100 ਸਾਲਾਂ ਦੇ ਕਾਰ ਚਾਲਕ- ਸਿਰਦਾਰ ਪ੍ਰਤਾਪ ਸਿੰਘ ਕੋਚਰ

ਹੋ ਸਕਦਾ ਹੈ ਕਿ ਇਹ ਵੀ ਦੁਨੀਆ ਦੇ ਰੀਕਾਰਡ ਦੀ ਹੀ ਗੱਲ ਹੋਵੇ। ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਮੈਂ ਇਕ ਔਰਤ,  ਅਵਤਾਰ ਕੌਰ ਖਾਲਸਾ, ਬਾਰੇ ਲਿਖਿਆ ਸੀ ਜਿਹੜੀ ਔਰਤ 92 ਸਾਲ ਦੀ ਉਮਰ ਵਿਚ ਆਪ ਗੱਡੀ ਚਲਾ ਕੇ ਨੋਵਾ ਸਕੋਛੀਆ ਦੇ ਸ਼ਹਿਰ ਸਿਡਨੀ ‘ਚ ਸਿਰਦਾਰ ਗੁਰਦੇਵ ਸਿੰਘ ਜੌਲੀ ਜੀ ਦੇ ਘਰ ਗੁਰਮਤਿ ਵੀਚਾਰਾਂ ਕਰਨ, ਦੋਨਾਂ ਕੱਛਾਂ ਵਿਚ ਖਰੌੜੀਆਂ ਲੈ ਕੇ, ਆਈ ਸੀ ਪਰ ਉਸ ਨੇ ਐਨਕਾਂ ਲਾਈਆਂ ਹੋਈਆਂ ਸਨ। ਅੱਜ 25 ਨਵੰਬਰ 2017 ਨੂੰ ਜਦੋਂ ਮੈਂ ਸਿਰਦਾਰ ਪ੍ਰਤਾਪ ਸਿੰਘ ਕੋਚਰ ਨੂੰ ਮਾਰਖਮ, ਓਨਟਾਰੀਓ, ਵਿਚ ਉਨ੍ਹਾ ਦੇ ਘਰ ਮਿਲਣ ਵਾਸਤੇ ਗਿਆ ਤਾਂ ਪਤਾ ਚੱਲਿਆ ਕਿ ਉਨ੍ਹਾ ਨੇ ਹੁਣੇ ਹੁਣੇ 99 ਸਾਲ ਤੇ ਤਿੰਨ ਮਹੀਨਿਆਂ ਦੀ ਉਮਰ ਵਿਚ ਆਪਣਾ ਡਰਾਈਵਿੰਗ ਲਾਈਸੈਂਸ ਦੋ ਸਾਲ ਲਈ ਰੀਨਿਊ ਕਰਵਾ ਲਿਆ ਹੈ ਤੇ ਉਨ੍ਹਾ ਨੇ ਬਗੈਰ ਐਨਕਾਂ ਦੇ ਚੰਗੀ ਭਲੀ ਪੈਰਲਿਲ ਪਾਰਕਿੰਗ ਕੀਤੀ ਅਤੇ ਜਿਸ ਤਰਫ ਐਗਜ਼ਾਮੀਨਰ ਨੇ ਕਿਹਾ ਸਿਰਦਾਰ ਪ੍ਰਤਾਪ ਸਿੰਘ ਬਗੈਰ ਕਿਸੇ ਹਿਚਕਚਾਹਟ ਦੇ ਗੱਡੀ ਉਸ ਤਰਫ ਨੂੰ ਲੈ ਗਏ। ਮੈਂ ਫਿਰ ਆਪਣੇ ਆਪ ਨੂੰ ਤਸੱਲੀ ਦੇਣ ਲਈ ਪੁੱਛਿਆ ਕਿ ਕੀ ਤੁਸੀਂ ਐਨਕਾਂ ਲਾਉਂਦੇ ਹੋ? ਉਨ੍ਹਾ ਦਾ ਸਿੱਧਾ ਸਾਦਾ ਜਵਾਬ ਸੀ ਕਿ ਮੈਂ ਤਾਂ ਅੱਜ ਤਕ ਐਨਕਾਂ ਲਾਈਆਂ ਹੀ ਨਹੀਂ। ਇਹ ਸੁਣ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਹੀ ਨਹੀਂ ਰਹੀ ਤੇ ਮੈਨੂੰ ਸਾਡੇ ਪਿੰਡ ਵਾਲੇ ਤਾਏ ਉਜਾਗਰ ਸਿੰਘ ਦੀ ਯਾਦ ਆਈ।  ਭਾਂਵੇਂ ਤਾਇਆ ਉਜਾਗਰ ਸਿੰਘ ਅਖਬਾਰ ਪੜ੍ਹਨ ਲਈ ਐਨਕਾਂ ਲਾਉਂਦਾ ਸੀ ਪਰ ਉਹ ਅਸਮਾਨ ਵਿਚ ਉੱਡ ਰਹੇ ਕਬੂਤਰ ਦਾ ਸਿਰ ਪਹਿਚਾਣ ਦਿੰਦਾ ਸੀ ਕਿ ਆਹ ਬਦਾਮ ਸਿਰਾ ਹੈ ਤੇ ਔਹ ਲਾਲ ਸਿਰਾ। ਕੁਦਰਤੀ ਨਜ਼ਰ ਵਾਲੇ ਨਜ਼ਾਰੇ ਦੀ ਰੀਸ ਕੋਈ ਹੋਰ ਨਜ਼ਾਰਾ ਕਰ ਹੀ ਨਹੀਂ ਸਕਦਾ।

ਸਿਰਦਾਰ ਪ੍ਰਤਾਪ ਸਿੰਘ ਕੋਚਰ ਆਪਣੇ ਹਿਰਦੇ ਵਿਚ ਸਿੱਖੀ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਰਖਦੇ ਹਨ ਅਤੇ ਮੁੜ ਵਸਦੀ-ਰਸਦੀ ਸਿੱਖੀ ਦੇਖਣ ਲਈ ਬੜੇ ਹੀ ਤੱਤਪਰ ਹਨ। ਇਸੇ ਮਨਸ਼ਾ ਕਰਕੇ ਉਹ ਕਈ ਸਾਰੀਆਂ ਸੰਸਥਾਵਾਂ ਦੀ, ਜੋ ਗੁਰੂ ਨਾਨਕ ਪਿਤਾ ਦੇ ਨਿਰੋਲ ਸ਼ਬਦ-ਵੀਚਾਰ ਨੂੰ ਘਰ ਘਰ ਪਹੁੰਚਾਣ ਦੀ ਕੋਸ਼ਿਸ਼ ਕਰਦੇ ਹਨ, ਮੱਦਦ ਕਰਦੇ ਰਹਿੰਦੇ ਹਨ। ਗੱਲਾਂ ਕਰਦੇ ਕਰਦੇ ਕਈ ਵਾਰ ਉਨ੍ਹਾ ਦਾ ਗਲਾ ਭਰ ਆਉਂਦਾ ਹੈ ਤੇ ਇਹ ਕਹਿੰਦੇ ਹਨ ਕਿ ਮੈਂ ਕੈਨੇਡਾ ਆ ਕੇ ਬਹੁਤ ਕੁੱਝ ਖੱਟਿਆ ਹੈ। ਪਰ ਜੋ ਕੁੱਝ ਵੀ ਖੱਟਿਆ ਤੇ ਜੋ ਕੁੱਝ ਵੀ ਮੈਨੂੰ ਵਿਰਸੇ ਵਿਚ ਮਿਲਿਆ ਇੱਥੇ ਆ ਕੇ ਉਹ ਸਾਰਾ ਕੁੱਝ ਮੈਂ ਗਵਾ ਲਿਆ ਹੈ ਕਿਉਂਕਿ ਮੇਰੇ ਬੱਚੇ ਸਿੱਖੀ ਤੋਂ ਬਹੁਤ ਦੂਰ ਜਾ ਚੁੱਕੇ ਹਨ। ਮੈਂ ਪੈਸੇ ਦੀ ਖੁਸ਼ੀ ਨਾਲ ਲੈ ਕੇ ਨਹੀਂ ਜਾ ਰਿਹਾ ਪਰ ਬਾਬੇ ਨਾਨਕ ਦੀ ਖੁੱਸੀ ਹੋਈ ਸਿੱਖੀ ਦਾ ਦਰਦ ਜ਼ਰੂਰ ਮੈਂ ਆਪਣੇ ਦਿਲ ਵਿਚ ਲੈ ਕੇ ਜਾ ਰਿਹਾ ਹਾਂ। ਫਿਲਹਾਲ ਸਿਰਦਾਰ ਪ੍ਰਤਾਪ ਸਿੰਘ ਕੋਚਰ ਕਾਫੀ ਸਿਹਤਵੰਦ ਹਨ। ਐਕਸਰਸਾਈਜ਼ ਕਾਫੀ ਕਰਦੇ ਹਨ। ਨੀਚੇ ਨੂੰ ਝੁੱਕ ਕੇ ਉਹ ਆਪਣੇ ਹੱਥ ਪੈਰਾਂ ਨਾਲ ਛੁਹਾ ਦਿੰਦੇ ਹਨ। ਅਸੀਂ ਤਾਂ ਉਨ੍ਹਾ ਦੀ ਲੰਮੀ ਉਮਰ ਦੀ ਅਰਦਾਸ ਹੀ ਕਰ ਸਕਦੇ ਹਾਂ ਬਾਕੀ ਸੱਭ ਕੁਦਰਤੀ ਨਿਯਮਾਂ ਦੇ ਮਤਾਬਕ ਹੀ ਹੋਣਾ ਹੈ। ਧੰਨਵਾਦ ਜੀਓ।