ਸਰੀਰ, ਤਸਵੀਰ ਅਤੇ ਮੂਰਤੀ ਗੁਰੂ ਨਹੀਂ ਹੈ

0
490

A A A

ਸੰਸਾਰ ਵਿਚ ਅਜਿਹੇ ਲੋਕ ਵੱਸਦੇ ਹਨ, ਜਿਨ੍ਹਾਂ ਨੂੰ ਆਪਣੇ ਗੁਰੂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਹਨ ‘ਸਿੱਖ’ਇਸ ਗੱਲ ਵਿਚ ਰਤਾ ਵੀ ਝੂਠ ਨਹੀਂ ਹੈ ਕਿਉਂਕਿ ਸਿੱਖਾਂ ਨੂੰ ਹੁਣ ਤਕ, ਇਹ ਸਮਝ ਨਹੀਂ ਆਈ ਕਿ ਉਨ੍ਹਾਂ ਦਾ ਗੁਰੂ, ਸ਼ਬਦ-ਗੁਰੂਬਾਣੀ ਹੈ?, ਸਰੀਰ ਗੁਰੂ ਹੈ ? ਤਸਵੀਰ ਗੁਰੂ ਹੈ ? ਜਾਂ ਮੂਰਤੀ ਗੁਰੂ ਹੈ?   

ਬੇਸ਼ੱਕ, ਸਾਰੇ ਹੀ ਸਿੱਖ ਕਹਿੰਦੇ ਹਨ ਕਿ ਅਸੀਂ ਕੇਵਲ ‘ਗੁਰੁ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ। ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਕੁੱਝ ਵਿਰਲੇ ਸਿੱਖਾਂ ਨੂੰ ਛੱਡ ਕੇ, ਅੱਜ ਸਮੁੱਚੀ ਕੌਮ ਨੂੰ ਆਪਣੇ ਗੁਰੂ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੈ। ਜੇਕਰ ਸਿੱਖ-ਕੌਮ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ-ਗੁਰਬਾਣੀ ਕਰਕੇ, ਆਪਣਾ ਗੁਰੂ ਮੰਨਿਆ ਹੁੰਦਾ ਤਾਂ ਅੱਜ ਕੋਈ ਵੀ ਸਿੱਖ, ਸਿੱਖੀ-ਸਿਧਾਂਤਾਂ ਦੀ ਘੋਰ-ਅਵੱਗਿਆ ਕਰਕੇ, ਸਰੀਰ, ਤਸਵੀਰ ਅਤੇ ਮੂਰਤੀ ਨੂੰ ਆਪਣਾ ਗੁਰੂ ਸਮਝ ਕੇ, ਉਸ ਦੀ ਪੂਜਾ ਨਾ ਕਰਦਾ। ਇਸ ਤੋਂ ਇਲਾਵਾ ਥਾਂ-ਥਾਂ ਡੇਰਿਆਂ ਵਿਚ ਜਾ ਕੇ ਨਕਲੀ ਤੇ ਪਖੰਡੀ  ਸਾਧੂਆਂ, ਸੰਤਾਂ, ਮਹਾਂਪੁਰਸ਼ਾਂ, ਬ੍ਰਹਮਗਿਆਨੀਆਂ ਅੱਗੇ ਮੱਥੇ ਨਾ ਰਗੜਦਾ ਅਤੇ ਅਤੇ ਨਾ ਹੀ ਮਰ ਚੁੱਕੇ ਨਕਲੀ ਸਾਧੂਆਂ, ਸੰਤਾਂ, ਮਹਾਂਪੁਰਸ਼ਾਂ, ਬ੍ਰਹਮਗਿਆਨੀਆਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਨੂੰ  ਪੂਜ ਕੇ ਆਪਣਾ ਮਨੁੱਖਾ ਜਨਮ ਬਰਬਾਦ ਕਰਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ ਮੰਨਣ ਵਾਲੀ ਸਿੱਖ-ਕੌਮ ਅੱਜ ਸਰੀਰਾਂ, ਤਸਵੀਰਾਂ ਅਤੇ ਮੂਰਤੀਆਂ ਨੂੰ ਕਿਵੇਂ ਪੂਜਣ ਲੱਗ ਪਈ?

ਅਸਲ ਵਿਚ ਅੰਗਰੇਜ਼ੀ ਸਰਕਾਰ ਦੇ ਬਣਾਏ ਹੋਏ, ਸੰਤਾਂ-ਮਹੰਤਾਂ- ਨੇ ਸਿੱਖ-ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ।ਸਿੱਖੀ ਨੂੰ ਨੁਕਸਾਨ ਪਹੁੰਚਾਣ ਦਾ ਇਹ ਸਿਲਸਿਲਾ ਉਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਚਲਦਾ ਆ ਰਿਹਾ ਹੈ। ਸਿੱਖ-ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਗਿਆਨ ਤੋਂ ਕੋਰੇ ਰੱਖਣ ਲਈ, ਇਨ੍ਹਾਂ ਗੁਰਮਤਿਹੀਣ ਅਤੇ ਵਿਹਲੜ ਸਾਧਾਂ-ਸੰਤਾਂ ਨੇ ਇਕ ਖ਼ਾਸ ਕਿਸਮ ਦੇ ਪਹਿਰਾਵੇ ਨੂੰ ਸੰਤ ਭੇਖ ਪ੍ਰਚਲਤ ਕਰਕੇ, ਸਿੱਖਾਂ ਪਾਸੋਂ ਆਪਣੀ ਪੂਜਾ ਅਤੇ ਸੇਵਾ ਕਰਾਉਣ ਦੇ ਮਨੋਰਥ ਨਾਲ ਥਾਂ-ਥਾਂ ਤੇ ਅਨੇਕਾਂ ਡੇਰੇ ਉਸਾਰ ਲਏ ਹਨ। ਡੇਰਿਆਂ ਵਿਚ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਆਪਣੀਆਂ ਗੱਦੀਆਂ ਵੀ ਪ੍ਰਚਲਤ ਕਰ ਲਈਆਂ ਹਨ। ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖਾਂ ਨੇ ਆਪਣੀ ਅਨਪੜ੍ਹਤਾ ਅਤੇ ਅਗਿਆਨਤਾ ਕਾਰਣ ਇਨ੍ਹਾਂ ਪਖੰਡੀ ਸਾਧਾਂ-ਸੰਤਾਂ ਨੂੰ ਹੀ ਅਸਲੀ ਸੰਤ ਮੰਨ ਕੇ, ਉਨ੍ਹਾਂ ਦੀ ਪੂਜਾ ਅਤੇ ਸੇਵਾ ਨੂੰ ਹੀ ਸਿੱਖੀ ਸਮਝ ਲਿਆ ਹੋਇਆ ਹੈ।

ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਸਿੱਖ-ਸਤਿਗੁਰਾਂ ਦੀਆਂ ਮਨੋ-ਕਲਪਿਤ ਤਸਵੀਰਾਂ ਵੀ ਰੱਖ ਦਿੱਤੀਆਂ ਹਨ, ਜਿਨ੍ਹਾਂ ਨੂੰ ਸਿੱਖ ਆਪਣੇ ਸਤਿਗੁਰਾਂ ਦੀਆਂ ਅਸਲ ਤਸਵੀਰਾਂ ਸਮਝ ਕੇ, ਉਨ੍ਹਾਂ ਅੱਗੇ ਵੀ ਮੱਥੇ ਟੇਕਣ ਲੱਗ ਪਏ ਹਨ। ਇਸ ਤੋਂ ਬਾਅਦ ਸਿੱਖ-ਸਤਿਗੁਰਾਂ ਦੀਆਂ ਤਸਵੀਰਾਂ ਦੀ ਆੜ ਵਿਚ ਸਾਧਾਂ ਨੇ ਆਪਣੀਆਂ ਤਸਵੀਰਾਂ ਅਤੇ ਪਹਿਲੇ ਮਰ ਚੁੱਕੇ ਸਾਧਾਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਬਣਵਾ ਕੇ, ਆਪਣੇ ਡੇਰਿਆਂ ਵਿਚ ਰੱਖ ਦਿੱਤੀਆਂ ਹਨ। ਇਸ ਤਰ੍ਹਾਂ ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖ, ਜਿੱਥੇ ਸਿੱਖ-ਸਤਿਗੁਰਾਂ ਦੀਆਂ ਤਸਵੀਰਾਂ ਨੂੰ ਪੂਜਣ ਲੱਗ ਪਏ, ਉੱਥੇ ਪਖੰਡੀ ਸਾਧਾਂ-ਸੰਤਾਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਦੀ ਵੀ ਪੂਜਾ ਕਰਨ ਲੱਗ ਪਏ। ਡੇਰਿਆਂ ਵਿਚ ਤਸਵੀਰਾਂ ਅਤੇ ਮੂਰਤੀਆਂ  ਦਾ ਵਾਪਾਰ ਹੋਣ ਲੱਗ ਪਿਆ ਜਿਨ੍ਹਾਂ ਨੂੰ ਖ਼ਰੀਦ ਕੇ, ਅਖੌਤੀ ਸਾਧਾਂ-ਸੰਤਾਂ ਦੇ ਸ਼ਰਧਾਲੂ ਸਿੱਖਾਂ ਨੇ ਇਹ ਤਸਵੀਰਾਂ ਅਤੇ ਮੂਰਤੀਆਂ ਨੂੰ ਆਪਣੇ ਗੁਰਦੁਆਰਿਆਂ, ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿਚ ਪੂਜਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖਾਂ ਵਿਚ ਦੇਖਾ-ਦੇਖੀ ਸਰੀਰ, ਤਸਵੀਰ, ਅਤੇ ਮੂਰਤੀ ਨੂੰ ਪੂਜਣ ਦੀ ਰੀਤ ਪ੍ਰਚਲਤ ਹੋ ਗਈ।

ਹੁਣ ਦੂਜਾ ਸਵਾਲ ਇਹ ਹੈ ਕਿ ਸਿੱਖਾਂ ਨੂੰ ਸਰੀਰ, ਤਸਵੀਰ ਅਤੇ ਮੂਰਤੀਆਂ ਦੀ ਪੂਜਾ ਤੋਂ ਕਿਵੇਂ ਹਟਾਇਆ ਜਾਵੇ? ਇਸ ਸਵਾਲ ਦਾ ਇਕੋ ਹੱਲ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਨੁਸਾਰ ਸ਼ਬਦ-ਗਰੂ ਦੀ ਸਦੀਵੀ ਹੋਂਦ ਦੀ ਮਹਾਨਤਾ ਨੂੰ ਸਿੱਖਾਂ ਵਿਚ ਚੰਗੀ ਤਰ੍ਹਾਂ ਦ੍ਰਿੜ ਕਰਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਵੀ ਸਮਝਾਣਾ ਬਹੁਤ ਜ਼ਰੂਰੀ ਹੈ ਕਿ ਗੁਰਮਤਿ ਵਿਚ ਸਰੀਰ, ਤਸਵੀਰ ਅਤੇ ਮੂਰਤੀ ਦੀ ਪੂਜਾ ਪ੍ਰਵਾਨ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਨਾਸ਼ਵਾਨ ਹਨ। ਜਿਵੇਂ ਕਿ:

ਸਰੀਰ ਦੀ ਕੀ ਹੋਂਦ ਹੈ?

ਕਿਸੇ ਸਰੀਰ ਦੀ ਹੋਂਦ ਉਦੋਂ ਤਕ ਹੈ ਜਦੋਂ ਤਕ ਉਸ ਵਿਚ ‘ਮਨ’ ਹੈ। ਮਨੁੱਖ ਦਾ ਸਰੀਰ, ‘ਮਨ’ ਦਾ ਗ਼ੁਲਾਮ ਹੋਣ ਕਰਕੇ, ਸਾਰੀ ਉਮਰ ‘ਮਨ’ ਦੇ ਅਧੀਨ ਹੋ ਕੇ ਚਲਦਾ ਹੈ। ਮਨੁੱਖ ਦੀ ਮੌਤ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਮਨ ਅਤੇ ਸਰੀਰ ਦੀ ਆਪਸੀ ਸਾਂਝ ਉਦੋਂ ਤਕ ਹੀ ਹੈ ਜਦੋਂ ਤਕ ਮਨੁੱਖ ਜਿਊਂਦਾ ਹੈ। ਮਨ ਅਤੇ ਸਰੀਰ ਦਾ ਆਪਸੀ ਕੀ ਸਬੰਧ ਹੈ? ਉਸ ਨੂੰ ਸਮਝਣ ਲਈ ਇਕ ਉਦਾਹਰਣ ਪੇਸ਼ ਹੈ।

ਇਕ ਵਿਅਕਤੀ ਡਾਕਟਰ ਬਣ ਕੇ, ਕਿਸੇ ਹਸਪਤਾਲ ਵਿਚ ਰੋਗੀਆਂ ਦਾ ਇਲਾਜ, ਆਪਣੀ ਪੂਰੀ ਤਨ-ਦੇਹੀ ਨਾਲ ਕਰਦਾ ਹੈ। ਲੋਕਾਂ ਵਿਚ ਉਸ ਮਿਹਨਤੀ ਡਾਕਟਰ ਦੀ ਬਹੁਤ ਪ੍ਰਸੰਸਾ ਹੁੰਦੀ ਹੈ। ਹਰ ਇਕ ਮਰੀਜ਼, ਉਸ ਡਾਕਟਰ ਕੋਲੋਂ ਆਪਣਾ ਇਲਾਜ ਕਰਾਉਣਾ ਚਾਹੁੰਦਾ ਹੈ। ਪਰ ਇਕ ਦਿਨ ਉਹ ਡਾਕਟਰ ਆਪਣਾ ਦਿਮਾਗ਼ੀ ਸਤੁੰਲਨ ਖੋ ਬੈਠਦਾ ਹੈ। ਹਸਪਤਾਲ ਵਿਚ ਆ ਕੇ ਮਰੀਜ਼ਾਂ ਦਾ ਇਲਾਜ ਕਰਨ ਦੀ ਥਾਂ ਮਰੀਜਾਂ ਨੂੰ ਉਲਟਾ-ਪੁਲਟਾ ਬੋਲ ਕੇ, ਲੜਨਾ ਸ਼ੁਰੂ ਕਰ ਦੇਂਦਾ ਹੈ। ਮਰੀਜ਼, ਉਸ ਡਾਕਟਰ ਕੋਲ ਜਾਣ ਤੋਂ ਡਰਨ ਲੱਗ ਪੈਂਦੇ ਹਨ। ਹੁਣ ਡਾਕਟਰ ਨੂੰ ਕੀ ਹੋ ਗਿਆ? ਡਾਕਟਰ  ਪਹਿਲਾਂ ਵਾਲਾ ਹੈ। ਡਾਕਟਰ ਦਾ ਸਰੀਰ ਪਹਿਲਾਂ ਵਾਲਾ ਹੈ। ਡਾਕਟਰ ਦਾ ਨਾਂ ਵੀ ਪਹਿਲਾਂ ਵਾਲਾ ਹੈ। ਹੁਣ ਉਹ ਡਾਕਟਰ ਮਰੀਜ਼ਾਂ ਦਾ ਇਲਾਜ ਕਿਉਂ ਨਹੀਂ ਕਰਦਾ?

ਗੱਲ ਸਮਝਣ ਵਾਲੀ ਹੈ। ਡਾਕਟਰ ਬਣਨ ਦੀ ਸਿੱਖਿਆ, ਡਾਕਟਰ ਦੇ ਸਰੀਰ ਨੇ ਨਹੀਂ ਸਗੋਂ ‘ਮਨ’ ਨੇ ਪ੍ਰਾਪਤ ਕੀਤੀ ਸੀ। ਸਪੱਸ਼ਟ ਹੈ ਕਿ ਡਾਕਟਰ ‘ਮਨ’ ਹੈ ਨਾ ਕਿ ਸਰੀਰ। ਜੇਕਰ ਸਰੀਰ ਡਾਕਟਰ ਹੁੰਦਾ ਤਾਂ ਉਹ ਇਲਾਜ ਕਰਦਾ। ਜਿਸ ਨੇ ਇਲਾਜ ਕਰਨਾ ਸੀ, ਉਹ ‘ਮਨ’ ਆਪਣਾ ਦਿਮਾਗ਼ੀ ਸੰਤੁਲਨ ਖੋਹ ਬੈਠਣ ਕਾਰਣ ਆਪਣੇ ਸਾਰੇ ਫ਼ਰਜ਼ ਭੁੱਲ ਬੈਠਾ ਹੈ। ਮਰੀਜ਼ਾਂ ਦਾ ਇਲਾਜ ਡਾਕਟਰ ਦਾ ‘ਮਨ’ ਕਰਦਾ ਸੀ ਅਤੇ ਡਾਕਟਰ ਦਾ ਸਰੀਰ ਤਾਂ ਕੇਵਲ ‘ਮਨ’ ਤੋਂ ਮਿਲਣ ਵਾਲੇ ਸੰਦੇਸ਼ ਨੂੰ ਮਰੀਜ਼ਾਂ ਵਿਚ ਲਾਗੂ ਕਰਦਾ ਸੀ।  ਜਦੋਂ ਡਾਕਟਰ ਸਰੀਰਕ ਤੌਰ ਤੇ ਮਰ ਜਾਂਦਾ ਹੈ ਤਾਂ ਉਸ ਨੂੰ ਸਿੱਧਾ ਸ਼ਮਸ਼ਾਨਘਾਟ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਮਰੀਜ਼ਾਂ ਦਾ ਇਲਾਜ ਕਰਨ ਵਾਲਾ ‘ਮਨ’ ਉਸ ਸਰੀਰ ਵਿਚੋਂ ਉਡਾਰੀ ਮਾਰ ਗਿਆ ਹੁੰਦਾ ਹੈ।

ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਜਿਵੇਂ ਕਿਸੇ  ਮਨੁੱਖ ਦਾ ਸਰੀਰ ਡਾਕਟਰ ਨਹੀਂ ਹੁੰਦਾ, ਉਸੇ ਤਰ੍ਹਾਂ ਕਿਸੇ ਮਨੁੱਖ ਦਾ ਸਰੀਰ ਵੀ ਗੁਰੂ ਨਹੀਂ ਹੁੰਦਾ ਕਿਉਂਕਿ ਹਰ ਇਕ ਮਨੁੱਖ ਦਾ ਤਨ ਬਿਨਸਣਹਾਰ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ।।
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ।। (ਗੁ.ਗ੍ਰੰ.ਸਾ ਪੰਨਾ-1427)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਚਤੁਰ ਮਨੁੱਖ ! ਹੇ ਸਿਆਣੇ ਮਨੁੱਖ ! ਤੂੰ ਜਾਣਦਾ ਹੈਂ ਕਿ ਤੇਰਾ ਇਹ ਸਰੀਰ ਪ੍ਰਮਾਤਮਾ ਨੇ ਪੰਜ ਤੱਤਾਂ (ਮਿੱਟੀ, ਹਵਾ, ਪਾਣੀ, ਅੱਗ, ਅਕਾਸ਼) ਤੋਂ ਬਣਾਇਆ ਹੈ। ਇਹ ਵੀ ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ, ਮੁੜ ਉਨ੍ਹਾਂ ਵਿਚ ਹੀ ਲੀਨ ਹੋ ਜਾਵੇਗਾ। ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫੱਸ ਕੇ, ਪ੍ਰਮਾਤਮਾ ਦਾ ਸਿਮਰਨ ਕਿਉਂ ਭੁਲਾ ਰਿਹਾ ਹੈਂ?

ਜਿਹੜੇ ਸਿੱਖ, ਸਰੀਰ ਦੀ ਪੂਜਾ ਕਰਦੇ ਹਨ, ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਹੇਠ ਲਿਖੇ ਗੁਰਬਾਣੀ ਫ਼ੁਰਮਾਨ ਤੋਂ ਸਬਕ ਸਿੱਖਣਾ ਚਾਹੀਦਾ ਹੈ:

 ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ।।
 ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤ ਉਠਾਵਹਿ ਭਾਰੋ।।
 ਤੂ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ।। (ਗੁ.ਗ੍ਰੰ.ਸਾ ਪੰਨਾ-154)

ਗੁਰੂ ਨਾਨਕ ਸਾਹਿਬ ਆਪਣੇ ਸਰੀਰ ਨੂੰ ਸੰਬੋਧਨ ਕਰਦੇ ਹੋਏ, ਸਾਨੂੰ ਬਹੁਤ ਵੱਡਾ ਉਪਦੇਸ਼ ਕਰਦੇ ਹਨ ਕਿ ਹੇ ਸਰੀਰ ! ਤੂੰ ਆਪਣੇ ਆਪ ਨੂੰ ਅਮਰ ਜਾਣ ਕੇ, ਸੁਖ ਮਾਣਨ ਵਿਚ ਲੱਗਾ ਰਹਿੰਦਾ ਹੈਂ। ਇਹ ਨਹੀਂ ਸਮਝਦਾ ਕਿ ਇਹ ਜਗਤ ਇਕ ਖੇਡ ਹੀ ਹੈ। ਹੇ ਮੇਰੇ ਸਰੀਰ ! ਤੂੰ ਲਭ ਲੋਭ ਕਰ ਰਿਹਾ ਹੈਂ, ਤੂੰ ਬਹੁਤ ਕੂੜ ਕਮਾ ਰਿਹਾ ਹੈਂ, ਵਿਅਰਥ ਦੀ ਦੌੜ-ਭੱਜ ਕਰ ਰਿਹਾ ਹੈਂ, ਤੂੰ ਆਪਣੇ ਉਪਰ ਮਾੜੇ ਕੰਮਾਂ ਦਾ ਭਾਰ ਚੁੱਕਦਾ ਜਾ ਰਿਹਾ ਹੈਂ। ਹੇ ਮੇਰੇ ਸਰੀਰ ! ਮੈਂ ਤੇਰੇ ਵਰਗੇ ਸਰੀਰ ਇਉਂ ਰੁਲਦੇ ਦੇਖੇ ਹਨ ਜਿਵੇਂ ਧਰਤੀ ਉਤੇ ਸੁਆਹ ਰੁਲਦੀ ਹੈ।

ਜਦੋਂ ਕੋਈ ਸਰੀਰ ਖ਼ਤਮ ਹੋ ਜਾਂਦਾ ਹੈ ਤਾਂ ਸਾਕ-ਸਬੰਧੀ ਵੀ ਉਸ ਨੂੰ ਆਪਣੇ ਘਰ ਵਿਚ ਨਹੀਂ ਰੱਖਦੇ। ਗੁਰਬਾਣੀ ਦਾ ਫ਼ੁਰਮਾਨ ਹੈ:

ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ।।
ਆਧ ਘੜੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ।। (ਗੁ.ਗ੍ਰੰ.ਸਾ ਪੰਨਾ-536)

ਅਰਥ: ਮੌਤ ਆਉਣ ਤੇ ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ ਤਾਂ ਸਾਕ-ਸਬੰਧੀ ਉੱਚੀ-ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ, ਇਹ ਪੂਰਾ ਹੋ ਚੁੱਕਾ ਹੈ। ਕੋਈ ਵੀ ਸਾਕ-ਸਬੰਧੀ ਅੱਧੀ ਘੜੀ ਵੀ, ਉਸ ਮੁਰਦਾ ਸਰੀਰ ਨੂੰ ਘਰ ਵਿਚ ਰੱਖਣ ਲਈ ਤਿਆਰ ਨਹੀਂ ਹੁੰਦਾ। ਸਾਰੇ ਉਸ ਨੂੰ ਘਰ ਵਿਚੋਂ ਕੱਢਣ ਦੀ ਗੱਲ ਕਰਦੇ ਹਨ।

ਸਿੱਖ-ਸਤਿਗੁਰਾਂ ਦੇ ਸਰੀਰ ਵੀ ਇਕ ਦਿਨ, ਸੰਸਾਰ ਦੇ ਹੋਰ ਮਨੁੱਖਾਂ ਵਾਂਗ ਬਿਨਸ ਗਏ ਸਨ। ਕਿਸੇ ਨੇ ਵੀ ਸਿੱਖ-ਸਤਿਗੁਰਾਂ ਦੇ ਮ੍ਰਿਤਕ ਸਰੀਰਾਂ ਨੂੰ ਆਪਣੇ ਕੋਲ ਸਾਂਭ ਕੇ ਨਹੀਂ ਰੱਖਿਆ। ਜਿਹੜੇ ਸਿੱਖ, ਸਰੀਰ ਨੂੰ ਗੁਰੂ ਮੰਨਦੇ ਹਨ, ਆਖ਼ਰ ਉਹ ਸਰੀਰ ਇਕ ਦਿਨ ਖ਼ਤਮ ਹੋ ਜਾਂਦਾ ਹੈ। ਮਰਨ ਉਪਰੰਤ ਉਸ ਮੁਰਦਾ ਸਰੀਰ ਨੂੰ ਕੋਈ ਵੀ ਆਪਣੇ ਘਰ ਰੱਖਣ ਲਈ ਤਿਆਰ ਨਹੀਂ  ਹੁੰਦਾ। ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਮੁਰਦਾ ਸਰੀਰ ਜ਼ਿਆਦਾ ਦੇਰ ਤਕ ਘਰ ਵਿਚ ਰੱਖਿਆ ਤਾਂ ਉਸ ਵਿਚ ਬਹੁਤ ਜਲਦੀ ਦੁਰਗੰਧ ਪੈਦਾ ਹੋਣ ਕਾਰਣ ਕੀੜੇ ਪੈ ਜਾਣਗੇ ਅਤੇ ਵਾਤਾਵਰਣ ਵਿਚ ਚਾਰੇ ਪਾਸੇ ਦੁਰਗੰਧ ਫੈਲ ਜਾਵੇਗੀ। ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਜਿਹੜੇ ਸਰੀਰ ਨੂੰ ਗੁਰੂ ਸਮਝਦੇ ਹਨ, ਉਨ੍ਹਾਂ ਨੂੰ ਬਹੁਤ ਜਲਦੀ ਆਪਣੇ ਗੁਰੂ ਦੇ ਸਰੀਰ ਤੋਂ ਨਫ਼ਰਤ ਹੋ ਜਾਂਦੀ ਹੈ। ਇਸ ਨਫ਼ਰਤ ਕਾਰਣ ਜਲਦੀ ਜਲਦੀ, ਉਸ ਮ੍ਰਿਤਕ ਸਰੀਰ ਨੂੰ ਸ਼ਮਸ਼ਾਨਘਾਟ ਵਿਚ ਲਿਜਾ ਕੇ, ਸਾੜ ਦੇਂਦੇ ਹਨ। ਇਸ ਤਰ੍ਹਾਂ ਸਰੀਰ ਨੂੰ ਪੂਜਣ ਵਾਲਿਆਂ ਦੇ ਪੱਲੇ ਕੇਵਲ ਸ਼ਮਸ਼ਾਨਘਾਟ ਦੀ ਸੁਆਹ ਹੀ ਪੈਂਦੀ ਹੈ।

ਮਨ ਇਕ ਬਹੁਤ ਵੱਡੀ ਸ਼ਕਤੀ ਹੈ

ਜਿਸ ਨੇ ‘ਮਨ’ ਨੂੰ ਸਮਝ ਲਿਆ, ਉਸ ਨੂੰ ਇਹ ਵੀ ਸਮਝ ਆ ਜਾਵੇਗਾ ਕਿ ਗੁਰੂ ਕੌਣ ਹੁੰਦਾ ਹੈ? ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ। ਪਰ ਜਿਹੜਾ ਬੱਚਾ ਜਨਮ ਲੈਂਦੇ ਹੀ ਮਰ ਜਾਵੇ, ਕੋਈ ਵੀ ਉਸ ਬੱਚੇ ਦਾ ਨਾਂ ਨਹੀਂ ਰੱਖਦਾ। ਗੱਲ ਸਮਝਣ ਵਾਲੀ ਹੈ ਕਿ ਨਾਮ ਕਿਸੇ ਸਰੀਰ ਦਾ ਨਹੀਂ ਸਗੋਂ ‘ਮਨ’ ਦਾ ਰੱਖਿਆ ਜਾਂਦਾ ਹੈ। ਨਾਮ ਕਰਕੇ ਹੀ ਕਿਸੇ ਮਨੁੱਖ ਦੀ ਸ਼ਕਲ ਦੀ ਪਹਿਚਾਣ ਬਣਦੀ ਹੈ । ਗੱਲ ਸਮਝਣ ਵਾਲੀ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਉਸ ਦਾ ਨਾਂ ਲੈ ਕੇ ਬਲਾਉਂਦਾ ਹੈ ਤਾਂ ਦੂਜੇ ਵਿਅਕਤੀ ਦਾ ‘ਮਨ’ ਆਪਣਾ ਨਾਂ ਸੁਣ ਕੇ, ਸਮਝ ਜਾਂਦਾ ਹੈ ਕਿ ਮੈਂਨੂੰ ਬੁਲਾਇਆ ਗਿਆ ਹੈ। ਪਰ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੇ ਸਾਕ-ਸਬੰਧੀ ਉਸ ਦਾ ਨਾਮ ਲੈ ਲੈ ਕੇ ਬੁਲਾਉਂਦੇ ਹਨ ਪਰ ਉਹ ਮੁਰਦਾ ਸਰੀਰ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ । ਗੱਲ ਸਮਝਣ ਵਾਲੀ ਹੈ ਕਿ ਉਸ ਮੁਰਦਾ ਸਰੀਰ ਵਿਚ ਸੁਣਨ ਵਾਲਾ ਮਨ, ਹੁਣ ਉਸ ਸਰੀਰ ਵਿਚ ਮੌਜੂਦ ਨਹੀਂ ਹੈ। ਕਹਿਣ ਤੋਂ ਭਾਵ ਹੈ ਜ਼ਿੰਦਗੀ ਦੇ ਸਾਰੇ ਕੰਮ ਮਨ ਹੀ ਕਰਦਾ ਹੈ। ‘ਮਨ’ ਵਿਚਾਰਾਂ ਦਾ ਇਕ ਸੰਗ੍ਰਿਹ ਹੈ। ਮਨੁੱਖ ਜਿਹੋ ਜਿਹੇ ਵਿਚਾਰ ਉਸ ਵਿਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਮਨੁੱਖ ਬਣ ਜਾਂਦਾ ਹੈ। ਜੋ ਵੀ ਬਣਦਾ ਹੈ, ਮਨੁੱਖ ਦਾ ‘ਮਨ’ ਬਣਦਾ ਹੈ, ਸਰੀਰ ਨਹੀਂ।

ਗੁਰੁ ਨਾਨਕ ਸਾਹਿਬ ‘ਮਨ’ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਸੇ ਲਈ ਗੁਰੁ ਸਾਹਿਬ ਨੇ ਸਿੱਖਾਂ ਨੂੰ ਆਪਣੇ ਸਰੀਰ ਪਿੱਛੇ ਨਹੀਂ ਸਗੋਂ ਆਪਣੇ ‘ਮਨ’ ਤੋਂ ਪ੍ਰਗਟ ਹੋਣ ਵਾਲੇ ਸਬ਼ਦ-ਗਿਆਨ ਦੇ ਸਿੱਖ ਬਣਾਇਆ ਸੀ। ਗੁਰਬਾਣੀ ਦਾ ਫ਼ੁਰਮਾਨ ਹੈ: ਸਬਦੁ ਗੁਰੂ ਸੁਰਤਿ ਧੁਨਿ ਚੇਲਾ।। (ਗੁ.ਗ੍ਰੰ.ਸਾ ਪੰਨਾ- 943 )ਅਰਥਾਤ ਸ਼ਬਦ ਗੁਰੂ ਹੈ ਅਤੇ ‘ਮਨ’ ਉਸ ਦਾ ਚੇਲਾ (ਭਾਵ ਸਿੱਖ) ਹੈ।

ਗੁਰਬਾਣੀ ਕਿਸੇ ਸਰੀਰ ਨੂੰ ਗੁਰੁ ਨਹੀਂ ਮੰਨਦੀ। ਇਸ ਲਈ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਵੀ ਗੁਰੂ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਕਿਸੇ ਹੋਰ ਦੇ ਸਰੀਰ ਨੂੰ ਗੁਰੂ ਮੰਨਿਆ ਜਾ ਸਕਦਾ ਹੈ। ਇਸ ਦੇ ਉਲਟ ‘ਮਨ’ ਇਕ ਬਹੁਤ ਵੱਡੀ ਸ਼ਕਤੀ ਹੈ। ‘ਮਨ’ ਨੂੰ ਜਿਸ ਪਾਸੇ ਲਾਉ, ਉਸੇ ਦਾ ਰੂਪ ਬਣ ਜਾਂਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:-

ਇਹ ਮਨੁ ਸਕਤੀ ਇਹ ਮਨੁ ਸੀਉ।। ਇਹ ਮਨੁ ਪੰਚ ਤਤ ਕੋ ਜੀਉ।।
ਇਹੁ ਮਨੁ ਲੇ ਜਉ ਉਨਮਨਿ ਰਹੈ।। ਤਉ ਤੀਨਿ ਲੋਕ ਕੀ ਬਾਤੈ ਕਹੈ।। (ਗੁ.ਗ੍ਰੰ.ਸਾ ਪੰਨਾ- 342 )

ਅਰਥ: ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ। ਅਨੰਦ-ਸਰੂਪ ਹਰੀ ਨਾਲ ਮਿਲ ਕੇ ਅਨੰਦ-ਸਰੂਪ ਹਰੀ ਬਣ ਜਾਂਦਾ ਹੈ। ਸਰੀਰ ਨਾਲ ਜੁੜ ਕੇ ਇਹ ਸਰੀਰ ਦਾ ਹੀ ਰੂਪ ਹੋ ਜਾਂਦਾ ਹੈ ਪਰ ਜਦੋਂ ਮਨੁੱਖ ਇਸ ਮਨ ਨੂੰ ਵਸ ਵਿਚ ਕਰਕੇ, ਪੂਰਨ ਖਿੜਾਉ ਵਿਚ ਟਿਕ ਜਾਂਦਾ ਹੈ ਤਾਂ ਉਹ ਸਾਰੇ ਜਗਤ ਵਿਚ ਮਨ, ਪ੍ਰਭੂ ਦੀਆਂ ਗੱਲਾਂ ਕਰਦਾ ਹੈ।

ਮਨੁ ਮਾਨੈ ਗੁਰ ਤੇ ਇਕੁ ਹੋਇ।। (ਗੁ.ਗ੍ਰੰ.ਸਾ ਪੰਨਾ- 222 )

ਅਰਥ: ਜਦੋਂ ਮਨੁੱਖ ਦਾ ਮਨ ਗੁਰੂ ਦੀ ਸਿੱਖਿਆ ਲੈ ਕੇ, ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਰੰਗਿਆ ਜਾਂਦਾ ਹੈ ਤਾਂ ਇਹ ਮਨ ਪ੍ਰਮਾਤਮਾ ਨਾਲ ਇਕ ਰੂਪ ਹੋ ਜਾਂਦਾ ਹੈ।

ਸਰੀਰ ਖ਼ਤਮ ਹੋ ਜਾਂਦਾ ਹੈ ਪਰ ‘ਮਨ’ ਦੀ ਵਿਚਾਰਧਾਰਾ ਕਦੇ ਖ਼ਤਮ ਨਹੀਂ ਹੁੰਦੀ। ਸਿੱਖਾਂ ਦਾ ਸਬੰਧ ਗੁਰੂ ਨਾਨਕ ਸਾਹਿਬ ਦੇ ‘ਮਨ’ ਨਾਲ ਸੀ ਨਾ ਕਿ ਤਨ ਨਾਲ। ਗੁਰਬਾਣੀ ਦਾ ਫ਼ੁਰਮਾਨ ਹੈ: ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।। (ਗੁ.ਗ੍ਰੰ.ਸਾ ਪੰਨਾ-722)।ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ ਲਾਲੋ ! ਮੈਂਨੂੰ ਜਿਹੋ ਜਿਹੀ ਖਸਮ ਪ੍ਰਭੂ ਵੱਲੋਂ ਪ੍ਰੇਰਨਾ ਹੋਈ ਹੈ, ਉਸੇ ਅਨੁਸਾਰ ਤੈਂਨੂੰ, ਉਸ ਦੀ ਜਾਣਕਾਰੀ ਦੇਂਦਾ ਹਾਂ। ਸੋ ਗੁਰੂ ਸਾਹਿਬ ਦਾ ‘ਮਨ’ ਅਕਾਲਪੁਰਖ ਨਾਲ ਇਕ-ਮਿਕ ਸੀ। ਜੋ ਵੀ ਅਕਾਲਪੁਰਖ ਵੱਲੋਂ ਗਿਆਨ ਹੁੰਦਾ ਸੀ, ਉਸ ਗੁਰਬਾਣੀ ਗਿਆਨ ਦਾ ਭੰਡਾਰ ਗੁਰੂ ਨਾਨਕ ਸਾਹਿਬ ਦੇ ‘ਮਨ’ ਵਿਚ ਹੁੰਦਾ ਸੀ। ਜਿਸ ਸਦਕਾ ਗੁਰੂ ਸਾਹਿਬ ਨੇ ਲੋਕਾਈ ਵਿਚ ਸੱਚ-ਧਰਮ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸੱਚ ਦੇ ਪਾਂਧੀ ਬਣਾਇਆ ਸੀ। ਲੋਕਾਂ ਨੇ ਗੁਰੂ ਸਾਹਿਬ ਦੇ ‘ਮਨ’ ਤੋਂ ਪ੍ਰਗਟ ਹੋਣ ਵਾਲੇ ਸ਼ਬਦ ਗਿਆਨ ਅੱਗੇ ਸਿਰ ਝੁਕਾਇਆ ਸੀ ਨਾ ਕਿ ਸਰੀਰ ਅੱਗੇ। ਸਿੱਖ-ਸਤਿਗੁਰਾਂ ਦੇ ਆਪਣੇ ‘ਮਨ’ ਵਿਚ ਜਿਹੜੀ ਗੁਰਬਾਣੀ ਦਾ ਪ੍ਰਕਾਸ਼ ਸੀ, ਉਸ ਨੂੰ ਸਤਿਗੁਰਾਂ ਨੇ ਲਿਖਤੀ ਰੂਪ ਦਿੱਤਾ ਸੀ। ਗੁਰਬਾਣੀ ਦਾ ਉਹ ਲਿਖਤੀ ਰੂਪ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸ਼ਸੋਬਿਤ ਹੈ।

ਇਕ ਬਹੁਤ ਹੀ ਜ਼ਰੂਰੀ ਗੱਲ ਸਮਝਣ ਵਾਲੀ ਹੈ ਕਿ ਇਕ ਅਸਲ ਸਰੀਰ ਨੂੰ ਇਕੋ ਸਮੇਂ, ਕੇਵਲ ਇਕ ਥਾਂ ਤੇ ਹੀ ਦੇਖਿਆ ਅਤੇ ਸੁਣਿਆ ਜਾ ਸਕਦਾ ਪਰ ਸ਼ਬਦ-ਗੁਰਬਾਣੀ ਰੂਪ(ਗੁਰੂ ਗ੍ਰੰਥ ਸਾਹਿਬ ਜੀ) ਨੂੰ ਇਕੋ ਸਮੇਂ, ਸੰਸਾਰ ਦੇ ਕੋਨੇ ਕੋਨੇ ਵਿਚ ਦੇਖਿਆ, ਪੜ੍ਹਿਆ, ਸੁਣਿਆ ਅਤੇ ਵਿਚਾਰਿਆ ਜਾ ਸਕਦਾ ਹੈ।

ਤਸਵੀਰ ਅਤੇ ਮੂਰਤੀ ਦੀ ਕੀ ਹੋਂਦ ਹੈ?

ਸਿੱਖਾਂ ਦਾ ਸਬੰਧ, ਸਿੱਖ-ਸਤਿਗੁਰਾਂ ਦੇ ਸ਼ਬਦ-ਗਿਆਨ ਨਾਲ ਸੀ। ਸਿੱਖ-ਸਤਿਗੁਰਾਂ ਦੇ ਸਰੀਰ ਬਿਨਸ ਜਾਣ ਉਪਰੰਤ ਬਿਨਸ ਚੁੱਕੇ ਸਰੀਰਾਂ ਦਾ ਸਬੰਧ, ਸਿੱਖਾਂ ਨਾਲੋਂ ਸਦਾ ਲਈ ਖ਼ਤਮ ਹੋ ਗਿਆ ਸੀ। ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਵੱਡੇ ਵੱਡੇ ਗੁਰਦੁਆਰਿਆਂ ਤੋਂ ਲੈ ਕੇ, ਪਿੰਡ ਦੇ ਗੁਰਦੁਆਰਿਆਂ ਵਿਚ ਵੀ ਸਿੱਖ-ਸਤਿਗੁਰਾਂ ਦੀਆਂ ਮਨੋ-ਕਲਪਿਤ ਤਸਵੀਰਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਹੜੀਆਂ ਕਿ ਦੀਵਾਰਾਂ ਉਤੇ ਟੰਗੀਆਂ ਹੁੰਦੀ ਹਨ। ਸੋਚਣ ਵਾਲੀ ਗੱਲ ਹੈ, ਜਿਸ ਗੁਰੂ ਨੂੰ ਗੁਰਿਆਈ ਦਿੱਤੀ ਗਈ ਸੀ, ਉਹ ਤਖ਼ਤ ਤੇ ਸ਼ਸ਼ੋਬਿਤ ਹੈ। ਪਰ ਜਿਹੜੇ ਦੀਵਾਰਾਂ ਉਤੇ ਟੰਗੇ ਹਨ, ਉਹ ਕੌਣ ਹਨ? ਸਿੱਖੀ-ਸਿਧਾਂਤਾਂ ਤੋਂ ਅਣਜਾਣ ਚਿੱਤਰਕਾਰਾਂ ਨੇ ਆਪਣੀ ਮਨੋ-ਕਲਪਣਾ ਦੁਆਰਾ, ਸਿੱਖ-ਸਤਿਗੁਰਾਂ ਦੇ ਸਰੀਰਾਂ ਦੇ ਅਨੇਕਾਂ ਚਿੱਤਰ ਬਣਾਏ। ਸ਼ੋਭਾ ਸਿੰਘ ਚਿੱਤਰਕਾਰ ਦੀ ਬਣਾਈ ਹੋਈ, ਗੁਰੂ ਨਾਨਕ ਸਾਹਿਬ ਦੀ ਤਸਵੀਰ, ਸਿੱਖਾਂ ਵਿਚ ਬਹੁਤ ਮਕਬੂਲ ਹੋਈ ਹੈ ਜਿਹੜੀ ਕਿ ਗੁਰਦੁਆਰਿਆਂ, ਘਰਾਂ, ਦੁਕਾਨਾਂ,ਦਫ਼ਤਰਾਂ, ਫੈਕਟਰੀਆਂ ਆਦਿ ਦੀਆਂ ਦੀਵਾਰਾਂ ਉੱਤੇ ਟੰਗੀ ਹੋਈ ਨਜ਼ਰ ਆਉਂਦੀ ਹੈ। ਅਸਲ ਵਿਚ ਇਹ ਤਸਵੀਰ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨਹੀਂ ਹੈ ਸਗੋਂ ਸ਼ੋਭਾ ਸਿੰਘ ਨੇ ਆਪਣੀ ਸ਼ਕਲ ਦੇ ਵੱਖ ਵੱਖ ਪੋਜਾਂ ਨੂੰ ਹੀ ਗੁਰੂ ਨਾਨਕ ਸਾਹਿਬ ਦਾ ਨਾਂ ਦੇ ਕੇ, ਸਿੱਖਾਂ ਨੂੰ ਮੂਰਖ ਬਣਾਇਆ। ਸ਼ੋਭਾ ਸਿੰਘ ਆਪ ਗੁਰੂ ਨਾਨਕ ਬਣ ਕੇ, ਸਿੱਖਾਂ ਪਾਸੋਂ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਰਿਹਾ ਅਤੇ ਆਪਣੀ ਪੂਜਾ ਕਰਾਉਂਦਾ ਰਿਹਾ। ਬਾਕੀ ਸਿੱਖ-ਸਤਿਗੁਰਾਂ ਦੇ ਸਰੀਰਾਂ ਦੀ ਕਲਪਨਾ ਵੀ ਚਿੱਤਰਕਾਰਾਂ ਦੇ ਮਨ ਦੀ ਹੀ ਕਲਪਨਾ ਹੈ। ਯਾਦ ਰੱਖੋ, ਗੁਰੂ ਕਿਸੇ ਦੇ ਮਨ ਦੀ ਕਲਪਨਾ ਨਹੀਂ ਸਗੋਂ ਅਕਾਲਪੁਰਖ ਦੇ ਸ਼ਬਦ ਦਾ ਪ੍ਰਤੱਖ ਰੂਪ ਹੈ, ਜਿਹੜਾ ਸਦੀਵੀ ਹੈ।

ਅਕਸਰ ਸਿੱਖੀ-ਸਿਧਾਂਤਾਂ ਤੋਂ ਅਣਜਾਣ ਬਹੁਤ ਸਾਰੇ ਸਿੱਖ, ਗੁਰਬਾਣੀ ਦੇ ਫ਼ੁਰਮਾਨ: ਗੁਰ ਕੀ ਮੂਰਤਿ ਮਨ ਮਹਿ ਧਿਆਨੁ।। ਦਾ ਹਵਾਲਾ ਦੇ ਕੇ, ਬਹਿਸ ਕਰਨ ਲੱਗ ਜਾਂਦੇ ਹਨ ਕਿ ਗੁਰਬਾਣੀ ਵਿਚ ਗੁਰੂ ਦੀ ਮੂਰਤ ਨੂੰ ਧਿਆਉਣ ਬਾਰੇ ਲਿਖਿਆ ਹੋਇਆ ਹੈ। ਅਸਲ ਵਿਚ ਅਜਿਹੇ ਸਿੱਖਾਂ ਨੇ ਕੇਵਲ ਗੁਰਬਾਣੀ ਪੜ੍ਹੀ ਹੁੰਦੀ ਹੈ ਪਰ ਸਮਝੀ ਨਹੀਂ ਹੁੰਦੀ, ਜਿਸ ਕਾਰਣ ਸਿੱਖੀ-ਸਿਧਾਂਤਾਂ ਤੋਂ ਉਲਟ ਜਾਣ ਦੀ ਅਵੱਗਿਆ ਕਰ ਬੈਠਦੇ ਹਨ। ਮੂਰਤੀ ਨੂੰ ਧਿਆਉਣ ਦੀ ਜਿਹੜੇ ਗੱਲ ਕਰਦੇ ਹਨ, ਉਨ੍ਹਾਂ ਨੂੰ ਗੁਰਬਾਣੀ ਦਾ ਫ਼ੁਰਮਾਨ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਵਿਚ ਕਿਹੜੀ ‘ਮੂਰਤਿ’ ਨੂੰ ਧਿਆਉਣ ਦੀ ਗੱਲ ਕੀਤੀ ਗਈ ਹੈ:

ਗੁਰ ਕੀ ਮੂਰਤਿ ਮਨ ਮਹਿ ਧਿਆਨੁ।। ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ।।
ਗੁਰ ਕੇ ਚਰਨ ਰਿਦੈ ਲੈ ਧਾਰਉ।। ਗੁਰ ਪਾਰਬ੍ਰਹਮੁ ਸਦਾ ਨਮਸਕਾਰਉ।। (ਗੁ.ਗ੍ਰੰ.ਸਾ ਪੰਨਾ-864)

ਅਰਥ: ਹੇ ਭਾਈ ! ਮੈਂ ਤਾਂ ਗੁਰੂ ਨੂੰ ਪ੍ਰਮੇਸ਼ਰ ਦਾ ਰੂਪ ਜਾਣ ਕੇ, ਉਸ ਨੂੰ ਸਦਾ ਨਮਸਕਾਰ ਕਰਦਾ ਹਾਂ। ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ। ਗੁਰੂ ਦੇ ਸ਼ਬਦ ਦੇ ਰਾਹੀਂ ਮੇਰਾ ਮਨ ਨਾਮ ਮੰਤ੍ਰੁ ਨੂੰ ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰੁ ਮਨ ਰਿਹਾ ਹੈ। ਹੇ ਭਾਈ ! ਗੁਰੂ ਦਾ ਸਬ਼ਦ ਹੀ ਗੁਰੂ ਦੀ ਮੂਰਤੀ ਹੈ। ਗੁਰੂ ਦੀ ਸ਼ਬਦ ਰੂਪੀ ਮੂਰਤੀ ਦਾ ਮੇਰੇ ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ।

ਇਸ ਗੁਰਬਾਣੀ ਫ਼ੁਰਮਾਨ ਵਿਚ ਸਬ਼ਦ ‘ਮੂਰਤਿ’ ਆਇਆ ਹੈ। ‘ਮੂਰਤਿ’ ਦੇ ਅਰਥ ਕਾਗਜ਼ਾਂ ਵਾਲੀ ਤਸਵੀਰ ਬਣਦਾ ਹੀ ਨਹੀਂ ਹੈ। ‘ਮੂਰਤਿ’ ਸਬ਼ਦ ਸੰਸਕਿਤ ਦਾ ਸ਼ਬਦ ਹੈ। ਗੁਰਬਾਣੀ ਅਨੁਸਾਰ ਇਥੇ ‘ਮੂਰਤਿ’ ਤੋਂ ਭਾਵ ਹੈ ਮੂਰਤੀ। ਮੂਰਤੀ ਪੱਥਰਾਂ ਦੀ ਹੁੰਦੀ ਹੈ। ਜਿਸ ਨੂੰ ਘੜ-ਘੜ ਕੇ ਤਿਆਰ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਇਸ ਗੁਰਬਾਣੀ ਫ਼ੁਰਮਾਨ ਵਿਚ ‘ਚਰਨ’ ਸ਼ਬਦ ਵੀ ਆਇਆ ਹੈ। ਇਹ ‘ਚਰਨ’ ਹਡ-ਮਾਸ ਵਾਲੇ ਪੈਰ ਨਹੀਂ ਹਨ। ਅੱਜ ਤਕ ਸੰਸਾਰ ਦਾ ਕੋਈ ਵੀ ਮਨੁੱਖ ਤਸਵੀਰਾਂ, ਮੂਰਤੀਆਂ ਜਾਂ ਹੱਡ ਮਾਸ ਵਾਲੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਨਹੀਂ ਟਿਕਾ ਸਕਿਆ। ਮੂਰਤੀ ਅਤੇ ਚਰਨ ਤੋਂ ਭਾਵ ਹੈ ਸਿੱਖਿਆ। ਕੇਵਲ ਇਕ ਸਿੱਖਿਆ ਹੀ ਹੈ, ਜਿਹੜੀ ਮਨ ਵਿਚ ਵਸਾਈ ਜਾ ਸਕਦੀ ਹੈ।

ਕਿਸੇ ਮਨੁੱਖ ਦੀ ਆਪਣੀ ਕੋਈ ਹੈਸੀਅਤ ਨਹੀਂ ਹੈ ਕਿ ਉਹ ਗੁਰੂ ਦੀ ਤਸਵੀਰ ਜਾਂ ਮੂਰਤੀ ਬਣਾ ਸਕੇ। ਗੁਰੂ ਨੂੰ ਬਨਾਉਣ ਵਾਲਾ ਕੇਵਲ ਅਕਾਲਪੁਰਖ ਹੈ। ਕੋਈ ਵੀ ਚਿੱਤਰਕਾਰ ਜਾਂ ਮੂਰਤੀਕਾਰ ਪ੍ਰਮਾਤਮਾ ਨਹੀਂ ਹੈ ਜਿਹੜਾ ਗੁਰੂ ਦੀ ਘਾੜਤ ਘੜ ਸਕੇ। ਪ੍ਰਮਾਤਮਾ ਜਿਹੜੀਆਂ ਮਨੁੱਖਾਂ ਦੀਆਂ ਬੇਅੰਤ ਮੂਰਤੀਆਂ ਬਣਾਉਂਦਾ ਹੈ,  ਉਨ੍ਹਾਂ ਵਿਚ ਉਹ ਜਾਨ ਵੀ ਪਾਉਦਾ ਹੈ। ਪਰ ਮਨੁੱਖ ਦੀਆਂ ਬਣਾਈਆਂ ਤਸਵੀਰਾਂ ਅਤੇ ਮੂਰਤੀਆਂ ਵਿਚ ਜਾਨ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਦਾ ਕੁੱਝ ਸੰਵਾਰ ਸਕਦੀਆ ਹਨ। ਗੁਰਬਾਣੀ ਦਾ ਫ਼ੁਰਮਾਨ ਹੈ:

 ਪਾਖਾਨ ਗਾਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ।।
 ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ।। (ਗੁ.ਗ੍ਰੰ.ਸਾ.ਪੰਨਾ-479)

ਅਰਥ: ਮੂਰਤੀਕਾਰ ਨੇ ਪੱਥਰ ਦੀ ਮੂਰਤੀ ਘੜਨ ਸਮੇਂ, ਉਸ ਦੀ ਛਾਤੀ ਉੱਤੇ ਪੈਰ ਰੱਖ ਕੇ, ਮੂਰਤੀ ਨੂੰ ਤਿਆਰ ਕੀਤਾ ਸੀ। ਜੇ ਇਹ ਮੂਰਤੀ ਹੀ ਅਸਲ ਦੇਵਤਾ ਹੈ ਤਾਂ ਘੜਣਹਾਰੇ ਭਾਵ ਮੂਰਤੀਕਾਰ ਨੂੰ ਕਿਉਂ ਨਹੀਂ ਖਾ ਜਾਂਦੀ।

ਇਨ੍ਹਾਂ ਮਨੋ-ਕਲਪਿਤ ਤਸਵੀਰਾਂ, ਮੂਰਤੀਆਂ ਅਤੇ ਬੁੱਤਾਂ ਦੀ ਅਸਲੀਅਤ ਸਮਝਣ ਲਈ ਇਕ ਉਦਾਹਰਣ ਪੇਸ਼ ਹੈ। ਜਿਹੜੇ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਵਿਚ ਜਿਨ੍ਹਾਂ ਕੁਰਸੀਆਂ ਉੱਤੇ ਬੈਠ ਕੇ, ਅਧਿਆਪਕ ਜਾਂ ਪ੍ਰੋਫੈਸਰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਦੇ ਹਨ, ਉਨ੍ਹਾਂ ਕੁਰਸੀਆਂ ਉੱਤੇ ਅਸਲ ਅਧਿਆਪਕਾਂ ਜਾਂ ਪ੍ਰੋਫ਼ੈਸਰਾਂ ਦੀ ਥਾਂ, ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਜਾਂ ਮੂਰਤੀਆਂ ਨੂੰ ਬਿਠਾ ਦੇਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾ ਸਕਣ। ਨਲਾਇਕ ਤੋਂ ਨਲਾਇਕ ਵਿਦਿਆਰਥੀ ਨੂੰ ਵੀ ਸਮਝ ਹੈ ਕਿ ਕਿਸੇ ਅਧਿਆਪਕ ਜਾਂ ਪ੍ਰੋਫ਼ੈਸਰ ਦੀ ਤਸਵੀਰ ਜਾਂ ਮੂਰਤੀ ਵਿਦਿਆਰਥੀਆਂ ਨੂੰ ਨਾ ਤਾਂ ਪੜ੍ਹਾ ਸਕਦੀ ਹੈ ਅਤੇ ਨਾ ਹੀ ਵਿਦਿਆਰਥੀ ਉਨ੍ਹਾਂ ਤੋਂ ਕੁੱਝ ਸਿੱਖ ਸਕਦੇ ਹਨ।

ਇਸੇ ਤਰ੍ਹਾਂ ਜਿਨ੍ਹਾਂ ਡਿਸਪੈਂਸਰੀਆਂ/ਹਸਪਤਾਲਾਂ ਵਿਚ ਜਿਹੜੀਆਂ ਕੁਰਸੀਆਂ ਤੇ ਬੈਠ ਕੇ, ਡਾਕਟਰ ਮਰੀਜ਼ਾਂ ਨੂੰ ਦੇਖ ਕੇ, ਉਨ੍ਹਾਂ ਦਾ ਇਲਾਜ ਕਰਦੇ ਹਨ, ਉਨ੍ਹਾਂ ਕੁਰਸੀਆਂ ਉੱਤੇ ਅਸਲ ਡਾਕਟਰਾਂ ਦੀ ਥਾਂ, ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਜਾਂ ਮੂਰਤੀਆਂ ਨੂੰ ਬਿਠਾ ਦੇਣਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਦਾ ਇਲਾਜ ਕਰ ਸਕਣ। ਅਨਪੜ੍ਹ ਤੋਂ ਅਨਪੜ੍ਹ ਮਰੀਜ਼ ਨੂੰ ਵੀ  ਸਮਝ ਹੈ ਕਿ ਕਿਸੇ ਡਾਕਟਰ ਦੀ ਤਸਵੀਰ ਜਾਂ ਮੂਰਤੀ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਮਰੀਜ਼ ਡਾਕਟਰਾਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਨੂੰ ਆਪਣੀ ਬੀਮਾਰੀ ਦੱਸ ਕੇ ਆਪਣਾ ਇਲਾਜ ਕਰਾ ਸਕਦੇ ਹਨ। ਕੀ ਸਿੱਖਾਂ ਨੂੰ ਅੱਜ ਐਨੀ ਵੀ ਸਮਝ ਨਹੀਂ ਹੈ?

ਇਸਲਾਮ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਬਨਾਉਣ ਦੀ ਸਖ਼ਤ ਮਨਾਹੀ ਹੈ। ਕੋਈ ਵੀ ਵਿਅਕਤੀ ਤਸਵੀਰ ਬਨਾਉਣ ਦੀ ਗੁਸਤਾਖ਼ੀ ਨਹੀਂ ਕਰ ਸਕਦਾ। ਸਿੱਖਾਂ ਨੂੰ ਮੁਸਲਮਾਨਾਂ ਤੋਂ ਵੀ ਸਬਕ ਸਿੱਖਦੇ ਹੋਏ, ਸਿੱਖ-ਸਤਿਗੁਰਾਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਬਨਾਉਣ ਦੀ ਕਦੇ ਵੀ ਗੁਸਤਾਖ਼ੀ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਨੇ ਅਗਿਆਨਤਾਵਸ, ਗੁਰੂ ਦੀ ਮਨੋਕਲਪਿਤ ਅਤੇ ਨਕਲੀ ਤਸਵੀਰ ਦੇ ਬਰਾਬਰ, ਆਪਣੀ ਤਸਵੀਰ ਲਾ ਦਿੱਤੀ ਹੈ ਤਾਂ ਹੰਗਾਮਾ ਖੜ੍ਹਾ ਨਾ ਕਰੋ। ਪਹਿਲਾਂ ਆਪ ਸਿੱਖੀ-ਸਿਧਾਂਤਾਂ ਨੂੰ ਸਮਝੋ ਅਤੇ ਬਾਅਦ ਵਿਚ ਦੂਜੇ ਨੂੰ ਬੇਨਤੀ ਕਰਕੇ ਸਮਝਾਉ ਕਿ ਸਿੱਖ ਦਾ ਗੁਰੂ, ਸ਼ਬਦ-ਗੁਰਬਾਣੀ ਹੈ। ਤਸਵੀਰਾਂ ਜਾਂ ਮੂਰਤੀਆਂ ਵਿਚ ਗੁਰੂਬਾਣੀ ਨਹੀਂ ਹੈ। ਇਸ ਲਈ ਇਨ੍ਹਾਂ ਤਸਵੀਰਾਂ ਜਾਂ ਮੂਰਤੀਆਂ ਨੂੰ ਸਿੱਖ-ਸਤਿਗੁਰੂ ਸਮਝਣਾ ਅਗਿਆਨਤਾ ਦੀ ਸੂਚਕ ਹੈ। ਸੂਝਵਾਨ ਮਨੁੱਖ ਸਿੱਖੀ-ਸਿਧਾਂਤਾਂ ਨੂੰ ਸਮਝਦੇ ਹੋਏ, ਕਦੇ ਵੀ ਮਨੋਕਲਪਿਤ ਤਸਵੀਰਾਂ ਜਾਂ ਮੂਰਤੀਆਂ ਨੂੰ ਮਾਨਤਾ ਨਹੀਂ ਦੇਣਗੇ।

ਸਿੱਖਾਂ ਨੂੰ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਸਿੱਖਿਆਵਾਂ ਦੀ ਰਹਿਨੁਮਾਈ ਵਿਚ ਚਲਦੇ ਹੋਏ, ਕਿਸੇ ਵੀ ਸਰੀਰ, ਤਸਵੀਰ ਜਾਂ ਮੂਰਤੀ ਨੂੰ ਗੁਰੂ ਸਮਝ ਕੇ, ਅਗਿਆਨਤਾ ਦੇ ਸ਼ਿਕਾਰ ਨਾ ਬਣੋ। ਆਪਣੇ ਜੀਵਨ ਵਿਚੋਂ ਹਰ ਪ੍ਰਕਾਰ ਦੇ ਪਖੰਡਾਂ, ਕਰਮ-ਕਾਡਾਂ ਅਤੇ ਅਗਿਆਨਤਾ ਦਾ ਨਾਸ ਕਰਨ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹੋ ਅਤੇ ਸਮਝੋ। ਗੁਰੂ ਦੇ ਸਿੱਖ ਬਣ ਕੇ, ਮਨੋਕਲਪਿਤ ਤਸਵੀਰਾਂ, ਮੂਰਤੀਆਂ, ਜਿਹੜੀਆਂ ਗੁਰਦੁਆਰਿਆਂ ਜਾਂ ਘਰਾਂ ਵਿਚ ਰੱਖੀਆਂ ਹੋਈਆਂ ਹਨ, ਉਨ੍ਹਾਂ ਨੂੰ ਅਗਨ-ਭੇਟ ਕਰ ਦਿਉ। ਸਮਾਜ ਨੂੰ ਇਹ ਦੱਸ ਦਿਉ ਕਿ ਇਨ੍ਹਾਂ ਤਸਵੀਰਾਂ ਜਾਂ ਮੂਰਤੀਆਂ ਨੂੰ ਸਿੱਖ ਆਪਣਾ ਗੁਰੂ ਨਹੀਂ ਮੰਨਦੇ।

ਅਗਿਆਨਤਾ ਦੇ ਸ਼ਿਕਾਰ ਨਾ ਬਣੋ

ਜਦੋਂ ਕੋਈ ਵਿਅਕਤੀ ਮਨੋਕਲਪਿਤ ਤਸਵੀਰਾਂ ਜਾਂ ਮੂਰਤੀਆਂ ਨਾਲ ਜਾਣ-ਬੁੱਝ ਕੇ ਛੇੜ-ਛਾੜ ਕਰਦਾ ਹੈ ਤਾਂ ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖ ਰੋਸ ਪ੍ਰਗਟ ਕਰਦੇ ਹਨ ਕਿ ਸਾਡੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਦੀ ਬੇਅਦਬੀ ਕੀਤੀ ਗਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਿੱਖ, ਸਰੀਰ, ਤਸਵੀਰ ਜਾਂ ਮੂਰਤੀ ਨੂੰ ਗੁਰੂ ਸਮਝਦੇ ਹਨ, ਸਭ ਤੋਂ ਪਹਿਲਾਂ ਇਹ ਸਪੱਸ਼ਟ ਕਰਨ ਕਿ ਉਹ ਕਿਹੜੇ ਗੁਰਮਤਿ ਸਿਧਾਂਤ ਅਨੁਸਾਰ ਕਿਸੇ ਸਰੀਰ, ਤਸਵੀਰ ਜਾਂ ਮੂਰਤੀ ਨੂੰ ਆਪਣਾ ਗੁਰੂ ਮੰਨਦੇ ਹਨ ?

ਸਿੱਖ ਕਹਿੰਦੇ ਹਨ ਕਿ ਕੋਈ ਮਨੁੱਖ, ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ। ਗੱਲ ਬਿਲਕੁਲ ਸੱਚ ਹੈ।ਗੁਰੂ ਦੀ ਬਰਾਬਰੀ ਕੇਵਲ ਗੁਰੂ ਹੀ ਕਰ ਸਕਦਾ ਹੈ।  ਇਹ ਵੀ ਸੱਚ ਹੈ ਕਿ ਗਰੂ ਦੀ ਬਾਣੀ ਨੂੰ ਹੀ ਗੁਰੂ ਕਿਹਾ ਗਿਆ ਹੈ। ਪਰ ਜਦੋਂ ਕੋਈ ਵਿਅਕਤੀ, ਸਿੱਖ-ਸਤਿਗੁਰਾਂ ਦੀਆਂ ਸਮਝੀਆਂ ਜਾਣ ਵਾਲੀਆਂ ਮਨੋਕਲਪਿਤ ਤਸਵੀਰਾਂ ਦੇ ਬਰਾਬਰ ਆਪਣੀ ਤਸਵੀਰ ਲਾ ਦੇਂਦਾ ਹੈ ਤਾਂ ਗੁਰਮਤਿਹੀਣ ਸਿੱਖ ਰੋਸ ਪ੍ਰਗਟ ਕਰਦੇ ਹਨ ਕਿ ਸਾਡੇ ਗੁਰੂ ਦੇ ਬਰਾਬਰ ਕੋਈ ਵਿਅਕਤੀ ਆਪਣੀ ਤਸਵੀਰ ਲਾ ਕੇ, ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਸਦੀਵੀ ਗੁਰੂ ਹੋਣ ਦਾ ਦਰਜਾ ਪ੍ਰਾਪਤ ਹੈ, ਉਸ ਦੇ ਬਰਾਬਰ ਜਿਹੜਾ ਮਰਜ਼ੀ ਮਨੁੱਖ ਆ ਕੇ ਬੈਠ ਜਾਵੇ, ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਜਿਵੇਂ ਕਿ:

  1. ਗੁਰਦੁਆਰਿਆਂ ਵਿਚ ਸਵੇਰੇ-ਸ਼ਾਮ, ਗੁਰਮਤਿਹੀਣ ਪਾਠੀ ਸਿੰਘ, ਪ੍ਰਚਾਰਕ ਜਾਂ ਆਮ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠ ਕੇ, ਰੋਜ਼ ਗੁਰਬਾਣੀ ਪੜ੍ਹਦੇ ਹਨ। ਇਸ ਤੋਂ ਇਲਾਵਾ ਝੂਠੀਆਂ ਅਤੇ ਮਨ-ਘੜਤ ਕਥਾ-ਕਹਾਣੀਆਂ ਦਾ ਪ੍ਰਚਾਰ ਵੀ ਕਰਦੇ ਰਹਿੰਦੇ ਹਨ। ਕੀ ਅਜਿਹੇ ਪਾਠੀਆਂ, ਪ੍ਰਚਾਰਕਾਂ ਜਾਂ ਆਮ ਸਿੱਖਾਂ ਦਾ ਜੀਵਨ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਵਾਲਾ ਹੁੰਦਾ ਹੈ ?
  2. ਅੱਜ ਕੱਲ ਵਿਆਹਾਂ ਅਤੇ ਹੋਰ ਸਮਾਗਮਾਂ ਦੌਰਾਨ, ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠੇ ਪਾਠੀਆਂ ਅਤੇ ਪ੍ਰਚਾਰਕਾਂ ਦੀਆਂ ਵੀਡੀਓ ਬਣਦੀਆਂ ਰਹਿੰਦੀਆਂ ਹਨ। ਇਹ ਵੀਡੀਓ ਆਦਿ ਇਕ ਤਸਵੀਰਾਂ ਹੀ ਹੁੰਦੀਆਂ ਹਨ। ਇਹ ਤਸਵੀਰਾਂ ਅਕਸਰ ਅਖ਼ਬਾਰਾਂ ਵਿਚ ਵੀ ਛਪਦੀਆਂ ਰਹਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠੇ ਪਾਠੀਆਂ ਅਤੇ ਪ੍ਰਚਾਰਕਾਂ ਦੀਆਂ ਜਿਹੜੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪਦੀਆਂ ਹਨ, ਕੀ ਉਹ ਬਰਾਬਰੀ ਸਿੱਖਾਂ ਨੂੰ ਪ੍ਰਵਾਨ ਹੈ ?
  3. ਅਕਸਰ ਸਿੱਖ, ਗੁਰਦੁਆਰਿਆਂ ਤੋਂ ਆਪਣੇ ਘਰ ਤਕ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਾਰਾਂ ਵਿਚ ਲੈ ਕੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਪੱਟਾਂ ਉਪਰ ਰੱਖਿਆ ਹੁੰਦਾ ਹੈ ਅਤੇ ਡਰਾਇਵਰ ਦੇ ਨਾਲ ਬੈਠੇ ਹੁੰਦੇ ਹਨ। ਕੀ ਅਜਿਹਾ ਕਰਨਾ ਪ੍ਰਵਾਨ ਹੈ ?
  4. ਕਈ ਵਾਰੀ ਕੇਸ-ਦਾੜ੍ਹੀ ਕੱਟਣ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠ ਕੇ, ਗੁਰਬਾਣੀ ਪੜ੍ਹਦੇ ਹਨ। ਕੀ ਸਿੱਖਾਂ ਨੂੰ ਇਹ ਪ੍ਰਵਾਨ ਹੈ ?
  5. ਨਸ਼ੇ ਕਰਨ ਵਾਲੇ ਪਾਠੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠ ਕੇ, ਅਖੰਡ ਪਾਠਾਂ ਦੀਆਂ ਰੌਲਾਂ ਲਾਉਣ ਸਮੇਂ ਗੁਰਬਾਣੀ ਪੜ੍ਹਦੇ ਹਨ। ਕੀ ਸਿੱਖਾਂ ਨੂੰ ਇਹ ਪ੍ਰਵਾਨ ਹੈ ?
  6. ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਵਾਲੇ ਬਾਬੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠ ਕੇ, ਪ੍ਰਚਾਰ ਕਰਦੇ ਹਨ। ਕੀ ਅਜਿਹੇ ਆਚਰਣਹੀਣ ਬਾਬੇ, ਗੁਰੂ ਸਾਹਿਬ ਦੇ ਬਰਾਬਰ ਬੈਠ ਕੇ ਪ੍ਰਚਾਰ ਕਰ ਸਕਦੇ ਹਨ ?
  7. ਅਖੌਤੀ ਸਾਧਾਂ-ਸੰਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣੀਆਂ ਗੱਦੀਆਂ ਲਾਈਆਂ ਹੋਈਆਂ ਹਨ। ਕੀ ਸਿੱਖਾਂ ਨੂੰ ਇਹ ਬਰਾਬਰੀ ਵਾਲੀਆਂ ਗੱਦੀਆਂ ਪ੍ਰਵਾਨ ਹਨ ?
  8. ਸਿੱਖਾਂ ਨੇ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ (ਦਸਮ ਗ੍ਰੰਥ) ਦਾ ਪ੍ਰਕਾਸ਼ ਕਰ ਦਿੱਤਾ ਹੈ। ਇਹ ਅਸ਼ਲੀਲਤਾ ਦਾ ਉਹ ਗ੍ਰੰਥ ਹੈ,ਜਿਸ ਨੂੰ ਸਮਾਜ ਦਾ ਕੋਈ ਵੀ ਸਿਆਣਾ ਮਨੁੱਖ ਆਪਣੇ ਪ੍ਰਵਾਰ ਵਿਚ ਬੈਠ ਕੇ ਨਹੀਂ ਪੜ੍ਹ ਸਕਦਾ। ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਅਸ਼ਲੀਲ ਗ੍ਰੰਥ ਦਾ ਪ੍ਰਕਾਸ਼ ਕਰਕੇ, ਕੇਵਲ ਗੁਰੂ ਦੀ ਬਰਾਬਰੀ ਹੀ ਨਹੀਂ ਕਰਵਾਈ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ-ਬੇਅਦਬੀ ਕਰਨ ਦੀ ਬਹੁਤ ਵੱਡੀ ਗੁਸਤਾਖ਼ੀ ਵੀ ਕੀਤੀ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਲੱਗ ਰਹੀ ਇਹ ਢਾਹ ਸਿੱਖਾਂ ਨੂੰ ਪ੍ਰਵਾਨ ਹੈ ?
  9. ਦਰਬਾਰ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜ਼ਮੀਨ ਪੱਧਰ ਤੇ ਕੀਤਾ ਹੋਇਆ ਹੈ ਅਤੇ ਅਕਾਲ ਤਖ਼ਤ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਹੁਤ ਉੱਚਾ ਹੈ। ਸਿੱਖ, ਇਸ ਉੱਚੇ-ਨੀਵੇਂ ਪੱਧਰ ਨੂੰ ਪ੍ਰਵਾਨ ਕਰਦੇ ਹਨ। ਹੋਰ ਥਾਵਾਂ ਤੇ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਚੇ ਸਥਾਨ ਤੇ ਪ੍ਰਕਾਸ਼ ਕਰਦੇ ਹਨ। ਇਕ ਥਾਂ ਨੀਵਾਂ ਅਤੇ ਹੋਰ ਥਾਵਾਂ ਤੇ ਉੱਚਾ ਸਥਾਨ। ਅਜਿਹਾ ਕਿਉਂ ?
  10. ਸਿੱਖ ਅਕਸਰ ਕਹਿ ਦੇਂਦੇ ਹਨ ਕਿ ਗੁਰੁ ਸਾਹਿਬ ਨੂੰ ਪਿੱਠ ਨਹੀਂ ਦੇਣੀ ਚਾਹੀਦੀ ਪਰ ਨਗਰ ਕੀਰਤਨਾਂ ਦੌਰਾਨ ਪੰਜ ਪਿਆਰੇ ਅੱਗੇ ਚਲਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਗੱਡੀ ਪਿੱਛੇ-ਪਿੱਛੇ ਚਲਦੀ ਹੈ। ਦੋਗ਼ਲੀ ਨੀਤੀ ਕਿਉਂ ?

ਗੁਰਮਤਿਹੀਣ ਸਿੱਖਾਂ ਕੋਲ ਉਕਤ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ।

ਸਮਝੋ ! ਜੇਕਰ ਕਿਸੇ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਣੀ ਹੈ ਤਾਂ ਉਸ ਨੂੰ ਗੁਰੂ ਸਾਹਿਬ ਕੋਲ ਬੈਠਣਾ ਹੀ ਪੈਣਾ ਹੈ। ਸਿੱਖਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਇਕ ਅਜਿਹਾ ਸ਼ਬਦ-ਗੁਰੂ ਹੈ, ਜਿਹੜਾ ਊਚ-ਨੀਚ, ਉੱਚਾ-ਨੀਵਾਂ, ਵੱਡਾ-ਛੋਟਾ, ਉੱਪਰ-ਥੱਲੇ, ਸੱਜੇ-ਖੱਬੇ, ਅੱਗੇ-ਪਿੱਛੇ, ਮਾਨ-ਅਪਮਾਨ, ਸਰਦੀ-ਗਰਮੀ, ਭੁੱਖ-ਪਿਆਸ, ਆਰਾਮ-ਥਕਾਵਟ ਆਦਿ ਗੱਲਾਂ ਤੋਂ ਸਦਾ ਮੁਕਤ ਹੈ। ਇਹ ਗੱਲਾਂ ਕੇਵਲ ਸਰੀਰ ਵਾਲੇ ਹੀ ਕਰਦੇ ਹਨ। ਸੰਸਾਰ ਦਾ ਕੋਈ ਵੀ ਮਨੁੱਖ, ਭਾਵੇਂ ਉਹ ਚੰਗਾ ਹੈ ਜਾਂ ਸਭ ਤੋਂ ਭੈੜਾ ਹੈ, ਜੇਕਰ ਉਹ ਆਪਣੇ ਜੀਵਨ ਨੂੰ ਚੰਗਾ ਬਨਾਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਲਈ ਨਿੱਜੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਕੇ ਸਿੱਖਿਆ ਹਾਸਲ ਕਰ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬੈਠ ਕੇ ਸੰਗਤ ਵਿਚ ਕੇਵਲ ਉਹੀ ਪ੍ਰਚਾਰ ਕਰ ਸਕਦਾ ਹੈ, ਜਿਸ ਨੇ ਪਹਿਲਾਂ ਆਪਣੇ ਜੀਵਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਲਾਗੂ ਕੀਤਾ ਹੋਵੇ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਨਹੀਂ ਹੈ ਤਾਂ ਗੁਰਮਤਿਹੀਣ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬੈਠ ਕੇ ਸੰਗਤ ਵਿਚ ਪ੍ਰਚਾਰ ਨਹੀਂ ਕਰ ਸਕਦਾ।

ਹਰ ਚਮਕਣ ਵਾਲੀ ਸ਼ੈਅ ਸੋਨਾ ਨਹੀਂ ਹੁੰਦੀ

ਸੰਸਾਰ ਵਿਚ ਅਸਲ ਨਾਲੋਂ ਨਕਲ ਦੀ ਭਰਮਾਰ ਹੈ। ਜਿੰਨੀ ਕੋਈ ਚੀਜ਼ ਵਧੇਰੇ ਕੀਮਤੀ ਹੋਵੇਗੀ, ਉਤਨੀ ਹੀ ਵਧੇਰੇ ਉਸ ਦੀ ਨਕਲ ਵੀ ਹੋਵੇਗੀ। ਕੱਚ ਅਤੇ ਹੀਰੇ, ਸੋਨੇ ਅਤੇ ਪਿੱਤਲ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ ਪਰ ਦੇਖਣ ਤੋਂ  ਇਕ ਹੀ ਲਗਦੇ ਹਨ। ਗੁਣਾਂ ਜਾਂ ਔਗਣਾਂ ਦੀ ਜਾਣਕਾਰੀ ਨਾ ਰੱਖਣ ਵਾਲਾ ਮਨੁੱਖ, ਜੇਕਰ ਕੱਚ ਨੂੰ ਹੀਰਾ ਅਤੇ ਪਿੱਤਲ ਨੂੰ ਸੋਨਾ ਸਮਝ ਕੇ, ਸੌਦਾ ਕਰ ਬੈਠੇ ਤਾਂ ਮਨੁੱਖ ਆਪਣਾ ਬਹੁਤ ਵੱਡਾ ਆਰਥਿਕ ਨੁਕਸਾਨ ਕਰ ਬੈਠਦਾ ਹੈ। ਇਸ ਲਈ ਕਿਸੇ ਚੀਜ਼ ਦੇ ਗੁਣਾਂ ਜਾਂ ਔਗਣਾਂ ਨੂੰ ਵਿਚਾਰੇ ਬਿਨਾਂ ਕੇਵਲ ਉਸ ਦੀ ਬਾਹਰੀ ਚਮਕ ਦੇਖ ਕੇ, ਕਦੇ ਵੀ ਸੌਦਾ ਨਾ ਕਰੋ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਚੀਜ਼ ਬਾਹਰੋਂ ਦੇਖਣ ਤੋਂ ਸੋਹਣੀ ਅਤੇ ਚਮਕੀਲੀ ਲਗਦੀ ਹੈ, ਉਹ ਅੰਦਰੋ ਵੀ ਸੋਹਣੀ ਅਤੇ ਚਮਕੀਲੀ ਹੋਵੇ।

ਸੰਸਾਰ ਵਿਚ ਜਿਵੇਂ ਚੀਜ਼ਾਂ ਦੇ ਨਾਂ ਤੇ ਠੱਗੀ ਹੁੰਦੀ ਹੈ, ਉਸੇ ਤਰ੍ਹਾਂ ਧਰਮ ਦੇ ਨਾਂ ਤੇ ਵੀ ਬਹੁਤ ਜ਼ਿਆਦਾ ਠੱਗੀ ਹੋ ਰਹੀ ਹੈ। ਅੱਜ ਸੰਸਾਰ ਵਿਚ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਡੇਰੇ ਬਣੇ ਹੋਏ ਹਨ। ਇਨ੍ਹਾਂ ਡੇਰਿਆਂ ਨੂੰ ਚਲਾਉਣ ਵਾਲਿਆਂ ਨੇ ਧਰਮ ਦਾ ਇਕ ਖ਼ਾਸ ਕਿਸਮ ਦਾ ਪਹਿਰਾਵਾਂ ਪਾ ਕੇ, ਆਪਣੇ ਆਪ ਨੂੰ ਗੁਰੂ, ਸਾਧ, ਸੰਤ, ਬ੍ਰਾਹਮਗਿਆਨੀ, ਮਹਾਂਪੁਰਸ਼ ਆਦਿ ਬਣ ਕੇ, ਲੋਕਾਈ ਨੂੰ ਆਪਣੇ ਮਗਰ ਲਾ ਕੇ, ਆਪਣੀ ਪੂਜਾ ਅਤੇ ਸੇਵਾ ਕਰਾ ਰਹੇ ਹਨ। ਅਗਿਆਨੀ ਲੋਕ ਵੀ ਇਨ੍ਹਾਂ ਨੂੰ ਅਸਲ ਧਰਮੀ ਮੰਨ ਕੇ ਇਨ੍ਹਾਂ ਦੀ ਖ਼ੂਬ ਸੇਵਾ ਕਰਦੇ ਹਨ।

ਜਿਵੇਂ ਦੱਸਿਆ ਜਾ ਚੁੱਕਾ ਹੈ ਕਿ ਹਰ ਚਮਕਣ ਵਾਲੀ ਸ਼ੈਅ ਸੋਨਾ ਨਹੀਂ ਹੁੰਦੀ, ਉਸੇ ਤਰ੍ਹਾਂ ਧਰਮ ਦੇ ਬੁਰਕੇ ਵਿਚ ਛੁਪਿਆ ਹੋਇਆ ਹਰ ਮਨੁੱਖ ਗੁਰੂ, ਸਾਧ, ਸੰਤ, ਬ੍ਰਾਹਮਗਿਆਨੀ, ਮਹਾਂਪੁਰਸ਼, ਸਿੱਖ ਆਦਿ ਨਹੀਂ ਹੁੰਦਾ। ਯਾਦ ਰੱਖੋ, ਜਿਸ ਮਨੁੱਖ ਨੇ ਆਪਣੇ ਮਨ ਨੂੰ ਸਾਧ ਕੇ, ਗੁਰੂ, ਸਾਧ, ਸੰਤ, ਬ੍ਰਹਮਗਿਆਨੀ, ਮਹਾਂਪੁਰਸ਼, ਸਿੱਖ ਆਦਿ ਬਣਾਇਆ ਹੁੰਦਾ ਹੈ, ਉਸ ਨੂੰ ਚਾਹੇ ਕੋਈ ਤੱਤੀ ਤਵੀ ਤੇ ਬਿਠਾ ਦੇਵੇ, ਸੀਸ ਉਤੇ ਆਰਾ ਚਲਾ ਦੇਵੇ, ਉਬਲਦੇ ਪਾਣੀ ਵਿਚ ਉਬਾਲ ਦੇਵੇ, ਅੱਗ ਨਾਲ ਸਾੜ ਦੇਵੇ, ਸੀਸ ਵੱਖਰਾ ਕਰ ਦੇਵੇ, ਬੰਦ-ਬੰਦ ਕੱਟ ਦੇਵੇ, ਸਿਰ ਦੀ ਖੋਪੜੀ ਉਤਾਰਾ ਦੇਵੇ, ਚਰਖੜੀਆਂ ਤੇ ਚੜ੍ਹਾ ਦੇਵੇ, ਨੀਹਾਂ ਵਿਚ ਚਿਣ ਦੇਵੇ, ਅਸਲੀ ਗੁਰੂ, ਸਾਧ, ਸੰਤ, ਬ੍ਰਹਮਗਿਆਨੀ, ਮਹਾਂਪੁਰਸ਼, ਸਿੱਖ ਆਦਿ ਆਪਣੇ ਇਰਾਦੇ ਤੋਂ ਕਦੇ ਡੋਲਦਾ ਨਹੀਂ ਅਤੇ ਮੁਸੀਬਤ ਵੇਲੇ ਮਨੁੱਖਤਾ ਨੂੰ ਬਚਾਉਣ ਲਈ ਲੋਕਾਂ ਲਈ ਢਾਲ ਬਣ ਕੇ,ਅਨੇਕਾਂ ਕਸ਼ਟ ਸਹਾਰਦਾ ਹੋਇਆ ਆਪਣੇ ਆਪ ਨੂੰ ਕੁਰਬਾਨ ਕਰਾ ਕੇ, ਮਨੁੱਖਤਾ ਦੀ ਰੱਖਿਆ ਕਰਨਾ ਆਪਣਾ ਜ਼ਰੂਰੀ ਫ਼ਰਜ਼ ਸਮਝਦਾ ਹੈ।

ਇਸ ਦੇ ਉਲਟ ਜਿਹੜੇ ਮਨੁੱਖਾਂ ਨੇ ਆਪਣੇ ਮਨ ਨੂੰ ਸੋਧਣ ਦੀ ਬਜਾਏ ਆਪਣੇ ਬਾਹਰੀ ਭੇਖ ਨੂੰ ਰੰਗ-ਬਰੰਗੇ ਧਾਰਮਕ ਬੁਰਕਿਆਂ ਨਾਲ ਸਜਾ ਕੇ, ਆਪਣੇ ਆਪ ਨੂੰ ਗੁਰੂ, ਸਾਧ, ਸੰਤ, ਬ੍ਰਹਮਗਿਆਨੀ, ਮਹਾਂਪੁਰਸ਼ ਆਦਿ ਸਮਝਿਆ ਹੋਵੇ, ਅਜਿਹੇ ਪਖੰਡੀ ਲੋਕ, ਮਨੁੱਖਤਾ ਲਈ ਘਾਤਕ ਹੁੰਦੇ ਹਨ ਕਿਉਂਕਿ ਉਹ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ, ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਲਈ ਆਪਣਾ ਡੇਰਾ ਉਸਾਰ ਕੇ ਬਹਿ ਜਾਂਦੇ ਹਨ। ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਇਕੱਠੀ ਕਰਕੇ, ਉਸ ਨਾਲ ਐਸ਼ੋ-ਆਰਾਮ ਦਾ ਜੀਵਨ ਗੁਜ਼ਾਰਦੇ ਹੋਏ, ਗੁਲਛਰੇ ਉਡਾਉਂਦੇ ਹਨ।

ਅਜਿਹੇ ਪਖੰਡੀਆਂ ਦੇ ਜੀਵਨ  ਵਿਚ ਝੂਠ, ਹੇਰਾਫੇਰੀ, ਨਸ਼ੇ, ਵਿਕਾਰ,ਪਾਪ ਆਦਿ ਔਗਣਾਂ ਦੀ ਭਰਮਾਰ ਹੁੰਦੀ ਹੈ। ਸਮਾਜ ਵਿਚ ਇਨ੍ਹਾਂ ਦੇ ਪ੍ਰਗਟ ਹੋਣ ਤੋਂ ਹਮੇਸ਼ਾ ਡਰਦੇ-ਰਹਿੰਦੇ ਹਨ। ਆਪਣੇ ਆਪ ਨੂੰ ਬਚਾਉਣ ਲਈ ਲੋਕਾਂ ਦੇ ਇਕੱਠ ਨੂੰ ਢਾਲ ਵੱਜੋਂ ਵਰਤਦੇ ਹਨ।  ਲੋਕ ਮਰ ਜਾਣ ਕੋਈ ਪ੍ਰਵਾਹ ਨਹੀਂ ਪਰ ਆਪਣੇ ਆਪ ਨੂੰ ਕੋਈ ਝਰੀਟ ਨਹੀਂ ਆਉਣ ਦੇਂਦੇ । ਸਮਾਜ ਵਿਚ ਅਜਿਹੇ ਨਕਲੀ ਤੇ ਪਖੰਡੀ ਗੁਰੂਆਂ, ਸਾਧਾਂ, ਸੰਤਾਂ, ਬ੍ਰਹਮਗਿਆਨੀਆਂ, ਮਹਾਂਪੁਰਸ਼ਾਂ ਆਦਿ ਦੇ ਭੈੜੇ ਕਾਰਨਾਮੇ, ਜ਼ਿਆਦਾ ਦੇਰ ਬੁਰਕੇ ਅੰਦਰ ਛੁਪ ਕੇ ਨਹੀਂ ਰਹਿ ਸਕਦੇ। ਇਹ ਨਹੀਂ ਜਾਣਦੇ ਕਿ ਧਰਮ ਦੇ ਬੁਰਕੇ ਵਿਚ, ਅਨੇਕਾਂ ਪਰਦਿਆਂ ਪਿੱਛੇ, ਲੋਕਾਂ ਤੋ ਲੁਕਾ ਕੇ ਕੀਤੇ ਗਏ, ਉਨ੍ਹਾਂ ਦੇ ਵਿਕਾਰ ਸੰਸਾਰ ਦੇ ਅੰਦਰ ਖਿੰਨ ਵਿਚ ਹੀ ਪਰਗਟ ਹੋ ਜਾਂਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ:

ਅਨਿਕ ਪੜਦੇ ਮਹਿ ਕਮਾਵੈ ਵਿਕਾਰ।।
ਖਿਨ ਮਹਿ ਪ੍ਰਗਟ ਹੋਹਿ ਸੰਸਾਰ।। (ਗੁ.ਗ੍ਰੰ.ਸਾ.ਪੰਨਾ-194)

ਜਿਹੜੇ ਲੋਕ ਕਿਸੇ ਦਾ ਬਾਹਰੀ ਪਹਿਰਾਵਾ ਦੇਖ ਕੇ ਨਕਲੀ ਤੇ ਪਖੰਡੀ ਗੁਰੂਆਂ, ਸਾਧਾਂ, ਸੰਤਾਂ, ਬ੍ਰਾਹਮਗਿਆਨੀਆਂ, ਮਹਾਂਪੁਰਸ਼ਾਂ ਆਦਿ ਦੇ ਮੁਰੀਦ ਬਣ ਜਾਂਦੇ ਹਨ, ਪਰ ਜਦੋਂ ਨਕਲੀ ਤੇ ਪਖੰਡੀ ਗੁਰੂਆਂ, ਸਾਧਾਂ, ਸੰਤਾਂ, ਬ੍ਰਾਹਮਗਿਆਨੀਆਂ, ਮਹਾਂਪੁਰਸ਼ਾਂ ਦੀ ਸਮਾਜ ਵਿਚ ਅਸਲੀਅਤ ਪਗਟ ਹੁੰਦੀ ਹੈ ਤਾਂ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਸਮਾਜ ਵਿਚ ਬਹੁਤ ਜ਼ਲੀਲ ਹੋਣਾ ਪੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਗੁਰੂ ਦੀ ਮਹਾਨਤਾ

ਗੁਰੂ ਗ੍ਰੰਥ ਸਾਹਿਬ ਵਿਚ ‘ਗੁਰੂ’ ਅਤੇ ‘ਗ੍ਰੰਥ’ ਦੋ ਸ਼ਬਦ ਹਨ। ਇਨ੍ਹਾਂ ਦੋਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਕੌਣ ਹੈ? ਅਤੇ ਗ੍ਰੰਥ ਦੀ ਕੀ ਹੋਂਦ ਹੈ? ਗੁਰੂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:

ਬਾਣੀ ਗੁਰੂ  ਗੁਰੂ ਹੈ ਬਾਣੀ  ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ  ਪਰਤਖਿ ਗੁਰੂ ਨਿਸਤਾਰੇ।। (ਗੁ.ਗ੍ਰੰ.ਸਾ.ਪੰਨਾ-982)

ਅਰਥ: ਬਾਣੀ ਗੁਰੂ ਹੈ, ਕਿਸੇ ਨੂੰ ਕੋਈ ਭੁਲੇਖਾ ਨਾ ਰਹੇ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਗੁਰੂ ਹੀ ਬਾਣੀ ਹੈ। ਇਸ ਲਈ ਗੁਰੂ ਦੀ ਬਾਣੀ ਵਿਚ ਆਤਮਕ ਜੀਵਨ ਦੇਣ ਵਾਲੀ ਸਿੱਖਿਆ ਦਾ ਨਾਮ ਜਲ ਹੈ। ਅਗਲੀ ਪੰਕਤੀ ਵਿਚ ਗੁਰੂ ਸਾਹਿਬ ਨੇ ਇਕ ਸ਼ਰਤ ਲਾਈ ਹੈ ਕਿ ਜਿਹੜਾ ਸੇਵਕ ਜਨ ਗੁਰਬਾਣੀ ਹੁਕਮਾਂ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ (ਭਾਵ ਆਪਣੇ ਜੀਵਨ ਵਿਚ ਲਾਗੂ ਕਰਦਾ ਹੈ), ਗੁਰੂ ਉਸ ਸੇਵਕ ਜਨ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ।

ਸੋ ਸਪੱਸ਼ਟ ਹੈ ਕਿ ਗ੍ਰੰਥ ਵਿਚ ਜਿਹੜੀ ਬਾਣੀ ਦਰਜ ਹੈ, ਕੇਵਲ ਉਹੀ ਬਾਣੀ ਗੁਰੂ ਹੋਣ ਕਰਕੇ, ਸਿੱਖ ਦੇ ਜੀਵਨ ਦੀ ਰਹਿਨੁਮਾਈ ਕਰਨ ਦੇ ਸਮਰੱਥ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਮਲੋਕ ਹੋਣ ਕਰਕੇ, ਸਰਬਉੱਚ ਸਿੱਖਿਆ ਦਾ ਸਥਾਨ ਰੱਖਦੀ ਹੈ।

ਗ੍ਰੰਥ ਦੀ ਕੀ ਹੋਂਦ ਹੈ? ਗੁਰਬਾਣੀ ਦਾ ਫ਼ੁਰਮਾਨ ਹੈ:

ਕੁੰਭੇ ਬਧਾ ਜਲੁ ਰਹੈ  ਜਲ ਬਿਨ ਕੁੰਭ ਨ ਹੋਇ।। (ਗੁ.ਗ੍ਰੰ.ਸਾ.ਪੰਨਾ-469)

ਅਰਥ: ਪਾਣੀ ਘੜੇ ਦਾ ਬੱਝਾ ਹੋਇਆ, ਇਕ ਥਾਂ ਟਿਕਿਆ ਰਹਿੰਦਾ ਹੈ, ਪਰ ਪਾਣੀ ਤੋਂ ਬਿਨਾ ਘੜੇ ਦੀ ਸਿਰਜਣਾ ਨਹੀਂ ਹੋ ਸਕਦੀ।

ਗੱਲ ਸਮਝਣ ਵਾਲੀ ਹੈ ਕਿ ਘੜੇ ਵਿਚ ਪਾਣੀ ਹੈ। ਮਨੁੱਖ ਦੀ ਪਿਆਸ ਪਾਣੀ ਨੇ ਬੁਝਾਣੀ ਹੈ ਨਾ ਕਿ ਘੜੇ ਨੇ। ਪਾਣੀ ਨੂੰ ਸਾਂਭਣ ਲਈ ਘੜਾ ਇਕ ਸਾਧਨ ਹੈ, ਇਕ ਵਸੀਲਾ ਹੈ। ਜਿਸ ਘੜੇ ਵਿਚ ਪਾਣੀ ਹੁੰਦਾ ਹੈ, ਉਹ ਸਾਂਭਣਯੋਗ ਬਣ ਜਾਂਦਾ ਹੈ। ਠੀਕ ਇਸੇ ਤਰ੍ਹਾਂ ਗੁਰਬਾਣੀ  ਨੂੰ ਸਾਂਭਣ ਲਈ ਗ੍ਰੰਥ ਇਕ ਸਾਧਨ ਹੈ, ਇਕ ਵਸੀਲਾ ਹੈ। ਗੁਰਬਾਣੀ ਤੋਂ ਬਿਨਾਂ ਕਿਸੇ ਗ੍ਰੰਥ ਦੀ ਸਿਰਜਨਾ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਸ ਗ੍ਰੰਥ ਵਿਚ ਗੁਰੂ ਦੀ ਬਾਣੀ ਹੈ, ਉਹ ਗ੍ਰੰਥ ਸਾਂਭਣਯੋਗ ਅਤੇ ਸਤਿਕਾਰਯੋਗ ਬਣ ਜਾਂਦਾ ਹੈ।

ਸਿੱਖ ਦਾ ਗੁਰੂ, ਗੁਰਬਾਣੀ ਹੈ ਨਾ ਕਿ ਗ੍ਰੰਥ। ਗੁਰਬਾਣੀ ਤੋਂ ਬਿਨਾਂ ਗ੍ਰੰਥ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮਿੱਟੀ ਦੀ ਢੇਰੀ ਹੈ, ਉਸੇ ਤਰ੍ਹਾਂ ਜਿਸ ਗ੍ਰੰਥ ਵਿਚ ਗੁਰੂ ਦੀ ਬਾਣੀ ਨਹੀਂ ਹੈ, ਉਹ ਗ੍ਰੰਥ ਕਾਗਜ਼ਾਂ ਦੀ ਢੇਰੀ ਹੈ।

ਪਾਣੀ ਅਤੇ ਘੜੇ ਨਾਲ ਮਨੁੱਖ ਦਾ ਦੁਨਿਆਵੀ ਜੀਵਨ ਜੁੜਿਆ ਹੋਇਆ ਹੈ। ਗੁਰਬਾਣੀ ਅਤੇ ਗ੍ਰੰਥ ਨਾਲ ਸਿੱਖ ਦਾ ਆਤਮਕ ਜੀਵਨ ਜੁੜਿਆ ਹੋਇਆ ਹੈ। ਪਾਣੀ ਤੋਂ ਬਿਨਾਂ ਮਨੁੱਖ ਦੀ ਸਰੀਰਕ ਮੌਤ ਹੈ ਅਤੇ ਗੁਰੂ ਦੀ ਬਾਣੀ ਤੋਂ ਬਿਨਾਂ ਸਿੱਖ ਦੀ ਆਤਮਕ ਮੌਤ ਹੈ।

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜੁਨ ਸਾਹਿਬ ਨੇ ਪੋਥੀ (ਗੁਰੂ ਗ੍ਰੰਥ ਸਾਹਿਬ ਜੀ) ਦੀ ਮਹਾਨਤਾ ਨੂੰ ਗੁਰਬਾਣੀ ਵਿਚ ਇਸ ਪ੍ਰਕਾਰ ਫ਼ੁਰਮਾਇਆ ਹੈ:

ਪੋਥੀ ਪਰਮੇਸਰ ਕਾ ਥਾਨੁ।।
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਾਹਮ ਗਿਆਨੁ।।1।।ਰਹਾਉ।। (ਗੁ.ਗ੍ਰੰ.ਸਾ.ਪੰਨਾ-1226)

ਅਰਥ: ਪੋਥੀ (ਗੁਰੂ ਗ੍ਰੰਥ ਸਾਹਿਬ) ਦੀ ਗੁਰਬਾਣੀ ਹੀ ਪ੍ਰਮਾਤਮਾ ਦੇ ਮਿਲਾਪ ਦੀ ਥਾਂ ਹੈ। ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ, ਉਹ ਸਰਬਵਿਆਪਕ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।

ਸਾਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਵਿਚ ਆਪਣੇ ਤੋਂ ਮਗਰੋਂ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੀ ਸਦੀਵੀ ਗੁਰਿਆਈ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ। ਗੁਰੁ ਗ੍ਰੰਥ ਸਾਹਿਬ ਵਿਚ ਜਿਹੜੀ ਬਾਣੀ ਦਰਜ ਹੈ, ਉਸ ਨੂੰ ਹੀ ਗੁਰੂ ਦੀ ਬਾਣੀ ਹੋਣ ਦਾ ਦਰਜਾ ਪ੍ਰਾਪਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕਿਸੇ ਹੋਰ ਰਚਨਾ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ: ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।(ਗੁ.ਗ੍ਰੰ.ਸਾ.ਪੰਨਾ- 920)।

ਗੁਰਬਾਣੀ ਹੁਕਮ ਅਤੇ ਗੁਰੂ ਸਾਹਿਬ ਦੇ ਸਰਬ-ਉੱਚ ਫੈਸਲੇ ਤੋਂ ਬਾਅਦ ਸਿੱਖਾਂ ਨੂੰ ਆਪਣੇ ਸਦੀਵੀ ਗੁਰੂ ਦੇ ਹੁੰਦਿਆਂ ਕਿਸੇ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਗੁਰੂ ਮੰਨਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਦੇਹਧਾਰੀ ਗੁਰੂ, ਸਾਧ-ਸੰਤ, ਬ੍ਰਹਮਗਿਆਨੀ, ਮਹਾਂਪੁਰਸ਼, ਤਸਵੀਰ ਜਾਂ ਮੂਰਤੀ ਆਦਿ ਨੂੰ ਮੰਨਣ ਦੀ ਲੋੜ ਹੈ। ਇਸ ਲਈ ਕੋਈ ਵੀ ਵਿਅਕਤੀ ਜਾਂ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੇ ਸਦੀਵੀ ਫੈਸਲੇ ਨੂੰ ਚੁਨੌਤੀ ਦੇਣ ਦੀ ਗੁਸਤਾਖ਼ੀ ਨਹੀਂ ਕਰ ਸਕਦਾ।

ਗੁਰੂ ਨੂੰ ਕੋਈ ਮਾਰ ਨਹੀਂ ਸਕਦਾ ਅਤੇ ਨਾ ਹੀ ਕੋਈ ਮਿਟਾ ਸਕਦਾ ਹੈ

ਸਿੱਖ-ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ-ਸਤਿਗੁਰਾਂ ਅਤੇ ਗੁਰੂ ਦੇ ਸਿੱਖਾਂ ਨੇ ਸੱਚ-ਧਰਮ ਅਤੇ ਮਨੁੱਖਤਾ ਦੇ ਭਲੇਹਿੱਤ ਅਨੇਕਾਂ ਕੁਰਬਾਨੀਆਂ ਦਿੱਤੀਆਂ ਸਨ। ਜਹਾਂਗੀਰ ਦੀ ਮੁਗ਼ਲ-ਹੁਕੂਮਤ ਨੇ ਗੁਰੂ ਅਰਜੁਨ ਪਾਤਸ਼ਾਹ ਨੂੰ ਸ਼ਹੀਦ ਕਰਨ ਉਪਰੰਤ ਇਹ ਸਮਝ ਲਿਆ ਸੀ ਕਿ ਸਿੱਖਾਂ ਦੇ ਗੁਰੂ  ਨੂੰ ਅਨੇਕਾਂ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਸਿੱਖੀ ਵੀ ਖ਼ਤਮ ਹੋ ਗਈ ਹੈ।  ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਕੀ ਕੋਈ ਮਨੁੱਖ, ਗੁਰੂ ਨੂੰ ਖ਼ਤਮ ਕਰ ਸਕਦਾ ਹੈ ਜਾਂ ਮਿਟਾ ਸਕਦਾ ਹੈ? ਜਵਾਬ ਬਿਲਕੁਲ ਨਹੀਂ। ਗੱਲ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਮਨ ਵਿਚ ਸਿੱਖੀ ਦੀ ਜਿਹੜੀ ਵਿਚਾਰਧਾਰਾ ਨੂੰ ਦ੍ਰਿੜ ਕੀਤਾ ਹੋਇਆ ਸੀ, ਉਸ ਦੀ ਕੁਰਬਾਨੀ ਨਹੀਂ ਸੀ ਦਿੱਤੀ। ਗੁਰੁ ਸਾਹਿਬ ਨੇ ਕੇਵਲ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਸੀ। ਇਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਅਣਗਿਣਤ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਸਮਝਿਆ ਜਾਵੇ। ਕਿਸੇ ਨੇ ਵੀ ਸਿੱਖੀ ਵਿਚਾਰਧਾਰਾ ਦੀ ਕੁਰਬਾਨੀ ਨਹੀਂ ਦਿੱਤੀ ਸੀ ਸਗੋਂ ਸਾਰਿਆਂ ਨੇ ਆਪਣੇ ਸਰੀਰਾਂ ਦੀ ਹੀ ਕੁਰਬਾਨੀ ਦਿੱਤੀ ਸੀ। ਸਿੱਖੀ ਅਤੇ ਸਿੱਖ-ਕੌਮ ਦਾ ਖੁਰਾ-ਖੋਜ ਮਿਟਾਉਣ ਦੇ ਸੁਪਨੇ ਲੈਣ ਵਾਲੇ ਮੁਗ਼ਲ-ਹੁਕਮਰਾਨ, ਨਾ ਤਾਂ ਸਿੱਖੀ ਨੂੰ ਖ਼ਤਮ ਕਰ ਸਕੇ ਅਤੇ ਨਾ ਹੀ ਸਿੱਖ-ਕੌਮ ਨੂੰ ਖ਼ਤਮ ਕਰ ਸਕੇ ਪਰ ਆਪ ਜ਼ਰੂਰ ਕਬਰਾਂ ਦੇ ਹਨੇਰੇ ਵਿਚ ਸਦਾ ਲਈ ਗਰਕ ਹੋ ਗਏ। ਸ਼ਬਦ-ਗੁਰੂ, ਨਾਨਕ ਸਾਹਿਬ ਦੇ  ਸਮੇਂ ਵੀ ਜ਼ਿੰਦਾ ਸੀ, ਅੱਜ ਵੀ ਜ਼ਿੰਦਾ ਹੈ ਅਤੇ ਰਹਿੰਦੀ ਦੁਨੀਆਂ ਤਕ ਜ਼ਿੰਦਾ ਰਹੇਗਾ। ਗੁਰਬਾਣੀ ਦਾ ਫ਼ੁਰਮਾਨ ਹੈ:-

ਗੁਰ ਕਾ ਸਬਦੁ ਨ ਮੇਟੈ ਕੋਇ ।। ਗੁਰੁ ਨਾਨਕੁ ਨਾਨਕ ਹਰਿ ਸੋਇ।। (ਗੁ.ਗ੍ਰੰ.ਸਾ.ਪੰਨਾ-864)

ਅਰਥਾਤ ਗੁਰੂ ਨਾਨਕ, ਉਸ ਪ੍ਰਮਾਤਮਾ ਦਾ ਰੂਪ ਹੈ, ਜਿਸ ਦੀ ਗੁਰਬਾਣੀ ਨੂੰ ਕੋਈ ਮਿਟਾ ਨਹੀਂ ਸਕਦਾ|

ਸਿੱਖ, ਕਿਸੇ ਵੀ ਸਰੀਰ ਦੇ ਜਨਮ-ਮਰਨ ਦਿਨ ਨਹੀਂ ਮਨਾ ਸਕਦੇ 

ਜਿਵੇਂ ਕਿ ਗੁਰਬਾਣੀ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਜਦੋਂ ਕਿਸੇ ਮਨੁੱਖ ਦਾ ਸਰੀਰ ਖ਼ਤਮ ਹੋ ਜਾਂਦਾ ਹੈ ਤਾਂ ਉਸ ਦਾ ਕਿਸੇ ਵੀ ਮਨੁੱਖ ਨਾਲ ਕੋਈ ਸਬੰਧ ਨਹੀਂ ਰਹਿੰਦਾ। ਮ੍ਰਿਤਕ ਸਰੀਰ ਦਾ ਅੰਤ ਸੁਆਹ ਨਾਲ ਹੁੰਦਾ ਹੈ। ਇਸ ਤੋਂ ਇਲਾਵਾ, ਗੁਰਬਾਣੀ ਨੇ ਸਾਨੂੰ ਇਹ ਵੀ ਸਮਝਾ ਦਿੱਤਾ ਹੈ ਕਿ ਮਨ ਹੀ ਸਭ ਕੁੱਝ ਹੈ। ਸਿੱਖ-ਸਤਿਗੁਰ ਅਤੇ ਗੁਰੂ ਦੇ ਸਿੱਖਾਂ ਦੇ ਸਰੀਰ ਬਿਨਸਨ ਤੋਂ ਪਹਿਲਾਂ ਹੀ, ਉਹ ਸਾਰੇ ਆਪਣੇ ਮਨ ਕਰਕੇ, ਅਕਾਲਪੁਰਖ ਨਾਲ ਅਭੇਦ ਸਨ। ਗੁਰਬਾਣੀ ਨੇ ਜਦੋਂ ਸਾਨੂੰ ਸਰੀਰਾਂ ਨਾਲ ਜੋੜਿਆ ਹੀ ਨਹੀਂ ਹੈ ਤਾਂ ਫਿਰ ਅਸੀਂ ਨਾਸ਼ਵਾਨ ਸਰੀਰਾਂ ਨਾਲ ਜੁੜ ਕੇ, ਉਨ੍ਹਾਂ ਦੇ ਜਨਮ-ਮਰਨ ਦਿਨ ਕਿਵੇਂ ਮਨਾ ਸਕਦੇ ਹਾਂ? ਗੁਰਬਾਣੀ ਦੇ ਫ਼ੁਰਮਾਨ :

ਨਹ ਕਿਛੁ ਜਨਮੈ ਨਹ ਕਿਛੁ ਮਰੈ।। ਆਪਨ ਚਲਿਤੁ ਆਪ ਹੀ ਕਰੈ।। (ਗੁ.ਗ੍ਰੰ.ਸਾ.ਪੰਨਾ-281)

ਅਰਥਾਤ ਨਾ ਕੁੱਝ ਜੰਮਦਾ ਹੈ ਅਤੇ ਨਾ ਹੀ ਕੁੱਝ ਮਰਦਾ ਹੈ। ਇਹ ਜਨਮਮਰਨ ਪ੍ਰਭੂ ਆਪ ਹੀ ਖੇਲ ਰਿਹਾ ਹੈ।

ਜਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।। (ਗੁ.ਗ੍ਰੰ.ਸਾ.ਪੰਨਾ-472)

ਅਰਥਾਤ ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾਮਰਦਾ ਹੈ।

ਗੁਰਮਤਿ ਅਨੁਸਾਰ ਹਰ ਇਕ ਜੀਵ ਵਿਚ ਰੱਬੀ ਜੋਤਿ ਜਗ ਰਹੀ ਹੈ, ਜਿਸ ਦਾ ਕਦੇ ਨਾਸ  ਨਹੀਂ ਹੁੰਦਾ। ਇਸ ਧਰਤੀ ਉਤੇ ਜੀਵਾਂ ਦਾ ਕੇਵਲ ਸਰੀਰ ਹੀ ਨਾਸ ਹੁੰਦਾ ਹੈ। ਇਹ ਸਭ ਕੁੱਝ ਪ੍ਰਮਾਤਮਾ ਦੇ ਹੁਕਮ ਵਿਚ ਹੋ ਰਿਹਾ ਹੈ। ਸ੍ਰਿਸ਼ਟੀ ਵਿਚ ਬਨਸਪਤੀ ਅਤੇ ਜੀਵਾਂ ਦਾ ਪੈਦਾ ਅਤੇ ਖ਼ਤਮ ਹੋਣਾ, ਕੁਦਰਤ ਦਾ ਇਕ ਸਦੀਵੀ ਨਿਯਮ ਹੈ। ਗੁਰਮਤਿ ਅਨੁਸਾਰ ਕਿਹੜੇ ਮਨੁੱਖਾਂ ਦਾ ਜੰਮਣਾਮਰਨਾ ਮੰਨਿਆ ਗਿਆ ਹੈ? ਗੁਰਬਾਣੀ ਦਾ ਫ਼ੁਰਮਾਨ ਹੈ:

ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ।।
ਜਨਮ ਮਰਣੁ ਉਸੀ ਹੀ ਕਉ ਹੈ ਰੇ ਓਹਾ ਆਵੈ ਜਾਈ।। (ਗੁ.ਗ੍ਰੰ.ਸਾ.ਪੰਨਾ-999)

ਅਰਥਾਤ ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ ਮਨੁੱਖਾ ਸਰੀਰ ਪੈਦਾ ਕਰਨ ਵੇਲੇ, ਹਉਮੈ ਵੀ ਉਸ ਦੇ ਅੰਦਰ ਪਾ ਦਿੱਤੀ ਹੈ। ਉਸ ਹਉਮੈ ਨੂੰ ਹੀ ਜਨਮਮਰਨ ਦਾ ਗੇੜ ਪਿਆ ਰਹਿੰਦਾ ਹੈ ਅਤੇ ਉਹੀ ਹਉਮੈ ਜੰਮਦੀਮਰਦੀ ਹੈ। ਜਨਮਮਰਨ ਦੀ ਸਚਾਈ ਨਾ ਸਮਝਣ ਵਾਲੇ ਹੀ ਆਪਣੀ ਹਉਮੈ ਅਧੀਨ ਹੋ ਕੇ, ਜਨਮਦਿਨ ਦੀ ਖੁਸ਼ੀ ਮਨਾਉਦੇ ਹਨ ਅਤੇ ਮਰਨ ਦੀ ਗ਼ਮੀ ਮਨਾਉਦੇ ਹਨ।

ਗੁਰਬਾਣੀ ਦਾ ਇਕ ਫ਼ੈਸਲਾ ਇਹ ਵੀ ਹੈ ਕਿ ਜਿਹੜਾ ਮਨੁੱਖ ਆਪਣੀ ਹਉਮੈ ਨੂੰ ਮਾਰ ਕੇ, ਪ੍ਰਮਾਤਮਾ ਨਾਲ ਇਕ-ਮਿਕ ਹੋਵੇ ਅਤੇ ਮਨੁਖਤਾ ਦੀ ਭਲਾਈ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ, ਉਹ ਜਨਮ-ਮਰਨ ਤੋਂ ਸਦਾ ਮੁਕਤ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਜਨਮ ਮਰਣ ਦਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।। (ਗੁ.ਗ੍ਰੰ.ਸਾ.ਪੰਨਾ-749)

ਅਰਥਾਤ ਸੰਤ-ਜਨ ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਦੇ ਹਨ। ਸੰਤ-ਜਨ ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤਿ ਦੇ ਕੇ, ਪ੍ਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ ਅਤੇ ਉਨ੍ਹਾਂ ਨੂੰ ਪ੍ਰਮਾਤਮਾ ਨਾਲ ਮਿਲਾ ਦੇਂਦੇ ਹਨ।

ਸੋ ਸਾਰੇ ਸਿੱਖ-ਸਤਿਗੁਰੂ ਸਾਹਿਬਾਨ, ਭਗਤ-ਜਨ ਅਤੇ ਗੁਰੁ ਦੇ ਸਿੱਖ ਅਕਾਲਪੁਰਖ ਦੇ ਭਾਣੇ ਵਿਚ ਚਲਣ ਵਾਲੇ ਮਹਾਂ-ਪੁਰਖ ਸਨ, ਜਿਹੜੇ ਜਨਮ-ਮਰਨ ਤੋਂ  ਸਦਾ ਮੁਕਤ ਸਨ। ਸਾਰਿਆਂ ਨੇ ਮਨੁੱਖਤਾ ਦੀ ਭਲਾਈਹਿੱਤ ਅਕਾਲਪੁਰਖ ਦੇ ਭਾਣੇ ਵਿਚ ਆਪਣੇ ਆਪ ਨੂੰ ਕੁਰਬਾਨ ਕਰਾ ਦਿੱਤਾ ਸੀ।

ਬੇਸ਼ੱਕ, ਉਕਤ ਗੁਰਬਾਣੀ ਹੁਕਮਾਂ ਨੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਸਿੱਖ-ਸਤਿਗੁਰੂ ਸਾਹਿਬਾਨ ਅਤੇ ਗੁਰੂ ਦੇ ਸਿੱਖ, ਜਨਮ-ਮਰਨ ਤੋਂ ਮੁਕਤ ਹਨ, ਪਰ ਸਿੱਖ, ਆਪਣੇ ਸਿੱਖ-ਸਤਿਗੁਰਾਂ ਅਤੇ ਗੁਰੂ ਦੇ ਸਿੱਖਾਂ ਦੇ ਜਨਮ-ਮਰਨ ਦਿਨ ਮਨਾ ਕੇ, ਗੁਰਬਾਣੀ ਹੁਕਮਾਂ ਦੀ ਘੋਰ-ਅਵੱਗਿਆ ਕਰਕੇ, ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰ ਰਹੇ ਹਨ। ਸਿੱਖ, ਇਸ ਸਚਾਈ ਨੂੰ ਕਦੋਂ ਸਮਝਣਗੇ ?

ਸਿੱਖ-ਇਤਿਹਾਸ  ਦੇ  ਨਾਂ ਤੇ ਗੋਲਕਾਂ ਨਾ ਭਰੋ

ਅਕਸਰ ਕਿਹਾ ਜਾਂਦਾ ਹੈ ਜੇਕਰ ਸਿੱਖ-ਸਤਿਗੁਰਾਂ ਅਤੇ ਗੁਰੁ ਦੇ ਸਿੱਖਾਂ ਨਾਲ ਸਬੰਧਤ ਦਿਹਾੜੇ ਨਾ ਮਨਾਏ ਗਏ ਤਾਂ ਸਿੱਖਾਂ ਨੂੰ ਆਪਣਾ ਇਤਿਹਾਸ ਭੁੱਲ ਜਾਵੇਗਾ। ਪਰ ਦੇਖਿਆ ਗਿਆ ਹੈ ਕਿ ਸਿੱਖ-ਕੌਮ, ਸਿੱਖ-ਇਤਿਹਾਸ ਨਾਲ ਸਬੰਧਤ ਸਾਰੇ ਦਿਨ ਪਿਛਲੇ ਸੈਂਕੜੇ ਸਾਲਾਂ ਤੋਂ ਲਗਾਤਾਰ ਗੁਰਦੁਆਰਿਆਂ ਵਿਚ ਹਰ ਸਾਲ ਮਨਾਉਣ ਦੇ ਬਾਵਜੂਦ, ਸਿੱਖ-ਕੌਮ ਆਪਣੇ ਪਤਨ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਸਿੱਖ ਪ੍ਰਵਾਰਾਂ ਦੀ ਨੌਜਵਾਨ ਪੀੜ੍ਹੀ ਕੇਸ-ਦਾੜ੍ਹੀ ਮੁਨਾ ਕੇ, ਮੋਨੀ ਹੋ ਚੁੱਕੀ ਹੈ ਅਤੇ ਭੈੜੇ-ਭੈੜੇ ਨਸ਼ਿਆ ਵਿਚ ਬਹੁਤ ਬੁਰੀ ਤਰ੍ਹਾਂ ਗਲਤਾਨ ਹੋ ਕੇ, ਸਿੱਖ-ਸਤਿਗੁਰਾਂ, ਗੁਰੂ ਦੇ ਸਿੱਖਾਂ ਅਤੇ ਕੌਮ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਰੋਲਣ ਕਰਕੇ ਦੋਸ਼ੀ ਹੈ।  ਲੜਕੀਆਂ ਨੇ ਬਿਊਟੀ ਪਾਰਲਰਾਂ ਦੀਆਂ ਦੁਕਾਨਾਂ ਖੋਲ੍ਹ ਕੇ, ਸਿੱਖ-ਇਤਿਹਾਸ ਦੀਆਂ ਉਹ ਦਲੇਰ ਮਾਵਾਂ, ਜਿਨ੍ਹਾਂ ਨੇ ਮੁਗ਼ਲ-ਹਕੂਮਤ ਸਮੇਂ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਟੁਕੜੇ-ਟੁਕੜੇ ਕਰਾ ਕੇ, ਆਪਣੀਆਂ ਝੋਲੀਆਂ ਵਿਚ ਪੁਆਇਆ ਸੀ, ਉਨ੍ਹਾਂ ਦਲੇਰ ਮਾਵਾਂ ਅਤੇ ਮਾਸੂਮ ਬੱਚਿਆਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਰੋਲਣ ਕਰਕੇ ਦੋਸ਼ੀ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਅੱਜ ਸਿੱਖ-ਕੌਮ ਆਪਣਾ ਕੁਰਬਾਨੀਆਂ ਭਰਿਆ ਇਤਿਹਾਸ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ। ਇਸ ਪਤਨ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ  ਹੁਣ ਸਿੱਖ-ਇਤਿਹਾਸ ਦਾ ਸਬੰਧ ਗੁਰਦੁਆਰਿਆਂ ਵਿਚ ਕੇਵਲ ਰਸਮਾਂ ਪੂਰੀਆਂ ਕਰਨ ਦੇ ਬਹਾਨੇ ਗੋਲਕਾਂ ਭਰਨ ਤਕ ਸੀਮਤ ਰਹਿ ਗਿਆ ਹੈ। ਅੱਜ ਸਿੱਖ-ਇਤਿਹਾਸ ਧਰਮ ਦੇ ਨਾਂ ਤੇ ਵਪਾਰ ਬਣ ਕੇ ਰਹਿ ਗਿਆ ਹੈ। ਜਿਹੜੇ ਕਹਿੰਦੇ ਹਨ ਕਿ ਇਤਿਹਾਸਕ ਦਿਨ ਮਨਾਉਣ ਨਾਲ ਸਿੱਖ-ਇਤਿਹਾਸ ਦੀ ਯਾਦ ਤਾਜ਼ਾ ਬਣੀ ਰਹਿੰਦੀ ਹੈ, ਉਨ੍ਹਾਂ ਦਾ ਇਹ ਕਥਨ, ਸਿੱਖ-ਕੌਮ ਦਾ ਸ਼ੀਸ਼ਾ ਦੇਖਣ ਉਪਰੰਤ ਆਪਣੇ ਆਪ ਵਿਚ ਹੀ ਝੂਠਾ ਸਾਬਤ ਹੋ ਜਾਂਦਾ ਹੈ।

ਅੱਜ ਸਿੱਖ-ਕੌਮ ਕਲੰਡਰ ਦੀਆਂ ਤਰੀਕਾਂ ਵਿਚ ਉਲਝ ਕੇ, ਸਿੱਖ-ਇਤਿਹਾਸ ਦੇ ਅਸਲ ਮਨੋਰਥ ਤੋਂ ਭਟਕ ਚੁੱਕੀ ਹੈ। ਗੁਰਮਤਿ ਵਿਰੋਧੀ ਲੋਕ ਵੀ ਇਹੋ ਚਾਹੁੰਦੇ ਹਨ ਕਿ ਸਿੱਖ-ਕੌਮ ਨੂੰ ਸਿੱਖ-ਇਤਿਹਾਸ ਦੀਆਂ ਤਰੀਕਾਂ ਵਿਚ ਹੀ ਉਲਝਾਈ ਰੱਖੋ ਤਾਂ ਜੋ ਸਿੱਖਾਂ ਨੂੰ ਗੁਰਮਤਿ ਅਤੇ ਸਿੱਖ-ਇਤਿਹਾਸ ਤੋਂ ਮਿਲਣ ਵਾਲੀ ਸਿੱਖਿਆ ਤੋਂ ਕੋਹਾਂ ਦੂਰ ਰੱਖਿਆ ਜਾ ਸਕੇ।

ਸਾਨੂੰ ਇਹ ਕਦੇ ਨਹੀਂ ਭੁਲਣਾ ਚਾਹੀਦਾ ਕਿ ਸਿੱਖ-ਇਤਿਹਾਸ, ਸਿੱਖ-ਸਤਿਗੁਰਾਂ ਦੇ ਪਰਉਪਕਾਰਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਸਾਨੂੰ ਜਾਣੂ ਕਰਾਉਂਦਾ ਹੈ। ਇਸ ਤੋਂ ਇਲਾਵਾ ਗੁਰੂ ਦੇ ਸਿੱਖਾਂ ਦੀ ਕੁਰਬਾਨੀਆਂ ਦੀ ਭਰਪੂਰ ਜਾਣਕਾਰੀ ਦੇਂਦਾ ਹੈ। ਸਿੱਖ-ਸਤਿਗੁਰਾਂ ਅਤੇ ਗੁਰੂ ਦੇ ਸਿੱਖਾਂ ਦਾ ਜੀਵਨ, ਸਿੱਖ-ਕੌਮ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਸਿੱਖ-ਇਤਿਹਾਸ, ਸਿੱਖ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ। ਇਸ ਲਈ ਆਪਣਾ ਕੀਮਤੀ ਸਮਾਂ ਅਤੇ ਪੈਸਾ, ਜਨਮ-ਮਰਨ ਦੇ ਦਿਨਾਂ ਉੱਤੇ ਬਰਬਾਦ ਕਰਨ ਦੀ ਬਜਾਏ, ਆਪਣਾ ਕੀਮਤੀ ਸਮਾਂ ਗੁਰਮਤਿ ਅਤੇ ਸਿੱਖ-ਇਤਿਹਾਸ ਨੂੰ ਆਪ ਪੜ੍ਹਣ ਅਤੇ ਸਮਝਣ ਤੇ ਲਾਉਣਾ ਚਾਹੀਦਾ ਹੈ ਤਾਂ ਜੋ ਸਿੱਖ-ਕੌਮ ਦੀ ਚੜ੍ਹਦੀਕਲਾ ਬਣ ਸਕੇ।

ਯਾਦ ਰੱਖੋ, ਸਿੱਖਾਂ ਨੇ ਸਿੱਖ-ਸਤਿਗੁਰਾਂ ਅਤੇ ਗੁਰੂ ਦੇ ਸਿੱਖਾਂ ਦੇ ਉਪਕਾਰਾਂ ਅਤੇ ਕੁਰਬਾਨੀਆਂ ਨੂੰ ਸਾਲ-ਸਾਲ ਬਾਅਦ ਨਹੀਂ ਸਗੋਂ ਰੋਜ਼ਾਨਾ ਹੀ ਆਪਣੇ ਗੁਰੁ ਦੀ ਬਾਣੀ ਨਾਲ ਸਾਂਝ ਪਾ ਕੇ, ਸਾਰਿਆਂ  ਦੀ ਯਾਦ ਨੂੰ ਮਨ ਵਿਚ ਤਾਜ਼ਾ ਰੱਖਣ ਲਈ ਸਿੱਖ-ਇਤਿਹਾਸ ਨੂੰ ਪੜ੍ਹਦੇ ਅਤੇ ਪ੍ਰਚਾਰਦੇ ਰਹਿਣਾ ਚਾਹੀਦਾ ਹੈ। ਇਹੋ ਅਸਲੀ ਗੁਰਪੁਰਬ ਹੈ ਭਾਵ ਗੁਰੂ ਦਾ ਦਿਨ ਮਨਾਉਣਾ ਹੈ। ਇਹੋ ਗੁਰੂ ਦੇ ਸਿੱਖਾਂ ਨੂੰ ਯਾਦ ਕਰਨ ਦਾ ਸਹੀ ਤਰੀਕਾ ਹੈ। ਜਿਸ ਦਿਨ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣ ਵਾਲੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਅਪਨਾ ਲਿਆ ਤਾਂ ਸਮਝੋ ਉਸੇ ਦਿਨ ਗੁਰਮਤਿ ਵਿਰੋਧੀ ਅਤੇ ਭੇਖੀ ਲੋਕਾਂ ਦੇ ਸਾਰੇ ਮਨਸੂਬਿਆਂ ਉੱਤੇ ਪਾਣੀ ਫਿਰ ਜਾਵੇਗਾ। ਕਾਸ਼ ! ਇਹ ਸੱਚ, ਸਿੱਖ-ਕੌਮ ਨੂੰ ਜਲਦੀ ਤੋਂ ਜਲਦੀ ਸਮਝ ਆ ਜਾਵੇ।

ਦਵਿੰਦਰ ਸਿੰਘ ਆਰਟਿਸਟ, ਖਰੜ
97815-09768
15-11-2017