ਇਤਿਹਾਸ ਦੀ ਮੌਤ
ਪ੍ਰੋ: ਇੰਦਰ ਸਿੰਘ ਘੱਗਾ
ਜਦੋਂ ਕੋਈ ਰੱਬੀ ਨੂਰ ਧਰਤੀ ਨੂੰ ਸੋਧਣ-ਸੰਵਾਰਨ ਲਈ, ਆਪਣੇ ਪਵਿੱਤਰ ਉਪਦੇਸ਼ ਜੀਵਾਂ ਸਨਮੁਖ ਮਾਂਜ, ਸੰਵਾਰ ਕੇ ਰੱਖਦਾ ਹੈ, ਤਦੋਂ ਹੀ ਇਤਿਹਾਸ ਦਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਉਪਦੇਸ਼ਾਂ ਨੇ ਜਦੋਂ-ਜਦੋਂ ਭੀ ਅਮਲੀ ਰੂਪ ਧਾਰਨ ਕੀਤਾ, ਤਾਂ ਇਤਿਹਾਸ ਸਾਕਾਰ ਪ੍ਰਗਟ ਹੋ ਉਠਦਾ ਹੈ। ਮਹਾਂ ਪੁਰਖਾਂ ਦਾ ਸੰਸਾਰ ਤੇ ਆਉਣਾ ਭੀ ਤਾਂ ਇਕ ਸੁੰਦਰ, ਇਤਿਹਾਸਕ ਘਟਨਾ ਹੀ ਹੁੰਦੀ ਹੈ। ਜੋ ਕੁੱਝ ਧਰਤੀ ਦੇ ਕਿਸੇ ਖਿੱਤੇ ਵਿਚ ਚੰਗਾ ਜਾਂ ਮੰਦਾ ਵਾਪਰਿਆ ਹੈ, ਉਸਨੂੰ ਇੰਨ-ਬਿੰਨ ਪੇਸ਼ ਕਰਕੇ, ਲਿਖਤ ਜਾਂ ਕਿਸੇ ਹੋਰ ਮਾਧਿਆਮ ਰਾਹੀਂ, ਆਉਣ ਵਾਲੀਆਂ ਨਸਲਾਂ ਲਈ ਸੁਰੱਖਿਅਤ ਕਰਨਾ ਹੀ ਇਤਿਹਾਸ ਕਹਾਉਂਦਾ ਹੈ। ਕੋਈ ਮਨੁੱਖ ਦੁਨੀਆਂ ਵਿਚ ਮਿਲ ਸਕੇਗਾ, ਜੋ ਹੂ-ਬ-ਹੂ ਘਟਨਾਵਾਂ ਨੂੰ ਬਿਆਨ ਕਰ ਸਕੇ, ਜਿਵੇਂ ਕਿ ਉਹ ਵਾਪਰੀਆਂ ਸਨ? ਜੀ ਨਹੀਂ, ਇਸ ਤਰ੍ਹਾਂ ਸੰਭਵ ਨਹੀਂ ਹੈ। ਪਹਿਲੀ ਗੱਲ ਕਿ ਅਸਲ ਘਟਨਾ ਵਾਪਰਨ ਤੋਂ ਕਿੰਨਾ ਸਮਾਂ ਬਾਅਦ, ਲਿਖਤ ਤਿਆਰ ਕੀਤੀ ਜਾਂਦੀ ਹੈ। ਕਿਉਂਕਿ ਸਮਾਂ ਬੀਤਣ ਨਾਲ ਘਟਨਾ ਦਾ ਦਰਦ ਮੱਠਾ ਪੈਣਾ ਸ਼ੁਰੂ ਹੋ ਜਾਂਦਾ ਹੈ। ਫਿਰ ਘਟਨਾ ਦੇ ਸਬੂਤ ਮਿਟਣ ਲੱਗ ਪੈਂਦੇ ਹਨ। ਅੱਗੋਂ ਲੇਖਕ ਦਾ ਮਾਨਸਿਕ ਪੱਧਰ ਕਿੰਨਾ ਕੁ ਹੈ? ਸਾਡੇ ਬਹੁਤੇ ਇਤਿਹਾਸਕਾਰਾਂ ਨੂੰ ਨਾਵਾਂ-ਥਾਂਵਾਂ ਤੇ ਘਟਨਾਵਾਂ ਬਾਰੇ ਸਾਧਾਰਣ ਜਿਹੀ ਜਾਣਕਾਰੀ ਹੈ। ਉਨ੍ਹਾਂ ਦੀਆਂ ਲਿਖਤਾਂ ਵਿਚੋਂ ਬੜੀ ਮਿਹਨਤ ਨਾਲ ਕੋਈ ਸੁੱਚਾ ਮੋਤੀ ਸ਼ਾਇਦ ਕਦੀ ਲੱਭ ਪਵੇ। ਲੇਖਕ ਜਿਸ ਸਭਿਅਤਾ ਵਿਚ ਪਲਿਆ, ਪ੍ਰਵਾਨ ਚੜ੍ਹਿਆ ਹੈ, ਉਸ ਅਨੁਸਾਰ ਉਹ ਘਟਨਾਵਾਂ ਨੂੰ ਸਮਝੇਗਾ ਤੇ ਬਿਆਨ ਕਰੇਗਾ। ਲੇਖਕ ਜਿਸ ਧਰਮ ਨੂੰ ਮੰਨਣ ਵਾਲਾ ਹੈ, ਉਸ ਮੁਤਾਬਕ ਉਸਦੀ ਮਨੋਸਥਿਤੀ ਪ੍ਰਵਾਨ ਚੜ੍ਹਦੀ ਹੈ। ਉਸੇ ਪਰਿਪੇਖ ਵਿਚ ਉਹ ਹੋਈ ਬੀਤੀ ਨੂੰ ਵਰਣਨ ਕਰਦਾ ਹੈ। ਜਾਂ ਇਹ ਭੀ ਜੋੜ ਲਈਏ ਕਿ ਲੇਖਕ ਦਾ ਸਮਾਜਕ ਰੁਤਬਾ ਕਿੰਨਾ ਕੁ ਵੱਡਾ ਹੈ, ਕਿਉਂਕਿ ਇਸ ਰੁਤਬੇ ਰਾਹੀਂ "ਕਈ ਉਚੀਆਂ ਥਾਵਾਂ ਤੇ ਬੇਰੋਕ ਪੁੱਜ ਸਕਦਾ ਹੈ", ਜਿਥੋਂ ਕਈ ਤਰ੍ਹਾਂ ਦੀ ਕੀਮਤੀ ਜਾਣਕਾਰੀ ਮਿਲ ਸਕਦੀ ਹੈ। ਲੇਖਕ ਕੋਲ ਖੋਜ ਜਾਂ ਲਿਖਣ ਲਈ ਸਾਧਨ ਕਿਹੋ ਜਿਹੇ ਹਨ? ਉਹ ਕਿੰਨੀਆਂ ਕੁ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ, ਤੇ ਉਸਦੀ ਉਮਰ ਅਤੇ ਜ਼ਿੰਦਗੀ ਵਿਚ ਹੰਡਾਇਆ ਤਜ਼ਰਬਾ ਕਿੰਨਾ ਹੈ? ਬਸ ਇਨ੍ਹਾਂ ਮੋਟੇ ਨੁਕਤਿਆਂ ਨੂੰ ਸਮਝਣ ਤੋਂ ਬਾਅਦ ਗੱਲ ਅੱਗੇ ਟੁਰਦੀ ਹੈ।
ਸੰਸਾਰ ਵਿਚ ਜਿੰਨਾ ਕੁ "ਪ੍ਰਚਲਤੀ/ਪ੍ਰਵਾਨਿਤ ਇਤਿਹਾਸ" ਹੈ, ਇਹ ਸਾਰਾ "ਜੇਤੂ ਲੋਕਾਂ ਵੱਲੋਂ" ਲਿਖਿਆ ਗਿਆ ਹੈ। ਜੇਤੂਆਂ ਦੀ ਪ੍ਰਸੰਸਾ ਵਿਚ ਲਿਖਿਆ ਗਿਆ ਹੈ। ਹਾਰੇ ਹੋਏ ਲੋਕਾਂ ਦਾ ਦਰਦ ਕੌਣ ਪੇਸ਼ ਕਰੇ? ਜਿਵੇਂ ਉਨ੍ਹਾਂ ਨੂੰ ਬਿਨਾਂ ਕਾਰਨ ਨਿਸ਼ਾਨਾ ਬਣਾਇਆ ਗਿਆ, ਸਮੂਹਕ ਕਤਲ ਕੀਤੇ, ਬੱਚੇ, ਬੁੱਢੇ ਤੇ ਔਰਤਾਂ ਤਕ ਨੂੰ ਬੇਰਹਿਮੀ ਨਾਲ ਕੁਚਲਿਆ ਗਿਆ, ਅੱਗਾਂ ਲਾ ਕੇ ਸਭ ਕੁੱਝ ਸੁਆਹ ਕਰ ਦਿੱਤਾ ਗਿਆ, ਧਰਮ ਅਸਥਾਨਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਗਿਆ…। ਇਹਨਾਂ ਖੌਫਨਾਕ ਕਾਰਿਆਂ ਨੂੰ ਕੋਈ ਬਿਆਨ ਕਰ ਸਕਦਾ ਹੈ? ਜਿਹੜੇ ਲੋਕ ਖ਼ੁਦ ਮਰ ਚੁੱਕੇ ਹਨ, ਜੀਵਤ ਲੋਕ ਹਾਰਕੇ ਗ਼ੁਲਾਮੀ ਗਲ ਪੁਆ ਚੁੱਕੇ ਹਨ, ਉਹਨਾਂ ਦੇ ਹੱਕ ਵਿਚ, ਲਿਖਣ ਦਾ ਮਤਬਲ ਹੈ, ਹਾਰਿਆਂ ਹੋਇਆਂ ਦੇ ਸਾਥੀ ਬਣਨਾ। ਹਾਰੇ ਹੋਏ ਲੋਕਾਂ ਦੀ ਹਮਾਇਤ ਕਰਕੇ ਪ੍ਰਤੱਖ ਪ੍ਰਾਪਤੀ ਕੋਈ ਨਹੀਂ ਹੋਣੀ, ਪਰ ਜ਼ੋਰਾਵਰਾਂ ਦੀ ਕ੍ਰੋਪੀ ਵਾਧੂ ਦੀ ਗਲ਼ ਆ ਪਵੇਗੀ। ਫਿਰ ਕੀ ਲੋੜ ਕੋਈ ਆਖੇ "ਆ ਬੈਲ ਮੈਨੂੰ ਮਾਰ" ਦੂਸਰੇ ਪਾਸੇ ਜੇਤੂ ਲੋਕਾਂ ਦੀ ਪ੍ਰਸੰਸਾ ਵਿਚ ਦੋ ਅੱਖਰ ਲਿਖਣ ਬਦਲੇ ਉਨ੍ਹਾਂ ਦੇ ਨਜ਼ਰ-ਏ-ਕਰਮ ਬਣਾਂਗੇ। ਮਾਣ-ਸਨਮਾਨ ਮਿਲੇਗਾ, ਨਗਦ ਨਰਾਇਣ ਹਾਜ਼ਰੀ ਭਰ ਸਕਦੇ ਹਨ। ਅਹੁਦੇ ਰੁਤਬੇ ਮਿਲ ਸਕਦੇ ਹਨ। ਬਸ ਆਮ ਲੇਖਕ, ਇਤਿਹਾਸਕਾਰ, ਜਾਂ ਕਵੀ ਇਹੀ ਸੌਖਾ ਰਾਹ ਅਪਣਾਉਂਦੇ ਹਨ। ਕਦੀ ਕੋਈ ਯੁਗ ਪਲਟਾਊ ਸੂਰਮਾ ਪੈਦਾ ਹੁੰਦਾ ਹੈ ਜੋ "ਸਚੁ ਸੁਣਾਇਸੀ ਸਚ ਕੀ ਬੇਲਾ" (ਪੰਨਾ-722)
ਬਹੁ ਗਿਣਤੀ ਦੇ ਜ਼ੋਰ ਨਾਲ ਇਕੋ ਝੂਠ ਨੂੰ ਬਾਰ-ਬਾਰ ਸਚ ਬਣਾ ਕੇ ਪੇਸ਼ ਕੀਤਾ ਜਾਵੇ, ਉਹ ਵੀ "ਸਚ ਦੀ ਥਾਂ ਪਾ ਲੈਂਦਾ ਹੈ"। ਪੈਸੇ ਦੇ ਜ਼ੋਰ ਨਾਲ ਲੇਖਕਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਾਂਦੀ ਹੈ, ਕਲਮਾਂ ਖ਼ਰੀਦ ਲਈਆਂ ਜਾਂਦੀਆਂ ਹਨ। ਅੱਜ ਮੀਡੀਆ ਬਹੁਤ ਜ਼ੋਰਾਵਰ ਬਣ ਗਿਆ ਹੈ, ਇਸਦੀ ਵਰਤੋਂ-ਦੁਰਵਰਤੋਂ ਰਾਹੀਂ ਰੱਸੀ ਨੂੰ ਸੱਪ ਤੇ ਸੱਪ ਨੂੰ ਰੱਸੀ ਸਹਿਜੇ ਹੀ ਬਣਾਇਆ ਜਾ ਸਕਦਾ ਹੈ। ਪੱਥਰ ਦੇ ਟੁਕੜੇ ਨੂੰ ਰੱਬ ‘ਤੇ ਰੱਬ ਨੂੰ ਖਿਲੌਨਾ ਬਣਾ ਦੇਣਾ ਭੀ ਬਹੁਤ ਸੁਖਾਲਾ ਹੈ। ਮਨੁੱਖੀ ਸੋਚ ਖ਼ਾਸ ਵਸਤੂਆਂ ਰਾਹੀਂ ਭੀ ਇਤਿਹਾਸ ਨਾਲ ਜ਼ਜ਼ਬਾਤੀ ਸਾਂਝ ਰੱਖਦੀ ਹੈ। ਜੇਤੂ ਲੋਕ ਹਰ ਹੀਲਾ ਵਰਤ ਕੇ, ਹਾਰੇ ਲੋਕਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਪੂਰੀ ਹੁਸ਼ਿਆਰੀ ਨਾਲ ਖ਼ਤਮ ਕਰਦੇ ਹਨ। ਤਾਂ ਕਿ ਕਦੀ ਪੁਰਾਤਨ ਚਿੰਨ ਵੇਖਕੇ ਭੀ, ਗ਼ੁਲਾਮ ਨੂੰ ਆਪਣੇ ਪਿਛੋਕੜ ਦੀ ਯਾਦ ਨਾ ਆ ਜਾਵੇ। ਜਦੋਂ ਕੋਈ ਮਾਣ ਕਰਨ ਯੋਗ ਵਸਤੂ ਨਾ ਰਹੀ, ਸਵੈਮਾਣ ਭਰੀ ਘਟਨਾ ਨਾ ਰਹੀ, ਫਿਰ ਮਾਣ ਕਾਹਦੇ ਤੇ ਕਰਨਾ ਹੋਇਆ? ਇਸ ਲਈ ਜੇਤੂ ਦਰਿੰਦੇ ਕਿਸੇ ਨਾ ਕਿਸੇ ਬਹਾਨੇ ਯਾਦ ਚਿੰਨ, ਇਤਿਹਾਸਕ ਨਿਸ਼ਾਨੀਆਂ, ਖ਼ਤਮ ਕਰਨ ਵਿਚ ਢਿੱਲ ਨਹੀਂ ਕਰਦੇ। ਥਾਂ-ਥਾਂ ਬੋਧੀ ਮੰਦਰ ਤੋੜੇ ਗਏ, ਬੁੱਧ ਦੀਆਂ ਮੂਰਤੀਆਂ ਅਪਮਾਨਤ ਕੀਤੀਆਂ ਗਈਆਂ, ਭਿਖਸ਼ੂ ਤਕ ਕਤਲ ਕੀਤੇ ਗਏ। ਇਹ ਸਭ ਕਿਸੇ ਹੋਰ ਵੱਲੋਂ ਨਹੀਂ ਇਕ ਪੂਰੀ ਸਾਜਿਸ ਤਹਿਤ, ਹਿੰਦੂਆਂ ਦੀ ਪੁਨਰ ਸੁਰਜੀਤੀ ਦੇ ਅਲੰਬਰਦਾਰ ਸੰਕਰਾਚਾਰੀਆ ਨੇ ਕੀਤਾ, ਕਰਾਇਆ। ਇਸੇ ਤਰ੍ਹਾਂ ਕੁੱਝ ਬਹਾਨੇ ਘੜਕੇ ਮੁਸਲਮਾਨ ਹਾਕਮਾਂ ਵੱਲੋਂ, ਹਿੰਦੂ ਸਮਾਜ ਨੂੰ ਪੁੱਜ ਕੇ ਬੇਪਤ ਕੀਤਾ ਗਿਆ, ਮੰਦਰ ਢਾਹੇ ਗਏ…। ਸਿੱਖਾਂ ਦੇ ਗੁਰਦੁਆਰੇ "ਆਪਣੀ ਸਰਕਾਰ" ਵੱਲੋਂ ਢਾਹੇ ਗਏ, ਪੁਰਾਤਨ ਰੈਫਰੈਂਸ ਲਾਇਬਰੇਰੀ, ਸਾੜ ਕੇ ਸੁਆਹ ਕੀਤੀ ਗਈ। ਬੱਚਿਆਂ ਨੂੰ ਬੰਨ ਕੇ ਮਾਰਿਆ ਗਿਆ, ਔਰਤਾਂ ਨਾਲ ਵਹਿਸ਼ੀ ਢੰਗ ਦਾ ਸਲੂਕ ਕੀਤਾ ਗਿਆ…। ਕੌਮੀ ਮਾਣ ਤੋੜਨ ਲਈ, ਧਰਮ ਅਸਥਾਨ ਤੇ ਹਮਲਾ ਮਨੁੱਖੀ ਦ੍ਰਿੰਦਗੀ ਦਾ ਤਾਂਡਵ ਨਾਚ, ਸਮੂਹਕ ਬਲਾਤਕਾਰ…।
ਸੋਚ ਮੰਡਲ ਨੂੰ ਪਿਛੇ ਵੱਲ ਲੈ ਜਾਓ! ਤ੍ਰੇਤੇ ਯੁਗ ਦਾ ਮਹਾਂਬਲੀ ਰਾਵਣ, ਕੀ ਸੱਚਮੁਚ ਕਸੂਰਵਾਰ ਸੀ? ਫਿਰ ਸਭ ਤੋਂ ਪਹਿਲਾਂ ਤਾਂ ਰਾਮ-ਲਛਮਣ ਨੇ ਸਰੂਪਲਤਾ (ਰਾਵਣ ਬ੍ਰਾਹਮਣ ਮਹਾਰਾਜੇ ਦੀ ਕੰਵਾਰੀ ਭੈਣ) ਦੀ ਬੇਪਤੀ ਕੀਤੀ ਸੀ, ਬਿਨਾਂ ਕਿਸੇ ਕਾਰਨ। ਫਿਰ ਧੋਖੇ ਨਾਲ ਬਾਲੀ ਨੂੰ ਰਾਮ ਨੇ ਮਾਰਿਆ, ਉਸਦੀ ਪਤਨੀ ਸੁਗ੍ਰੀਵ ਦੇ ਹਵਾਲੇ ਕਰ ਦਿੱਤੀ। ਰਾਵਣ ਸੀਤਾ ਨੂੰ ਲਿਜਾਕੇ ਭੀ ਉਸਦੀ ਇੱਛਾ ਤੋਂ ਬਗੈਰ ਕੋਈ ਬੁਰਾ ਸਲੂਕ ਨਹੀਂ ਕਰਦਾ। ਰਾਮ ਸੀਤਾ ਦੀ ਅਗਨੀ ਪ੍ਰੀਖਿਆ ਲੈਂਦਾ ਹੈ, ਸੱਚੀ ਹੋਣ ਦੇ ਬਾਵਜ਼ੂਦ ਭੀ ਸੀਤਾ ਨੂੰ ਘਰੋਂ ਕੱਢ, ਜੰਗਲ ਵਿਚ ਭੇਜ ਦਿੰਦਾ ਹੈ। ਪਰ ਪੇਸ਼ਕਾਰੀ ਵੇਖੋ! ਰਾਵਣ ਰਾਖਸ਼ ਬਣਾ ਦਿੱਤਾ ਗਿਆ ਹੈ ‘ਤੇ ਜ਼ਾਲਮ ਰਾਜਾ ਰਾਮ, ਭਗਵਾਨ ਥਾਪ ਦਿੱਤਾ ਗਿਆ। ਹੈ ਨਾ ਬਹੁ ਗਿਣਤੀ ਜੇਤੂਆਂ ਦੀ ਕਮਾਲ ਕਲਾ ਕ੍ਰਿਤ? ਦਰਜੋਧਨ ਰਾਜ ਦਾ ਅਸਲੀ ਹੱਕਦਾਰ ਸੀ, ਪਰ ਰਾਜ ਤੋਂ ਵਾਂਝਾ ਕਰ ਦਿੱਤਾ ਗਿਆ। ਕਰਣ ਪਾਂਡਵਾਂ ਦਾ ਸਕਾ ਵੱਡਾ ਭਰਾ, ਸਾਰੇ ਹੱਕਾਂ ਤੋਂ ਮਹਿਰੂਮ ਕਰ ਦਿੱਤਾ ਗਿਆ। ਕਰਣ ਲਾਸਾਨੀ ਯੋਧਾ, ਛਲ-ਕਪਟ ਤੇ ਫਰੇਬ ਨਾਲ ਮਾਰ ਦਿੱਤਾ ਜਾਂਦਾ ਹੈ। ਅਰਜਣ ਜੋ ਅਤੀ ਬੁਜ਼ਦਿਲ ਸੀ, ਉਹ ਜੰਗ ਦਾ ਹੀਰੋ ਬਣਾ ਦਿੱਤਾ ਗਿਆ। ਧਰਮ ਪੁੱਤਰ ਝੂਠ ਭੀ ਬੋਲਦਾ ਹੈ, ਜੂਆ ਭੀ ਖੇਡਦਾ ਹੈ। ਰਾਜ, ਪੈਸਾ, ਮਹਿਲ ਤੇ ਪਤਨੀ ਤੱਕ ਜੂਏ ਵਿਚ ਹਾਰ ਜਾਂਦਾ ਹੈ, ਫਿਰ ਭੀ "ਧਰਮ ਪੁੱਤਰ" ਹੈ। ਕ੍ਰਿਸ਼ਨ ਖ਼ੁਦ ਭੀ ਝੂਠ ਅਤੇ ਫ਼ਰੇਬ ਦੀ ਵਰਤੋਂ ਕਰਦਾ ਹੈ, ਰੁਕਮਣੀ ਅਤੇ ਹੋਰ ਅਨੇਕ ਤੀਵੀਆਂ ਨੂੰ ਜ਼ਬਰੀ ਉਧਾਲ ਲੈ ਜਾਂਦਾ ਹੈ, ਇਸ਼ਨਾਨ ਕਰਦੀਆਂ ਤੀਵੀਆਂ ਦੇ ਕੱਪੜੇ ਚੁਕ ਲੈ ਜਾਂਦਾ ਹੈ…। ਜੇਤੂ ਹੋਣ ਕਰਕੇ ਇਹ ਸਾਰੇ ਉਸਦੇ ਚੋਜ ਹਨ। ਹਾਰੇ ਹੋਏ ਹੋਣ ਕਰਕੇ ਦਰਜੋਧਨ ਤੇ ਕਰਣ ਤ੍ਰਿਸਕਾਰ ਦੇ ਪਾਤਰ ਹਨ। ਕਿਉਂਕਿ ਪਾਂਡੋ ਜਿੱਤ ਗਏ, ਇਸ ਕਰਕੇ ਉਹਨਾਂ ਦਾ ਕੀਤਾ ਹਰ ਪਾਪ ਜ਼ੁਲਮ ਸਹੀ ਠਹਿਰਾ ਦਿੱਤਾ ਗਿਆ। ਮੁਗਲਾਂ ਇਥੇ ਜੇਤੂ ਹੋ ਕੇ ਜੋ ਕਹਿਰ ਢਾਹੇ, ਉਹਨਾਂ ਦੀਆਂ ਕੁੱਝ ਵੰਨਗੀਆਂ ਇਤਿਹਾਸ ਦੇ ਪੰਨਿਆਂ ਵਿਚੋਂ ਮਿਲ ਜਾਂਦੀਆਂ ਹਨ। ਮੁਸਲਮਾਨਾਂ ਤੋਂ ਬਾਅਦ ਅੰਗਰੇਜ਼ਾਂ ਜੋ ਕੀਤਾ ਉਹਨਾਂ ਦੇ ਹੁੰਦਿਆਂ ਉਸਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਜਿਹੜੇ ਅੱਜ ਜੇਤੂ ਭਾਰਤ ਵਿਚ ਸ਼ਹੀਦ ਹਨ, ਕੌਮੀ ਹੀਰੋ ਹਨ ਅੰਗਰੇਜ਼ਾਂ ਦੀਆਂ ਨਜ਼ਰਾਂ ਤੇ ਲਿਖਤਾਂ ਵਿਚ, ਕਾਤਿਲ ਡਾਕੂ ਤੇ ਬਦਮਾਸ਼ ਸਨ। ਸਤਿਗੁਰੂ ਅਰਜਨ ਸਾਹਿਬ ਜੀ ਦੀ ਪਵਿੱਤਰ ਸ਼ਖ਼ਸੀਅਤ ਤੇ ਜਹਾਂਗੀਰ ਦੀ "ਤੁਜਕੇ ਜਹਾਂਗੀਰੀ" ਵਿਚ, ਬਹੁਤ ਹੀ ਘਿਨਾਉਣੇ ਇਲਜ਼ਾਮ ਲਾਏ ਗਏ ਸਨ। ਪਰਉਪਕਾਰ ਦੀ ਮੂਰਤ ਨੂੰ, ਬਿਨਾਂ ਕਸੂਰ ਤਸੀਹੇ ਦੇ ਕੇ ਸ਼ਹੀਦ ਭੀ ਕੀਤਾ ਗਿਆ ਤੇ ਬਦਨਾਮ ਭੀ ਕੀਤਾ ਗਿਆ। ਇਹੀ ਕੁੱਝ ਨੌਵੇਂ ਸਤਿਗੁਰਾਂ ਅਤੇ ਤਿੰਨੇ ਸਿੱਖਾਂ ਨਾਲ ਕੀਤਾ ਗਿਆ। ਬੰਦਾ ਸਿੰਘ ਬਹਾਦਰ ਤੇ ਸਾਥੀ, ਉਸਤੋਂ ਬਾਅਦ ਮਿਸਲਾਂ ਦਾ ਭਿਆਨਕ ਸਮਾਂ, ਜੰਗਲੀਂ ਵਾਸ, ਜਾਨਵਰਾਂ ਵਾਂਗ ਸ਼ਿਕਾਰ ਕੀਤਾ ਜਾਣਾ, ਸਿਰਾਂ ਦੇ ਮੁੱਲ…। ਤਾਕਤ ਅਤੇ ਬਹੁ ਗਿਣਤੀ ਦੇ ਜ਼ੋਰ, ਸਿੱਖਾਂ ਨੂੰ ਪੁੱਜਕੇ ਬਦਨਾਮ ਕੀਤਾ ਗਿਆ। ਜਿਊਣ ਦੇ ਸਾਰੇ ਹੱਕ ਖੋਹ ਲਏ ਗਏ, ਫਿਰ ਭੀ ਕਸੂਰਵਾਰ ਸਿੱਖਾਂ ਨੂੰ ਹੀ ਗਰਦਾਨਿਆ ਗਿਆ। ਕਾਜ਼ੀ ਨੂਰ ਮੁਹੰਮਦ ਵਰਗਿਆਂ ਸਿੱਖਾਂ ਨੂੰ ਕੁੱਤੇ ਤੱਕ ਆਪਣੀ ਲਿਖਤ ਵਿਚ ਲਿਖਿਆ। ਜਦੋਂ ਤਾਕਤ ਦਾ ਪੱਲੜਾ ਸਿੱਖਾਂ ਦੇ ਹੱਕ ਵਿਚ ਝੁੱਕ ਗਿਆ, ਹਾਕਮਾਂ ਦੀਆਂ ਜੜ੍ਹਾਂ ਉਖੜ ਗਈਆਂ, ਸਿੱਖ ਪੰਜਾਬ ਦੇ ਰਾਜੇ ਬਣ ਗਏ, ਤਦੋਂ ਬੁਲ੍ਹੇ ਸ਼ਾਹ ਆਖਣ ਲਈ ਮਜ਼ਬੂਰ ਹੋ ਗਿਆ: "ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰਿਆਂ ਵਾਲੇ ਰਾਜੇ ਕੀਤੇ"। ਸ਼ਾਹ ਮੁਹੰਮਦ ਕੂਕਿਆ: "ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ"। ਗੱਲ ਕੀ ਕਮਜ਼ੋਰ ਮਨੁੱਖ, ਕਮਜ਼ੋਰ ਕੌਮ ਠੀਕ ਹੋਣ ਦੇ ਬਾਵਜ਼ੂਦ ਭੀ ਗਲਤ ਹੋਇਆ ਕਰਦੀ ਹੈ। ਤਾਕਤਵਰ ਕੌਮ ਤੇ ਵਿਅਕਤੀ, ਗਲਤ ਹੁੰਦਾ ਹੋਇਆ ਭੀ ਠੀਕ ਮੰਨਿਆ ਜਾਂਦਾ ਹੈ। ਜਿਹੜੇ ਸਿੱਖ ਕੁੱਝ ਸਮਾਂ ਪਹਿਲਾਂ ਚੋਰ, ਡਾਕੂ, ਲੁਟੇਰੇ, ਕਾਤਿਲ ਨਜ਼ਰ ਆਉਂਦੇ ਸਨ, ਉਹ ਤਾਕਤਵਰ ਬਣਨ ਤੋਂ ਬਾਅਦ, ਸਰਦਾਰ ਸਾਹਿਬ, ਸਿੰਘ ਸੂਰਮੇ, ਬਹਾਦਰ, ਸ਼ੇਰ, ਤੇ ਬੱਬਰ ਸ਼ੇਰ ਨਾਵਾਂ ਨਾਲ ਨਿਵਾਜੇ ਜਾਣ ਲੱਗੇ।
ਹਿੰਦੂਆਂ ਨੂੰ ਮੁਸਲਮਾਨਾਂ ਤੇ ਅੰਗਰੇਜ਼ਾਂ ਨੇ ਲੰਮੇ ਸਮੇਂ ਤੱਕ ਅਣਗਿਣਤ ਤਰੀਕੇ, ਅਪਮਾਨਤ ਕੀਤਾ। "ਕਾਲੇ ਕੁੱਤੇ, ਚੋਰ (ਹਿੰਦੂ ਮਹਿਨੇ ਚੋਰ ਜਾਂ ਕਮੀਨਾ) ਤੇ ਕਾਫ਼ਰ ਕਿਹਾ ਜਾਂਦਾ ਰਿਹਾ। ਭੁੱਖੇ ਮਾਰਨ ਦੀ ਹੱਦ ਤਕ ਟੈਕਸ ਲਾ ਕੇ, ਸਭ ਕੁੱਝ ਲੁੱਟ ਲਿਆ ਜਾਂਦਾ। ਤੀਰਥਾਂ-ਮੰਦਰਾਂ ਤੇ ਭੀ ਟੈਕਸ ਲਾ ਦਿੱਤਾ ਗਿਆ। ਤਾਕਤ ਕਾਰਨ ਉਹ ਫਿਰ ਭੀ ਆਪਣੇ ਆਪ ਨੂੰ ਠੀਕ ਸਿਧ ਕਰਦੇ ਰਹੇ। ਖ਼ੁਦ ਹਿੰਦੂਆਂ (ਅਸਲ ਆਰੀਅਨਾ) ਵੱਲੋਂ ਇਥੋਂ ਦੇ ਵਸਨੀਕ ਭਾਰਤੀਆਂ ਨੂੰ (ਅਖੌਤੀ ਸ਼ੂਦਰਾਂ ਨੂੰ) ਹਾਰ ਜਾਣ ਤੇ, ਸਦੀਆਂ ਤੋਂ ਅਪਮਾਨਤ ਕੀਤਾ ਜਾ ਰਿਹਾ ਹੈ। ਜੀਵਨ ਦੇ ਸਾਰੇ ਹੱਕ ਖੋਹ ਲਏ ਗਏ, ਪਸ਼ੂਆਂ ਨਾਲੋਂ ਬਦਤਰ ਨਰਕੀ ਜੀਵਨ ਜਿਊਣ ਲਈ ਮਜ਼ਬੂਰ ਕੀਤਾ ਗਿਆ। ਜੇ ਕੋਈ ਜਰਾ ਉੱਚਾ ਸਾਹ ਭੀ ਲੈਂਦਾ ਨਜ਼ਰ ਆਇਆ ਤਾਂ ਸਿਰ ਕਲਮ ਕਰ ਦਿੱਤਾ ਗਿਆ। ਇਨ੍ਹਾਂ ਦੇ ਘਰ, ਜ਼ਮੀਨਾਂ, ਸਭ ਖੋਹ ਲਏ ਗਏ, ਕੰਗਾਲ ਕਰ ਦਿੱਤੇ। ਆਪਣੇ ਅਧੀਨ ਸਦੀਆਂ ਤੋਂ ਗ਼ੁਲਾਮੀ ਕਰਵਾਈ ਜਾ ਰਹੀ ਹੈ। ਇਨ੍ਹਾਂ ਸਾਰੇ ਅਣ ਮਨੁੱਖੀ ਪਾਪ ਕਾਰਿਆਂ ਨੂੰ ਧਰਮ ਦਾ ਸਰਟੀਫਿਕੇਟ ਦਿੱਤਾ ਗਿਆ। ਵਿਦਿਆ ਅਤੇ ਤਾਕਤ ਵਰਤ ਕੇ, ਸ਼ੂਦਰਾਂ ਨੂੰ ਬਰਬਾਦ ਕਰਕੇ ਭੀ, ਆਰੀਆ ਪੁੱਤਰ (ਖੱਤਰੀ ਤੇ ਬ੍ਰਾਹਮਣ) ਪੂਜਣ ਯੋਗ ਹੈ, ਮਾਹਨ ਹੈ, ਰੱਬ ਦੇ ਦਰ ਤੇ ਪ੍ਰਵਾਨ ਹੈ, ਸਵਰਗ ਦਾ ਪੂਰਾ ਹੱਕਦਾਰ ਹੈ। ਸੂਦਰ ਵਿਚਾਰੇ ਇਥੇ ਭੀ ਨਰਕ ਭੋਗ ਰਹੇ ਹਨ, ਦਾਨ ਕਰਨ ਲਈ ਪੱਲੇ ਫੁੱਟੀ ਕੌਡੀ ਨਹੀਂ, ਧਰਮ ਕਰਮ (ਅਖੌਤੀ) ਕੋਈ ਕਰ ਸਕਣ ਦਾ ਅਧਿਕਾਰ ਨਹੀਂ, ਤਾਂ ਤੇ ਉਨ੍ਹਾਂ ਨੂੰ ਅਗਲੇ ਜਨਮ ਵਿਚ ਭੀ ਨਰਕਾਂ ਵਿਚ ਗਲਣਾ ਪਵੇਗਾ। ਪਾਠਕ ਜਨੋ ਸੋਚੋ! ਤਾਕਤ ਅਤੇ ਬਹੁਤੀ ਗਿਣਤੀ, ਵਿਦਿਆ ਆਦਿ ਨਾਲ ਮਨੁੱਖ ਕੀ-ਕੀ ਨੀਚ ਕਰਮ ਕਰਕੇ ਸਾਫ਼ ਬਚ ਨਿਕਲਦਾ ਹੈ। ਲੱਗਦਾ ਹੈ ਰੱਬ ਜੇਤੂਆਂ ਨਾਲ ਹੀ ਰਲ ਜਾਂਦਾ ਹੈ। ਹਾਰੇ ਹੋਇਆਂ ਦੀ ਮੱਦਦ ਰੱਬ ਕਿਉਂ ਕਰੇ? ਕਮਜ਼ੋਰਾਂ ਨਾਲ ਰਲ਼ ਕੇ ਬੇਇੱਜ਼ਤੀ ਕਿਉਂ ਕਰਾਵੇ?
ਦੇਸ਼ ਵੰਡ ਤੋਂ ਪਹਿਲਾਂ ਸਿੱਖਾਂ ਨਾਲ, ਹਿੰਦੂਆਂ ਦਾ ਵਿਹਾਰ ਹੋਰ ਤਰ੍ਹਾਂ ਦਾ ਸੀ, ਕਿਉਂਕਿ ਤਦੋਂ ਹਿੰਦੂ ਭੀ ਉਤਨੇ ਹੀ ਗ਼ੁਲਾਮ ਸਨ, ਜਿੰਨੇ ਸਿੱਖ। ਦੇਸ਼ ਵੰਡ ਤੋਂ ਬਾਅਦ ਤਾਕਤ ਦੇ ਮਾਲਕ ਹਿੰਦੂ ਬਣ ਬੈਠੇ, ਕੀਤੇ ਵਾਹਦੇ ਸਾਰੇ ਬੇਸ਼ਰਮੀ ਨਾਲ ਭੁੱਲਾ ਦਿੱਤੇ ਗਏ। ਦੇਸ਼ ਵੰਡ ਦੇ ਦੋ ਮਹੀਨਿਆਂ ਅੰਦਰ, ਉਜੜ ਕੇ ਆਏ, ਬਰਬਾਦ ਹੋ ਚੁੱਕੇ ਸਿੱਖਾਂ ਨੂੰ ਆਜ਼ਾਦ ਭਾਰਤ ਵਿਚ ਪਹਿਲਾ ਇਨਾਮ ਮਿਲਿਆ, "ਸਿੱਖ ਜ਼ਰਾਇਮ ਪੇਸ਼ਾ ਕੌਮ ਹਨ"। ਜ਼ਮੀਨਾਂ ਘਟ ਗਈਆਂ, ਲੱਖਾਂ ਪਰਿਵਾਰਾਂ ਦੇ ਮੈਂਬਰ ਰੱਬ ਨੂੰ ਪਿਆਰੇ ਹੋ ਗਏ, ਕੱਖੋਂ ਹੌਲ਼ੇ ਹੋ ਗਏ ਸਿੱਖ ਸਰਦਾਰ ਜੋ ਕੱਲ੍ਹ ਲੱਖਾਂ ਦੇ ਮਾਲਕ ਸਨ। ਇਸ ਲੜਾਈ ਵਿਚ ਸਿੱਖ ਪੂਰੀ ਤਰ੍ਹਾਂ ਹਾਰ ਗਏ। ਹਾਰੇ ਹੋਇਆਂ ਦੀ ਕਮਜ਼ੋਰਾਂ ਦੀ ਇੱਜ਼ਤ ਕਾਹਦੀ? ਇਸ ਪ੍ਰਥਾਏ ਇਕਬਾਲ ਦਾ ਸੇਅਰ ਹੈ:-
"ਥਾ ਜੋ ਨਾਖ਼ੂਬ ਬਦਤਰੀਜ ਵਹੀ ਖ਼ੂਬ ਹੂਆ। ਕਿ ਗ਼ੁਲਾਮੀ ਮੇਂ ਬਦਲ ਜਾਤਾ ਹੈ ਕੌਮੋਂ ਕਾ ਜ਼ਮੀਰ"
ਅੱਜ ਸਿੱਖ ਹਰ ਪੱਖੋਂ ਅਪਮਾਨਤ, ਕਮਜ਼ੋਰ ਹਨ। ਬਿਜਲੀ, ਪਾਣੀ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਪੰਜਾਬ ਦਾ ਪੈਸਾ ਸਭ ਲੁੱਟ ਲਿਆ ਹੈ। ਜਦੋਂ ਜਰਾ ਔਖੇ ਹੋ ਕੇ ਹੱਕ ਮੰਗਿਆ ਤਾਂ ਤੋਪਾਂ-ਟੈਕਾਂ ਦੁਆਰਾ, ਸਿੱਖਾਂ ਦੀ ਜ਼ਮੀਰ ਦਾ ਘਾਣ। ਦੋ ਲੱਖ ਸਿੱਖ ਨੌਜਵਾਨਾਂ ਦਾ ਕਤਲ। ਬਹੁ ਗਿਣਤੀ, ਮੀਡੀਆ ਤੇ ਅਦਾਲਤਾਂ ਉਨ੍ਹਾਂ ਦੀਆਂ ਆਪਣੀਆਂ। ਬੱਕਰਾ ਇਨਸਾਫ਼ ਲਈ ਬੇਨਤੀ ਕੇਵਲ ਕਸਾਈ ਅੱਗੇ ਹੀ ਕਰ ਸਕਦਾ ਹੈ, ਬਗਾਵਤ ਨਹੀਂ ਕਰ ਸਕਦਾ। ਨੌਜਵਾਨ ਜੱਥੇਬੰਦੀਆਂ, ਵਿਕ ਚੁਕੇ ਗ਼ੁਲਾਮ ਲੀਡਰਾਂ ਅੱਗੇ, ਗ਼ੁਲਾਮੀ ਕਰਦਿਆਂ ਰਾਜ ਪ੍ਰਾਪਤੀ ਵੱਲ ਵਧ ਰਹੇ ਹਨ, ਪਰ ਸਿੱਖੀ ਦਾ ਸ਼ਾਨਦਾਰ ਵਿਰਸਾ ਕਦੇ ਦਾ ਭੁੱਲ ਵਿਸਰ ਗਿਆ ਹੈ। ਕਿਥੇ ਹਨ ਬੋਤਾ ਸਿੰਘ/ਗਰਜਾ ਸਿੰਘ ਦੇ ਵਾਰਿਸ? ਕਿਥੇ ਹਨ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਦੇ ਪੈਰੋਕਾਰ? ਕਿਧਰ ਚੱਲੇ ਗਏ ਬਾਬਾ ਜਰਦਾਰੀ ਦਾ ਹਲਫ ਲੈ ਚੁੱਕੇ ਪਾਲਤੂ, ਸਰਕਸ ਵਿਚ ਮਨੋਰੰਜਨ ਕਰਨ ਵਾਲੇ, ਪਿੰਜਰੇ ਵਿਚ ਕੈਦ ਆਕਲੀ ਸੂਰਮੇ? ਪੰਜ ਸਾਲ ਦੇ ਅਖੌਤੀ ਰਾਜ ਸਮੇਂ, ਸਿੱਖ ਹੱਕਾਂ, ਪੰਜਾਬ ਮੰਗਾਂ ਬਾਰੇ, ਇਕਵਾਰ ਭੀ ਜ਼ੁਬਾਨ ਨੂੰ ਲੱਗਾ ਤਾਲਾ ਨਾ ਖੋਲ੍ਹਿਆ। ਰਾਜ ਗੱਦੀ ਖੁਸਣ ਤੇ ਪੰਜਾਬ ਦੀਆਂ ਮੰਗਾਂ ਪ੍ਰਾਪਤ ਕਰਨ ਦੇ ਖੇਖਣ? ਮਗਰਮੱਛ ਦੇ ਹੰਝੂ…?
ਦੇਸ਼ ਦੀਆਂ ਯੂਨੀਵਰਸਿਟੀਆਂ/ਕਾਲਜਾਂ ਦਾ ਸਲੇਬਸ ਕੇਂਦਰ ਸਰਕਾਰ ਦੀ ਇੱਛਾ ਮੁਤਾਬਕ ਬਣਦਾ ਹੈ। "ਖੋਜ ਕਾਰਜਾਂ" ਦੇ ਨਾਮ ਹੇਠ ਕੂੜ-ਕੁਸੱਤ, ਘੱਟ ਗਿਣਤੀਆਂ ਨੂੰ ਹੌਸਲਾਹੀਣ ਕਰਨ ਵਾਲਾ ਲਿਖਿਆ, ਲਿਖਵਾਇਆ ਜਾ ਰਿਹਾ ਹੈ। ਹਿੰਦੂ ਸੋਚਧਾਰਾ ਤੋਂ ਵੱਖਰੀ, ਕੋਈ ਧਾਰਾ ਪੈਦਾ ਹੀ ਨਹੀਂ ਹੋਣ ਦਿੱਤੀ ਜਾਂਦੀ। ਖ਼ਾਲਸੇ ਦਾ 300ਸਾਲਾ ਸੰਪੂਰਣਤਾ ਦਿਵਸ, ਸਾਡੇ ਅਖੌਤੀ ਆਪਣਿਆਂ ਨੇ ਸੌ ਕ੍ਰੋੜ ਵਿਚ ਵੇਚ ਦਿੱਤਾ। ਇਸੇ ਸਾਲ (1999) ਦਸੰਬਰ ਮਹੀਨੇ ਭਾਰਤ ਸਰਕਾਰ ਵੱਲੋਂ ਨੋਟੀਫੀਕੇਸ਼ਨ ਰਾਹੀਂ, ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਧਰਮ ਅਧਿਐਨ ਦੇ ਵਿਸ਼ੇ ਨਾਲ, ਗੁਰਮਤ ਬਾਰੇ ਪੜ੍ਹ ਰਹੇ ਸਾਰੇ ਫੰਡ ਰੋਕ ਦਿੱਤੇ ਗਏ। ਇਸ ਦੀ ਥਾਵੇਂ "ਗਾਧੀ ਸਟੱਡੀ" ਸ਼ੁਰੂ ਕਰ ਦਿੱਤੀ ਗਈ। ਇਸ ਗਾਂਧੀ ਸਟੱਡੀ ਵਾਲਿਆਂ ਨੂੰ ਫੰਡ/ਵਜ਼ੀਫੇ ਪ੍ਰਵਾਨੇ ਗਏ। ਬੁੱਧ, ਜੈਨ, ਇਸਲਾਮ, ਈਸਾਈ ਤੇ ਹਿੰਦੂ ਧਰਮ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਾ ਮਿਲੇਗਾ। ਪਰ ਸਿੱਖ ਧਰਮ ਪੜ੍ਹਨ ਵਾਲੇ ਨੂੰ ਵਜ਼ੀਫਾ ਨਹੀਂ ਮਿਲੇਗਾ। ਸਾਡੇ ਪਿੰਜਰੇ ਦੇ ਸ਼ੇਰਾਂ ਭਬਕ ਤਾਂ ਕੀ ਮਾਰਨੀ ਸੀ ਮਿਆਉਂ-ਮਿਆਉਂ ਭੀ ਨਾ ਕੀਤਾ। ਅੱਜ-ਤੱਕ ਗੁਰਬਾਣੀ ਹਿੰਦੂ ਮਿਥਿਹਾਸ ਤੋਂ ਮੁਤਕ ਨਹੀਂ ਕੀਤੀ ਜਾ ਸਕੀ। ਗੁਰਮਤ ਧਾਰਾ ਵਾਲਾ ਸਿੱਖ ਸਕੂਲ (ਥਾਟ) ਅਜੇ ਤੱਕ ਮਾਂ ਦੇ ਗਰਭ ਵਿਚ ਹੀ ਹੈ, ਅਗਰ "ਕਿਸੇ ਸਮੇਂ" ਤੇ ਜਨਮ ਲੈ ਸਕਿਆ ਤਾਂ…।
ਸਿੱਖ ਫਿਲਾਸਫੀ ਜਿੰਨੀ ਕੁ ਲਿਖੀ ਗਈ ਹੈ, ਪੁਰਾਤਨ ਹਿੰਦੂ ਧਾਰਾ ਦੇ ਨੁਕਤਾ-ਏ-ਨਜ਼ਰ ਤੋਂ ਲਿਖੀ ਗਈ ਹੈ। ਜ਼ਾਤ-ਪਾਤ ਬਾਰੇ ਅੱਜ ਤੱਕ ਸ਼ਾਇਦ ਇਕੋ ਪੁਸਤਕ ਲਿਖੀ ਗਈ ਹੈ, ਜਿਸਨੂੰ ਸਹੀ ਮਾਹਨਿਆ ਵਿਚ "ਸਿੱਖੀ ਸਕੂਲ" ਵਿਚੋਂ ਪ੍ਰਗਟ ਹੋਈ ਪ੍ਰਵਾਨਿਆ ਜਾ ਸਕਦਾ ਹੈ। ਇਹ ਹੈ "ਸਿੱਖ ਇਨਕਲਾਬ" ਕ੍ਰਿਤ ਡਾ. ਜਗਜੀਤ ਸਿੰਘ।
SGPC ਤੇ ਅਕਾਲੀ ਦਲ, ਪੂਰੀ ਤਰ੍ਹਾਂ ਹਿੰਦੂ ਰਾਜ ਦੀ ਗ਼ੁਲਾਮੀ ਨੂੰ ਮਨੋਂ ਸਵੀਕਾਰ ਕਰ ਚੁੱਕੇ ਹਨ। ਇਨ੍ਹਾਂ ਵਾਸਤੇ ਬ੍ਰਹਾਮਣੀ ਰੀਤਾਂ "ਪੂਰਨ ਗੁਰ-ਮਰਿਯਾਦਾ" ਦੇ ਲੇਬਲ ਅੰਦਰ ਪ੍ਰਵਾਨ ਹੋ ਚੁੱਕੀਆਂ ਹਨ। "ਜਥੇਦਾਰ" ਪੁਜਾਰੀ ਸ਼ਰੇਣੀ ਵਾਂਗ ਧਰਮ ਦੇ ਅਸੂਲਾਂ (ਪਾਵਨ ਗੁਰਬਾਣੀ) ਤੋਂ ਆਪਣੇ ਆਪ ਨੂੰ "ਸਰਵੋਤਮ" ਐਲਾਨ ਚੁੱਕੇ ਹਨ। ਗੁਰਬਾਣੀ ਦੇ ਹਵਾਲੇ ਦੇ ਕੇ ਸਮਝਾਈ ਗਲ ਭੀ, ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰੀ ਹਨ। ਸੱਚ ਤੇ ਪਹਿਰਾ ਦੇਣਾ, ਪੰਥ ਨੂੰ ਕੋਈ ਨਵੀਂ ਸੇਧ-ਦਿਸ਼ਾ ਪ੍ਰਦਾਨ ਕਰਨੀ, ਗ਼ੁਲਾਮ ਜਹਿਨੀਅਤ ਵਾਲੇ ਵਿਅਕਤੀਆਂ ਤੋਂ ਇਸ ਤਰ੍ਹਾਂ ਦੀਆਂ ਆਸਾਂ ਕਰਨੀਆਂ, "ਬਾਂਝ ਔਰਤ ਨੂੰ ਪੁਤਰਵਤੀ ਹੋਵੇਂ, ਵਿਧਵਾ ਨੂੰ ਸੁਹਾਗਣ ਬਣੀ ਰਹੇਂ" ਦੀ ਅਸੀਸ ਤੋਂ ਵੱਧ ਕੀਮਤ ਨਹੀਂ ਰੱਖਦੀਆਂ। ਵਿਦਵਾਨਾਂ ਨੂੰ ਅਨਪੜ੍ਹ, ਲੱਠਮਾਰਾਂ ਨੇ ਦਬਕਾ ਕੇ, ਘਰੀਂ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੋਇਆ ਹੈ। ਇਨ੍ਹਾਂ ਦੇ "ਆਕਾ" ਕੇਂਦਰੀ ਪ੍ਰਭੂ ਖੁਸ਼ ਹਨ, ਕਿ ਸਿੱਖਾਂ ਨੇ ਪੜ੍ਹਨਾ-ਲਿਖਣਾ ਤੇ ਸੋਚਣਾ ਤਿਆਗ਼ ਦਿੱਤਾ ਹੈ। ਜੇ ਕੋਈ ਥੋੜ੍ਹੀ ਬਹੁਤ ਕਦੀ ਅਕਲ ਦੀ ਗੱਲ ਕਰਨ ਦੀ ਗੁਸਤਾਖੀ ਕਰ ਹੀ ਜਾਵੇ, ਤਾਂ ਉਸਨੂੰ ਇੰਨੀ ਵਾਰ ਦੁਰੇ-ਦੁਰੇ ‘ਤੋਏ-ਤੋਏ ਕਰੋ’ ਮੁੜ ਅਜਿਹੀ "ਮੂਰਖਤਾ ਨਾ ਕਰ ਸਕੇ।
ਦਸਮ ਪਾਤਸ਼ਾਹ ਹਜ਼ੂਰ ਨੇ ਮਘਦੀ ਜੰਗ ਸਮੇਂ, ਵਰ੍ਹਦੇ ਗੋਲ਼ਿਆਂ ਵਿਚ ਭੀ, ਵਿਦਿਆ ਅਤੇ ਵਿਦਵਾਨਾਂ ਨੂੰ ਲਾਂਭੇ ਨਹੀਂ ਕੀਤਾ, ਬਵੰਜਾ ਕਵੀ ਰਖਣੇ ਕੋਈ ਸ਼ੌਂਕ ਪਾਲਣ ਵਾਸਤੇ ਨਹੀਂ ਸਨ। ਉਹ ਸਾਰੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚੋਂ, ਅਲੱਗ-ਅਲੱਗ ਬੋਲੀਆਂ ਜਾਨਣ ਵਾਲੇ, ਸਿਆਣੇ ਪੁਰਖ ਸਨ। ਸਤਿਗੁਰੂ ਜੀ ਉਨ੍ਹਾਂ ਨੂੰ ਗੁਰਮਤ ਧਾਰਾ ਚੰਗੀ ਤਰ੍ਹਾਂ ਸਮਝਾ ਕੇ, ਵਾਪਸ ਆਪੋ-ਆਪਣੇ ਇਲਾਕਿਆਂ ਵਿਚ ਭੇਜ ਦਿਆ ਕਰਦੇ ਸਨ। ਤਾਂ ਕਿ ਇਸ ਗੁਰਮਤਿ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਚੋਣਾ ਦੇ ਨੇੜੇ ਆਉਣ ਤੇ, ਕੁੱਝ ਵਕਤੀ ਜਿਹੇ ਕਾਰਜ ਉਲੀਕਣ ਦੇ ਬਿਆਨ ਦਾਗ ਦਿੱਤੇ ਜਾਂਦੇ ਹਨ। ਦੇਖੋ ਜੀ ਐਤਕੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ 400ਸਾਲਾ ਪੁਰਬ ਅੰਮ੍ਰਿਤਸਰ ਮਨਾਵਾਂਗੇ, ਪਰ ਕਿਵੇਂ? ਗੁਰੂ ਅੰਗਦ ਸਾਹਿਬ ਜੀ ਦਾ 500ਸਾਲਾ ਪੁਰਬ ਖਡੂਰ ਸਾਹਿਬ ਮਨਾਵਾਂਗੇ, ਪਰ ਕਿਵੇਂ? ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ, ਚਮਕੌਰ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਫਤਿਹਗੜ੍ਹ ਸਾਹਿਬ ਵਿਖੇ ਮਨਾਵਾਂਗੇ। ਕਿਵੇਂ? ਕੋਈ ਰੂਪ-ਰੇਖਾ ਨਹੀਂ ਹੈ। ਵਿਸ਼ਵ ਸਿੱਖ ਸੰਮੇਲਨ ਤੇ ਕਰੀਬ ਪੰਜਾਹ ਕਰੋੜ ਰੁਪਇਆ ਖ਼ਰਚ ਦਿੱਤਾ ਗਿਆ ਸੀ, ਪਰ ਨਤੀਜਾ ਕੋਈ ਨਹੀਂ। ਇਸ ਤਰ੍ਹਾਂ ਦੇ ਰਵਾਇਤੀ ਗੁਰਪੁਰਬ ਤਾਂ ਹਰ ਸਾਲ ਹੀ ਮਾਨਏ ਜਾ ਰਹੇ ਹਨ, ਫਿਰ ਐਤਕੀਂ ਭੀ ਜੇ ਮਨਾ ਲਏ ਤਾਂ ਵਖਰੇਵਾਂ ਕੀ ਹੋਇਆ? ਉਹੀ "ਨਗਰ ਕੀਰਤਨ, ਕੀਰਤਨ ਦਰਬਾਰ, ਖਾਲਸਾ ਮਾਰਚ, ਖਾਲਸਾ ਚੇਤਨਾ ਮਾਰਚ, ਅੰਮ੍ਰਿਤਸਰ ਤੋਂ ਪਟਨੇ ਤੱਕ ਰੇਲ ਗੱਡੀ ਰਾਹੀਂ ਮਾਰਚ, ਪਾਕਿਸਤਾਨ ਤੋਂ ਭਾਰਤ ਤੱਕ ਮਾਰਚ, ਪੰਜਾਂ ਪਿਆਰਿਆਂ ਦੇ ਪਿੰਡਾਂ ਤੋਂ ਅਨੰਦਪੁਰ ਸਾਹਿਬ ਤੱਕ ਦਾ ਮਾਰਚ…"। ਹੋਰ ਕਈ ਤਰ੍ਹਾਂ ਦੇ ਰੰਗ ਬਿਰੰਗੇ, ਖੱਬੇ-ਸੱਜੇ ਉਪਰ ਥੱਲੇ ਮਾਰਚ ਹੋਣਗੇ। ਪਰ ਸਿੱਖਾਂ ਦਾ ਕਰੋੜਾਂ ਰੁਪਇਆ ਖਰਚਕੇ ਭੀ ਧੇਲੇ ਦਾ ਫਾਇਦਾ ਨਹੀਂ ਹੋਣਾ। ਗ਼ੁਲਾਮੀ ਵਿਚ ਸਿੱਖਾਂ ਸਭ ਕੁੱਝ ਗਵਾ ਲਿਆ, ਸਮੇਤ ਆਪਣੀ ਬਹਾਦਰੀ ਅਤੇ ਸਿਆਣਪ ਦੇ। ਸਾਰੇ ਪਾਸੇ "ਅੱਖਾਂ ਮੀਟਕੇ ਚੌਕੜੇ ਮਾਰਕੇ ਨਾਮ ਜਪਾਏ ਜਾ ਰਹੇ ਹਨ" ਮਾਲਾਵਾਂ ਫੇਰੀਆਂ ਜਾ ਰਹੀਆਂ ਹਨ। ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ। ਅਰਦਾਸਾਂ ਸ਼ਰਧਾਂ ਪੂਰਵਕ ਕੀਤੀਆਂ ਜਾ ਰਹੀਆਂ ਹਨ। "ਹੁਕਮਨਾਮੇ" ਸੁਣੇ ਜਾ ਰਹੇ ਹਨ…। ਪਰ ਸਿੱਖ ਹੋਰ ਕਮਜ਼ੋਰ, ਹੋਰ ਕਮ ਅਕਲ, ਹੋਰ ਕਾਇਰ, ਹੋਰ ਗੋਲਕ ਚੋਰ, ਹੋਰ ਵਿਕਾਊ ਤੇ ਗ਼ੁਲਾਮ ਬਣਦੇ ਜਾ ਰਹੇ ਹਨ। ਅਗਰ ਕੋਈ ਪੰਥ ਦਰਦੀ ਕਦੀ ਵਕਤ ਕੱਢ ਕੇ, ਇਨ੍ਹਾਂ ਪੱਖਾਂ ਵੱਲ, ਨਜ਼ਰ ਮਾਰਨ ਦੀ ਖੇਚਲ ਕਰੇ ਤਾਂ…। ਗੁਰੂ ਰਾਖਾ।