ਵੀਹ ਸਾਲ ਭੋਰੇ ਵਿੱਚ

0
394

A A A

ਸਿੱਖ ਇਤਿਹਾਸ ਇਤਨਾ ਕਦੀਮ ਵੀ ਨਹੀਂ ਹੈ ਕਿ ਇਸ ਦੀ ਸਹੀ ਨਿਸ਼ਾਨਦੇਹੀ ਨਾ ਸਕੇ। ਲਗਨ, ਮਿਹਨਤ ਅਤੇ ਇੱਛਾ ਹੋਣੀ ਚਾਹੀਦੀ ਹੈ। ਪਰ ਵਾਸਤਿਵ ਵਿੱਚ ਇਤਿਹਾਸ ਨੂੰ ਛੋਟੀ ਮੱਖੀ ਉੱਤੇ ਵੱਡੀ ਮੱਖੀ ਮਾਰਨ ਨੂੰ ਮਹਾਨ ਇਤਿਹਾਸ ਮੰਨਿਆ ਜਾਣ ਲੱਗ ਪਿਆ ਹੈ। ਜਿੰਨੇ ਵੱਡੇ ਗਪੌੜ ਔਡਾ ਵੱਡਾ ਹੀ ਇਤਿਹਾਸ। ਸਿੱਖ ਪ੍ਰਚਾਰਕਾਂ ਨੂੰ ਨਾ ਕੇਵਲ ਟਾਹਲੀਆਂ ਜਿੱਡੇ-ਜਿੱਡੇ ਸ਼ਹੀਦ ਹੀ ਨਜ਼ਰ ਆਉਂਦੇ ਹਨ ਉਨ੍ਹਾਂ ਦੇ ਕੱਛੇ ਵੀ ਤੰਬੂਆਂ ਨਾਲੋਂ ਵੱਡੇ ਨਜ਼ਰ ਆਉਂਦੇ ਹਨ। ਜੇ ਕੋਈ ਅਸਲ ਮੁੱਦੇ ਦੀ ਗੱਲ ਕਰ ਲਏ ਕਿ ਗੁਰੂ ਤੇਗ ਬਹਾਦਰ ਜੀ ੧੬੪੪ ਈ: ਤੋਂ ੧੬੬੪ ਈ: ਤਕ ਕੀ ਕਰਦੇ ਰਹੇ? ਰੈਡੀਮੇਡ ਜੁਆਬ ਹੈ, “ਜੀ ਵੀਹ ਸਾਲ ਬਾਬਾ ਬਕਾਲੇ ਵਿਖੇ ਭੋਰੇ ਵਿੱਚ ਬੈਠੇ ਨਾਮ ਜਪਦੇ ਰਹੇ। ਭਾਈ ਮੱਖਣ ਸ਼ਾਹ ਲੁਬਾਣੇ ਨੇ ਪਰਗਟ ਸੀ ਗੁਰਾਂ ਨੂੰ।” ਜੁਆਬ ਸਹੀ ਹੈ ਕਿਉਂਕਿ ਇਸ ਤਰ੍ਹਾਂ ਹੀ ਇਤਿਹਾਸਕ ਪੁਸਤਕਾਂ ਵਿੱਚ ਅੰਕਿਤ ਹੈ। ਪਰ ਕੀ ਇਹ ਜੁਆਬ ਸਹੀ ਹੈ?
ਜੁਆਬ ਸਹੀ ਨਹੀਂ ਹੈ ਕਿਉਂਕਿ ਜੁਆਬ ਅਧੂਰਾ ਅਤੇ ਨਿਰਣਾਇਕ ਨਹੀਂ ਹੈ। ਜੁਆਬ ਵਾਸਤੇ ਸਾਨੂੰ ਤੱਥ ਢੂੰਡਣੇ ਪੈਣਗੇ ਤੇ ਗੁਰੂ ਤੇਗ ਬਹਾਦਰ ਜੀ ਦਾ ਸੁਭਾਓ ਧਿਆਨ ਵਿੱਚ ਰੱਖਣਾ ਪਵੇਗਾ। ਇਤਿਹਾਸ ਇੱਕ ਬੜੇ ਪਤੇ ਦੀ ਗੱਲ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਮੁਕਾਬਲੇ ਦਾ ਉਸ ਸਮੇਂ ਕੋਈ ਘੋੜਸਵਾਰ ਨਹੀਂ ਸੀ। ਉਹ ਪੂਰਾ-ਪੂਰਾ ਦਿਨ ਬਿਨਾਂ ਰੁਕੇ ਘੋੜਸਵਾਰੀ ਕਰ ਲੈਂਦੇ ਸਨ। ਇਸ ਮਾਮੂਲੀ ਜਿਹੀ ਟੂਕ ਤੋਂ ਇੱਕ ਗੱਲ ਸਪਸ਼ਟ ਜ਼ਾਹਿਰ ਹੋ ਜਾਂਦੀ ਹੈ ਕਿ ਭੋਰੇ ਵਿੱਚ ਬੈਠ ਕੇ ਘੋੜਸਵਾਰੀ ਦੀ ਮੁਹਾਰਤ ਨਹੀਂ ਕੀਤੀ ਜਾ ਸਕਦੀ। ਇਹ ਕੋਈ ਇੱਕ ਦਿਨ ਜਾਂ ਮਹੀਨੇ ਦੀ ਵੀ ਗੱਲ ਨਹੀਂ ਹੈ, ਇਹ ਉਨ੍ਹਾਂ ਦਾ ਸਾਲਾਂ ਬੱਧੀ ਰੋਜ਼ ਦਾ ਅਭਿਆਸ ਸੀ।
ਹਾਂ! ਇਹ ਗੱਲ ਜ਼ਰੂਰ ਹੈ ਕਿ ਉਨ੍ਹਾਂ ਦਾ ਵੀਹ ਸਾਲ (੧੬੪੪ ਤੋਂ ੧੬੬੪ ਤਕ) ਦਾ ਇਤਿਹਾਸ ਗੁੰਮ ਹੈ। ਇਸ ਦਾ ਕਾਰਣ ਇਹੀ ਮੰਨਿਆ ਜਾ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੬੪੪ ਈ: ਵਿੱਚ ਜੋਤ ਜੋਤ ਸਮਾਉਣ ਤੋਂ ਪਹਿਲਾਂ ਗੁਰ ਗੱਦੀ ਗੁਰੂ ਹਰਿ ਰਾਇ ਸਾਹਿਬ ਨੂੰ ਸੌਂਪ ਦਿੱਤੀ ਸੀ। ਹਰਿ ਰਾਇ ਸਾਹਿਬ ਛੇਵੀ ਪਾਤਸ਼ਾਹੀ ਦੇ ਪੋਤੇ ਅਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ। ਬਾਬਾ ਧੀਰਮੱਲ ਕਰਤਾਰਪੁਰ (ਜਲੰਧਰ) ਰਹਿੰਦਾ ਸੀ ਤੇ ਉਹ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ। ਉਸ ਨੂੰ ਅਲਸੇਟੀ ਅਤੇ ਗੁਰੂਗਰ ਦਾ ਦੋਖੀ ਹੋਣ ਕਰ ਕੇ ਗੁਰ ਗੱਦੀ ਦੇ ਕਾਬਲ ਵੀ ਨਹੀਂ ਸੀ ਸਮਝਿਆ ਗਿਆ। ਤਦ ੧੬੪੪ ਈ: ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨੂੰ ਬਕਾਲੇ ਆ ਕੇ ਰਿਹਾਇਸ਼ ਕਰਨ ਅਤੇ ਬਾਬਾ ਨਾਨਕ ਜੀ ਦੇ ਫਲਸਫੇ ਦਾ ਪਰਚਾਰ ਕਰਨ ਦਾ ਹੁਕਮ ਕੀਤਾ ਸੀ। ਮਾਤਾ ਨਾਨਕੀ ਜੀ ਇੱਛਾ ਜਾਣਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਸਮਾਂ ਆਏ ਤੇ ਗੁਰ ਗੱਦੀ ਮਿਲ ਜਾਏਗੀ। ਪਿਤਾ ਗੁਰੂ ਜੀ ਨੇ ਇੱਕ ਕਟਾਰ ਅਤੇ ਇੱਕ ਪੋਥੀ ਦੇ ਕੇ ਪੁੱਤਰ ਤੇਗ ਬਹਾਦਰ ਜੀ ਨੂੰ ਨਿਵਾਜਿਆ ਸੀ।
ਇਹ ਸੱਚ ਹੈ ਕਿ ਬਾਬਾ ਤੇਗ ਬਹਾਦਰ ਜੀ ਕਰੀਬ ੨੦ ਸਾਲ ਪਰਿਵਾਰ ਸਮੇਤ ਬਕਾਲੇ ਰਹੇ ਸਨ। ਪਰ ਉਹ ਭੋਰੇ ਵਿੱਚ ਬੈਠੇ ਤੋਤਾ ਰਟਣੀ ਨਹੀਂ ਕਰਦੇ ਰਹੇ ਸਨ। ਉਨ੍ਹਾਂ ਦੀ ਬਾਣੀ ਨਾਮ ਜਪਣ ਦੀ ਪਰਿਭਾਸ਼ਾ ਕੁਝ ਹੋਰ ਦੱਸਦੀ ਹੈ। ਗੁਰੂ ਪਾਤਸ਼ਾਹ ਤੋਤਾ ਰੱਟਣੀ ਨੂੰ ਨਾਮ ਜਪਣਾ ਨਹੀਂ ਮੰਨਦੇ। ਉਹ ੨੦ ਸਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਸਨ ਜੈਸਾ ਕਿ ਉਨ੍ਹਾਂ ਨੂੰ ਪਿਤਾ ਗੁਰੂ ਵਲੋਂ ਹੁਕਮ ਸੀ।
ਗੁਰੂ ਹਰਿ ਰਾਇ ਸਾਹਿਬ ਦਾ ਗੁਰੂਤਾ ਸਮਾਂ ੧੬੪੪ ਈ: ਤੋਂ ਅਕਤੂਬਰ ੧੬੬੧ ਈ: ਤਕ ਦਾ ਹੈ। ਇਸ ਸਮੇਂ ਵਿੱਚ ਗੁਰੂ ਘਰ ਦਾ ਵਿਰੋਧ ਸਿੱਧਾ ਗੁਰੂ ਪਰਿਵਾਰ (ਬਾਬਾ ਧੀਰਮੱਲ) ਵਲੋਂ ਅਤੇ ਹਕੂਮਤ ਦੀ ਹਮਾਇਤ ਨਾਲ ਬਾਬਾ ਰਾਮ ਰਾਇ ਵਲੋਂ ਰੱਜ ਕੇ ਕੀਤਾ ਗਿਆ ਸੀ। ਗੁਰੂ ਹਰਿ ਰਾਇ ਸਾਹਿਬ ਤਾਂ ਅਕਸਰ ਕੀਰਤਪੁਰ ਸਾਹਿਬ ਹੀ ਰਹਿੰਦੇ ਸਨ ਪਰ ਦੂਰ ਦੁਰਾਡੇ ਦਾ ਪ੍ਰਚਾਰ ਬਾਬਾ ਤੇਗ ਬਹਾਦਰ ਜੀ ਨੇ ਹੀ ਕਾਇਮ ਰੱਖਿਆ ਸੀ।
ਇਸ ਗੱਲ ਦੇ ਸਬੂਤ ਮਿਲਦੇ ਹਨ ਪਰ ਸਮਾਂ, ਸਥਾਨ ਅਤੇ ਗਵਾਹਾਂ ਦੀ ਗਵਾਹੀ ਨਾ ਹੋਣ ਕਰ ਕੇ  ਬਾਬਾ ਤੇਗ ਬਹਾਦਰ ਜੀ ਦੇ ਗੁਰੂ ਬਣਨ ਤੋਂ ਪਹਿਲਾਂ ਦੇ ਪ੍ਰਚਾਰ ਦੌਰੇ ਇਤਿਹਾਸ ਵਿੱਚ ਸ਼ਾਮਲ ਨਹੀਂ ਹਨ। ਇਹ ਵੀ ਸੰਭਵ ਹੈ ਕਿ ਤਦ ਦੇ ਇਤਿਹਾਸਕਾਰਾਂ ਇਹ ਤਸੱਵਰ ਕਰ ਲਿਆ ਹੋਵੇ ਕਿ ਹੁਣ ਗੁਰ ਗੱਦੀ ਗੁਰੂ ਹਰਿ ਰਾਇ ਸਾਹਿਬ ਦੇ ਪਰਿਵਾਰ ਵਿੱਚ ਚੱਲਣੀ ਹੈ। ਜਦ ਕਿ ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ, ਬਾਬਾ ਤੇਗ ਬਹਾਦਰ ਜੀ ਅਤੇ ਬੀਬੀ ਵੀਰੋ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਤਾਨ ਹਾਜ਼ਰ ਸਨ।
ਇੱਕ ਟੂਕ ਬਰਾਬਰ ਸਬੂਤ ਕਈ ਸਵਾਲਾਂ ਦਾ ਜੁਆਬ ਸਮਝਿਆ ਜਾ ਸਕਦਾ ਹੈ। ਬਾਬਾ ਤੇਗ ਬਹਾਦਰ ਜੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਵਿਖੇ ਮਾਰਚ ੧੬੬੪ ਈ: ਨੂੰ ਮਿਲਦੇ ਹਨ। ਇਹ ਮਿਲਣੀ ਅੱਠਵੀਂ ਪਾਤਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਹੋਈ ਸੀ। ਤਦ ਬਾਬਾ ਤੇਗ ਬਹਾਦਰ ਜੀ ਨੇ ਗੁਰੂ ਹਰਿ ਰਾਇ ਸਾਹਿਬ ਦਾ ਅਫਸੋਸ ਗੁਰੂ ਹਰਿ ਕ੍ਰਿਸ਼ਨ ਜੀ ਪਾਸ ਕੀਤਾ ਸੀ। ਜਦ ਕਿ ਗੁਰੂ ਹਰਿ ਰਾਇ ਸਾਹਿਬ ਅਕਤੂਬਰ ੧੬੬੧ ਈ: ਵਿੱਚ ਜੋਤੀ ਜੋਤ ਸਮਾ ਚੁੱਕੇ ਸਨ। ਇਹ ਢਾਈ ਸਾਲ ਦਾ ਸਮਾਂ ਹੈ। ਜੇ ਬਾਬਾ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਹੀ ਹੁੰਦੇ ਤਾਂ ਉਹ ਸੱਤਵੀ ਪਾਤਸ਼ਾਹੀ ਦੀ ਅੰਤਮ ਅਰਦਾਸ ਵਿੱਚ ਜਰੂਰ ਸ਼ਾਮਲ ਹੁੰਦੇ। ਇੱਥੇ ਸ਼ਾਮਲ ਨਾ ਹੋ ਸਕਣ ਦਾ ਕਾਰਣ ਇਹੀ ਹੈ ਕਿ ਉਹ ਦੂਰ ਪਾਰ ਧਰਮ ਪ੍ਰਚਾਰ ਦੇ ਸਬੰਧ ਵਿੱਚ ਨਿਕਲੇ ਹੋਏ ਸਨ ਤੇ ਉਨ੍ਹਾਂ ਨੂੰ ਇਹ ਖਬਰ ਦਿੱਲੀ ਪਹੁੰਚਣ ਤੇ ਮਿਲੀ ਸੀ।
ਇਸ ਖਬਰ ਦਾ ਸਬੂਤ ਹੋਰ ਵੀ ਪੁਖਤਾ ਹੋ ਜਾਂਦਾ ਹੈ ਜਦ ਗੁਰੂ ਤੇਗ ਬਹਾਦਰ ਜੀ ੨੧ ਅਗਸਤ ੧੬੬੪ ਈ: ਨੂੰ ਕੀਰਤਪੁਰ ਸਾਹਿਬ ਪਹੁੰਚ ਕੇ ਬੀਬੀ ਰੂਪ ਕੌਰ ਸਪੁੱਤਰੀ ਗੁਰੂ ਹਰਿ ਰਾਇ ਸਾਹਿਬ ਜੀ ਪਾਸ ਉਨ੍ਹਾਂ ਦੇ ਪਿਤਾ ਗੁਰੂ ਹਰਿ ਰਾਇ ਸਾਹਿਬ ਅਤੇ ਭਰਾ ਗੁਰੂ ਹਰਿ ਕ੍ਰਿਸ਼ਨ ਜੀ ਦਾ ਅਫਸੋਸ ਕਰਦੇ ਹਨ। ੩੦ ਮਹੀਨੇ ਬਾਅਦ ਬੀਬੀ ਰੂਪ ਕੌਰ ਜੀ ਪਾਸ ਅਫਸੋਸ ਕਰਨਾ ਇਸ ਗੱਲ ਦਾ ਸਬੂਤ ਮੰਨਿਆ ਜਾ ਸਕਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲੇ ਵਿਖੇ ਭੋਰੇ ਵਿੱਚ ਨਹੀਂ ਸਨ। ਅਕਸਰ ਇਹ ਸਾਰਾ ਸਕਾ ਪਰਿਵਾਰ ਸੀ।
ਮਾਤਾ ਬੱਸੀ ਜੀ ੨੯ ਸਤੰਬਰ ੧੬੬੪ ਈ: ਨੂੰ ਕੀਰਤਪੁਰ ਸਾਹਿਬ ਵਿਖੇ ਪੂਰੇ ਹੋਏ ਸਨ। ਗੁਰੂ ਤੇਗ ਬਹਾਦਰ ਜੀ ਖਬਰ ਸੁੱਣਦੇ ਹੀ ੧੫ ਅਕਤੂਬਰ ੧੬੬੪ ਈ: ਨੂੰ ਗੁਰੂ ਬਣਨ ਤੋਂ ਬਾਅਦ ਦੂਜੀ ਵਾਰੀ ਕੀਰਤਪੁਰ ਸਾਹਿਬ ਪਹੁੰਚੇ ਸਨ। ਕਹਿਣ ਤੋਂ ਭਾਵ ਇਹ ਹੈ ਕਿ ਬਾਬਾ ਤੇਗ ਬਹਾਦਰ ਜੀ ਨੇ ੨੦ ਸਾਲ ਭੋਰੇ ਵਿੱਚ ਬੈਠ ਕੇ ਨਹੀਂ ਸਨ ਬਿਤਾਤੇ। ਉਹ ਬਾਬਾ ਨਾਨਕ ਜੀ ਦਾ ਮਿਸ਼ਨ ਲੈ ਕੇ ਗੁਰੂ ਬਣਨ ਉਪ੍ਰੰਤ ਵੀ ਦੂਰ ਦੁਰੇਡੇ ਪ੍ਰਚਾਰ ਹਿੱਤ ਗਏ ਸਨ ਅਤੇ ਪਹਿਲਾਂ ਵੀ ਗਏ ਸਨ। ਘੋੜ ਸਵਾਰ ਅਤੇ ਸ਼ਿਕਾਰ ਖੇਲਣ ਵਾਲਾ ਕਦੀ ਵੀ ਭੋਰਿਆਂ ਵਿੱਚ ਵੜ ਕੇ ਨਹੀਂ ਰਹਿੰਦਾ। ਇਸ ਪੱਖ ’ਤੇ ਖੋਜ ਹੋਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਮਿਹਰ ਕਰਨਗੇ।

Joginder Dhami
Winnipeg, Manitoba
Canada
Ph: 204-632-8639
e-mail:joginder.dhami@gmail.com