ) ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠ ਕਰੈ ਕਿਆ॥ 360

ਗੁਰੂ ਸਿੱਖਿਆ ਵਿਚੋਂ ਗਹਿਰਾਈ ਨਾਲ ਇਕਾਗਰ ਚਿਤ ਹੋ ਕੇ ਕੇਂਦਰੀ ਭਾਵ ਲੱਭਣ ਦਾ ਜਤਨ ਕਰੀਏ, ਤਾਂ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਨੂੰ ਵਿਸਾਰ ਦੇਣਾ ਹੀ ਰੋਗਾਂ ਸਿਰ ਰੋਗ ਹੈ। ਆਤਮਕ ਮੌਤ ਭੀ ਨਾਮ ਨਾਲੋਂ ਟੁੱਟ ਜਾਣ ਨੂੰ ਹੀ ਆਖਿਆ ਹੈ। ਭਟਕਣਾ ਵਿੱਚ ਪੈ ਕੇ ਅਨੇਕ ਕਸ਼ਟ ਭੋਗਣ ਦਾ ਮੂਲ ਕਾਰਨ ਭੀ ਪ੍ਰਮੇਸ਼ਰ ਨੂੰ ਭੁਲਾ ਦੇਣਾ ਹੀ ਦੱਸਿਆ ਹੈ। ਕੁਝ ਗੁਰ ਵਾਕ ਇਉਂ ਹਨ:

  1. ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ॥ ਨਾਨਕ ਹਰਿ ਬਿਸਰਾਇਕੈ ਪਾਉਦੇ ਨਰਕਿ ਅੰਧਾਆਰ॥ 1426
  2. ਨਾਮੁ ਵਿਸਾਰਿ ਦੋਖ ਦੁਖ ਸਹੀਐ॥ ਹੁਕਮ ਭਇਆ ਚਲਣਾ ਕਿਉਂ ਰਹੀਐ॥ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨੇ ਰੇ॥ 1028
  3. ਜਬ ਲਗੁ ਮਨਿ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀ ਚਰਨ ਨਿਵਾਸੁ॥

ਕਹੁ ਕਬੀਰ ਇਹ ਕਰੀਐ ਕਾਹਿ॥ ਸਾਧ ਸੰਗਤਿ ਬੈਕੁੰਠੈ ਆਹਿ॥ 326

ਸਤਿਗੁਰੂ ਜੀ ਦੇ ਉਪਕਾਰੀ ਸਿਖਿਆ ਤੇ ਉਪਦੇਸ਼ ਮੁਤਾਬਕ ਜੀਵਨ ਬਤੀਤ ਕਰਨ ਵਾਲੇ ਪੁਰਖਾਂ ਨੂੰ ਫੜਨ ਆਉਣਾ ਤਾਂ ਕਿਤੇ ਰਿਹਾ, ਉਲਟਾ ਜਦੋਂ ਧਰਮ ਰਾਜ (?) ਨੇ ਉਹਨਾਂ ਨੂੰ ਹੁਕਮ ਦੇ ਕੇ ਗੁਰਮੁਖ ਜਨ ਨੂੰ ਪਕੜ ਲਿਆਉਣ ਵਾਸਤੇ ਕਿਹਾ ਤਾਂ ਜਮਦੂਤਾਂ ਜਹਿਰ ਖਾ ਕੇ ਆਤਮ ਹਤਿਆ ਕਰ ਲਈ। ਪਾਵਨ ਬਚਨ ਇਉਂ ਹਨ:

ਸਤਿਗੁਰ ਆਗੈ ਅਰਦਾਸਿ ਕਰਿ ਸਾਜਨ (ਵਾਹਿਗੁਰੂ) ਦੇਇ ਮਿਲਾਇ॥
ਸਾਜਨ ਮਿਲਿਐ ਸੁਖੁ ਪਾਇਆ। ਜਮਦੁਤ ਮੂਏ ਬਿਖੁ ਖਾਏ॥ 55

ਸ਼ਾਤਰ ਪੁਜਾਰੀਆਂ ਵਲੋਂ ਨਰਕਾਂ ਦੇ ਡਰਾਵੇ ਤੇ ਸੁਰਗਾਂ ਦੇ ਝੂਠੇ ਲਾਰੇ ਲਾ ਕੇ ਹਿੰਦੂ ਗ੍ਰੰਥਾਂ ਦਾ ਸਹਾਰਾ ਲੈ ਕੇ, ਭੋਲੇ ਲੋਕਾਂ ਨੂੰ ਸਦੀਆਂ ਤੇ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਗੁਰਵਾਕ:

ਪੁੰਨ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤ ਪੀਜੈ ਹੇ॥ 1050
ਸਾਸਤ੍ਰ ਬੇਦ ਪਾਪ ਪੁੰਨ ਵੀਚਾਰ॥ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ॥ 385

ਹਿੰਦੂ ਮੱਤ ਦੇ ਸਭ ਤੋਂ ਵੱਡੇ ਤੀਰਥ ਪ੍ਰਾਗ ਰਾਜ (ਇਲਾਹਾਬਾਦ) ਤੇ ਜਾ ਕੇ ਮਾਘ ਮਹੀਨੇ ਦੀ ਸੰਕਰਾਂਤ ਦੇ ਪਵਿਤਰ ਦਿਨ ਇਸ਼ਨਾਨ ਕਰੇ। ਰੁਪਏ ਸੋਨੇ ਚਾਂਦੀ ਦਾਨ ਕਰੇ। ਜਮੀਨ ਅਤੇ ਹੋਰ ਸਭ ਕੁਝ ਜੋ ਪੱਲੇ ਹੈ, ਦਾਨ ਕਰ ਦੇਵੇ। ਫਿਰ ਪੁਜਾਰੀਆਂ ਵਲੋਂ ਮੰਤਰ ਪੜ੍ਹਨ ਉਪ੍ਰੰਤ ਰਾਮਨਾਮ ਜਪਦਾ ਹੋਇਆ ਮਨੁੱਖ (ਧਰਮ ਗ੍ਰੰਥਾਂ ਮੁਤਾਬਕ) ਆਪਣਾ ਸਰੀਰ ਆਰੇ ਨਾਲ ਗੇਲੀ ਵਾਂਗ ਦੋਫਾੜ ਕਰਵਾ ਲਵੇ। ਤਾਂ ਭੀ ਕੋਈ ਪ੍ਰਾਪਤੀ ਨਹੀਂ ਹੋ ਸਕੇਗੀ, ਇਹ ਰਾਹ ਹੀ ਲੁੱਟੇਰਿਆਂ ਨੇ ਟੋਰਿਆ ਹੈ। ਗੁਰਵਾਕ:

ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਉ ਅਧ ਕਾਟਿ॥
ਬਿਨੁ ਹਰਿਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਟਿ॥ 986

ਸਿੱਖ ਪੰਥ ਕੋਲ ਗਿਆਨ ਦਾ ਸੂਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗਵਾਈ ਵਾਸਤੇ ਸਦਾ ਅੰਗ ਸੰਗ ਹੈ। ਜਿੰਦਗੀ ਜਿਉਣ ਦਾ ਸਹੀ ਢੰਗ, ਵਿਗਿਆਨਕ ਤਰੀਕੇ, ਸਾਡੇ ਸਨਮੁਖ ਪਰਗਟ ਹੈ। ਜਨਮ ਤੋਂ ਲੈ ਕੇ ਮਰਨ ਤੱਕ ਅਤੀ ਸੁਖਾਲਾ ਰਾਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਅਫਸੋਸ ਕਿ ਖਾਲਸਾ ਪੰਥ ਇਕੀਵੀਂ ਸਦੀ ਦੇ ਕੰਪਿਉਟਰੀ ਯੁੱਗ ਵਿੱਚ ਭੀ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਕਿਰਪਾ ਦੇ ਦਾਤੇ ਸਤਿਗੁਰੂ ਜੀ ਨੇ ਵਿਕਾਰਾਂ ਤੋਂ ਰਹਿਤ, ਗੁਣਾਂ ਨਾਲ ਭਰਪੂਰ ਜੀਵਨ ਬਣਾਉਣ ਲਈ ਹੁਕਮ ਕੀਤਾ ਹੈ। ਜਦੋਂ ਜੀਵਨ ਗੁਰਬਾਣੀ ਪਰਾਇਣ ਹੋ ਗਿਆ ਤਾਂ ਨਰਕ ਦਾ ਡਰ ਨਹੀਂ ਰਹੇਗਾ, ਸੁਰਗ ਦੀ ਇੱਛਾ ਖਤਮ ਹੋ ਜਾਵੇਗੀ। ਗੁਰਵਾਕ:

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ… 846

ਸਮਾਜ ਨੂੰ ਲਗੀਆਂ ਅਨੇਕ ਪਰਕਾਰ ਦੀਆਂ ਜੋਕਾਂ ਨੇ, ਭੋਲੇ ਲੋਕਾਂ ਦਾ ਸਦੀਆਂ ਤੋਂ ਖੂਨ ਪੀਤਾ ਹੈ। ਇਹਨਾਂ ਆਪਣੀ ਇੱਛਾ ਦੇ ਭਗਵਾਨਾ (?) ਦੀ ਸਿਰਜਣਾ ਕੀਤੀ। ਕਲਪਤ ਪਰਮੇਸਰ ਨੂੰ ਪ੍ਰਾਪਤ ਕਰਨ ਦੀਆਂ ਲੱਖਾਂ ਵਿਧੀਆਂ ਦੀ ਘਾੜਤ ਘੜ ਕੇ ਪਰਚਲਤ ਕੀਤੀ। ਇਸ ਸ੍ਰੇਣੀ ਦੇ ਮਹਾਂ ਨਾਇਕ ਬ੍ਰਾਹਮਣ ਨੇ ਆਪਣੇ ਆਪ ਨੂੰ ਸਰਬ ਸਕਤੀਮਾਨ, ਤੇ ਸਰਬਉਚ ਘੋਸਤ ਕੀਤਾ। ਜੇ ਚਾਹੇ ਤਾਂ ਪਰਮ ਰਾਮ ਬ੍ਰਾਹਮਣ, ਖਤਰੀਆਂ ਦੀਆਂ ਇੱਕੀ ਕੁੱਲਾਂ ਦਾ ਨਾਸ ਕਰ ਸਕਦਾ ਹੈ। ਜੇ ਚਾਹੇ ਤਾਂ ਸੁਦਾਮੇ ਦੇ ਰੂਪ ਵਿੱਚ ਜਾ ਕੇ ਭੀ ਕ੍ਰਿਸ਼ਨ ਦਾ ਰਾਜ ਲੈ ਸਕਦਾ ਹੈ। ਜੇ ਚਾਹੇ ਤਾਂ ਹਰੀਸ਼ ਚੰਦਰ ਰਾਜੇ ਦਾ ਰਾਜ ਦਾਨ ਵਿਚ ਲੈ ਕੇ, ਉਸ ਨੂੰ ਪਰਵਾਰ ਸਮੇਤ ਖਾਲੀ ਹੱਥ ਮਹਿਲਾਂ ਵਿਚੋਂ ਧੱਕਾ ਦੇ ਕੇ ਕਢ ਸਕਦਾ ਹੈ। ਦਰ ਦਰ ਦੀ ਭੀਖ ਮੰਗਣ ਤੇ ਮਜਦੂਰੀ ਕਰਨ ਲਈ ਮਜਬੂਰ ਕਰ ਸਕਦਾ ਹੈ। ਜੇ ਬ੍ਰਾਹਮਣ ਚਾਹੇ ਤਾਂ ਧਰਮੀ ਰਾਜੇ ਬਲਿ ਤੋਂ ਸਾਰਾ ਰਾਜ ਪਰਤਾਪ ਖੋਹ ਕੇ ਉਸ ਨੂੰ ਕਖੋਂ ਹੌਲਾ ਕਰ ਸਕਦਾ ਹੈ। ਜੇ ਆਪਣੀ ਤੇ ਆ ਜਾਵੇ ਤਾਂ ਭ੍ਰਿਗੂ ਬ੍ਰਾਹਮਣ ਦੇ ਰੂਪ ਵਿਚ ਭਗਵਾਨ (?) ਵਿਸ਼ਨੂੰ ਦੇ, ਬਿਨਾਂ ਕਾਰਨ ਸਿੰਘਾਸਣ ਤੇ ਬੈਠਾ ਵੇਖ ਕੇ, ਛਾਤੀ ਵਿੱਚ ਲੱਤ ਮਾਰ ਸਕਦਾ ਹੈ। ਅਗੋਂ ਭਗਵਾਨ ਵਿਸ਼ਨੂੰ ਨੂੰ ਸ਼ਰਾਪ ਦੇ ਕੇ ਦੁਖ ਭੋਗਣ, ਰਾਮ ਚੰਦਰ ਦੇ ਰੂਪ ਵਿਚ, ਜਨਮ ਦਿਵਾ ਸਕਦਾ ਹੈ। ਭ੍ਰਿਗੂ ਵੱਲੋਂ ਮਾਰੀ ਲੱਤ ਕਾਰਨ ਰਾਮ ਚੰਦਰ ਦੀ ਛਾਤੀ ਤੇ ਜਨਮ ਸਮੇਂ ਹੀ ਪੈਰ ਦਾ ਨਿਸ਼ਾਨ ਉੱਕਰਿਆ ਹੋਇਆ ਸੀ। ਜੋ ਬ੍ਰਾਹਮਣ ਭਗਵਾਨਾਂ ਨੂੰ ਪੈਦਾ ਕਰ ਸਕਦਾ ਹੈ, (?) ਉਹਨਾਂ ਨੂੰ ਸ਼ਰਾਪ ਦੇ ਸਕਦਾ ਹੈ। ਭਲਾ ਆਮ ਜਨਤਾ ਜਨਾਰਦਨ ਉਸਦੀ ਸੁਪਰ ਸ਼ਕਤੀ ਅਗੇ ਕਿਸ ਬਾਗ ਦੀ ਮੂਲੀ ਹੈ? ਇਸ ਨਾਯਾਬ ਹਸਤੀ ਬ੍ਰਾਹਮਣ ਵੱਲੋਂ ਸਦੀਆਂ ਤੋਂ ਅਨੇਕ ਵਿਧੀਆਂ ਨਾਲ ਮਨੁਖਤਾ ਨੂੰ ਗੁਮਰਾਹ ਕੀਤਾ ਗਿਆ ਹੈ ਤੇ ਲੁੱਟ ਕੇ ਖਾਧਾ ਭੀ ਗਿਆ ਹੈ। ਇਹ ਜੇ ਚਾਹੇ ਤਾਂ ਬੁੱਧ ਮੱਤ ਵਰਗੇ ਮਹਾਨ ਧਰਮ ਦਾ ਸਰਬ ਨਾਸ਼ ਕਰ ਸਕਦਾ ਹੈ। ਇਕ ਹਜਾਰ ਸਾਲ ਤਕ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚ ਕੈਦ ਕਰਵਾ ਸਕਦਾ ਹੈ। ਜਾਤਪਾਤ ਦੀਆਂ ਵੰਡੀਆਂ ਪੁਆ ਕੇ ਮਨੁਖਤਾ ਵਿਚ ਨਫਰਤ ਪੈਦਾ ਕਰ ਸਕਦਾ ਹੈ। ਜਿੰਦਗੀ ਦਾ ਸੋਹਣਾ ਤੇ ਕੋਮਲ ਅੱਧ ਔਰਤ ਨੂੰ ਵਾਸ਼ਨਾ ਪੂਰਤੀ ਲਈ ਖਿਡੌਣਾ, ਕਾਮਣੀ, ਦੇਵਦਾਸੀ, ਜੋਗਣੀ, ਨਾਗਣੀ ਤੇ ਵੇਸ਼ਵਾ ਬਣਾ ਸਕਦਾ ਹੈ। ਗਊ ਨੂੰ ਮਾਂ ਆਖ ਕੇ ਪੂਜਾ ਦਾ ਢੋਂਗ ਭੀ ਕਰਦਾ ਹੈ ਤੇ ਉਸ ਦਾ ਮਾਸ ਭੀ ਸੁਆਦ ਲਾ ਲਾ ਕੇ ਖਾਂਦਾ ਰਿਹਾ ਹੈ… ।

ਮਨੁੱਖਤਾ ਨੂੰ ਬੇਅੰਤ ਕਿਸਮ ਦੇ ਬੰਧਨਾਂ ਤੋਂ ਆਜਾਦ ਕਰਵਾ ਕੇ, ਸਿੱਧੇ ਨਿਰੰਕਾਰ ਨਾਲ ਜੋੜਨ ਆਏ ਪਰਉਪਕਾਰੀ ਸਤਿਗੁਰੂ ਜੀ ਨੇ, ਸਿਰੇ ਦਾ ਅਕੱਟ ਫੈਸਲਾ ਸੁਣਾ ਦਿੱਤਾ। ਐ ਭੋਲੇ ਲੋਕੋ, ਮਤ ਕੋਈ ਇਸ ਖੁਸ਼ ਫਹਿਮੀ ਵਿੱਚ ਸਭ ਕੁੱਝ ਗਵਾ ਲਵੇ ਕਿ ਮੈਂ ਦਾਨ ਦੇ ਕੇ, ਤੀਰਥੀ ਇਸ਼ਨਾਨ ਕਰਕੇ, ਜਾਂ ਅਜਿਹੇ ਫੋਕੇ ਕਰਮਕਾਂਡ ਕਰਕੇ, ਤਰ ਜਾਵਾਂਗਾ। ਪਰਮੇਸ਼ਰ ਦੇ ਦਰ ਤੇ ਸਮੂਲਚੇ ਜੀਵਨ ਦੀ ਪਰਖ ਹੋਣੀ ਹੈ। ਕੇਵਲ ਪਰਖ ਦੀ ਕਸਵੱਟੀ ਤੇ ਖਰੇ ਉਤਰਨ ਵਾਲੇ ਪਰਵਾਨ ਕੀਤੇ ਜਾਣਗੇ। ਖੋਟਿਆਂ ਨੂੰ ਖਰੇ ਬਣਾਉਣ ਵਾਸਤੇ ਦੁਬਾਰਾ ਦੁਬਾਰਾ ਭੱਠੀ ਵਿਚ ਤਾਇਆ ਜਾਂਦਾ ਰਹੇਗਾ। ਅਨੇਕ ਜਨਮਾਂ ਦੇ ਦੁਖਾਂ ਵਿੱਚੋਂ ਗੁਜਰਨਾ ਪੈ ਸਕਦਾ ਹੈ। ਪਾਵਨ ਗੁਰਵਾਕ ਹਨ:

ਜਹ ਕਰਣੀ ਤਹ ਪੂਰੀ ਮਤਿ॥ ਕਰਣੀ ਬਾਝਹੁ ਘਟੇ ਘਟਿ॥ 25

ਮੂਲੁ ਮਤਿ ਪਰਵਾਣਾ ਏਹੋ ਨਾਨਕ ਆਖਿ ਸੁਣਾਏ॥ ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ॥1238

ਧਰਮ ਦੇ ਉਤਮ ਅਤੇ ਪਵਿੱਤਰ ਨਾਮ ਨੂੰ, ਕਲੰਕਤ ਕਰ ਰਹੇ ਲਟੇਰਾ ਸ਼੍ਰੇਣੀ ਦੇ ਲੋਕਾਂ ਲਈ, ਸਤਿਗੁਰੂ ਇਕ ਵੱਡਾ ਚੈਲਿੰਜ ਲੈ ਕੇ ਸੰਸਾਰ ਤੇ ਆਏ ਸਨ। ਜਿਵੇਂ ਜਿਵੇਂ ਉਹਨਾਂ ਦੀ ਵਿਚਾਰਧਾਰਾ ਦਾ ਫੈਲਾਅ ਹੋਵੇਗਾ, ਝੂਠ ਤੇ ਪਾਖੰਡ ਦੀਆਂ ਦੁਕਾਨਾਂ ਨੂੰ ਜੰਦਰੇ ਵੱਜ ਜਾਣਗੇ। ਇਹਨਾਂ ਲੋਕਾਂ ਨੂੰ ਭੀ ਆਮ ਇਨਸਾਨਾਂ ਵਾਂਗ ਮਿਹਨਤ ਮਜਦੂਰੀ ਕਰਕੇ, ਰੋਟੀ ਖਾਣੀ ਪਵੇਗੀ। ਗੁਰਬਾਣੀ ਦੀ ਆਖਰੀ ਪੰਕਤੀ ਅਤੇ ਸਾਰੰਸ਼ ਲਿਖ ਕੇ ਸੰਕੋਚਦੇ ਹਾਂ।

ਐ ਪਾਪੀ ਪਾਖੰਡੀ ਝੂਠੇ ਗੁਰੂ ਬਣ ਬੈਠੇ ਇਨਸਾਨ * ਤੇਰੀ ਮਾਂ ਦੀ ਗੁੱਤ (ਸਿਰ ਦੇ ਕੇਸ) ਕਿਉਂ ਨਾ ਮੁੰਨ ਦਿਤੀ ਜਾਵੇ ? (ਗਲਤ ਸਿਖਿਆ ਦੇਣ ਵਾਲੇ ਮਾਂ ਵਰਗੇ ਗੁਰੂ ਤੋਂ ਭਾਵ ਹੈ ) ਜਿਸ ਦੀ ਸਿਖਿਆ ਭਰਮਾਂ ਤੋਂ ਮੁਕਤ ਨਹੀਂ ਕਰ ਸਕਦੀ। ਹੇ ਮੂੜ ਮਨੁਖ ਤੂੰ ਖੁਦ ਤਾਂ ਚੌਂਹ ਬੇਦਾਂ ਦੀ ਗਲਤ ਸਿਖਿਆ ਕਰਕੇ ਰੁੜਿਆ ਹੀ ਸੀ, ਆਪਣੇ ਸੇਵਕਾਂ ਨੂੰ ਭੀ ਲੈ ਡੁੱਬਿਆ। ਉਹਨਾਂ ਦਾ ਕਸੂਰ ਇਹੀ ਸੀ ਕਿ ਉਹ ਕਪਟੀ ਅਤੇ ਖੁਦਗਰਜ ਬੰਦੇ ਨੂੰ ਆਪਣਾ ਰਹਿਬਰ ਮੰਨ ਬੈਠੇ। ਵਾਕ ਹਨ:

ਕਬੀਰ ਮਾਇ ਮੂੰਡਉ ਤਿਹ ਗੁਰੂ ਭੀ ਜਾਤੇ ਭਰਮਨ ਜਾਇ॥
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥ 1369

ਸਤਿਗੁਰੂ ਨਾਨਕ ਸਾਹਿਬ ਜੀ ਨੂੰ ਅਨੰਤ ਵਾਰ ਨਮਸਕਾਰ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਮਨੁੱਖਤਾ ਨੂੰ ਨਵੀਂ ਰੌਸ਼ਨੀ ਪ੍ਰਾਪਤ ਹੋਈ। ਅਗਿਆਨਤਾ ਭਰੇ ਹਨ੍ਹੇਰੇ ਰਾਹਾਂ ਵਿਚ ਭਟਕਦਿਆਂ ਨੂੰ ਗਾਡੀ ਰਾਹੇ ਟੋਰ ਦਿੱਤਾ। ਬਰਬਾਦ ਹੁੰਦਿਆਂ ਨੂੰ ਜੀਵਨ ਦਾਨ ਬਖਸ਼ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ।